ਮੰਜ਼ਲ ਵੱਲ ਤੁਰੇ ਸਿੱਖਾਂ ਨੂੰ ਚੁਰਾਹੇ ’ਚ ਛੱਡਣ ਲਈ ਜ਼ਿੰਮੇਵਾਰ ਕੌਣ?, ਬਾਰੇ ਵੀਚਾਰ ਤੇ ਸੁਝਾਵ (ਭਾਗ ਤੀਜਾ)

0
273

ਲੜੀ ਜੋੜਨ ਲਈ ‘ਭਾਗ ਦੂਜਾ’ ਪੜੋ, ਜੀ।

ਮੰਜ਼ਲ ਵੱਲ ਤੁਰੇ ਸਿੱਖਾਂ ਨੂੰ ਚੁਰਾਹੇ ’ਚ ਛੱਡਣ ਲਈ ਜ਼ਿੰਮੇਵਾਰ ਕੌਣ?, ਬਾਰੇ ਵੀਚਾਰ ਤੇ ਸੁਝਾਵ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਸਮਾਜ ’ਚ ਆਦਿ ਕਾਲ ਤੋਂ ਇੱਕ ਮਨੁੱਖ ਦਾ ਦੂਸਰੇ ਮਨੁੱਖ ਨਾਲ ਵੀਚਾਰਕ ਸੰਘਰਸ਼ ਨਿਰੰਤਰ ਚੱਲਦਾ ਆਇਆ ਹੈ; ਬੇਸ਼ਕ ਉਹ ਰਾਜਨੀਤਿਕ ਹੋਵੇ, ਸਮਾਜਿਕ ਹੋਵੇ, ਆਰਥਿਕ ਹੋਵੇ ਜਾਂ ਧਾਰਮਿਕ ਆਦਿਕ ਹੋਵੇ ਕਿਉਂਕਿ ਇਨ੍ਹਾਂ ਆਪਸੀ ਮਤਭੇਦਾਂ ਦਾ ਮੂਲ ਕਾਰਨ ਆਪਣੀ ਆਪਣੀ ਵੀਚਾਰਧਾਰਾ (ਚੰਗੀ ਜਾਂ ਮੰਦੀ) ਪ੍ਰਤੀ ਅਥਾਹ ਸ਼ਰਧਾ ਦਾ ਪ੍ਰਤੀਕ ਹੁੰਦਾ ਹੈ। ਇਹ ਵੀ ਸੱਚ ਹੈ ਕਿ ਮਨੁੱਖ ਦਾ ‘ਮਨ’; ਨਾ-ਪੱਖੀ ਤੇ ਹਾਂ-ਪੱਖੀ (ਸੰਕਲਪ ਤੇ ਵਿਕਲਪ) ਦਾ ਸੰਗ੍ਰਹਿ ਹੋਣ ਕਾਰਨ ਕੋਈ ਵੀ ਮਨੁੱਖ ਆਪਣੇ ਆਪ ਨਾਲ ਵੀ 100% ਸਹਿਮਤ ਨਹੀਂ ਹੋ ਸਕਦਾ। ਇਸ ਲਈ ਇਹ ਕਹਿਣਾ ਉਚਿਤ ਹੋਵੇਗਾ ਕਿ ਕਿਸੇ ਵੀ ਵੀਚਾਰਧਾਰਾ ਪ੍ਰਤੀ ਅਥਾਹ ਸ਼ਰਧਾ ਦੇ ਪਿਛੇ ਮਨੁੱਖ ਦਾ ਕੁਝ ਨਿੱਜ ਸੁਆਰਥ ਵੀ ਜੁੜਿਆ ਹੁੰਦਾ ਹੈ, ਜੋ ਦੂਸਰੇ ਦੁਆਰਾ ਬਿਆਨ ਕੀਤੀ ਜਾ ਰਹੀ ਸਚਾਈ ਨੂੰ ਵੀ ਮੰਨਣ ਲਈ ਤਿਆਰ ਨਹੀਂ ਹੋਣ ਦੇਂਦਾ।

ਸਮਾਜ ’ਚ ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਤਜਰਬਿਆਂ ’ਚੋਂ ਸਬਕ ਸਿਖ ਕੇ ਕੁਝ ਨਵਾਂ (ਭਾਵ ਬਦਲਾਅ) ਕਰਨ ਦੀ ਇੱਛਾ ਰੱਖਦਾ ਹੈ; ਗੁਰੂ ਸਾਹਿਬਾਨ ਜੀ ਵੀ ਕੁਝ ਅਜਿਹਾ ਹੀ ਸੰਕੇਤ ਦੇ ਰਹੇ ਹਨ: ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬) ਪਰ ਇਸ ਤਬਦੀਲੀ ਦੀ ਗਤੀ ਤਮਾਮ ਮਨੁੱਖਾਂ ਦੀ ਨਿਰੰਤਰ ਇੱਕ ਸਮਾਨ ਨਾ ਹੋਣ ਕਾਰਨ ਕੇਵਲ ਇੱਕ ਵੀਚਾਰਧਾਰਾ ਵਾਲੇ ਲੋਕਾਂ ’ਚ ਹੀ ਸਾਂਝਾ ਸਿਧਾਂਤ ਹੋਣ ਦੇ ਬਾਵਜੂਦ ਆਪਸੀ ਵੀਚਾਰਕ ਟਕਰਾਅ ਹੁੰਦਾ ਰਹਿੰਦਾ ਹੈ ਕਿਉਂਕਿ ਕੁਝ ਮਨੁੱਖਾਂ ਨੂੰ ਕੌਮੀ ਸਿਧਾਂਤ ਤੇ ਜ਼ਮੀਨੀ ਹਾਲਾਤਾਂ ’ਚ ਵਧੇਰੇ ਅੰਤਰ ਮਹਿਸੂਸ ਹੁੰਦਾ ਹੈ, ਜਿਸ ਕਾਰਨ ਉਹ ਜ਼ਮੀਨੀ ਹਾਲਾਤਾਂ ’ਚ ਤਬਦੀਲੀ ਕਰਨਾ ਲੋਚਦੇ ਹਨ ਜਦਕਿ ਉਸੇ ਸਿਧਾਂਤ ਨਾਲ ਸਬੰਧਿਤ ਦੂਸਰਾ ਵਰਗ ਇਨ੍ਹਾਂ ਵੀਚਾਰਾਂ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਇਸ ਲਈ ਉਨ੍ਹਾਂ ਅਨੁਸਾਰ ਬਦਲਾਅ ਜ਼ਰੂਰੀ ਨਹੀਂ। ਅਜਿਹਾ ਹੀ ਇੱਕ ਵੀਚਾਰਕ ਟਕਰਾਅ ਤਦ ਵੀ ਸਾਮ੍ਹਣੇ ਆਇਆ ਸੀ ਜਦ ਗੁਰੂ ਗੋਵਿੰਦ ਸਿੰਘ ਜੀ ਭਵਿੱਖ ’ਚ ਖ਼ਾਲਸੇ ਨੂੰ ਆਪਣੀ ਕੌਮ ਦਾ ਵਾਰਸ ਬਣਾਉਣ ਲਈ ਇੱਕ ਨਿਵੇਕਲ਼ਾ ਇਮਤਿਹਾਨ ਲੈ ਰਹੇ ਸਨ ਤੇ ਅਸਹਿਮਤ ਧੜਾ ਇਸ ਘਟਨਾ ਦੇ ਸੰਦਰਭ ’ਚ ਗੁਰੂ ਜੀ ਦੀ ਸ਼ਿਕਾਇਤ ਮਾਤਾ ਗੂਜਰੀ ਜੀ ਕੋਲ ਕਰਨ ਚਲਾ ਗਿਆ ਸੀ।

‘ਗੁਰੂ ਸਾਹਿਬਾਨ’ ਤੇ ‘ਸਿੱਖ’ (ਸੇਵਕ) ਵਿੱਚ ਇਹ ਭਿੰਨਤਾ ਹਮੇਸ਼ਾਂ ਬਣੀ ਰਹੇਗੀ ਕਿ ‘ਗੁਰੂ’ ਜੀ ਆਪਣੀ ਕੌਮ (ਵੀਚਾਰਕ ਵਰਗ) ਨੂੰ ਇੱਕ ਜੁੱਟ ਰੱਖਣ ’ਚ ਇੱਕ ‘ਸਿੱਖ’ ਦੇ ਮੁਕਾਬਲੇ ਵਧੇਰੇ ਸਫਲ ਹੁੰਦੇ ਰਹੇ ਹਨ। ਇਸ ਲਈ ਅੰਮ੍ਰਿਤ ਅਭਿਲਾਸ਼ੀਆਂ ਨੂੰ ਇੱਕ ਪਿਤਾ, ਇੱਕ ਮਾਤਾ ਤੇ ਇੱਕ ਸਥਾਨ ਦੇ ਨਿਵਾਸੀ ਹੋਣ ਵਾਲਾ ਪਾਠ ਪੜ੍ਹਾਇਆ ਜਾਂਦਾ ਹੈ ਤਾਂ ਕਿ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. ॥’’ (ਮ: ੫/੬੧੧) ਰੂਪ ਸਿਧਾਂਤਕ (ਪਰਿਵਾਰਕ) ਸਾਂਝ ਬਣੀ ਰਹੇ। ਹਰ ਕੌਮ ’ਚ ਸਮਝਦਾਰ ਤੇ ਅਗਿਆਨੀ ਹੋਣ ਕਾਰਨ ‘ਗੁਰਮਤਿ’ ’ਚ ਸ਼ਾਮਲ ਉਨ੍ਹਾਂ ਗੁਰਸਿੱਖਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ, ਜੋ ‘ਗੁਰਮਤਿ ਸਿਧਾਂਤ’ ਤੇ ‘ਜ਼ਮੀਨੀ ਹਾਲਾਤਾਂ’ ਦੀ ਵਧੇਰੇ ਸਮਝ ਹੋਣ ਕਾਰਨ ਤੇਜ ਬਦਲਾਅ ਦੇ ਹਮਾਇਤੀ ਹੁੰਦਾ ਹਨ ਕਿਉਂਕਿ ਉਨ੍ਹਾਂ ਨੇ ਤੇਜ ਬਦਲਾਅ ਦੇ ਨਾਲ ਨਾਲ ਆਪਣੇ ਸਿਧਾਂਤਕ ਭਾਈਚਾਰੇ ਨੂੰ ਵੀ ਤੇਜ ਬਦਲਾਅ ਦੀ ਅਹਿਮੀਅਤ ਬਾਰੇ ਠੋਸ ਜਾਣਕਾਰੀ ਦੇਣੀ ਹੁੰਦੀ ਹੈ। ਅਗਰ ਇਹ ਵਰਗ ਅਜਿਹਾ ਕਰਨ ’ਚ ਅਸਫਲ ਹੋ ਜਾਏ ਤਾਂ ਅੱਗੜ-ਪਿੱਛੜ ਸਿਧਾਂਤਕ ਪਰਿਵਾਰ ਦੇ ਰਿਸ਼ਤੇ ਭਿੰਨ ਭਿੰਨ ਹੋਣੇ ਸੁਭਾਵਕ ਹਨ, ਜਿਸ ਦਾ ਸਭ ਤੋਂ ਵੱਧ ਨੁਕਸਾਨ ਗ਼ੈਰ ਸਿਧਾਂਤਕ ਵੀਚਾਰਧਾਰਾ ਨਾਲ ਹੋ ਰਹੀ ਨਿਰੰਤਰ ਲੜਾਈ ’ਚ ਅਸਫਲਤਾ ਰਾਹੀਂ ਹੁੰਦਾ ਹੈ। ਇਸ ਲਈ ਦੁਸ਼ਮਣ ਵੀ ਕਦੇ ਨਹੀਂ ਚਾਹੁੰਦਾ ਕਿ ਕਿਸੇ ਕੌਮ ’ਚ ਏਕਤਾ ਬਣੀ ਰਹੇ।

ਦੂਸਰੇ ਪਾਸੇ ਪਿੱਛੜ ਰਹੇ ਸਿਧਾਂਤਕ ਪਰਿਵਾਰ ਵਿੱਚੋਂ ਵੀ ਉਸ ਵਰਗ ’ਤੇ ਵਧੇਰੇ ਜ਼ਿੰਮੇਵਾਰੀ ਆ ਜਾਂਦੀ ਹੈ, ਜੋ ਪੰਥਕ ਏਕਤਾ ਦੇ ਨਾਂ ’ਤੇ ਆਪਣੀ ਬਦਲਾਅ ਰਫ਼ਤਾਰ ਧੀਮੀ ਕਰਨ ਲਈ ਮਜਬੂਰ ਹੋ ਜਾਂਦਾ ਹੈ ਕਿਉਂਕਿ ਉਸ ਦੇ ਸਾਮ੍ਹਣੇ ਤਿੰਨ ਪ੍ਰਮੁੱਖ ਚਨੌਤੀਆਂ ਆ ਜਾਂਦੀਆਂ ਹਨ:

(1). ਬਦਲਾਅ ਦਾ ਉੱਕਾ ਹੀ ਵਿਰੋਧ ਕਰਨ ਵਾਲੇ ਵਰਗ ਨਾਲ ਵੀਚਾਰਕ ਟਕਰਾਅ।

(2). ਤੇਜ ਬਦਲਾਅ ਦੇ ਸਮਰਥਕਾਂ ਨਾਲ ਵੀਚਾਰਕ ਟਕਰਾਅ।

(3). ਅਨ੍ਯ ਮੱਤ ਭਾਵ ਗ਼ੈਰ ਸਿਧਾਂਤਿਕ ਵਰਗ ਨਾਲ ਵੀਚਾਰਕ ਟਕਰਾਅ, ਆਦਿ।

ਉਕਤ ਕੀਤੀ ਗਈ ਵੀਚਾਰ ਕਿ ਵੀਚਾਰਕ ਸੰਘਰਸ਼ ਆਦਿ ਕਾਲ ਤੋਂ ਨਿਰੰਤਰ ਚੱਲਦਾ ਆਇਆ ਹੈ, ਅਨੁਸਾਰ ਹਮਲਾਵਰ ਦੋ ਤਰੀਕਿਆਂ ਨਾਲ ਲੜਾਈਆਂ ਲੜਦੇ ਹਨ:

(1). ਗੁਰੀਲਾ ਯੁੱਧ– ਇਹ ਲੜਾਈ ਗ਼ੈਰ ਸਿਧਾਂਤਕ ਵਰਗ ਦਾ ਰੂਪ ਧਾਰ ਕੇ ਭਾਵ ਉਨ੍ਹਾਂ ’ਚ ਘੁਲ਼ ਮਿਲ਼ ਕੇ ਲੜੀ ਜਾਂਦੀ ਹੈ, ਇਸ ਰਾਹੀਂ ਵਧੇਰੇ ਸਫਲਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਆਪਣੀ ਪਹਿਚਾਨ ਨੂੰ ਲੰਮੇ ਸਮੇਂ ਤੱਕ ਛੁਪਾ ਕੇ ਰੱਖਣ ’ਚ ਕਾਮਯਾਬ ਹੋ ਜਾਂਦੇ ਹਨ। ਇਸ ਲੜਾਈ ’ਚ ਨੁਕਸਾਨ ਘੱਟ ਤੇ ਲਾਭ ਵਧੇਰੇ ਪ੍ਰਾਪਤ ਹੁੰਦਾ ਹੈ ਕਿਉਂਕਿ ਇਸ ਲੜਾਈ ਰਾਹੀਂ ਦੁਸ਼ਮਣ ਨੂੰ ਅਥਾਹ ਨੁਕਸਾਨ ਪਹੁੰਚਾਉਣ ਦੇ ਬਾਵਜੂਦ ਵੀ (ਹਮਲਾਵਰ) ਆਪਣੀ ਮੌਜੂਦਗੀ ਜ਼ਾਹਰ ਨਹੀਂ ਹੋਣ ਦਿੰਦਾ। ਵਰਤਮਾਨ ਦੇ ਸਮੇਂ ਦੌਰਾਨ ਭਾਰਤ ’ਚ ਗ਼ੈਰ ਧਾਰਮਿਕ ਸੰਸਥਾ ਆਰ. ਐੱਸ. ਐੱਸ. ਤਮਾਮ ਘੱਟ ਗਿਣਤੀਆਂ (ਅਨ੍ਯ ਮਤਾਂ) ਦੇ ਧਾਰਮਿਕ ਅਸੂਲਾਂ ’ਚ ਰੁਕਾਵਟਾਂ ਪੈਦਾ ਕਰਨ ਲਈ ਇਹੀ ‘ਗੁਰੀਲਾ ਯੁੱਧ’ ਲੜ ਰਹੀ ਹੈ, ਜੋ ਇਨ੍ਹਾਂ ਦੀ ਸਫਲਤਾ ਦਾ ਪ੍ਰਤੀਕ ਵੀ ਹੈ। ਸਿੱਖ ਕੌਮ ਇਸ ਲੜਾਈ ਦੀ ਅਹਿਮੀਅਤ ਨੂੰ ਸਮਝਣ ’ਚ ਅਸਫਲ ਰਹੀ ਹੈ।

(2). ਪ੍ਰਤੱਖ (ਆਮ੍ਹਣੇ ਸਾਮ੍ਹਣੇ) ਯੁੱਧ– ਸੰਯੁਕਤ ਰਾਸ਼ਟ੍ਰ ਦੀ ਹੋਂਦ ਉਪਰੰਤ ਇਸ ਲੜਾਈ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਲੜਾਈ ਰਾਹੀਂ ਮਾਨਵਤਾ ਦਾ ਨੁਕਸਾਨ ਵੱਧ ਤੇ ਲਾਭ ਘੱਟ ਮਿਲਦਾ ਹੈ। ਕੇਵਲ ਕੁਝ ਕੁ ਦੇਸ਼ਾਂ ਵੱਲੋਂ ਆਪਣੇ ਹਥਿਆਰ ਦੀ ਵਿਕਰੀ ਕਾਰਨ (ਭਾਵ ਵਪਾਰਿਕ ਦ੍ਰਿਸ਼ਟੀ ਤੋਂ) ਹੀ ਇਸ ਯੁੱਧ ਨੂੰ ਹਵਾ ਮਿਲਦੀ ਰਹਿੰਦੀ ਹੈ।

ਭਾਰਤ ਦੀ ਆਜ਼ਾਦੀ ਤੋਂ ਬਾਅਦ ਹਿੰਦੂ ਰਾਜਨੀਤਿਕਾਂ ਵੱਲੋਂ ਮਿਲੀ ਬੇ-ਇਨਸਾਫ਼ੀ ਕਾਰਨ ਸਿੱਖ ਕੌਮ ਨੂੰ ਇਸ ਯੁੱਧ ਰੂਪ ਦਲਦਲ ’ਚ ਧਕੇਲ ਦਿੱਤਾ ਗਿਆ ਸੀ, ਜਿਸ ਕਾਰਨ ਸਾਨੂੰ ਲਾਭ ਘੱਟ ਤੇ ਨੁਕਸਾਨ ਵੱਧ ਹੋਇਆ ਹੈ। ਸ਼ਾਇਦ ਸਿੱਖ ਕੌਮ ਨੂੰ ਕਦੇ ਇਹ ਵੀਚਾਰਨ ਲਈ ਇਕੱਠਾ ਨਹੀਂ ਹੋਣ ਦਿੱਤਾ ਜਾਏਗਾ ਕਿ ਜਿਸ ਸਮੁਦਾਇ ਦਾ ਕੌਮੀ ਸਿਧਾਂਤ ਹੀ ਸਮੂਹਿਕ ਮਾਨਵਤਾ ਦੇ ਕਲਿਆਣ ਲਈ ਹੋਵੇ ਉਹ ਮਾਨਵਤਾ ਦੇ ਹਿਤੈਸੀ ਹੋਣ ਕਾਰਨ ਵੋਟ ਸ਼ਕਤੀ ਪ੍ਰਾਪਤ ਕਰਕੇ ਸਮਾਜ ’ਚ ਕੀ ਤਬਦੀਲੀ ਨਹੀਂ ਲਿਆ ਸਕਦਾ?

ਅਜੋਕੇ ਸਮੇਂ ’ਚ ਉਕਤ ਦੋਵੇਂ ਵੀਚਾਰਕ ਸੰਘਰਸ਼ਾਂ ’ਚੋਂ ‘ਗੁਰੀਲਾ’ ਯੁੱਧ ਸਫਲਤਾ ਦੀ ਕੂੰਜੀ ਹੈ ਤੇ ਦੂਸਰਾ ਅਸਫਲਤਾ ਦਾ ਪ੍ਰਤੀਕ ਹੈ ਕਿਉਂਕਿ ‘ਗੁਰੀਲਾ’ ਯੁੱਧ ’ਚ ਹਮਲਾਵਰ ਦਾ ਏਜੰਡਾ ਗੁਪਤ ਹੁੰਦਾ ਹੈ ਜਦਕਿ ਦੂਸਰੇ ’ਚ ਪ੍ਰਤੱਖ। ਅੱਜ ਸਿੱਖ ਕੌਮ ਪਾਸ ਕੋਈ ਵੀ ਗੁਪਤ ਏਜੰਡਾ ਨਹੀਂ, ਜੋ ਏਜੰਡਾ ਉਲੀਕ ਚੁੱਕੇ ਹਾਂ ਉਹ ਸਭ ਦੇ ਸਾਮ੍ਹਣੇ ਹੈ, ਇਹੀ ਸਾਡੀ ਅਸਫਲਤਾ ਦਾ ਮੂਲ ਕਾਰਨ ਹੈ। ਜਿਸ ਦੇ ਜ਼ਿੰਮੇਵਾਰ ਸਿੱਖ ਕੌਮ ਦੇ ਬੁਧੀਜੀਵੀ (ਲੇਖਕ, ਪ੍ਰਚਾਰਕ, ਸੰਪਾਦਕ, ਰਾਜਨੀਤਿਕ ਆਦਿ) ਹਨ।

‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਇੱਕ ਗੁਰਸਿੱਖ ਪ੍ਰਚਾਰਕ, ਲੇਖਕ ਆਦਿਕ ਨੂੰ ਆਪਣੇ ਵੀਚਾਰ ਲੁਕਾਈ ਨਾਲ ਸਾਂਝੇ ਕਰਦਿਆਂ ਵਿਸ਼ੇ ਦੀ ਸ਼ੁਰੂਆਤੀ ਭੂਮਕਾ ਕੇਵਲ ਗੁਰਬਾਣੀ ਵਿੱਚੋਂ ਬੰਨ੍ਹਣੀ ਚਾਹੀਦੀ ਹੈ, ਜਿਸ ਦੀ ਪੁਸ਼ਟੀ ਲਈ ਸਿੱਖ ਇਤਿਹਾਸ ਵਿੱਚੋਂ ਹਵਾਲੇ ਦਿੱਤੇ ਜਾ ਸਕਦੇ ਹਨ ਤੇ ਵਿਸ਼ੇ ਦੀ ਸਮਾਪਤੀ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਸਾਮ੍ਹਣੇ ਰੱਖ ਕੇ (ਸੰਖੇਪ ਮਾਤ੍ਰ ’ਚ) ਕਰਨੀ ਦਰੁਸਤ ਹੈ। ਇਸ ਯੁਕਤੀ ਤੇ ਸਮਝਦਾਰੀ ਨਾਲ ਕੀਤਾ ਗਿਆ ਪ੍ਰਚਾਰ ਸਿੱਖ ਸੰਗਤ ’ਤੇ ਦੀਰਘਕਾਲੀ ਪ੍ਰਭਾਵ ਪਾਏਗਾ ਤੇ ਸਾਡੇ ਪ੍ਰਤੀ ਸਮਾਜਿਕ ਨਜ਼ਰੀਆ ਹਾਂ ਪੱਖੀ ਬਣੇਗਾ ਪਰ ਸਾਡਾ ਪ੍ਰਚਾਰ ਕਰਨ ਦਾ ਤੌਰ ਤਰੀਕਾ ਜ਼ਿਆਦਾਤਰ ਸਮਝੌਤਾਵਾਦੀ, ਨਿਵੇਕਲਾ ਤੇ ਦੁਬਿਧਾਪਾਉ ਹੁੰਦਾ ਹੈ; ਜਿਵੇਂ:

(1). ‘ਗੁਰਮਤਿ’ ਪ੍ਰਚਾਰਕਾਂ ’ਚ ਇੱਕ ਵਰਗ ਅਜਿਹਾ ਹੈ ਜੋ ਵਿਸ਼ੇ ਦੀ ਭੂਮਕਾ ਤਾਂ ਗੁਰਬਾਣੀ ਵਿੱਚੋਂ ਹੀ ਬਣਾਉਂਦਾ ਹੈ ਤੇ ਉਸ ਦੀ ਪੁਸ਼ਟੀ ਲਈ ਉਦਾਹਰਨਾਂ ਵੀ ਢੁਕਵੀਆਂ (ਸਿੱਖ ਇਤਿਹਾਸ ਵਿੱਚੋਂ) ਦੇਣ ’ਚ ਸਫਲ ਹੈ ਪਰ ਸੰਗਤ ਨੂੰ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਬਾਰੇ ਜਾਣਕਾਰੀ ਦੇਣ ਤੋਂ ਅਸਮਰਥ ਹੈ ਕਿਉਂਕਿ ਅਯੋਗ ਰਾਜਨੀਤਿਕਾਂ ਵਿਰੁਧ ਬੋਲਣ ਸਮੇਂ ਪ੍ਰਬੰਧਕੀ ਢਾਂਚਾ ਤੇ ਆਰਥਿਕਤਾ ਆਦਿਕ ਮਜਬੂਰੀਆਂ ਰੁਕਾਵਟ ਬਣ ਜਾਂਦੀਆਂ ਹਨ।

(2). ‘ਗੁਰਮਤਿ’ ਪ੍ਰਚਾਰਕਾਂ ’ਚ ਇੱਕ ਵਰਗ ਅਜਿਹਾ ਹੈ ਜੋ ਕੇਵਲ ਜ਼ਮੀਨੀ ਹਾਲਾਤ ਉਜਾਗਰ ਕਰਨ ਨੂੰ ਹੀ ਗੁਰਮਤਿ ਦਾ ਪ੍ਰਚਾਰ ਸਮਝਦਾ ਹੈ ਤੇ ਵਿਸ਼ੇ ਦੀ ਆਰੰਭਕ ਭੂਮਕਾ ‘ਗੁਰਬਾਣੀ’ ’ਚੋਂ ਨਹੀਂ ਬਣਾਉਂਦਾ। ਕੇਵਲ ਜ਼ਮੀਨੀ ਹਾਲਾਤਾਂ ਦੇ ਆਸ ਪਾਸ ਨਿਰੰਤਰ ਰਹਿਣ ਕਾਰਨ ਸ਼ਬਦਾਂ ’ਚ ਈਰਖਾ ਵਧੇਰੇ ਝਲਕਦੀ ਹੈ, ਜੋ ਸੰਗਤ ਨੂੰ ਦੀਰਘਕਾਲ ਤੱਕ ਪ੍ਰਭਾਵਤ ਨਹੀਂ ਰੱਖ ਸਕਦੀ। ਗੁਰਦੁਆਰਿਆਂ ਦਾ ਪ੍ਰਬੰਧ ਜ਼ਿਆਦਾਤਰ ਰਾਜਨੀਤਿਕ ਬੰਦਿਆਂ ਦੇ ਹੱਥ ’ਚ ਹੋਣ ਕਾਰਨ ਇਨ੍ਹਾਂ ਪ੍ਰਚਾਰਕਾਂ ਦੀਆਂ ਸੇਵਾਵਾਂ ਵਿਰੋਧੀ ਧਿਰ ਨੂੰ ਮੁੱਖ ਰੱਖ ਕੇ ਵੀ ਲਈਆਂ ਜਾਂਦੀਆਂ ਹਨ ਤੇ ਪ੍ਰਬੰਧਕਾਂ ਦੇ ਬਦਲਣ ਨਾਲ ਉਨ੍ਹਾਂ ਦੇ ਪ੍ਰਚਾਰਕ ਵੀ ਬਦਲ ਜਾਂਦੇ ਹਨ, ਜਿਸ ਕਾਰਨ ਸੰਗਤ ਇਨ੍ਹਾਂ ਪ੍ਰਚਾਰਕਾਂ ਰਾਹੀਂ ਹਮੇਸ਼ਾਂ ਦੁਬਿਧਾ ’ਚ ਹੀ ਪਈ ਰਹਿੰਦੀ ਹੈ।

ਸਿੱਖ ਸਮਾਜ ਦੇ ਸਾਮ੍ਹਣੇ ਸਭ ਤੋਂ ਵੱਡੀ ਚਨੌਤੀ ‘ਗੁਰਮਤਿ’ ਨੂੰ ਰਾਜਨੀਤਿਕ ਸੋਚ ਤੋਂ ਆਜ਼ਾਦ ਕਰਵਾਉਣਾ ਹੈ ਪਰ ਉਕਤ ਦੋਵੇਂ ਰਾਜਨੀਤਿਕ ਪ੍ਰਚਾਰਕ ਵਿਰੋਧੀ ਧਿਰ ਤੋਂ ਹੀ ‘ਗੁਰਮਤਿ’ ਨੂੰ ਖ਼ਤਰਾ ਕਹਿ ਕੇ ਦੂਸਰੀ ਧਿਰ ਨਾਲ ਅੰਦਰੋਂ ਸੰਬੰਧ ਕਾਇਮ ਰੱਖਦੇ ਆ ਰਹੇ ਹਨ।

(3). ‘ਗੁਰਮਤਿ’ ਪ੍ਰਚਾਰਕ, ਲੇਖਕਾਂ ਆਦਿ ਦਾ ਕੰਮ ਜ਼ਮੀਨੀ ਹਾਲਾਤਾਂ ਨੂੰ ‘ਗੁਰਮਤਿ’ ਅਨੁਸਾਰ ਬਦਲਣਾ ਹੁੰਦਾ ਹੈ ਪਰ ਅਗਰ ਜ਼ਮੀਨੀ ਹਾਲਾਤਾਂ ਦੇ ਸਾਮ੍ਹਣੇ ਲਾਚਾਰ ਹੋਇਆ ਬੁਲਾਰਾ ‘ਗੁਰਮਤਿ’ ਦੇ ਵਿਸ਼ੇ ਨੂੰ ਸਪਸ਼ਟ ਨਹੀਂ ਕਰ ਪਾ ਰਿਹਾ, ਤਾਂ ਦੋਸ਼ੀ ਕੌਣ ? ਇਸ ਬਾਰੇ ਮੈਂ ਇੱਕ ਛੋਟੀ ਜਿਹੀ ਉਦਾਹਰਨ ‘ਜਪੁ’ ਬਾਣੀ ਦੀ ਪੰਕਤੀ ‘‘ਸੁਣਿਐ; ਈਸਰੁ, ਬਰਮਾ, ਇੰਦੁ ॥’’ ਦੇ ਕੀਤੇ ਜਾ ਰਹੇ ਅਰਥਾਂ ਨੂੰ ਸਾਮ੍ਹਣੇ ਰੱਖ ਕੇ ਦੇਣਾ ਉਚਿਤ ਸਮਝਦਾ ਹਾਂ। ਕੁਝ ਪ੍ਰਚਾਰਕ ਇਸ ਪੰਕਤੀ ਦੇ ਅਰਥ ਕਰਦੇ ਹਨ ਕਿ ‘ਗੁਰੂ ਦੀ ਸਿਖਿਆ ਸੁਣਨ ਨਾਲ ਸ਼ਿਵ, ਬ੍ਰਹਮਾ ਤੇ ਇੰਦ੍ਰ ਆਦਿਕ ਦੇਵਤਿਆਂ ਦੀ ਅਸਲੀਅਤ ਬਾਰੇ ਬੋਧ ਹੋ ਜਾਂਦਾ ਹੈ।’

ਉਕਤ ਕੀਤੇ ਗਏ ਅਰਥ ਜ਼ਰੂਰ ਵੀਚਾਰ ਮੰਗਦੇ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ‘ਗੁਰਬਾਣੀ’ ’ਚ ਇਨ੍ਹਾਂ ਦੇਵਤਿਆਂ ਨੂੰ ਆਚਰਨਹੀਣ ਵੀ ਬਿਆਨ ਕੀਤਾ ਹੋਇਆ ਹੈ ਪਰ ‘ਗੁਰਬਾਣੀ’ ’ਚ ਦਰਜ ਇਹ ਜਾਣਕਾਰੀ, ਕਿੱਥੋਂ ਲਈ ਗਈ ? ਜਿਸ ਸਮੁਦਾਇ ਲਈ ਇਹ ਦੇਵਤੇ ‘ਰੱਬ’ ਹਨ ਉਨ੍ਹਾਂ ਦੇ ਹੀ ਧਾਰਮਿਕ ਗ੍ਰੰਥ; ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਲਿਖਤ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ ਉਕਤ ਦੇਵਤਿਆਂ ਨੂੰ ਆਚਰਨਹੀਣ ਵੀ ਬਿਆਨ ਕਰਦੇ ਆ ਰਹੇ ਹਨ, ਜਿਸ ਨੂੰ ਸਾਮ੍ਹਣੇ ਰੱਖਦਿਆਂ ਗੁਰਬਾਣੀ ’ਚ ਵੀ ਕੁਝ ਸ਼ਬਦ ਇਨ੍ਹਾਂ ਦੇ ਆਚਰਨ ਪ੍ਰਥਾਏ ਦਰਜ ਕੀਤੇ ਗਏ। ਅਗਰ ਉਕਤ ਪ੍ਰਚਾਰ ਮੁਤਾਬਕ ਗੁਰੂ ਦੀ ਗੱਲ ਸੁਣਨ ਨਾਲ ਕੇਵਲ ਇਨ੍ਹਾਂ ਦੇ ਆਚਰਨ ਬਾਰੇ ਸਮਝ ਆਉਂਦੀ ਹੈ ਤਾਂ ਇਹ ਸਮਝ ਤਾਂ ਪੰਡਿਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਹੀ ਆ ਚੁੱਕੀ ਸੀ ਫਿਰ ਗੁਰਬਾਣੀ ਦੀ ਲਿਖਤ ਨਾਲ ਇਸ ਵਿਸ਼ੇ ’ਚ ਕਿਹੜਾ ਵਿਕਾਸ ਹੋਇਆ ?

ਉਕਤ ਸ਼ਬਦਾਰਥਾਂ ਵਾਙ ਹੀ ਗੁਰਬਾਣੀ ਦੇ ਕਈ ਅਨ੍ਯ ਸ਼ਬਦਾਂ ਦੇ ਅਰਥ ਵੀ ਬੇਧਿਆਨੇ ਕੀਤੇ ਜਾਂਦੇ ਹਨ, ਜਿਸ ਕਾਰਨ ਸਾਡੇ ਕੁਝ ਅਜੋਕੇ ਪ੍ਰਚਾਰਕਾਂ, ਲੇਖਕਾਂ ਆਦਿ ਦੀਆਂ ਜੜ੍ਹਾਂ ਬਹੁਤੀਆਂ ਗਹਿਰੀਆਂ ਨਹੀਂ ਮੰਨੀਆਂ ਜਾ ਸਕਦੀਆਂ।

(4). ‘ਗੁਰੂ ਗ੍ਰੰਥ ਸਾਹਿਬ’ ਜੀ ਅੰਦਰ 35 ਮਹਾਂ ਪੁਰਸ਼ਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਵਿੱਚੋਂ 15 ਭਗਤ ਤੇ 11 ਭੱਟਾਂ ਨਾਲ ਸਬੰਧਿਤ ਕੋਈ ਵੀ ਇਤਿਹਾਸਕ ਪ੍ਰੋਗਰਾਮ ਸਿੱਖ ਕੌਮ ਨਹੀਂ ਮਨਾਉਂਦੀ (ਮਨਾਏ ਜਾਣ ਵਾਲੇ ਦੋ ਜਾਂ ਚਾਰ ਇਤਿਹਾਸਕ ਦਿਹਾੜਿਆਂ ’ਚ ਵੀ ਸਪਸ਼ਟਤਾ ਨਹੀਂ)। ਅੰਮ੍ਰਿਤਧਾਰੀ ਸਿੱਖਾਂ ਤੋਂ ਇਲਾਵਾ ਵੀ ਇਨ੍ਹਾਂ (ਭਗਤਾਂ ਤੇ ਭੱਟਾਂ) ਦੇ ਉਪਾਸ਼ਕਾਂ ਦੀ ਸੰਖਿਆ ਦੇਸ਼-ਵਿਦੇਸ਼ ’ਚ ਬਹੁ ਗਿਣਤੀ ’ਚ ਪਾਈ ਜਾਂਦੀ ਹੈ। ਸਿਧਾਂਤਕ ਤੌਰ ’ਤੇ ਇੱਕ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਗਲ਼ੇ ਨਾ ਲਗਾਉਣਾ ਤੇ ਆਪਣੇ ਆਪ ਨੂੰ ਲੋਕਤੰਤ੍ਰੀ ਢਾਂਚੇ ’ਚ ਸਫਲਤਾ ਲਈ ਦਿਨ ਰਾਤ ਉਦਮ ਕਰਨੇ, ਵਿਵੇਕਤਾ ਨਹੀਂ ਕਹੀ ਜਾ ਸਕਦੀ। ਅਗਰ ਭਗਤ ਤੇ ਭੱਟ ‘ਗੁਰਮਤਿ’ ਅਨੁਸਾਰੀ ਜੀਵਨ ਬਸਰ ਕਰਨ ਦੇ ਕਾਰਨ ਸਿੱਖ ਸੀ, ਖ਼ਾਲਸੇ ਸੀ: ‘‘ਕਹੁ ਕਬੀਰ ! ਜਨ ਭਏ ‘ਖਾਲਸੇ’; ਪ੍ਰੇਮ ਭਗਤਿ ਜਿਹ ਜਾਨੀ ॥’’ (ਭਗਤ ਕਬੀਰ/੬੫੫), ਭਗਤ ਸੀ ਤਾਂ ਇਨ੍ਹਾਂ ਦੇ ਉਪਾਸ਼ਕ ਸਾਡੇ ਤੋਂ ਇਸ ਲਈ ਨਰਾਜ਼ ਹਨ ਕਿ ਇਨ੍ਹਾਂ ਨੂੰ ‘ਗੁਰੂ’ ਦਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ? ਜਦਕਿ ‘ਗੁਰਮਤਿ’ ਹਰ ਵਿਤਕਰੇ ਦਾ ਵਿਰੋਧ ਕਰਦੀ ਹੈ।

‘ਗੁਰਬਾਣੀ’ ’ਚ ਗੁਰੂ ਸਾਹਿਬਾਨਾਂ ਨੂੰ ਵੀ ‘ਭਗਤ’ ਮੰਨਿਆ ਗਿਆ ਹੈ; ਜਿਵੇਂ:

‘‘ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ‘ਭਗਤ’ ਉਤਰਿ ਆਯਉ ॥’’ (ਭਟ ਕਲੵ /੧੪੦੭)

‘‘ਜੰਮਿਆ ਪੂਤੁ; ‘ਭਗਤੁ’ ਗੋਵਿੰਦ ਕਾ ॥’’ (ਮ: ੫/੩੯੬)

‘‘ਧਨੁ ਧਨੁ ਹਰਿ ‘ਭਗਤੁ’ ਸਤਿਗੁਰੂ ਹਮਾਰਾ; ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥’’ (ਮ: ੪/੫੯੪)

‘‘ਭਗਤੁ’ ਸਤਿਗੁਰੁ ਪੁਰਖੁ ਸੋਈ; ਜਿਸੁ ਹਰਿ ਪ੍ਰਭ ਭਾਣਾ ਭਾਵਏ ॥’’ (ਬਾਬਾ ਸੁੰਦਰ/੯੨੩) ਆਦਿ ਅਤੇ ‘ਭਗਤਾਂ’ ਨੂੰ ‘ਗੁਰੂ’ ਕਿਹਾ ਗਿਆ ਹੈ; ਜਿਵੇਂ:

‘‘ਨਰ ਤੇ ਸੁਰ ਹੋਇ ਜਾਤ ਨਿਮਖ ਮੈ; ‘ਸਤਿਗੁਰ’ ਬੁਧਿ ਸਿਖਲਾਈ ॥’’ (ਭਗਤ ਨਾਮਦੇਵ/੮੭੩)

‘‘ਇਹੁ ਸਿਮਰਨੁ; ‘ਸਤਿਗੁਰ’ ਤੇ ਪਾਈਐ ॥’’ (ਭਗਤ ਕਬੀਰ/੯੭੦)

‘‘ਕਬੀਰ ! ਸੁਰਗ ਨਰਕ ਤੇ ਮੈ ਰਹਿਓ; ‘ਸਤਿਗੁਰ’ ਕੇ ਪਰਸਾਦਿ ॥’’ (ਭਗਤ ਕਬੀਰ/੧੩੭੦)

‘‘ਪੀਪਾ ਪ੍ਰਣਵੈ ਪਰਮ ਤਤੁ ਹੈ; ‘ਸਤਿਗੁਰੁ’ ਹੋਇ ਲਖਾਵੈ ॥’’ (ਭਗਤ ਪੀਪਾ/੬੯੫)

‘‘ਕਬੀਰ ! ਸਾਚਾ ‘ਸਤਿਗੁਰੁ’ ਮੈ ਮਿਲਿਆ; ਸਬਦੁ ਜੁ ਬਾਹਿਆ ਏਕੁ ॥ ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ॥’’ (ਭਗਤ ਕਬੀਰ/੧੩੭੨) ਆਦਿ।

ਉਕਤ ਤਮਾਮ ਭਗਤਾਂ ਦਾ ‘ਸਤਿਗੁਰ’ ਕੌਣ ਹੈ? ਇਤਿਹਾਸਕ ਸਚਾਈ ਹੈ ਕਿ ਭਗਤ ਕਬੀਰ ਜੀ ਦੇ ‘ਗੁਰੂ’; ਰਾਮਾਨੰਦ ਜੀ ਸਨ, ਜਿਨ੍ਹਾਂ ਬਾਰੇ ਕਬੀਰ ਜੀ ਕਹਿ ਰਹੇ ਹਨ ਕਿ ‘‘ਸਾਚਾ ਸਤਿਗੁਰੁ ਮੈ ਮਿਲਿਆ.॥, ਸਤਿਗੁਰ’ ਕੇ ਪਰਸਾਦਿ ॥’’ ਆਦਿ, ਪਰ ਅਸੀਂ ਕਬੀਰ ਜੀ ਦੇ ‘ਗੁਰੂ’ ਨੂੰ ਭਗਤ ਆਖਦੇ ਹਾਂ।

ਸਿੱਖ ਸਮਾਜ ਦੇ ਬੁਧੀਜੀਵੀਆਂ (ਲੇਖਕਾਂ, ਪ੍ਰਚਾਰਕਾਂ, ਸੰਪਾਦਕਾਂ ਆਦਿ) ਨੂੰ ਇਸ ਵਿਸ਼ੇ ਬਾਰੇ ਗੰਭੀਰਤਾ ਨਾਲ ਵੀਚਾਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਤਮਾਮ ਮਹਾਂਪੁਰਸ਼ਾਂ ਦੀ ਬਾਣੀ ਨੂੰ ਗ਼ੈਰ ਸਿਧਾਂਤਕ ਲੋਕਾਂ ਨੇ ਉਸ ਦੇ ਮੂਲ ਰੂਪ ’ਚ ਨਹੀਂ ਰਹਿਣ ਦਿੱਤਾ ਜਿਵੇਂ ਕਿ ਗੁਰਬਾਣੀ ’ਚ ਦਰਜ ਸੀ, ਜਿਸ ਕਾਰਨ ਜ਼ਮੀਨ ’ਤੇ ਸਿਧਾਂਤਕ ਭਿੰਨਤਾ ਵਧੇਰੇ ਵੇਖਣ ’ਚ ਆਉਂਦੀ ਹੈ ਤੇ ਅੱਜ ਵੀ ਇਨ੍ਹਾਂ ਦਾ ਬੁਧੀਜੀਵੀ ਵਰਗ ਗੁਰਬਾਣੀ ਵਾਲੀ ਲਿਖਤ ਨੂੰ ਹੀ ਅਸਲ ਬਾਣੀ ਮੰਨਦਾ ਹੈ, ਜੋ ਸਿੱਖ ਕੌਮ ਲਈ ਸ਼ੁਭ ਸੰਕੇਤ ਹਨ।

(5). ਅਜੋਕੇ ਯੁੱਗ ਵਿੱਚ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿ੍ਰੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਆਦਿ ਦਾ ਅਹਿਮ ਰੋਲ ਹੈ। ਅਮਰੀਕਾ ਤੋਂ ਇਲਾਵਾ ਭਾਰਤ ਦੁਨੀਆਂ ’ਚ ਅਜਿਹਾ ਦੇਸ਼ ਹੈ ਜੋ ਸਭ ਤੋਂ ਵੱਧ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ। ਸਾਡੀ ਨਵੀਂ ਪੀੜੀ ਇੰਟਰਨੈੱਟ ਤੋਂ ਹੀ ਵਿਸ਼ਾ ਚੁੱਕ ਕੇ ਆਪਣੇ ਆਸ ਪਾਸ ‘ਗੁਰਮਤਿ’ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ। ਉਕਤ ਕੀਤੀ ਗਈ ਵੀਚਾਰ ਅਨੁਸਾਰ ਅਗਰ ਸਾਡਾ ਅਨੁਭਵੀ ਵਰਗ ਹੀ ਯੋਗ ਸੇਧ ਦੇਣ ’ਚ ਅਸਫਲ ਰਹਿ ਜਾਂਦਾ ਹੈ ਤਾਂ ਸਿੱਖੀ ਦਾ ਵਿਕਾਸ ਹੋਣਾ ਅਸੰਭਵ ਹੈ।

ਅੰਤ ਵਿੱਚ ਮੈਂ ਆਪਣੀ ਤੁੱਛ ਬੁਧੀ ਨਾਲ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁਝ ਲਾਭਕਾਰੀ ਸੁਝਾਵ ਪ੍ਰਚਾਰਕਾਂ, ਲੇਖਕਾਂ, ਸੰਪਾਦਕਾਂ ਆਦਿ ਨੂੰ ਦੇਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ:

(1). ਲੇਖਕ:-‘ਲੇਖਕ’ ਇੱਕ ਗੰਭੀਰਤਾ ’ਚੋਂ ਪੈਦਾ ਹੋਇਆ ਸ਼ਬਦ ਹੁੰਦਾ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ ਆਪਣੀ ਲਿਖਤ ਰਾਹੀਂ ਜਜ਼ਬਾਤਾਂ ਨੂੰ ਪ੍ਰਗਟ ਨਾ ਹੋਣ ਦਿੱਤਾ ਜਾਵੇ ਤੇ ਕਿਸੇ ਵਿਸ਼ੇ ਦਾ ਵਿਸ਼ਲੇਸ਼ਣ ਕਰਦਿਆਂ ਦੋਵੇਂ ਪੱਖਾਂ ਨੂੰ ਸਾਮ੍ਹਣੇ ਰੱਖ ਕੇ ਕੀਤੀ ਗਈ ਆਲੋਚਨ, ਦੁਸ਼ਮਣ ’ਤੇ ਵੀ ਪ੍ਰਭਾਵ ਪਾ ਜਾਂਦੀ ਹੈ। ਹਮੇਸ਼ਾਂ ਵੱਡੀ ਲਕੀਰ ਖਿੱਚਣ ਦੀ ਕਲਾ ਹੋਵੇ, ਨਾ ਕਿ ਪੁਰਾਣੀ ਨੂੰ ਮਿਟਾਉਣ ਦੀ ਮਨਸਾ।

(2). ਪ੍ਰਚਾਰਕ:-ਇਹ ਇੱਕ ਵਿਅਕਤੀ ਨਹੀਂ ਬਲਕਿ ਸੰਸਥਾ ਹੁੰਦੀ ਹੈ, ਜੋ ਕੌਮੀ ਸਿਧਾਂਤ ਦੀ ਛੋਟੀ ਤੋਂ ਛੋਟੀ ਇਕਾਈ ਬਣ ਕੇ ਕੰਮ ਕਰਦੀ ਹੈ। ‘ਗੁਰਬਾਣੀ’ ਵਿੱਚੋਂ ਵਿਸ਼ੇ ਦੀ ਚੋਣ ਨੌਜਵਾਨ ਖ਼ੂਨ ਨੂੰ ਸਾਮ੍ਹਣੇ ਰੱਖ ਕੇ ਕਰਨੀ ਉਚਿਤ ਹੋਵੇਗੀ ਕਿਉਂਕਿ ਇਹੀ ਕੱਲ ਦਾ ਭਵਿੱਖ ਹੈ। ਵਰਤਮਾਨ ਦਾ ਨੌਜਵਾਨ ਵਿਦਿਅਕ ਯੋਗਤਾ ’ਚ ਨਿਪੁੰਨ ਹੋਣਾ ਚਾਹੁੰਦਾ ਹੈ ਇਸ ਲਈ ਮਿਥਿਹਾਸਕ ਕਹਾਣੀਆਂ ਦੀ ਬਜਾਏ ਫਿਜ਼ਿਕਸ (ਪਦਾਰਥਿਕ ਭਾਵ ਸੰਸਾਰਿਕ ਵਿਦਿਆ), ਕੈਮਿਸਟਰੀ (ਰਸਾਇਣ ਭਾਵ ਕੁਦਰਤੀ ਵਿਗਿਆਨ), ਸਿਹਤ ਵਿਗਿਆਨ, ਤਾਰਾ ਮੰਡਲ, ਜੀਵ ਵਿਗਿਆਨ ਆਦਿ ਦੀ ਮਦਦ ਨਾਲ ਕੀਤਾ ਗਿਆ ਪ੍ਰਚਾਰ ਬਹੁਤ ਹੀ ਸਾਰਥਿਕ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਰਾਹੀਂ ਹਰ ਵਿਸ਼ਾ ਨੌਜਵਾਨਾਂ ਦੀ ਪਕੜ੍ਹ ’ਚ ਜਲਦੀ ਆ ਜਾਵੇਗਾ। ਪ੍ਰਚਾਰਕਾਂ ਲਈ ਇਹ ਗਿਆਨ ਪ੍ਰਾਪਤ ਕਰਨਾ ਕੋਈ ਮੁਸ਼ਕਲ ਨਹੀਂ।

‘ਗੁਰਮਤਿ’ ਪ੍ਰਚਾਰਕਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਜਾ ਕੇ ਕੁਝ ਸਮਾਜਿਕ ਕੰਮਾਂ ’ਚ ਵੀ ਸਹਿਯੋਗ ਕਰਨਾ ਚਾਹੀਦਾ ਹੈ; ਜਿਵੇਂ: ਪੰਜਾਬ ਦੇ ਬਹੁਤੇ ਕਿਸਾਨ ਅਣਪੜ੍ਹ ਹੋਣ ਕਾਰਨ ਕਰਜ਼ਿਆਂ ਲਈ ਸਰਕਾਰੀ ਬੈਂਕਾਂ ਦੀ ਬਜਾਏ ਆੜ੍ਹਤੀਆਂ ਨੂੰ ਤਰਜੀਹ ਦੇ ਰਹੇ ਹਨ ਜਿੱਥੋਂ ਉਨ੍ਹਾਂ ਦੀ ਲੁੱਟ ਸ਼ੁਰੂ ਹੋ ਜਾਂਦੀ ਹੈ। ਫ਼ਸਲ ਵਿਭਿੰਨਤਾ ਨਾ ਹੋਣ ਦਾ ਮੂਲ ਕਾਰਨ ਵੀ ਆੜ੍ਹਤੀਏ ਹਨ।

ਦੂਸਰੇ ਪਾਸੇ ਬੱਚਿਆਂ ਲਈ ਵਿਦਿਆ ਲੋਨ ਪ੍ਰਾਪਤ ਨਾ ਕਰ ਸਕਣਾ, ਪੰਜਾਬੀਆਂ ਲਈ ਭਾਰੀ ਨੁਕਸਾਨ ਹੈ ਕਿਉਂਕਿ ਭਾਰਤੀ ਨਿਯਮ ਅਨੁਸਾਰ 4 ਲੱਖ (ਸਾਲਾਨਾ) ਆਮਦਨ ਤੋਂ ਘੱਟ ਲਈ 0% ਵਿਆਜ ਲੋਨ ਸਕੀਮ ਉਪਲਬਧ ਹੈ, ਜੋ ਪੜ੍ਹਾਈ ਉਪਰੰਤ (ਭਾਵ 5 ਜਾਂ 7 ਸਾਲਾਂ ਬਾਅਦ) 95 ਮਾਸਿਕ ਭਾਵ ਮਾਮੂਲੀ ਕਿਸਤਾਂ ਰਾਹੀਂ ਪੂਰਾ ਕਰਨਾ ਹੈ ਪਰ ਪੰਜਾਬ ਦੇ ਨੌਜਵਾਨਾਂ ਨੂੰ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਇਸ ਤੋਂ ਲਾਭ ਨਹੀਂ ਉੱਠਾ ਰਹੇ, ਨਸਾ ਛੁਡਾਉਣਾ ਆਦਿ ਦੀ ਜਾਣਕਾਰੀ ਦੇਣ ਬਾਰੇ ਸੇਵਾਵਾਂ ਪ੍ਰਚਾਰਕ ਨਿਭਾ ਸਕਦੇ ਹਨ। ਅਜਿਹੀਆਂ ਕਾਰਵਾਈਆਂ ਨਾਲ ਸਿੱਖੀ ਪ੍ਰਫੁਲਿਤ ਹੋਵੇਗੀ।

(3). ਸੰਪਾਦਕ- ਪ੍ਰਚਾਰਕਾਂ ਨੂੰ ਉਪਰੋਕਤ ਤਮਾਮ ਸਮੱਗਰੀ ਲੇਖਕਾਂ ਰਾਹੀਂ ਇੱਕ ਸੰਪਾਦਕ ਹੀ ਉਪਲਬਧ ਕਰਵਾ ਸਕਦਾ ਹੈ। ਸਿੱਖ ਕੌਮ ’ਚ ਬੁਧੀਜੀਵੀਆਂ ਦੀ ਘਾਟ ਨਹੀਂ ਪਰ ਲੇਖਕਾਂ ਨੂੰ ਅਲੱਗ ਅਲੱਗ ਵਿਸ਼ਿਆਂ ਬਾਰੇ ਸੇਵਾਵਾਂ ਦੇਣ ਲਈ ਪ੍ਰੇਰਨ ਦੀ ਜ਼ਰੂਰਤ ਹੈ ਕਿਉਂਕਿ ਵੇਖਣ ’ਚ ਆ ਰਿਹਾ ਹੈ ਕਿ ਕੇਵਲ ਇੱਕ ਵਿਸ਼ੇ ’ਤੇ ਹੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ।

ਭਾਰਤ ’ਚ ਕਈ ਮੋਨੀ ਫ਼ਿਰਕੇ ਵਿਚਰ ਰਹੇ ਹਨ ਉਨ੍ਹਾਂ ਦੀ ਸੋਚ ਬਾਰੇ ਉਨ੍ਹਾਂ ਦੇ ਉਪਾਸ਼ਕਾਂ ਨੂੰ ਕੋਈ ਜਾਣਕਾਰੀ ਨਹੀਂ ਅਗਰ ਸਿੱਖ; ਇੱਕ ਟੀ. ਵੀ. ਰਿਪੋਰਟਰ (ਪੱਤਰਕਾਰ) ਬਣ ਕੇ ਆਪਣੇ ਸ਼ਬਦ ਮੋਨੀਆਂ ਦੇ ਮੂੰਹ ’ਚ ਪਾ ਕੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਮਾਨਸਿਕਤਾ ਤਬਦੀਲ ਕਰਨ ’ਚ ਕਾਮਯਾਬ ਹੋ ਜਾਂਦਾ ਹੈ ਤਾਂ ਇਹ ਕਦਮ ਸਮਾਜ ਸੁਧਾਰ ਲਈ ਬਹੁਤ ਹੀ ਲਾਭਕਾਰੀ ਹੋਵੇਗਾ, ਪਰ ਅੱਜ ਅਸੀਂ ਹਾਲਾਤ ਅਜਿਹੇ ਬਣਾ ਲਏ ਹਨ ਕਿ ਕੋਈ ਲੇਖਕ ਪੰਥਕ ਏਕਤਾ ਦੇ ਨਾਂ ’ਤੇ ਲਿਖਣ ਤੋਂ ਵੀ ਡਰਦਾ ਹੈ, ਜਿਸ ਏਕਤਾ ਰਾਹੀਂ ਅਸੀਂ ਸਭ ਕਾਰਜਾਂ ਨੂੰ ਨੇਪਰੇ ਚਾੜਨਾ ਹੈ।

————————–ਸਮਾਪਤੀ———————————-