ਦੇਸ਼ ਮੇਰੇ ਦੀਆਂ ਚੋਣਾਂ

0
260

ਦੇਸ਼ ਮੇਰੇ ਦੀਆਂ ਚੋਣਾਂ

ਬਲਵਿੰਦਰ ਸਿੰਘ (ਖ਼ਾਲਸਾ) ਪਿੰਡ ਚਨਾਰਥਲ, ਮੌੜ ਮੰਡੀ ( ਜਿਲ੍ਹਾ ਬਠਿੰਡਾ)-97802-64599

ਬਿਗਲ ਵੱਜਿਆ ਦੇਸ਼ ਵਿੱਚ ਚੋਣ ਵਾਲਾ, ਚੋਣ ਪ੍ਰਚਾਰ ਨੇ ਜੋਰਾਂ ’ਤੇ ਹੋਣ ਲੱਗੇ।

ਜਿਨ੍ਹਾਂ ਮਾਰਿਆ ਕਦੇ ਨਹੀਂ ਭੁੱਲ ਗੇੜਾ, ਵਾਂਗ ਕੀੜੀਆਂ ਲੀਡਰ ਭਾਉਣ ਲੱਗੇ।

ਕੁਝ ਸਮੇਂ ਲਈ ਗ਼ਰੀਬਾਂ ਦੀ ਬਣੂ ਚਾਂਦੀ, ਨਰਾਇਣ ਕੀੜੀਆਂ ਦੇ ਘਰੀਂ ਆਉਣ ਲੱਗੇ।

ਕੋਈ ਚੱਲਿਆ ਏ ਰਥ ਯਾਤਰਾ ’ਤੇ, ਸੰਗਤ ਦਰਸਨ ਨੇ ਕਈ ਕਰਵਾਉਣ ਲੱਗੇ।

ਕੈਲੇਫੋਰਨੀਆ ਦੇਸ਼ ਬਣਾ ਦਿਆਂਗੇ, ਨੀਂਹ ਪੱਥਰ ਨੇ ਥਾਂ ਥਾਂ ਟਿਕਾਉਣ ਲੱਗੇ।

ਮਸਲੇ ਦੇਸ਼ ਦੇ ਕਰਾਂਗੇ ਹੱਲ ਸਾਰੇ, ਸਦਭਾਵਨਾ ਰੈਲੀਆਂ ਕਰਾਉਣ ਲੱਗੇ।

ਦੇਣੀਆਂ ਨੌਕਰੀਆਂ ਅਤੇ ਤਰੱਕੀਆਂ ਵੀ, ਮੁੰਡੇ ਲੱਕੜ ਦੇ ਹੱਥ ਫੜਾਉਣ ਲੱਗੇ।

ਸਕੂਲੀ ਬੱਚਿਆਂ ਤਾਈਂ ਗੁੰਮਰਾਹ ਕਰਕੇ, ਵੋਟਾਂ ਮਾਪਿਆਂ ਦੀਆਂ ਹਥਿਆਉਣ ਲੱਗੇ।

ਭਾਸ਼ਨ ਕਰਦੇ ਖਿਲਾਫ ਵਿਰੋਧੀਆਂ ਦੇ, ਆਪਣੇ ਆਪ ਨੂੰ ਚੰਗੇ ਅਖਵਾਉਣ ਲੱਗੇ।

ਬਿੱਲੀ ਹੱਜ ਚੱਲੀ ਨੌ ਸੌ ਖਾ ਚੂਹਾ, ਔਗੁਣ ਆਪਣੇ ਸਾਰੇ ਛੁਪਾਉਣ ਲੱਗੇ।

ਭਗਤ ਬਗਲੇ ਬਣਦੇ ਨੇ ਮੀਟ ਅੱਖਾਂ, ਡੱਡਾਂ ਖਾਣ ਦੀ ਵਿਉਤ ਬਣਾਉਣ ਲੱਗੇ।

ਕਿਤੇ ਚੌਧਰ ਤੇ ਕੁਰਸੀ ਨਾ ਖੁੱਸ ਜਾਵੇ, ਗੱਲ ਸੋਚ ਕੇ ਇਹੋ ਘਬਰਾਉਣ ਲੱਗੇ।

ਭੁੱਲ ਜਾਓ ਪੁਰਾਣੀਆਂ ਸਭ ਗੱਲਾਂ, ਬਾਤਾਂ ਨਵੀਆਂ ਆਖ ਸੁਣਾਉਣ ਲੱਗੇ।

ਗਿਲੇ ਸ਼ਿਕਵੇ ਕਰਾਂਗੇ ਦੂਰ ਸਾਰੇ, ਚੜ੍ਹ ਸਟੇਜਾਂ ’ਤੇ ਇਹ ਫ਼ੁਰਮਾਉਣ ਲੱਗੇ।

ਦੇਸ਼ ਵਾਸਤੇ ਸਭ ਕੁਝ ਵਾਰ ਦਿਆਂਗੇ, ਗੀਤ ਦੇਸ਼ ਭਗਤੀ ਦੇ ਗਾਉਣ ਲੱਗੇ।

ਜਿਉਣਾ ਦੇਸ਼ ਲਈ ਮਰਨਾ ਵੀ ਦੇਸ਼ ਲਈ ਹੈ, ਥੁੱਕ ਨਾਲ ਇਹ ਬੜੇ ਪਕਾਉਣ ਲੱਗੇ।

ਦੇਸ਼ ਹਿਤੈਸ਼ੀ ਹੋਣ ਦੇ ਕਰਨ ਦਾਅਵੇ, ਦੇਸ਼ ਧਰੋਹ ’ਤੇ ਪੜਦੇ ਪਾਉਣ ਲੱਗੇ।

ਰਾਜ ਕਰਨਾ ਨਹੀਂ, ਕਰਾਂਗੇ ਅਸੀਂ ਸੇਵਾ; ਭੁਲੇਖੇ ਰਾਜੇ ਰਣਜੀਤ ਦੇ ਪਾਉਣ ਲੱਗੇ।

ਲਾਲਚ ਦੇ ਕੇ ਨਸ਼ੇ ਤੇ ਪੈਸਿਆਂ ਦਾ, ਮੂਰਖ ਲੋਕਾਂ ਨੂੰ ਇਹੇ ਬਣਾਉਣ ਲੱਗੇ।

ਨਸ਼ੇ ਬੰਦ ਕਰਨ ਦਾ ਜੋ ਕਰਨ ਨਾਟਕ, ਆਪਣੇ ਹੱਥੀਂ ਹੀ ਖੁਦ ਵਰਤਾਉਣ ਲੱਗੇ।

ਬਦਨਾਮ ਕਰਦੇ ਵਿਦੇਸ਼ੀ ਏਜੰਸੀਆਂ ਨੂੰ, ਜੇਲਾਂ ਵਿੱਚ ਵੀ ਨਸ਼ੇ ਪਚਾਉਣ ਲੱਗੇ।

ਸੂਝਵਾਨ ਜੇ ਪੁੱਛੇ ਸਵਾਲ ਕੋਈ, ਜਵਾਬ ਦੇਣ ਤੋਂ ਕੰਨੀ ਕਤਰਾਉਣ ਲੱਗੇ।

ਦੁੱਖੀ ਬੰਦਾ ਜੇ ਇਨ੍ਹਾਂ ਖਿਲਾਫ ਬੋਲੇ, ਫੜ੍ਹ ਕੇ ਜੇਲਾਂ ਦੇ ਵਿੱਚ ਸੁਟਵਾਉਣ ਲੱਗੇ।

ਲੋਕਾਂ ਵਿਚ ਇਹ ਆਪਸੀ ਫੁੱਟ ਪਾ ਕੇ, ਭਾਈ ਨੂੰ ਭਾਈ ਨਾਲ ਲੜਾਉਣ ਲੱਗੇ।

ਇਹੀ ਹੈ ਸਿਆਸਤ ਦੀ ਜੜ੍ਹ ਲੋਕੋ ! ਪਹਿਲਾਂ ਕੁੱਟ ਕੇ ਫੇਰ ਵਿਰਾਉਣ ਲੱਗੇ।

ਲੋਕਾਂ ਸਾਹਮਣੇ ਜਿਨ੍ਹਾਂ ਨੂੰ ਭੰਡਦੇ ਨੇ, ਰਿਸ਼ਤੇਦਾਰੀਆਂ ਉਨ੍ਹਾਂ ਨਾਲ ਪਾਉਣ ਲੱਗੇ।

ਲੀਡਰ ਲੋਕ ਦੋ ਮੂੰਹੇ ਸੱਪ ਬਣ ਕੇ, ਦੋਨਾਂ ਪਾਸਿਆਂ ਤੋਂ ਡੰਗ ਚਲਾਉਣ ਲੱਗੇ।