ਮਾਤਾ ਖੀਵੀ ਜੀ ਦੀ ਲਾਡਲੀ ਬੱਚੀ ‘ਬੀਬੀ ਅਮਰੋ’

0
1235

ਮਾਤਾ ਖੀਵੀ ਜੀ ਦੀ ਲਾਡਲੀ ਬੱਚੀ ‘ਬੀਬੀ ਅਮਰੋ’ 

ਸਿੱਖ ਧਰਮ ਵਿਚ ਇਸਤ੍ਰੀ ਦਾ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦੀ 19 ਵੀਂ ਪਾਉੜੀ ਦੇ ਸਲੋਕ ਵਿਚ ਮਨੁੱਖੀ ਸਮਾਜ ਵਿਚ ਇਸਤਰੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ : ‘‘ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ॥’’

ਜਿਹੜੀ ਔਰਤ ਰਾਜਿਆਂ, ਭਗਤਾਂ ਅਤੇ ਸੂਰਮਿਆਂ ਨੂੰ ਜਨਮ ਦਿੰਦੀ ਹੈ ਭਲਾ ਉਸ ਔਰਤ ਨੂੰ ਮਾੜੀ ਕਿਵੇਂ ਕਿਹਾ ਜਾ ਸਕਦਾ ਹੈ। ਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚ ਵਿਚੋਂ ਪੈਦਾ ਹੋਈ ਔਰਤ ਦੀ ਸਤਿਕਾਰਤ ਹਸਤੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਅਤੇ ਸਦੀਵੀ ਸੰਬੰਧ ਰਿਹਾ ਹੈ। ਇਹ ਸੰਬੰਧ ਗੁਰਬਾਣੀ ਅਤੇ ਕੁਰਬਾਨੀ ਦੋਵਾਂ ਯੁੱਗਾਂ ਵਿਚ ਹੀ ਬਣਿਆ ਰਿਹਾ ਹੈ। ਗੁਰਬਾਣੀ ਯੁੱਗ ਵਿਚ ਗੁਰੂ ਨਾਨਕ ਦੇ ਘਰ/ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਇਸਤਰੀਆਂ ਵਿਚ ਹੀ ਸ਼ਾਮਲ ਹਨ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਦਾ ਨਾਮ ‘ਬੀਬੀ ਅਮਰੋ’।

ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਸਿੱਖੀ ਵਿਚ ਉਭਾਰਨ ਵਾਲੀ ‘ਬੀਬੀ ਅਮਰੋ’ ਦਾ ਜਨਮ 1532 ਈ. ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੇ ਘਰ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਹੋਇਆ। ਘਰੇਲੂ ਮਹੌਲ ਧਾਰਮਿਕ ਹੋਣ ਕਰਕੇ ਬੀਬੀ ਜੀ ਦਾ ਬਚਪਨ ਵੀ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ।

ਗੁਰੂ ਅੰਗਦ ਦੇਵ ਜੀ ਜਿੱਥੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਕਰਵਾਇਆ ਕਰਦੇ ਸਨ ਉੱਥੇ ਉਨ੍ਹਾਂ ਨੂੰ ਗੁਰਬਾਣੀ ਵੀ ਕੰਠ ਕਰਵਾਇਆ ਕਰਦੇ ਸਨ। ਬੀਬੀ ਅਮਰੋ ਨੇ ਆਪਣੀ ਮੁੱਢਲੀ ਤਲ਼ੀਮ ਵੀ ਗੁਰੂ ਪਿਤਾ ਕੋਲੋਂ ਹੀ ਹਾਸਲ ਕੀਤੀ। ਮਾਤਾ ਖੀਵੀ ਜੀ ਵੀ ਆਪਣੀ ਸੁਘੜ-ਸਿਆਣੀ ਧੀ ਨੂੰ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਉਦੇਸ਼ ਅਤੇ ਉਪਦੇਸ਼ ਤੋਂ ਗਿਆਤ ਕਰਵਾਉਂਦੇ ਸਨ ਉੱਥੇ ਗੁਰੂ ਸਾਹਿਬ ਦੇ ਸਿੱਖਾਂ ਦੇ ਪਰਉਪਕਾਰੀ ਜੀਵਨ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਕਰਵਾਇਆ ਕਰਦੇ ਸਨ। ਮਾਤਾ ਜੀ ਵੱਲੋਂ ਮਿਲੀ ਸੁਚੱਜੀ ਅਗਵਾਈ ਸਦਕਾ ਬੀਬੀ ਜੀ ਨੂੰ ਬਹੁਤ ਸਾਰੀ ਗੁਰਬਾਣੀ ਕੰਠ ਹੋ ਗਈ ਸੀ। ‘ਸਿਧ ਗੋਸਟਿ’ ਦੀ ਬਾਣੀ ਦਾ ਪਾਠ ਉਹ ਜ਼ੁਬਾਨੀ ਹੀ ਕਰਿਆ ਕਰਦੇ ਸਨ। ਉਮਰ ਦੇ ਵਧਣ ਦੇ ਨਾਲ ਬੀਬੀ ਅਮਰੋ ਜੀ ਉਪਰ ਗੁਰਮਤਿ ਦਾ ਰੰਗ ਹੋਰ ਵੀ ਗੂੜ੍ਹਾ ਚੜ੍ਹਨ ਲੱਗਾ। ਚੁੱਲ੍ਹਾ-ਚੌਂਕਾ ਕਰਦਿਆਂ ਵੀ ਆਪਣੀ ਸੁਰਤ ਪਰਮਾਤਮਾ ਨਾਲ ਜੋੜੀ ਰੱਖਦੇ ਸਨ।