ਜੀਵਨ ਯਾਤਰਾ ਅਤੇ ਉਪਦੇਸ਼ ਗੁਰੂ ਗੋਬਿੰਦ ਸਿੰਘ ਜੀ (ਭਾਗ -4)

0
722

ਕਿਸ਼ਤ ਨੰ: 4

ਜੀਵਨ ਯਾਤਰਾ ਅਤੇ ਉਪਦੇਸ਼ ਗੁਰੂ ਗੋਬਿੰਦ ਸਿੰਘ ਜੀ (ਭਾਗ -4)

ਕਿਰਪਾਲ ਸਿੰਘ (ਬਠਿੰਡਾ)-98554-80797, 73409-79813

 

ਕਿਸੇ ਕੌਮ ਦਾ ਸਰਮਾਇਆ ਉਸ ਦਾ ‘ਸਿਧਾਂਤ’ ਤੇ ‘ਇਤਿਹਾਸ’ ਹੁੰਦਾ ਹੈ। ਪਿਛਲੀ ਲੇਖ ਲੜੀ ਦੇ ਤਿੰਨ ਭਾਗਾਂ ’ਚ ਸਿਧਾਂਤ ਵੀ ਵਿਚਾਰ ਹੋ ਚੁੱਕੀ ਹੈ ਤੇ ਇਸ ਹਥਲੇ ਲੇਖ ਵਿੱਚ ਇਤਿਹਾਸ (ਵਿਸ਼ੇ) ਦਾ ਇੱਕ ਪੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਿੱਥਾਂ ਨੂੰ ਚੁਣਿਆ ਗਿਆ ਹੈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਹੀ ਬਾਕੀ ਤਮਾਮ ਇਤਿਹਾਸ ਨੂੰ ਸਮਝਣ ਜਾਂ ਸਮਝਾਉਣ ਲਈ ਆਧਾਰ ਕਾਇਮ ਕੀਤਾ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ (ਜਨਮ) ਪਟਨਾ ਸਾਹਿਬ (ਬਿਹਾਰ) ਵਿਖੇ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 (22 ਦਸੰਬਰ ਸੰਨ 1666) ਜੂਲੀਅਨ ਨੂੰ ਹੋਇਆ, ਤਦ ਬਿਕ੍ਰਮੀ ਕੈਲੰਡਰ ਦੇ ਚੰਦਰ ਮਹੀਨੇ ਦੀ ਪੋਹ ਸੁਦੀ 7 ਦੇ ਨਾਲ-ਨਾਲ ਸੂਰਜੀ ਮਹੀਨੇ ਦਾ 23 ਪੋਹ ਵੀ ਸੀ ਭਾਵ ਗੁਰੂ ਜੀ ਦੇ ਪ੍ਰਕਾਸ਼ ਸਮੇਂ ਤਿੰਨ ਤਾਰੀਖ਼ਾਂ ਪੋਹ ਸੁਦੀ 7, 23 ਪੋਹ ਸੰਮਤ 1723 ਅਤੇ 22 ਦਸੰਬਰ 1666 ਵੀ ਸੀ, ਕਿਉਂਕਿ ਪੋਹ ਸੁਦੀ 7 ਅਤੇ 23 ਪੋਹ ਬਿਕ੍ਰਮੀ ਸੰਮਤ 1723 ਵਾਲੀ ਤਿੱਥ; ਭਾਰਤ ’ਚ ਗੋਰਿਆਂ ਦੇ ਆਉਣ ਨਾਲ ਉਨ੍ਹਾਂ ਦੇ ਜੂਲੀਅਨ ਕੈਲੰਡਰ ਮੁਤਾਬਕ 22 ਦਸੰਬਰ 1666 ਈ: ਬਣ ਗਈ ਸੀ। ਸੰਨ 1666 ਈ: ਤੋਂ ਬਾਅਦ ਇਹ ਤਿੰਨੇ ਤਾਰੀਖ਼ਾਂ ਇਕੱਠੀਆਂ ਸਿਰਫ ਸੰਨ 1685 ਈ. ਅਤੇ ਸੰਨ 1704 ਈ: ’ਚ ਹੀ ਆਈਆਂ ਸਨ, ਜੋ ਹੁਣ ਹਜ਼ਾਰਾਂ-ਲੱਖਾਂ ਸਾਲ ਵੀ ਇਕੱਠੀਆਂ ਨਹੀਂ ਆ ਸਕਦੀਆਂ ਕਿਉਂਕਿ ਇੰਗਲੈਂਡ ਵਾਲਿਆਂ ਨੇ ਆਪਣੇ ਜੂਲੀਅਨ ਕੈਲੰਡਰ ’ਚ 2 ਸਤੰਬਰ 1752 ਈ: ਨੂੰ ਸੋਧ ਕਰਕੇ ਅਗਲਾ ਦਿਨ (11 ਦਿਨ ਵਧਾ ਕੇ ਸਿੱਧਾ) 14 ਸਤੰਬਰ 1752 ਈਸਵੀ ਮੰਨ ਲਿਆ ਤੇ ਜੂਲੀਅਨ ਕੈਲੰਡਰ ਦੀ ਥਾਂ ਗਰੈਗੋਰੀਅਨ ਕੈਲੰਡਰ ਅਪਣਾ ਲਿਆ। ਇਸ ਤਬਦੀਲੀ ਤੋਂ ਅਗਲੇ ਸਾਲ ਭਾਵ ਸੰਨ 1753 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਵਾਲੀ ਤਰੀਖ (23 ਪੋਹ); 2 ਜਨਵਰੀ 1753 ਵਾਲੇ ਦਿਨ ਆਈ।

ਮੰਨ ਲਓ, ਕਿ ਇੰਗਲੈਂਡ ਵਾਲੇ ਜੂਲੀਅਨ ਕੈਲੰਡਰ ਦੀ ਇਹ ਸੋਧ 2  ਸਤੰਬਰ 1752 ਦੀ ਬਜਾਏ 170 ਸਾਲ ਪਹਿਲਾਂ ਹੀ ਅਕਤੂਬਰ 1582 ਈ: ਨੂੰ ਕਰ ਲੈਂਦੇ ਤਾਂ ਸੋਧ ਕੀਤੇ ਗ੍ਰੈਗੋਰੀਅਨ ਕੈਲੰਡਰ ’ਚ ਤਦ 1 ਜਨਵਰੀ 1667 ਈ: ਹੋਣੀ ਸੀ ਭਾਵ ਤੀਜੀ ਤਿੱਥ 22 ਦਸੰਬਰ 1666 ਈ. ਦੀ ਬਜਾਏ (10 ਦਿਨ ਵਧਾ ਕੇ) 1 ਜਨਵਰੀ 1667 ਈ. ਹੋਣਾ ਸੀ। ਅਜੋਕੇ ਗੁਰ ਪੁਰਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦੀ ਇੱਕ ਤਿੱਥੀ (ਚੰਦ੍ਰਮਾਂ ਦੀ ਤਿੱਥ) ਪੋਹ ਸੁਦੀ 7 ਨੂੰ ਮਨਾਏ ਜਾਣ ਕਾਰਨ ਹਰ ਨਵਾਂ ਸਾਲ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਅਤੇ ਤੀਜੇ ਸਾਲ 18-19 ਦਿਨ ਪਿੱਛੋਂ ਆਉਂਦਾ ਹੈ, ਜੋ ਨਿਸ਼ਚਿਤ ਨਹੀਂ ਰਹਿੰਦੀ ਭਾਵ ਹਰ ਸਾਲ ਬਦਲਦੀ ਹੈ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ ਸੰਨ 2014 ਈ: ਨੂੰ 28 ਦਸੰਬਰ ’ਚ ਆਇਆ, 2015 ਈ: ਵਿੱਚ ਆਇਆ ਹੀ ਨਹੀਂ, 2016 ਈ: ’ਚ 16 ਜਨਵਰੀ ਤੇ ਹੁਣ 2017 ਵਿੱਚ 5 ਜਨਵਰੀ ਨੂੰ ਆਏਗਾ। ਇਸ ਤੋਂ ਅਗਲਾ ਪ੍ਰਕਾਸ਼ ਦਿਹਾੜਾ ਇਸੇ ਸਾਲ (ਦੁਬਾਰਾ) 25 ਦਸੰਬਰ 2017 ਈ: ਨੂੰ ਹੀ ਆਉਣ ਵਾਲਾ ਹੈ। ਇਸ (11 ਦਿਨ ਅਗੇਤਰ ਵਾਲੇ) ਗਣਿਤ ਮੁਤਾਬਕ ਅਗਲਾ ਹੋਰ ਦਿਹਾੜਾ 14 ਦਸੰਬਰ 2018 ਈ: ਨੂੰ ਆਉਣਾ ਚਾਹੀਦਾ ਹੈ ਪਰ ਅਜੇਹਾ ਨਹੀ ਹੋਵੇਗਾ ਕਿਉਂਕਿ ਤਦ ਗਣਿਤ 18-19 ਦਿਨ ਪਿਛੇਤਰ ਵਾਲਾ ਚਾਲੂ ਹੋਣ ਕਾਰਨ ਇਹ ਦਿਹਾੜਾ 29 ਪੋਹ/13 ਜਨਵਰੀ 2019 ਈ: ਦਿਨ ਐਤਵਾਰ ਨੂੰ ਆਵੇਗਾ। ਅਜੇਹਾ ਕਿਉਂ ? ਇਸ ਭੂਤ ਵਿੱਦਿਆ ਨੂੰ ਸਾਡਾ ਆਧੁਨਿਕ ਬੱਚਾ ਤੇ ਬਜ਼ੁਰਗ ਸਮਝਣ ’ਚ ਅਸਮਰਥ ਹੋਣ ਕਾਰਨ ਸਾਨੂੰ ਸਦਾ ਪੰਡਿਤਾਂ ਵਾਂਗ ਕਿਸੇ ਪੂਜਾਰੀ ਦੀ ਜ਼ਰੂਰਤ ਬਣੀ ਰਹਿੰਦੀ ਹੈ। ਇਸ ਦੀ ਵਧੇਰੇ ਜਾਣਕਾਰੀ ਲਈ ਸਾਨੂੰ ਕੈਲੰਡਰ ਗਣਿਤ ਬਾਰੇ ਸਮਝਣਾ ਅਤਿ ਜ਼ਰੂਰੀ ਹੈ, ਜੋ ਇਸ ਪ੍ਰਕਾਰ ਹੈ:

(1). ਕੁਦਰਤ ਮੁਤਾਬਕ ਮੌਸਮੀ ਕੈਲੰਡਰ (ਜਾਂ ਸਮਾਂ): ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੋਈ ਇਕ ਚੱਕਰ (ਦਿਨ ਤੇ ਰਾਤ) 24 ਘੰਟਿਆਂ ’ਚ ਪੂਰਾ ਕਰਦੀ ਹੈ ਅਤੇ ਇਹੀ ਧਰਤੀ, ਸੂਰਜ ਦੇ ਦੁਆਲੇ ਘੁੰਮਦੀ ਹੋਈ ਇੱਕ ਚੱਕਰ ਲਗਭਗ 365.2422 ਦਿਨਾਂ (365 ਦਿਨ, 5 ਘੰਟੇ, 48 ਮਿੰਟ ਤੇ 45 ਸੈਕੰਡਾਂ) ’ਚ ਪੂਰਾ ਕਰਦੀ ਹੈ, ਜਿਸ ਨੂੰ ਰੁੱਤੀ ਜਾਂ ਮੌਸਮੀ ਸਾਲ ਕਿਹਾ ਜਾਂਦਾ ਹੈ। ਧਰਤੀ ’ਤੇ ਰੁੱਤਾਂ ਇਸ ਮੁਤਾਬਕ ਬਦਲਦੀਆਂ ਹਨ।

(2). ਜੂਲੀਅਨ ਕੈਲੰਡਰ: ਦੁਨੀਆਂ ਵਿਚ ਵਰਤੇ ਜਾਣ ਵਾਲੇ ਸਾਂਝੇ ਕੈਲੰਡਰ ਦਾ ਮੁੱਢ, ਜੂਲੀਅਨ ਸੀਜਰ ਵੱਲੋਂ ਈਸਾ ਤੋਂ 46 ਸਾਲ ਪਹਿਲਾਂ ਬੰਨ੍ਹਿਆ ਗਿਆ ਸੀ। ਇਸ ਵਿਗਿਆਨੀ ਨੇ ਹਿਸਾਬ ਕਿਤਾਬ ਦੀ ਸੌਖ ਨੂੰ ਮੁਖ ਰੱਖ ਕੇ ਕੈਲੰਡਰ ਬਣਾਉਣ ਸਮੇਂ ਰੁੱਤੀ ਸਾਲ ਦੀ ਲੰਬਾਈ 365.2422 ਦਿਨ (365 ਦਿਨ, 5 ਘੰਟੇ, 48 ਮਿੰਟ ਤੇ 45 ਸੈਕੰਡ) ਦੀ ਬਜਾਏ ਸੌਖੇ ਗਣਿਤ ਲਈ 365.25 ਦਿਨ (365 ਦਿਨ, 6 ਘੰਟੇ ਹੀ) ਮੰਨ ਲਿਆ, ਇਸ ਮੁਤਾਬਕ ਆਮ ਸਾਲ 365 ਦਿਨ ਦਾ ਅਤੇ ਉਪਰਲੇ 6 ਘੰਟਿਆਂ ਨੂੰ ਪੂਰਾ ਕਰਨ ਲਈ ਹਰ ਚੌਥਾ ਸਾਲ ਲੀਪ ਵਜੋਂ 366 ਦਿਨ ਰੱਖਿਆ ਗਿਆ, ਜਿਸ ਵਿੱਚ ਫਰਵਰੀ ਮਹੀਨਾ 28 ਦਿਨਾਂ ਦੀ ਬਜਾਏ 29 ਦਿਨ ਕਰਨਾ ਪੈ ਗਿਆ, ਇਸ ਦੇ ਬਾਵਜੂਦ ਵੀ ਇਹ ਕੈਲੰਡਰ ਪੂਰਨ ਤੌਰ ’ਤੇ ਮੌਸਮੀ ਕੈਲੰਡਰ ਨਾਲ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ ਸੀ ਕਿਉਂਕਿ ਰੁੱਤੀ ਸਾਲ ਨਾਲੋਂ ਤਕਰੀਬਨ ਸਵਾ ਕੁ 11 ਮਿੰਟ ਦਾ ਫ਼ਰਕ ਹੋਣ ਕਰਕੇ 128 ਸਾਲਾਂ ਵਿੱਚ ਇੱਕ ਦਿਨ ਦਾ ਅੰਤਰ ਪੈ ਜਾਂਦਾ ਸੀ।

(3). ਗ੍ਰੈਗੋਰੀਅਨ ਕੈਲੰਡਰ: ਸੰਨ 1582 ਈ. ਵਿੱਚ ਰੋਮ ਵਾਸੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਤਮਾਮ ਧਾਰਮਿਕ ਦਿਨ-ਤਿਉਹਾਰ ਮੌਸਮੀ ਰੁੱਤ ਮੁਤਾਬਕ ਨਹੀਂ ਆ ਰਹੇ। ਪੋਪ ਗਰੈਗਰੀ ਨੇ ਵਿਦਵਾਨਾਂ ਦੀ ਇੱਕ ਕਮੇਟੀ ਨਿਯੁਕਤ ਕੀਤੀ, ਜਿਸ ਨੇ ਪ੍ਰਚਲਿਤ ਜੂਲੀਅਨ ਕੈਲੰਡਰ ਅਤੇ ਮੌਸਮੀ ਕੈਲੰਡਰ ਦੇ ਅੰਤਰ ਨੂੰ ਹੋਰ ਬਾਰੀਕੀ ਨਾਲ ਖੋਜਿਆ ਤੇ ਪਾਇਆ ਕਿ ਜੂਲੀਅਨ ਕੈਲੰਡਰ ਦੇ ਸੰਨ 325 ਈ. ਨੂੰ ਮੌਸਮ ਭਾਵ ਕੁਦਰਤ ਮੁਤਾਬਕ 21 ਮਾਰਚ ਦਾ ਦਿਨ ਤੇ ਰਾਤ ਬਰਾਬਰ (ਇੱਕ ਸਮਾਨ) ਸੀ ਜਿਸ ਨੂੰ ਅਧਾਰ ਮੰਨ ਕੇ ਉਨ੍ਹਾਂ ਆਪਣੇ ਤਿਉਹਾਰ ਨੀਯਤ ਕੀਤੇ ਸਨ, ਜੋ ਉਸ ਸਮੇਂ ਤੱਕ ਭਾਵ 1257 ਸਾਲਾਂ ਬਾਅਦ ਸੰਨ 1582 ਈ. ਨੂੰ 11 ਮਾਰਚ ਦਾ ਦਿਨ ਤੇ ਰਾਤ ਬਰਾਬਰ ਸਨ, ਇਹ ਅੰਤਰ ਲਗਭਗ 10 ਦਿਨ ਦਾ ਸੀ। ਰੋਮ ਵਾਸੀਆਂ ਨੇ ਪ੍ਰਚਲਿਤ ਜੂਲੀਅਨ ਕੈਲੰਡਰ ਦਾ ਨਾਂ ਬਦਲ ਕੇ ‘ਗ੍ਰੈਗੋਰੀਅਨ ਕੈਲੰਡਰ’ ਰੱਖ ਦਿੱਤਾ ਤੇ ਇਸ ਦੀ ਮਿਤੀ 4 ਅਕਤੂਬਰ 1582 ਈਸਵੀ (ਦਿਨ ਵੀਰਵਾਰ) ਤੋਂ ਅਗਲਾ ਦਿਨ 5 ਅਕਤੂਬਰ ਮੰਨਣ ਦੀ ਬਜਾਏ ਸਿੱਧਾ 15 ਅਕਤੂਬਰ 1582 (ਸ਼ੁੱਕਰਵਾਰ) ਕਰ ਦਿੱਤਾ ਭਾਵ 10 ਦਿਨਾਂ ਦਾ ਅੰਤਰ ਖ਼ਤਮ ਕਰ ਦਿੱਤਾ ਅਤੇ ਅੱਗੇ ਤੋਂ ਇਸ ਨੂੰ ਮੌਸਮੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਆਮ ਚੌਥੇ ਸਾਲ ਦੀ ਫਰਵਰੀ 29 ਦਿਨਾਂ ਦੀ ਹੀ ਰੱਖੀ ਗਈ ; ਸਦੀ ਵਾਲਾ ਸਾਲ ਭਾਵੇਂ 4 ’ਤੇ ਪੂਰਾ ਵੰਡਿਆ ਜਾਂਦਾ ਹੈ ਪਰ ਉਹ ਲੀਪ ਦਾ ਨਹੀਂ ਹੋਵੇਗਾ । ਪਰ ਜਿਹੜੀ ਸਦੀ400 ’ਤੇ ਪੂਰੀ ਪੂਰੀ ਵੰਡੀ ਜਾਵੇਗੀ ਉਹ ਸਾਲ ਫਿਰ ਲੀਪ ਦਾ ਹੋਵੇਗਾ । ਇਸੇ ਤਰ੍ਹਾਂ ਇਹ ਲੜੀ ਅੱਗੇ ਚਲਦੀ ਰਹੇਗੀ । ਜਿਵੇਂ ਕਿ 100, 200, 300, 500, 600, 700, 900, 1000, 1100 ਆਦਿ ਈਸਵੀ ਸਾਲ ਲੀਪ ਦੇ ਨਹੀਂ ਹੋਣਗੇ, ਪਰ 400, 800, 1200, 1600, 2000 ਆਦਿ ਈਸਵੀ ਸਾਲ (ਹਰ ਚੌਥੇ ਲੀਪ ਦੇ ਸਾਲ ਵਾਂਗ) ਲੀਪ ਦੇ ਹੀ ਰਹਿਣਗੇ। ਇਸ ਗਣਿਤ ਮੁਤਾਬਕ 400 ਸਾਲਾਂ ’ਚ ਲੀਪ ਦੇ 97 ਸਾਲ ਰਹਿ ਜਾਂਦੇ ਹਨ, ਨਾ ਕਿ 100 ਸਾਲ।

ਇਸ ਤਰ੍ਹਾਂ ‘ਗ੍ਰੈਗੋਰੀਅਨ ਕੈਲੰਡਰ’ ਦੀ ਔਸਤਨ ਲੰਬਾਈ (400×365+97) / 400= 365.2425 ਦਿਨ ਭਾਵ 365 ਦਿਨ 5 ਘੰਟੇ 49 ਮਿੰਟ 12 ਸੈਕੰਡ ਮੰਨੀ ਗਈ। ਇਹ ਲੰਬਾਈ ਮੌਸਮੀ ਕੈਲੰਡਰ (ਰੁੱਤੀ ਸਾਲ) ਦੀ ਲੰਬਾਈ ਤੋਂ ਲਗਭਗ 26 ਸੈਕਿੰਡ ਵੱਧ ਹੈ। ਉਕਤ ਕੀਤੀ ਗਈ ਵਿਚਾਰ ਕਿ ਜੂਲੀਅਨ ਕੈਲੰਡਰ ਮੁਤਾਬਕ 128 ਸਾਲਾਂ ’ਚ ਇੱਕ ਦਿਨ ਦਾ ਅੰਤਰ ਪੈਂਦਾ ਸੀ, ਉਹ ਅੰਤਰ ਇਸ ‘ਗ੍ਰੈਗੋਰੀਅਨ ਕੈਲੰਡਰ’ ਮੁਤਾਬਕ 3332 ਸਾਲਾਂ ’ਚ ਇੱਕ ਦਿਨ ਰਹਿ ਗਿਆ।

ਧਿਆਨ ਰਹੇ ਕਿ ਉਕਤ ਤਬਦੀਲੀ ਕੇਵਲ ਰੋਮ ਵਾਸੀਆਂ ਵੱਲੋਂ ਕੀਤੀ ਗਈ ਜਦਕਿ ਸਾਰੀ ਦੁਨੀਆਂ ’ਚ ਰਾਜ ਕਰਨ ਵਾਲੇ ਇੰਗਲੈਂਡ ਵਾਸੀਆਂ ਨੇ ਇਸ ਤਬਦੀਲੀ ਨੂੰ ਨਹੀਂ ਮੰਨਿਆ। ਰੋਮ ਵਾਸੀਆਂ ਦੀ ਉਕਤ ਘਾਲਨਾ ਉਪਰੰਤ ਸੰਨ 1752 ਈਸਵੀ ਭਾਵ 1582 ਤੋਂ 170 ਸਾਲ ਬਾਅਦ ਇੰਗਲੈਂਡ ਨਿਵਾਸੀਆਂ ਨੂੰ ਵੀ ਅਹਿਸਾਸ ਹੋਇਆ ਕਿ ‘ਜੂਲੀਅਨ ਕੈਲੰਡਰ’ ਦੀਆਂ ਤਾਰੀਖ਼ਾਂ ’ਚ ਤਬਦੀਲੀ ਜ਼ਰੂਰੀ ਹੈ, ਜੋ ਅੰਤਰ 325 ਈ. ਤੋਂ 1582 ਈ. (1257 ਸਾਲਾਂ) ਤੱਕ 10 ਦਿਨਾਂ ਦਾ ਸੀ ਉਹ ਹੋਰ 170 ਸਾਲਾਂ ਬਾਅਦ (ਭਾਵ ਸੰਨ 1752 ਈ. ਤੱਕ) 11 ਦਿਨ ਹੋ ਗਿਆ, ਇਸ ਲਈ ਅੰਗਰੇਜ਼ਾਂ ਨੇ ਵੀ 2 ਸਤੰਬਰ 1752 (ਬੁੱਧਵਾਰ) ਤੋਂ ਅਗਲਾ ਦਿਨ 3 ਸਤੰਬਰ ਕਰਨ ਦੀ ਬਜਾਏ ਸਿੱਧਾ 14 ਸਤੰਬਰ 1752 ਨੂੰ ਵੀਰਵਾਰ ਬਣਾ ਲਿਆ ਭਾਵ 11 ਦਿਨ ਖ਼ਤਮ ਕਰ ਦਿੱਤੇ ਗਏ।

ਹੈਰਾਨੀ ਦੀ ਗੱਲ ਹੈ ਕਿ ਜਿਹੜੀ ਗੱਲ ਰੋਮ ਵਾਸੀਆਂ ਨੂੰ ਸੋਲਵੀਂ ਸਦੀ ਵਿੱਚ ਸਮਝ ਆ ਗਈ ਸੀ ਕਿ ਉਨ੍ਹਾਂ ਦੇ ਪ੍ਰਚਲਿਤ ਕੈਲੰਡਰੀ ਸਾਲ ਦੀ ਲੰਬਾਈ ਰੁੱਤੀ ਸਾਲ ਦੀ ਲੰਬਾਈ ਤੋਂ ਵੱਧ ਹੈ, ਸਿੱਖਾਂ ਨੂੰ ਇੱਕੀਵੀਂ ਸਦੀ ਵਿੱਚ ਵੀ ਸਮਝ ਨਹੀਂ ਆ ਰਹੀ। ਖੈਰ  ! ਇਹ ਏਨੀ ਫਿਕਰ ਕਰਨ ਵਾਲੀ ਗੱਲ ਵੀ ਨਹੀ ਹੈ ਕਿਉਂਕਿ ਇੰਗਲੈਂਡ ਵਾਲਿਆਂ ਨੇ ਵੀ ‘ਜੂਲੀਅਨ ਕੈਲੰਡਰ’ ਦੀ ਸੋਧ ਨੂੰ ਪੌਣੇ ਦੋ ਸਦੀਆਂ ਪਿਛੋਂ ਹੀ ਪ੍ਰਵਾਨ ਕੀਤਾ ਸੀ।

(4). ਚੰਦਰ ਸਾਲ : ਚੰਦ ਧਰਤੀ ਦੇ ਦੁਆਲੇ ਘੁੰਮਦਾ ਹੋਇਆ ਇਕ ਚੱਕਰ ਲਗਭਗ 29.53 ਦਿਨਾਂ ਵਿੱਚ ਪੂਰਾ ਕਰਦਾ ਹੈ। ਇਸ ਦੇ ਵੀ ਸਾਲ ’ਚ 12 ਮਹੀਨੇ ਹੁੰਦੇ ਹਨ ਤੇ ਇਕ ਸਾਲ ਦੀ ਲੰਬਾਈ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਹੈ। ਚੰਦ ਦਾ ਇਕ ਸਾਲ; ਰੁੱਤੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਮੁਸਲਮਾਨੀ ਜਗਤ ਵਿੱਚ ਸ਼ੁੱਧ ਚੰਦਰ ਕੈਲੰਡਰ ਪ੍ਰਚਲਿਤ ਹੈ ਜਿਸ ਨੂੰ ਹਿਜ਼ਰੀ ਕੈਲੰਡਰ ਆਖਦੇ ਹਨ। ਇਸ ਕੈਲੰਡਰ ਮੁਤਾਬਕ ਉਨ੍ਹਾਂ ਦੇ ਧਾਰਮਿਕ ਦਿਹਾੜੇ ਹਰ ਸਾਲ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦੇ ਹਨ ਅਤੇ 33 ਸਾਲਾਂ ਪਿਛੋਂ ਲਗਭਗ ਅੱਜ ਵਾਲੀ ਤਾਰੀਖ਼ ਦੇ ਨੇੜੇ ਤੇੜੇ ਹੀ ਆਉਣਗੇ ਕਿਉਂਕਿ 33 ਸੂਰਜੀ ਸਾਲਾਂ ਦੇ (33×365 ਦਿਨ) / 354 = ਲਗਭਗ ਚੰਦ੍ਰਮਾ ਦੇ 34 ਸਾਲ ਬਣ ਜਾਂਦੇ ਹਨ, ਪਰ ਭਾਰਤ ਵਿੱਚ ਜੋ ਬਿਕ੍ਰਮੀ ਕੈਲੰਡਰ ਪ੍ਰਚਲਿਤ ਹੈ ਇਹ ਕਿਸੇ ਇੱਕ ਪ੍ਰਣਾਲੀ ’ਤੇ ਅਧਾਰਿਤ ਹੋਣ ਦੀ ਬਜਾਇ ਚੰਦਰ ਅਤੇ ਸੂਰਜੀ ਦੋਵਾਂ ਪ੍ਰਣਾਲੀਆਂ ’ਤੇ ਅਧਾਰਿਤ ਹੈ। ਇਹੀ ਸਾਡੀ ਸਮੱਸਿਆ ਦੀ ਅਸਲ ਜੜ੍ਹ ਹੈ।

(5). ਬਿਕ੍ਰਮੀ ਕੈਲੰਡਰ : ਇਹ ਕੈਲੰਡਰ ਸੂਰਜੀ ਅਤੇ ਚੰਦ੍ਰਮਾਂ ਦੋ ਪ੍ਰਣਾਲੀਆਂ ’ਤੇ ਅਧਾਰਿਤ ਹੈ। ਆਮ ਚੰਦ੍ਰ ਸਾਲ 354/355 ਦਿਨਾਂ ਦਾ ਅਤੇ ਸੂਰਜੀ ਸਾਲ 365/366 ਦਿਨਾਂ ਦਾ ਹੁੰਦਾ ਹੈ। ਇਸ ਕੈਲੰਡਰ ਵਿੱਚ ਧਾਰਮਿਕ ਅਤੇ ਸ਼ੁਭ ਦਿਹਾੜੇ ਚੰਦ੍ਰਮਾਂ ਸਾਲ ਅਤੇ ਇਤਿਹਾਸਕ ਦਿਹਾੜੇ ਸੂਰਜੀ ਸਾਲ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ ਭਾਵ ਦੋ ਬੇੜੀਆਂ ਵਿੱਚ ਪੈਰ ਰੱਖੇ ਜਾਂਦੇ ਹਨ। ਇਸੇ ਕਾਰਨ ਚੰਦਰ ਸਾਲ ਅਨੁਸਾਰ ਮਨਾਏ ਜਾਂਦੇ ਗੁਰ ਪੁਰਬ ਇਸ ਸਾਲ ਨਾਲੋਂ ਅਗਲੇ ਸਾਲ 11 ਦਿਨ ਪਹਿਲਾਂ ਆਉਣਗੇ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ। ਤੀਜੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ ਪਰ ਇਸ ਵਾਰ ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇੱਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਉਸ ਸਾਲ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਬਣ ਜਾਂਦੇ ਹਨ ਜਿਸ ਨਾਲ ਸਾਲ ਦੇ 12 ਦੀ ਬਜਾਏ 13 ਚੰਦਰ ਮਹੀਨੇ ਹੋ ਜਾਂਦੇ ਹਨ। 19 ਸਾਲਾਂ ਵਿੱਚ 7 ਸਾਲ ਐਸੇ ਹੁੰਦੇ ਹਨ ਜਦੋਂ ਸਾਲ ਦੇ 13 ਚੰਦਰ ਮਹੀਨੇ ਹੁੰਦੇ ਹਨ ਅਤੇ ਸਾਲ ਦੀ ਲੰਬਾਈ 384/385 ਦਿਨ ਹੋ ਜਾਂਦੀ ਹੈ। ਇਸ ਵਾਧੂ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਗੁਰ ਪੁਰਬ 29/30 ਦਿਨ ਪਛੜਨ ਕਾਰਨ ਤਮਾਮ ਗੁਰ ਪੁਰਬ 11 ਦਿਨ ਪਹਿਲਾਂ ਆਉਣ ਦੀ ਬਜਾਏ 18/19 ਦਿਨ ਪਛੜ ਕੇ ਬਾਅਦ ’ਚ ਆਉਣਗੇ। ਇਸ ਹਿਸਾਬ ਮੁਤਾਬਕ ਕੋਈ ਵੀ ਗੁਰ ਪੁਰਬ ਕਦੀ ਵੀ ਨਿਸ਼ਚਿਤ ਤਾਰੀਖਾਂ ਨੂੰ ਨਹੀਂ ਆ ਸਕਦਾ। ਇਹੋ ਕਾਰਨ ਹੈ ਕਿ ਗਾਂਧੀ ਦਾ ਜਨਮ ਦਿਨ 2 ਅਕਤੂਬਰ, ਨਹਿਰੂ ਦਾ ਜਨਮ ਦਿਨ 14 ਨਵੰਬਰ ਤਾਂ ਸਾਡੇ ਬੱਚੇ ਬੱਚੀਆਂ ਨੂੰ ਯਾਦ ਹਨ ਪਰ ਆਪਣੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਬੱਚਿਆਂ ਨੂੰ ਤਾਂ ਕੀ ਕਿਸੇ ਵਿਦਵਾਨ ਜਾਂ ਬਿਕ੍ਰਮੀ ਕੈਲੰਡਰ ਦੇ ਸਮਰਥਕਾਂ ਨੂੰ ਵੀ ਯਾਦ ਨਹੀਂ ਰਹਿ ਸਕਦੇ।

ਭਾਰਤ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਦੀ ਇੱਕ ਸਮੱਸਿਆ ਹੋਰ ਵੀ ਹੈ ਕਿ ਜੋ ਕੈਲੰਡਰ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਪ੍ਰਚਲਿਤ ਸੀ ਉਹ ਸੂਰਜ ਸਿਧਾਂਤ ਅਨੁਸਾਰ ਬਣਾਇਆ ਜਾਂਦਾ ਸੀ ਜਿਸ ਦੇ ਸਾਲ ਦੀ ਔਸਤਨ ਲੰਬਾਈ (365.2587 ਦਿਨ) 365 ਦਿਨ 6 ਘੰਟੇ 12 ਮਿੰਟ 36 ਸੈਕਿੰਡ ਸੀ। ਸੰਨ 1964 ਵਿੱਚ ਹਿੰਦੂ ਵਿਦਵਾਨਾਂ ਨੇ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਕਰਕੇ ਸਾਲ ਦੀ ਔਸਤਨ ਲੰਬਾਈ (365.2587 ਦਿਨ) 365 ਦਿਨ 6 ਘੰਟੇ 12 ਮਿੰਟ 36 ਸੈਕਿੰਡ ਤੋਂ ਘਟਾ ਕੇ 365 ਦਿਨ 6 ਘੰਟੇ 9 ਮਿੰਟ 10 ਸੈਕਿੰਡ (365.2563 ਦਿਨ) ਕੀਤੀ ਗਈ ਤੇ ਇਸ ਨੂੰ ‘ਦ੍ਰਿਕਗਣਿਤ’ ਦਾ ਸਿਧਾਂਤ ਕਿਹਾ ਗਿਆ। ਸੂਰਜ ਸਿਧਾਂਤ ਵਾਲੇ ਸਾਲ ਦੀ ਲੰਬਾਈ ਰੁੱਤੀ ਸਾਲ ਤੋਂ ਲਗਭਗ 24 ਮਿੰਟ ਵੱਧ ਹੋਣ ਕਾਰਨ ਇਨ੍ਹਾਂ ਦੋਵਾਂ ਵਿੱਚ 60 ਸਾਲਾਂ ਵਿਚ ਇਕ ਦਿਨ ਦਾ ਫ਼ਰਕ ਪੈਂਦਾ ਸੀ। ਇਸ ਵਿਚ ਸੋਧ ਕਰਨ ਉਪਰੰਤ ਦ੍ਰਿਕਗਿਣਤ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਹੋਂਦ ’ਚ ਆਇਆ, ਜਿਸ ਦੀ ਲੰਬਾਈ 365. 2563 ਦਿਨ ਮੰਨੀ ਗਈ ਹੈ, ਪਰ ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲਗਭਗ 20 ਮਿੰਟ ਵੱਧ ਹੈ, ਜਿਸ ਕਾਰਨ ਰੁੱਤੀ ਸਾਲ ਨਾਲੋਂ 72 ਸਾਲਾਂ ਪਿਛੋਂ ਇਕ ਦਿਨ ਦਾ ਫ਼ਰਕ ਪਵੇਗਾ। ਅੱਜ ਵੀ ਭਾਰਤ ਵਿਚ ਇਹ ਦੋਵੇਂ ਸਿਧਾਂਤ ਪ੍ਰਚਲਿਤ ਹਨ। ਉਤਰੀ ਭਾਰਤ ਵਿੱਚ ਦ੍ਰਿਕਗਣਿਤ ਅਤੇ ਦੱਖਣੀ ਭਾਰਤ ਵਿੱਚ ਸੂਰਜ ਸਿਧਾਂਤ ਨਾਲ ਬਣੇ ਹੋਏ ਕੈਲੰਡਰ ਚੱਲ ਰਹੇ ਹਨ। ਦੋਵਾਂ ਸਿਧਾਂਤਾਂ ਅਨੁਸਾਰ ਬਣੇ ਕੈਲੰਡਰਾਂ ਵਿੱਚ, ਸਾਲ ਦੀ ਲੰਬਾਈ ’ਚ ਕੁਝ ਮਿੰਟਾਂ ਦਾ ਅੰਤਰ ਹੋਣ ਕਾਰਨ ਪਿਛਲੇ 50 ਸਾਲਾਂ ਵਿੱਚ ਤਿੰਨ-ਚਾਰ ਸੰਗਰਾਂਦਾਂ ’ਚ ਇਕ ਦਿਨ ਦਾ ਫ਼ਰਕ ਪੈ ਚੁੱਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਹਰ ਸਾਲ ਦੀਆਂ ਬਾਰ੍ਹਾਂ ਹੀ ਸੰਗਰਾਂਦਾਂ ਵੱਖ-ਵੱਖ ਹੋ ਜਾਣਗੀਆਂ ਤਾਂ ਸੱਚੀ ਸੰਗਰਾਂਦ ਅਤੇ ਝੂਠੀ ਸੰਗਰਾਂਦ ਦੀ ਪਰਖ ਕਰਨੀ ਮੁਸਕਲ ਹੋਵੇਗੀ। ਨਾਨਕਸ਼ਾਹੀ ਕੈਲੰਡਰ ਨੂੰ ਹੋਂਦ ’ਚ ਲਿਆਉਣ ਵਾਲੇ ਸ. ਪਾਲ ਸਿੰਘ ਪੁਰੇਵਾਲ ’ਤੇ ਝੂਠੇ ਦੋਸ਼ ਲਾਏ ਜਾਂਦੇ ਹਨ ਕਿ ਇਨ੍ਹਾਂ ਨੇ ਜਾਲ੍ਹੀ ਅਤੇ ਦੋ ਦੋ ਸੰਗਰਾਂਦਾਂ ਬਣਾ ਦਿੱਤੀਆਂ, ਹੁਣ ਬੇਬੁਨਿਆਦ ਦੋਸ਼ ਲਾਉਣ ਵਾਲੇ ਦੱਸਣ ਕਿ ਇਨ੍ਹਾਂ ਮੁਤਾਬਕ ਆ ਰਹੀਆਂ ਦੋ-ਦੋ ਸੰਗਰਾਂਦਾਂ ’ਚੋਂ ਸੱਚੀ ਕਿਹੜੀ ਹੈ ਅਤੇ ਕਿਵੇਂ ?

ਪੰਜਾਬ ਅਤੇ ਯੂਪੀ ਵਿੱਚ ਪੰਚਾਂਗਾਂ ਦੇ ਵੱਖਰੇ ਵੱਖਰੇ ਨਿਯਮ ਹੋਣ ਕਰਕੇ 2000 ਈ: ਵਿੱਚ ਸੂਰਯ ਸਿਧਾਂਤ ਪੰਚਾਂਗ (ਯੂਪੀ) ਮੁਤਾਬਕ ਪੋਹ ਸੁਦੀ 7; 13 ਜਨਵਰੀ ਨੂੰ ਸੀ ਅਤੇ ਪੰਜਾਬ ਦੀਆਂ ਪੰਚਾਂਗਾਂ ਮੁਤਾਬਕ 14 ਜਨਵਰੀ ਨੂੰ ਸੀ। ਇਸ ਤਰ੍ਹਾਂ ਇੱਕੋ ਗੁਰ ਪੁਰਬ ਪਟਨਾ ਸਾਹਿਬ ਵਿਖੇ 13 ਜਨਵਰੀ ਨੂੰ ਅਤੇ ਪੰਜਾਬ ਵਿੱਚ 14 ਜਨਵਰੀ ਨੂੰ ਮਨਾਇਆ ਗਿਆ। ਭਾਰਤ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਦਾ ਦੂਸਰਾ ਵੱਡਾ ਨੁਕਸ ਇਹ ਹੈ ਕਿ ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਡਾ ਹੋਣ ਕਰਕੇ ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਗੁਰਬਾਣੀ ਵਿੱਚ ਵਰਣਨ ਕੀਤੇ ਗਏ ਮੌਸਮਾਂ ਤੋਂ ਅਲਾਹਿਦਾ ਹੋ ਜਾਣਗੇ। ਉਪਰੋਕਤ ਕਾਰਨਾਂ ਕਰਕੇ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਾਰੀਖ਼ਾਂ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ।

ਸੰਨ 1699 ਈ: ’ਚ ਜਦੋਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖ਼ਾਲਸਾ ਸਥਾਪਤ ਕੀਤਾ, ਤਾਂ ਉਸ ਦਿਨ 29 ਮਾਰਚ (ਜੂਲੀਅਨ) ਸੀ ਭਾਰਤ ਅੰਗਰੇਜਾਂ ਦੇ ਅਧੀਨ ਆਉਣ ਕਰਕੇ ਭਾਰਤ ਵਿੱਚ ਵੀ ਜੂਲੀਅਨ ਕੈਲੰਡਰ ਵਿੱਚ ਕੀਤੀ ਗਈ ਸੋਧ 1752 ਤੋਂ ਲਾਗੂ ਹੋਈ ਹੈ। ਇਹ ਸੋਧ ਲਾਗੂ ਹੋਣ ਪਿੱਛੋਂ 11 ਦਿਨਾਂ ਦੀ ਸੋਧ ਹੋਣ ਕਾਰਨ ਵੈਸਾਖੀਆਂ ਦੀਆਂ ਅਗਲੀਆਂ ਤਮਾਮ ਤਰੀਖ਼ਾਂ ਇਉਂ ਆਈਆਂ ਜਾਂ ਆਉਣਗੀਆਂ:

1753—————————9 ਅਪ੍ਰੈਲ (ਗ੍ਰੈਗੋਰੀਅਨ)

1799————————-10 ਅਪ੍ਰੈਲ (ਗ੍ਰੈਗੋਰੀਅਨ)

1899————————-12 ਅਪ੍ਰੈਲ (ਗ੍ਰੈਗੋਰੀਅਨ)

1999————————–14 ਅਪ੍ਰੈਲ (ਗ੍ਰੈਗੋਰੀਅਨ)

2100————————–15 ਅਪ੍ਰੈਲ (ਗ੍ਰੈਗੋਰੀਅਨ)

2199————————-16 ਅਪ੍ਰੈਲ (ਗ੍ਰੈਗੋਰੀਅਨ)

ਉਪਰੋਕਤ ਦ੍ਰਿਸ਼ਟੀ ਤੋਂ ਤਕਰੀਬਨ 1100 ਸਾਲ ਬਾਅਦ ਬਿਕ੍ਰਮੀ ਸਾਲ ਦੇ ਵੈਸਾਖ ਮਹੀਨੇ ਦੀ ਪਹਿਲੀ ਤਰੀਖ਼ ਭਾਵ ਵੈਸਾਖੀ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਆਏਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13,000 ਸਾਲ ਬਾਅਦ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਜਿਸ ਸਦਕਾ ਗੁਰਬਾਣੀ ਵਿੱਚ ਦਰਜ ਬਾਰਹ ਮਾਂਹਾਂ ਦੇ ਮਹੀਨਿਆਂ ਦੇ ਮੌਸਮਾਂ ਦਾ ਸੰਬੰਧ ਬਿਲਕੁਲ ਹੀ ਟੁੱਟ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਪਰ 13,000 ਸਾਲ ਬਾਅਦ ਤਾਂ ਪੋਹ ਦੇ ਮਹੀਨੇ ਠੰਡ ਪੈਣ ਦੀ ਬਜਾਏ ਹਾੜ ਦੇ ਮਹੀਨੇ ਵਰਗੀ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ। ਇਸੇ ਤਰ੍ਹਾਂ ਇਤਿਹਾਸ ਵਿੱਚ ਅਸੀਂ ਪੜ੍ਹਾਂਗੇ ਕਿ ਹਾੜ ਦੀ ਕੜਕਦੀ ਗਰਮੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉੱਪਰ ਗਰਮ ਰੇਤ ਪਾਇਆ ਗਿਆ ਪਰ 13,000 ਸਾਲ ਬਾਅਦ ਤਾਂ ਹਾੜ ਦੇ ਮਹੀਨੇ ਵਿੱਚ ਪੋਹ ਦੇ ਮਹੀਨੇ ਵਰਗੀ ਠੰਡ ਪੈਂਦੀ ਹੋਵੇਗੀ।

ਸੰਨ 2003 ਈ: ਤੱਕ ਸਿੱਖ ਕੌਮ ਦੇ ਕੌਮੀ ਤਿਉਹਾਰ ਨੀਯਤ ਕਰਨ ਸਮੇਂ ਅਜੀਬ ਨਿਯਮ ਤਹਿ ਕੀਤੇ ਗਏ ਸਨ ਜਿਨ੍ਹਾਂ ਮੁਤਾਬਕ ਗੁਰ ਪੁਰਬ ਬਿਕ੍ਰਮੀ ਕੈਲੰਡਰ ਦੇ ਚੰਦਰਮਾਂ ਦੀ ਤਰੀਖਾਂ ਅਨੁਸਾਰ, ਗੁਰੂ ਕਾਲ ਸਮੇਂ ਦੇ ਇਤਿਹਾਸਕ ਦਿਹਾੜੇ ਜਿਵੇਂ ਕਿ ਸਾਹਿਬਜ਼ਾਦਿਆਂ ਤੇ ਹੋਰ ਗੁਰਸਿੱਖਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ, ਖ਼ਾਲਸਾ ਸਾਜਨਾ ਦਿਵਸ ਵੈਸਾਖੀ ਅਤੇ 18ਵੀਂ ਸਦੀ ਦੀਆਂ ਇਤਿਹਾਸਕ ਘਟਨਾਵਾਂ ਜਿਵੇਂ ਕਿ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਦਿੱਲੀ ਫਤਹਿ ਦਿਵਸ ਆਦਿਕ ਸੂਰਯ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਖ਼ਾਂ ਅਨੁਸਾਰ ਜਦੋਂ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਇਹ ਕੈਲੰਡਰ ਲਾਗੂ ਹੀ ਨਹੀਂ ਤੇ ਇਸ ਦੀ ਜਗ੍ਹਾ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਸੋਧਿਆ ਹੋਇਆ ਦ੍ਰਿਕਗਣਿਤ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਉੱਤਰੀ ਭਾਰਤ ਵਿੱਚ ਲਾਗੂ ਹੈ ਤੇ ਸ਼੍ਰੋਮਣੀ ਕਮੇਟੀ ਵੀ ਇਸੇ ਕੈਲੰਡਰ ਅਨੁਸਾਰ ਇਤਿਹਾਸਕ ਦਿਹਾੜੇ ਮਨਾ ਰਹੀ ਹੈ। ਭਾਰਤ ਵਿੱਚ ਅੰਗਰੇਜਾਂ ਦਾ ਰਾਜ ਆਉਣ ਉਪਰੰਤ ਇਤਿਹਾਸਕ ਘਟਨਾਵਾਂ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਮੋਰਚਾ ਗੰਗਸਰ ਜੈਤੋ, ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ ਅਤੇ ਸਾਕਾ ਪੰਜਾ ਸਾਹਿਬ, ਤੀਜਾ ਵੱਡਾ ਘਲੂਘਾਰਾ (ਜੂਨ 1984, ਨਵੰਬਰ 1984) ਆਦਿਕ ਗ੍ਰੈਗੋਰੀਅਨ ਕੈਲੰਡਰ ਅਨੁਸਾਰ ਮਨਾਏ ਜਾ ਰਹੇ ਸਨ।  3 ਜੂਨ 1984 ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਸੀ ਜਿਸ ਦਿਨ ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰਨ ਉਪਰੰਤ 4 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕੀਤਾ ਅਤੇ 5 ਅਤੇ 6 ਜੂਨ ਦੀ ਰਾਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਮੁੱਚੇ ਕੰਮਲੈਕਸ ’ਤੇ ਕਬਜਾ ਕਰ ਲਿਆ, ਪਰ ਉਸ ਤੋਂ ਪਿੱਛੋਂ ਹੁਣ ਤੱਕ ਕਦੀ ਵੀ ਇਹ ਦੋਵੇਂ ਦਿਹਾੜੇ ਇਕੱਠੇ ਇਸ ਤਰਤੀਬ ਵਿੱਚ ਨਹੀਂ ਆਏ ਕਿਉਂਕਿ ਸਾਰੇ ਕੈਲੰਡਰਾਂ ਦੇ ਸਾਲਾਂ ਦੀ ਲੰਬਾਈ ਵਿੱਚ ਫ਼ਰਕ ਪੈਂਦਾ ਗਿਆ; ਇਸੇ ਤਰ੍ਹਾਂ ਇਤਿਹਾਸ ਮੁਤਾਬਕ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ 8 ਪੋਹ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ 13 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦ੍ਰਮਾ ਦੀਆਂ ਤਿੱਥਾਂ ਮੁਤਾਬਕ ਮਨਾਉਣ ਸਦਕਾ ਕਦੀ ਪ੍ਰਕਾਸ਼ ਗੁਰ ਪੁਰਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਅਤੇ ਕਦੀ ਪਿੱਛੋਂ ਆ ਜਾਂਦੇ ਹਨ। ਕਦੀ ਐਸਾ ਵੀ ਹੋ ਜਾਂਦਾ ਹੈ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਦਸਵੇਂ ਪਾਤਿਸ਼ਾਹ ਦਾ ਪ੍ਰਕਾਸ਼ ਗੁਰ ਪੁਰਬ ਇੱਕੋ ਦਿਨ ਆ ਜਾਂਦਾ ਹੈ ਜਿਵੇਂ ਕਿ 2014 ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਦਸਵੇਂ ਪਾਤਿਸ਼ਾਹ ਦਾ ਪ੍ਰਕਾਸ਼ ਗੁਰ ਪੁਰਬ ਦੋਵੇਂ ਇਕੱਠੇ ਹੀ 28 ਦਸੰਬਰ ਨੂੰ ਆ ਗਏ ਸਨ। ਇਸ ਤੋਂ ਪਹਿਲਾਂ 1995 ’ਚ ਵੀ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰ ਪੁਰਬ ਇਕੱਠੇ ਆਏ ਸਨ। ਸੰਨ 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ। ਅਜੇਹੇ ਮੌਕੇ ਸਿੱਖਾਂ ਦੇ ਮਨਾਂ ਵਿੱਚ ਬੜੀ ਦੁਬਿਧਾ ਵਾਲੀ ਸਥਿਤੀ ਬਣ ਜਾਂਦੀ ਹੈ ਕਿ ਇਸ ਦਿਨ ਨੂੰ ਸ਼ਹੀਦੀ ਵਾਲੇ ਵੈਰਾਗਮਈ ਮਹੌਲ ਵਿੱਚ ਮਨਾਇਆ ਜਾਵੇ ਜਾਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਾਲੇ ਚੜ੍ਹਦੀਕਲਾ ਵਾਲੇ ਮਹੌਲ ਵਿੱਚ।

ਸੰਨ 1666 ਈ: ਤੋਂ ਬਾਅਦ ਹੁਣ ਤੱਕ ਪੋਹ ਸੁਦੀ 7 , 23 ਪੋਹ ਅਤੇ 22 ਦਸੰਬਰ ਤਿੰਨੇ ਤਾਰੀਖ਼ਾਂ 1685 ਅਤੇ 1704 ਵਿਚ ਹੀ ਇਕੱਠੀਆਂ ਆਈਆਂ ਸਨ। ਉਸ ਪਿੱਛੋਂ 1752 ਈ: ਵਿੱਚ ਕੈਲੰਡਰ ਵਿੱਚ ਸੋਧ ਹੋਣ ਉਪਰੰਤ ਇਹ ਕਦੀ ਵੀ ਇਕੱਠੀਆਂ ਨਹੀਂ ਆਈਆਂ ਅਤੇ ਨਾਂ ਹੀ ਲੰਬੇ ਸਮੇਂ ਤੱਕ ਇਕੱਠੀਆਂ ਆਉਣ ਦੀ ਸੰਭਾਵਨਾ ਹੈ। ਜੇ ਅਸੀਂ ਇਹ ਦਿਹਾੜਾ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾਉਂਦੇ ਹਾਂ ਤਾਂ ਇਹ ਦਿਹਾੜਾ ਸੰਨ 1666 ਤੋਂ 1751 ਤਕ 23 ਪੋਹ ਲਗਭਗ 22 ਦਸੰਬਰ (ਜੂਲੀਅਨ) ਨੂੰ ਹੀ ਆਉਂਦਾ ਰਿਹਾ ਹੈ। ਬਿਕ੍ਰਮੀ ਸਾਲ ਦੀ ਲੰਬਾਈ ਦੇ ਫ਼ਰਕ ਕਾਰਨ ਕਦੇ-ਕਦੇ 21 ਜਾਂ 23 ਦਸੰਬਰ ਨੂੰ ਵੀ ਆਇਆ ਸੀ। ਸੰਨ 1752 ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਹੋ ਜਾਣ ਉਪਰੰਤ 1753 ਈ: ਵਿਚ 23 ਪੋਹ 2 ਜਨਵਰੀ (ਦਿਨ ਮੰਗਲਵਾਰ ਨੂੰ) ਸੀ। ਹੁਣ ਇੱਥੇ ਇਕ ਹੋਰ ਸਮੱਸਿਆ ਆ ਜਾਂਦੀ ਹੈ। ਉਹ ਹੈ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਰੁੱਤੀ ਕੈਲੰਡਰ ਦੀ ਲੰਬਾਈ ਵਿਚ ਅੰਤਰ। ਸੰਨ 1964 ਈ: ਤੋਂ ਪਹਿਲਾਂ ਸਾਰੇ ਭਾਰਤ ਵਿਚ ਸੂਰਜੀ ਸਿਧਾਂਤ ਤੇ ਅਧਾਰਿਤ ਬਿਕ੍ਰਮੀ ਕੈਲੰਡਰ ਲਾਗੂ ਸੀ। ਜਿਸ ਦੀ ਲੰਬਾਈ 365.2587 ਦਿਨ ਸੀ। ਇਹ ਲੰਬਾਈ ਰੁੱਤੀ ਸਾਲ ਤੋਂ ਲਗਭਗ 24 ਮਿੰਟ ਵੱਧ ਹੋਣ ਕਾਰਨ ਇਨ੍ਹਾਂ ਦੋਵਾਂ ਵਿੱਚ 60 ਸਾਲਾਂ ਵਿਚ ਇਕ ਦਿਨ ਦਾ ਫ਼ਰਕ ਪੈ ਜਾਂਦਾ ਸੀ। ਇਸ ਵਿਚ ਸੋਧ ਕਰਨ ਉਪਰੰਤ ਦ੍ਰਿਕਗਿਣਤ ਸਿਧਾਂਤ ਮੁਤਾਬਕ ਬਿਕ੍ਰਮੀ ਕੈਲੰਡਰ ਹੋਂਦ ਵਿਚ ਆਇਆ, ਜਿਸ ਦੀ ਲੰਬਾਈ 365.2563 ਦਿਨ ਮੰਨੀ ਗਈ, ਜੋ ਰੁੱਤੀ ਸਾਲ ਤੋਂ ਲਗਭਗ 20 ਮਿੰਟ ਵੱਧ ਹੈ ਅਤੇ ਰੁੱਤੀ ਸਾਲ ਨਾਲੋਂ 72 ਸਾਲਾਂ ਪਿਛੋਂ ਇਕ ਦਿਨ ਦਾ ਫ਼ਰਕ ਪਵੇਗਾ। ਇਸ ਤਰ੍ਹਾਂ 1752 ਤੋਂ 2003 ਤੱਕ 250 ਸਾਲਾਂ ਵਿੱਚ 3 ਕੁ ਦਿਨਾਂ ਦਾ ਹੋਰ ਫ਼ਰਕ ਪੈਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 2 ਜਨਵਰੀ ਦੀ ਬਜਾਇ ਬਦਲਦਾ ਬਦਲਦਾ 5 ਜਨਵਰੀ ਦੇ ਲਗਭਗ ਆਉਣ ਲੱਗ ਪਿਆ।

ਉਕਤ ਤਮਾਮ ਵੀਚਾਰ ਤੇ ਵਿਸਥਾਰ ਦਾ ਇਹੀ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਨਾ ਤਾਂ ਗੁਰ ਪੁਰਬ ਨਿਸ਼ਚਿਤ (ਪੱਕੀਆਂ ਤਾਰੀਖ਼ਾਂ ਨੂੰ) ਆ ਸਕਦੇ ਹਨ ਅਤੇ ਨਾ ਹੀ ਗੁਰਬਾਣੀ ਵਿੱਚ ਵਰਣਨ ਕੀਤੇ ਗਏ ਮਹੀਨਿਆਂ ਦੇ ਮੌਸਮ ਤੇ ਰੁੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਕ੍ਰਮੀ ਕੈਲੰਡਰ ਸਮੇਂ ਦਾ ਹਾਣੀ ਰਹਿ ਸਕਦਾ ਹੈ, ਇਸ ਲਈ ਲੰਬੀ ਸੋਚ ਵੀਚਾਰ ਉਪਰੰਤ 2003 ਦੀ ਵੈਸਾਖੀ ਵਾਲੇ ਦਿਨ ਸ: ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਗਿਆ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਜਿਸ ਦੀਆਂ ਮੁੱਖ ਵਿਸ਼ੇਸ਼ਤਾਈਆਂ ਹੇਠ ਲਿਖੇ ਅਨੁਸਾਰ ਹਨ :

ਨਾਨਕਸ਼ਾਹੀ ਕੈਲੰਡਰ : ਚੰਦ੍ਰਮਾਂ ਦੀਆਂ ਤਿੱਥਾਂ ਦਾ ਤਿਆਗ ਕਰਕੇ ਇਸ ਕੈਲੰਡਰ ਵਿੱਚ ਸਿਰਫ ਸੂਰਜੀ ਕੈਲੰਡਰ ਨੂੰ ਅਪਣਾਇਆ ਗਿਆ ਹੈ। ਸਾਲ ਦੀ ਲੰਬਾਈ ਦੁਨੀਆਂ ਭਰ ਵਿੱਚ ਪ੍ਰਚਲਿਤ ਸਾਂਝੇ ਸਾਲ ਦੇ ਬਿਲਕੁਲ ਬਰਾਬਰ (365.2425 ਦਿਨ ਭਾਵ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਰੱਖੀ ਗਈ, ਜੋ ਰੁੱਤੀ ਸਾਲ ਦੇ ਬਹੁਤ ਹੀ ਨਜ਼ਦੀਕ (ਭਾਵ ਸਿਰਫ 26 ਕੁ ਸੈਕੰਡ ਦਾ ਫ਼ਰਕ) ਹੈ ਅਤੇ 3332 ਸਾਲਾਂ ਵਿੱਚ ਕੇਵਲ ਇੱਕ ਦਿਨ ਦਾ ਹੀ ਫ਼ਰਕ ਪਏਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸ਼ਚਿਤ ਕਰ ਦਿੱਤੀ ਗਈ, ਜਿਸ ਅਨੁਸਾਰ ਸਾਲ ਦੇ ਪਹਿਲੇ 5 ਮਹੀਨੇ ਭਾਵ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ। ਉਸ ਤੋਂ ਪਿਛਲੇ 6 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ ਫੱਗਣ ਆਮ ਸਾਲਾਂ ਵਿੱਚ 30 ਦਿਨਾਂ ਦਾ ਪਰ ਲੀਪ ਦੇ ਸਾਲ ਵਿੱਚ 31 ਦਿਨਾਂ ਦਾ ਹੋ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ ਦਾ ਆਰੰਭ ਨਿਸ਼ਚਿਤ ਤਾਰੀਖ਼ਾਂ ਨੂੰ ਹੀ ਹੋਵੇਗਾ ਜਿਵੇਂ ਕਿ ਚੇਤ ਤੇ ਵੈਸਾਖ ਕ੍ਰਮਵਾਰ 14 ਮਾਰਚ ਤੇ 14 ਅਪ੍ਰੈਲ, ਜੇਠ ਤੇ ਹਾੜ 15 ਮਈ ਤੇ 15 ਜੂਨ, ਸਾਵਣ ਤੇ ਭਾਦੋਂ 16 ਜੁਲਾਈ ਤੇ 16 ਅਗਸਤ। ਅਸੀਂ ਵੇਖ ਰਹੇ ਹਾਂ ਕਿ ਦੋ ਮਹੀਨਿਆਂ ਦੇ ਜੁੱਟ ਦਾ ਆਰੰਭ 14 ਤੋਂ ਸ਼ੁਰੂ ਹੋ ਕੇ 1-1 ਤਾਰੀਖ਼ ਵਧਦੀ ਗਈ। 6 ਮਹੀਨੇ ਤੋਂ ਬਾਅਦ ਇਸੇ ਤਰ੍ਹਾਂ 1-1 ਤਾਰੀਖ਼ ਘਟਦੀ ਜਾਏਗੀ; ਜਿਸ ਅਨੁਸਾਰ ਅੱਸੂ ਤੇ ਕੱਤਕ 15 ਸਤੰਬਰ ਤੇ 15 ਅਕਤੂਬਰ, ਮੱਘਰ ਤੇ ਪੋਹ 14 ਨਵੰਬਰ ਤੇ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ ਨੂੰ ਹੋਵੇਗਾ। ਇਸ ਤਰ੍ਹਾਂ ਜਿੱਥੇ ਇਹ ਕੈਲੰਡਰ ਮੌਸਮੀ ਸਾਲ ਦੇ ਨੇੜੇ ਤੇੜੇ ਰਹੇਗਾ ਉੱਥੇ ਸਾਂਝੇ ਸਾਲ ਨਾਲ ਹਮੇਸ਼ਾਂ ਜੁੜਿਆ ਰਹੇਗਾ। ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖ਼ਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਣਗੀਆਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ/5ਜਨਵਰੀ ਨੂੰ ਹੀ ਆਵੇਗਾ। ਬਿਕ੍ਰਮੀ ਕੈਲੰਡਰ ਦੀ ਪੋਹ 7, ਵੀ ਹੁਣ ਤੱਕ 1759, 1778, 1797, 1808, 1854, 1873, 1884, 1922, 1960, 1998 ਅਤੇ 2017 ਵਿੱਚ 5 ਜਨਵਰੀ ਨੂੰ ਇਕੱਠੀਆਂ ਆਈਆਂ ਹਨ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਉਂਦੀਆਂ ਰਹਿਣਗੀਆਂ। ਇਸ ਲਈ ਗੁਰ ਪੁਰਬ ਦੀ ਤਾਰੀਖ਼ ਪੋਹ ਸੁਦੀ 7 ਨਾਲੋਂ 23 ਪੋਹ ਤਾਰੀਖ਼ ਵਧੇਰੇ ਢੁੱਕਵੀਂ ਹੈ ਕਿਉਂਕਿ ਨਾਨਕਸ਼ਾਹੀ ਕੈਲੰਡਰ ਵਿੱਚ ਇਹ ਹਮੇਸ਼ਾਂ ਹੀ 5 ਜਨਵਰੀ ਨੂੰ ਆਉਂਦੀ ਰਹੇਗੀ ਜੋ ਕਿ ਯਾਦ ਰੱਖਣ ਵਿੱਚ ਬਹੁਤ ਅਸਾਨ ਹੋ ਜਾਵੇਗੀ।

ਨਾਨਕਸ਼ਾਹੀ ਕੈਲੰਡਰ, ਬਿਕ੍ਰਮੀ ਕੈਲੰਡਰ ਦੇ ਮੁਕਾਬਲੇ ਤਾਂ ਹਰ ਪਹਿਲੂ ਤੋਂ ਕਈ ਗੁਣਾਂ ਚੰਗਾ ਹੈ ਹੀ; ਸਗੋਂ ਕਈ ਪਹਿਲੂਆਂ ਤੋਂ ਗ੍ਰੈਗੋਰੀਅਨ ਕੈਲੰਡਰ ਨਾਲੋਂ ਵੀ ਸੁਧਰਿਆ ਹੋਇਆ ਹੈ; ਜਿਵੇਂ ਕਿ ਗ੍ਰੈਗੋਰੀਅਨ ਕੈਲੰਡਰ (ਈਸਵੀ ਕੈਲੰਡਰ ਜਾਂ ਸਾਂਝੇ ਕੈਲੰਡਰ) ਦੇ ਮਹੀਨੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਆਦਿਕ ਵਿਚੋਂ ਕੋਈ 31 ਦਿਨਾਂ ਦਾ ਅਤੇ ਕੋਈ 30 ਦਿਨਾਂ ਦਾ ਹੈ ਪਰ ਫਰਵਰੀ 28/29 ਦਿਨਾਂ ਦੀ। ਇਨ੍ਹਾਂ ਮਹੀਨਿਆਂ ਦੇ ਦਿਨਾਂ ਦੇ ਵਧਣ ਘਟਣ ਦੀ ਕੋਈ ਵੀ ਤਰਤੀਬ ਨਹੀਂ ਹੈ ਇਸ ਲਈ ਯਾਦ ਰੱਖਣ ਵਿੱਚ ਅਸਾਨੀ ਨਹੀਂ ਹੈ। ਫਰਵਰੀ ਦਾ ਮਹੀਨਾ 30/31 ਦਿਨਾਂ ਦਾ ਰੱਖਣ ਦੀ ਬਜਾਏ 28/29 ਦਿਨਾਂ ਦਾ ਰੱਖਣ ਵਿੱਚ ਵੀ ਕੋਈ ਤਰਕ ਭਰਪੂਰ ਜਵਾਬ ਨਹੀਂ, ਪਰ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਵਿੱਚ ਸ਼ਾਨਦਾਰ ਤਰਤੀਬ ਹੈ; ਜਿਵੇਂ ਪਹਿਲੇ 5 ਮਹੀਨੇ 31-31 ਦਿਨਾਂ ਦੇ ਅਤੇ ਪਿਛਲੇ 7 ਮਹੀਨੇ 30-30 ਦਿਨਾਂ ਦੇ, ਤੇ ਸਾਲ ਦਾ ਅਖੀਰਲਾ ਮਹੀਨਾ ‘ਫੱਗਣ’ ਲੀਪ ਵਾਲੇ ਸਾਲ 30 ਦਿਨਾਂ ਦੀ ਬਜਾਏ 31 ਦਿਨਾਂ ਦਾ ਹੋ ਜਾਂਦਾ ਹੈ। ਸੋ, ਇਸ ਤਰਤੀਬ ਨਾਲ ਮਹੀਨਿਆਂ ਦੇ ਦਿਨ ਯਾਦ ਰੱਖਣੇ ਅਤਿ ਸੁਖਾਲੇ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨ ਤਾਂ ਸਾਲ ਦੇ ਫਰਵਰੀ 28 ਤੇ 29 ਬਾਕੀ 30-31, 30-31 ਆਦਿ ਦਿਨ ਯਾਦ ਰੱਖਣ ਨਾਲੋਂ ਵੀ ਅਤਿ ਕਠਿਨ ਹਨ ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨ ਤਾਂ ਹਰ ਸਾਲ ਹੀ ਬਦਲਦੇ ਰਹਿੰਦੇ ਹਨ। ਦੂਸਰਾ ਮੌਸਮ ਦੇ ਹਿਸਾਬ ਨਾਲ ਕੁਦਰਤੀ ਤੌਰ ’ਤੇ ਸੂਰਜ ਦੁਆਲੇ ਧਰਤੀ ਘੁੰਮਣ ਦੀ ਸਪੀਡ ਬਦਲਦੀ ਰਹਿੰਦੀ ਹੈ ਭਾਵ ਗਰਮੀਆਂ ਵਿੱਚ ਰਫ਼ਤਾਰ ਜਰਾ ਘੱਟ ਤੇ ਸਰਦੀਆਂ ’ਚ ਥੋੜ੍ਹਾ ਵਧ ਹੋ ਜਾਂਦੀ ਹੈ। ਇਸ ਹਿਸਾਬ ਨਾਲ ਗਰਮੀ ਦਾ ਸਪੈਨ 186 ਦਿਨ ਅਤੇ ਸਰਦੀ ਦਾ ਸਪੈਨ 179 ਦਿਨਾਂ ਦਾ ਹੁੰਦਾ ਹੈ, ਪਰ ਗ੍ਰੈਗੋਰੀਅਨ ਸਾਲ ’ਚ ਗਰਮੀ ਦੇ 6 ਮਹੀਨੇ = ਮਾਰਚ 31, ਅਪ੍ਰੈਲ 30, ਮਈ 31, ਜੂਨ 30 ਜੁਲਈ 31 ਅਗਸਤ 31 = ਕੁਲ 184 ਦਿਨ। ਸਰਦੀ ਦੇ 6 ਮਹੀਨੇ = ਸਤੰਬਰ 30, ਅਕਤੂਬਰ 31, ਨਵੰਬਰ 30, ਦਸੰਬਰ 31, ਜਨਵਰੀ 31, ਫਰਵਰੀ 28 = ਕੁਲ 181 ਦਿਨ ਜਦਕਿ ਨਾਨਕਸ਼ਾਹੀ ਕੈਲੰਡਰ ਦੇ ਗਰਮੀ ਦੇ ਪਹਿਲੇ 6 ਮਹੀਨੇ = ਚੇਤ 31, ਵੈਸਾਖ 31, ਜੇਠ 31, ਹਾੜ 31, ਸਾਉਣ 30, ਭਾਦੋਂ 30 = ਕੁਲ 185 ਦਿਨ। ਸਰਦੀਆਂ ਦੇ 6 ਮਹੀਨੇ = ਅਸੂ 30, ਕੱਤਕ 30, ਮੱਘਰ 30, ਪੋਹ 30, ਮਾਘ 30, ਫੱਗਣ 30 = ਕੁਲ 180 ਦਿਨ ਭਾਵ ਇਸ ਹਿਸਾਬ ਨਾਲ ਨਾਨਕਸ਼ਾਹੀ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਨਾਲੋਂ ਕੁਦਰਤੀ ਸਪੀਡ ਦੇ ਜਿਆਦਾ ਨਜ਼ਦੀਕ ਅਤੇ ਢੁੱਕਵਾਂ ਹੈ।

ਅਸੀ ਵੇਖਦੇ ਹਾਂ ਕਿ ਸਮੁੱਚਾ ਜਗਤ ਸਮੇਂ ਸਮੇਂ ’ਤੇ ਹਿਸਾਬ ਕਿਤਾਬ ਰੱਖਣ ਅਤੇ ਯਾਦ ਕਰਨ ਦੀ ਸਹੂਲਤ ਨੂੰ ਮੁੱਖ ਰੱਖ ਕੇ ਮਾਪ ਤੋਲ ਦੀਆਂ ਬਦਲਵੀਆਂ ਇਕਾਈਆਂ ਅਪਣਾਉਂਦਾ ਆ ਰਿਹਾ ਹੈ; ਜਿਵੇਂ ਕਿ ਗੁਰੂ ਕਾਲ ਵਿੱਚ ਲੰਬਾਈ ਦੀਆਂ ਇਕਾਈਆਂ ਉਂਗਲਾਂ, ਗਿੱਠਾਂ, ਹੱਥ, ਕਰਮ, ਕੋਹ ਆਦਿਕ ਵਰਤੇ ਜਾਂਦੇ ਸਨ ਜੋ ਕੁਝ ਸਮੇਂ ਬਾਅਦ ਬਦਲ ਕੇ ਸੂਤ, ਇੰਚ, ਫੁੱਟ, ਗਜ, ਫਰਲਾਂਗ, ਮੀਲ ਆਦਿਕ ਹੋ ਗਏ ਤੇ ਹੁਣ, ਮਿਲੀਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਵਰਤੇ ਜਾ ਰਹੇ ਹਨ। ਭਾਰ ਦੀਆਂ ਇਕਾਈਆਂ ਗੁਰੂ ਕਾਲ ਸਮੇਂ ਰੱਤੀ, ਮਾਸਾ, ਤੋਲਾ, ਛਟਾਂਕ, ਸੇਰ, ਮਣ ਆਦਿਕ ਸੀ ਜੋ ਅੱਜ ਕੱਲ੍ਹ ਮਿਲੀਗ੍ਰਾਮ, ਗ੍ਰਾਮ, ਕਿਲੋਗ੍ਰਾਮ, ਕੁਇੰਟਲ, ਟਨ ਆਦਿਕ ਹਨ। ਇਸੇ ਤਰ੍ਹਾਂ ਸਮਾਂ ਮਾਪਣ ਦੀਆਂ ਇਕਾਈਆਂ ਵਿਸੁਆ, ਚੱਸਾ, ਘੜੀ, ਪਹਿਰ ਆਦਿਕ ਸਨ ਜੋ ਅੱਜ ਕੱਲ੍ਹ ਬਦਲ ਕੇ ਸੈਕਿੰਡ, ਮਿੰਟ, ਘੰਟੇ ਆਦਿਕ ਅਪਣਾਏ ਜਾ ਚੁੱਕੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਪਹਿਲ ਜਦੋਂ ਪੜ੍ਹਾਈ ਲਿਖਾਈ ਘੱਟ ਸੀ ਆਮ ਲੋਕਾਂ ਦੀ ਸਹੂਲਤ ਲਈ ਚੰਦ੍ਰਮਾਂ ਅਧਾਰਤ ਤਿੱਥਾਂ ਵਾਲਾ ਕੈਲੰਡਰ ਹੀ ਹੋਂਦ ਵਿੱਚ ਆਇਆ ਸੀ ਕਿਉਂਕਿ ਮੱਸਿਆ ਤੋਂ ਮੱਸਿਆ ਤੱਕ ਜਾਂ ਪੁੰਨਿਆਂ ਤੋਂ ਪੁੰਨਿਆਂ ਤੱਕ 15 ਤਿੱਥਾਂ ਚੰਦ ਦੇ ਵਧਣ ਘਟਣ ਨੂੰ ਮੁਖ ਰੱਖ ਕੇ ਯਾਦ ਰੱਖਣੀਆਂ ਸੌਖੀਆ ਸਨ। ਇਸ ਤਰ੍ਹਾਂ ਇੱਕ ਹਨੇਰੇ ਪੱਖ ਅਤੇ ਚਾਨਣੇ ਪੱਖ ਨੂੰ ਮਿਲਾ ਕੇ ਚੰਦ੍ਰਮਾ ਦਾ ਇੱਕ ਮਹੀਨਾ ਬਣ ਜਾਂਦਾ ਸੀ ਅਤੇ 12 ਮਹੀਨਿਆਂ ਦਾ ਇੱਕ ਚੰਦਰ ਸਾਲ, ਪਰ ਇਹ ਸਾਲ ਮੌਸਮੀ ਸਾਲ ਨਹੀਂ ਸੀ ਇਸ ਲਈ ਵਿਗਿਆਨਕ ਸੂਝ ਵਧਣ ’ਤੇ ਸੂਰਜ ਅਧਾਰਿਤ ਕੈਲੰਡਰ ਆਉਣੇ ਸ਼ੁਰੂ ਹੋ ਗਏ। ਬਿਕ੍ਰਮੀ ਕੈਲੰਡਰ ਚੰਦਰ ਅਤੇ ਸੂਰਜੀ ਦੋਵਾਂ ਪ੍ਰਣਾਲੀਆਂ ’ਤੇ ਅਧਾਰਿਤ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਗੁਰੂ ਕਾਲ ਵਿੱਚ ਇਹ ਬਿਕ੍ਰਮੀ ਕੈਲੰਡਰ ਹੀ ਲਾਗੂ ਸੀ ਜਿਸ ਨੂੰ ਇਤਿਹਾਸ ਲਿਖਣ ਸਮੇਂ ਵੀ ਵਰਤਿਆ ਗਿਆ ਸੀ, ਪਰ ਜਦੋਂ ਹੁਣ ਵਿਗਿਆਨ ਦੀ ਤਰੱਕੀ ਅਤੇ ਮਨੁੱਖੀ ਸੂਝ ਵਧਣ ਸਦਕਾ ਇਹ ਪਤਾ ਲੱਗਣ ਲੱਗਾ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ ਮੌਸਮੀ ਸਾਲ ਤੋਂ ਤੇਜੀ ਨਾਲ ਪਛੜ ਰਿਹਾ ਹੈ ਤਾਂ ਰੋਮਨਾਂ ਵਾਂਗ ਇਸ ਵਿੱਚ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਅਪਨਾਉਣ ਵਿੱਚ ਕੋਈ ਹਰਜ ਨਹੀਂ ਹੈ, ਜੋ ਕਿ ਯਾਦ ਰੱਖਣ ਵਿੱਚ ਅਤਿ ਸੁਖਾਲਾ ਹੈ।

ਉਕਤ ਕੀਤੀ ਗਈ ਤਮਾਮ ਵਿਚਾਰ ਉਪਰੰਤ ਇਹ ਵੀ ਵਿਚਾਰ ਦਾ ਵਿਸ਼ਾ ਹੈ ਕਿ ‘ਨਾਨਕਸ਼ਾਹੀ ਕੈਲੰਡਰ’ ਦਾ ਵਿਰੋਧ ਕਿਉਂ ਹੋ ਰਿਹਾ ਹੈ ?, ਜੋ ਕਿ ਤਮਾਮ ਆਧੁਨਿਕ ਕੈਲੰਡਰਾਂ ਨਾਲੋਂ ਵੱਧ ਘੋਖ-ਪੜਤਾਲ ਕਰਕੇ ਤਿਆਰ ਕੀਤਾ ਗਿਆ ਹੈ। ਇਸ ਦਾ ਜਵਾਬ ਇੱਕ ਹੀ ਹੋਵੇਗਾ ਕਿ ਹਰ ਕੌਮ ’ਚ ਜਗਿਆਸੂ ਮਨੁੱਖ ਵਿਰਲੇ ਹੁੰਦੇ ਹਨ: ‘‘ਹੈਨਿ ਵਿਰਲੇ, ਨਾਹੀ ਘਣੇ…..॥’’ (ਮ: ੧/੧੪੧੧), ਜਿਸ ਕਾਰਨ ਇਨ੍ਹਾਂ ਦੀ ਵੋਟ-ਸ਼ਕਤੀ ਲੋਕਤੰਤਰੀ ਢਾਂਚੇ ’ਚ ਹਾਰ ਜਾਂਦੀ ਹੈ, ਜਿਸ ਦਾ ਫ਼ਾਇਦਾ ਕੁਝ ਸਿਆਸੀ ਲੋਕ ਉੱਠਾ ਜਾਂਦੇ ਹਨ, ਪਰ ਸਿਆਸੀ ਬੰਦਿਆਂ ਦੇ ਲਾਭ ਉੱਠਾਉਣ ਦੇ ਵੀ ਕੁਝ ਤਰੀਕੇ ਹੁੰਦੇ ਹਨ, ਜਿਨ੍ਹਾਂ ਦਾ ਉਹ ਪੂਰਾ ਪੂਰਾ ਨਫ਼ਾ ਲੈ ਜਾਂਦੇ ਹਨ; ਜਿਵੇਂ ਕਿ ਆਦਿ ਕਾਲ ਤੋਂ ਰੁੜ੍ਹੀਵਾਦੀ ਲੋਕ (ਜੋ ਸਮੇਂ ਅਨੁਸਾਰ ਬਦਲਣ ’ਚ ਅਸਮਰਥ ਹੁੰਦੇ ਹਨ) ਰਾਜਨੀਤਿਕ ਬੰਦਿਆਂ ਦੀ ਮਦਦ ਕਰਦੇ ਹਨ ਜਾਂ ਇਉਂ ਕਹਿ ਲਓ ਕਿ ਰਾਜਨੀਤਿਕ ਬੰਦੇ ਇਨ੍ਹਾਂ ਨੂੰ ਆਪਣੇ ਹੱਕ ’ਚ ਭੁਗਤਾ ਜਾਂਦੇ ਹਨ। ਸਮਾਜ ਦਾ ਬਹੁਤ ਵੱਡਾ ਵਰਗ ਧਰਮ ਨੂੰ ਕੇਵਲ ਆਸਥਾ ਤੱਕ ਸੀਮਤ ਰੱਖਦਾ ਹੈ, ਜਿਨ੍ਹਾਂ ਦੀ ਅਗਿਆਨਤਾ ਹੀ ਰੂੜ੍ਹੀਵਾਦੀ ਤੇ ਅਜਿਹੇ ਰਾਜਨੀਤਕਾਂ ਦੀ ਸ਼ਕਤੀ ਵਧਾ ਕੇ ਆਪਣੇ ਹੀ ਧਰਮ ਤੇ ਇਤਿਹਾਸ ਨੂੰ ਨੁਕਸਾਨ ਪਹੁੰਚਾ ਲੈਂਦੇ ਹਨ।

ਚਾਹੀਦਾ ਤਾਂ ਇਹ ਹੈ ਕਿ ਇਹ ਲੋਕ ਆਪਣੀ ਆਸਥਾ ਨੂੰ (ਗੁਰੂ ਰਾਹੀਂ) ਗਿਆਨ ਤੇ ਬਿਬੇਕ ’ਚ ਤਬਦੀਲ ਕਰਕੇ ਸੁਆਰਥੀ ਤੇ ਰੂੜ੍ਹੀਵਾਦੀ ਪਰੰਪਰਾ ਨੂੰ ਜੜ੍ਹੋਂ ਪੁੱਟ ਦੇਣ। ਇਹ ਕੰਮ ਬਾਕੀ ਕੌਮਾਂ ਦੇ ਮੁਕਾਬਲੇ ਸਿੱਖਾਂ ਲਈ ਕਰਨਾ ਬੜਾ ਆਸਾਨ ਹੈ ਕਿਉਂਕਿ ਗੁਰਬਾਣੀ ਹੈ ਹੀ ਆਧੁਨਿਕ ਤੇ ਸਮਾਜਿਕ ਧਰਮ, ਪਰ ਇਸ ਨੂੰ ਸਾਡੀ ਬਦਕਿਸਮਤੀ ਹੀ ਕਹੀਏ ਕਿ ਜਿਨ੍ਹਾਂ ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕੁਰਬਾਨ ਕਰਕੇ ਸਾਡਾ ਜੀਵਨ (ਸਾਡਾ ਭਵਿੱਖ) ਸੁਨਿਹਰਾ ਤੇ ਉਜਲ ਬਣਾਇਆ ਅਸੀਂ ਆਪਣੀ ਮੂਰਖਤਾ ਨਾਲ ਉਨ੍ਹਾਂ ਦੇ ਅਕਸ ਨੂੰ ਸਮਾਜ ’ਚ ਧੁੰਦਲਾ ਕਰ ਰਹੇ ਹਾਂ। ਗੁਰੂ ਰਹਿਮਤ ਕਰਨ ਕਿ ਅਸੀਂ ਸਿਧਾਂਤਿਕ ਤੇ ਇਤਿਹਾਸਕ ਤਮਾਮ ਵਿਵਾਦ ਮੁੱਦੇ ਮਿਲ ਬੈਠ ਕੇ ਹੱਲ ਕਰਨ ਲਈ ਆਪਣੇ ਨਿਜੀ ਮਤਭੇਦਾਂ ਨੂੰ ਦੂਰ ਕਰ ਸਕੀਏ ਤੇ ਰੂੜ੍ਹੀਵਾਦੀ ਜਾਂ ਰਾਜਨੀਤਿਕਾਂ ਦੀ ਮੰਦੀ ਸੋਚ ਦੀ ਮਦਦ ਨਾਲ ਕੋਈ ਪੰਥ ਦੋਖੀ ਸ਼ਕਤੀ ਸਾਡੇ ਗੁਰੂ ਸਾਹਿਬਾਨਾਂ ਦੀ ਘਾਲਣਾ ਨੂੰ ਅਜਾਈਂ ਨਾ ਗਵਾ ਦੇਵੇ, ਜਿਸ ਦਾ ਸਭ ਤੋਂ ਵੱਧ ਨੁਕਸਾਨ ਸਾਨੂੰ ਤੇ ਸਾਡੀ ਆਉਣ ਵਾਲੀ ਪੀੜੀ ਨੂੰ ਝੱਲਣਾ ਪਵੇਗਾ।

ਸਮਾਪਤ