ਬਾਦਲ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ ਸੁਰਖੁਰੂ ਨਹੀਂ ਹੋ ਸਕਦੇ

0
237

ਬਾਦਲ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ ਸੁਰਖੁਰੂ ਨਹੀਂ ਹੋ ਸਕਦੇ

ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਣ ਵਾਲੇ ਅਤੇ ਇੱਕ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਸਮੁੱਚੇ ਪੰਥ ਨੂੰ ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਕੀਤੇ ਜਾਣਗੇ ਯਤਨ: ਭਾਈ ਪੰਥਪ੍ਰੀਤ ਸਿੰਘ

ਖ਼ੁਦਕਸ਼ੀਆਂ ਅਤੇ ਬੇਅਦਬੀਆਂ ਰੋਕਣ ਵਿੱਚ ਅਸਮਰਥ ਰਹਿਣ ’ਤੇ ਸ਼ਰਮਿੰਦੇ ਹੋਣ ਅਤੇ ਮੁਆਫੀ ਮੰਗਣ ਦੀ ਬਜਾਏ ਗੁੰਡੇ ਅਕਾਲੀ ਸਦਭਾਵਨਾ ਰੈਲੀਆਂ ਕਰ ਰਹੇ ਹਨ: ਭਾਈ ਹਰਜਿੰਦਰ ਸਿੰਘ ਮਾਂਝੀ

ਅਖੌਤੀ ਜਥੇਦਾਰਾਂ ਨੂੰ ਸਰਬਉੱਚ ਦੱਸ ਕੇ ਕੌਮ ਨਾਲ ਧੋਖਾ ਕੀਤਾ ਜਾ ਰਿਹਾ ਹੈ: ਭਾਈ ਹਰਜੀਤ ਸਿੰਘ ਢਪਾਲੀ

ਭੂਮੀਆ ਚੋਰ ਤਾਂ ਗੁਰੂ ਦੇ ਬਚਨਾਂ ’ਤੇ ਪਹਿਰਾ ਦੇ ਕੇ ਚੋਰ ਤੋਂ ਭਾਈ ਭੂਮੀਆ ਬਣ ਗਿਆ ਪਰ ਅੱਜ ਧਰਮ ਦੇਬਣੇ ਠੇਕੇਦਾਰ ਗੁਰੂ ਦੇ ਕਿਸੇ ਵੀ ਉਪਦੇਸ਼ ’ਤੇ ਅਮਲ ਨਹੀਂ ਕਰਦੇ: ਭਾਈ ਸਤਨਾਮਸਿੰਘ ਚੰਦੜ

ਬਠਿੰਡਾ/ਸੰਗਤ: (ਕਿਰਪਾਲ ਸਿੰਘ): ਅਕਾਲੀ ਭਾਜਪਾ ਸਰਕਾਰ ਦੀਆਂ ਪੰਥ, ਕਿਸਾਨ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਬਾਦਲ ਸਰਕਾਰ ਵਿਰੁੱਧ ਉੱਠੇ ਰੋਹ ਤੋਂ ਬੁਖਲਾਹਟ ਵਿੱਚ ਆਏ ਬਾਦਲ ਪਿਉ ਪੁੱਤਰ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ ਸੁਰਖੁਰੂ ਨਹੀਂ ਹੋ ਸਕਦੇ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੀ ਸੰਗਤ ਕੈਂਚੀਆਂ ਵਿਖੇ ਹੋਈ ਛਿਮਾਹੀ ਮੀਟਿੰਗ/ ਗੁਰਮਤ ਸਮਾਗਮ ਦੌਰਾਨ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਹੇ। ਹਰ ਵਾਰ ਦੀ ਤਰ੍ਹਾਂ ਇਸ ਸਮਾਗਮ ਦੌਰਾਨ ਬੱਚਿਆਂ ਨੂੰ ਧਾਰਮਿਕ ਸੰਸਕਾਰ ਦੇਣ ਲਈ ਧਾਰਮਿਕ ਲਿਖਤੀ ਪੇਪਰ, ਕਵਿਤਾਵਾਂ, ਕਵੀਸ਼ਰੀ, ਢਾਡੀ ਵਾਰਾਂ, ਗਤਕਾ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਉਪ੍ਰੰਤ ਗੁਰਮਤ ਸੇਵਾ ਲਹਿਰ ਨਾਲ ਜੁੜੇ ਪ੍ਰਚਾਰਕਾਂ ਨੇ ਗੁਰਬਾਣੀ ਵੀਚਾਰ, ਗੁਰਮਤ ਅਤੇ ਪੰਥ ਦੇ ਮੌਜੂਦਾ ਹਾਲਾਤਾਂ ਸਬੰਧੀ ਪ੍ਰਭਾਵਸ਼ਾਲੀ ਵੀਚਾਰ ਪੇਸ਼ ਕੀਤੇ। ਇਸ ਦੌਰਾਨ ਭਾਈ ਪੰਥਪ੍ਰੀਤ ਸਿੰਘ ਨੇ ਸੰਗਤਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਹੁੰਦਿਆਂ ਕਿਹਾ ਬਾਦਲ ਦਲ ਪੰਥ ਅਤੇ ਕਿਸਾਨਾਂ ਦੇ ਹਮਾਇਤੀ ਹੋਣ ਦਾ ਦਾਅਵਾ ਕਰਕੇ ਵੋਟਾਂ ਲੈ ਕੇ ਸਤਾ ਵਿੱਚ ਆਉਂਦਾ ਹੈ ਪਰ ਹਮੇਸ਼ਾਂ ਪੰਥ ਅਤੇ ਕਿਸਾਨਾਂ ਦੇਵਿਰੋਧ ਵਿੱਚ ਹੀ ਭੁਗਤਣ ਦੀਆਂ ਕਾਰਵਾਈਆਂ ਹੁਣ ਸਿਖਰ ’ਤੇ ਪਹੁੰਚ ਚੁਕੀਆਂ ਹਨ। ਇਹੋ ਕਾਰਨ ਹੈ ਕਿ ਬਾਦਲ ਦਲ ਵਿਰੁੱਧ ਉੱਠੇ ਲੋਕ ਰੋਹ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ; ਪਰ ਬਾਦਲ ਪਰਿਵਾਰ ਇਸ ਰੋਹ ਪਿੱਛੇ ਵਿਦੇਸ਼ੀ ਏਜੰਸੀਆਂ ਦਾ ਹੱਥ ਦੱਸ ਕੇ ਆਪਣੇ ਆਪ ਨੂੰ ਸੁਰਖੁਰੂ ਹੋਣ ਦਾ ਯਤਨ ਕਰ ਰਿਹਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਸ: ਬਾਦਲ ਨੂੰ ਪੁੱਛਿਆ ਕਿ ਉਹ ਦੱਸੇ ਕਿ ਵੋਟਾਂ ਖਾਤਰ ਸਵਾਂਗਧਾਰੀ ਸੌਦਾ ਸਾਧ ਵਿਰੁੱਧ ਦਰਜ ਹੋਏ ਧਾਰਾ 295 (ਏ) ਦਾ ਕੇਸ ਕਿਸ ਵਿਦੇਸ਼ੀ ਏਜੰਸੀ ਨੇ ਵਾਪਸ ਲਿਆ ਸੀ? ਬਿਨਾਂ ਹੀ ਕਸੂਰ ਮੰਨੇ ਅਤੇ ਬਿਨਾਂ ਹੀ ਮੁਆਫੀ ਮੰਗਣ ਤੋਂ ਉਸ ਨੂੰ ਅਕਾਲ ਤਖ਼ਤ ਤੋਂ ਮੁਆਫੀ ਦਾ ਹੁਕਮਨਾਮਾ ਜਾਰੀ ਕਰਵਾ ਕੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਮਿੱਟੀ ਵਿੱਚ ਕਿਸ ਵਿਦੇਸ਼ੀ ਏਜੰਸੀ ਨੇ ਮਿਲਾਇਆ ਹੈ? ਗੁਰਮੀਤ ਰਾਮ ਰਹੀਮ ਤਾਂ ਕਹਿ ਰਿਹਾ ਹੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਨਾ ਹੀ ਕੋਈ ਮੁਅਫੀ ਮੰਗੀ ਹੈ। ਉਸ ਅਨੁਸਾਰ ਸਿੱਖ-ਡੇਰਾ ਪ੍ਰੇਮੀਆਂ ਦਾ ਵਿਵਾਦ ਖਤਮ ਕਰਨ ਲਈ ਜਿਸ ਚਿੱਠੀ ’ਤੇ ਦਸਤਖਤ ਕਰਨ ਲਈ ਉਸ ਨੂੰ ਕਿਹਾ ਗਿਆ ਸੀ ਉਨ੍ਹਾਂ ਉਸੇ ’ਤੇ
ਦਸਤਖ਼ਤ ਕਰ ਦਿੱਤੇ ਸਨ। ਸੋ ਸ:ਬਾਦਲ ਹੀ ਦੱਸੇ ਕਿ ਕਿਸ ਵਿਦੇਸ਼ੀ ਏਜੰਸੀ ਨੇ ਉਸ ਤੋਂ ਦਸਤਖ਼ਤ ਕਰਵਾ ਕੇ ਅਕਾਲ ਤਖ਼ਤ ਤੋਂ ਮੁਆਫੀ ਦਿਵਾਈ ਹੈ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਅਨੀ ਬਲਵੰਤ ਸਿੰਘ ਜੀ ਨੰਦਗੜ੍ਹ ਅਖਬਾਰੀ ਬਿਆਨਾਂ ਰਾਹੀਂ ਕੌਮ ਨੂੰ ਦੱਸ ਚੁੱਕੇ ਹਨ ਕਿ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਪਹੁੰਚੇ ਹੁਕਮਾਂ ’ਤੇ ਉਹ ਤਾਂ ਸਿਰਫ ਦਸਤਖ਼ਤ ਹੀ ਕਰਦੇ ਸਨ। ਇਸੇ ਤਰ੍ਹਾਂ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ ਜਿਸ ਨੂੰ ਅਸੀਂ ਤਾਂ ਜਥੇਦਾਰ ਹੀ ਨਹੀਂ ਮੰਨਦੇ; ਉਸ ਨੂੰ ਜਿਸ ਸਮੇਂ ਪੰਜਾਂ ਦੀ ਮੀਟਿੰਗ ਵਿੱਚ ਬੈਠਾਉਣ ’ਤੇ ਰੋਕ ਲਾ ਦਿੱਤੀ ਸੀ; ਉਸ ਨੇ ਬਿਆਨ ਦਿੱਤਾ ਸੀ ਕਿ ਹਰਚਰਨ ਬੈਂਸ ਖ਼ੁਦ ਪੰਜਾਂ ਦੀ ਮੀਟਿੰਗ ਵਿੱਚ ਬੈਠ ਕੇ ਸਾਥੋਂ ਹੁਕਮਨਾਮੇ ਲਿਖਾਉਂਦਾ ਹੈ ਜਿਸ ’ਤੇ ਸਾਨੂੰ ਮਜ਼ਬੂਰਨ ਦਸਤਖ਼ਤ ਕਰਨੇ ਪੈਂਦੇ ਹਨ। ਸੋ ਜਦੋਂ ਤਿੰਨ ਜਥੇਦਾਰ ਹੁਕਨਾਮਿਆਂ ਦੀ ਸੱਚਾਈ ਆਪਣੇ ਜ਼ੁਬਾਨੀ ਦੱਸ ਰਹੇ ਹਨ ਤਾਂ ਸ: ਬਾਦਲ ਦੱਸਣ ਕਿ ਇਹ ਸਭ ਕੁਝ ਕਿਹੜੀ ਏਜੰਸੀ ਕਰਵਾ ਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ਼ ਰਹੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਦੀ ਭਾਲ ਕਰਨ ਤੋਂ ਪੁਲਿਸ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਲਈ ਸ਼ਾਂਤਮਈ ਧਰਨੇ ਦੌਰਾਨ ਬਾਣੀ ਪੜ੍ਹਦੇ ਸਿੱਖਾਂ ’ਤੇ ਗੋਲ਼ੀ ਚਲਾਉਣ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਨਾਨਕਸ਼ਾਹੀ ਕੈਲੰਡਰ ਦਾ ਕਤਲ ਕਿਸ ਵਿਦੇਸ਼ੀ ਏਜੰਸੀ ਨੇ ਕਰਵਾਇਆ ਸੀ? ਸਿੱਖਾਂ ਦੇ ਕਾਤਲ ਗੁਰਮੀਤ ਪਿੰਕੀ ਨੂੰ ਸਜਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾ ਕਰਕੇ ਬਹਾਲ ਕਰਨ ਦਾ ਹੁਕਮ ਕਿਸ ਵਿਦੇਸ਼ੀ ਏਜੰਸੀ ਨੇ ਦਿੱਤਾ ਸੀ? ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਉਠਾਉਣ ਤੋਂ ਪੰਜਾਬ ਸਰਕਾਰ ਨੂੰ ਕਿਸ ਵਿਦੇਸ਼ੀ ਏਜੰਸੀ ਨੇ ਰੋਕਿਆ ਹੋਇਆ ਹੈ? ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੰਥ ਵਿਰੋਧੀ ਡੇਰਿਆਂ ਦੇ ਸਮਰਥਕਾਂ ਅਤੇ ਪੰਥਕ ਧਿਰਾਂ ਦੇ ਪ੍ਰਦਰਸ਼ਨਾ ਨਾਲ
 ਨਜਿੱਠਣ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪਹੁੰਚ ਅਪਨਾਉਣ ਦੀ ਸਲਾਹ ਕਿਹੜੀਆਂ ਵਿਦੇਸ਼ੀ ਏਜੰਸੀਆਂ ਦੇ ਰਹੀਆਂ ਹਨ ਜਿਸ ਕਾਰਨ ਡੇਰੇਦਾਰਾਂ ਦੇ ਸਮਰਥਕ ਤਾਂ ਭਾਵੇਂ ਰੇਲਾਂ ਰੋਕਣ, ਬੱਸਾਂ ਅਤੇ ਹੋਰ ਸਰਕਾਰੀ/ਗੈਰ ਸਰਕਾਰੀ ਜਾਇਦਾਦਾਂ ਦੀ ਸਾੜਫੂਕ ਕਰਨ, ਉਨ੍ਹਾਂ ’ਤੇ ਤਾਂ ਕਦੀ ਹਲਕਾ ਲਾਠੀਚਾਰਜ ਵੀ ਨਾ ਕਰਨਾ ਪਰ ਪੰਥਕ ਧਿਰਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਗੋਲ਼ੀ ਚਲਾ ਕੇ ਸ਼ਹੀਦ ਕਰਨ ਤੋਂ ਵੀਗੁਰੇਜ਼ ਨਹੀਂ ਕੀਤਾ ਜਾਂਦਾ ਅਤੇ ਕਿਸੇ ਵੀ ਕੇਸ ਵਿੱਚ ਅੱਜ ਤੱਕ ਗੋਲੀ ਚਲਾਉਣ ਵਾਲੇ ਕਿਸੇ ਪੁਲਿਸਮੁਲਾਜ਼ਮ ਵਿਰੁਧ ਸਰਕਾਰ ਨੂੰ ਕੋਈ ਕਾਰਵਾਈ ਕਰਨ ਤੋਂ ਕੀ ਕਿਸੇ ਵਿਦੇਸ਼ੀ ਏਜੰਸੀ ਨੇ ਰੋਕਿਆ ਹੈ? ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਕੇ ਉਨ੍ਹਾਂ ਨੂੰ ਖ਼ੁਦਕਸ਼ੀਆਂ ਕਰਨ ਦੇ ਰਾਹ ਪਾਉਣ ਲਈ ਨਕਲੀ ਦਵਾਈਆਂ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ, ਕੀ ਵਿਦੇਸ਼ੀ ਏਜੰਸੀਆਂ ਨੇ ਖ਼ਰੀਦ ਕੇ ਪੰਜਾਬ ਸਰਕਾਰ ਨੂੰ ਦਿੱਤੀਆਂ ਸਨ ਜਾਂ ਖ਼੍ਰੀਦਣ ਲਈ ਸਲਾਹ ਦਿੱਤੀ ਸੀ? ਨਕਲੀ ਦਵਾਈਆਂ ਦੀ ਖ਼੍ਰੀਦ ’ਚੋਂ ਕਮਿਸ਼ਨ ਦੇ ਦਿੱਤੇ ਜਾਣ ਵਾਲੇ 60 ਲੱਖ ਰੁਪਏ ਜੋ ਫੜੇ ਗਏ ਉਹ ਕਿਸ ਵਿਦੇਸ਼ੀ ਏਜੰਸੀ ਨੂੰ ਦਿੱਤੇ ਜਾਣੇ ਸਨ? ਕੀ ਪੰਜਾਬ ਵਿੱਚ ਰੇਤਾ, ਬਜਰੀ ਅਤੇ ਰੁਜ਼ਗਾਰ ਦੇ ਹੋਰ ਸਾਰੇ ਸਾਧਨਾਂ ’ਤੇ ਕਬਜ਼ਾ ਵੀ ਵਿਦੇਸ਼ੀ ਏਜੰਸੀ ਨੇ ਹੀ ਕੀਤਾ ਹੋਇਆ ਹੈ ? ਬਾਦਲ ਦਲ ਦੀਆਂ ਰੈਲੀਆਂ ਵਿੱਚ ਪਹੁੰਚਣ ਵਾਲਿਆਂ ਨੂੰ ਸ਼ਰਾਬ ਦੀਆਂ ਪੇਟੀਆਂ ਅਤੇ ਭੁੱਕੀ ਵੀ ਵਿਦੇਸ਼ੀ ਏਜੰਸੀਆਂ ਹੀ ਵੰਡ ਰਹੀਆਂ ਹਨ? ਜੇ ਇਹ ਸਭ ਕੁਝ ਵਿਦੇਸ਼ੀ ਏਜੰਸੀਆਂ ਹੀ ਕਰ ਰਹੀਆਂ ਹਨ ਤਾਂ ਕੀ ਇਨਸਾਫ ਮੰਗਦੇ ਕਿਸਾਨਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ’ਤੇ ਡਾਂਗ ਚਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਵਾਲੇ ਸਿੱਖਾਂ ’ਤੇ ਗੋਲ਼ੀ ਚਲਾਉਣ ਦੀ ਸੇਵਾ ਹੀ ਬਾਦਲ ਦਲ-ਭਾਜਪਾ ਸਰਕਾਰ ਨੇ ਆਪਣੇ ਜਿੰਮੇ ਲਈ ਹੋਈ ਹੈ? ‘ਰਾਜ ਨਹੀਂ, ਸੇਵਾ’ ਦਾ ਅਰਥ ਕੀ ਇਹੋ ਕੱਢਿਆ ਜਾਵੇ ਕਿ ਪੰਜਾਬ ’ਚ ਰਾਜ ਵਿਦੇਸ਼ੀਆਂ ਏਜੰਸੀਆਂ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਕੁੱਟਣ ਤੇ ਲੁੱਟਣ ਦੀ ਸੇਵਾ ਹੀ ਬਾਦਲ ਪ੍ਰਵਾਰ ਨੇ ਆਪਣੇ ਜਿੰਮੇ ਲਈ ਹੈ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ‘ਰਾਜ ਨਹੀਂ, ਸੇਵਾ’ ਦਾ ਇਹੀ ਭਾਵ ਹੈ ਤਾਂ ਇਹ ਪੰਜਾਬੀਆਂ ਨੂੰ ਕਦਾਚਿਤ ਪ੍ਰਵਾਨ ਨਹੀਂ ਹੈ ਅਤੇ ਇਸ ਵਿਰੁੱਧ ਸਿੱਖਾਂ, ਕਿਸਾਨਾਂ, ਮਜ਼ਦੂਰਾਂ ਅਤੇ ਰੁਜ਼ਗਾਰ ਮੰਗਦੇ ਨੌਜਵਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਅਤੇ ਇਸ ਗੁੱਸੇ ਵਿੱਚ ਵਿਦੇਸ਼ੀ ਏਜੰਸੀਆਂ ਦਾ ਹੱਥ ਦੱਸ ਕੇ ਬਾਦਲ ਪ੍ਰਵਾਰ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾ ਨਹੀਂ ਸਕਦਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੋ ਅਸੀਂ ਕਰਨਾ ਹੈ ਉਹ ਇਹ ਹੈ ਕਿ ਹਰ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਥਾਂ ਸਮੇਤ ਖ਼ੁਦ ਆਪ ਪਾਠ ਕਰ ਕੇ ਗੁਰੂ ਦੀ ਵੀਚਾਰ ਨਾਲ ਜੁੜੇ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਣ ਸਮੂਹ ਸਿਖਾਂ ਨੂੰ ਇੱਕ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਸਮੁੱਚੇ ਪੰਥ ਨੂੰਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਅੱਜ ਦੇ ਯੁੱਗ ਵਿੱਚ ਕਲਮ ਅਤੇ ਬੋਲ ਕੇ ਵੀਚਾਰ ਕਰਨੇ ਸਭ ਤੋਂ ਵੱਡੇ ਹਥਿਆਰ ਹਨ ਸੋ ਸਮੁਚੇ ਪੰਥ ਨੂੰ ਜਾਗਰੂਕ ਕਰਕੇ ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਇਨ੍ਹਾਂ ਦੋ ਹਥਿਆਰਾਂ ਦੀ ਵਰਤੋਂ ਕੀਤੀ ਜਾਵੇ।

ਤਖ਼ਤ ਸ਼੍ਰੀ ਦਮਦਮ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਬਿ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਇਸ ਕਾਰਨ ਨਹੀਂ ਫੜੇ ਜਾ ਰਹੇ ਕਿਉਂਕਿ ਇਹ ਸਭ ਸਰਕਾਰ ਦੀ ਮਿਲੀ ਭੁਗਤ ਨਾਲ ਹੋ ਰਹੇ ਹਨ। ਅਜੇਹੀਆਂ ਬੇਅਦਬੀਆਂ ਰੋਕਣ ਲਈ ਸਾਨੂੰ ਲਾਮਬੰਦ ਹੋ ਕੇ ਸਮੇਂ ਦੇ ਹਾਣ ਦੀ ਨੀਤੀ ਘੜਨ ਦੀ ਲੋੜ ਹੈ ਨਾ ਕਿ ਜਜ਼ਬਾਤੀ ਹੋ ਕੇ ਅਜੇਹੀਆਂ ਕਾਰਵਾਈਆਂ ਕਰਨ ਦੀ ਜਿਸ ਨਾਲ ਸਰਕਾਰ ਨੂੰ ਸਾਡੇ ਨੌਜਾਵਾਨਾਂ ’ਤੇ ਤਸ਼ੱਦਦ ਢਾਹੁਣ ਦੇ ਮੌਕਾ ਮਿਲ ਜਾਵੇ।

ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਅਕਾਲੀ ਦਲ ਬਾਦਲ ’ਤੇ ਤਿਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਨੂੰ ਤਾਂ ਪੰਥ ਪ੍ਰਤੀ ਇੰਨੀ ਸ਼ਰਧਾ ਹੈ ਜਿਸ ਦਾ ਅੰਦਾਜ਼ਾ ਵੋਟਾਂ ਪਾਉਣ ਸਮੇਂ ਉਨ੍ਹਾਂ ਅੰਦਰ ਬਣੀ ਮਾਨਸਿਕ ਅਵਸਥਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਇਕ ਮਾਈ ਨੇ ਵੋਟ ਪਾਉਣ ਸਮੇਂ ਆਪਣੇ ਪੈਰਾਂ ਵਿੱਚੋਂ ਜੁੱਤੀ ਉਤਾਰ ਦਿੱਤੀ। ਇਹ ਪੁੱਛੇ ਜਾਣ ’ਤੇ ਕਿ ਮਾਈ ਇੱਥੇ ਕਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਫਿਰ ਤੂੰ ਜੁੱਤੀ ਕਿਉਂ ਉਤਾਰੀ ਹੈ? ਜਵਾਬ ਵਿੱਚ ਉਸ ਨੇ ਕਿਹਾ ਪੰਥ ਨੂੰ ਵੋਟ ਪਾਈ ਹੈ, ਗੁਰੂ ਨਾਨਕ ਦੀ ਤੱਕੜੀ ’ਤੇ ਮੋਹਰ ਲਾਈ ਹੈ ਇਸ ਲਈ ਜੁੱਤੀ ਤਾਂ ਉਤਾਰਨੀ ਹੀ ਹੋਈ। ਇੱਕ ਹੋਰ ਬਜੁਰਗ ਤੋਂ ਨੌਜਵਾਨਾਂ ਨੇ ਕਹਿ ਕਹਾ ਕੇ ਵੋਟ ਹੋਰ ਕਿਸੇ ਪਾਰਟੀ ਨੂੰ ਪਵਾ ਦਿੱਤੀ ਪਰ ਉਸ ਨੂੰ ਘਰ ਜਾ ਕਿ ਫਿਕਰ ਵਿੱਚ ਬੁਖਾਰ ਚੜ੍ਹ ਗਿਆ ਕਹਿੰਦਾ ਮੇਰੀ ਵੋਟ ਪੰਥ ਦੀ ਅਮਾਨਤ ਸੀ ਪਰ ਇਸ ਵਾਰ ਅਮਾਨਤ ਵਿੱਚ ਖ਼ਿਆਨਤ ਹੋ ਗਈ। ਪਰ ਪੰਥ ਦੇ ਨਾਮ ’ਤੇ ਵੋਟਾਂ ਲੈਣ ਵਾਲੇ ਗੁੰਡੇ ਅਕਾਲੀਆਂ ਦਾ ਇਹ ਹਾਲ ਹੈ ਕਿ ਇਨ੍ਹਾਂ ਦੇ ਰਾਜ ਵਿੱਚ ਪੰਥ ਦੀ ਰੀੜ ਦੀ ਹੱਡੀ ਮੰਨੇ ਜਾ ਰਹੇ ਕਿਸਾਨ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਹਾੜੇ ਬੇਅਦਬੀ ਹੋ ਰਹੀ ਹੈ। ਖ਼ੁਦਕਸ਼ੀਆਂ ਅਤੇ ਬੇਅਦਬੀਆਂ ਰੋਕਣ ਵਿੱਚ ਅਸਮਰਥ ਰਹਿਣ ’ਤੇ ਸ਼ਰਮਿੰਦੇ ਹੋਣ ਅਤੇ ਮੁਆਫੀ ਮੰਗਣ ਦੀ ਬਜਾਏ ਗੁੰਡੇ ਅਕਾਲੀ ਸਦਭਾਵਨਾ ਰੈਲੀਆਂ ਕਰ ਰਹੇ ਹਨ ਅਤੇ ਇਹ ਸਾਨੂੰ ਆਪਸ ਵਿੱਚ ਹੀ ਲੜਾਉਣ ਲਈ ਗੰਨਮੈਨਾਂ ਦੇ ਘੇਰੇ ਵਿੱਚ ਖੜ੍ਹ ਕੇ ਤੀਂਗੜਦੇ ਹਨ ਕਿ ਸਾਡੇ ਵਰਕਰਾਂ ਦੀ ਹਵਾ ਵੱਲ ਕੋਈ ਝਾਕ ਕੇ ਵੇਖੇ।ਭਾਈ ਮਾਂਝੀ ਨੇ ਕਿਹਾ ਇਹ ਵਰਕਾਰ ਕਿਸ ਦੇ ਹਨ ਇਹ ਤਾਂ ਸਾਡੇ ਹੀ ਚਾਚੇ ਤਾਏ ਅਤੇ ਭਰਾ ਹਨ ਇਸ ਲਈ ਅਸੀਂ ਆਪਸ ਵਿੱਚ ਬਿਲਕੁਲ ਨਹੀਂ ਲੜਨਾ ਪਰ ਜੇ ਇਸ ਵਿੱਚ ਤਾਕਤ ਹੈ ਤਾਂ ਬਿਨਾਂ ਗੰਨਮੈਨਾਂ ਦੇ ਬਾਹਰ ਨਿਕਲ ਕੇ ਵੇਖੇ ਤਾਂ ਇਨ੍ਹਾਂ ਦੀ ਲੁੱਟ ਖਸੁੱਟ ਤੋਂ ਤੰਗ ਆਏ ਲੋਕ ਇਸ ਦੀ ਹਾਲਤ ਐਸੀ ਕਰ ਦੇਣਗੇ ਕਿ ਇਸ ਦੇ ਪਿਉ ਨੇ ਵੀ ਇਸ ਨੂੰ ਨਹੀਂ ਪਛਨਣਾਂ।

ਭਾਈ ਮਾਂਝੀ ਨੇ ਹੋਰ ਕਿਹਾ ਕਿ ਮੋਗਾ ਵਿਖੇ ਇੱਕ ਬੀਬੀ ਬੋਲ ਰਹੀ ਸੀ ਸਾਨੂੰ ਸਭ ਵਿੱਚ ਇੱਕ ਰੱਬ ਵਸਦਾ ਹੀ ਵੇਖਣਾ ਚਾਹੀਦਾ ਹੈ ਇਸ ਲਈ ਪਿਆਰ ਸਤਿਕਾਰ ਅਤੇ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਬੀਬੀ ਦੇ ਬੋਲ ਤਾਂ ਬਹੁਤ ਹੀ ਸੋਹਣੇ ਹਨ ਪਰ ਉਹ ਆਪਣੇ ਅੰਦਰ ਝਾਤੀ ਮਾਰ ਕੇ ਵੇਖੇ ਕਿ ਉਸ ਨੂੰ ਆਪਣੀ ਧੀ ਵਿੱਚ ਵੀ ਰੱਬ ਵਸਦਾ ਨਜ਼ਰ ਨਹੀਂ ਆਇਆ ਤਾਂ ਹੋਰਨਾਂ ਵਿੱਚ ਰੱਬ ਵਸਦਾ ਕਿਸ ਤਰ੍ਹਾਂ ਨਜ਼ਰ ਆਏਗਾ। ਭਾਈ ਮਾਂਝੀ ਨੇ ਕਿਹਾ ਸੰਗਤ ਸਾਨੂੰ ਇਸ ਕਾਰਨ ਸਨਮਾਨ ਦੇ ਰਹੀ ਹੈ ਕਿ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਸੋ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਅੱਜ ਦੇ ਬਾਬਰ ਨੂੰ ਜ਼ਾਬਰ ਨਹੀਂਕਹਿੰਦੇ ਤਾਂ ਅਸੀਂ ਗੁਰੂ ਨਾਨਕ ਅਤੇ ਪੰਥ ਨਾਲ ਗਦਾਰੀ ਕਰ ਰਹੇ ਹਾਂ। ਗੁਰੂ ਸਾਹਿਬ ਵੱਲੋਂ ਸਾਡੇ ’ਤੇ ਕੀਤੇ ਉਪਕਾਰਾਂ ਅਤੇ ਮਹਾਨ ਕੁਰਬਾਨੀਆਂ ਦਾ ਵਾਸਤਾ ਪਾਉਂਦੇ ਹੋਏ ਮਾਂਝੀ ਨੇ 500-500 ਰੁਪਏ ਲੈ ਕੇ ਰੈਲੀਆਂ ਵਿੱਚ ਆਉਣ ਵਾਲਿਆਂ ਦੀ ਜ਼ਮੀਰ ਨੂੰ ਝੰਝੋੜਦਿਆਂ ਹੋਏ ਕਿਹਾ ‘ਪਾੜ ਦਿਓ ਇਨ੍ਹਾਂ ਦੇ ਨੋਟ’ ਪਰ ਨਾਲ ਹੀ ਕਿਹਾ ਜੇ ਆਰਥਿਕ ਤੌਰ ’ਤੇ ਬਹੁਤੀ ਮਜ਼ਬੂਰੀ ਹੈ ਤਾਂ ਲੈ ਵੀ ਲਵੋ ਕਿਉਂਕਿ ਇਹ ਕਿਹੜਾ ਇਨ੍ਹਾਂ ਕਿ੍ਰਤ ਕਰ ਕੇ ਕਮਾਏ ਇਹ ਤਾਂ ਸਾਡੀ ਹੀ ਲੁੱਟ ਕਰਕੇ ਇਕੱਠੇ ਕੀਤੇ ਹਨ ਪਰ ਚੇਤਾ ਰੱਖਿਓ ਵੋਟ ਨਾ ਇਨ੍ਹਾਂ ਗੁੰਡਿਆਂ ਨੂੰ ਪਾਇਓ। ਅੱਗੇ ਹੋਰ ਕਿਹਾ ਸ਼ਰਾਬ ਦੀਆਂ ਬੋਤਲਾਂ ਅਤੇ ਭੁੱਕੀ ਤਾਂ ਇਨ੍ਹਾਂ ਤੁਹਾਡੇ ਘਰਾਂ ਵਿੱਚ ਬਹੁਤੇਰੀ ਭੇਜ ਦਿੱਤੀ ਹੈ ਜਿਸ ਨਾਲ ਤੁਹਾਡੇ ਘਰ ਅਤੇ ਜੀਵਨ ਤਬਾਹ ਹੋ ਗਏ ਹਨ ਹੁਣ ਆਪਣਾ ਜੀਵਨ ਸੰਵਾਰਨ ਲਈ ਇੱਥੋਂ ਗੁਰਬਾਣੀ ਦੇ ਗੁਟਕੇ, ਸਟੀਕਾਂ ਤੇ ਇਤਿਹਾਸ ਦੀਆਂ ਪੁਸਤਕਾਂ ਲਿਜਾ ਕੇ ਜਰੂਰ ਪੜ੍ਹਿਓ ਤਾਂ ਕਿ ਗੁਰੂ ਦੀ ਮਤ ਲੈ ਕੇ ਤੁਸੀਂ ਆਪਣਾ ਘਰ ਤੇ ਜੀਵਨ ਬਚਾ ਸਕੋ।

ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਸਰਬਉੱਚ ਉਹ ਹੁੰਦਾ ਹੈ ਜੋ ਸਭ ਤੋਂ ਵੱਡਾ ਹੋਵੇ, ਜਿਸ ਸਿਰ ਹੋਰ ਕਿਸੇ ਦਾ ਹੁਕਮ ਨਾ ਚਲਦਾ ਹੋਵੇ। ਜੇ ਸਾਡੇ ਅਖੌਤੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁਛਿਆ ਜਾਵੇ ਕਿ ਗੁਰਬਾਣੀ ਅਨੁਸਾਰ ਸਭ ਤੋਂ ਵੱਡਾ ਕੌਣ ਹੈ ਤਾਂ ਜ਼ਬਾਨੀ ਕਲਾਮੀ ਤਾਂ ਪੜ੍ਹ ਕੇ ਸੁਣਾਉਣਗੇ ‘ਸਭ ਤੇ ਵਡਾ ਸਤਿਗੁਰੁ ਨਾਨਕੁ ; ਜਿਨਿ ਕਲ ਰਾਖੀ ਮੇਰੀ ॥’ ਪਰ ਅੰਦਰੋਂ ਕਹਿਣਗੇ ਸਭ ਤੋਂ ਵੱਡੇ ਚੰਡੀਗੜ੍ਹ ਬੈਠੇ ਬਾਦਲ ਪਿਉ ਪੱੁਤਰ ਜਿਨ੍ਹਾਂ ਨੇ ਸਾਨੂੰ ਅਹੁਦੇ ਦਿੱਤੇ। ਉਨ੍ਹਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਹੁੱਦੇ ਦੇਣ ਵਾਲਿਆਂ ਨੂੰ ਹੀ ਸਭ ਤੋਂ ਵੱਡੇ ਮੰਨਣ ਵਾਲੇ ਅਖੌਤੀ ਜਥੇਦਾਰਾਂ ਨੂੰ ਸਰਬਉੱਚ ਦੱਸ ਕੇ ਕੌਮ ਨਾਲ ਧੋਖਾਕੀਤਾ ਜਾ ਰਿਹਾ ਹੈ। ਭਾਈ ਢਪਾਲੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਸਾਡੇ ਲਈ ਸਰਬਉੱਚ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਸਬੰਧੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹਨ : ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ; ਤਿਸੁ ਜੇਵਡੁ ਅਵਰੁ ਨ ਕੋਇ ॥’ ਜਾਂ ਉਹ ਨਿਰੰਕਾਰ ਅਕਾਲ ਪੁਰਖ ਹੈ ਜਿਸ ਸਬੰਧੀ ਬਚਨ ਹਨ: ‘ਵਡਾ ਸਾਹਿਬੁਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’ ਜਥੇਦਾਰ ਸਾਡੇ ਲਈ ਸਰਬਉੱਚ ਨਹੀਂ ਹਨ ਉਹ ਕੌਮ ਦੇ ਕੇਵਲ ਬੁਲਾਰੇ ਹਨ ਜਿਨ੍ਹਾਂ ਨੇ ਪੰਥ ਦਾ ਫੈਸਲਾ ਕੇਵਲ ਪੜ੍ਹ ਕੇ ਸੁਣਾਉਣਾ ਹੈ ਨਾ ਕਿ ਖ਼ੁਦ ਗੁਰਮਤਿ ਵਿਹੂਣੇ ਫੈਸਲੇ ਕਰਨੇ ਹਨ ਜਾਂ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਪਹੁੰਚੇ ਹੁਕਮ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸ ਕੇ ਪੰਥ ’ਤੇ ਥੋਪਣ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਹੈ। ਭਾਈ ਢਪਾਲੀ ਨੇ ਕਿਹਾ ਗੁਰੂ ਸਾਹਿਬ ਜੀ ਵੱਲੋਂ ਸਾਨੂੰ ਕਿ੍ਰਤ ਕਰਨ, ਵੰਡ ਛਕਣ ਭਾਵ ਆਪਣੀ ਕਿ੍ਰਤ ਚੋਂ ਪ੍ਰਚਾਰ ਅਤੇ ਲੋੜਵੰਦਾਂ ਦੀ ਸਹਾਇਤ ਲਈ ਦਸਵੰਧ ਕੱਢਣ, ਅਤੇ ਨਾਮ ਜਪਣ ਦਾ ਉਪਦੇਸ਼ ਹੈ। ਸੋ ਇਸ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ, ਗੁਰੂ ਦਾ ਗਿਆਨ ਘਰ ਘਰ ਵੰਡਣ ਲਈ ਦਸਵੰਧ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿੱਥੇ ਸਰਕਾਰਾਂ ਦੇ ਬਜ਼ਟ ਹਿੱਲ ਜਾਂਦੇ ਹਨ ਉੱਥੇ ਦਸਵੰਧ ਦੇ ਸਹਾਰੇ ਗੁਰੂ ਘਰ ਨੇ ਉਹ ਕੰਮ ਕਰ ਵਿਖਾਏ ਜੋ ਸਰਕਾਰਾਂ ਨਹੀਂ ਕਰ ਸਕੀਆਂ। ਪਰ ਚੰਡੀਗੜ੍ਹ ਵਾਲਿਆਂ ਨੂੰ ਸਭ ਤੋਂ ਵੱਡੇ ਮੰਨਣ ਵਾਲੇ; ਗੁਰੂ ਦੀ ਗੋਲਕ ਦੇ ਬਣੇ ਰਾਖਿਆਂ ਨੇ ਗੁਰੂ ਦੀ ਗੋਲਕ ’ਚੋਂ 91 ਲੱਖ ਅਖੌਤੀ ਜਥੇਦਾਰਾਂ ਦੇ ਉਸ ਹੁਕਮਨਾਮੇ ਨੂੰ ਸਹੀ ਸਿੱਧ ਕਰਨ ਲਈ ਦਿੱਤੇ ਭਾਵ ਇਸ਼ਤਿਹਾਰਾਂ ਦੇ ਰੂਪ ਵਿੱਚ ਹੀ ਉਜਾੜ ਦਿੱਤੇ ਜਿਸ ਹੁਕਮਨਾਮੇ ਨੂੰ ਉਨ੍ਹਾਂ ਹੀ ਜਥੇਦਾਰਾਂ ਨੇ ਵਾਪਸ ਲੈ ਲਿਆ। ਉਨ੍ਹਾਂ ਕਿਹਾ ਜਿਸ ਸਮੇਂ 1984 ਦੀ ਸਿੱਖ ਨਸਲਕੁਸ਼ੀ ਦੀ ਪੀੜਤ ਬੀਬੀ ਦਰਸ਼ਨ ਕੌਰ ਨੂੰ ਅਦਾਲਤ ਰਾਹੀਂ ਰਾਹਤ ਰਾਸ਼ੀ ਮਿਲਣ ਦੇ ਹੁਕਮ ਹੋਣ ਪਿੱਛੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮਿਲਣ ਵਾਲੇ ਇਸ ਪੈਸੇ ਨੂੰ ਤੂੰ ਕੀ ਕਰੇਂਗੀ ਤਾਂ ਉਸ ਨੇ ਜੋ ਬਿਆਨ ਦਿੱਤਾ ਇਹ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਮੂੰਹ ’ਤੇ ਚੁਪੇੜ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 1984 ਤੋਂ ਬਾਅਦ ਅੱਜ ਤੱਕ ਮੈਨੂੰ ਅਤੇ ਮੇਰੇ ਪੁੱਤਰ ਨੂੰ ਕਦੀ ਰੱਜਵੀਂ ਰੋਟੀ ਨਹੀਂ ਸੀ ਮਿਲੀ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਰਿਹਾ। ਇਹ ਪੈਸਾ ਮਿਲਣ ਪਿੱਛੋਂ ਹੁਣ ਮੈਂ ਤੇ ਮੇਰਾ ਪੁੱਤਰ ਰੱਜ ਕੇ ਰੋਟੀ ਖਾਵਾਂਗੇ। ਭਾਈ ਢਪਾਲੀ ਨੇ ਕਿਹਾ ਜੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਨੇ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਕੇ ਉਨ੍ਹਾਂ ਦੇ ਯੋਗ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਕਿਸੇ ਦੀ ਹਾਲਤ ਬੀਬੀ ਦਰਸ਼ਨ ਕੌਰ ਵਰਗੀ ਹੋਈ ਸਾਨੂੰ ਵੇਖਣੀ ਨਾ ਪੈਂਦੀ।

ਭਾਈ ਸਤਨਾਮ ਸਿੰਘ ਚੰਦੜ ਨੇ ਕਿਹਾ ਸਿੱਖ ਇਤਿਹਾਸ ਅਨੁਸਾਰ ਭੂਮੀਏ ਚੋਰ ਨੂੰ ਤਿੰਨ ਉਪਦੇਸ਼ ਦਿੱਤੇ ਸਨ: ਕਿਸੇ ਦੀ ਗਰੀਬਮਾਰ ਨਹੀਂ ਕਰਨੀਂ, ਝੂਠ ਨਹੀਂ ਬੋਲਣਾ, ਲੂਣ ਹਰਾਮ ਨਹੀਂ ਕਰਨਾ। ਭੂਮੀਆ ਚੋਰ ਗੁਰੂ ਦੇ ਤਿੰਨੇ ਬਚਨਾਂ ’ਤੇ ਪਹਿਰਾ ਦੇ ਕੇ ਚੋਰ ਤੋਂ ਭਾਈ ਭੂਮੀਆ ਬਣ ਗਿਆ ਪਰ ਅੱਜ ਇਹ ਸਾਖੀ ਸੁਣਨ ਸੁਣਾਉਣ ਵਾਲੇ ਗੁਰੂ ਵੱਲੋਂ ਬਖਸ਼ਿਆ ਸਰੂਪ ਤੇ ਪਹਿਰਾਵਾ ਪਹਿਨ ਕੇ ਗੁਰੂ ਦੇ ਸਿੱਖ ਅਖਵਾਉਣ ਵਾਲੇ ਗੁਰੂ ਦੇ ਕਿਸੇ ਵੀ ਉਪਦੇਸ਼ ’ਤੇ ਅਮਲ ਨਹੀਂ ਕਰਦੇ। ਸਿੱਖੀ ਦੇ ਬਣੇ ਇਨ੍ਹਾਂ ਠੇਕੇਦਾਰਾਂ ਨੇ ਸਪਰੇ ਵਾਲੀਆਂ ਨਕਲੀ ਦੁਆਈਆਂ ਖ੍ਰੀਦਣ ਸਮੇਂ ਇਸ ’ਚੋਂ ਮੋਟਾ ਕਮਿਸ਼ਨ ਲੈ ਕੇ ਆਪਣੀਆਂ ਜੇਬਾਂ ਭਰੀਆ ਪਰ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਉਨ੍ਹਾਂ ਦੀ ਗਰੀਬਮਾਰ ਕੀਤੀ। ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਨੂੰ ਫੜ ਕੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਿੱਚ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦਾ ਹੱਥ ਹੈ। ਪਰ ਆਪਣੇ ਇਸ ਝੂਠ ਨੂੰ ਇਹ ਸਹੀ ਸਿੱਧ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਰਿਹਾਅ ਕਰਨਾ ਪਿਆ। ਇਸ ਤਰ੍ਹਾਂ ਸਿੱਖਾਂ ਨੂੰ ਬਦਨਾਮ ਕਰਨ ਲਈ ਐਡਾ ਵੱਡਾ ਝੂਠ ਇਨ੍ਹਾਂ ਬੋਲਿਆ। ਤੀਸਰੇ ਨੰਬਰ ’ਤੇ ਸਾਰੇ ਹੀ ਪੰਥ ਦਾ ਲੂਣ ਖਾ ਕੇ ਹਰਾਮ ਕਰ ਰਹੇ ਹਨ।

ਭਾਈ ਚੰਦੜ ਨੇ ਕਿਹਾ ਅਸੀਂ ਇਹ ਤਾਂ ਸਾਰੇ ਮੰਨਦੇ ਹਾਂ ਕਿ ਅਕਾਲ ਤਖ਼ਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰਲਿਆਂ ਨੂੰ ਛੱਡ ਕੇ ਕਿਸੇ ਨੇ ਗੁਰੂ ਅਤੇ ਪੰਥ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਇਆ ਪਰ ਜਦੋਂ ਅਸੀਂ ਆਪਣੇ ਵੱਲ ਝਾਕ ਮਾਰਦੇ ਹਾਂ ਕਿ ਕੀ ਅਸੀਂ ਖ਼ੁਦ ਆਪਣਾ ਫਰਜ਼ ਨਿਭਾ ਰਹੇ ਹਾਂ ਤਾਂ ਅਫਸੋਸ ਨਾਲ ਕਹਿਣਾ ਪਏਗਾ ਕਿ ਵਿਰਲਿਆਂ ਨੂੰ ਛੱਡ ਕੇ ਸਾਡੇ ਵਿੱਚੋਂ ਵੀ ਬਹੁਤੇ ਆਪਣਾ ਫਰਜ਼ ਨਹੀਂ ਨਿਭਾ ਰਹੇ। ਸੋ ਆਓ ਆਪਣਾ ਫਰਜ਼ ਪਛਾਣੀਏ ਅਤੇ ਪਿੰਡ ਪਿੰਡ ਗੁਰਮਤਿ ਦੀਆਂ ਕਲਾਸਾਂ ਲਾ ਕੇ ਗੁਰੂ ਦਾ ਗਿਆਨ ਘਰ ਘਰ ਪਹੁੰਚਾਉਣ ਦਾ ਯਤਨ ਕਰੀਏ।

ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਖੜਾ ਡੈਮ ਬਣਾ ਕੇ ਜਿੱਥੇ ਹੜ੍ਹਾਂ ਦੇ ਪਾਣੀ ਰਾਹੀਂ ਹੋ ਰਹੇ ਨੁਕਸਾਨ ਨੂੰ ਰੋਕ ਕੇ ਬਹੁਤ ਹੀ ਕੰਮ ਸੰਵਾਰਨ ਵਾਲੀ ਬਿਜਲੀ ਤਿਆਰ ਕੀਤੀ ਗਈ ਹੈ ਇਸੇ ਤਰ੍ਹਾਂ ਸੰਗਤਾਂ ਵਿੱਚ ਉੱਠੇ ਰੋਹ ਨੂੰ ਕੇਵਲ ਜਜ਼ਬਾਤਾਂ ਦੇ ਵਹਿਣ ਵਿੱਚ ਬਹਾ ਕੇ ਹੜ੍ਹਾਂ ਦੇ ਪਾਣੀ ਵਾਂਗ ਕੌਮ ਦਾ ਅਜਾਂਈ ਨੁਕਸਾਨ ਕਰਨ ਵਾਲੇ ਰਾਹ ਪੈਣ ਦੀ ਬਜਾਏ ਜਜ਼ਬਾਤਾਂ ਨੂੰ ਬੰਨ੍ਹ ਮਾਰ ਕੇ ਕੌਮੀ ਸ਼ਕਤੀ ਸਿਰਜਣ ਲਈ ਵਰਤ ਲੈਣਾ ਚਾਹੀਦਾ ਹੈ ਜਿਸ ਸਦਕਾ ਸ਼੍ਰੋਮਣੀ ਕਮੇਟੀ ਵਿੱਚ ਚੰਗੇ ਗੁਰਸਿੱਖ ਭੇਜ ਕੇ ਕੌਮ ਦੀ ਵਿਗੜੀ ਸਥਿਤੀ ਨੂੰ ਸੁਧਾਰ ਕੇ ਕਈ ਕੰਮ ਸੰਵਾਰੇ ਜਾ ਸਕਣ।

ਨਿਰਮਲ ਸਿੰਘ ਧੂੜਕੋਟ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਵੀਚਾਰ ਰਾਹੀਂ ਜਿੱਤ ਹਾਸਲ ਕਰਨ ਦੀ ਸਾਨੂੰ ਜਾਚ ਸਿਖਾਈ ਹੈ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਵਾਰ ਵਿੱਚ ਇਸ ਤਰ੍ਹਾਂ ਕੀਤਾ ਹੈ : ‘ਸਬਦਿ ਜਿਤੀ ਸਿਧਿ ਮੰਡਲੀ ; ਕੀਤੋਸੁ ਅਪਣਾ ਪੰਥੁ ਨਿਰਾਲਾ।’ ਭਾਈ ਧੂੜਕੋਟ ਨੇ ਕਿਹਾ ਹਥਿਆਰ ਚਲਾਉਣ ਵਾਲਿਆਂ ਨੂੰ ਤਾਂ ਸਰਕਾਰ ਫੜ ਕੇ ਜੇਲਾਂ ਵਿੱਚ ਸੁੱਟ ਸਕਦੀ ਹੈ; ਉਨ੍ਹਾਂ ਨੂੰ ਅਤਿਵਾਦੀ ਦੱਸ ਕੇ ਤਸ਼ੱਦਦ ਕਰਨ ਦਾ ਬਹਾਨਾ ਬਣਾ ਸਕਦੀ ਹੈ ਅਤੇ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਹਥਿਆਰ ਵਾਲੇ ਦੀ ਅਵਾਜ਼ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕਰ ਸਕਦੀ ਹੈ ਪਰ ਵੀਚਾਰ ਹਰ ਥਾਂ ਅਤੇ ਹਰ ਸਥਿਤੀ ਵਿੱਚ ਹਮੇਸ਼ਾਂ ਹੀ ਆਪਣਾ ਚੰਗਾ ਪ੍ਰਭਾਵ ਛਡਦੇ ਹਨ। ਇਹੋ ਕਾਰਨ ਹੈ ਕਿ ਸਿੱਧਾਂ ਨਾਲ ਗੋਸਟ ਸਮੇਂ ਸੁਮੇਰ ਪ੍ਰਬਤ ਦੀਆਂ ਚੋਟੀਆਂ ’ਤੇ, ਜਗਨ ਨਾਥ ਪੁਰੀ, ਹਰਿਦੁਆਰ, ਮੱਕੇ ਵਰਗੇ ਧਾਰਮਿਕ ਸਥਾਨਾਂ ਤੋਂ ਇਲਾਵਾ ਕੌਡੇ ਰਾਖ਼ਸ਼ ਅਤੇ ਸੱਜਣ ਠੱਗ ਵਰਗੇ ਮਾੜੀਆਂ ਬਿ੍ਰਤੀਆਂ ਵਾਲੇ ਲੋਕਾਂ ਦੇ ਸਥਾਨਾਂ ਅਤੇ ਬਾਬਰ ਦੀ ਜੇਲ੍ਹ ਵਿੱਚ ਵੀ ਹਰ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੀ ਵੀਚਾਰ ਰਾਹੀਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਪਰ ਅੱਜ ਸਿੱਖ ਜ਼ਜ਼ਬਾਤਾਂ ਵਿੱਚ ਆ ਕੇ ਵੀਚਾਰ ਨਾਲੋਂ ਹਥਿਆਰ ਦੀ ਵਰਤੋਂ ਕਰਨ ਵਾਲੇ ਪ੍ਰੋਗਰਾਮਾਂ ਨੂੰ ਵੱਧ ਤਰਜੀਹ ਦਿੰਦੇ ਪ੍ਰਤੀਤ ਹੁੰਦੇ ਵਿਖਾਈ ਦੇ ਰਹੇ ਹਨ ਜਿਸ ਕਾਰਨ ਸਰਕਾਰਾਂ ਨੂੰ ਅਤਿਵਾਦੀ ਤੇ ਵੱਖਵਾਦੀਕਹਿ ਕੇ ਭੰਡਣ ਅਤੇ ਸਿੱਖ ਕੌਮ ਦਾ ਨੁਕਸਾਨ ਕਰਨ ਦਾ ਬਹਾਨਾ ਮਿਲਦਾ ਹੈ ਜਿਸ ਤੋਂ ਸਾਨੂੰ ਬਚਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਮੇਰਾ ਭਾਵ ਇਹ ਨਹੀਂ ਕਿ ਸਿੱਖਾਂ ਨੂੰ ਹਥਿਆਰਾਂ ਦੀ ਬਿਲਕੁਲ ਹੀ ਲੋੜ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰਾਂ ਦੀ ਵਰਤੋਂ ਰਾਜ ਅਭਿਮਾਨ ਵਿੱਚ ਚੜ੍ਹ ਕੇ ਆਈਆਂ ਫੌਜਾਂ ਦਾ ਮੁਕਾਬਲਾ ਕਰਨ ਸਮੇਂ ਆਪਣੀ ਜਾਂ ਮਜ਼ਲੂਮਾਂ ਦੀ ਸੁਰੱਖਿਆ ਕਰਨ ਲਈ ਹੀ ਕੀਤੀ ਅਤੇ ਇੱਕ ਵੀ ਉਦਾਹਰਣ ਐਸੀ ਨਹੀਂ ਜਦੋਂ ਗੁਰੂ ਸਾਹਿਬ ਜੀ ਨੇ ਕਿਸੇ ’ਤੇ ਜਿੱਤ ਹਾਸਲ ਕਰਨ ਲਈ ਹਥਿਆਰਾਂ ਨਾਲ ਹਮਲਾਵਰ ਰੂਪ ਵਿੱਚ ਚੜ੍ਹਾਈ ਕੀਤੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦਾ ਬਚਨ ਹੈ : ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥22॥’ ਭਾਵ ਜਦੋਂ ਕਿਸੇ ਕੰਮ ਕਰਨ ਲਈ ਸਾਰੇ ਹੀਲੇ ਫੇਲ੍ਹ ਹੋ ਜਾਣ ਉਸ ਸਮੇਂ ਤਲਵਾਰ ਉਠਾਉਣੀ ਜਾਇਜ਼ ਹੈ। ਸੋ ਹਥਿਆਰ ਤੋਂ ਪਹਿਲਾਂ ਵੀਚਾਰ ਦੀ ਵਰਤੋਂ ਕਰਨ ਨੂੰ ਹੀ ਤਰਜ਼ੀਹ ਦੇਣੀ ਬਣਦੀ ਹੈ। ਇਸ ਲਈ ਸਾਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਰਾਹੀਂ ਪਹਿਲਾਂ ਹਰ ਪ੍ਰਾਣੀ ਮਾਤਰ ਨੂੰ ਗੁਰੂ ਦੇ ਗਿਆਨ ਨਾਲ ਲੈਸ ਕਰਨਾ ਜਿਆਦਾ ਜਰੂਰੀ ਹੈ। ਜਦੋਂ ਲੋਕਾਈ ਗੁਰੂ ਦੇ ਗਿਆਨ ਨਾਲ ਜਾਗਰੂਕ ਹੋ ਗਈ ਤਾਂ ਉਹ ਸ਼ਰਾਬ ਦੀਆਂ ਬੋਤਲਾਂ ਅਤੇ ਭੁੱਕੀ ਬਦਲੇ ਵੋਟਾਂ ਪਾ ਕੇ ਘਟੀਆ ਕਿਸਮ ਦੇ ਆਗੂ ਨਹੀਂ ਚੁਣੇਗੀ ਬਲਕਿ ਚੰਗੇ ਇਖਲਾਕ ਵਾਲੇ ਈਮਾਨਦਾਰ ਆਗੂ ਚੁਣੇ ਜਾਣਗੇ ਜਿਸ ਨਾਲ ਬਹੁਤੀਆਂ ਸਮਸਿਆਵਾਂ ਆਪਣੇ ਆਪ ਹੀ ਹੱਲ ਹੋ ਸਕਦੀਆਂ ਹਨ।

ਭਾਈ ਹਰਦੀਪ ਸਿੰਘ ਚੀਮਾ ਨੇ ਕਿਹਾ ਆਪਣੇ ਪਿਉ ਦੇ ਕਤਲ ਵਿੱਚੋਂ ਲਾਹਾ ਕੋਈ ਘਟੀਆ ਇਨਸਾਨ ਹੀ ਲੈ ਸਕਦਾ ਹੈ। ਪਰ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚੋਂ ਵੀ ਕੋਈ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਸ ਤੋਂ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਅਸੀਂ ਭਾਈ ਬਚਿੱਤਰ ਸਿੰਘ ਬਣਨਾ ਹੈ, ਦੁਨੀ ਚੰਦ ਨਹੀਂ। ਵੈਸੇ ਤਾਂ ਕੋਈ ਵੀ ਮਨੁੱਖ ਨਹੀਂ ਮੰਨਦਾ ਕਿ ਉਹ ਦੁਨੀ ਚੰਦ ਦਾ ਰੋਲ ਨਿਭਾ ਰਿਹਾ ਹੈ ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਿੱਖੀ ਸਿਧਾਂਤਾਂ ਦੀ ਉਲੰਘਣਾਂ ਕਰਦੇ ਹਨ ਉਹ ਦੁਨੀ ਚੰਦ ਵਾਂਗ ਕਿਲੇ ਦੀ ਕੰਧ ਟੱਪ ਰਹੇ ਹਨ ਜਿਨ੍ਹਾਂ ਨੂੰ ਗੁਰੂ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਹੋਣਗੇ।

ਭਾਈ ਹਰਪ੍ਰੀਤ ਸਿੰਘ ਜਗਰਾਉਂ ਨੇ ਕਿਹਾ ਕਿ ਸੱਚ ਦੇ ਮਾਰਗ ਵਿੱਚ ਔਕੜਾਂ ਬਹੁਤ ਆਉਂਦੀਆਂ ਹਨ ਅਤੇ ਤਸ਼ੱਦਦ ਵੀ ਝੱਲਣੇ ਪੈਂਦੇ ਹਨ। ਸਿੱਖ ਵਿੱਚ ਅਜੇਹੀਆਂ ਬੇਅੰਤ ਉਦਾਹਰਣਾਂ ਹਨ ਅਤੇ ਮੌਜੂਦਾ ਦੌਰ ਵਿੱਚ ਇਸ ਦੀ ਤਾਜ਼ਾ ਮਿਸਾਲ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਦੀ ਹੈ ਜਿਨ੍ਹਾਂ ’ਤੇ ਤਸ਼ੱਦਦ ਕੇਵਲ ਇਸ ਲਈ ਢਾਹਿਆ ਗਿਆ ਕਿਉਂਕਿ ਉਨ੍ਹਾਂ ਤੋਂ ਪੁਲਿਸ ਝੂਠਾ ਬਿਆਨ ਦਿਵਾਉਣਾ ਚਾਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਨ੍ਹਾਂ ਨੇ ਸਿੱਖ ਪ੍ਰਚਾਰਕਾਂ ਦੇ ਕਹਿਣ ’ਤੇ ਕੀਤੀ ਸੀ ਅਤੇ ਇਸ ਵਿੱਚ ਵਿਦੇਸ਼ੀ ਸਿੱਖਾਂ ਦਾ ਵੀ ਹੱਥ ਹੈ। ਸੱਚ ’ਤੇ ਪਹਿਰਾ ਦੇਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਇਹ ਝੂਠ ਬੋਲਣ ਤੋਂ ਕੋਰੀ ਨਾਂਹ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਤਸ਼ੱਦਦ ਝੱਲਣਾ ਪਿਆ ਪਰ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਆਖਰ ਸੱਚ ਦੀ ਤੂਤੀ ਹੀ ਸਦਾ ਬੋਲਦੀ ਰਹਿੰਦੀ ਹੈ।