ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ, ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ।

0
236

ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ, ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ।

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ

ਰੋਜ਼ ਵਾਂਗ ਜਾਂ ਨਵਾਂ ਦਿਨ ਚੜਿਆ, ਤਿੱਥ ਬਦਲੀ ਤੇ ਅੱਖਾਂ ਖੋਲੀਆਂ ਮੈਂ।

ਪੰਛੀ ਆਪੋ ਆਪਣੇ ਸੁਰ ਕੱਢਣ, ਸਮਝਾਂ ਉਨ੍ਹਾਂ ਦੀਆਂ ਪਿਆਰੀਆਂ ਬੋਲੀਆਂ ਮੈਂ।

ਕੋਇਲ ਅੰਬ ਦੀ ਟਹਿਣੀ ’ਤੇ ਕੂਕ ਰਹੀ ਸੀ, ਬੁਲਬੁਲ ਗਾਵੇ ਗੁਲਾਬ ਦੇ ਕੋਲ ਬੈਠੀ।

ਪਿੰਡ ਤੱਕੇ ਤਾਂ ਸਭ ਥਾਂ ਦਿਸ ਪਈ, ਕੋਈ ਸਵਾਣੀ ਵੀ ਚਾਟੀ ਦੇ ਕੋਲ ਬੈਠੀ।

ਸੋਨ-ਰੰਗੀਆਂ ਕਣਕਾਂ ਝੂਮ ਰਹੀਆਂ, ਵੇਖ ਵੇਖ ਜੱਟ ਖੀਵਾ ਹੋਈ ਜਾਵੇ।

ਆਉਣੀ ਫ਼ਸਲ ’ਤੇ ਏਸ ਦਾ ਕੀ ਕਰਨਾ, ਬੈਠਾ ਸੱਧਰਾਂ ਹਾਰ ਪਰੋਈ ਜਾਵੇ।

ਬੱਚੇ ਖ਼ੁਸ਼ ਸਨ ਮੇਲੇ ਜਾਵਣਾ ਏਂ, ਘਰ ਹੋਰ ਵੀ ਕਿੰਨਾ ਸਾਮਾਨ ਬਣਨਾ।

ਬੱਸ ਖਾਣ ਦੀਆਂ ਡੰਝਾਂ ਲਾਹਣੀਆਂ ਨੇ, ਕੋਈ ਕੰਮ ਨਹੀਂ ਅੱਜ ਹੋਰ ਕਰਨਾ।

ਜਾਂ ਪੁਰੀ ਅਨੰਦ ਨੂੰ ਵੇਖਿਆ ਮੈਂ, ਕੱਠ ਲੋਕਾਂ ਦਾ ਅਪਰ ਅਪਾਰ ਦਿੱਸੇ।

ਬੜੇ ਗਹੁ ਨਾਲ ਤੱਕਿਆ ਸਭ ਪਾਸੇ, ਮੇਲੇ ਵਾਲਾ ਨਾ ਇੱਥੇ ਕੋਈ ਆਹਰ ਦਿੱਸੇ।

ਮੈਂ ਵੀ ਸੋਚਿਆ ਚਲੋ ਮੈਂ ਸੁਣ ਆਵਾਂ, ਲੋਕ ਕੀ ਕੁਝ ਕਹਿ ਕਹਾ ਰਹੇ ਨੇ।

ਕੋਈ ਕੰਮ ਦੀ ਗੱਲ ਵੀ ਕਰ ਰਹੇ ਨੇ, ਜਾਂ ਐਵੇਂ ਕਾਵਾਂ ਰੌਲੀ ਪਾ ਰਹੇ ਨੇ।

ਇੱਕ ਆਖਦਾ, ‘ਧਰਮਿਆਂ ਦੱਸ ਤਾਂ ਸਹੀ, ਗੁਰਾਂ ਕਿਸ ਕੰਮ ਸਾਨੂੰ ਬੁਲਾਇਆ ਏ ?

ਮੈਨੂੰ ਲੱਗਦਾ ਅੱਜ ਤਾਂ ਏਸ ਥਾਂ ’ਤੇ, ਸਾਰਾ ਮੁਲਕ ਹੀ ਚੱਲ ਕੇ ਆਇਆ ਏ।’

ਧਰਮਾ ਬੋਲਿਆ, ‘ਮੈਨੂੰ ਵੀ ਪਤਾ ਕੁਝ ਨਹੀਂ, ਚਲੋ ਵਿੱਚ ਦਰਬਾਰ ਦੇ ਚੱਲਦੇ ਹਾਂ।

ਗੁਰੂ ਕਹਿਣ ਜੋ ਅਸੀਂ ਵੀ ਸੁਣ ਲਈਏ, ਨੇੜੇ ਤਖਤ ਦੇ ਜਗਾ ਕੋਈ ਮੱਲਦੇ ਹਾਂ।’

ਨਿਕਲ ਤੰਬੂਓਂ ਗੁਰੂ ਜੀ ਬਾਹਰ ਆਏ, ਹੱਥ ਤੇਗ਼ ਨੰਗੀ ਮੱਥੇ ਤੇਜ਼ ਦਗਦਾ।

ਗੁਰਾਂ ਵੱਲ ਜਦ ਸਭਨਾਂ ਨਿਗਾਹ ਕੀਤੀ, ਵੇਖਣ ਚਿਹਰੇ ’ਤੇ ਸੂਹਾ ਦਰਿਆ ਵਗਦਾ।

ਫਤਿਹ ਕਰ ਸਾਂਝੀ ਕਿਹਾ ਗੁਰੂ ਜੀ ਨੇ, ‘ਸਿੱਖੋ  ! ਜ਼ੁਲਮ ਦੀ ਕਾਂਗ ਚੜ ਆ ਰਹੀ ਏ।

ਇਹ ਭੂਤਰੇ ਪਸ਼ੂ ਦੇ ਵਾਂਗ ਹੋਈ, ਬੇਦੋਸ਼ੇ-ਮਜ਼ਲੂਮਾਂ ਨੂੰ ਇਹ ਖਾ ਰਹੀ ਏ ।

ਜੇਕਰ ਏਸ ਨੂੰ ਕਿਸੇ ਨਾ ਨੱਥ ਪਾਈ, ਇਹਨੇ ਧਰਮ ਦਾ ਰੁੱਖ ਮਰੁੰਡ ਜਾਣਾ।

ਫਲ, ਫੁੱਲ, ਪੱਤੇ ਇਹਨੇ ਖਾ ਜਾਣੇ, ਬਾਕੀ ਬਚਿਆ ਮੁਲਕ ਰਹਿ ਟੁੰਡ ਜਾਣਾ।

ਇਹ ਤਲਵਾਰ ਹੀ ਇਹ ਨੂੰ ਬਚਾ ਸਕਦੀ, ਅਸਾਂ ਏਸ ਦੇ ਨਾਲ ਵਿਚਾਰ ਕੀਤੀ।

ਨੱਕ ਜ਼ੁਲਮ ਦਾ ਏਸ ਨੇ ਵੱਢਣੇ ਲਈ, ਪਹਿਲਾਂ ਆਪ ਹੈ ਸਿਰ ਦੀ ਮੰਗ ਕੀਤੀ।

ਉੱਠੋ ਸੂਰਮਾ ਕੋਈ ਕਰੋ ਮੰਗ ਪੂਰੀ, ਨੱਕਾ ਜ਼ੁਲਮ ਦੇ ਹੜ ’ਤੇ ਲਾਵਣੇ ਲਈ।

ਪਹਿਲਾਂ ਤਲੀ ’ਤੇ ਸਿਰ ਤਾਂ ਰੱਖ ਲਈਏ, ਫੇਰ ਲੜਾਂਗੇ ਧਰਮ ਬਚਾਵਣੇ ਲਈ।’

ਗੁਰਾਂ ਮੰਗ ਕੀਤੀ ਸਾਰੇ ਚੁੱਪ ਛਾਈ, ਭਰਿਆ ਪੰਡਾਲ ਜਾਪੇ ਭਾਂ-ਭਾਂ ਕਰਦਾ।

ਧਰਮੀ-ਰੁੱਖ ਸੜ ਰਿਹਾ ਦੁਪਹਿਰ ਤਿੱਖੀ, ਵੇਖੋ ਕੌਣ ਹੈ ਸਿਰ ਦੀ ਛਾਂ ਕਰਦਾ।

ਘੜੀ ਲੰਘੀ ਤਾਂ ਸਿੱਖ ਇੱਕ ਖੜ੍ਹਾ ਹੋਇਆ, ਉਹ ਨੂੰ ਤੰਬੂ ਵਿੱਚ ਗੁਰੂ ਲਿਜਾਂਵਦੇ ਨੇ।

ਲਹੂ ਨੁੱਚੜਦੀ ਹੱਥ ਤਲਵਾਰ ਲੈ ਕੇ, ਉਹਨੀਂ ਪੈਰੀਂ ਫਿਰ ਪਰਤ ਕੇ ਆਂਵਦੇ ਨੇ।

ਗੁਰਾਂ ਦੂਸਰੇ ਸਿਰ ਦੀ ਮੰਗ ਕੀਤੀ, ਕਈ ਖਿਸਕ ਕੇ ਮਹਿਲਾਂ ਨੂੰ ਜਾਣ ਲੱਗੇ।

ਕਈ ਉੱਥੇ ਹੀ ਨੀਵੀਆਂ ਪਾਈ ਬੈਠੇ, ਵਿੱਚ ਹੱਥਾਂ ਦੇ ਮੂੰਹ ਲੁਕਾਣ ਲੱਗੇ।

ਕਈ ਸੋਚਦੇ ਪਿਆਰਿਆਂ ਪੁੱਤਰਾਂ ਤੋਂ, ਕਿਉਂ ਸਿੱਖਾਂ ਨੂੰ ਗੁਰੂ ਮੁਕਾ ਰਹੇ ਨੇ।

ਤੇਗ਼ ਉਨ੍ਹਾਂ ਨੂੰ ਕਾਲੀ ਦੀ ਜੀਭ ਲੱਗੇ, ਗੁਰੂ ਜਿਸ ਦੀ ਪਿਆਸ ਬੁਝਾ ਰਹੇ ਨੇ।

ਪੰਜ ਵਾਰ ਇੰਜ ਗੁਰਾਂ ਨੇ ਮੰਗ ਕੀਤੀ, ਪੰਜ ਸਿੱਖ ਕੁਰਬਾਨੀ ਲਈ ਖੜ੍ਹੇ ਹੋਏੇ।

ਇਹੋ ਜਿਹਾ ਕੌਤਕ ਮੈਂ ਵੀ ਵੇਖਿਆ ਨਾ, ਭਾਵੇਂ ਜੱਗ ਵਿੱਚ ਕੌਤਕ ਬੜੇ ਹੋਏ।

ਥੋੜ੍ਹਾ ਸਮਾਂ ਲੰਘਾ ਗੁਰੂ ਪਏ ਨਜ਼ਰੀਂ, ਪੰਜੇ ਸਿੱਖ ਪਿੱਛੇ ਟੁਰੇ ਆਂਵਦੇ ਨੇ।

ਉਨ੍ਹਾਂ ਸਭਨਾਂ ਹਥਿਆਰ ਸਜਾ ਰੱਖੇ, ਦਸਤਾਰੇ ਵੀ ਸਿਰੀਂ ਸੁਹਾਂਵਦੇ ਨੇ।

ਜਲ ਬਾਟੇ ਦੇ ਵਿੱਚ ਪਵਾ ਸਤਿਗੁਰ, ਉਹ ਨੂੰ ਖੰਡੇ ਦੇ ਨਾਲ ਹਿਲਾਂਵਦੇ ਨੇ।

ਨੂਰੋ-ਨੂਰ ਚਿਹਰਾ ਪਿਆ ਚਮਕ ਮਾਰੇ, ਮੁੱਖੋਂ ਆਪਣੇ ਬਾਣੀ ਅਲਾਂਵਦੇ ਨੇ।

ਏਨੇ ਚਿਰ ਨੂੰ ਮਾਤਾ ਜੀ ਪਹੁੰਚ ਗਏ, ਪਾਣੀ ਵਿੱਚ ਪਤਾਸੇ ਮਿਲਾਂਵਦੇ ਨੇ।

ਗੁਰਾਂ ਨਜ਼ਰ ਭਰ ਤੱਕਿਆ ਉਹਨਾਂ ਵੱਲੇ, ਚਿਹਰੇ ਉੱਤੇ ਮੁਸਕਾਨ ਲਿਆਂਵਦੇ ਨੇ।

ਅੰਮ੍ਰਿਤ ਤਿਆਰ ਹੋਇਆ ਸਤਿਗੁਰੂ ਜੀ ਨੇ, ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ।

ਭਾਵੇਂ ਕੋਈ ਕਿਸੇ ਦੇਸ਼-ਭੇਖ ਦਾ ਸੀ, ਸਭ ਨੂੰ ਖਾਲਸੇ ਸਿੰਘ ਬਣਾ ਦਿੱਤਾ।

ਫੇਰ ਪੰਜਾਂ ਨੂੰ ਗੁਰੂ ਜੀ ਆਪ ਕਿਹਾ, ‘ਮੈਨੂੰ ਖਾਲਸੇ ਵਿੱਚ ਰਲਾਓ ਸਿੰਘੋ  !

ਭੇਦ ਗੁਰੂ ਤੇ ਚੇਲੇ ਦਾ ਮੇਟ ਦੇਈਏ, ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਸਿੰਘੋ  !’

ਸਾਰਾ ਦਿਨ ਹੀ ਅੰਮ੍ਰਿਤ ਦੀ ਹੋਈ ਵਰਖਾ, ਚੜੀਆਂ ਲਾਲੀਆਂ ਸਭਨਾਂ ਚੇਹਰਿਆਂ ’ਤੇ।

ਗੁਰਾਂ ਸਭਨਾਂ ਤਾਈਂ ਸਮਝਾ ਦਿੱਤਾ, ਜ਼ੁਲਮ ਰੁਕੇ ਨਾ ਅੱਥਰੂ ਕੇਰਿਆਂ ’ਤੇ।

ਚਿੜੀਆਂ ਬਾਜ਼ਾਂ ਦਾ ਰੂਪ ਧਾਰ ਲਿਆ, ਗਿੱਦੜ ਸ਼ੇਰ ਬਣ ਭਬਕਾਂ ਮਾਰਦੇ ਨੇ।

ਮੇਰੇ ਮਨ ਨੂੰ ਇਹ ਯਕੀਨ ਹੋਇਆ, ਹੁਣ ਨਾ ਸੂਰਮੇ ਜ਼ੁਲਮ ਤੋਂ ਹਾਰਦੇ ਨੇ।

ਜਦੋਂ ਆਪਣੇ ਬਾਰੇ ਸੋਚਿਆ ਮੈਂ, ਮੇਰੀ ਛਾਤੀ ਵੀ ਮਾਣ ਦੇ ਨਾਲ ਤਣ ਗਈ।

ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ, ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ।