ਮੇਰਾ ਮੂਲ ਮੇਰਾ ਗ੍ਰੰਥ ਮੇਰੀ ਸੰਸਥਾ ਮੇਰਾ ਪੰਥ

0
199

ਮੇਰਾ ਮੂਲ ਮੇਰਾ ਗ੍ਰੰਥ ਮੇਰੀ ਸੰਸਥਾ ਮੇਰਾ ਪੰਥ

ਇੰਜੀ. ਸਹਿਜਦੀਪ ਸਿੰਘ, ਫ਼ਤਹਿ ਟੀ.ਵੀ.-99156-28665

ਗੁਰੂ ਨਾਨਕ ਸਾਹਿਬ ’ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਗੁਰੂ ਕਾਲ ਤੱਕ ਸਿੱਖਾਂ ਦਾ ਪੂਰਾ ਨਿਸ਼ਚਾ ਇੱਕ ਅਕਾਲ ਪੁਰਖ ’ਤੇ ਰਿਹਾ ਹੈ। ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਗੁਰੂ ਨਾਨਕ ਸਾਹਿਬ ਦੀ ਸੋਚ ’ਤੋਂ ਵਿਰੋਧੀ ਤਾਕਤਾਂ ਵੀ ਆਪਣਾ ਜ਼ੋਰ ਅਜ਼ਮਾਉਂਦੀਆਂ ਰਹੀਆਂ। ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛੇ ਮਹੀਨਿਆਂ ਵਿੱਚ ਹੀ ਖ਼ਾਲਸਾ ਰਾਜ ਕਾਇਮ ਕਰਨ ’ਤੇ ਇਹਨਾਂ ਵਿਰੋਧੀ ਤਾਕਤਾਂ ਨੂੰ ਇਸ ’ਤੋਂ ਇਨ੍ਹਾਂ ਡਰ ਲੱਗਾ ਕਿ ਇਹਨਾਂ ਤਾਕਤਾਂ ਨੇ ਨਵੇਂ ਨਵੇਂ ਰੂਪ ਧਾਰਨ ਕਰਦਿਆਂ ਗੁਰੂ ਕਾਲ ’ਤੋਂ ਲੈ ਕੇ 1984 ਤੱਕ ਸਿੱਖਾਂ ਨੂੰ ਖ਼ਤਮ ਕਰਨ ਦਾ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਪਰ ਹਾਰ ਕੇ ਇਹਨਾਂ ਨੇ ਇਹ ਨਤੀਜਾ ਕੱਢਿਆ ਕਿ ਗੁਰੂ ਦੇ ਸਿੱਖ ਨਾ ਆਰਿਆਂ ਨਾਲ ਮੁੱਕਣੇ ਨੇ, ਨਾ ਰੰਬੀਆਂ ਨਾਲ ਅਤੇ ਨਾ ਹੀ ਤੋਪਾਂ ਨਾਲ। ਫਿਰ ਇਹਨਾਂ ਨੇ ਸਿੱਖਾਂ ਨੂੰ ਢਾਅ ਲਾਉਣ ਲਈ ਸਿਧਾਂਤਕ ਪੱਖੋਂ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਤਾਕਤਾਂ ਅਧੀਨ ਹੀ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ’ਤੋਂ ਬਾਅਦ ਕਈ ਤਰ੍ਹਾਂ ਦੇ ਅਲੱਗ ਅਲੱਗ ਧੜੇ ਫਿਰ ਸਮਾਂ ਬੀਤਦਿਆਂ 12 ਮਿਸਲਾਂ ਬਣੀਆਂ ਪਰ ਇਹ ਬਾਰ੍ਹਾਂ ਮਿਸਲਾਂ ਲੋੜ ਪੈਣ ’ਤੇ ਇਕ ਨਿਸ਼ਾਨ ਸਾਹਿਬ ਹੇਠ ਕੰਮ ਕਰਦੀਆਂ ਸੀ। ਫਿਰ ਇਹਨਾਂ ਵਿਰੋਧੀ ਤਾਕਤਾਂ ਦਾ ਸ਼ਿਕਾਰ ਹੋ ਕੇ ਸਿੱਖਾਂ ਦੀ ਗਿਣਤੀ ਨੂੰ ਘਟਾਉਣ ਲਈ ਸਿੱਖਾਂ ਵਿੱਚੋਂ ਹੀ ਨਾਮਧਾਰੀ, ਨਿਰੰਕਾਰੀ, ਰਾਧਾ ਸੁਆਮੀ ਅਤੇ ਹੋਰ ਇਸ ਤਰ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਤਾਂ ਜੋ ਇਹ ਇੱਕ ਨਿਸ਼ਾਨ ਸਾਹਿਬ ਹੇਠਾਂ ਕਦੇ ਨਾ ਇਕੱਠੇ ਹੋ ਸਕਣ।

ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਇਹ ਫੁਟਪਾਉ ਤਾਕਤਾਂ ਇਤਨੀਆਂ ਹਾਵੀ ਹੋ ਗਈਆਂ ਹਨ ਕਿ ਬਾਰ੍ਹਾਂ ਮਿਸਲਾਂ ’ਤੋਂ ਬਾਰ੍ਹਾਂ ਹਜ਼ਾਰ ’ਤੋਂ ਵੀ ਵੱਧ ਜਥੇਬੰਦੀਆਂ ਬਣ ਗਈਆਂ ਹਨ। ਜਿਹੜੀਆਂ ਕਿ ਸਿਰਫ਼ ਆਪਣੀ ਹੀ ਮਰਿਆਦਾ ਨੂੰ ਸਹੀ ਸਮਝਦੀਆਂ ਹਨ। ਇਹ ਸੰਸਥਾਵਾਂ ਨੌਜਵਾਨਾਂ ਨੂੰ ਕੰਮ ਦਾ ਹਵਾਲਾ ਦੇ ਕੇ ਆਪਣੀਆਂ ਪ੍ਰਧਾਨਗੀਆਂ ਨੂੰ ਸ਼ਿੰਗਾਰਨ ਦੇ ਕਾਰਜ ਕਰਾਉਂਦੀਆਂ ਨੇ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਗਾ ਕੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਦਾ ਨੌਜੁਆਨ ਨਾਕਾਰਾਤਮਕ ਸੋਚ ਕਾਰਨ ਸਾਰੀਆਂ ਜਥੇਬੰਦੀਆਂ ਦੇ ਮਾੜੇ ਕੰਮਾਂ ਨੂੰ ਗਿਣਾ ਕੇ ਸਿੱਖੀ ਦੇ ਕਿਸੇ ਵੀ ਕੰਮ ਵਿੱਚ ਆਪਣਾ ਯੋਗਦਾਨ ਨਹੀਂ ਪਾ ਰਿਹਾ। ਨਾਕਾਰਾਤਮਕ ਹੋ ਕੇ ਬੈਠਣ ਨਾਲੋਂ ਸਾਡਾ ਆਪਣਾ ਫ਼ਰਜ ਬਣਦਾ ਹੈ ਕਿ ਹਰ ਸਿੱਖ ਆਪਣੀ ਕੌਮ ਪ੍ਰਤੀ ਆਪਣਾ ਫ਼ਰਜ ਪਛਾਣੇ ਅਤੇ ਉਸ ਨੂੰ ਅਮਲ ਵਿੱਚ ਲਿਆਵੇ। ਅਸੀਂ ਸਾਰੀਆਂ ਜਥੇਬੰਦੀਆਂ ਨੂੰ ਗ਼ਲਤ ਨਹੀਂ ਕਹਿ ਸਕਦੇ, ਪਰ ਸਾਰੇ ਚੰਗੇ ਸ਼ਖ਼ਸ ਵੀ ਨਹੀਂ ਹਨ।

ਸੋ, ਇਸ ਲਈ ਸਾਨੂੰ ਸ੍ਵੈ-ਪੜਚੋਲ ਕਰਕੇ ਜੋ ਕਾਰਜ ਪੰਥ ਦੀ ਚੜ੍ਹਦੀਕਲਾ ਵਿੱਚ ਹੋਣ ਉਸ ਵਿੱਚ ਵਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਹੈ, ਬਲਕਿ ਹੋਰਨਾਂ ਨੂੰ ਵੀ ਪ੍ਰੇਰਣਾ ਦੇਣੀ ਚਾਹੀਦੀ ਹੈ। ਅਸੀਂ ਕਾਫ਼ੀ ਸ਼ਖ਼ਸ ਵੇਖਦੇ ਹਾਂ ਜੋ ਕਿ ਜਥੇਬੰਦੀਆਂ ’ਤੋਂ ਟੁੱਟ ਜਾਂਦੇ ਹਨ ਅਤੇ ਉਹ ਕੌਮੀ ਕਾਰਜਾਂ ਵਿੱਚ ਵੀ ਸ਼ਿਰਕਤ ਨਹੀਂ ਕਰਦੇ, ਜੋ ਕਿ ਵਿਰੋਧੀ ਤਾਕਤਾਂ ਦਾ ਨਿਸ਼ਾਨਾ ਬਣ ਕੇ ਰਹਿ ਜਾਂਦੇ ਹਨ। ਗੁਰੂ ਸਾਹਿਬ ਨੇ ਤਾਂ ਆਪਣੇ ਸਿੱਖ ਨੂੰ ਇਨਾ ਪ੍ਰਪੱਕ ਬਣਾਇਆ ਸੀ ਕਿ ਸਿੱਖ ਤਾਂ ਆਪਣੇ ਆਪ ਵਿੱਚ ਹੀ ਇੱਕ ਜਥੇਬੰਦੀ ਹੋਵੇ। ਕਿਸੇ ਵੀ ਜਥੇਬੰਦੀ ਨੂੰ ਮੰਜ਼ਿਲ ਨਾ ਸਮਝ ਕੇ ਸਿਰਫ਼ ਇੱਕ ਰਾਹ ਸਮਝਿਆ ਜਾਵੇ ਤਾਂ ਬਿਹਤਰ ਹੈ ਕਿਉਂਕਿ ਜੇ ਰਾਹ ਵਿੱਚ ਕੋਈ ਔਕੜ ਆ ਜਾਵੇ ਤਾਂ ਅਸੀਂ ਮੰਜ਼ਿਲ ਨਹੀਂ ਛੱਡ ਦਿੰਦੇ। ਸਾਡੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਆਪਣੀਆਂ ਨਿਜ਼ੀ ਧਾਰਨਾਵਾਂ ’ਤੋਂ ਉਪਰ ਉੱਠ ਕੇ ਕੌਮੀ ਸਿਧਾਂਤਕ ਏਕਤਾ ਨੂੰ ਤਰਜੀਹ ਦੇਣ ਤਾਂ ਅਸੀ ਨਿਰਪੱਖ ਹੋ ਕੇ ਆਪਣਾ ਯੋਗਦਾਨ ਪਾ ਸਕਾਂਗੇ। ਭਾਈ ਘਨੱਈਆ ਜੀ ਇਸ ਗੱਲ ਦੀ ਬੜੀ ਵੱਡੀ ਉਦਾਹਰਣ ਹਨ ਜਿਹੜੇ ਕਿਸੇ ਜਥੇਬੰਦੀ ਦੇ ਪ੍ਰਧਾਨ ਜਾਂ ਮੈਂਬਰ ਵੀ ਨਹੀਂ ਸਨ ਸਗੋਂ ਉਨ੍ਹਾਂ ਦੀ ਨਿਰਪੱਖਤਾ ਅਤੇ ਸੇਵਾ ਦੀ ਭਾਵਨਾ ਦੇ ਪ੍ਰਭਾਵ ਅਧੀਨ ਉਹਨਾਂ ਦੇ ਨਾਮ ’ਤੇ ਅਨੇਕਾਂ ਜਥੇਬੰਦੀਆਂ ਬਣੀਆਂ ਹਨ।

ਆਓ, ਅਸੀਂ ਆਪੋ-ਆਪਣੀ ਥਾਂ ’ਤੇ ਆਪਣਾ ਫ਼ਰਜ ਸਮਝੀਏ ਤੇ ਨਿਭਾਈਏ ਅਤੇ ਕੌਮੀ ਚੜ੍ਹਦੀਕਲਾ ਲਈ ਆਪਣੇ ਹੀਲਿਆਂ ਨਾਲ ਸੇਵਾ ਕਰਦੇ ਰਹੀਏ।