ਰੂਹਾਨੀਅਤ ਨਾਲ ਭਰਪੂਰ ਬਹਾਦਰ ਯੋਧਾ – ਗੁਰੂ ਨਾਨਕ

0
294

ਰੂਹਾਨੀਅਤ ਨਾਲ ਭਰਪੂਰ ਬਹਾਦਰ ਯੋਧਾ – ਗੁਰੂ ਨਾਨਕ

ਰਣਜੀਤ ਸਿੰਘ, ਸਟੇਟ ਤੇ ਨੈਸ਼ਨਲ ਐਵਾਰਡੀ (ਸੇਵਾ ਮੁਕਤ ਹੈਡਮਾਸਟਰ, ਲੁਧਿਆਣਾ)-98155-15436

ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਝਾਤ ਮਾਰਦੇ ਹਾਂ ਤਾਂ ਸਾਨੂੰ ਉਹਨਾਂ ਦੇ ਜੀਵਨ ਦੇ ਹਰ ਪਹਿਲੂ ਵਿੱਚ ਵਚਿਤਰਤਾ ਦਿਖਾਈ ਦਿੰਦੀ ਹੈ। ਆਮ ਲੋਕਾਈ ਗੁਰੂ ਨਾਨਕ ਦੇਵ ਜੀ ਨੂੰ ਸੰਤ, ਭਗਤ ਅਤੇ ਸ਼ਾਂਤੀ ਦੇ ਪੁੰਜ ਦੇ ਰੂਪ ਵਿੱਚ ਹੀ ਵੇਖਦੀ ਹੈ। ਉਹਨਾਂ ਦਾ ਪ੍ਰਭਾਵ ਕੇਵਲ ਨਾਮ ਖੁਮਾਰੀ ਵਾਲਾ ਹੈ। ਚਿਤਰਕਾਰਾਂ ਨੇ ਜੋ ਮਨੋਕਲਪਿਤ ਚਿਤਰ ਗੁਰੂ ਸਾਹਿਬ ਦੇ ਬਣਾਏ ਹਨ ਉਹਨਾਂ ਤੋਂ ਵੀ ਇਹੀ ਪ੍ਰਭਾਵ ਪ੍ਰਗਟ ਹੁੰਦਾ ਹੈ। ਉਹਨਾਂ ਦੀ ਬਾਣੀ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ, ਪ੍ਰੇਮ, ਵੈਰਾਗ ਅਤੇ ਤੜਪ ਹੈ। ਗੁਰੂ ਸਾਹਿਬ ਦੇ ਜੀਵਨ ਦਾ ਇਹ ਇੱਕ ਪੱਖ ਹੈ। ਆਪ ਜੀ ਦੀ ਮਹਾਨ ਸ਼ਖ਼ਸੀਅਤ ਦਾ ਇੱਕ ਹੋਰ ਪੱਖ, ਜਿਸ ਨੂੰ ਆਮ ਕਰਕੇ ਬਹੁਤ ਇਤਿਹਾਸਕਾਰਾਂ ਨੇ ਅਣਗੌਲਿਆਂ ਹੀ ਕੀਤਾ ਹੈ ਉਹ ਹੈ: ਆਪ ਜੀ ਦੀ ਸੂਰਬੀਰਤਾ, ਬਹਾਦਰੀ ਤੇ ਦਲੇਰੀ।

ਗੁਰੂ ਸਾਹਿਬ ਭਗਤ ਸਨ ਪਰ ਕਾਇਰ ਨਹੀਂ ਸਨ ਸਗੋਂ ਬਹਾਦਰ ਤੇ ਸੂਰਬੀਰ ਭਗਤ ਸਨ। ਬਹਾਦਰੀ ਜਾਂ ਸੂਰਬੀਰਤਾ ਕੇਵਲ ਬਾਹੂ ਬਲ ਦੇ ਦਿਖਾਵੇ ਦਾ ਨਾਂ ਨਹੀਂ ਤੇ ਨਾ ਹੀ ਇਹ ਸਰਹੱਦ ਉੱਤੇ ਦੁਸ਼ਮਨ ਨਾਲ ਟੱਕਰ ਲੈ ਸਕਣ ਦਾ ਨਾਂ ਹੈ, ਇਹ ਤਾਂ ਸਗੋਂ ਸੂਰਬੀਰਾਂ ਵਾਲਾ ਸਾਹਸ, ਹੌਂਸਲਾ ਤੇ ਅਣਖ ਹੈ। ਜੋ ਮਨੁੱਖ ਸੱਚ ਲਈ ਡਟਦਾ ਨਹੀਂ ਅਤੇ ਨਿਆਂ ਲਈ ਅਵਾਜ਼ ਬੁਲੰਦ ਨਹੀਂ ਕਰਦਾ ਉਹ ਸੂਰਬੀਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਵਿੱਚ ਸੱਚ ਨੂੰ ਸੱਚ ਤੇ ਕੱਚ ਨੂੰ ਕੱਚ ਕਹਿਣ ਦੀ ਜੁਰਅਤ ਸੀ। ਉਹ ਝੂਠ, ਫਰੇਬ, ਪਾਖੰਡ ਤੇ ਧੋਖੇ ਨੂੰ ਖੰਡਨ ਦਾ ਸਾਹਸ ਰੱਖਦੇ ਸਨ। ਜਿਹਨਾਂ ਨੇ ਇਸ ਸੱਚ ਦੇ ਮਾਰਗ ਨੂੰ ਅਪਨਾਉਣਾ ਹੈ ਅਤੇ ਕੱਚ ਦੇ ਮਾਰਗ ਨੂੰ ਤਿਆਗਣਾ ਹੈ। ਉਹਨਾਂ ਲਈ ਆਪ ਜੀ ਦਾ ਇਹ ਉਪਦੇਸ਼ ਚਾਨਣ ਮੁਨਾਰਾ ਹੈ :-‘‘ਜਉ ਤਉ ਪ੍ਰੇਮ ਖੇਲਣ ਕਾ ਚਾੳ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ, ਪੈਰ ਧਰੀਜੈ॥ ਸਿਰ ਦੀਜੈ, ਕਾਣਿ ਨਾ ਕੀਜੈ॥’’ (ਮ:੧/੧੪੧੨)

ਅਜਿਹਾ ਬਹਾਦਰ ਯੋਧਾ ਕਿਸੇ ਵੀ ਰਾਜਸੀ, ਧਾਰਮਿਕ, ਭਾਈਚਾਰਕ ਜਾਂ ਸਮਾਜ ਵਿਰੋਧ ਦੀ ਪ੍ਰਵਾਹ ਨਹੀਂ ਕਰਦਾ ਸਗੋਂ ਸੱਚ ਲਈ ਯੁੱਧ ਵਿੱਚ ਜੂਝਣ ਵਾਸਤੇ ਹਮੇਸ਼ਾਂ ਤਿਆਰ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਵਰਗਾ ਸੂਰਬੀਰ ਯੋਧਾ ਹੀ ਬਾਬਰ ਨੂੰ ਜਾਬਰ ਕਹਿਣ ਦੀ ਦਲੇਰੀ ਰੱਖਦਾ ਹੈ।

ਆਪ ਜੀ ਦੀਆਂ ਜੀਵਨ ਸਾਖੀਆਂ ਵਿੱਚੋਂ ਸੱਚ ਨੂੰ ਸੱਚ ਤੇ ਕੱਚ ਨੂੰ ਕੱਚ ਕਹਿਣ ਦੀ ਜੁਰਅਤ ਦਿਖਾਈ ਦਿੰਦੀ ਹੈ। ਉਹਨਾਂ ਵਿੱਚ ਕੂੜ ਦੀ ਨਿਖੇਧੀ ਕਰਨ ਦਾ ਸਾਹਸ ਹੈ। ਪਖੰਡ ਨੂੰ ਭੰਡਣ ਦੀ ਦਲੇਰੀ ਹੈ। ਉਹ ਇਕੱਲੇ ਹੀ ਕਿਸੇ ਧਾਰਮਿਕ, ਰਾਜਸੀ ਜਾਂ ਸਮਾਜਿਕ ਸ਼ਕਤੀ ਦੇ ਅਨਿਆਂ ਅੱਗੇ ਡਟ ਸਕਦੇ ਹਨ।

ਜਨੇਊ ਦੀ ਰਸਮ ਹਿੰਦੂ ਸਮਾਜ ਵਿੱਚ ਬੜੀ ਮਹੱਤਵ ਪੂਰਨ ਰਸਮ ਹੈ। ਮਹਿਤਾ ਕਾਲੂ ਜੀ ਚੰਗੇ ਘਰਾਣੇ ਦੇ, ਉਚ-ਪਦਵੀ ਵਾਲੇ ਅਤੇ ਸਮਾਜ ਵਿੱਚ ਚੰਗਾ ਰੁਤਬਾ ਰੱਖਣ ਵਾਲੇ ਪਤਵੰਤੇ ਸੱਜਣ ਸਨ। ਪੁੱਤਰ ਨਾਨਕ ਨੂੰ ਜਨੇਊ ਪਾਉਣ ਸਮੇਂ ਉਹਨਾਂ ਦੀ ਬਰਾਦਰੀ ਤੇ ਭਾਈਚਾਰੇ ਦੇ ਵੱਡੇ ਵੱਡੇ ਲੋਕ ਇਕੱਠੇ ਹੋਏ ਹੋਣਗੇ। ਪੰਡਿਤ ਵੀ ਉਸ ਸਮੇਂ ਸਮਾਜ ਦਾ ਮੰਨਿਆ ਪਰਮੰਨਿਆ ਆਗੂ ਸੀ। ਏਨੇ ਵੱਡੇ ਇਕੱਠ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਚਲੀ ਆ ਰਹੀ ਰਸਮ ਤੇ ਟੀਕਾ ਟਿੱਪਣੀ ਕਰਨੀ ਕੋਈ ਸੌਖੀ ਖੇਡ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਕੇਵਲ ਟੀਕਾ ਟਿੱਪਣੀ ਹੀ ਨਹੀਂ ਕੀਤੀ ਸਗੋਂ ਜਨੇਊ ਪਾਉਣ ਸਮੇਂ ਸਾਰਿਆਂ ਦੇ ਸਾਹਮਣੇ ਪੰਡਤ ਦਾ ਹੱਥ ਫੜ ਲੈਣ ਅਤੇ ਜਨੇਊ ਪਾਉਣ ਤੋਂ ਇਨਕਾਰ ਕਰਨਾ ਇਹ ਇੱਕ ਐਲਾਨ ਹੀ ਸੀ ਕਿ ਭਾਵੇਂ ਮੇਰਾ ਜਨਮ ਹਿੰਦੂ ਪਰਿਵਾਰ ਵਿੱਚ ਹੀ ਹੋਇਆ ਹੈ ਪਰ ਮੇਰਾ ਧਰਮ ਇਸ ਤੋਂ ਵੱਖਰਾ ਹੀ ਹੋਵੇਗਾ। ਅਜਿਹਾ ਦਲੇਰੀ ਵਾਲਾ ਫੈਸਲਾ ਆਤਮਿਕ ਤੌਰ ’ਤੇ ਸੱਚ ਨਾਲ ਜੁੜਿਆ ਹੋਇਆ ਕੋਈ ਗੁਰੂ ਨਾਨਕ ਸਾਹਿਬ ਵਰਗਾ ਸੂਰਬੀਰ ਪੈਗੰਬਰ ਹੀ ਲੈ ਸਕਦਾ ਹੈ। ਆਪ ਨੇ ਜਨੇਊ ਦਾ ਖੰਡਨ ਇਸ ਲਈ ਕੀਤਾ ਕਿਉਂਕਿ ਇਸ ਦੇ ਧਾਰਨ ਕਰਨ ਨਾਲ ਆਤਮਾ ਦਾ ਪ੍ਰਮਾਤਮਾ ਨਾਲ ਮਿਲਾਪ ਨਹੀਂ ਸੀ ਹੋ ਸਕਦਾ। ਆਪ ਨੇ ਬੜੀ ਦ੍ਰਿੜ੍ਹਤਾ ਨਾਲ ਪੰਡਿਤ ਨੂੰ ਸੱਚਾ ਜਨੇਊ ਧਾਰਨ ਬਾਰੇ ਦੱਸਿਆ ਅਤੇ ਕਿਹਾ ਕਿ ਹੇ ਪੰਡਿਤ  ! ਜੇ ਤੇਰੇ ਕੋਲ ਅਜਿਹੇ ਗੁਣਾਂ ਵਾਲਾ ਜਨੇਊ ਹੈ ਤਾਂ ਮੇਰੇ ਗਲ ਵਿੱਚ ਪਾ ਦੇ। ਉਸ ਜਨੇਊ ਬਾਰੇ ਆਪ ਨੇ ਪੰਡਿਤ ਨੂੰ ਇਸ ਤਰ੍ਹਾਂ ਸਮਝਾਇਆ: ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ  ! ਘਤੁ ॥’’ (ਮ: ੧/੪੭੧)

ਜਦੋਂ ਆਪ ਵੇਈ ਨਦੀ ਤੋਂ ਬਾਹਰ ਆਏ ਤਾਂ ਨਾਹਰਾ ਲਾਇਆ – ‘ਨਾ ਕੋਈ ਇੱਕ ਖ਼ਾਸ ਹਿੰਦੂ ਹੈ ਤੇ ਨਾ ਕੋਈ ਇੱਕ ਖ਼ਾਸ ਮੁਸਲਮਾਨ ਕਿਉਂਕਿ ਸਭ ਇੱਕ ਅਕਾਲ ਪੁਰਖ ਦੀ ਜੋਤ ਹੀ ਹਨ’। 

ਇਹ ਪਤਾ ਲੱਗਣ ’ਤੇ ਨਵਾਬ ਦੌਲਤ ਖਾਨ ਤੇ ਸੁਲਤਾਨਪੁਰ ਦਾ ਵੱਡਾ ਕਾਜ਼ੀ ਕਹਿਣ ਲੱਗਾ ਕਿ ਜੇ ਸਾਰੀ ਖਲਕਤ ਵਿੱਚ ਖ਼ਾਲਿਕ ਵੱਸਦਾ ਹੈ ਤਾਂ ਸਾਡੇ ਨਾਲ ਮਸਜਿਦ ਵਿੱਚ ਚਲ ਕੇ ਨਮਾਜ ਪੜ੍ਹੋ। ਗੁਰੂ ਜੀ ਨੇ ਇਸ ਸੱਦੇ ਨੂੰ ਪ੍ਰਵਾਨ ਕੀਤਾ। ਮਸਜਿਦ ਵਿੱਚ ਨਮਾਜ ਪੜ੍ਹਨ ਆਏ ਸਾਰੇ ਮੁਸਲਮਾਨਾਂ ਦੇ ਅੱਗੇ ਖੜ੍ਹੇ ਹੋ ਕੇ ਕਾਜ਼ੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਸਤਿਗੁਰੂ ਜੀ ਨੇ ਨਮਾਜ਼ ਪੜ੍ਹਦੇ ਕਾਜ਼ੀ ਵੱਲ ਧਿਆਨ ਨਾਲ ਵੇਖਿਆ ਤੇ ਫਿਰ ਹੱਸ ਪਏ ਅਤੇ ਬਾਹਰ ਆ ਗਏ। ਮੁਸਲਮਾਨੀ ਰਾਜ ਤੇ ਮੁਸਲਮਾਨਾਂ ਦਾ ਹੀ ਧਰਮ ਅਸਥਾਨ ‘ਮਸਜਿਦ’, ਜਿਸ ਵਿੱਚ ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਤੇ ਵੱਡਾ ਕਾਜ਼ੀ ਤੇ ਸੈਂਕੜੇ ਮੁਸਲਮਾਨ ਸ਼ਾਮਿਲ ਹੋਣ, ਉਸ ਸਮੇਂ ਕਿਸੇ ਸੂਰਮੇ ਮਰਦ ਦੀ ਹੀ ਹਿੰਮਤ ਸੀ ਕਿ ਨਮਾਜ਼ ਪੜ੍ਹਦੇ ਕਾਜ਼ੀ ਦਾ ਮਜ਼ਾਕ ਉਡਾਏ ਤੇ ਮਸਜਿਦ ਵਿੱਚੋਂ ਬਾਹਰ ਨਿੱਕਲ ਜਾਏ। ਪ੍ਰੰਤੂ ਗੁਰੂ ਜੀ ਵਿੱਚ ਸੱਚ ਕਹਿਣ ਦੀ ਦਲੇਰੀ ਸੀ। ਉਹਨਾਂ ਨੇ ਬੇਝਿਜਕ ਹੋ ਕੇ ਕਹਿ ਦਿੱਤਾ ਕਿ ਜੇ ਮਨ ਹੀ ਨਮਾਜ਼ ਵਿੱਚ ਨਾ ਹੋਵੇ ਤਾਂ ਰਸਨਾ ਨਾਲ ਲਫ਼ਜ਼ ਪੜ੍ਹਨ ਦਾ ਕੀ ਫ਼ਾਇਦਾ  ? ਅਜਿਹੀ ਪੜ੍ਹੀ ਹੋਈ ਨਮਾਜ਼ ਅੱਲਾ ਦੇ ਦਰ ’ਤੇ ਕਬੂਲ ਨਹੀਂ ਹੁੰਦੀ।

ਗੁਰੂ ਨਾਨਕ ਦੇਵ ਜੀ ਨੇ ਨਿਮਾਜ਼ ਵਾਲੀ ਘਟਨਾ ਤੋਂ ਬਾਅਦ ਸੋਚ ਵਿਚਾਰ ਕੇ ਉਦਾਸੀਆਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਅਤੇ ਮੋਦੀਖਾਨੇ ਦੀ ਨੌਕਰੀ ਤਿਆਗ ਦਿੱਤੀ। ਆਪਣੇ ਸਹੁਰਾ ਸਾਹਿਬ ਮੂਲ ਚੰਦ ਜੀ ਨੂੰ ਇਸ ਦੀ ਸੂਚਨਾ ਦੇ ਦਿੱਤੀ ਤੇ ਪਰਿਵਾਰ ਦੀ ਸਪੁਰਦਗੀ ਕੀਤੀ। ਤਲਵੰਡੀ ਵਿਖੇ ਮਾਤਾ ਪਿਤਾ ਨੂੰ ਖਬਰ ਦੇਣ ਲਈ ਪਹੁੰਚੇ। ਇਸ ਸਮੇਂ ਤੱਕ ਮਹਿਤਾ ਕਾਲੂ ਜੀ ਦੀ ਉਮਰ 67 ਵਰ੍ਹੇ ਹੋ ਚੁੱਕੀ ਸੀ। ਆਪਣੇ ਇਕਲੌਤੇ ਪੁੱਤਰ ਦਾ ਫੈਸਲਾ ਸੁਣ ਕੇ ਬਜ਼ੁਰਗ ਮਾਪਿਆਂ ਲਈ ਬੜਾ ਵੱਡਾ ਸਦਮਾ ਸੀ ਪਰ ਗੁਰੂ ਪਾਤਸ਼ਾਹ ਲਈ ਇੱਕ ਪਾਸੇ ਬਿਰਧ ਮਾਤਾ ਪਿਤਾ, ਸੁੰਦਰ ਸੁਸ਼ੀਲ ਪਤਨੀ, ਤੋਤਲੀ ਜਬਾਨ ਵਿੱਚ ਬੋਲਦੇ ਦੋ ਬੱਚੇ ਬਹੁਤ ਉਚ-ਪਦਵੀ ਦੀ ਨੋਕਰੀ ਤੇ ਸਾਰੇ ਇਲਾਕੇ ਵਿੱਚ ਸ਼ੋਹਰਤ ਅਤੇ ਦੂਜੇ ਪਾਸੇ ਲੱਖਾਂ ਗਰੀਬਾਂ ਦੇ ਬੁੱਢੇ ਮਾਪੇ ਸਨ ਜਿੰਨ੍ਹਾਂ ਨੂੰ ਰੱਬ ਦਾ ਖੌਫ ਭੁਲਾ ਕੇ ਉਚ ਜਾਤੀਏ ਤੇ ਜਰਵਾਣੇ ਹਾਕਮ ਪੈਰਾਂ ਹੇਠ ਲਿਤਾੜ ਰਹੇ ਸਨ। ਧਰਤੀ ਸਹਿਮੀ ਪਈ ਸੀ ਕੋਈ ਹਿੰਮਤ ਨਹੀਂ ਸੀ ਕਰਦਾ ਉਹਨਾਂ ਦੀ ਬਾਂਹ ਫੜਨ ਦੀ। ਇਹ ਕੰਮ ਕਿਸੇ ਸੂਰਮੇ ਮਰਦ ਦਾ ਸੀ ਤੇ ਉਹ ਸੂਰਮਾ ਮਰਦ ਪ੍ਰਗਟਿਆ ਗੁਰੂ ਨਾਨਕ ਪਾਤਸ਼ਾਹ। ਆਪ ਨੇ ਲੱਖਾਂ ਕਰੋੜਾਂ ਗਰੀਬ ਬੰਦਿਆਂ ਦੀ ਤਰਸਯੋਗ ਹਾਲਤ ਆਪਣੇ ਮਾਤਾ ਪਿਤਾ ਦੇ ਸਾਹਮਣੇ ਪੇਸ਼ ਕੀਤੀ। ਉਹਨਾਂ ਦੀ ਇਸ ਬਿਰਧ ਉਮਰ ਵਿੱਚ ਸੇਵਾ ਨਾ ਕਰ ਸਕਣੀ ਦੀ ਮਜਬੂਰੀ ਵੀ ਬਿਆਨ ਕੀਤੀ ਅਤੇ ਉਹਨਾਂ ਪਾਸੋਂ ਵਿਦਾਇਗੀ ਦੀ ਪ੍ਰਵਾਨਗੀ ਲਈ।

ਜਦੋਂ ਆਪ ਹਰਿਦੁਆਰ ਗਏ ਤਾਂ ਉਥੇ ਵੀ ਆਪ ਨੂੰ ਉਹਨਾਂ ਲੋਕਾਂ ਦਾ ਸਾਹਮਣਾ ਕਰਨਾ ਪਿਆ ਜੋ ਪ੍ਰਮਾਤਮਾ ਨਾਲੋਂ ਟੁੱਟ ਚੁੱਕੇ ਸਨ ਤੇ ਸੂਰਜ ਦੀ ਪੂਜਾ ਵਿੱਚ ਜੁੜੇ ਹੋਏ ਸਨ। ਲੋਕ ਸੂਰਜ ਵੱਲ ਮੂੰਹ ਕਰਕੇ ਪਿਤਰ ਲੋਕ ਨੂੰ ਪਾਣੀ ਦੇ ਰਹੇ ਸਨ। ਗੁਰੂ ਸਾਹਿਬ ਵੀ ਗੰਗਾ ਵਿੱਚ ਜਾ ਵੜੇ ਤੇ ਸੂਰਜ ਤੋਂ ਉਲਟ ਦਿਸ਼ਾ ਵਿੱਚ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਹਰਿਦੁਆਰ ਵਿਖੇ ਬ੍ਰਾਹਮਣਾਂ ਦੇ ਗੜ੍ਹ ਤੇ ਧਰਮ ਅਸਥਾਨ ਵਿੱਚ ਹਿੰਦੂ ਰਹੁ ਰੀਤਾਂ ਦੇ ਉਲਟ ਕੰਮ ਕਰਨਾ ਕੋਈ ਸੌਖੀ ਖੇਡ ਨਹੀਂ ਸੀ ਪਰ ਰੂਹਾਨੀਅਤ ਨਾਲ ਭਰਪੂਰ ਗੁਰੂ ਨਾਨਕ ਵਰਗਾ ਕੋਈ ਬਹਾਦਰ ਯੋਧਾ ਹੀ ਟੱਕਰ ਲੈ ਸਕਦਾ ਸੀ। ਆਪ ਨੇ ਇਸ ਨਾਟਕੀ ਢੰਗ ਰਾਹੀਂ ਲੋਕਾਂ ਨੂੰ ਇਹ ਦ੍ਰਿੜ੍ਹ ਕਰਵਾ ਦਿੱਤਾ ਕਿ ਉਹਨਾਂ ਦਾ ਸੂਰਜ ਨੂੰ ਦਿੱਤਾ ਹੋਇਆ ਪਾਣੀ ਪਿੱਤਰ ਲੋਕ ਵਿੱਚ ਨਹੀਂ ਪਹੁੰਚ ਸਕਦਾ।

ਗੁਰੂ ਸਾਹਿਬ ਨੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਇਹ ਗੁਰੂ ਨਾਨਕ ਸਾਹਿਬ ਦੀ ਦਲੇਰੀ ਹੀ ਸੀ ਕਿ ਉਹਨਾਂ ਨੇ ਸੈਦਪੁਰ ਦੇ ਵੱਡੇ ਹਾਕਮ ਮਲਕ ਭਾਗੋ ਨੂੰ ਇਹ ਸਪਸ਼ਟ ਕਹਿ ਦਿੱਤਾ ਕਿ ਗਰੀਬਾਂ ਦਾ ਖੂਨ ਚੂਸ ਕੇ ਕੀਤੀ ਕਮਾਈ ਵਿੱਚੋਂ ਦਾਨ ਪੁੰਨ ਕਰਨ ਨਾਲ ਉਹ ਕਮਾਈ ਹੱਕ ਹਲਾਲ ਦੀ ਨਹੀਂ ਬਣ ਜਾਂਦੀ। ਤੇਰੀਆਂ ਪੂੜੀਆਂ ਵਿੱਚੋਂ ਗਰੀਬਾਂ ਦੇ ਚੂਸੇ ਹੋਏ ਖੂਨ ਦੀ ਬੋ ਆਉਂਦੀ ਹੈ ਜਦ ਕਿ ਭਾਈ ਲਾਲੋ ਜੋ ਸੱਚਾ-ਸੁੱਚਾ ਕਿਰਤੀ ਹੈ ਉਸ ਦੀ ਕੋਧਰੇ ਦੀ ਰੋਟੀ ਵਿੱਚ ਦੁੱਧ ਵਰਗੀ ਮਿਠਾਸ ਹੈ। ਗਰੀਬਾਂ ਦਾ ਖੂਨ ਚੂਸ ਕੇ ਖਜਾਨੇ ਭਰ ਲੈਣਾ ਨੇਕ ਬੰਦਿਆਂ ਦਾ ਕੰਮ ਨਹੀਂ। ਜੋ ਮਨੁੱਖ ਕੱਪੜੇ ਨੂੰ ਖੂਨ ਦਾ ਦਾਗ ਲੱਗਾ ਜਾਣ ਕੇ ਪਲੀਤ ਹੋਇਆ ਸਮਝਦਾ ਹੈ ਪਰ ਜੇ ਉਹੀ ਮਨੁੱਖ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ’ਤੇ ਪਲਦਾ ਹੈ ਤਾਂ ਉਸ ਦਾ ਹਿਰਦਾ ਕਿਵੇਂ ਪਵਿੱਤਰ ਹੋ ਸਕਦਾ ਹੈ। ਆਪ ਨੇ ਫੁਰਮਾਇਆ : -‘‘ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ ॥’’ (ਮ: ੧/੧੪੦)

ਗੁਰੂ ਨਾਨਕ ਸਾਹਿਬ ਵਿੱਚ ਅਜਿਹੇ ਮਾਇਆ ਧਾਰੀਆਂ ਨੂੰ ਅੰਨ੍ਹਾ ਤੇ ਬੋਲ਼ਾ ਕਹਿ ਸਕਣੀ ਦੀ ਜੁਰਅਤ ਹੈ। ਗੁਰਬਾਣੀ ਦਾ ਫੈਸਲਾ ਹੈ: ‘‘ਮਾਇਆਧਾਰੀ, ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ; ਬਹੁ ਰੋਲ ਘਚੋਲਾ ॥’’ (ਮ: ੩/੩੧੩)

ਭਾਈ ਮਰਦਾਨਾ ਸਮੇਤ ਗੁਰੂ ਨਾਨਕ ਦੇਵ ਜੀ ਉਸ ਦੇਸ਼ ਵਿੱਚ ਪਹੁੰਚੇ ਜਿੱਥੇ ਗੈਰ ਮੁਸਲਮਾਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਹੋਰ ਮੱਤ ਵਾਲਿਆਂ ਨੂੰ ਉੱਥੇ ਕਾਫਰ ਕਹਿ ਕੇ ਜਾਨੋਂ ਮਾਰਨ ਤੋਂ ਵੀ ਸੰਕੋਚ ਨਹੀਂ ਸੀ ਕੀਤਾ ਜਾਂਦਾ। ਇਹ ਉਹ ਸਮਾਂ ਸੀ ਜਦੋਂ ਹਿਜਰੀ ਸਾਲ ਦੇ ਅਖੀਰਲੇ ਮਹੀਨੇ ਸਾਰੇ ਹਾਜੀ ਮੱਕੇ ਵਿਖੇ ਇਕੱਠੇ ਹੁੰਦੇ ਸਨ। ਨੋਂ ਰਾਤਾਂ ਦੇ ਮੁਕਾਮ ਤੋਂ ਬਾਅਦ ਅਗਲੇ ਦਿਨ ਜ਼ੁਲ-ਹਿਜਰ ਦੀ ਦਸਵੀਂ ਤਰੀਕ ਹੱਜ ਦਾ ਆਖਰੀ ਦਿਨ ਸੀ। ਹਾਜ਼ੀਆਂ ਦੀ ਸ਼ਰਧਾ ਚੋਟੀ ’ਤੇ ਪਹੁੰਚ ਚੁੱਕੀ ਸੀ ਤੇ ਉਹਨਾਂ ਨੇ ‘ਖੁਦਾ ਦੇ ਘਰ’ ਕਾਅਬੇ ਅੱਗੇ ਸਿਜਦਾ ਕਰਨਾ ਹੁੰਦਾ ਹੈ ਪਰ ਵੇਖੋ ਸ਼ੇਰ ਮਰਦ ਗੁਰੂ ਨਾਨਕ ਦੇਵ ਜੀ ਦੀ ਮਰਦਾਨਗੀ। ਹਾਜ਼ੀ ਜਿਸ ਥਾਂ ਨੂੰ ਕੇਵਲ ਖੁਦਾ ਦਾ ਘਰ ਮੰਨੀ ਬੈਠੇ ਸਨ; ਗੁਰੂ ਸਾਹਿਬ ਉਸ ਆਖ਼ਰੀ ਰਾਤ ਨੂੰ ਮਿਥੇ ਹੋਏ ਖੁਦਾ ਦੇ ਘਰ ਵੱਲ ਪੈਰ ਕਰਕੇ ਲੇਟ ਗਏ ਹਨ। ਸਵੇਰ ਸਾਰ ਹਾਜ਼ੀ ਇਕੱਠੇ ਹੋਏ ਤੇ ਰੌਲਾ ਪੈ ਗਿਆ। ਜੀਵਨ ਨਾ ਦੇ ਹਾਜ਼ੀ ਨੇ ਲੱਤ ਕੱਢ ਮਾਰੀ। ਪ੍ਰੰਤੂ ਸਚਾਈ ਨੂੰ ਪ੍ਰਗਟ ਕਰਨ ਵਾਸਤੇ ਸੂਰਮਾ ਜਾਨ ਜੋਖੋਂ ਵਿੱਚ ਪਾ ਸਕਦਾ ਹੈ। ਗੁਰੂ ਸਾਹਿਬ ਨੂੰ ਲੱਤਾਂ ਤੋਂ ਪਕੜ ਕੇ ਘਸੀਟਿਆ ਵੀ ਗਿਆ ਪਰ ਆਪ ਨੇ ਉਹਨਾਂ ਲੋਕਾਂ ਨੂੰ ਇਹ ਗੱਲ ਦ੍ਰਿੜ੍ਹ ਕਰਵਾ ਦਿੱਤੀ ਕਿ ਖੁਦਾ ਕੇਵਲ ਇੱਕ ਦਿਸ਼ਾ ਮੱਕੇ ਵਿੱਚ ਕੈਦ ਨਹੀਂ ਸਗੋਂ ਉਹ ਸਰਬ ਵਿਆਪਕ ਹੈ। ਆਪ ਨੇ ਫੁਰਮਾਇਆ : – ‘‘ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥’’ (ਮ: ੧/੮੭੬)

ਗੁਰੂ ਸਾਹਿਬ ਵਿੱਚ ਇਹ ਦਲੇਰੀ ਹੀ ਸੀ ਕਿ ਉਹਨਾਂ ਨੇ ਉਸ ਸਮੇਂ ਦੇ ਧਾਰਮਿਕ ਆਗੂਆਂ ਕਾਜ਼ੀਆਂ, ਬ੍ਰਾਹਮਣ ਤੇ ਜੋਗੀਆਂ ਨਾਲ ਸਿਧਾਂਤਕ ਟੱਕਰ ਲਈ। ਲੋਕਾਂ ਨੂੰ ਉਹਨਾਂ ਦੇ ਪਖੰਡਾਂ ਤੋਂ ਸੁਚੇਤ ਕੀਤਾ। ਆਪ ਨੇ ਲੋਕਾਂ ਨੂੰ ਦੱਸਿਆ ਕਿ ਇਹਨਾਂ ਧਾਰਮਿਕ ਆਗੂਆਂ ਦਾ ਫਰਜ ਤਾਂ ਇਹ ਬਣਦਾ ਸੀ ਕਿ ਲੋਕਾਂ ਨੂੰ ਠੀਕ ਅਗਵਾਈ ਦੇ ਕੇ ਆਤਮਿਕ ਮਾਰਗ ਦਿਵਾਉਂਦੇ ਪਰ ਇਹ ਆਗੂ ਖੁਦ ਹੀ ਰਸਤੇ ਤੋਂ ਭਟਕੇ ਹੋਏ ਸਨ। ਇਹਨਾਂ ਅਖੌਤੀ ਆਗੂਆਂ ਬਾਰੇ ਆਪ ਨੇ ਫੁਰਮਾਇਆ :- ‘‘ਕਾਦੀ; ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ; ਨਾਵੈ, ਜੀਆ ਘਾਇ ॥ ਜੋਗੀ; ਜੁਗਤਿ ਨ ਜਾਣੈ, ਅੰਧੁ ॥ ਤੀਨੇ, ਓਜਾੜੇ ਕਾ ਬੰਧੁ ॥’’ (ਮ: ੧/੬੬੨)

ਜਦੋਂ ਗੁਰੂ ਨਾਨਕ ਦੇਵ ਜੀ ਭੀਲਾਂ ਦੇ ਇਲਾਕੇ ਵਿੱਚੋਂ ਲੰਘਦੇ ਹੋਏ ਕਿਸੇ ਉਜਾੜ ਥਾਂ ’ਤੇ ਪਹੁੰਚੇ ਤਾਂ ਭਾਈ ਮਰਦਾਨਾ ਸਤਿਗੁਰੂ ਜੀ ਤੋਂ ਕਿਤੇ ਪਾਸੇ ਹੋ ਗਿਆ ਅਤੇ ਕੌਡੇ ਦੇ ਕਬਜੇ ਵਿੱਚ ਆ ਗਿਆ। ਗੁਰੂ ਨਾਨਕ ਸਾਹਿਬ ਦੇ ਚੇਹਰੇ ਦੇ ਜਲਾਲ ਨੂੰ ਵੇਖ ਕੇ ਕੌਡੇ ਦਾ ਦਿਲ ਨਰਮ ਪੈ ਗਿਆ। ਸਤਿਗੁਰੂ ਜੀ ਨੇ ਉਸ ਨੂੰ ਸਮਾਜ ਦੇ ਅਨਿਆਂ ਵਿਰੁਧ ਮਰਦਾਂ ਵਾਂਗ ਟਾਕਰਾ ਕਰਨ ਦਾ ਉਪਦੇਸ਼ ਦਿੱਤਾ। ਅਸਲ ਵਿੱਚ ਇਤਿਹਾਸ ਦੀ ਇਹ ਘਟਨਾ ਇੱਕ ਅਦੁੱਤੀ ਚਾਨਣ ਮੁਨਾਰਾ ਹੈ। ਜੰਗਲੀ ਪਹਾੜੀ ਖਤਰੇ ਭਰਿਆ ਇਲਾਕਾ ਆਪਣੇ ਦੇਸ਼ ਤੋਂ ਹਜ਼ਾਰਾਂ ਮੀਲ ਦੂਰ, ਓਪਰੇ ਲੋਕ, ਆਦਮ ਖੋਰ ਡਾਕੂਆਂ ਤੋਂ ਹਰ ਸਮੇਂ ਵਾਰ ਹੋਣ ਦਾ ਖ਼ਤਰਾ, ਸਾਥੀ ਦਾ ਕਾਬੂ ਆ ਜਾਣਾ, ਅਜਿਹੀ ਥਾਂ ਤੋਂ ਆਪਣੇ ਸਾਥੀ ਨੂੰ ਲੱਭਣ ਲਈ ਸੂਰਮੇ ਮਰਦ ਗੁਰੂ ਨਾਨਕ ਪਾਤਸ਼ਾਹ ਦਾ ਇਕੱਲੇ ਹੀ ਬਿਨਾਂ ਹਥਿਆਰਾਂ ਤੋਂ ਚੱਲ ਪੈਣਾ ਇਕ ਐਸੀ ਬੇਮਿਸਾਲ ਨਿਰਭੈਤਾ ਤੇ ਬਹਾਦਰੀ ਹੈ ਜਿਸ ਦਾ ਹਰੇਕ ਨਾਨਕ ਨਾਮ ਲੇਵਾ ਸਿੱਖ ਨੂੰ ਫ਼ਖਰ ਹੋਣਾ ਚਾਹੀਦਾ ਹੈ।

ਸੋ, ਗੁਰੂ ਨਾਨਕ ਦੇਵ ਜੀ ਵਿੱਚ ਸੰਪੂਰਨ ਮਨੁੱਖ ਵਾਲੇ ਸਾਰੇ ਗੁਣ ਮੌਜੂਦ ਸਨ। ਉਹ ਸੰਤ ਸਨ, ਭਗਤ ਸਨ, ਵੱਡੇ ਫ਼ਿਲਾਸਫ਼ਰ, ਸਮਾਜ ਸੁਧਾਰ, ਪ੍ਰਚਾਰਕ ਅਤੇ ਇਸ ਤੋਂ ਅੱਗੇ ਇੱਕ ਆਦਰਸ਼ਕ ਗ੍ਰਹਿਸਤੀ ਹੁੰਦਿਆਂ ਹੋਇਆਂ ਸੂਰਬੀਰ ਤੇ ਬਹਾਦਰ ਜਰਨੈਲ ਵੀ ਸਨ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਤਿਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖੀ ਗੁਣਾਂ ਨਾਲ ਭਰਪੂਰ ਸਨ। ਜਿੱਥੇ ਆਪ ਸੰਤ ਸਨ, ਭਗਤ ਸਨ, ਫ਼ਿਲਾਸਫਰ ਸਨ, ਧਰਮ ਪ੍ਰਚਾਰਕ ਅਤੇ ਸਮਾਜ ਸੁਧਾਰਕ ਸਨ, ਉੱਥੇ ਆਪ ਸੱਚ ਹੱਕ ਇਨਸਾਫ਼ ਅਤੇ ਲਿਤਾੜੇ ਜਾ ਰਹੇ ਲੋਕਾਂ ਲਈ ਸੰਘਰਸ਼ ਕਰਨ ਵਾਲੇ ਬਹਾਦਰ ਯੋਧੇ ਵੀ ਸਨ।