ਦਿੱਲੀ ਫ਼ਤਹਿ ‘ਉਦੋਂ ਤੇ ਹੁਣ ’ਚ ਫ਼ਰਕ’

0
320

ਦਿੱਲੀ ਫ਼ਤਹਿ ‘ਉਦੋਂ ਤੇ ਹੁਣ ’ਚ ਫ਼ਰਕ’

ਸ. ਕਿਰਪਾਲ ਸਿੰਘ (ਬਠਿੰਡਾ)-98554-80797

18 ਵੀਂ ਸਦੀ ਦੇ ਮਾਰਚ ਮਹੀਨੇ ’ਚ ਵੱਖ ਵੱਖ ਵਾਪਰੀਆਂ ਦੋ ਵੱਡੀਆਂ ਤੇ ਇਤਿਹਾਸਕ ਘਟਨਾਵਾਂ ਦਾ ਸੰਖੇਪ ਮਾਤ੍ਰ ਵਰਨਣ ਕਰਨ ਉਪਰੰਤ ਤਤਕਾਲੀ ਸਿੱਖ ਬਨਾਮ ਅਜੋਕੇ ਸਿੱਖਾਂ ਦੇ ਕਿਰਦਾਰ ਦਾ ਅੰਤਰ ਸਮਝਣਾ ਵੀ ਜ਼ਰੂਰੀ ਹੈ, ਜਿਸ ਨੂੰ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ।

ਪਹਿਲੀ ਘਟਨਾ ‘2 ਚੇਤ/ 15 ਮਾਰਚ 1783 ਨੂੰ ਸਿੰਘਾਂ ਵੱਲੋਂ ਦਿੱਲੀ ਫ਼ਤਹਿ ਕਰਨ ਉਪਰੰਤ ਦਿੱਲੀ ਦੇ ਲਾਲ ਕਿਲੇ ’ਤੇ ਖ਼ਾਲਸਾਈ ਝੰਡਾ ਝੁਲਾਉਣ’ ਨਾਲ ਸੰਬੰਧਿਤ ਹੈ ਜਦਕਿ ਦੂਸਰੀ ਘਟਨਾ ‘ਭਾਈ ਸ਼ਾਹਬਾਜ਼ ਸਿੰਘ ਜੀ ਤੇ ਉਨ੍ਹਾਂ ਦੇ ਪਿਤਾ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀਆਂ ’ਤੇ ਚੜ੍ਹਾ ਕੇ 25 ਮਾਰਚ 1746 ਨੂੰ ਸ਼ਹੀਦ ਕਰਨ ਨਾਲ ਸੰਬੰਧਿਤ ਹੈ ਕਿਉਂਕਿ ਭਾਈ ਸ਼ਾਹਬਾਜ਼ ਸਿੰਘ ਜੀ ਨੇ ਆਪਣੇ ਧਾਰਮਿਕ ਅਸੂਲਾਂ ’ਤੇ ਪਹਿਰਾ ਦੇਂਦਿਆਂ ਕਾਜ਼ੀ ਦੀ ਲੜਕੀ ਦਾ ਰਿਸ਼ਤਾ ਠੁਕਰਾ ਦਿੱਤਾ ਸੀ।’

ਪਹਿਲੀ (ਦਿੱਲੀ ਫ਼ਤਹਿ) ਘਟਨਾ ਦਾ ਸੰਖੇਪ ਜਿਹਾ ਵੇਰਵਾ ਇਸ ਪ੍ਰਕਾਰ ਹੈ:- ਸਿੱਖਾਂ ਦੀ ਵਧਦੀ ਰਾਜਨੀਤਿਕ ਸ਼ਕਤੀ ਦੇ ਮੁਕਾਬਲੇ ਮੁਗ਼ਲਾਂ ਤੇ ਅਫਗਾਨਾਂ ਦੀ ਤਾਕਤ ਦੇ ਪਤਨ ਉਪਰੰਤ ਸਿੱਖਾਂ ਨੇ ਮਾਨਵਤਾ ਦੇ ਦੁਸ਼ਮਣਾਂ ਨੂੰ ਸੋਧਣ ਲਈ ਆਪਣੀ ਸ਼ਕਤੀ ਨੂੰ ਪੰਜਾਬ ਤੋਂ ਬਾਹਰ ਉਤਰੀ ਭਾਰਤ ਦੇ ਬਹੁਤ ਵੱਡੇ ਹਿੱਸੇ ’ਚ ਵੀ ਕਾਇਮ ਕਰ ਲਿਆ ਸੀ। ਮੁਗ਼ਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਇਕ ਕਮਜ਼ੋਰ ਅਤੇ ਬੇਵੱਸ ਬਾਦਸ਼ਾਹ ਸੀ। ਸਾਰੀ ਤਾਕਤ ਦੀ ਵਰਤੋਂ ਉਸ ਦਾ ਵਜ਼ੀਰ ਨਜੀਬ-ਉਦ-ਦਾਉਲਾ ਹੀ ਕਰਦਾ ਸੀ। ਸਿੱਖਾਂ ਦੇ ਜੱਥੇ ਜੋ ਮਿਸਲਾਂ ਦੇ ਰੂਪ ਵਿੱਚ ਪ੍ਰਫੁਲਿਤ ਹੋਏ, ਉਹ ਆਪਣੀ ਹੱਦਬੰਦੀ ਤੋਂ ਮੁਕਤ ਸਨ ਅਤੇ ਜਿੱਥੇ ਵੀ ਉਨ੍ਹਾਂ ਦਾ ਦਾਅ ਲਗਦਾ ਸੀ, ਜਰਵਾਣਿਆਂ ਦੀ ਲੁੱਟਮਾਰ ਕਰਦੇ ਰਹਿੰਦੇ ਸਨ ਤੇ ਅੰਤ ’ਚ ਉਸ ਇਲਾਕੇ ਦੇ ਲੋਕਾਂ ਦੇ ਬਚਾਓ ਤੇ ਸ਼ਾਂਤੀ ਲਈ ਕਰ ਵਸੂਲੀ ਪ੍ਰਾਪਤ ਕਰਨ ਲਈ ਲੋਕਾਂ ਨੂੰ ਸਹਿਮਤ ਕਰ ਲੈਂਦੇ। ਉਹ ਛੋਟੇ ਆਜ਼ਾਦ ਰਾਜਾਂ ਦੀ ਤਰ੍ਹਾਂ ਕਰ ਵਸੂਲਦੇ ਅਤੇ ਆਪਣਾ ਪ੍ਰਸ਼ਾਸਨ ਚਲਾਉਂਦੇ ਭਾਵੇਂ ਕਿ ਇਹ ਪ੍ਰਸ਼ਾਸਨ ਸਥਾਈ ਨਹੀਂ ਹੁੰਦਾ ਸੀ। ਬਹੁਗਿਣਤੀ ਇਤਿਹਾਸਕਾਰਾਂ ਦਾ ਕਥਨ ਹੈ ਕਿ 1770 ਈਸਵੀ ਨੂੰ ਸਿੱਖ ਮਿਸਲਦਾਰਾਂ ਨੇ ਜਿਨ੍ਹਾਂ ਵਿੱਚ ਜੱਸਾ ਸਿੰਘ ਆਹਲੂਵਾਲੀਆ, ਖੁਸ਼ਹਾਲ ਸਿੰਘ, ਬਘੇਲ ਸਿੰਘ, ਸ਼ਾਮ ਸਿੰਘ, ਤਾਰਾ ਸਿੰਘ, ਕਰੋੜਾ ਸਿੰਘ, ਰਾਏ ਸਿੰਘ ਆਦਿ ਜਰਨੈਲਾਂ ਨੇ 40 ਹਜ਼ਾਰ ਤੋਂ ਵੱਧ ਫੌਜ ਲੈ ਕੇ ਦਿੱਲੀ ਵੱਲ ਨੂੰ ਵਧਦੇ ਹੋਏ ਗੰਗਾ-ਯਮੁਨਾ ਦੁਆਬ ਵੱਲ ਧਾੜਵੀ ਹਮਲਾ ਕਰ ਦਿੱਤਾ। ਪ੍ਰੋ. ਹਰੀ ਰਾਮ ਗੁਪਤਾ ਅਨੁਸਾਰ ਯਮੁਨਾ ਪਾਰ ਕਰਕੇ ਗੰਗਾ ਦੁਆਬ ਵੱਲ ਨੂੰ ਆਪਣੀ ਫ਼ਤਹਿ ਕਰਦੇ ਹੋਏ ਸਹਾਰਨਪੁਰ, ਮੇਰਠ, ਬਿਜ਼ਨੌਰ, ਸਾਮਲੀ, ਕਾਂਧਲਾ, ਅੰਮਬਨੀ, ਮਿਆਂਪੁਰ, ਦਿਊਬੰਦ, ਮੁਜ਼ੱਫਰਨਗਰ, ਜਵਾਲਾਪੁਰ, ਕਣਖਲ, ਨੰਧੋਅਰਾ, ਨਜ਼ੀਬਾਬਾਦ, ਮੁਰਾਦਾਬਾਦ, ਚੰਦੇਰੀ, ਅਨੂਪ ਸ਼ਹਿਰ, ਗੜਮੁਕਤੇਸਰ ਆਦਿ ਥਾਵਾਂ ’ਤੇ ਸਿੱਖ ਆਪਣੀ ਰਾਖੀ ਦੀ ਅਧੀਨਤਾ ਸਵੀਕਾਰ ਅਤੇ ਕਰ ਵਸੂਲੀ ਲਈ ਸਹਿਮਤੀ ਕਰਵਾਉਂਦੇ ਹੋਏ ਵਾਪਸ ਪੰਜਾਬ ਪਰਤ ਆਏ। ਇਨ੍ਹਾਂ ਜਿੱਤਾਂ ਨੇ ਸਿੱਖ ਮਿਸਲਦਾਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਅਤੇ ਉਹ ਸਾਰੇ ਲਗਭਗ ਉੱਤਰ ਪੱਛਮੀ ਭਾਰਤ ਦੇ ਮਾਲਕ ਬਣਨ ਵੱਲ ਵਧੇ। ਭਾਵੇਂ ਉਨ੍ਹਾਂ ਦੀ ਇਹ ਸੋਚ ਅਧੂਰੀ ਰਹਿ ਗਈ ਕਿਉਂਕਿ ਸਿੱਖ ਮਿਸਲਦਾਰਾਂ ਦੀ ਆਪਸੀ ਫੁੱਟ, ਰੰਜ਼ਿਸ਼ ਅਤੇ ਇਕ ਦੂਜੇ ਤੋਂ ਆਪਣੇ-ਆਪ ਨੂੰ ਵੱਡਾ ਸਾਬਤ ਕਰਨ ਦੀ ਪਰੰਪਰਾ ਨੇ ਉਨ੍ਹਾਂ ਨੂੰ ਏਕਤਾ ’ਚ ਬੱਝਣ ਨਹੀਂ ਦਿੱਤਾ। ਉਹ ਆਪਣੀਆਂ ਵੱਖਰੀਆਂ-ਵੱਖਰੀਆਂ ਜਿੱਤਾਂ ਨੂੰ ਮੁੱਖ ਰੱਖਦੇ ਸਨ ਅਤੇ ਇਸੇ ਕਾਰਨ ਹੀ ਉਹ ਸਮੁੱਚੇ ਤੌਰ ’ਤੇ ਸਥਾਈ ਰੂਪ ’ਚ ਉੱਤਰ ਪੱਛਮੀ ਭਾਰਤ ਦੇ ਸ਼ਾਸਕ ਨਾ ਬਣ ਸਕੇ। 1774 ਈਸਵੀ ਦੀ ਗਰਮੀ ਰੁੱਤ ਸਮੇਂ ਸਿੱਖ ਮਿਸਲਦਾਰਾਂ ਨੇ ਮੁੜ ਦਿੱਲੀ ਵੱਲ ਨੂੰ ਹਮਲਾ ਕਰ ਦਿੱਤਾ। ਦਿੱਲੀ ਲਾਗਲੇ ਇਲਾਕੇ-ਸ਼ਾਹਦਰਾ, ਵਜ਼ੀਰਾਬਾਦ, ਪਾਲਮਪੁਰ, ਨਜ਼ੱਫਰਗੜ੍ਹ, ਬਾਦਸ਼ਾਹਪੁਰ ’ਤੇ ਕਾਬਜ਼ ਹੋਣ ਉਪਰੰਤ ਗੰਗਾ-ਦੁਆਬ ਨੂੰ ਪਾਰ ਕਰਕੇ ਮੁੜ ਉਨ੍ਹਾਂ ਸਾਰੇ ਇਲਾਕਿਆਂ ’ਚੋਂ ਕਰ ਵਸੂਲੀ ਕੀਤੀ ਅਤੇ ਆਪਣੇ ਅਧੀਨ ਆਏ ਸਰਦਾਰਾਂ ਨੂੰ ਕਰ ਵਸੂਲੀ ਅਤੇ ਮਾਨਵਤਾ ਦੀ ਭਲਾਈ ਲਈ ਸ਼ਾਸਨ ਪ੍ਰਬੰਧ ਦੀਆਂ ਹਦਾਇਤਾਂ ਦਿੱਤੀਆਂ। ਮੁਗ਼ਲ ਬਾਦਸ਼ਾਹ ਆਪਣੀ ਬੇਬੱਸੀ ਕਾਰਨ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੋਚਣ ਲੱਗਿਆ ਕਿਉਂਕਿ ਉਸ ਦੇ ਸਾਮ੍ਹਣੇ ਅਮੀਰਾਂ ਦੀ ਆਪਸੀ ਲੜਾਈ, ਮਰਾਠਿਆਂ ਦੁਆਰਾ ਦਿੱਲੀ ਉੱਤੇ ਰਾਜ ਕਰਨ ਦੀ ਲਾਲਸਾ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਸਾਰੇ ਭਾਰਤ ’ਤੇ ਰਾਜ ਪ੍ਰਬੰਧ ਸਥਾਪਤ ਕਰਨ ਦਾ ਮੰਤਵ ਆਦਿ ਗੰਭੀਰ ਰਾਜਨੀਤਕ ਸਮੱਸਿਆਵਾਂ ਸਨ। ਇਸ ਮੰਤਵ ਦੀ ਪੂਰਤੀ ਲਈ ਬਾਦਸ਼ਾਹ ਨੇ ਅਬਦੁਲ ਅਹਿਦ ਖ਼ਾਨ ਨੂੰ ਆਪਣੇ ਰਾਜ ਭਾਗ ਦਾ ਕੁਝ ਉੱਤਰੀ ਭਾਗ ਸਿੱਖਾਂ ਦੇ ਹਵਾਲੇ ਕਰਨ ਦੇ ਮਕਸਦ ਨਾਲ ਸਿੱਖਾਂ ਪਾਸ ਭੇਜਿਆ, ਜਿਸ ਵਿੱਚ ਹਰ ਸਿੱਖ ਸਰਦਾਰ ਨੂੰ 1000 ਘੋੜ ਸਵਾਰ ਤੇ 500 ਪੈਦਲ ਸੈਨਿਕ ਰੱਖਣ ਦੀ ਪ੍ਰਵਾਨਗੀ ਦੇਣਾ ਸ਼ਾਮਲ ਸੀ, ਜਿਨ੍ਹਾਂ ਦੇ ਖਰਚੇ ਲਈ ਹਰ ਘੋੜ ਸਵਾਰ ਨੂੰ 30 ਰੁਪਏ ਮਹੀਨਾ ਤੇ ਪੈਦਲ ਸੈਨਿਕ ਲਈ 5 ਰੁਪਏ ਮਹੀਨਾ ਤਨਖਾਹ ਵੀ ਦੇਣ ਦੀ ਪੇਸ਼ਕਸ਼ ਕੀਤੀ ਗਈ ਪ੍ਰੰਤੂ ਇਹ ਸਮਝੌਤਾ ਅਸਫਲ ਹੋ ਗਿਆ ਕਿਉਂਕਿ ਤਦ ਸਿੱਖ ਮਿਸਲਦਾਰ ਦਿੱਲੀ ਦੇ ਬਹੁਤ ਹੀ ਨੇੜੇ ਸ਼ਾਹਜਹਾਨਾਬਾਦ ’ਚ ਬੈਠੇ ਦਿੱਲੀ ’ਤੇ ਪੂਰਨ ਕਾਬਜ਼ ਹੋਣ ਦਾ ਮਨਸੂਬਾ ਬਣਾ ਚੁੱਕੇ ਸਨ।

ਜੇਮਜ਼ ਫੋਸਟਰ ਅਤੇ ਜੇਮਜ਼ ਬਰਾਊਨ ਆਪਣੀਆਂ ਲਿਖਤਾਂ ’ਚ ਲਿਖਦੇ ਹਨ ਕਿ 1774 ਈਸਵੀ ਤੋਂ ਲੈ ਕੇ ਅਗਲੇ 10 ਸਾਲਾਂ ਤੱਕ ਸਿੱਖ ਮਿਸਲਦਾਰ ਇਸੇ ਤਰ੍ਹਾਂ ਹੀ ਦਿੱਲੀ ਲਾਲ ਕਿਲੇ ਦੇ ਲਾਗਲੇ ਹਿੱਸੇ ਅਤੇ ਗੰਗਾ-ਯਮੁਨਾ ਦੁਆਬ ਤੋਂ ਆਪਣੀ ਕਰ ਵਸੂਲੀ ਕਰਦੇ ਰਹੇ।

ਪਾਣੀਪਤ ਦੇ ਤੀਸਰੇ ਯੁੱਧ (1761) ’ਚ ਭਾਵੇਂ ਮਰਾਠੇ ਅਫਗਾਨਾਂ ਤੋਂ ਹਾਰ ਚੁੱਕੇ ਸਨ ਪਰ ਉਨ੍ਹਾਂ ਨੇ ਦੁਬਾਰਾ ਤੋਂ ਆਪਣੀ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਦਿੱਲੀ ਨੂੰ ਜਿੱਤਣਾ ਚਾਹੁੰਦੇ ਸਨ। ਦੂਸਰੇ ਪਾਸੇ ਅੰਗਰੇਜ਼ ਵੀ ਦਿੱਲੀ ’ਤੇ ਕਾਬਜ਼ ਹੋਣ ਲਈ ਜਲਦਬਾਜ਼ੀ ’ਚ ਸਨ। ਰੁਹੇਲਾ ਜਾਟ ਵੀ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਤਾਕ ’ਚ ਸਨ। ਅਜਿਹੀਆਂ ਸਥਿਤੀਆਂ ’ਚ ਸਿੱਖ ਮਿਸਲਦਾਰਾਂ ਲਈ ਦੇਰ ਕਰਨੀ ਨੁਕਸਾਨਦੇਹ ਸਾਬਤ ਹੋ ਸਕਦੀ ਸੀ।

ਯੂਰਪੀਅਨ ਲਿਖਾਰੀ ਫਰੈਕਲੀਨ ਲਿਖਦੇ ਹਨ ਕਿ 1780 ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਸਿਰਫ ਨਾਂ ਦਾ ਹੀ ਬਾਦਸ਼ਾਹ ਸੀ ਕਿਉਂਕਿ ਉਸ ਦੇ ਰਾਜ ਦੀ ਸੀਮਾ ਕੇਵਲ ਦਿੱਲੀ ਤੋਂ ਪਾਲਮਪੁਰ ਪਿੰਡ ਤੱਕ ਹੀ ਸੀਮਤ ਸੀ। ਅਜਿਹੀ ਸਥਿਤੀ ਦਾ ਲਾਭ ਉਠਾਉਂਦੇ ਹੋਏ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਆਦਿ ਸਰਦਾਰਾਂ ਨੇ ਰਲ ਕੇ ਦਿੱਲੀ ਦੇ ਲਾਲ ਕਿਲੇ ’ਤੇ ਹਮਲਾ ਕਰ ਦਿੱਤਾ। ਮੁਗ਼ਲ ਬਾਦਸ਼ਾਹ ਆਪਣੀ ਜਾਨ ਬਚਾਉਂਦਾ ਹੋਇਆ ਜ਼ਨਾਨ-ਖਾਨੇ ’ਚ ਜਾ ਲੁਕਿਆ। ਸਿੱਖ ਦੀਵਾਨ-ਏ-ਆਮ ਵਿੱਚ ਦਾਖਲ ਹੋਏ। ਸਰਦਾਰ ਬਘੇਲ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਲੀ ਦੇ ਤਖ਼ਤ ਉੱਪਰ (2 ਚੇਤ / *11 ਮਾਰਚ 1783 ਈ. ਨੂੰ) ਬਿਠਾ ਦਿੱਤਾ ਤੇ ਤਖ਼ਤ ਨਜ਼ਦੀਕ ਪਿਆ ਮੋਰ ਪੰਖੜੀਆਂ ਵਾਲਾ ਚੌਰ ਵੀ ਉੱਠਾ ਕੇ ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਉੱਪਰ ਫੇਰ ਕੇ ਨਿਵਾਜਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਖਾਲਸਾ ਫੌਜ ਨੇ ਪ੍ਰਵਾਨਗੀ ਦੇ ਦਿੱਤੀ ਤੇ ਦਿੱਲੀ ਉੱਪਰ ਸਿੱਖਾਂ ਦੀ ਹਕੂਮਤ ਲਾਗੂ ਹੋ ਗਈ।

(*ਨੋਟ:- ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਗਰੈਗੋਰੀਅਨ ਕੈਲੰਡਰ ਨਾਲੋਂ ਲਗਭਗ 20 ਮਿੰਟ ਜ਼ਿਆਦਾ ਹੋਣ ਕਾਰਨ 1783 ਈ: ਤੋਂ ਨਿਰੰਤਰ ਇਹ ਦਿਨ 11 ਮਾਰਚ ਤੋਂ ਖਿਸਕਦਾ ਹੋਇਆ ਅੱਜ (ਕੇਵਲ 232 ਸਾਲ ਬਾਅਦ ਹੀ) 2 ਚੇਤ 15 ਮਾਰਚ ਨੂੰ ਆਉਣ ਲੱਗ ਪਿਆ ਹੈ ਤੇ ਅਗਰ ਇਹ ਸਿਲਸਿਲਾ ਜਾਰੀ ਰਿਹਾ ਤਾਂ 1100 ਸਾਲ ਬਾਅਦ ਇਹ ਦਿਨ ਅਪ੍ਰੈਲ ਮਹੀਨੇ ’ਚ ਆਏਗਾ।

ਨਾਨਕਸ਼ਾਹੀ ਕੈਲੰਡਰ ’ਚ ਦਿੱਲੀ ਫ਼ਤਹਿ ਦਿਵਸ 2 ਚੇਤ (15 ਮਾਰਚ) ਨਿਰਧਾਰਿਤ ਕੀਤਾ ਗਿਆ ਹੈ ਤਾਂ ਜੋ ਸਦੀਵੀ 15 ਮਾਰਚ ਨੂੰ ਹੀ ਨਿਸ਼ਚਿਤ ਰਹੇ। ਉਕਤ ਊਣਤਾਈ ਦੇ ਬਾਵਜੂਦ ਵੀ ਡੇਰੇਦਾਰ ਸਿੱਖਾਂ ਸਮੇਤ ਆਰ.ਐੱਸ.ਐੱਸ. ਨਾਲ ਸੰਬੰਧਿਤ ਕੁਝ ਰਾਜਨੀਤਕ ਲੀਡਰ ਵੀ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ’ਚ ਰੁਕਾਵਟ ਬਣੇ ਹੋਏ ਹਨ।)

ਜੱਸਾ ਸਿੰਘ ਰਾਮਗੜ੍ਹੀਏ ਵਰਗੇ ਕੁਝ ਕੁ ਸਰਦਾਰਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਦਿੱਲੀ ਦੇ ਰਾਜ ਸਿੰਘਾਸਨ ਉੱਤੇ ਬੈਠਣ ’ਚ ਕੁਝ ਇਤਰਾਜ਼ ਜ਼ਾਹਰ ਕੀਤਾ, ਜਿਸ ਨੂੰ ਭਾਂਪਦਿਆਂ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਕੌਮ ਦੀ ਏਕਤਾ ਨੂੰ ਸਰਬੋਤਮ ਮੰਨਦੇ ਹੋਏ ਤਖ਼ਤ ਤੋਂ ਉੱਤਰ ਕੇ ਕਿਹਾ ਕਿ ‘ਇਹ ਤਖ਼ਤ ਮੇਰਾ ਨਹੀਂ ਸਗੋਂ ਸਾਰੀ ਸਿੱਖ ਕੌਮ (ਖਾਲਸਾ ਪੰਥ) ਦਾ ਹੈ’। ਇਸ ਐਲਾਨ ਤੋਂ ਬਾਅਦ ਚਾਰੋਂ ਤਰਫ਼ ਸ਼ਾਂਤੀ ਹੋ ਗਈ ਤੇ ਜੱਸਾ ਸਿੰਘ ਰਾਮਗੜ੍ਹੀਆ ਕੁਝ ਛੋਟੀਆਂ ਤੋਪਾਂ ਸਮੇਤ ਪੰਜਾਬ ਵੱਲ ਪਰਤ ਆਇਆ। ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਰਾਜ ਭਾਗ ਦੀ ਜ਼ਿੰਮੇਵਾਰੀ ਸੰਭਾਲ ਲਈ ਤੇ ਕਰ ਵਸੂਲੀ ਦਾ ਹੱਕਦਾਰ ਸਿੱਖਾਂ ਨੂੰ ਬਣਾ ਦਿੱਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ (ਦੂਜੇ) ਨੇ ਸਿੱਖਾਂ ਨੂੰ ਦਿੱਲੀ ’ਚੋਂ ਬਾਹਰ ਕੱਢਣ ਵਿੱਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਏ ਆਪਣੀ ਇੱਕ ਵਫਾਦਾਰ ਔਰਤ ਬੇਗ਼ਮ ਸਮਰੋ ਨੂੰ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਜਾ ਕੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੁਨੇਹਾ ਭੇਜਿਆ, ਜਿਸ ਨੂੰ ਸਰਦਾਰ ਬਘੇਲ ਸਿੰਘ ਨੇ ਕੁਝ ਸ਼ਰਤਾਂ ਨਾਲ ਮੰਨ ਲਿਆ, ਜਿਸ ਵਿੱਚ ਇੱਕ ਸ਼ਰਤ ਸੀ ਕਿ ਦਿੱਲੀ ਦੀ ਹਕੂਮਤ ’ਤੇ ਤਦ ਤੱਕ ਉਹ ਕਾਬਜ਼ ਰਹਿਣਗੇ ਜਦ ਤੱਕ ਦਿੱਲੀ ’ਚ ਤਮਾਮ ਗੁਰਦੁਆਰਿਆਂ ਦੀ ਉਸਾਰੀ ਨਹੀਂ ਕਰਵਾ ਲੈਂਦੇ। ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਨੇ 11 ਮਾਰਚ 1783 ਤੋਂ ਜਨਵਰੀ 1784 ਤੱਕ (ਲਗਭਗ 10 ਮਹੀਨੇ) ਦਿੱਲੀ ਦੇ ਲਾਲ ਕਿਲ੍ਹੇ ’ਤੇ ਹਕੂਮਤ ਕਰਕੇ ਦਿੱਲੀ ਵਾਸੀਆਂ ਨੂੰ ਬਾਹਰਲੇ ਹਮਲਿਆਂ ਤੋਂ ਵੀ ਬਚਾ ਕੇ ਰੱਖਿਆ। ਸਿੱਖਾਂ ਦੇ ਗਸ਼ਤੀ ਦਲ ਰਾਤ ਨੂੰ ਦਿੱਲੀ ’ਚ ਗਸ਼ਤ ਕਰਦੇ ਅਤੇ ਅਮਨੋ-ਅਮਾਨ ਦੀ ਰਾਖੀ ਕਰਦੇ ਜਿਸ ਦੇ ਫਲਸਰੂਪ ਦਿੱਲੀ ’ਚ ਮੁੜ ਸੁੱਖ-ਸ਼ਾਂਤੀ ਦੀ ਸ਼ੁਰੂਆਤ ਹੋ ਗਈ। ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਗੁਰਦੁਆਰਿਆਂ ਦੀ ਉਸਾਰੀ ਲਈ ‘ਚੂੰਗੀ ਵਸੂਲੀ’ ਦੇ ਇੱਕ ਰੁਪਏ ਵਿੱਚੋਂ ਛੇ ਆਨੇ ਭਾਵ 37. 5 ਪ੍ਰਤੀਸ਼ਤ ਭਾਗ ਸਿੱਖਾਂ ਨੂੰ ਆਪਣੇ ਕੋਲ ਰੱਖਣ ਦਾ ਹੁਕਮ ਦੇ ਦਿੱਤਾ, ਜਿਨ੍ਹਾਂ ਵਿੱਚ ਕੋਤਵਾਲੀ, ਚਾਂਦਨੀ ਚੌਕ ਆਦਿ ਸ਼ਹਿਰ ਦੀਆਂ ਤਮਾਮ ਚੂੰਗੀਆਂ ਦਾ ਅਧਿਕਾਰ ਸੀ। ਸਿੱਖ ਸਰਦਾਰਾਂ ਨੇ ਆਪਣਾ ਵੱਖਰਾ ਮੁੱਖ ਦਫਤਰ ਸਬਜ਼ੀ ਮੰਡੀ ’ਚ ਬਣਾ ਲਿਆ ਤਾਂ ਜੋ ਉਨ੍ਹਾਂ ਦੁਆਰਾ ਬਣਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਲਾਲ ਕਿਲ੍ਹੇ ਦੇ ਛੜਯੰਤਰੀ ਅਫਸਰ ਨਾ ਭਾਂਪ ਸਕਣ। ਇਸੇ ਮੰਤਵ ਨੂੰ ਮੁੱਖ ਰੱਖਦਿਆਂ ਸਿੱਖ ਸਰਦਾਰਾਂ ਨੇ ਲਾਲ ਕਿਲੇ ਦੇ ਨਜ਼ਦੀਕ ਨਿਵੇਕਲੀ ਥਾਂ ’ਤੇ ਆਪਣੀ 30 ਹਜ਼ਾਰ ਫੌਜ ਬੈਠਾ ਦਿੱਤੀ, ਜਿਸ ਦਾ ਨਾਂ ਅੱਜ ‘ਤੀਸ ਹਜ਼ਾਰੀ’ ਕਰਕੇ ਪ੍ਰਸਿੱਧ ਹੈ। ਸ. ਬਘੇਲ ਸਿੰਘ ਜੀ ਨੇ 4 ਹਜ਼ਾਰ ਸੈਨਾ ਸਮੇਤ ਦਿੱਲੀ ਦੀ ਤਮਾਮ ਸਥਿਤੀ ਨੂੰ ਆਪਣੇ ਹੱਥ ’ਚ ਲੈ ਲਿਆ ਤੇ ਗੁਰਦੁਆਰਿਆਂ ਦੇ ਕੰਮ ਕਾਜ ਨੂੰ ਨਿਰੰਤਰ ਸੰਭਾਲਦੇ ਰਹੇ। ਬਾਕੀ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਫੌਜੀ ਟੁਕੜੀਆਂ ਸਮੇਤ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ (ਗੰਗਾ-ਯਮੁਨਾ, ਦੁਆਬ ਆਦਿ) ਵੱਲ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਤਾਂ ਜੋ ਦਿੱਲੀ ਉੱਤੇ ਬਾਹਰੀ ਹਮਲਾ ਜਾਂ ਅੰਦਰੋਂ ਬਗਾਵਤ ਨਾ ਹੋ ਸਕੇ। ਬੇਗ਼ਮ ਸਮਰੋ ਨੇ ਸਰਦਾਰ ਬਘੇਲ ਸਿੰਘ ਨੂੰ ਆਦਰ ਤੇ ਸਤਿਕਾਰ ਸਾਹਿਤ ਇਸ ਗੱਲ ਲਈ ਵੀ ਮੰਨਵਾ ਲਿਆ ਕਿ ਗੁਰਦੁਆਰਿਆਂ ਦੀ ਉਸਾਰੀ ਤੋਂ ਬਾਅਦ ਸਿੱਖ ਫੌਜਾਂ ਦਿੱਲੀ ਨੂੰ ਵਾਪਸ ਮੁਗ਼ਲ ਬਾਦਸ਼ਾਹ ਦੇ ਹਵਾਲੇ ਕਰਕੇ ਪੰਜਾਬ ਵੱਲ ਨੂੰ ਪਰਤ ਜਾਣਗੀਆਂ। ਸ਼ਾਹ ਆਲਮ (ਦੂਜੇ) ਨੇ ਸਿੱਖ ਸਰਦਾਰਾਂ ਨੂੰ ਤਿੰਨ ਲੱਖ ਰੁਪਏ ਕੜਾਹ ਪ੍ਰਸ਼ਾਦ ਲਈ ਭੇਟਾ ਕੀਤੇ ਜੋ ਰਕਮ ਉਸ ਸਮੇਂ ਸ਼ਾਹ ਆਲਮ (ਦੂਜੇ) ਲਈ ਬਹੁਤ ਵੱਡੀ ਰਕਮ ਕਹੀ ਜਾ ਸਕਦੀ ਹੈ।

ਸਰਦਾਰ ਬਘੇਲ ਸਿੰਘ ਨੇ ਦਿੱਲੀ ’ਚ ਸਭ ਤੋਂ ਪਹਿਲਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਦੀ ਯਾਦ ’ਚ ਗੁਰਦੁਆਰੇ ਦਾ ਨਿਰਮਾਣ ਕੀਤਾ। ਦੂਸਰਾ ਗੁਰਦੁਆਰਾ ਮਹਾਰਾਜਾ ਜੈ ਸਿੰਘ ਜੀ ਦੇ ਜੈ ਸਿੰਘਪੁਰੇ ਵਿਖੇ ਬਣਵਾਇਆ, ਜੋ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂ ਨਾਲ ਸੁਸ਼ੋਭਿਤ ਹੈ ਤੇ ਯਮਨਾ ਨਦੀ ਦੇ ਕੰਢੇ ’ਤੇ ਗੁਰੂ ਹਰਕ੍ਰਿਸ਼ਨ ਸਾਹਿਬ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀਆਂ ਯਾਦਗਾਰਾਂ ਵੀ ਕਾਇਮ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਹ ਸਸਕਾਰ ਵਾਲੀ ਜਗ੍ਹਾ ਗੁਰਦੁਆਰਾ ਰਕਾਬ ਗੰਜ ਦਾ ਨਿਰਮਾਣ ਕੀਤਾ ਗਿਆ ਤੇ ਉਨ੍ਹਾਂ ਦੇ ਸ਼ਹੀਦੀ ਸਥਾਨ ਨੂੰ ਗੁਰਦੁਆਰਾ ਸੀਸ ਗੰਜ ਨਾਂ ਦਿੱਤਾ ਗਿਆ। ਛੇਵਾਂ ਗੁਰਦੁਆਰਾ ਮਜ਼ਨੂ ਦਾ ਟਿੱਲਾ ਵਾਲੀ ਥਾਂ ’ਤੇ ਬਣਵਾਇਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਅਤੇ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਠਹਿਰੇ ਸਨ। ਸੱਤਵਾਂ ਗੁਰਦੁਆਰਾ ਮੋਤੀ ਬਾਗ ਵਿਖੇ ਬਣਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਠਹਿਰੇ ਸਨ। ਸਰਦਾਰ ਬਘੇਲ ਸਿੰਘ ਨੇ ਉਨ੍ਹਾਂ ਸਾਰੀਆਂ ਥਾਵਾਂ ’ਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਯਾਦਾਂ ਨਾਲ ਸੰਬੰਧਿਤ ਸਨ। ਮੱਧਕਾਲੀਨ ਭਾਰਤ ਦੇ ਇਤਿਹਾਸਕਾਰਾਂ ਅਨੁਸਾਰ 1784 ਈਸਵੀ ਦੇ ਅਖੀਰਲੇ ਮਹੀਨੇ ਤੱਕ ਸਿੱਖਾਂ ਨੇ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਲਗਪਗ ਪੂਰਾ ਕਰ ਲਿਆ ਸੀ। ਦਸੰਬਰ ਮਹੀਨੇ ਦੇ ਅੰਤ ’ਚ ਸਰਦਾਰ ਬਘੇਲ ਸਿੰਘ ਜੀ ਆਪਣੇ ਮੁੱਖ ਦਫਤਰ ਸਬਜ਼ੀ ਮੰਡੀ ਤੋਂ ਇਕ ਵੱਡੇ ਜਲੂਸ ਦੀ ਸ਼ਕਲ ’ਚ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਸ਼ਾਹ ਆਲਮ ਨੂੰ ਮਿਲਣ ਗਏ। ਗਿਆਨੀ ਗਿਆਨ ਸਿੰਘ ਦੇ ਅਨੁਸਾਰ ਮੁਸਲਮਾਨ ਮਸ਼ਾਲਚੀ ਅੱਗੇ-ਅੱਗੇ, ਸਿੱਖ ਸਰਦਾਰ ਸਜੇ ਹੋਏ ਘੋੜਿਆਂ ਉੱਪਰ ਅਤੇ ਸਰਦਾਰ ਬਘੇਲ ਸਿੰਘ ਇਕ ਖੂਬਸੂਰਤ ਸ਼ਿੰਗਾਰੇ ਹੋਏ ਹਾਥੀ ਉੱਪਰ ਬੈਠ ਕੇ ਸਿੱਖ ਫੌਜਾਂ ਨਾਲ ਲਾਲ ਕਿਲ੍ਹੇ ਅੰਦਰ (ਜੈਕਾਰੇ ਲਗਾਉਂਦੇ) ਦਾਖਲ ਹੋਏ।

ਬਘੇਲ ਸਿੰਘ ਦੇ ਸਵਾਗਤ ਲਈ ਸ਼ਾਹ ਆਲਮ ਦੀਵਾਨ-ਏ-ਆਮ ਵਿਚ ਖਲੋਤਾ ਸੀ। ਸਿੱਖ ਫੌਜਦਾਰਾਂ ਨੂੰ ਤੋਹਫਿਆਂ ਨਾਲ ਨਵਾਜ਼ਿਆ ਗਿਆ। ਸ. ਬਘੇਲ ਸਿੰਘ ਨੇ ਇੱਕ ਰੁਪਏ ’ਚੋਂ ਦੋ ਆਨੇ ਭਾਵ 12.5 ਪ੍ਰਤੀਸ਼ਤ ਚੂੰਗੀ ਕਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਜੋ ਸ਼ਾਹ ਆਲਮ ਨੇ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਸਿੱਖ ਸਰਦਾਰ ਬਘੇਲ ਸਿੰਘ ਨੇ 2 ਚੇਤ /11 ਮਾਰਚ 1783 ਈ. (ਅੱਜ ਕਲ੍ਹ ਨਾਨਕਸ਼ਾਹੀ ਕੈਲੰਡਰ ਅਨੁਸਾਰ 2 ਚੇਤ ਹਰ ਸਾਲ 15 ਮਾਰਚ ਨੂੰ ਆਉਂਦਾ ਹੈ) ਤੋਂ ਜਨਵਰੀ 1784 ਈਸਵੀ ਤੱਕ ਦਿੱਲੀ ਦੇ ਸਿੰਘਾਸਨ ’ਤੇ ਆਪਣਾ ਅਧਿਕਾਰ ਪੂਰਨ ਤੌਰ ’ਤੇ ਸਥਾਪਤ ਰੱਖਿਆ ਅਤੇ ਆਪਣੇ ਵਾਅਦੇ ਮੁਤਾਬਕ ਜਨਵਰੀ 1784 ਈਸਵੀ ’ਚ ਸ਼ਾਹ ਆਲਮ ਨੂੰ ਦਿੱਲੀ ਦੀ ਬਾਦਸ਼ਾਹੀ ਵਾਪਸ ਕਰਦੇ ਹੋਏ ਵਾਪਸ ਪੰਜਾਬ ਵੱਲ ਪਰਤ ਆਏ।

ਉਕਤ ਵਿਸ਼ੇ ਅਨੁਸਾਰ ਦੂਸਰੀ ਘਟਨਾ ‘ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ’ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਹੈ। ਸ. ਸੁਬੇਗ ਸਿੰਘ ਜੀ ਪਿੰਡ ਜੰਬਰ ਜ਼ਿਲਾ ਲਾਹੌਰ ਦੇ ਵਸਨੀਕ ਸਨ। ਉਹ ਚੰਗੇ ਰਸੂਖ ਵਾਲੇ ਜ਼ਿਮੀਂਦਾਰ, ਸਰਕਾਰੀ ਠੇਕੇਦਾਰ ਤੇ ਫ਼ਾਰਸੀ ਦੇ ਚੰਗੇ ਵਿਦਵਾਨ ਸਨ। ਜ਼ਕਰੀਆ ਖ਼ਾਨ ਦੇ ਕਈ ਕੰਮ ਸਵਾਰਨ ਸਦਕਾ ਉਹ ਭਾਈ ਸੁਬੇਗ ਸਿੰਘ ਜੀ ਦਾ ਚੰਗਾ ਮਾਣ ਸਤਿਕਾਰ ਕਰਦੇ ਸਨ। ਸ. ਸੁਬੇਗ ਸਿੰਘ ਜੀ ਦਾ ਹੋਣਹਾਰ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਲਾਹੌਰ ਦੇ ਹੀ ਇਕ ਮਦਰੱਸੇ (ਸਕੂਲ) ਵਿਚ ਕਾਜ਼ੀ ਪਾਸੋਂ ਫ਼ਾਰਸੀ ਵਿਦਿਆ ਹਾਸਲ ਕਰਦਾ ਸੀ। ਜਦੋਂ ਇਹ ਬੱਚਾ 18 ਵਰ੍ਹਿਆਂ ਦਾ ਹੋਇਆ ਤਾਂ ਬੜਾ ਸੁੰਦਰ ਗੱਭਰੂ ਹੋ ਨਿਕਲਿਆ। ਕਾਜ਼ੀ ਇਸ ਬੱਚੇ ਦੇ ਡੀਲ ਡੌਲ, ਆਚਰਨ ਤੇ ਲਿਆਕਤ ਤੋਂ ਬਹੁਤ ਪ੍ਰਭਾਵਤ ਸੀ। ਮਨ ਹੀ ਮਨ ਕਾਜ਼ੀ ਸੋਚਣ ਲੱਗਾ ਕਿ ਕਿਉਂ ਨਾ ਇਸ ਲੜਕੇ ਨੂੰ ਇਸਲਾਮ ਧਰਮ ’ਚ ਲਿਆ ਕੇ ਆਪਣੀ ਲੜਕੀ ਨਾਲ ਇਸ ਲੜਕੇ ਦਾ ਨਿਕਾਹ ਕਰ ਕੇ ਇਸ ਨੂੰ ਆਪਣਾ ਜਵਾਈ ਬਣਾ ਲਵਾਂ। ਇਸ ਮੰਤਵ ਦੀ ਪੂਰਤੀ ਲਈ ਹੌਲੀ ਹੌਲੀ ਕਾਜ਼ੀ ਨੇ ਸ਼ਾਹਬਾਜ਼ ਸਿੰਘ ਨੂੰ ਇਸਲਾਮ ਧਰਮ ਦੀਆਂ ਖੂਬੀਆਂ ਦੱਸ ਦੱਸ ਕੇ ਇਸਲਾਮ ਧਰਮ ਵੱਲ ਪ੍ਰੇਰਨਾ ਆਰੰਭ ਲਿਆ। ਸ਼ਾਹਬਾਜ਼ ਸਿੰਘ ਭਾਵੇਂ ਇਸਲਾਮੀ ਵਾਤਾਵਰਣ ਵਿੱਚ ਵਿੱਦਿਆ ਹਾਸਲ ਕਰ ਰਿਹਾ ਸੀ ਪਰ ਉਸ ਨੂੰ ਬਚਪਨ ਤੋਂ ਹੀ ਮਾਤਾ ਪਿਤਾ ਨੇ ਸਿੱਖ ਧਰਮ ਦੇ ਅਸੂਲ, ਉੱਤਮ ਵਿਚਾਰਧਾਰਾ ਤੇ ਸਿੱਖ ਗੁਰੂ ਸਾਹਿਬਾਨ ਦੇ ਕਮਾਲ ਦੇ ਜੀਵਨ ਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਆਰੰਭ ਕਰ ਦਿੱਤਾ ਸੀ। ਗੱਭਰੂ ਹੋਣ ਤੱਕ ਉਸ ਨੂੰ ਨਾ ਸਿਰਫ ਆਪਣੇ ਧਰਮ ਬਾਰੇ ਹੀ ਪੂਰੀ ਜਾਣਕਾਰੀ ਸੀ, ਸਗੋਂ ਹਿੰਦੂ ਤੇ ਇਸਲਾਮ ਧਰਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ’ਚ ਸਫਲ ਹੋ ਗਿਆ ਸੀ। ਉਸ ਨੂੰ ਮਾਣ ਸੀ ਆਪਣੇ ਸਿੱਖ ਹੋਣ ’ਤੇ, ਉਸ ਨੂੰ ਮਾਣ ਸੀ ਆਪਣੇ ਸੁਨਹਿਰੀ ਸਿੱਖ ਇਤਿਹਾਸ ’ਤੇ, ਉਹ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਸਿੱਖ ਸ਼ਹੀਦਾਂ ਦਾ ਇਤਿਹਾਸ ਬੜੇ ਸ਼ੌਕ ਨਾਲ ਆਪਣੇ ਮਾਤਾ ਪਿਤਾ ਜੀ ਤੋਂ ਸੁਣਿਆ ਕਰਦਾ ਸੀ। ਜਦੋਂ ਕਾਜ਼ੀ, ਇਸਲਾਮ ਧਰਮ ਦੇ ਗੁਣਾਂ ਬਾਰੇ ਚਰਚਾ ਕਰਦਾ ਤਾਂ ਸ਼ਾਹਬਾਜ਼ ਸਿੰਘ ਇਸਲਾਮ ਤੋਂ ਕਿਤੇ ਵਧ ਕੇ ਸਿੱਖ ਧਰਮ ਦੇ ਗੁਣਾਂ ਦਾ ਵਰਣਨ ਕਰਨ ਲੱਗ ਪੈਂਦਾ। ਕਾਜ਼ੀ ਦੇ ਰੋਜ਼ ਦੇ ਇਸਲਾਮ ਧਰਮ ਦੀਆਂ ਤਾਰੀਫਾਂ ਦੇ ਚਰਚਿਆਂ ਕਾਰਨ ਸ਼ਾਹਬਾਜ਼ ਸਿੰਘ ਹੋਰ ਵੀ ਸੁਚੇਤ ਰਹਿਣ ਲੱਗ ਪਿਆ ਤੇ ਮਦਰੱਸੇ ’ਚ ਕਾਜ਼ੀ ਨਾਲ ਹੋਈ ਵਾਰਤਾਲਾਪ ਨੂੰ ਉਹ ਘਰ ਆ ਕੇ ਮਾਤਾ-ਪਿਤਾ ਨਾਲ ਕਰਨ ਲੱਗਾ। ਕਾਫ਼ੀ ਸਮੇਂ ਦੀ ਪ੍ਰੇਰਨਾ ਮਗਰੋਂ ਜਦ ਕਾਜ਼ੀ ਨੂੰ ਆਪਣੇ ਕੁਟਿਲ ਮੰਤਵ ’ਚ ਸਫਲਤਾ ਪ੍ਰਾਪਤ ਹੁੰਦੀ ਨਾ ਦਿਸੀ ਤਾਂ ਉਸ ਨੇ ਪੈਂਤੜਾ ਬਦਲਦਿਆਂ ਡਰ ਡਰਾਵੇ ਤੋਂ ਕੰਮ ਲੈਣਾ ਸ਼ੁਰੂ ਕੀਤਾ। ਉਸ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ ‘ਜੇ ਤੂੰ ਇਸਲਾਮ ਧਰਮ ਗ੍ਰਹਿਣ ਕਰਕੇ ਮੇਰਾ ਜਵਾਈ ਬਣਨਾ ਕਬੂਲ ਕਰ ਲਵੇਂ ਤਾਂ ਠੀਕ ਹੈ, ਨਹੀਂ ਤਾਂ ਮੈਂ ਤੇਰੇ ਵਿਰੁੱਧ ਸ਼ਿਕਾਇਤ ਕਰਕੇ ਤੈਨੂੰ ਮਰਵਾ ਦਿਆਂਗਾ।’ ਜਦੋਂ ਕਾਜ਼ੀ ਦੇ ਡਰਾਵੇ ਵੀ ਸ਼ਾਹਬਾਜ਼ ਸਿੰਘ ਨੂੰ ਇਸਲਾਮ ਧਰਮ ’ਚ ਲਿਆਉਣ ’ਚ ਕਾਮਯਾਬ ਨਾ ਹੋ ਸਕੇ ਤਾਂ ਕਾਜ਼ੀ ਨੇ ਗਵਰਨਰ ਯਹੀਆ ਖ਼ਾਨ ਪਾਸ ਇਹ ਸ਼ਿਕਾਇਤ ਪਹੁੰਚਾਈ ਕਿ ਸ਼ਾਹਬਾਜ਼ ਸਿੰਘ ਨੇ ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਲਈ ਬਹੁਤ ਭੱਦੇ ਸ਼ਬਦ ਵਰਤੇ ਹਨ ਅਤੇ ਇਹ ਇਸਲਾਮ ਧਰਮ ’ਚ ਕਈ ਨੁਕਸ ਦੱਸਦਾ ਹੈ। ਯਹੀਆ ਖ਼ਾਨ ਦੇ ਕੰਨ ਕਾਜ਼ੀ ਨੇ ਇੰਨੇ ਭਰੇ ਕਿ ਉਹ ਸਰਦਾਰ ਸੁਬੇਗ ਸਿੰਘ ਦੁਆਰਾ ਕੀਤੇ ਗਏ ਉਸ ਦੇ ਪਿਤਾ ਸੂਬਾ ਜ਼ਕਰੀਆ ਖ਼ਾਨ ਉੱਪਰ ਅਹਿਸਾਨਾਂ ਨੂੰ ਵੀ ਮੂਲੋਂ ਹੀ ਭੁੱਲ ਗਿਆ। ਮਜ਼੍ਹਬੀ ਪਾਗਲ-ਪੁਣੇ ਦੀ ਅੱਗ ਨੇ ਪਿਛਲੀ ਸੇਵਾ ਸਹਾਇਤਾ ਸਭ ਭੁਲਾ ਦਿੱਤੀ। ਉਹਨਾਂ ਵਿਰੁੱਧ ਦੋਸ਼ ਘੜਿਆ ਗਿਆ ਕਿ ਇਹ ਸਰਕਾਰ ਦੇ ਵੈਰੀ ਹਨ। ਦੋਹਾਂ ਪਿਓ ਪੁੱਤਰਾਂ ਨੂੰ ਜੇਲ੍ਹ ਦੀਆਂ ਅਲੱਗ ਅਲੱਗ ਕਾਲ ਕੋਠੜੀਆਂ ’ਚ ਬੰਦ ਕਰ ਦਿੱਤਾ ਗਿਆ। ਇਸਲਾਮੀ ਕਾਨੂੰਨ ਦਾ ਇਹ ਹਾਲ ਸੀ ਕਿ ਗੈਰ ਮੁਸਲਿਮ ਧਰਮ ਵਾਲਿਆਂ ਨੂੰ ਸਰਕਾਰੋਂ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਹੁੰਦੀ ਸੀ। ਜਾਨ ਬਚ ਸਕਦੀ ਸੀ ਤਾਂ ਕੇਵਲ ਉਹਨਾਂ ਦੀ, ਜਿਹੜੇ ਆਪਣੇ ਧਰਮ ਨੂੰ ਛੱਡ ਕੇ ਮੁਸਲਮਾਨ ਬਣਨਾ ਮੰਨ ਲੈਣ। ਸਿੱਖਾਂ ਲਈ ਤਾਂ ਉਸ ਸਮੇਂ ਸ਼ਹਿਰਾਂ ਵਿੱਚ ਰਹਿਣਾ ਵੀ ਅਸੰਭਵ ਜਿਹੀ ਗੱਲ ਸੀ। ਪਿਤਾ ਤੋਂ ਵੱਖ ਕਰਕੇ ਕਾਲ ਕੋਠੜੀ ਵਿੱਚ ਬੰਦ ਕੀਤੇ ਹੋਏ ਸ਼ਾਹਬਾਜ਼ ਸਿੰਘ ਨੂੰ ਕਿਹਾ ‘ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ। ਹੁਣ ਤੂੰ ਮੁਸਲਮਾਨ ਬਣ ਜਾ ਤੇ ਆਪਣੀ ਜਾਨ ਬਚਾ ਲੈ। ਕਿਉਂ ਆਪਣੀ ਜੁਆਨੀ ਵਿਅਰਥ ਗੁਆਉਂਦਾ ਹੈਂ ?’ ਉਧਰ ਸੁਬੇਗ ਸਿੰਘ ਨੂੰ ਅਲੱਗ ਤੌਰ ’ਤੇ ਕਿਹਾ ਗਿਆ ‘ਤੇਰਾ ਲੜਕਾ ਸ਼ਾਹਬਾਜ਼ ਸਿੰਘ ਮੁਸਲਮਾਨ ਹੋਣਾ ਮੰਨ ਗਿਆ ਹੈ। ਇਸ ਲਈ ਤੂੰ ਵੀ ਸਿੱਖੀ ਨੂੰ ਛੱਡ ਦੇ, ਮੁਸਲਮਾਨ ਹੋਣਾ ਮੰਨ ਜਾ।’ ਇਸ ਝੂਠੇ ਪ੍ਰਾਪੇਗੰਡੇ ਦੇ ਬਾਵਜੂਦ ਦੋਵੇਂ ਸਿੰਘ ਸਿੱਖੀ ਸਿਦਕ ਵਿੱਚ ਦ੍ਰਿੜ੍ਹ ਰਹੇ ਤੇ ਆਉਣ ਵਾਲੇ ਕਠਿਨ ਇਮਤਿਹਾਨ ਦੀ ਤਿਆਰੀ ਕਰਨ ਲੱਗੇ। ਹਰ ਸਮੇਂ ਬਾਣੀ ਪੜ੍ਹਦੇ, ਸਿੱਖ ਸ਼ਹੀਦਾਂ ਦੇ ਕਾਰਨਾਮੇ ਚੇਤੇ ਕਰਦੇ ਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦੇ ਹੇ ਸੱਚੇ ਪਾਤਸ਼ਾਹ ! ਸਾਨੂੰ ਬਲ ਬਖਸ਼ੀਂ ਤਾਂ ਜੋ ਅਸੀਂ ਵੀ ਆਪਣੇ ਵੀਰਾਂ ਵਾਗੂੰ ਹੱਸ ਹੱਸ ਕੇ ਜਾਨਾਂ ਵਾਰ ਜਾਈਏ, ਪਰ ਸਿੱਖੀ ਸਿਦਕ ਤੋਂ ਨਾ ਡੋਲੀਏ। ਸ. ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ, ਨਹੀਂ ਤਾਂ ਮਾਰੇ ਜਾਓਗੇ। ਉਹਨਾਂ ਨੇ ਆਪਣਾ ਧਰਮ ਛੱਡਣੋ ਨਾਂਹ ਕਰ ਦਿੱਤੀ। ਕੁਝ ਕੁ ਨਿਕਟਵਰਤੀਆਂ ਨੇ ਸ. ਸੁਬੇਗ ਸਿੰਘ ਜੀ ਨੂੰ ਕਿਹਾ ਕਿ ਹੋਰ ਨਹੀਂ ਤਾਂ ਆਪਣੇ ਬੱਚੇ ਨੂੰ ਬਚਾ ਕੇ ਕੁਲ ਦਾ ਨਿਸ਼ਾਨ ਤਾਂ ਕਾਇਮ ਰੱਖ ਲਓ ਤਾਂ ਭਾਈ ਸਾਹਿਬ ਨੇ ਡਟ ਕੇ ਜੁਆਬ ਦਿਤਾ: ‘ਸਿਖਨ ਕਾਜ ਸੁ ਗੁਰੂ ਸਵਾਰੇ, ਸੀਸ ਦੀਓ ਨਿਜ ਸਣ ਪ੍ਰਵਾਰੇ।। ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈ ਕੌਣ ਬਡਾਈ।।’ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸਾ ਪੰਥ ਜੀਵਤ ਰੱਖਣ ਲਈ ਸਾਰੇ ਪਰਿਵਾਰ ਨੂੰ ਕੁਰਬਾਨ ਕਰਵਾਇਆ ਹੈ ਪਰ ਮੈਂ ਆਪਣੀ ਕੁਲ ਬਚਾਉਣ ਲਈ ਪੁੱਤਰ ਨੂੰ ਧਰਮ ਤਿਆਗਣ ਲਈ ਕਹਾਂ, ਕੀ ਅਜਿਹਾ ਸੰਭਵ ਹੈ ? ਸ਼ਾਹੀ ਕਾਜ਼ੀ ਨੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦੇ ਮੂੰਹੋਂ ਇਹ ਜਵਾਬ ਸੁਣ ਕੇ ਉਹਨਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਉਸ ਨੂੰ ਚਰਖੜੀ ’ਤੇ ਚਾੜ੍ਹ ਕੇ ਗੇੜਿਆ ਗਿਆ। ਅੱਤ ਦਾ ਦੁਖ ਹੋਇਆ ਪਰ ਭਾਈ ਸੁਬੇਗ ਸਿੰਘ ਜੀ ਨੇ ਸਿਦਕ ਨਾ ਹਾਰਿਆ: ‘ਚਰਖੜੀ ਚਾੜ੍ਹ , ਫਿਰ ਬਹੁਤ ਘੁਮਾਇਆ। ਵਾਹਿਗੁਰੂ , ਤਿਨ ਨਾਹਿ ਭੁਲਾਇਆ।’ ਫਿਰ ਉਹਨਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚਰਖੜੀ ’ਤੇ ਚੜ੍ਹਾ ਕੇ ਚਰਖੜੀ ਨੂੰ ਗੇੜਿਆ ਗਿਆ, ਦੋਵੇਂ ਚਰਖੜ੍ਹੀਆਂ ਚੱਲਦੀਆਂ ਗਈਆਂ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ‘ਅਕਾਲ ਅਕਾਲ’ ਕਹਿੰਦੇ ਰਹੇ। ਕੁਝ ਚਿਰ ਮਗਰੋਂ ਚਰਖੜ੍ਹੀਆਂ ਖਲਿਹਾਰ ਕੇ ਉਹਨਾਂ ਪਾਸੋਂ ਪੁੱਛਿਆ ਜਾਂਦਾ ਸੀ ਕਿ, ਕੀ ਤੁਸੀਂ ਇਸਲਾਮ ਕਬੂਲ ਕਰਨ ਨੂੰ ਤਿਆਰ ਹੋ ? ਉਹ ਦੋਵੇਂ ਹੀ ਡਟ ਕੇ ‘ਨਹੀਂ’ ’ਚ ਜਵਾਬ ਦੇਂਦੇ। ਚੋਖਾ ਚਿਰ ਇਉਂ ਹੁੰਦਾ ਰਿਹਾ। ਚਰਖੜ੍ਹੀਆਂ ਨਾਲ ਤਿੱਖੀਆਂ ਛੁਰੀਆਂ ਲੱਗੀਆਂ ਹੋਈਆਂ ਸਨ। ਯਹੀਆ ਖ਼ਾਨ, ਸ਼ਾਹੀ ਕਾਜ਼ੀ ਤੇ ਲੋਕਾਈ ਦੇ ਵੇਖਦਿਆਂ ਉਹ ਗਿੜਦੀਆਂ ਗਈਆਂ ‘ਅਕਾਲ-ਅਕਾਲ’ ਦੀਆਂ ਆਵਾਜ਼ਾਂ ਸਹਿਜੇ-ਸਹਿਜੇ ਬੰਦ ਹੋ ਗਈਆਂ। ਦੋਵੇਂ ਪਿਓ ਪੁੱਤਰ ਅਡੋਲ ਰਹਿ ਕੇ ਅਸੂਲਾਂ ’ਤੇ ਪਹਿਰਾ ਦੇਂਦੇ ਹੋਏ ਸ਼ਹੀਦੀਆਂ ਪਾ ਕੇ ਦਸਮੇਸ਼ ਪਿਤਾ ਦੀ ਗੋਦ ’ਚ ਜਾ ਬਿਰਾਜੇ। ਇਹ ਸ਼ਹੀਦੀ ਸਾਕਾ 25 ਮਾਰਚ 1746 ਦਾ ਹੈ।

ਉਕਤ ਦੋਵੇਂ ਘਟਨਾਵਾਂ ’ਚ ਕੀਤੀ ਗਈ ਵੀਚਾਰ ਅਨੁਸਾਰ ਸ਼ਹੀਦ ਭਾਈ ਸੁਬੇਗ ਸਿੰਘ ਜੀ ਤੇ ਸ਼ਹੀਦ ਭਾਈ ਸ਼ਾਹਬਾਜ਼ ਸਿੰਘ ਜੀ ਦੇ ਕਿਰਦਾਰ ਦੀ ਤੁਲਨਾ ਜੇ ਅਜੋਕੇ ਸਿੱਖਾਂ ਨਾਲ ਕੀਤੀ ਜਾਵੇ ਤਾਂ ਬਹੁਤ ਹੀ ਦੁਖਦਾਈ ਸਥਿਤੀ ਸਾਮ੍ਹਣੇ ਆਉਂਦੀ ਹੈ। ਜਿੱਥੇ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਦੀ ਕਥਨੀ ਤੇ ਕਰਨੀ ਗੁਰਮਤਿ ਅਨੁਸਾਰ ਇਕ ਸਮਾਨ ਸੀ ਉੱਥੇ ਅੱਜ ਅਸੀਂ ਕੇਵਲ ਕਥਨੀ ਨੂੰ ਹੀ ਗੁਰਮਤ ਮੰਨ ਲਿਆ ਹੈ; ਜਿਵੇਂ ਭਾਈ ਸੁਬੇਗ ਸਿੰਘ ਜੀ ਦਾ ਸਰਕਾਰੇ ਦਰਬਾਰੇ ਬਹੁਤ ਮਾਣ ਸਤਿਕਾਰ ਸੀ ਤੇ ਭਾਈ ਸ਼ਾਹਬਾਜ਼ ਸਿੰਘ ਜੀ ਵੀ ਸ਼ਾਹੀ ਕਾਜ਼ੀ ਦੀ ਲੜਕੀ ਦਾ ਰਿਸ਼ਤਾ ਕਬੂਲ ਕਰਨ ਉਪਰੰਤ ਤਮਾਮ ਸੁੱਖ ਸਹੂਲਤਾਂ ਪ੍ਰਾਪਤ ਕਰ ਸਕਦੇ ਸਨ ਪਰ ਉਨ੍ਹਾਂ ਗੁਰੂ ਤੇ ਸਿੱਖ ਇਤਿਹਾਸ ਦਾ ਭਾਗ ਬਣਨਾ ਪਸੰਦ ਕੀਤਾ ਤੇ ਆਪਣੇ ਖਾਨਦਾਨੀ ਵਿਕਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਵਾਂਗ ‘ਅਕਾਲ ਅਕਾਲ’ ਮੂੰਹੋਂ ਬੋਲਦਿਆਂ ਪ੍ਰਮਾਤਮਾ ਦੇ ਚਰਨਾਂ ’ਚ ਲੀਨ ਕਰਨ ਨੂੰ ਸਰਬੋਤਮ ਮੰਨਿਆ। ਤਮਾਮ ਸਰੀਰਕ ਕਸ਼ਟ ਵੀ ਉਨ੍ਹਾਂ ਦੇ ਇਸ ਮਾਰਗ ’ਚ ਰੁਕਾਵਟ ਨਾ ਬਣ ਸਕੇ ਪਰ ਅੱਜ ਦੇ ਸਿੱਖ ਤੁੱਛ ਨਿੱਜ ਸੁਆਰਥਾਂ ਤੇ ਸਰਕਾਰੀ ਅਹੁਦਿਆਂ ਦੀ ਪ੍ਰਾਪਤੀ ਨੂੰ ਹੀ ਵੱਡੀ ਉਪਲਬਧੀ ਸਮਝਦੇ ਹਨ ਬੇਸ਼ੱਕ ਇਸ ਲਈ ਗੁਰਮਤ ਤੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਕੁਰਬਾਨ ਵੀ ਕਿਉਂ ਨਾ ਕਰਨਾ ਪਏ।

ਅਜੋਕਾ ਸਿੱਖ; ਆਪਣੀ ਕੁਲ ਰੱਖਣ ਦੀ ਮਨਸਾ ਨਾਲ ਲੜਕੀਆਂ ਦੀ ਬਜਾਏ ਲੜਕਾ (ਸੰਤਾਨ) ਪ੍ਰਾਪਤੀ ਲਈ ਮੰਦਰਾਂ, ਮੜ੍ਹੀਆਂ, ਲਾਲਾਂ ਵਾਲਿਆਂ ਦੀਆਂ ਕਬਰਾਂ ਆਦਿ ’ਤੇ ਮੱਥੇ ਰਗੜ ਕੇ ਸਿੱਖੀ ਸਰੂਪ ਦਾ ਨਿੱਤ ਮਜ਼ਾਕ ਉਡਾਉਣ ’ਚ ਰੱਤਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦਾ ਪਰ ਭਾਈ ਸੁਬੇਗ ਸਿੰਘ ਨੇ ਧਰਮ ਦੀ ਕੀਮਤ ’ਤੇ ਆਪਣੇ ਸਪੁੱਤਰ ਨੂੰ ਬਚਾ ਕੇ ਆਪਣੀ ਕੁਲ ਰੱਖਣ ਦੇ ਸੁਝਾਉ ਨੂੰ ਸਿਰੇ ਤੋਂ ਹੀ ਨਕਾਰ ਕੇ ਸਿੱਖੀ ਸਰੂਪ ਨੂੰ ਬਚਾ ਕੇ ਗੁਰੂ ਦਰ ’ਤੇ ਪਰਵਾਨ ਚੜ੍ਹਨ ਨੂੰ ਆਪਣਾ ਧੰਨਭਾਗ ਸਮਝਿਆ।

ਸ. ਜੱਸਾ ਸਿੰਘ ਆਹਲੂਵਾਲੀਆ, ਸ. ਬਘੇਲ ਸਿੰਘ ਵਰਗੇ ਸਿੱਖ ਸਰਦਾਰਾਂ ਦੇ ਮੁਕਾਬਲੇ ਅਜੋਕੇ ਸਿੱਖ ਲੀਡਰਾਂ (ਸਰਦਾਰਾਂ) ਦਾ ਕਿਰਦਾਰ ਵੀ ਸਿੱਖਾਂ ਦੀ ਮਦਦ ਨਾਲ ਮਿਲੀ ਰਾਜ ਸ਼ਕਤੀ ਨੂੰ ਸਦੀਵੀ ਆਪਣੇ ਵੰਸ਼ਜ ਤੱਕ ਸੀਮਤ ਰੱਖਣ ਨੂੰ ਤਰਜੀਹ ਦੇਂਦਾ ਹੈ, ਇਸ ਮੰਜ਼ਲ ਪ੍ਰਾਪਤੀ ਲਈ ਬੇਸ਼ੱਕ ਗੁਰਮਤ ਤੇ ਗੌਰਵਮਈ ਸਿੱਖ ਇਤਿਹਾਸ ਨੂੰ ਮਿੱਟੀ ’ਚ ਕਿਉਂ ਨਾ ਮਿਲਾਉਣਾ ਪਵੇ ਕਿਉਂਕਿ ਰਣਭੂਮੀ ’ਚ ਤੇਜਧਾਰ ਸਸ਼ਤਰਾਂ ਦੇ ਸੈਂਕੜੇ ਵਾਰ ਸਹਿਣ ਅਤੇ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਪਿੱਛੋਂ ਦਿੱਲੀ ਫ਼ਤਹਿ ਕਰਨ ਉਪਰੰਤ ਜਦੋਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਵੇਖਿਆ ਕਿ ਉਨ੍ਹਾਂ ਦੇ ਰਾਜ ਸਿੰਘਾਸਨ ਉੱਤੇ ਬੈਠਣ ਨਾਲ ਪੰਥਕ ਏਕਤਾ ਨੂੰ ਖਤਰਾ ਹੋ ਸਕਦਾ ਹੈ ਤਾਂ ਉਨ੍ਹਾਂ ਤੁਰੰਤ ਤਖ਼ਤ ਤੋਂ ਉੱਤਰ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਕਿ ਖ਼ਾਲਸਾ ਜੀ ਇਹ ਤਖ਼ਤ ਮੇਰਾ ਨਹੀਂ ਬਲਕਿ ਸਮੁੱਚੇ ਪੰਥ ਦਾ ਹੈ ਪਰ ਅੱਜ ਦੇ ਰਾਜਨੀਤਕ ਆਗੂ ਪੰਥ ਦੇ ਨਾਮ ’ਤੇ ਵੋਟਾਂ ਲੈ ਕੇ ਰਾਜ ਸਿੰਘਾਸ਼ਨ ’ਤੇ ਬੈਠਣ ਉਪਰੰਤ ਕਹਿੰਦੇ ਹਨ ਕਿ ਇਹ ਤਖ਼ਤ ਕੇਵਲ ਮੇਰਾ ਹੀ ਨਹੀਂ ਬਲਕਿ ਮੇਰੇ ਵੰਸ਼ਜ ਦਾ ਵੀ ਹੈ, ਜਿਸ ਲਈ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. ।।’’ (ਮ: ੫/੬੧੧) ਰੂਪ ਪੰਥਕ ਏਕਤਾ ਭਾਵੇਂ ਲੀਰੋ ਲੀਰ ਹੋ ਜਾਵੇ।

ਸ. ਬਘੇਲ ਸਿੰਘ ਜੀ ਨੇ ਦਿੱਲੀ ਫ਼ਤਹਿ ਉਪਰੰਤ ਸਦੀਵੀ ਰਾਜ ਕਰਨ ਦੇ ਨਾ ਕਦੇ ਦਾਅਵੇ ਕੀਤੇ ਤੇ ਨਾ ਹੀ 25 ਸਾਲ ਰਾਜ ਕਰਨ ਦੀ ਮਨ ’ਚ ਕੋਈ ਲਾਲਸਾ ਰੱਖੀ। ਕੇਵਲ 10 ਮਹੀਨੇ ਦਿੱਲੀ ’ਤੇ ਰਾਜ ਕਰਨ ਦੌਰਾਨ ਹਰ ਉਹ ਸਥਾਨ; ਜਿਸ ਨੂੰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਸੀ, ਉੱਥੇ ਗੁਰਦੁਆਰਾ ਸਾਹਿਬ ਬਣਾ ਕੇ ਗੁਰ ਇਤਿਹਾਸ ਨੂੰ ਸੰਭਾਲ਼ ਲਿਆ, ਜਿਸ ਨੂੰ ਸਿੱਖੀ ਦੀ ਮਹਾਨ ਸੇਵਾ ਕਿਹਾ ਜਾ ਸਕਦਾ ਹੈ ਪਰ ਇਸ ਦੇ ਵਿਪ੍ਰੀਤ ਅੱਜ ‘ਰਾਜ ਨਹੀਂ, ਸੇਵਾ’ ਦਾ ਫੋਕਾ ਨਾਹਰਾ ਲਗਾ ਕੇ ਦੱਸਣਾ ਪੈਂਦਾ ਹੈ ਕਿ ਅਸੀਂ ਪੰਥਕ ਸੇਵਾ ਕਰ ਰਹੇ ਹਾਂ।

ਅਜੋਕਾ ਸਿੱਖ ਆਗੂ; ਕਾਰਸੇਵਾ ਵਾਲੇ ਬਾਬਿਆਂ ਦੀ ਰਾਹੀਂ ਉਕਤ ਸਿਰਜੀਆਂ ਇਤਿਹਾਸਿਕ ਘਟਨਾਵਾਂ ਆਦਿ ਨੂੰ ਤਹਿਸ਼ ਨਹਿਸ਼ ਕਰਕੇ ਗੁਰਦੁਆਰਿਆਂ ਨੂੰ ਨਵਾਂ ਰੂਪ ਦੇਣ ਨੂੰ ਵੀ ਪੰਥਕ ਸੇਵਾ ਸਮਝ ਰਿਹਾ ਹੈ, ਭਾਰੀ ਕਮਿਸ਼ਨ ਲੈਣ ਲਈ ਨਕਲੀ ਕੀੜੇਮਾਰ ਦਵਾਈਆਂ, ਖ਼ਾਦਾਂ ਤੇ ਬੀਜ ਵਿਕ੍ਰੇਤਾਵਾਂ ਨੂੰ ਖੁਲ੍ਹ ਦੇ ਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਉਨ੍ਹਾਂ ਨੂੰ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਕਰਨਾ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਸਿੱਖੀ ਤੋਂ ਪਤਿਤ ਕਰਨ ਵਾਲੇ ਤਮਾਮ ਇਲਜਾਮ ਵੀ ਅਜੋਕੇ ਪੰਥਕ ਸਰਦਾਰਾਂ ਉੱਪਰ ਹੀ ਲੱਗ ਰਹੇ ਹਨ। ਪੰਜਾਬ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ’ਚ ਮਾਰਨ ਵਾਲਾ ਭਾਰਤ ਦਾ ਸਰਬੋਤਮ ਸੂਬਾ ਬਣਿਆ ਹੋਇਆ ਹੈ, ਜਿਸ ਲੜਕੀ ਜਾਂ ਔਰਤ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਸਨ: ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ? ।। (ਮ: ੧/੪੭੩)

ਘੱਟ ਗਿਣਤੀਆਂ ਦੀ ਹੋਂਦ ਲਈ ਖ਼ਤਰਾ ਬਣੀਆਂ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਸਿੱਖ ਰਾਜ ਨੇਤਾਵਾਂ ਦੀ ਗੈਰਸਿਧਾਂਤਿਕ ਸਾਂਝ ਵੀ ਸਿੱਖ ਕੌਮ ਲਈ ਸਿਰਦਰਦ ਬਣੀ ਹੋਈ ਹੈ, ਜੋ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹੈ, ਜਿਸ ਵਿੱਚ ਕੌਮੀ ਹਿੱਤ ਦੀ ਬਜਾਏ ਨਿੱਜ ਸੁਆਰਥ ਵਧੇਰੇ ਝਲਕਦਾ ਹੈ। ਇਸ ਮਜ਼ਬੂਰੀ ਦੀਆਂ ਕੁਝ ਕੁ ਉਦਾਹਰਣਾਂ ਵੀ ਵੇਖੀਆਂ ਜਾ ਸਕਦੀਆਂ ਹਨ; ਜਿਵੇਂ ਕਿ:

(1). ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇ ਦਿਨੀਂ ਅਪਮਾਨ ਕਰਨ ਵਾਲੀਆਂ ਘਟਨਾਂਵਾਂ ਦੇ ਮੁੱਖ ਦੋਸ਼ੀਆਂ ਨੂੰ ਲੱਭ ਕੇ ਸਜਾ ਦਿਲਵਾਉਣ ’ਚ ਅਸਫਲ ਰਹਿ ਜਾਣਾ। ਕੀ ਇਹ ਕਾਰਵਾਈ ਕਿਸੇ ਬਹੁ ਗਿਣਤੀ ਰਾਜਨੀਤੀ ਦੇ ਦਬਾਅ ਅਧੀਨ ਕੀਤੀ ਗਈ, ਜਿਨ੍ਹਾਂ ਦਾ ਮਕਸਦ ਘੱਟ ਗਿਣਤੀਆਂ ਨੂੰ ਅਪਮਾਨਿਤ ਕਰਨਾ ਹੈ। ਜਿਹੜੀ ਰਾਜ ਸ਼ਕਤੀ ਆਪਣੇ ਗੁਰੂ ਦਾ ਸਤਿਕਾਰ ਵੀ ਨਹੀਂ ਕਰਵਾ ਸਕਦੀ, ਕੀ ਉਹ ਲੀਡਰ ਜਾਂ ਸਰਕਾਰ ਸਿੱਖ ਹਮਾਇਤੀ ਹੋ ਸਕਦੀ ਹੈ ?

(2). ਪਿਛਲੇ ਦਿਨੀਂ 26 ਜਨਵਰੀ 2016 ਨੂੰ (ਦਿੱਲੀ ਵਿਖੇ) ਭਾਰਤ ਦੀਆਂ ਫੌਜੀ ਪਰੇਡਾਂ (ਤੇ ਝਾਕੀਆਂ) ’ਚ ਸਿੱਖ ਪਲਟਣ ਦੇ ਜਵਾਨਾਂ ਨੂੰ ਸ਼ਾਮਲ ਨਾ ਕਰਨ ਦੇ ਵਿਰੁਧ ਕੋਈ ਆਵਾਜ਼ ਜ਼ੋਰਦਾਰ ਤਰੀਕੇ ਨਾਲ ਬੁਲੰਦ ਨਾ ਕਰਨਾ, ਕੀ ਸਿੱਖ ਲੀਡਰਾਂ ਦੀ ਪਹਿਚਾਣ ਹੈ ? ਧਿਆਨ ਰਹੇ ਕਿ ਇਹ ਉਹੀ ਦਿੱਲੀ ਹੈ ਜਿੱਥੇ ਹਿੰਦੂਆਂ ਦੀ ਧਰਮਿਕ ਅਜਾਦੀ ਲਈ ਆਪਣੀ ਸ਼ਹੀਦੀ ਦਿੱਤੀ, ਬਾਬਾ ਬਘੇਲ ਸਿੰਘ ਨੇ ਰਾਜ ਕੀਤਾ ਅਤੇ ਮੁਸਲਿਮ ਸਮਾਜ ਦੇ ਵਿਰੋਧ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਦੀਆਂ ਚਰਨਛੋਹ ਸਾਰੀਆਂ ਥਾਂਵਾਂ ’ਤੇ ਯਾਦਗਾਰਾਂ ਦੇ ਰੂਪ ਵਿੱਚ ਗੁਰਦੁਆਰਿਆਂ ਦੀ ਉਸਾਰੀ ਕਰਵਾ ਕੇ ਇਤਿਹਾਸ ਨੂੰ ਜੀਵਤ ਰੱਖਿਆ ਸੀ, ਆਦਿ।

ਸੋ, ਉਪਰੋਕਤ ਕੀਤੀ ਗਈ ਕੁਝ ਕੁ ਵੀਚਾਰ ਅਨੁਸਾਰ ਜਿੱਥੇ ਅਜੋਕੀ ਸਿੱਖ ਕੌਮ ਦੇ ਲੀਡਰ ਦੋਸ਼ੀ ਹਨ ਉੱਥੇ ਇਸ ਪਾਪ ’ਚ ਅਸੀਂ ਵੀ ਬਰਾਬਰ ਦੇ ਭਾਗੀ ਹਾਂ ਕਿਉਂਕਿ ਵੋਟ ਸ਼ਕਤੀ ਤਾਂ ਸਾਡੇ ਕੋਲ ਹੀ ਹੁੰਦੀ ਹੈ ਜੋ ਕਿਸੇ ਲਾਲਚ ਵਸ ਇਨ੍ਹਾਂ ਦੀ ਝੋਲੀ ’ਚ ਪਾ ਕੇ ਇਨ੍ਹਾਂ ਨੂੰ ਉਕਤ ਗੈਰਸਿਧਾਂਤਿਕ ਕੰਮ ਕਰਨ ਲਈ ਉਤਸ਼ਾਹਤ ਕਰ ਦਿੱਤਾ ਜਾਂਦਾ ਹੈ।

ਜਦ ਤੱਕ ਸਿੱਖ ਆਪਣੀ ਆਤਮਾ ਦੀ ਖ਼ੁਰਾਕ ‘ਗੁਰਮਤ’ ਤੇ ‘ਗੌਰਵਮਈ ਸਿੱਖ ਇਤਿਹਾਸ’ ਨੂੰ ਪੜ੍ਹ ਕੇ ਉਸ ਨੂੰ ਅਮਲੀ ਜੀਵਨ ’ਚ ਨਹੀਂ ਲੈ ਆਉਂਦਾ ਤਦ ਤੱਕ ਉਕਤ ਕੁਰਬਾਨੀਆਂ ਦਾ ਮੁੱਲ ਪਾਉਣ ਜੀ ਬਜਾਏ ਅਸੀਂ ਆਪਣਾ ਨਿੱਜ ਤੇ ਗੁਰਮਤ ਦਾ ਭਾਰੀ ਨੁਕਸਾਨ ਕਰਦੇ ਰਹਾਂਗੇ। ਇੱਕ ਸਮਾਂ ਸੀ ਜਦ ‘ਗੁੜ’ ਤੇ ‘ਗੁਰ’ ਸ਼ਬਦਾਂ ਦਾ ਉਚਾਰਨ ਇੱਕ ਸਮਾਨ ਹੋਣ ਕਾਰਨ ‘ਗੁੜ’ ਕਹਿਣ ’ਤੇ ਵੀ ਪਾਬੰਦੀ ਸੀ, ਤਾਂ ਜੋ ਸਿੱਖ ਆਪਣੇ ‘ਗੁਰੂ’ ਨਾਲ ਸੰਬੰਧ ਨਾ ਬਣਾ ਸਕੇ ਪਰ ਕੀ ਅੱਜ ਵੀ ਅਸੀਂ ਅਜਿਹੇ ਹੀ ਹਾਲਾਤ ਸਿਰਜ ਲਏ ਹਨ ਕਿਉਂਕਿ ਪਿਛਲੇ ਦਿਨੀਂ ਅਕਾਲ ਤਖ਼ਤ ਦੇ ਸਾਮ੍ਹਣੇ ‘ਅਕਾਲੀ ਬਾਬਾ ਫੂਲਾ ਸਿੰਘ’ ਦਾ ਇਤਿਹਾਸ ਸੁਣਾਉਣ ਵਾਲੇ ਇੱਕ ਢਾਡੀ ਜੱਥੇ ’ਤੇ ਪਾਬੰਦੀ ਲਗਾ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਚੱਲਦੇ ਪ੍ਰਸੰਗ ਅਨੁਸਾਰ ‘ਅਕਾਲੀ ਬਾਬਾ ਫੂਲਾ ਸਿੰਘ’ ਜੀ ਦੇ ਕਿਰਦਾਰ ਦੀ ਤੁਲਨਾ ਅਜੋਕੇ ਅਕਾਲੀਆਂ ਦੇ ਕਿਰਦਾਰ ਨਾਲ ਕਰ ਦਿੱਤੀ ਸੀ, ਜੋ ਕਿ ਇਨ੍ਹਾਂ ਨੂੰ ਨਾਗਵਾਰ ਗੁਜ਼ਰੀ।