ਦਲੀਪ ਕੌਰ ਟਿਵਾਣਾ ਨੇ ਪਦਮਸ੍ਰੀ ਮੋੜਿਆ

0
449

ਦਲੀਪ ਕੌਰ ਟਿਵਾਣਾ ਨੇ ਪਦਮਸ੍ਰੀ ਮੋੜਿਆ

ਦਲੀਪ ਕੌਰ ਟਿਵਾਣਾ ਨੇ ਪਦਮਸ੍ਰੀ ਮੋੜਿਆ

ਪਟਿਆਲਾ/ਨਵੀਂ ਦਿੱਲੀ, 13 ਅਕਤੂਬਰ: ਦੇਸ਼ ‘ਚ ਮੁਸਲਮਾਨਾਂ ‘ਤੇ ‘ਵਾਰ-ਵਾਰ ਹੋ ਰਹੇ ਤਸ਼ੱਦਦ’ ਅਤੇ ‘ਵਧਦੀ ਅਸਹਿਣਸ਼ੀਲਤਾ’ ਵਿਰੁਧ ਮਸ਼ਹੂਰ ਪੰਜਾਬੀ ਲੇਖਿਕਾ ਅਤੇ ਪਦਮਸ੍ਰੀ ਨਾਲ ਸਨਮਾਨਤ ਦਲੀਪ ਕੌਰ ਟਿਵਾਣਾ ਨੇ ਅੱਜ ਅਪਣਾ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਜਦਕਿ ਅਪਣਾ ਸਾਹਿਤ ਅਕਦਾਮੀ ਪੁਰਸਕਾਰ ਵਾਪਸ ਕਰ ਰਹੇ ਲੇਖਕਾਂ ਦੀ ਲੜੀ ‘ਚ ਅੱਜ ਇਕ ਹੋਰ ਕੰਨੜ ਲੇਖਕ ਵੀ ਸ਼ਾਮਲ ਹੋ ਗਿਆ।
ਕੇਂਦਰ ਨੂੰ ਲਿਖੀ ਇਕ ਚਿੱਠੀ ‘ਚ ਟਿਵਾਣਾ ਨੇ ਕਿਹਾ, ”ਗੌਤਮ ਬੁੱਧ ਅਤੇ ਗੁਰੂ ਨਾਨਕ ਦੇਵ ਦੀ ਧਰਤ ‘ਤੇ ਫ਼ਿਰਕਾਪ੍ਰਸਤੀ ਕਾਰਨ 1984 ‘ਚ ਸਿੱਖਾਂ ਦਾ ਹੋਇਆ ਦਮਨ ਅਤੇ ਵਾਰ-ਵਾਰ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮ ਸਾਡੇ ਦੇਸ਼ ਅਤੇ ਸਮਾਜ ਲਈ ਬਹੁਤ ਸ਼ਰਮਨਾਕ ਹਨ।”
ਸਾਲ 2004 ‘ਚ ਪਦਮਸ੍ਰੀ ਸਨਮਾਨ ਪ੍ਰਾਪਤ ਕਰਨ ਵਾਲੀ ਟਿਵਾਣਾ ਨੇ ਅੱਗੇ ਕਿਹਾ, ”ਸਚਾਈ ਅਤੇ ਇਨਸਾਫ਼ ਦੇ ਹੱਕ ‘ਚ ਖੜੇ ਹੋਣ ਵਾਲੇ ਲੋਕਾਂ ਦਾ ਕਤਲ ਕਰਨਾ ਸਾਨੂੰ ਦੁਨੀਆਂ ਅਤੇ ਰੱਬ ਦੀਆਂ ਅੱਖਾਂ ‘ਚ ਸ਼ਰਮ ਦਾ ਪਾਤਰ ਬਣਾਉਂਦਾ ਹੈ। ਇਸ ਕਰ ਕੇ ਮੈਂ ਵਿਰੋਧ ‘ਚ ਪਦਮਸ੍ਰੀ ਪੁਰਸਕਾਰ ਵਾਪਸ ਕਰਦੀ ਹਾਂ।” ‘ਵਧਦੀ ਅਸਹਿਣਸ਼ੀਲਤਾ’ ਵਿਰੁਧ ਅਪਣੇ ਪੁਰਸਕਾਰ ਵਾਪਸ ਕਰ ਰਹੇ ਲੇਖਕਾਂ ਦੀ ਸੂਚੀ ‘ਚ ਸ਼ਾਮਲ ਹੁੰਦਿਆਂ  ਕੰਨੜ ਲੇਖਕ ਪ੍ਰੋਫ਼ੈਸਰ ਰਹਿਮਤ ਤਾਰੀਕੇਰੀ ਨੇ ਅੱਜ ਕਿਹਾ ਕਿ ਵਿਦਵਾਨ ਐਮ.ਐਮ. ਕਲਬੁਰਗੀ ਅਤੇ ਅੰਧਵਿਸ਼ਵਾਸ ਵਿਰੁਧ ਲੜਾਈ ਲੜਨ ਵਾਲੇ ਨਰਿੰਦਰ ਦਾਭੋਲਕਰ ਅਤੇ ਗੋਵਿੰਦ ਪਾਨਸਰੇ ਦੇ ਕਤਲ ਵਿਰੁਧ ਉਹ ਅਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਰਹੇ ਹਨ।
ਉੱਘੇ ਮਰਾਠੀ ਲੇਖਕ ਪ੍ਰਧਾਨਿਆ ਪਵਾਰ ਨੇ ਵੀ ਅਪਣੇ ਸਾਰੇ ਪੁਰਸਕਾਰ ਅਤੇ 1.13 ਲੱਖ ਦੀ ਇਨਾਮੀ ਰਕਮ ਸੂਬਾ ਸਰਕਾਰ ਨੂੰ ਵਾਪਸ ਕਰ ਦਿਤੀ। ਉਨ੍ਹਾਂ ਦਾਦਰੀ ਕਤਲ ਕਾਂਡ ਅਤੇ ਦਾਭੋਲਕਰ, ਪਨਸਾਰੇ ਅਤੇ ਕਲਬੁਰਗੀ ਵਰਗੇ ਤਰਕਸ਼ੀਲਾਂ ਦੇ ਕਤਲ ਦੇ ਵਿਰੋਧ ‘ਚ ਅਪਣੇ ਪੁਰਸਕਾਰ ਵਾਪਸ ਕੀਤਾ ਅਤੇ ਕਿਹਾ ਕਿ ਇਹ ਘਟਨਾਵਾਂ ਵਧ ਰਹੀ ਅਸਹਿਣਸ਼ੀਲਤਾ ਵਲ ਇਸ਼ਾਰਾ ਕਰਦੀਆਂ ਹਨ। ਕ੍ਰਿਸ਼ਨਾ ਸੋਬਤੀ ਅਤੇ ਅਰੁਣ ਜੋਸ਼ੀ ਦੇ ਵੀ ਪੁਰਸਕਾਰ ਵਾਪਸ ਕਰਨ ਦੇ ਫ਼ੈਸਲੇ ਤੋਂ ਬਾਅਦ ਨੈਨਤਾਰਾ ਸਹਿਗਲ ਅਤੇ ਅਸ਼ੋਕ ਵਾਜਪਾਈ ਸਮੇਤ ਘੱਟੋ ਘੱਟ 25 ਲੇਖਕ ਅਪਣੇ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ ਅਤੇ ਪੰਜ ਲੇਖਕਾਂ ਨੇ ਸਾਹਿਤ ਅਕਾਦਮੀ ‘ਚ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ।
ਸਾਹਿਤ ਅਕਾਦਮੀ ਨੇ ਇਨ੍ਹਾਂ ਘਟਨਾਕ੍ਰਮਾਂ ‘ਤੇ ਚਰਚਾ ਲਈ 23 ਅਕਤੂਬਰ ਨੂੰ ਹੰਗਾਮੀ ਬੈਠਕ ਸੱਦੀ ਹੈ।
ਸਿਆਸੀ ਪਾਰਟੀਆਂ ਨੇ ਵੀ ਇਸ ਮੁੱਦੇ ‘ਤੇ ਕੇਂਦਰ ਦੀ ਚੁੱਪ ਦੀ ਨਿੰਦਾ ਕੀਤੀ ਹੈ।