ਰੱਬ ਸਭ ਵਧੀਆ ਕਰਦੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਤਾਂ ਜੋ ਵੀ ਕਰਦਾ, ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।
ਸੱਚ ਦੀ ਰਾਹ ਜੋ ਚਲਦਾ, ਉਸ ਨੁੰ ਭੈ ਕਿਸ ਗੱਲ ਦਾ ਹੈ,
ਝੂਠ, ਫਰੇਬ, ਕਪਟ ਜਿਸ ਦਿਲ ਵਿਚ, ਅੰਦਰੋਂ ਡਰਦਾ ਹੈ।
ਜੋ ਕਾਦਰ ਦੀ ਕੁਦਰਤ ਨੂੰ ਸ਼ੁਧ ਹਿਰਦੇ ਸੰਗ ਚਾਹੇ,
ਕਾਦਰ ਵੀ ਦਿਲ ਖੋਲ੍ਹ ਭੰਡਾਰੇ ਉਸ ਦੇ ਭਰਦਾ ਹੈ।
ਜਿਸ ਦੇ ਦਿਲ ਵਿੱਚ ਪਿਆਰ ਉਮਡਦਾ ਸਦਾ ਲੋਕਾਈ ਦਾ,
ਉਹ ਤਾਂ ਹੈ ਨਿਰਵੈਰ, ਵੈਰ ਕਦ ਦਿਲ ਤੇ ਧਰਦਾ ਹੈ।
ਘੁੱਗ ਜੀਣਾ ਤਾਂ ਰਜ਼ਾ ਉਸ ਦੀ ਵਿੱਚ ਸਦਾ ਰਹਿਣਾ,
ਹੁਕਮ ਉਸੇ ਦਾ ਚਲਦਾ, ਹਰ ਕੋਈ ਰੱਬ ਦਾ ਬਰਦਾ ਹੈ।
ਉਸ ਦਾ ਜਪ ਲੈ ਨਾਮ, ਚੈਨ ਜੇ ਚਿੱਤ ਦਾ ਚਾਹੁੰਦਾ ਹੈਂ,
ਆਉਣ ਜਾਣ ਦਾ ਗੇੜ, ਨਾਮ ਤੋਂ ਟੁੱਟਦਾ ਹਰਦਾ ਹੈ।
ਦਿਲ ਦੀ ਗਲ ਉਸ ਨਾਲ ਕਰੇਂਗਾ ਗਮ ਮਿਟ ਜਾਵਣਗੇ,
ਰੂਹ ਦਾ, ਰੱਬ ਦਾ, ਆਪਸ ਵਿੱਚ ਨਾ ਕੋਈ ਪਰਦਾ ਹੈ।
ਰੱਬ ਤੋਂ ਜਿਹੜਾ ਦੂਰ ਸਦਾ ਹੀ ਘਾਟੇ ਖਾਂਦਾ ਹੈ,
ਜਿਸ ਨੇ ਨਾਮ ਧਿਆਇਆ, ਸਭ ਕੁੱਝ ਉਸ ਦਾ ਬਰਦਾ ਹੈ।
ਰੱਬ ਤਾਂ ਜੋ ਵੀ ਕਰਦਾ ਸਭ ਕੁੱਝ ਵਧੀਆ ਕਰਦਾ ਹੈ।
ਬੰਦਾ ! ਐਵੇਂ ਛੋਟੀ ਛੋਟੀ ਗਲ ਤੇ ਮਰਦਾ ਹੈ।