ਰੀਜਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ

0
234

ਰੀਜਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ

ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ-9872099100

ਭਾਰਤ ਵਿੱਚ ਅਜਿਹੀ ਸਥਿਤੀ ਬਣ ਗਈ ਹੈ ਕਿ ਲੱਗਦਾ ਹੈ ਕਿ ਅਸੀਂ ਜੰਗਲ਼ ਰਾਜ ਵਿੱਚ ਰਹਿ ਰਹੇ ਹਾਂ ਪਰ ਫਿਰ ਵੀ ਅਸੀਂ ਖੁਦ ਨੂੰ ਸੱਭਿਅਕ ਅਖਵਾਉਣ ਵਿੱਚ ਫਖ਼ਰ ਮਹਿਸੂਸ ਕਰਦੇ ਹਾਂ। ਅਥਿਤੀ ਅਜਿਹੀ ਬਣ ਗਈ ਹੈ ਕਿ ਅਸੀਂ ਦੂਸਰੇ ਫਿਰਕੇ, ਜਾਤ ਧਰਮ ਦੇ ਲੋਕਾਂ ਨੂੰ ਮਾਰਨ, ਫੂਕਣ, ਬਲਾਤਕਾਰ ਕਰਨ ਤੱਕ ਚਲੇ ਜਾਂਦੇ ਹਾਂ ਫਿਰ ਵੀ ਅਸੀਂ ਫਖ਼ਰ ਨਾਲ਼ ਕਹਿੰਦੇ ਹਾਂ ਕਿ ਅਸੀਂ ਲੋਕਤੰਤਰਿਕ ਦੇਸ਼ ਵਿੱਚ ਰਹਿੰਦੇ ਹਾਂ। ਅਦਾਲਤਾਂ, ਸਰਕਾਰਾਂ, ਨੌਕਰਸ਼ਾਹਾਂ ਦਾ ਰਵੱਈਆ ਪ੍ਰਤੱਖ ਰੂਪ ਵਿੱਚ ਪੱਖਪਾਤ ਵਾਲ਼ਾ ਨਜ਼ਰ ਆਉਂਦਾ ਹੈ ਫਿਰ ਵੀ ਅਸੀਂ ਲੋਕਤੰਤਰਿਕ ਦੇਸ਼ ਦਾ ਢੰਡੋਰਾ ਪਿੱਟਦੇ ਨਹੀਂ ਥੱਕਦੇ। ਅੱਜ ਤੋਂ ਤਿੰਨ ਦਹਾਕੇ ਪਹਿਲਾਂ ਵੀ ਹਰਿਆਣੇ ਵਿੱਚ ਏਹੋ ਕੁੱਝ ਵਾਪਰਿਆ ਸੀ , ਏਹੋ ਕੁੱਝ ਨਹੀਂ ਏਸ ਤੋਂ ਵੀ ਭਿਆਨਿਕ ਸੀ, ਉਹਨਾਂ ਅਬਲਾਵਾਂ ਦੀਆਂ ਚੀਕਾਂ ਜਿਨ੍ਹਾਂ ਨੂੰ ਪਟੌਦੀ ਦੇ ਸ਼ਰੇ ਬਜ਼ਾਰ ਵਿੱਚ ਬਲਾਤਕਾਰ ਕੀਤਾ ਸੀ, ਸਰੇਆਮ ਗੁੜਗਾਉਂ ਪੱਤ ਰੋਲ਼ੀ ਸੀ, ਹੋਦ ਵਿੱਚ ਦੋ ਤੋਂ ਤਿੰਨ ਸਾਲ ਦੇ ਬਾਲਾਂ ਨੂੰ ਕੰਧਾਂ ਨਾਲ਼ ਪਟਕਾ ਪਟਕਾ ਕੇ ਮਾਰਿਆ ਸੀ ਅਤੇ ਏਹੋ ਹਰਿਆਣੇ ਦੀ ਸਰਕਾਰ 26 ਸਾਲ ਤੱਕ ਕਹਿੰਦੀ ਰਹੀ ਕਿ ਹਰਿਆਣੇ ਵਿੱਚ ਕੁੱਝ ਨਹੀਂ ਹੋਇਆ। ਹਾਲਾਂਕਿ ਜਲ਼ੀਆਂ ਧੁਆਂਖੀਆਂ ਹਵੇਲੀਆਂ ਚੀਖਦੀਆਂ ਸਨ ਪੁਕਾਰ ਦੀਆਂ ਸਨ ਪਰ ਉਹਨਾਂ ਦੀ ਸੁਣਨ ਵਾਲ਼ਾ ਕੋਈ ਨਹੀਂ ਸੀ । ਅੱਜ 26 ਸਾਲ ਬਾਅਦ ਮਾਰਚ 2011 ਨੂੰ ਇੰਨਕੁਆਇਰੀ ਸ਼ੁਰੂ ਹੋਈ ਸੀ। ਐਨ ਐਚ 1 ਤੇ ਜੋ ਹੋਇਆ ਓਸ ਲਈ ਵੀ ਸਰਕਾਰ ਕਹਿ ਰਹੀਂ ਹੈ ਕਿ ਕੁੱਝ ਨਹੀਂ ਹੋਇਆ ਸੱਭ ਅਫਵਾਹ ਹੈ। ਪੁਲਿਸ ਕਹਿ ਰਹੀ ਹੈ ਕਿ ਕੁੱਝ ਨਹੀਂ ਹੋਇਆ। ਅਗਰ ਕੁੱਝ ਹੋਇਆ ਨਹੀਂ ਫਿਰ ਕਹਿਣ ਦੀ ਕੀ ਜਰੂਰਤ ਪੈ ਗਈ ਸਰਕਾਰ ਨੂੰ , ਪੁਲਿਸ ਨੂੰ ਦਾਲ਼ ਵਿੱਚ ਜਰੂਰ ਕੁੱਝ ਕਾਲ਼ਾ ਲੱਗਦਾ ਹੈ।

ਇੰਦਰਾ ਨੇ ਜੂਨ 84 ਵਿੱਚ ਸਿੱਖਾਂ ਦਾ ਹਰਿਮੰਦਰ ਸਾਹਿਬ ਵਿਖੇ ਕਤਲੇਆਮ ਕੀਤਾ ਉਸ ਨੂੰ ਕੋਈ ਅਫਸੋਸ ਨਹੀਂ ਹੋਇਆ ਸੀ। ਰਾਜੀਵ ਗਾਂਧੀ ਨੇ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਉਸ ਨੂੰ ਕੋਈ ਅਫਸੋਸ ਨਹੀਂ ਸੀ। ਹੁਣ ਮੁਰਥਲ ਵਿੱਚ ਜੋ ਹੋਇਆ ਉਸ ਦਾ ਮੋਦੀ ਨੂੰ ਕੋਈ ਅਫਸੋਸ ਨਹੀਂ ਹੈ ਨਾਂ ਹੀ ਗੁਜਰਾਤ ਦੰਗਿਆ ਦਾ ਉਸ ਨੂੰ ਕੋਈ ਅਫਸੋਸ ਸੀ। ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਗੁੰਗੇਪਨ ਦਾ ਮੁਜਾਹਰਾ ਕਰਨਾ ਸਮੇਤ ਅਕਾਲੀ ਦਲ, ਕਾਂਗਰਸ ਵਗੈਰਾ ਦਾ ਵੋਟਾਂ ਦਾ ਚਾਰ ਸਾਲ ਬਾਅਦ ਹੋਣਾ ਹੀ ਹੈ ਅਗਰ ਵੋਟਾਂ ਨਜਦੀਕ ਹੁੰਦੀਆ ਤਾਂ ਇਹਨਾਂ ਘੜਮੱਸ ਪਾ ਦੇਣਾ ਸੀ। ਇਹਨਾਂ ਦਾ ਚੁੱਪ ਰਹਿਣਾ ਕਿਸੇ ਸ਼ਾਜਿਸ਼ ਵੱਲ ਇਸਾਰਾ ਕਰਦਾ ਹੈ। ਪੰਜਾਬ ਵਿੱਚ ਵੀ ਪਿਛਲੇ ਦਿਨੀ ਮੁਜਾਹਰੇ ਹੋਏ ਸੀ, ਜਾਮ ਲੱਗੇ ਸੀ, ਗੁਰੂ ਸਾਹਿਬ ਦੀ ਬੇਅਦਬੀ ਵਾਲ਼ੇ ਕਾਂਡ ਦੇ ਰੋਸ ਵਜੋਂ ਕੋਈ ਇੱਕ ਵੀ ਘਟਨਾ ਅਜਿਹੀ ਨਹੀਂ ਮਿਲ਼ਦੀ ਜਿਸ ਵਿੱਚ ਮੁਜਾਹਰਾਕਾਰੀਆਂ ਨੇ ਕਿਸੇ ਵਾਹਨ ਨੂੰ ਅੱਗ ਲਗਾਈ ਹੋਵੇ ਜਾਂ ਕਿਸੇ ਧੀ-ਭੈਣ ਨਾਲ਼ ਬਦਤਮੀਜੀ ਕੀਤੀ ਹੋਵੇ ਉਹਨਾਂ ਤਾਂ ਸਗੋ ਲੰਗਰ ਲਗਾਏ ਤਾਂ ਕਿ ਰਾਹਗੀਰਾਂ ਨੂੰ ਕੋਈ ਪ੍ਰੇਸਾਨੀ ਨਾ ਆਵੇ। ਓਹੋ ਲੰਗਰ ਛਕਾਉਂਦੇ ਭਾਈ ਘਨੱਈਏ ਦੇ ਰੂਪ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸਿੱਧੀਆਂ ਗੋਲ਼ੀਆਂ ਚਲਾ ਕੇ ਭੁੰਨ ਦਿੱਤਾ ਸੀ। ਹਰਿਆਣੇ ਐਨਾ ਕੁੱਝ ਹੋਇਆ ਭਾਰਤੀ ਸਰਕਾਰ ਦੀਆਂ ਗੋਲ਼ੀਆਂ ਖਾਮੋਸ਼ ਰਹੀਆਂ।

ਸਾਡੀ ਟੀਮ (ਹੋਦ ਚਿੱਲੜ ਤਾਲਮੇਲ ਕਮੇਟੀ) ਨੇ ਐਨ. ਐਚ. 1 (ਜੀ. ਟੀ. ਰੋਡ) ਮੁਰਥਲ, ਪਾਣੀਪਤ, ਸੋਨੀਪਤ ਆਦਿ ਜੋ ਘਟਨਾ ਸਥਲ ’ਤੇ ਦੌਰਾ ਕਰਕੇ ਨਿਸ਼ਾਨ ਇਕੱਠੇ ਕੀਤੇ ਉਹ ਅਖਬਾਰੀ ਰਿਪੋਰਟਾਂ ਤੋਂ ਕਿਤੇ ਜ਼ਿਆਦਾ ਲੂੰ ਕੰਡੇ ਖੜ੍ਹੇ ਕਰਨ ਵਾਲ਼ੇ ਹਨ। ਉਨ੍ਹਾਂ ਘਟਨਾਵਾਂ ਸਥਲ ’ਤੇ ਪਹੁੰਚ ਕੇ ਜਦੋਂ ਅਸੀਂ ਚਸਮਦੀਦਾਂ, ਢਾਬੇ ਵਾਲ਼ਿਆਂ, ਰਾਸਤੇ ਵਿੱਚਲੀਆਂ ਪੈਂਚਰ ਵਾਲ਼ੀਆਂ, ਪ੍ਰਦੂਸਣ ਸਰਟੀਫਿਕੇਟ ਦੇਣ ਵਾਲ਼ੀਆਂ ਦੁਕਾਨਾਂ ਦੇ ਕਾਮਿਆਂ ਤੋਂ ਜੋ ਤੱਥ ਅਤੇ ਵੇਰਵੇ ਇਕੱਠੇ ਕੀਤੇ ਹਨ ਉਹ ਕਮਜ਼ੋਰ ਦਿਲ ਵਾਲ਼ੇ ਦੇ ਦਿੱਲ ਨੂੰ ਦਹਿਲਾਉਣ ਲਈ ਕਾਫ਼ੀ ਹਨ। ਹਰਿਆਣੇ ਵਿੱਚ ਜਾਟ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੇ ਸੱਭ ਪਸ਼ੂਪੁਣੇ ਦੀਆਂ ਸੱਭ ਹੱਦਾਂ ਪਾਰ ਕਰ ਕੇ 50 ਤੋਂ ਵੱਧ ਔਰਤਾਂ ਨਾਲ਼ ਸਮੂਹਿਕ ਬਲਾਤਕਾਰ ਕੀਤੇ। ਇਹ ਉਹ ਔਰਤਾਂ ਸਨ ਜੋ ਜਾਂ ਤਾਂ ਦਿੱਲੀ ਜਾ ਰਹੇ ਸਨ ਜਾਂ ਦਿੱਲੀਓ ਆ ਰਹੇ ਸਨ। ਇਹਨਾਂ ਵਿੱਚ ਕੁੱਝ ਵਿਦੇਸ਼ੀ ਮਹਿਲਾਵਾਂ ਵੀ ਸਨ ਜਿਨ੍ਹਾਂ ਦੀ ਪੱਤ ਰੋਲ਼ੀ ਗਈ ਅਤੇ ਉਹਨਾਂ ਨੂੰ ਲੁੱਟ ਲਿਆ ਗਿਆ। ਇਹ ਸਾਰੇ ਰਸਤੇ ਵਿਚਲੇ ਜਾਮ ਕਾਰਨ ਮੁਰਥਲ ਸੋਨੀਪਤ ਆਦਿ ਜਗਹ ’ਤੇ ਦੋ ਦਿਨ ਤੱਕ ਫਸੇ ਰਹੇ ਸਨ। ਪੁਲਿਸ ਅਤੇ ਫੌਜ ਬੱਸ ਤਮਾਸ਼ਾ ਦੇਖਦੀ ਰਹੀ। ਸੁਖਦੇਵ ਢਾਬੇ ਤੋਂ ਅੱਧਾ ਕੁ ਕਿਲੋਮੀਟਰ ਦੂਰ ਢਾਬੇ ਦੇ ਉਲਟੀ ਦਿਸ਼ਾ ਵਿੱਚ ਜੰਗਲ਼ ਜਿਹਾ ਇਲਾਕਾ ਹੈ ਉਸੇ ਇਲਾਕੇ ਵਿੱਚੋਂ ਲੜਕੀਆਂ ਦੇ ਕੱਪੜੇ, ਅੰਡਰਵੀਅਰ ਆਦਿ ਮਿਲ਼ੇ ਹਨ। ਅੱਧੀ ਰਾਤ ਨੂੰ ਰਾਹਗੀਰਾਂ ਨੂੰ ਲੁੱਟਣਾ ਕਿਹੜਾ ਰਾਖਵਾਕਰਨ ਹੈ। ਇਹ ਨਵੰਬਰ 1984 ਵਿੱਚ ਸਿੱਖਾਂ ਨਾਲ਼ ਵਾਪਰੇ ਬੇਹੱਦ ਘਿਨੌਣੇ ਕਾਰੇ ਦਾ ਸਿਰਫ ਟਰੇਲਰ ਮਾਤਰ ਹੀ ਸੀ। ਇਹ ਭਿਆਨਿਕ ਕਾਰਾ ਕਰਨ ਵਾਲ਼ੇ ਓਹੋ ਜਿਹੇ 20 ਤੋਂ 25 ਸਾਲ ਦੇ ਨੌਜੁਆਨ ਸਨ। ਏਸੇ ਕੈਟੇਗਰੀ ਦੇ ਨੌਜੁਆਨਾ ਨੇ ਨਵੰਬਰ 1984 ਦੇ ਕਾਰੇ ਨੂੰ ਅੰਜ਼ਾਮ ਦਿੱਤਾ ਸੀ। ਇਹਨਾਂ ਪੀੜਤਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਸਿੱਖ ਨਹੀਂ ਸਨ, ਨਹੀਂ ਤਾਂ ਉਹਨਾਂ ਨੂੰ ਸਰਕਾਰ ਤੱਕ ਪਹੁੰਚ ਕਰਦਿਆਂ ਹੀ 26 ਸਾਲ ਗੁਜ਼ਰ ਜਾਣੇ ਸਨ ਉਹਨਾਂ ਦੀ ਕਿਸਮਤ ਚੰਗੀ ਹੈ ਕਿ ਏਸ ਭਿਆਨਿਕ ਕਾਰੇ ਦਾ ਅਦਾਲਤ ਨੇ ਆਪੇ ਨੋਟਿਸ ਲੈ ਲਿਆ ।

ਜਾਟ ਰਾਖਵਾਕਰਨ ਦੀ ਅੱਗ ਬੜੀ ਦੇਰ ਤੋਂ ਸੁਲਘ ਰਹੀ ਸੀ। ਏਸ ਲਈ ਸਰਕਾਰ ਨਿਕੰਮੀ ਸਾਬਤ ਹੋਈ ਹੈ। ਸਰਕਾਰ ਦੀ ਸੀ. ਆਈ. ਡੀ ਸਮੇਤ ਪੂਰਾ ਖੁਫੀਆ ਤੰਤਰ ਨਕਾਰਾ ਸਾਬਤ ਹੋਇਆ ਹੈ। ਅਸਲ ਇਹ ਜਾਟ ਰਾਖਵਾਕਰਨ ਅੰਦੋਲਨ ਘੱਟ ਸੱਤਾ ਦੀ ਲੜਾਈ ਜ਼ਿਆਦਾ ਸੀ। ਪਾਵਰ ਦੀ ਭੁੱਖ ਮਨੁੱਖ ਨੂੰ ਪਸ਼ੂਪੁਣੇ ਦੀਆਂ ਹੱਦਾ ਪਾਰ ਕਰਨ ਨੂੰ ਮਜਬੂਰ ਕਰ ਦੇਂਦੀ ਹੈ। ਪਿਛਲੇ ਕਈ ਦਹਾਕੇ ਤੋਂ ਹਰਿਆਣੇ ਦੀ ਸੱਤਾ ਹਮੇਸ਼ਾਂ ਜਾਟ ਨੇਤਾਵਾਂ ਦੇ ਹੱਥ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੈਰ ਜਾਟ ਨੂੰ ਸੱਤਾ ਮਿਲ਼ੀ ਹੋਵੇ। ਇਹ ਗੱਲ ਜਾਟਾਂ ਦੇ ਕਿਵੇਂ ਹਜ਼ਮ ਹੋ ਜਾਂਦੀ। ਸਾਰੇ ਜਾਟ ਚਾਹੇ ਉਹ ਸੱਤਾਧਾਰੀ ਧਿਰ ਦੇ ਸਨ ਜਾ ਗੈਰ ਸੱਤਾਧਾਰੀ ਧਿਰ ਦੇ ਉਹਨਾਂ ਨੂੰ ਇਹ ਪਚਾਉਣਾ ਔਖਾ ਹੋ ਰਿਹਾ ਸੀ ਕਿ ਸੱਤਾ ਦੀ ਕੁੰਜੀ ਜਾਟਾਂ ਦੇ ਹੱਥਾਂ ਤੋਂ ਖਿਸਕ ਕੇ ਕਿਸੇ ਗੈਰ ਦੇ ਹੱਥ ਜਾਵੇ ਉਹ ਵੀ ਪੰਜਾਬੀ ਹਿੰਦੂ ਦੇ (ਬੇਸ਼ੱਕ ਇਤਿਹਾਸ ਗਵਾਹ ਹੈ ਕਿ ਇਹਨਾਂ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖ ਕੇ ਭਾਰਤੀ ਹੋਣ ਦਾ ਸਬੂਤ ਦਿੱਤਾ ਸੀ, ਇਹ ਕਹਿੰਦੇ ਸਨ ਪੰਜਾਬੀ ਸਾਡੀ ਬੋਲੀ ਨਹੀਂ ਅਤੇ ਇਹਨਾਂ ਮੋਹਰ ਵਜੋਂ 84 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਸੀ ) । ਜਾਟਾਂ ਨੇ ਇੱਕਮੱਤ ਹੋ ਕੇ ਸਰਕਾਰ ਨੂੰ ਬੁਰੀ ਤਰ੍ਹਾਂ ਫਲਾਪ ਕਰਨ ਲਈ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਭੈੜੇ ਕਾਰੇ ਦੌਰਾਨ ਜੀਂਦ, ਰੋਤਹਕ, ਝੱਜਰ, ਸੋਨੀਪਤ ਅਤੇ ਮੁਰਥਲ ਆਦਿ ਥਾਵਾਂ ’ਤੇ ਭਿਆਨਿਕ ਤਾਂਡਵ ਨਾਚ ਹੋਇਆ। ਰੋਹਤਕ ਵਿੱਚ ਪੰਜਾਬੀ ਹਿੰਦੂਆਂ ਦੀ ਮਾਡਲ ਟਾਊਨ ਮਾਰਕੀਟ ਪੂਰੀ ਤਰ੍ਹਾਂ ਜਲ਼ਾ ਦਿੱਤੀ ਗਈ। ਵੱਡੇ-ਵੱਡੇ ਸ਼ਾਪਿਗ ਮਾਲਜ ਰਾਖ ਦੇ ਢੇਰ ਬਣਾ ਦਿੱਤੇ ਗਏ। ਝੱਜਰ ਵਿਚਲੀ ਸੈਣੀ ਕਲੋਨੀ ਦਾ ਸੱਭ ਤੋਂ ਵੱਧ ਨੁਕਸਾਨ ਹੋਇਆ। ਸੋਨੀਪਤ ਵਿੱਚ ਬੰਦੂਕਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ। ਜਾਟਾਂ ਵੱਲੋਂ ਸੈਣੀ ਭਾਈਚਾਰੇ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬੁਰੇ ਤਰੀਕੇ ਜਲ਼ਾਇਆ ਗਿਆ। ਏਸ ਅੰਦੋਲਨ ਦੌਰਾਨ ਤਕਰੀਬਨ ਸੈਕੜੇ ਲੋਕ ਮਰੇ ਅਤੇ ਅਰਬਾਂ ਦੀ ਸੰਪਤੀ ਰਾਖ ਕਰ ਦਿੱਤੀ ਗਈ। ਓਹੋ ਸੇਮ ਪੈਟਰਨ ਸੀ ਜੋ 84 ਦਾ ਸੀ ਪੁਲਿਸ ਜ਼ਿਆਦਾਤਰ ਜਾਟ ਡੌਮੀਨੇਟਿਡ ਹੋਣ ਕਾਰਨ ਉਹਨਾਂ ਕੋਈ ਪ੍ਰਭਾਵੀ ਐਕਸ਼ਨ ਨਹੀਂ ਲਿਆ।

ਮੁਰਥਲ ਵਿਚ ਅਬਲਾਵਾਂ ਦੀ ਇੱਜ਼ਤ ਰੋਲਣ ਵਾਲ਼ੀਆਂ ਘਟਨਾਵਾਂ ਨੇ ਜਾਟਾਂ ਦੇ ਹਥਿਆਰ ਨੂੰ ਫੇਹਲ ਕਰ ਦਿੱਤਾ। ਏਥੇ ਕਿਤੇ ਨਾ ਕਿਤੇ ਸੱਤਾ ਦੀ ਤਾਕਤ ਆਪਣੇ ਹੱਥੋਂ ਖੁਸਣ ਤੋਂ ਬਚਾਉਣ ਲਈ ਅਬਲਾਵਾਂ ਦੀ ਪੱਤ ਰੋਲ਼ੀ ਗਈ। ਏਹਨਾਂ ਘਟਨਾਵਾਂ ਨੇ ਏਸ ਅੰਦੋਲਨ ਨੂੰ ਅਜੇਹੀ ਹਨੇਰੀ ਗੁਫਾ ਵਿੱਚ ਧੱਕ ਦਿੱਤਾ ਕਿ ਹੁਣ ਜਾਟ ਹੌਸਲਾ ਨਹੀਂ ਵਿਖਾ ਸਕਦੇ ਕਿ ਉਹਨਾਂ ਕੋਈ ਅੰਦੋਲਨ ਵੀ ਕੀਤਾ ਸੀ। ਹੁਣ ਸਥਿਤੀ ਅਜਿਹੀ ਬਣਾ ਦਿੱਤੀ ਗਈ ਹੈ ਕਿ ਕੋਈ ਵੀ ਜਾਟ ਅੱਗੇ ਆ ਕੇ ਏਸ ਅੰਦੋਲਨ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਗੈਰ ਜਾਟ ਮੁੱਖ ਮੰਤਰੀ ਦੀ ਸੁੱਟੀ ਬਾਜੀ ਵਿੱਚ ਸਾਰੇ ਧੂਲ ਚੱਟ ਗਏ।

ਇਹ ਪਾਵਰ ਦੀ ਸਟਰਗਲ ਹੋਰ ਕਿੰਨੇ ਲੋਕਾਂ ਨੂੰ ਤਬਾਹ ਕਰੇਗੀ। ਕਿੰਨੀਆਂ ਅਬਲਾਵਾਂ ਦੀ ਪੱਤ ਲੁੱਟ ਕੇ ਏਹਨਾਂ ਦੀ ਪਿਆਸ ਬੁਝੇਗੀ। ਕੀ ਅਜਿਹੇ ਕਾਤਲ, ਲੁਟੇਰਿਆਂ ਅਤੇ ਬਲਾਤਕਾਰੀਆਂ ਨੂੰ ਖੁੱਲੇ ਘੁੰਮਣ ਦਾ ਕੋਈ ਹੱਕ ਹੈ? ਬਿਲਕੁਲ ਨਹੀਂ। ਏਸ ਲਈ ਉਹ ਔਰਤਾਂ, ਜਿਨ੍ਹਾਂ ਨਾਲ਼ ਇਹ ਕੁਕਰਮ ਹੋਇਆ ਹੈ ਉਹ ਬਹਾਦਰੀ ਦਿਖਾਉਣ ਅਤੇ ਹੋਦ ਚਿੱਲੜ ਤਾਲਮੇਲ ਕਮੇਟੀ ਉਹਨਾਂ ਦੀ ਹਰ ਸੰਭਵ ਮੱਦਦ ਕਰੇਗੀ ਅਤੇ ਉਹਨਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਏਗੀ। ਉਹ ਔਰਤਾਂ ਤਾਂ ਅੱਜ ਵੀ ਪਵਿੱਤਰ ਹਨ, ਕਲੰਕਿਤ ਤਾਂ ਉਹ ਲੋਕ ਅਤੇ ਸਰਕਾਰਾਂ ਹਨ ਜਿਹਨਾਂ ਨੇ ਇਹ ਕਾਰਾ ਕੀਤਾ ਅਤੇ ਜਿਸ ਦੇ ਰਾਜ ਵਿੱਚ ਹੋਇਆ। ਬਲਾਤਕਾਰੀ ਗੁੰਡਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੀੜਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਗੁੰਡੇ ਕਾਨੂੰਨ ਦਾ ਖੌਫ ਖਾਣ। ਉਹਨਾਂ ਸਾਰੇ ਪੀੜਤਾਂ ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਜੀਆਂ ਨੂੰ ਏਸ ਭਿਆਨਿਕਤਾ ਦੌਰਾਨ ਗੁਆਇਆ, ਚਾਰੇ ਉਹ ਜਾਟ ਹੋਣ ਚਾਹੇ ਉਹ ਗੈਰ ਜਾਟ ਹੋਣ ਸਾਰੇ ਸਾਡੇ ਨਾਲ਼ ਸੰਪਰਕ ਕਰਨ ਤਾਂ ਜੋ ਸੱਚ ਝੂਠ ਨੂੰ ਇੰਨਸਾਫ ਪਸੰਦ ਲੋਕਾਂ ਦੀ ਕਚਿਹਿਰੀ ਵਿੱਚ ਰੱਖ ਸਕੀਏ।