ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ

0
396

ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ

ਜਗਜੀਵਨ ਸਿੰਘ (ਡਾ.)*

ਸਾਡੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰੀ ਮੁਲਕ ਨੂੰ ਇੱਕੋ ਰੰਗ ਵਿੱਚ ਰੰਗਣ ਦੇ ਰਾਹ ਵਿੱਚ ਰੋੜਾ ਸਮਝ ਕੇ ਮਨੁੱਖੀ ਗੌਰਵ, ਆਜ਼ਾਦੀ ਅਤੇ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕਰਨ ਵਾਲੇ ਉੱਘੇ ਚਿੰਤਕਾਂ ਨਰੇਂਦਰ ਦਾਭੋਲਕਰ ਅਤੇ ਪ੍ਰੋ. ਐਮ. ਐਮ. ਕਲਬੁਰਗੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕੱਟੜਪੰਥੀਆਂ ਦੇ ਸਿਰਫਿਰੇ ਹਜੂਮ ਦੁਆਰਾ ਉੱਤਰ-ਪ੍ਰਦੇਸ਼ ਦੇ ਦਾਦਰੀ ਇਲਾਕੇ ਵਿੱਚ ਧਰਮ ਦੇ ਨਾਂ ’ਤੇ ਇੱਕ ਮੁਸਲਮਾਨ ਵਿਅਕਤੀ ਅਖ਼ਲਾਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਾਮਵਰ ਗ਼ਜ਼ਲ ਗਾਇਕ ਗ਼ੁਲਾਮ ਅਲੀ ਦੇ ਮੁੰਬਈ ਵਿੱਚ ਰੱਖੇ ਪ੍ਰੋਗਰਾਮ ਨੂੰ ਦਾਦਾਗਿਰੀ ਕਰਦਿਆਂ ਜਬਰੀ ਰੱਦ ਕਰਵਾਇਆ ਗਿਆ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦੀ ਨਵੀਂ ਕਿਤਾਬ ਨੂੰ ਰਿਲੀਜ਼ ਕਰਨ ਲਈ ਮੁੰਬਈ ਵਿੱਚ ਰੱਖੇ ਸਮਾਗਮ ਦੇ ਪ੍ਰਮੁੱਖ ਪ੍ਰਬੰਧਕ ਭਾਜਪਾ ਆਗੂ ਸੁਧੀਂਦਰ ਕੁਲਕਰਨੀ ਦੇ ਮੂੰਹ ’ਤੇ ਕਾਲਖ ਪੋਚ ਕੇ ਸਿਰੇ ਦੇ ਕੁਹਜ ਦਾ ਪ੍ਰਗਟਾਵਾ ਕੀਤਾ ਗਿਆ। ਇਹ ਸਾਰੀਆਂ ਘਟਨਾਵਾਂ ਦੇਸ਼ ਵਿੱਚ ਵੱਧ ਰਹੀ ਧਾਰਮਿਕ-ਸੱਭਿਆਚਾਰਕ ਸੰਕੀਰਣਤਾ ਅਤੇ ਅਸਹਿਣਸ਼ੀਲਤਾ ਨੂੰ ਦਰਸਾਉਂਦੀਆਂ ਹਨ।
ਜਿਹੜੇ ਵੀ ਵਿਅਕਤੀ ਅਜਿਹੀਆਂ ਅਨੈਤਿਕ, ਅਣ-ਮਨੁੱਖੀ, ਘਿਨਾਉਣੀਆਂ ਅਤੇ ਬੇਹੂਦਾ ਕਾਰਵਾਈਆਂ ਕਰ ਰਹੇ ਹਨ, ਉਹ ਇਸ ਭੁਲੇਖੇ ਦਾ ਸ਼ਿਕਾਰ ਹਨ ਕਿ ਉਹ ਕੋਈ ਪੁੰਨ ਅਤੇ ਧਰਮ ਦਾ ਕਾਰਜ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਉਹ ਧਰਮ ਦੇ ਉੱਚੇ-ਸੁੱਚੇ ਸੁਹਜ ਅਤੇ ਅਸਲੀ ਅਰਥਾਂ ਤੋਂ ਪੂਰੀ ਤਰ੍ਹਾਂ ਸੱਖਣੇ ਅਤੇ ਅਨਜਾਣ ਹਨ। ਧਰਮ ਦੀ ਸਤਹੀ, ਕੱਚੀ ਅਤੇ ਉਲਾਰ ਸਮਝ ਕਾਰਨ ਕੱਟੜਤਾ ਅਤੇ ਅਸਹਿਣਸ਼ੀਲਤਾ ਦਾ ਪ੍ਰ੍ਰਗਟਾਵਾ ਕਰਕੇ ਉਹ ਨਾ ਕੇਵਲ ਧਰਮ ਦੀ ਤੌਹੀਨ ਅਤੇ ਮਨੁੱਖਤਾ ਦਾ ਘਾਣ ਕਰਨ ਦੇ ਦੋਸ਼ੀ ਹਨ, ਸਗੋਂ ਧਰਮ ਦੇ ਨਾਂ ’ਤੇ ਘੋਰ ਅਨੈਤਿਕਤਾ ਅਤੇ ਅਧਰਮ ਵੀ ਫੈਲਾ ਰਹੇ ਹਨ। ਉਨ੍ਹਾਂ ਦਾ ਜ਼ਾਲਮਾਨਾ ਰਵੱਈਆ ਲੋਕਾਂ ਅੰਦਰ ਡਰ, ਘੁਟਣ ਅਤੇ ਸਹਿਮ ਪੈਦਾ ਕਰ ਰਿਹਾ ਹੈ। ਫਲਸਰੂਪ ਦੇਸ਼ ਦੇ ਸਮੁੱਚੇ ਮਾਹੌਲ ਦੇ ਅਰਾਜਕ ਅਤੇ ਤਾਨਾਸ਼ਾਹ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਧਰਮ ਦੀ ਘੋਰ ਦੁਰਵਰਤੋਂ ਕਾਰਨ ਪੈਦਾ ਹੋਈਆਂ ਅਜਿਹੀਆਂ ਵਿਕਰਾਲ ਹਾਲਤਾਂ ਅਤੇ ਖ਼ਤਰੇ ਦੇ ਪ੍ਰਸੰਗ ਵਿੱਚ ਧਰਮ ਦੇ ਅਸਲ ਸਰੂਪ ਅਤੇ ਉਦੇਸ਼ ਨੂੰ ਸਹੀ ਅਰਥਾਂ ਵਿੱਚ ਸਮਝਣਾ, ਉਘਾੜਨਾ, ਉਭਾਰਨਾ ਅਤੇ ਪ੍ਰਚਾਰਨਾ-ਪ੍ਰਸਾਰਨਾ ਸਮੇਂ ਦੀ ਵੱਡੀ ਲੋੜ ਬਣ ਗਈ ਹੈ।
ਭਾਰਤੀ ਚਿੰਤਨ ਵਿੱਚ ਜਿੱਥੇ ਸਦਾਚਾਰ ਨੂੰ ਧਰਮ ਦੀ ਬੁਨਿਆਦ ਮੰਨਿਆ ਗਿਆ ਹੈ, ਉੱਥੇ ਪਰਮਾਤਮਾ ਦੀ ਬੰਦਗੀ ਨੂੰ ਧਰਮ ਦਾ ਮੁੱਖ ਤੱਤ ਵੀ ਸਵੀਕਾਰਿਆ ਗਿਆ ਹੈ। ਰੂਹਾਨੀਅਤ ਪੱਖੋਂ ਧਰਮ ਇੱਕ ਅਜਿਹਾ ਰੂਹਾਨੀ ਵਰਤਾਰਾ ਹੈ ਜਿਸ ਨੂੰ ਮਨ ਦੀ ਬਾਹਰਮੁੱਖੀ ਅੱਖ ਨਾਲ ਨਹੀਂ ਅੰਤਰਮੁੱਖੀ ਅੱਖ ਨਾਲ ਹੀ ਸਹੀ ਅਰਥਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਭਾਰਤੀ ਪ੍ਰਸੰਗ ਵਿੱਚ ਧਰਮ ਮੂਲ ਰੂਪ ਵਿੱਚ ਨੈਤਿਕ ਤਰਜ਼-ਏ-ਜ਼ਿੰਦਗੀ ਦੇ ਨਾਲ ਨਾਲ ਰੂਹਾਨੀਅਤ ਅਤੇ ਰਹੱਸਵਾਦ ਦੀ ਅਨੁਭਵੀ ਦੁਨੀਆਂ ਨਾਲ ਵੀ ਨੇੜਿਉਂ ਜੁੜਿਆ ਹੋਇਆ ਹੈ। ਇਸ ਲਈ ਹੀ ਇਸ ਵਿੱਚ ‘ਬਾਹਰ ਯਾਤਰਾ’ ਦੀ ਥਾਂ ‘ਅੰਤਰ ਯਾਤਰਾ’ ਨੂੰ ਵੱਡਾ ਮਹੱਤਵ ਹਾਸਲ ਹੈ।

ਧਾਰਮਿਕ ਹੋਣਾ ਮਨੁੱਖ ਦੀ ਅੰਤਰਮੁੱਖੀ ਭਾਵ ਧੁਰ ਅੰਦਰਲੀ ਆਦਿ-ਜੁਗਾਦੀ ਚਿਤ-ਬਿਰਤੀ ਹੈ। ਮਨੁੱਖ ਦਾ ਕਦੀਮੀ ਸੁਭਾਅ ਹੀ ਉਸ ਨੂੰ ਧਰਮ ਵੱਲ ਪ੍ਰੇਰਿਤ ਕਰਦਾ ਹੈ। ਧਰਮ ਦੇ ਰਹੱਸਵਾਦੀ ਅਨੁਭਵੀ ਅਤੇ ਧਿਆਨੀ ਖੇਤਰ ਵਿੱਚ ਇੱਕ ਵਿਸ਼ੇਸ਼ ਸਿਖ਼ਰਲੇ ਪੜਾਅ (ਨਿਰਵਾਣ/ਮੁਕਤੀ) ਉੱਤੇ ਮਨੁੱਖ ਦਾ ਪਰਮਾਤਮਾ ਪ੍ਰਤੀ ਪਿਆਰ, ਲਗਾਓ ਅਤੇ ਭਰੋਸਾ ਏਨਾ ਪ੍ਰਬਲ ਅਤੇ ਗਹਿਰਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ ਨਾਲ ਇਕਮਿਕਤਾ ਦੀ ਉਚੇਰੀ ਵਿਸਮਾਦੀ ਅਵਸਥਾ ਵਿੱਚ ਵਿਚਰਦਾ ਹੋਇਆ ਸਭ ਪ੍ਰਕਾਰ ਦੇ ਦੂਈ-ਦ੍ਵੈਤਾਂ, ਸ਼ੰਕਿਆਂ, ਵਿਰੋਧਾਂ, ਸੰਕੀਰਣ ਖ਼ਿਆਲਾਂ, ਹੱਦਬੰਦੀਆਂ, ਤਰਕ-ਵਿਤਰਕਾਂ, ਭਿੰਨ-ਭੇਦਾਂ, ਕਿੰਤੂਆਂ-ਪਰੰਤੂਆਂ ਅਤੇ ਦੁਨਿਆਵੀ ਜੰਜਾਲਾਂ ਤੋਂ ਉਤਾਂਹ ਉੱਠ ਜਾਂਦਾ ਹੈ, ਭਾਵ ਮੁਕਤ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਪਰਮਾਤਮਾ ਨਾਲ ਇਕਮਿਕਤਾ ਜਾਂ ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤੀ ਵਾਲੀ ਇਸੇ ਉਚੇਰੀ ਰੂਹਾਨੀ ਅਵਸਥਾ ਨੂੰ ‘ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ’ ਦਰਸਾਇਆ ਹੈ। ਸਪਸ਼ਟ ਹੈ ਕਿ ਧਰਮ ਦੋ ਤੱਤਾਂ ਨੈਤਿਕਤਾ ਅਤੇ ਰੂਹਾਨੀਅਤ ਭਾਵ ਪਰਮਾਤਮਾ ਦੀ ਰਜ਼ਾ ਅਤੇ ਬੰਦਗੀ ਨਾਲ ਜੁੜੇ ਸੂਖ਼ਮ ਰਹੱਸਵਾਦੀ ਅਨੁਭਵ ’ਤੇ ਆਧਾਰਿਤ ਹੈ। ਇਸ ਅੰਤਰ-ਸੂਝ ਦੀ ਲੋਅ ਵਿੱਚ ਜਦੋਂ ਅਸੀਂ ਬਹੁਲਤਾਵੀ ਭਾਰਤੀ ਸਮਾਜ ਅੰਦਰ ਸ਼ਾਂਤੀ, ਫ਼ਿਰਕੂ ਸਦਭਾਵਨਾ, ਭਾਈਚਾਰਕ ਸਾਂਝ, ਸਹਿਹੋਂਦ ਅਤੇ ਸਹਿਣਸ਼ੀਲਤਾ ਪੈਦਾ ਕਰਨ ਪੱਖੋਂ ਧਰਮ ਨੂੰ ਇੱਕ ਮੁਕੰਮਲ ਜੀਵਨ-ਜਾਚ ਵਜੋਂ ਚਿਤਵਦਿਆਂ ਇਸ ਦੀ ਸਾਰਥਿਕਤਾ ਨੂੰ ਸਹੀ ਅਰਥਾਂ ਵਿੱਚ ਸਮਝਣ-ਸਮਝਾਉਣ ਦਾ ਯਤਨ ਕਰਦੇ ਹਾਂ ਤਾਂ ਸੁਭਾਵਿਕ ਹੀ ਨੈਤਿਕਤਾ ਦੇ ਨਾਲ ਨਾਲ ਇਸ ਦਾ ਰੂਹਾਨੀ ਪੱਖ ਵਿਸ਼ੇਸ਼ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਇਸ ਅਧੀਨ ਮਨੁੱਖੀ ਜੀਵਨ ਨੂੰ ਸੰਜਮੀ ਅਤੇ ਉਦਾਰੀ ਬਣ ਕੇ ਮੁਕਤੀ ਦੀ ਪ੍ਰਾਪਤੀ ਦੇ ਮਾਰਗ ਉੱਤੇ ਤੋਰਿਆ ਜਾਂਦਾ ਹੈ।

ਪਰਮਾਤਮਾ ਨਾਲ ਮਹਾਂ-ਮਿਲਾਪ ਰਾਹੀਂ ਮਨੁੱਖ ਦਾ ਪਰਮ-ਆਨੰਦ ਜਾਂ ਜੀਵਨ-ਮੁਕਤਿ ਦੀ ਉਚੇਰੀ ਵਿਸਮਾਦੀ ਅਵਸਥਾ ਨੂੰ ਪੁੱਜਣਾ ਉਸ ਦੇ ਧਾਰਮਿਕ ਅਨੁਭਵ ਦਾ ਸਿਖ਼ਰਲਾ ਪੜਾਅ ਹੈ। ਧਾਰਮਿਕ ਸਾਧਨਾਂ ਦੀ ਇਸ ਉੱਚ ਰੂਹਾਨੀ ਅਵਸਥਾ ਨੂੰ ਮਾਣੇ ਅਤੇ ਜੀਵੇ ਬਿਨਾਂ ਕਿਸੇ ਮਨੁੱਖ ਲਈ ਧਰਮ ਦੇ ਅੰਤਰੀਵ ਅਸਲੇ ਦੀ ਥਾਹ ਪਾਉਣਾ ਸੰਭਵ ਨਹੀਂ ਹੈ। ਇਸ ਪ੍ਰਸੰਗ ਵਿੱਚ ਵੱਡਾ ਸੱਚ ਇਹ ਹੈ ਕਿ ਧਾਰਮਿਕ ਅਨੁਭਵ ਦੀ ਅਸਲ ਸਮਝ ਮਨੁੱਖੀ ਸਮਾਜ ਲਈ ਪਿਆਰ, ਸ਼ਾਂਤੀ, ਖੁੱਲ੍ਹਦਿਲੀ, ਪਰਉਪਕਾਰ, ਤਿਆਗ, ਕੁਰਬਾਨੀ, ਸਹਿਣਸ਼ੀਲਤਾ, ਸਬਰ-ਸੰਤੋਖ, ਸਹਿਹੋਂਦ, ਹਲੀਮੀ, ਮਨੁੱਖੀ ਆਜ਼ਾਦੀ ਅਤੇ ਨਿਆਂ ਆਦਿ ਉੱਚੀਆਂ ਕਦਰਾਂ-ਕੀਮਤਾਂ ਦੀ ਸਿਰਜਣਾ ਕਰਨ ਵਾਲਾ ਇੱਕ ਬਹੁਤ ਹੀ ਸਿਹਤਮੰਦ ਵਰਤਾਰਾ ਹੈ। ਪਰ ਇਸ ਦੇ ਉਲਟ ਇਸ ਦੀ ਸਤਹੀ, ਉਲਾਰ, ਅਧੂਰੀ, ਆਡੰਬਰੀ ਅਤੇ ਸਵਾਰਥੀ ਸਮਝ ਮਨੁੱਖੀ ਸਮਾਜ ਅੰਦਰ ਕੱਟੜਤਾ, ਨਫ਼ਰਤ, ਈਰਖਾ, ਸਾੜਾ, ਲਾਲਸਾ, ਹਉਮੈ, ਬੇਚੈਨੀ, ਅਸ਼ਾਂਤੀ, ਅਸੰਜਮ, ਵੈਰ-ਵਿਰੋਧ, ਫ਼ਿਰਕਾਪ੍ਰਸਤੀ, ਅਨਿਆਂ ਅਤੇ ਜਬਰ-ਜ਼ੁਲਮ ਵਰਗੀਆਂ ਅਲਾਮਤਾਂ ਪੈਦਾ ਕਰਨ ਵਾਲਾ ਨਾਂਹ-ਪੱਖੀ ਵਰਤਾਰਾ ਹੈ।

ਧਰਮ-ਚਿੰਤਨ ਅਤੇ ਧਾਰਮਿਕ ਅਨੁਭਵ ਦੀ ਅਸਲ ਸਮਝ ਰੱਖਣ ਵਾਲੇ ਮਨੁੱਖਾਂ ਦੀ ਇੱਕ ਵਿਸ਼ੇਸ਼ ਪਛਾਣ ਇਹ ਹੁੰਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਸਮੁੱਚੇ ਸਮਾਜ ਨੂੰ ਸਰੀਰ ਅਤੇ ਮਨ ਦੇ ਤਲ ’ਤੇ ਨਹੀਂ ਸਗੋਂ ਰੂਹ ਦੇ ਗਹਿਰੇ ਅਤੇ ਉਚੇਰੇ ਤਲ ’ਤੇ ਨਿਹਾਰਦੇ ਅਤੇ ਵੇਖਦੇ ਹਨ। ਮਨੁੱਖ ਤੋਂ ਦਰਵੇਸ਼ ਬਣਿਆ ਅਜਿਹਾ ਸ਼ਖ਼ਸ ਕਿਵੇਂ ਰੂਹ ਦੇ ਪੱਧਰ ’ਤੇ ਵਿਚਰਦਾ ਹੋਇਆ ਹਰ ਬਸ਼ਰ ਅੰਦਰ ਰੱਬੀ ਨੂਰ ਦਾ ਜਲਵਾ ਵੇਖਦਾ ਹੈ, ਇਸ ਦੀ ਇੱਕ ਅਨੋਖੀ ਮਿਸਾਲ ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਭਾਈ ਘਨੱਈਆ ਜੀ ਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੁਗਲ ਫ਼ੌਜਾਂ ਨਾਲ ਹੋ ਰਹੇ ਧਰਮ-ਯੁੱਧ ਦੌਰਾਨ ਮਾਨਵ-ਧਰਮ ਦੀਆਂ ਗਹਿਰੀਆਂ ਆਤਮਿਕ ਰਮਜ਼ਾਂ ਨੂੰ ਸਮਝਣਹਾਰੇ ਅਤੇ ਮੁਕਤੀ ਦੀ ਅਵਸਥਾ ਨੂੰ ਪਹੁੰਚੇ ਇਸ ਇਨਸਾਨ ਦੀ ਪਾਕ-ਸਾਫ਼ ਨਜ਼ਰ ਵਿੱਚ ਕੋਈ ਬਿਗਾਨਾ ਅਤੇ ਵੈਰੀ ਨਹੀਂ ਰਿਹਾ। ਇੱਕ ਮਾਸ਼ਕੀ ਦਾ ਧਰਮ ਨਿਭਾਉਂਦਿਆਂ ਉਹ ਆਪਣੇ ਸਿਪਾਹੀਆਂ ਦੇ ਨਾਲ ਨਾਲ ਦੁਸ਼ਮਣ ਸਿਪਾਹੀਆਂ ਨੂੰ ਵੀ ਬਿਨਾਂ ਕਿਸੇ ਭੇਦ-ਭਾਵ ਦੇ ਜਲ ਛਕਾਉਣ ਦੀ ਸੇਵਾ ਕਰਦੇ ਰਹੇ।

ਧਰਮ ਦੀ ਸਤਹੀ ਸਮਝ ਵਾਲਿਆਂ ਨੂੰ ਭਾਈ ਘਨੱਈਆ ਜੀ ਦਾ ਅਜਿਹਾ ਉੱਚਾ-ਸੁੱਚਾ ਅਤੇ ਰਮਜ਼ਮਈ ਕਿਰਦਾਰ ਧਰਮ ਵਿਰੋਧੀ ਲੱਗਾ। ਉਨ੍ਹਾਂ ਨੇ ਭਾਈ ਸਾਹਿਬ ਦੀ ਸ਼ਿਕਾਇਤ ਜਦੋਂ ਸਤਿਗੁਰਾਂ ਪਾਸ ਕੀਤੀ ਤਾਂ ਉਨ੍ਹਾਂ ਨੇ ਸੰਗਤਾਂ ਸਾਹਮਣੇ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਭਾਈ ਘਨੱਈਆ ਜੀ ਦੇ ਵਿਵਹਾਰ ਨੂੰ ਪੂਰੀ ਤਰ੍ਹਾਂ ਧਰਮ ਅਨੁਸਾਰ ਉੱਚਿਤ ਦੱਸਿਆ। ਖ਼ੁਸ਼ੀ ਅਤੇ ਮਿਹਰ ਦੇ ਘਰ ਆਏ ਸਤਿਗੁਰਾਂ ਨੇ ਭਾਈ ਸਾਹਿਬ ਨੂੰ ਜੰਗ ਦੇ ਮੈਦਾਨ ਵਿੱਚ ਪਿਆਸੇ ਸਿਪਾਹੀਆਂ ਨੂੰ ਪਾਣੀ ਪਿਲਾਉਣ ਦੇ ਨਾਲ ਨਾਲ ਫੱਟੜਾਂ ਦੀ ਮੱਲ੍ਹਮ-ਪੱਟੀ ਕਰਨ ਦੀ ਸੇਵਾ ਵੀ ਸੌਂਪ ਦਿੱਤੀ।

ਇਸ ਵਿਚਾਰ ਦਾ ਸਾਰ-ਤੱਤ ਇਹ ਹੈ ਕਿ ਦਰਅਸਲ ਧਰਮ ਇੱਕ ਅੰਤਰਮੁੱਖੀ ਅਨੁਭਵੀ ਵਰਤਾਰਾ ਹੈ। ਅੰਤਰ-ਯਾਤਰਾ ਹੈ। ਮੂਲ ਰੂਪ ਵਿੱਚ ਇਸ ਦਾ ਸਬੰਧ ਮਨੁੱਖ ਦੇ ਮਨ, ਹਿਰਦੇ ਅਤੇ ਰੂਹ ਨਾਲ ਹੈ। ਮਨੁੱਖੀ ਹਿਰਦੇ ਨੂੰ ਵੱਡਾ ਧਰਵਾਸ ਦੇਣ, ਮਨ ਨੂੰ ਸਾਧਣ, ਸ਼ਾਂਤ ਕਰਨ ਅਤੇ ਆਤਮਾ ਨੂੰ ਨਿਰਮਲ ਬਣਾਉਣ ਅਤੇ ਪਰਮਾਤਮਾ ਨਾਲ ਇੱਕ ਲੈਅ ਕਰਨ ਪੱਖੋਂ ਨੈਤਿਕਤਾ ਅਤੇ ਰੂਹਾਨੀਅਤ ਹਰ ਧਰਮ ਦਾ ਬੁਨਿਆਦੀ ਕਾਰਜ ਹੈ।

ਧਾਰਮਿਕ ਅਨੁਭਵ ਦੀ ਗਹਿਰੀ ਸਮਝ ਵਾਲਾ ਮਨੁੱਖ ਸੁਤੇ ਸਿੱਧ ਹੀ ਖੁੱਲ੍ਹ-ਦਿਲਾ ਅਤੇ ਉਦਾਰ ਹੁੰਦਾ ਹੈ। ਮੁਕਤੀ ਦੇ ਉਚੇਰੇ ਤਲ ’ਤੇ ਪਹੁੰਚਿਆ ਅਜਿਹਾ ਮਨੁੱਖ ਹਰ ਪ੍ਰਕਾਰ ਦੀਆਂ ਲਕੀਰਾਂ ਅਤੇ ਤੇਰ-ਮੇਰ ਤੋਂ ਪੂਰੀ ਤਰ੍ਹਾਂ ਨਿਰਲੇਪ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਧਰਮ ਦੀ ਸੱਚੀ ਸਮਝ ਰੱਖਣ ਵਾਲੇ ਸੰਸਾਰ ਦੇ ਹਰ ਧਰਮ ਦੇ ਮਹਾਂਪੁਰਸ਼ ਅਤੇ ਉਨ੍ਹਾਂ ਨੂੰ ਮੰਨਣ ਵਾਲਿਆਂ ਨੇ ਸਮੁੱਚੀ ਮਨੁੱਖ ਜਾਤੀ ਨੂੰ ਆਪਣੇ ਖੁੱਲ੍ਹੇ ਕਲਾਵੇ ਵਿੱਚ ਲੈਣ ਦਾ ਯਤਨ ਕੀਤਾ। ਸਮੁੱਚੇ ਸੰਸਾਰ ਨੂੰ ਭਾਈਚਾਰਕ ਸਾਂਝ, ਪਿਆਰ-ਮੁਹੱਬਤ ਅਤੇ ਏਕਤਾ ਦਾ ਪੈਗ਼ਾਮ ਦਿੱਤਾ। ਸਮਾਜ ਦੇ ਵੱਖ ਵੱਖ ਵਰਗਾਂ, ਫ਼ਿਰਕਿਆਂ, ਜਾਤਾਂ ਅਤੇ ਧਰਮਾਂ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਸੁਹਿਰਦ ਅਤੇ ਸੰਜੀਦਾ ਯਤਨ ਕੀਤਾ। ਇਹ ਵੱਖਰੀ ਗੱਲ ਹੈ ਕਿ ਧਰਮ ਦੀ ਅੱਧੀ-ਅਧੂਰੀ, ਸਤਿਹੀ, ਇੱਕਪਾਸੜ, ਸੰਕੀਰਣ ਅਤੇ ਭਾਰਮਿਕ ਸਮਝ ਰੱਖਣ ਵਾਲੇ ਬਦਨੀਤੇ, ਜਨੂੰਨੀ ਅਤੇ ਸ਼ੋਸ਼ਣਕਾਰੀ ਧਾਰਮਿਕ ਅਤੇ ਰਾਜਨੀਤਕ ਵਿਅਕਤੀਆਂ ਨੇ ਆਪਣੇ ਸਵਾਰਥੀ ਹਿਤਾਂ ਦੀ ਸਿੱਧੀ ਲਈ ਇਸ ਦੀ ਦੁਰਵਰਤੋਂ ਅਤੇ ਗ਼ਲਤ ਵਿਆਖਿਆ ਦੁਆਰਾ ਸਮਾਜ ਅੰਦਰ ਵੰਡੀਆਂ, ਨਫ਼ਰਤਾਂ ਅਤੇ ਵੈਰ-ਵਿਰੋਧ ਪੈਦਾ ਕਰਕੇ ਇਸ ਨੂੰ ਬਦਨਾਮ ਕਰਨ ਦਾ ਕੁਹਜਾ ਕਾਰਜ ਵੀ ਕੀਤਾ ਹੈ।

ਦਰਅਸਲ, ਧਰਮ ਕੋਈ ਵੀ ਮਾੜਾ ਨਹੀਂ। ਇਸ ਦੀ ਉਲਾਰ ਸਮਝ ਅਤੇ ਧਰਮ ਦੇ ਨਾਂ ’ਤੇ ਪਾਖੰਡ, ਦੰਭ, ਆਡੰਬਰ, ਠੱਗੀਆਂ, ਰਾਜਨੀਤੀ ਅਤੇ ਕਾਰੋਬਾਰ ਚਲਾਉਣ ਵਾਲੇ ਮਨੁੱਖ ਮਾੜੇ ਹਨ। ਇਹ ਵੀ ਸੱਚ ਹੈ ਕਿ ਕਿਸੇ ਵੀ ਧਰਮ ਦੀ ਸੱਚੀ-ਸੁੱਚੀ ਮੂਲ ਭਾਵਨਾ ਅਤੇ ਅੰਤਰ-ਆਤਮਾ ਅੰਦਰ ਦਿਖਾਵੇ, ਦੰਭ ਅਤੇ ਪਾਖੰਡ ਦੀ ਕੋਈ ਥਾਂ ਨਹੀਂ ਹੁੰਦੀ ਜਦੋਂਕਿ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ ਅਖੌਤੀ ਧਾਰਮਿਕ ਆਗੂਆਂ ਅਤੇ ਸਿਆਸਤਦਾਨਾਂ ਦੀ ਕਾਰਜ-ਸ਼ੈਲੀ ਦਾ ਕੇਂਦਰੀ ਧੁਰਾ ਦੰਭ ਅਤੇ ਪਾਖੰਡ ਹੀ ਹੁੰਦਾ ਹੈ।

* ਅਸਿਸਟੈਂਟ ਪ੍ਰੋਫੈਸਰ, ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
•ਮੋਬਾਈਲ: 99143-01328