‘ਰਵਿਦਾਸ’ ਜੀ ਦਾ ਅਸਲ ‘ਪਾਰਸ’

0
212

‘ਰਵਿਦਾਸ’ ਜੀ ਦਾ ਅਸਲ ‘ਪਾਰਸ’

ਮੇਜਰ ਸਿੰਘ ‘ਬੁਢਲਾਡਾ’-94176-42327

ਸਾਡੇ ਰਹਿਬਰਾਂ ਨੂੰ ਬ੍ਰਾਹਮਣਵਾਦ ਦਾ ਸਮਰੱਥਕ ਬਣਾਉਣ ਲਈ ਇਹਨਾਂ ਦੇ ਜੀਵਨ ਨਾਲ ਅਨੇਕਾਂ ਮਨੋ ਕਲਪਤਿ ਕਹਾਣੀਆਂ ਜੋੜੀਆਂ ਗਈਆਂ। ਜਿਹਨਾਂ ਨੂੰ (ਕੁਝ ਕੁ ਲੋਕਾਂ ਨੂੰ ਛੱਡ ਕੇ) ਸਾਡੇ ਲੋਕਾਂ ਨੇ ਬਿਨਾਂ ਸੋਚ-ਵਿਚਾਰ ਕੀਤਿਆਂ ਇਹਨਾਂ (ਕਹਾਣੀਆਂ) ਨੂੰ ਸੱਚ ਮੰਨ ਲਿਆ। ਇਵੇਂ ਹੀ ਗੁਰੂ (ਭਗਤ) ਰਵਿਦਾਸ ਜੀ ਨਾਲ ਕਈ ਕਰਾਮਾਤੀ ਕਹਾਣੀਆਂ ਜੋੜੀਆਂ ਗਈਆਂ ਹਨ। ਬ੍ਰਾਹਮਣਵਾਦੀਆਂ ਨੇ ਸਾਰੀਆਂ ਕਹਾਣੀਆਂ ਵਿੱਚ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਵਿੱਚ ਸਫ਼ਲਤਾ ਹਾਸਲ ਕਰਨ ਦੀ ਕੋਸ਼ਿਸ ਕੀਤੀ ਹੈ, ਜਿਵੇਂ ਕਿ ‘ਰਵਿਦਾਸ ਜੀ ਵੱਲੋਂ ਗੰਗਾ ਨੂੰ ਦਮੜ੍ਹੀ ਭੇਟ ਕਰਨ ਵਿੱਚ, ਇੱਕ ਨਦੀ ਨੂੰ ਹੀ ਦੇਵੀ (ਔਰਤ) ਬਣਾ ਦਿੱਤਾ ਅਤੇ ਰਵਿਦਾਸ ਕੋਲੋਂ ਉਸ ਨੂੰ ਦਮੜ੍ਹੀ ਭੇਟ ਕਰਵਾ ਕੇ ਉਸ ਦਾ ਸੇਵਕ ਵੀ ਬਣਾ ਦਿੱਤਾ ਕਿਉਂਕਿ ‘ਭੇਟ’ ਹਮੇਸ਼ਾ ਗੁਰੂ-ਪੀਰ, ਦੇਵੀ-ਦੇਵਤੇ ਅੱਗੇ ਹੀ ਸੇਵਕ ਵੱਲੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਰਵਿਦਾਸ ਜੀ ਕੋਲੋਂ ਚਾਰ ਜੁਗਾਂ ਦੇ ਜੰਝੂ ਕੱਢਵਾ ਕੇ, ਚਾਰ ਜੁਗਾ ਦੀ ਮਨਘੜਤ ਹੋਂਦ (ਵੰਡ) ’ਤੇ ਮੋਹਰ ਲਵਾ ਦਿੱਤੀ। ਜਦੋਂ ਕਿ ਸਾਡੇ ਰਹਿਬਰ ਬ੍ਰਾਹਮਣਾਂ ਦੀ ਕਿਸੇ ਅਜਿਹੀ ਵੰਡ ਤੇ ਵਿਚਾਰਧਾਰਾ ਨਾਲ ਸਹਿਮਤ ਹੀ ਨਹੀਂ ਹਨ।

ਇਸੇ ਤਰ੍ਹਾਂ ਇੱਕ ਕਹਾਣੀ ਕਿਸੇ ਸਾਧੂ ਵੱਲੋਂ ਰਵਿਦਾਸ ਜੀ ਨੂੰ ‘ਪਾਰਸ’ ਭੇਟ ਕਰਨ ਵਾਲੀ ਹੈ। ਅਖੇ ‘ਭਗਵਾਨ, ਸਾਧੂ ਦਾ ਰੂਪ ਧਾਰ ਕੇ ਰਵਿਦਾਸ ਜੀ ਨੂੰ ਅਜਮਾਉਣ ਲਈ ਆਇਆ, ਬਈ ਰਵਿਦਾਸ ਜੀ ਲਾਲਚ ਵਿੱਚ ਆਉਂਦਾ ਹੈ ਕਿ ਨਹੀਂ।’ ਜਿਹਨਾਂ ਨੂੰ ਭਗਵਾਨ/ਪ੍ਰਮਾਤਮਾ ਦੀ ਸਮਝ ਪੈ ਗਈ ਉਹ ਜਾਣਦੇ ਹਨ ਕਿ ਪ੍ਰਮਾਤਮਾ ਨੂੰ ਕਿਸੇ ਕਿਸਮ ਦਾ ਭੇਸ ਬਦਲ ਕੇ ਕਿਸੇ ਨੂੰ ਅਜਮਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਰਾ ਕੁਝ ਤਾਂ ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਦੂਜੀ ਗੱਲ ਰਵਿਦਾਸ ਜੀ ਜਿੱਥੇ ਬ੍ਰਹਮਗਿਆਨੀ ਸਨ, ਉੱਥੇ ਉਹ ਇਕ ਕ੍ਰਾਂਤੀਕਾਰੀ ਵੀ ਸਨ; ਜਿਹੜੇ ਕਿ ਇਹ ਭਲੀ-ਭਾਂਤ ਜਾਣਦੇ ਸਨ ਕਿ ਜਿੱਥੇ ਉਸ ਦੇ ਸਮਾਜ ਨੂੰ ਜ਼ਾਤ-ਪਾਤ ਕਰਕੇ ਦੁਰਕਾਰਿਆ ਜਾ ਰਿਹਾ ਹੈ, ਉੱਥੇ ਆਰਥਿਕ ਪੱਖੋ ਕੰਗਾਲ ਹੋਣ ਕਰਕੇ ਵੀ ਅਨੇਕਾਂ ਦੁੱਖ ਸਹਿਣੇ ਪੈ ਰਹੇ ਹਨ। ਜੇਕਰ ਕੋਈ ਐਸਾ ‘ਪਾਰਸ’ ਹੁੰਦਾ ਫਿਰ ਉਹ ਵੀ ਬਿਨਾ ਮੰਗਿਆ ਕੋਈ ਰਵਿਦਾਸ ਜੀ ਨੂੰ ਘਰ ਬੈਠੇ ਨੂੰ ਦੇਣ ਆਉਂਦਾ, ਮੇਰੇ ਖਿਆਲ ਮੁਤਾਬਕ ਰਵਿਦਾਸ ਜੀ ਉਸ ਨੂੰ ਵਰਤ ਕੇ ਆਪਣੇ ਕੰਗਾਲ ਸਮਾਜਿਕ ਭਾਈਚਾਰੇ ਨੂੰ ਜ਼ਰੂਰ ਮਾਲੋ-ਮਾਲ ਕਰ ਦੇਂਦੇ ਕਿਉਂਕਿ ਜੇਕਰ ਦਲਿਤਾਂ ਦੇ ਘਰੇ ਵਾਧੂ ਸੋਨਾ ਪਇਆ ਹੁੰਦਾ ਤਾਂ ਉਹਨਾਂ ਦੀ ਗੁਲਾਮੀ ਕੱਟੀ ਜਾਣੀ ਸੀ ਭਾਵ ਉਹ ਕਿਸੇ ਦਾ ਗੁਲਾਮ ਨਾ ਹੁੰਦੇ। ਉਹਨਾਂ ਦਾ ਰਹਿਣ-ਸਹਿਣ ਵੀ ਵਧੀਆ ਹੋ ਜਾਣਾ ਸੀ ਅਤੇ ਅਣਖ ਵਾਲੀ ਜਿੰਦਗੀ ਜਿਉਂਦੇ। ਮੇਰੇ ਅਨੁਸਾਰ

ਐਸਾ ‘ਪਾਰਸ’ ਕੋਈ ਹੁੰਦਾ ਤਾਂ ਰਵਿਦਾਸ ਜੀ ਨੇ ਸਮਾਜਿਕ ਕੰਗਾਲਤਾ ਕਾਰਨ ਵਰਤੋਂ ਵਿੱਚ ਲਿਆਉਣਾ ਸੀ। ਇਨ੍ਹਾਂ ਸ਼ਬਦਾਂ ਨੂੰ ਕਵਿਤਾ ਰੂਪ ’ਚ ਦਾਸ ਕੁਝ ਇਸ ਤਰ੍ਹਾਂ ਬਿਆਨ ਕਰ ਰਿਹਾ ਹੈ: ‘ਸੋਨਾ ਦਲਿਤਾਂ ਘਰ ਹੁੰਦਾ ਵਾਧੂ, ਕਿਸੇ ਗੁਲਾਮ ਨਹੀਂ ਸੀ ਹੋਣਾ। ਸਾਰਿਆਂ ਕਰਨੀ ਸੀ ਐਸ਼, ਹੁੰਦਾ ਚੰਗਾ ਖਾਣ-ਪੀਣ ਤੇ ਹੰਡਾੳੇਣਾ। ‘ਮੇਜਰ’ ਅਣਖ਼ ਦੇ ਨਾਲ ਜਿਉਂਦੇ, ਕਿਸੇ ਮਾੜਾ ਨਈਂ ਸੀ ਅਖਵਾਉਣਾ।’

ਇਸ ਕਹਾਵਤ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ ਕਿ- ‘ਜਿਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ।’

ਫਿਰ ਰਵਿਦਾਸ ਜੀ ਨੇ ਇਹ ਉਪਕਾਰ ਕੀਤਾ ਕਿਉਂ ਨਾ ? ਕਿਉਂਕਿ ਇਸ ਤਰ੍ਹਾਂ ਦਾ ‘ਪਾਰਸ’ ਕੋਈ ਹੋਇਆ ਹੀ ਨਹੀਂ, ਫਿਰ ਦੇਣ ਕੀਹਨੇ ਆਉਣਾ ਸੀ ਅਤੇ ਵਰਤੋ ਕਿਸ ਨੇ ਕਰਨੀ ਸੀ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ ‘ਪਾਰਸ 21 ਵਾਰ, ਪਾਰਸਿ 6 ਵਾਰ, ਪਾਰਸੁ 25 ਵਾਰ, ਭਾਵ ਕੁਲ 52 ਵਾਰੀ ਆਇਆ ਹੈ। ਇਹਨਾਂ ਪਾਰਸ, ਪਰਸਿ, ਪਾਰਸੁ ਆਦਿ ਦੇ ਇਕੋ ਹੀ ਅਰਥ ਹਨ, ਜਿਨ੍ਹਾਂ ਰਾਹੀਂ ਜੀਵ ਨੂੰ ਸਮਝਾਇਆ ਗਿਆ ਹੈ ਕਿ ‘ਜਿਸ ਤਰ੍ਹਾਂ ਤੂੰ ਮੰਨਦਾ ਹੈ ਕਿ ਪਾਰਸ ਨਾਲ ਲੱਗਿਆ ਲੋਹਾ ਵੀ ਸੋਨਾ ਬਣ ਜਾਂਦਾ ਹੈ, ਤਾਂ ਹੇ ਜੀਵ ਤੂੰ ਪ੍ਰਮਾਤਮਾ ਰੂਪੀ ਪਾਰਸ ਨਾਲ ਲੱਗ ਕੇ ਉਸੇ ਦਾ ਹੀ ਰੂਪ ਹੋ ਜਾ।’ ਇਹ (ਪਾਰਸ) ਸ਼ਬਦ ਗੁਰੂ/ਪ੍ਰਮਾਤਮਾ ਲਈ ਵਰਤਿਆ ਹੈ। ਰਵਿਦਾਸ ਜੀ ਨੇ ਗੁਰੂ ਗ੍ਰੰਥ ਸਹਿਬ ਜੀ ਅੰਦਰ ਇਹ ਸ਼ਬਦ ਪੰਨਾ-346, 973 ਅਤੇ 1167 ਤੇ ਦੋ ਵਾਰ (ਭਾਵ ਕੁਲ 4 ਵਾਰ) ਵਰਤਿਆ ਹੈ। ਜਿਨ੍ਹਾਂ ਸ਼ਬਦਾਂ ਰਾਹੀਂ ਰਵਿਦਾਸ ਜੀ ਨੇ ਆਪ ਹੀ ਅਸਲ ‘ਪਾਰਸ’ ਬਾਰੇ ਸਪਸ਼ਟ ਕਰ ਦਿੱਤਾ ਹੈ ਕਿ ਰਾਮ ਦਾ ਨਾਮ ਹੀ ਅਸਲ ਪਾਰਸ ਹੈ ਜੋ ਇਸ ਨੂੰ ਸਿਮਰਦਾ ਹੈ ਉਸ ਨੂੰ ਦੁਨਿਆਵੀ ਲਾਲਸਾ (ਪਾਰਸਾਂ) ਬਾਰੇ ਕੋਈ ਦੁਬਿਧਾ ਨਹੀਂ ਰਹਿੰਦੀ: ‘‘ਪਰਚੈ ਰਾਮੁ, ਰਵੈ ਜਉ ਕੋਈ ॥ ਪਾਰਸੁ ਪਰਸੈ, ਦੁਬਿਧਾ ਨ ਹੋਈ ॥’’ (ਭਗਤ ਰਵਿਦਾਸ/੧੧੬੭)

ਸੋ, ਰਵਿਦਾਸ ਜੀ ਦੀਆਂ ਨਜ਼ਰਾਂ ’ਚ ਅਸਲ ‘ਪਾਰਸ’ ਰੱਬੀ ਨਾਮ ਹੀ ਹੈ, ਨਾ ਕਿ ਕੋਈ ਦੁਨਿਆਵੀ ਵਸਤੂ। ਜਿਸ ਮਨਘੜਤ ਕਹਾਣੀਆਂ ਰਾਹੀਂ ਰਵਿਦਾਸ ਜੀ ਬਾਰੇ ‘ਪਾਰਸ’ ਨੂੰ ਬਿਨਾ ਇਸਤੇਮਾਲ ਕੀਤਿਆਂ ਸੰਭਾਲ ਕੇ ਰੱਖਣ ਵਾਲਾ ਭਰਮ ਪਾਲਿਆ ਜਾ ਰਿਹਾ ਹੈ ਉਸ ਭਰਮ ਦਾ ਰਵਿਦਾਸ ਜੀ ਆਪ ਹੀ ਇਸ ਸ਼ਬਦ ਵਿੱਚ ਖੰਡਨ (‘‘ਦੁਬਿਧਾ ਨ ਹੋਈ ॥’’) ਕਰ ਰਹੇ ਹਨ।