ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ (ਗੁਰੂ ਅਰਜਨ ਸਾਹਿਬ ਜੀ)

0
514

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ॥ (ਗੁਰੂ ਅਰਜਨ ਸਾਹਿਬ ਜੀ)

Understanding Akal Purkh through the Guru’s teachings.

ਡਾ. ਸਰਬਜੀਤ ਸਿੰਘ ਜੀ ਵਾਸੀ (ਮੁੰਬਈ)-98921-17013

ਮਹਾਨ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥਾ, ਪੰਜਵੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਇਕ ਅਜੇਹੇ ਬ੍ਰਹਮ ਗਿਆਨੀ ਸਨ, ਜਿਨ੍ਹਾਂ ਨੇ ਆਪਣੇ ਸੀਸ ’ਤੇ ਤੱਤੀ ਰੇਤ ਪਵਾਣੀ, ਉਬਲਦੀ ਦੇਗ ਵਿੱਚ ਬੈਠਣਾ, ਤੱਤੀ ਤਵੀ ’ਤੇ ਬੈਠ ਕੇ ਸ਼ਹੀਦੀ ਦੇਣੀ ਤਾਂ ਪਰਵਾਨ ਕਰ ਲਈ ਪਰੰਤੂ ਧਰਮ ਦੇ ਅਸੂਲਾਂ ਨੂੰ ਆਂਚ ਨਹੀਂ ਆਣ ਦਿਤੀ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੇ ਆਪਣੇ ਸ਼ਬਦ ‘‘ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥’’ ਉੱਪਰ ਅਮਲ ਕਰ ਕੇ ਦੁਨੀਆਂ ਵਿੱਚ ਇਕ ਨਿਵੇਕਲੀ ਸ਼ਹੀਦੀ ਦੀ ਮਿਸਾਲ ਕਾਇਮ ਕੀਤੀ।

ਗੁਰੂ ਅਰਜਨ ਸਾਹਿਬ ਨੂੰ ਜਨਮ ਤੋਂ ਹੀ ਗੁਰਮਤਿ ਦੀ ਗੁੜ੍ਹਤੀ ਮਿਲੀ ਸੀ। ਆਪ ਜੀ ਦਾ ਪ੍ਰਕਾਸ਼ 15 ਅਪਰੈਲ 1563 ਨੂੰ ਗੋਇੰਦਵਾਲ ਵਿਖੇ ਮਾਤਾ ਭਾਨੀ ਜੀ ਦੀ ਕੁਖੋਂ ਹੋਇਆ, ਜੋ ਗੁਰੂ ਬੇਟੀ ਸਨ। ਆਪ ਜੀ ਅਜੇਹੀ ਮਹਾਨ ਸ਼ਕਸੀਅਤ ਸਨ, ਜਿਨ੍ਹਾਂ ਦੇ ਪਿਤਾ ਚੌਥੇ ਗੁਰੂ ਰਾਮ ਦਾਸ ਜੀ ਸਨ। ਆਪ ਜੀ ਦੇ ਨਾਨਾ ਤੀਸਰੇ ਗੁਰੂ ਅਮਰ ਦਾਸ ਜੀ ਸਨ ਜਿਨ੍ਹਾਂ ਕੋਲੋ, ‘ਦੋਹਿਤਾ ਬਾਣੀ ਦਾ ਬੋਹਿਥਾ’ ਦਾ ਆਸ਼ੀਰਵਾਦ ਮਿਲਿਆ ਹੋਇਆ ਸੀ। ਆਪ ਜੀ ਨੂੰ ਮਹਾਨ ਕੁਰਬਾਨੀ ਦੇਣ ਵਾਲੀ ਪਤਨੀ ਮਾਤਾ ਗੰਗਾ ਜੀ ਦਾ ਸਾਥ ਮਿਲਿਆ ਤੇ ਅਕਾਲ ਪੁਰਖੁ ਦੀ ਮਿਹਰ ਸਦਕਾ ਮਹਾਬਲੀ ਯੋਧਾ ਪੁੱਤਰ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ।

ਗੁਰੂ ਅਰਜਨ ਸਾਹਿਬ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਅਨੇਕਾਂ ਹੀ ਸਮਾਜਕ ਸੁਧਾਰ ਤੇ ਧਰਮ ਦੇ ਕਾਰਜ ਕੀਤੇ।

ਗੁਰੂ ਕਾ ਚੱਕ (ਅੰਮ੍ਰਿਤਸਰ) ਸ਼ਹਿਰ ਦੀ ਉਸਾਰੀ ਦਾ ਕਾਰਜ ਜੋ ਕਿ ਗੁਰੂ ਰਾਮ ਦਾਸ ਜੀ ਨੇ 1570 ਵਿਚ ਆਰੰਭ ਕੀਤਾ ਸੀ, ਉਸ ਵਿਚ ਆਪ ਜੀ ਨੇ ਆਪਣਾ ਪੂਰਾ ਹਿਸਾ ਪਾਇਆ। ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦਾ ਕਾਰਜ 1588 ਵਿਚ ਪੂਰਾ ਹੋਇਆ।

ਪਾਣੀ ਦਾ ਮਸਲਾ ਹੱਲ ਕਰਨ ਲਈ ਆਪ ਜੀ ਨੇ ਸਭ ਤੋਂ ਪਹਿਲਾਂ ਤਾਲ ਸੰਤੋਖਸਰ ਤਿਆਰ ਕਰਵਾਇਆ। ਇਸ ਤੋਂ ਮਗਰੋਂ ਅੰਮ੍ਰਿਤਸਰ ਸਰੋਵਰ ਸੰਨ 1588 ਵਿੱਚ ਮੁਕੰਮਲ ਕੀਤਾ। ਅੰਮ੍ਰਿਤਸਰ ਸਰੋਵਰ ਦੇ ਨਾਮ ਉੱਤੇ ਸ਼ਹਿਰ ਦਾ ਨਾਮ ਵੀ ‘ਗੁਰੂ ਕਾ ਚੱਕ’ ਤੋਂ ‘ਅੰਮ੍ਰਿਤਸਰ’ ਪੈ ਗਿਆ।

ਆਪ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ (ਅਕਤੂਬਰ 1588) ਵਿੱਚ ਰਖਵਾਈ। ਇਸ ਅਸਥਾਨ ਦੀ ਨਿਵੇਕਲੀ ਉਸਾਰੀ ਅਤੇ ਪ੍ਰਬੰਧ ਰਾਹੀਂ ਧਰਮ ਨਿਰਪੇਖਤਾ ਦੀ ਉਦਾਹਰਨ ਕਾਇਮ ਕਰਨ ਦਾ ਮਾਣ ਸਿਰਫ ਸਿੱਖ ਧਰਮ ਨੂੰ ਹੀ ਪ੍ਰਾਪਤ ਹੋਇਆ ਹੈ।

ਊਚ ਨੀਚ ਦਾ ਭੇਦ ਭਾਵ ਖਤਮ ਕਰਨ ਲਈ ਤੇ ਪਾਣੀ ਦਾ ਮਸਲਾ ਹਲ ਕਰਨ ਲਈ ਤਰਨਤਾਰਨ ਸਾਹਿਬ ਦਾ ਸਰੋਵਰ (1000 ਫੁਟ ਲੰਮਾਂ ਅਤੇ 900 ਫੁਟ ਚੌੜਾ) ਤਿਆਰ ਕਰਵਾਇਆ।

ਆਪ ਜੀ ਨੇ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਦਾ ਨਗਰ ਵਸਾਇਆ ਜੋ ਕਿ ਅੱਜ ਕਲ ਫ਼ਰਨੀਚਰ ਦਾ ਬਹੁਤ ਵੱਡਾ ਕੇਂਦਰ ਹੈ। ਪਾਣੀ ਦਾ ਮਸਲਾ ਹਲ ਕਰਨ ਲਈ ਇਕ ਖੂਹ ਵੀ ਲਵਾਇਆ, ਜਿਸ ਦਾ ਨਾਮ ਗੰਗਸਰ ਰਖਿਆ।

ਸੰਨ 1595 ਵਿੱਚ ਖੂਹਾਂ ਦਾ ਪਾਣੀ ਸੁੱਕ ਜਾਣ ਕਰਕੇ ਫਸਲ ਨਾ ਹੋਈ ਤੇ ਪੰਜਾਬ ਵਿੱਚ ਕਾਲ ਪੈ ਗਿਆ। ਆਪ ਜੀ ਨੇ ਦਸਵੰਧ ਦੀ ਮਾਇਆ ਕਾਲ ਪੀੜਤਾਂ ਦੀ ਸਹਾਇਤਾ ਲਈ ਖਰਚੀ ਤੇ ਬਹੁਤ ਸਾਰੇ ਦੋ ਹਰਟੇ ਤੇ ਚਾਰ ਹਰਟੇ ਖੂਹ ਲਗਵਾਏ ਤਾਂ ਜੋ ਇੱਕ ਖੂਹ ਕੋਲੋ ਦੋ ਦੋ ਚਾਰ ਚਾਰ ਖੂਹਾਂ ਦਾ ਕੰਮ ਲਿਆ ਜਾ ਸਕੇ। ਵਡਾਲੀ ਤੋਂ ਲਹਿੰਦੇ ਪਾਸੇ ਆਪ ਜੀ ਨੇ ਛੇ ਹਰਟਾਂ ਵਾਲਾ ਖੂਹ ਲਗਵਾਇਆ, ਜੋ ਅਜੇ ਵੀ ਕਾਇਮ ਹੈ। ਉਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ।

ਸੰਨ 1597 ਵਿੱਚ ਲਾਹੌਰ ਵਿਚ ਭਿਆਨਕ ਕਾਲ ਪੈ ਗਿਆ ਸੀ। ਭੁੱਖ ਤੇ ਬਿਮਾਰੀ ਕਾਰਨ ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਜਾਰ ਮੁਰਦਿਆਂ ਨਾਲ ਭਰੇ ਰਹਿੰਦੇ ਸਨ। ਗੁਰੂ ਅਰਜਨ ਸਾਹਿਬ ਜੀ ਨੇ ਲੰਗਰ ਲਗਵਾਏ। ਇਕੱਲੇ ਇਕੱਲੇ ਦੀ ਆਪ ਦੇਖ ਭਾਲ ਕੀਤੀ। ਯਤੀਮਾਂ ਦੀ ਸੇਵਾ ਸੰਭਾਲ ਲਈ ਆਸ਼੍ਰਮ ਬਣਾਏ। ਸਤਿਗੁਰੂ ਜੀ ਨੇ ਦੁਖੀਆਂ ਦਾ ਖਿਆਲ ਕੀਤਾ ਤੇ ਅਕਬਰ ਕੋਲੋਂ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ ਮਾਫ ਕਰਵਾ ਦਿੱਤਾ।

ਸੰਨ 1595 ਤੋਂ 1599 ਤੱਕ ਮਾਝੇ ਵਿੱਚ ਸਖਤ ਕਾਲ ਪਿਆ ਰਿਹਾ ਤੇ ਲੋਕਾਂ ਵਿੱਚ ਮਲੇਰੀਆ ਤੇ ਸੀਤਲਾ (ਚੇਚਕ) ਬੀਮਾਰੀਆਂ ਦਾ ਵੀ ਜੋਰ ਪੈ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਸੰਨ 1595 ਵਿੱਚ ਵਡਾਲੀ ਵਿਖੇ ਹੋਇਆ ਸੀ। ਭੁੱਖੇ ਤੇ ਰੋਗ ਪੀੜਤਾਂ ਦੀ ਸਹਾਇਤਾ ਕਰਦੇ ਸਮੇਂ ਮਾਤਾ ਗੰਗਾ ਜੀ ਤੇ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਜੀ ਵੀ ਨਾਲ ਹੀ ਸਨ। ਚੇਚਕ ਵਾਲੇ ਇਲਾਕੇ ਵਿੱਚ ਵਿਚਰਨ ਕਰਕੇ, ਅੰਮ੍ਰਿਤਸਰ ਵਾਪਿਸ ਆਣ ’ਤੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਚੇਚਕ ਨਿਕਲ ਆਈ। ਵਹਿਮੀ ਲੋਕਾਂ ਨੇ ਸਲਾਹ ਦਿੱਤੀ ਕਿ ਦੇਵੀ ਦੇ ਮੰਦਰ ਮੱਥਾ ਟਿਕਾ ਲਿਆਓ। ਗੁਰੂ ਸਾਹਿਬ ਨੇ ਸਮਝਾਇਆ ਕਿ ਸੀਤਲਾ ਕੋਈ ਦੇਵੀ ਨਹੀਂ ਹੈ, ਸਗੋਂ ਬੀਮਾਰੀ ਹੈ। ਇਲਾਜ ਨਾਲ ਠੀਕ ਹੋ ਜਾਵੇਗੀ। ਅਕਾਲ ਪੁਰਖੁ ’ਤੇ ਭਰੋਸਾ ਰੱਖੋ ਤੇ ਅਰਦਾਸ ਕਰੋ। ਗੁਰੂ ਸ਼ਬਦ ਹੈ: ‘‘ਗਉੜੀ ਮਹਲਾ ੫ ॥ ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ॥ ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥ ਨਾਨਕ ਨਾਮੁ ਜਪੈ ਸੋ ਜੀਵੈ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥’’ (ਪੰਨਾ 200)

ਗੁਰੂ ਘਰ ਦੇ ਕਾਰਜ ਸਫ਼ਲਤਾ ਨਾਲ ਚਲਾਉਣ ਲਈ ਗੁਰੂ ਸਾਹਿਬ ਨੇ ਹਰੇਕ ਸਿੱਖ ਪਰਿਵਾਰ ਨੂੰ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ ਕੌਮੀ ਕਾਰਜਾਂ ਲਈ ਗੁਰ-ਗੋਲਕ ਵਿੱਚ ਪਾਣ ਲਈ ਹੁਕਮ ਕੀਤਾ, ਇਸ ਨੂੰ ਦਸਵੰਧ ਦਾ ਨਾਮ ਦਿੱਤਾ ਗਿਆ।

ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ 4 ਗੁਰੂ ਸਾਹਿਬਾਂ ਦੀ ਬਾਣੀ, ਆਪਣੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਤੇ 3 ਸਿੱਖਾਂ ਦੀ ਬਾਣੀ ਇਕੱਠੀ ਕਰਕੇ, ਉਸ ਨੂੰ ਤਰਤੀਬ ਵਾਰ ਕੀਤਾ। ਰਾਮਸਰ ਵਿਚ ਗੁਰੂ ਗਰੰਥ ਸਾਹਿਬ ਦੀ ਬਾਣੀ ਲਿਖਣ ਦਾ ਕਾਰਜ ਆਰੰਭ ਕੀਤਾ। ਆਪ ਜੀ ਬਾਣੀ ਲਿਖਵਾਂਦੇ ਸਨ ਅਤੇ ਭਾਈ ਗੁਰਦਾਸ ਜੀ ਲਿਖਦੇ ਜਾਂਦੇ ਸਨ। ਗੁਰੂ ਗਰੰਥ ਸਾਹਿਬ ਅਜੇਹੇ ਗਰੰਥ ਹਨ, ਜਿਨ੍ਹਾਂ ਵਿੱਚ ਹੋਰਨਾ ਧਰਮਾਂ ਤੇ ਨੀਵੀਆਂ ਜਾਤਾਂ ਵਾਲੇ ਮਹਾਨ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਮਾਣ ਮਿਲਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਦੀ ਤਿਆਰੀ ਹੋਣ ਉਪਰੰਤ, ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਚ (1604 ਈ.) ਕੀਤਾ ਗਿਆ। ਆਪ ਜੀ ਨੇ ਬਾਬਾ ਬੁਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ।

ਗੁਰੂ ਅਮਰ ਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ‘ਦੋਹਿਤਾ ਬਾਣੀ ਦਾ ਬੋਹਿਥਾ’ ਹੋਣ ਦਾ ਆਸ਼ੀਰਵਾਦ ਦਿੱਤਾ ਸੀ। ਉਨ੍ਹਾਂ ਨੇ ਗੁਰੂ ਗਰੰਥ ਸਾਹਿਬ ਦੀ ਬੀੜ ਤਿਆਰ ਕਰਕੇ ਇਸ ਨੂੰ ਸੱਚ ਸਾਬਤ ਕਰ ਦਿੱਤਾ। ਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਬਾਣੀ 30 ਰਾਗਾਂ ਵਿਚ ਹੈ। ਆਪ ਜੀ ਨੇ 6 ਵਾਰਾਂ, ਸੁਖਮਨੀ ਸਾਹਿਬ, ਬਾਰਹਾਮਾਹ, ਬਾਵਨ ਅੱਖਰੀ, ਗਾਥਾ, ਫੁਨਹੇ, ਸਲੋਕ ਸਹਸ ਕ੍ਰਿਤੀ ਬਾਣੀਆਂ ਲਿਖੀਆਂ। (ਸ਼ਬਦ = 1345, ਅਸਟਪਦੀਆਂ = 62, ਛੰਤ = 62)। ਭੱਟਾਂ ਨੇ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮ ਦਾਸ ਜੀ ਦੀ ਉਸਤਤ ਵਿਚ 20 ਸਵੱਈਏ ਰਚੇ। ਇਹ ਗੁਰੂ ਗਰੰਥ ਸਾਹਿਬ ਪੰਨਾਂ 1406 ’ਤੇ ਅੰਕਿਤ ਹਨ। ਇਤਨਾਂ ਵੱਡਾ ਕਾਰਜ ਕਰਨ ਤੋਂ ਬਾਅਦ ਵੀ ਆਪ ਜੀ ਨੇ ਆਪਣੇ ਆਪ ਨੂੰ ਨਿਮਾਣਾਂ ਦੱਸਦੇ ਹੋਏ ਅਕਾਲ ਪੁਰਖੁ ਦਾ ਧੰਨਵਾਦ ਕੀਤਾ ਅਤੇ ਗੁਰੂ ਗਰੰਥ ਸਾਹਿਬ ਦੇ ਅੰਤ ਵਿਚ ਇਹੀ ਅੰਕਿਤ ਕੀਤਾ: ‘‘ਸਲੋਕ ਮਹਲਾ ੫ ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥’’ (੧੪੨੯)

ਗੁਰੂ ਅਰਜਨ ਸਾਹਿਬ ਥਾਲ ਪਰੋਸ ਕੇ (ਗੁਰੂ ਗਰੰਥ ਸਾਹਿਬ) ਆਪਣੇ ਕੋਲ ਨਹੀਂ ਰੱਖਿਆ ਬਲਕਿ ਮਨੁੱਖਤਾ ਦੇ ਭਲੇ ਲਈ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਚ ਰੱਖ ਦਿੱਤਾ।

ਗੁਰੂ ਅਰਜਨ ਸਾਹਿਬ ਜੀ ਨੂੰ ਆਰੰਭ ਤੋਂ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਖੀ ਸਰਵਰਾਂ ਨੇ ਆਪ ਜੀ ਦਾ ਬਹੁਤ ਵਿਰੋਧ ਕੀਤਾ ਤੇ ਜਹਾਂਗੀਰ ਦੇ ਮਨ ਅੰਦਰ ਈਰਖਾ ਭਰਨ ਲਈ ਇਕ ਅਹਿਮ ਹਿੱਸਾ ਪਾਇਆ। ਪ੍ਰਿਥੀ ਚੰਦ, ਬੀਰਬਲ, ਸੁਲਹੀ ਖਾਨ ਦੇ ਵਿਰੋਧ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਸਾਂ ਦਾ ਸਾਹਮਣਾ ਕਰਨਾ ਪਿਆ। ਜਿਹੜੀਆਂ ਘਟਨਾਵਾਂ ਰਾਜਸੀ ਤਖਤ ਨਾਲ ਸਬੰਧਤ ਹੁੰਦੀਆਂ ਹਨ, ਉਨ੍ਹਾਂ ਦਾ ਕਾਰਨ ਛੁਪਾਇਆ ਜਾਂਦਾ ਹੈ। 17.10.1605 ਨੂੰ ਅਕਬਰ ਦੀ ਮੌਤ ਹੋ ਗਈ ਤੇ 30 ਮਈ 1606 ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਸੱਤ ਮਹੀਨਿਆਂ ਵਿਚ ਇਤਨਾਂ ਕੁਝ ਹੋਣ ਪਿਛੇ ਇਕ ਵੱਡੀ ਰਾਜਸੀ ਸਾਜ਼ਸ ਹੀ ਹੋ ਸਕਦੀ ਹੈ। ਬਾਬਰ, ਹਿਮਾਜ਼ੂੰ, ਅਕਬਰ ਨੂੰ ਕਿਸੇ ਗੁਰੂ ਸਾਹਿਬ ਨੇ ਤਿਲਕ ਨਹੀਂ ਲਗਾਇਆ ਤਾਂ ਗੁਰੂ ਅਰਜਨ ਸਾਹਿਬ ਖੁਸਰੋ ਨੂੰ ਕਿਸ ਤਰ੍ਹਾਂ ਤਿਲਕ ਲਗਾ ਸਕਦੇ ਸਨ। ਇਹ ਵੀ ਇਕ ਸਾਜ਼ਿਸ ਘੜੀ ਗਈ ਸੀ। ਰਕਤ ਬੀਜ ਨਹੀਂ ਬਣਨਾ ਚਾਹੀਦਾ ਹੈ। ਇਸ ਲਈ ਸਜ਼ਾ ਇਸ ਤਰ੍ਹਾਂ ਦਿੱਤੀ ਗਈ ਤਾਂ ਕਿ ਖੂਨ ਜ਼ਮੀਨ ’ਤੇ ਨਾ ਡੁਲੇ, ਰਕਤ ਬੀਜ਼ ਨਾ ਬਣੇ।

ਪਹਿਲੇ ਦਿਨ ਸਰੀਰ ਉੱਪਰ ਤੱਤੀ ਰੇਤ ਪਾਈ ਗਈ, ਜਿਸ ਨਾਲ ਸਰੀਰ ’ਤੇ ਛਾਲੇ ਪੈ ਗਏ। ਦੂਜੇ ਦਿਨ ਆਪ ਜੀ ਨੂੰ ਉਬਲਦੀ ਦੇਗ ਵਿਚ ਪਾਇਆ ਗਿਆ, ਜਿਸ ਨਾਲ ਆਪ ਜੀ ਦਾ ਮਾਸ ਉੱਖੜ ਗਿਆ। ਤੀਸਰੇ ਦਿਨ ਆਪ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ। ਇਤਨੇ ਤਸੀਹੇ ਝੱਲ ਕੇ ਸ਼ਹੀਦੀ ਪਾਉਣ ਦੀ ਵਾਕਿਆਤ ਦੁਨੀਆਂ ਦੇ ਇਤਿਹਾਸ ਵਿਚ ਇਕ ਮਹਾਨ ਕੁਰਬਾਨੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਕਦੇ ਕਿਸੇ ’ਤੇ ਤੱਤੀ ਰੇਤ ਨਹੀਂ ਪਾਈ ਗਈ ਹੈ। ਗੁਰੂ ਅਰਜਨ ਸਾਹਿਬ ਜੀ ਅਜੇਹੇ ਮਹਾਨ ਸ਼ਹੀਦ ਸਨ, ਜਿਨ੍ਹਾਂ ਦਾ ਖ਼ੂਨ ਜ਼ਮੀਨ ’ਤੇ ਨਹੀਂ ਡੁਲਿਆ। ਗੁਰੂ ਅਰਜਨ ਸਾਹਿਬ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ।

‘‘ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹਿ ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥’’ (੧੩੮੪)

ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਸਬਰ ਨਾਲ ਸਹਾਰਨ ਦੀ ਸਿਖਿਆ ਦੇਣ ਲਈ, ਉਨ੍ਹਾਂ ਦੇ ਸ਼ਹੀਦੀ ਪੁਰਬ ’ਤੇ ਠੰਡਾ ਜਲ ਸਭ ਨੂੰ ਪਿਲਾਇਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਬਚਪਨ ਵਿਚ ਗੁਰੂ ਅਮਰਦਾਸ ਜੀ ਦਾ ਦਰਵਾਜ਼ਾ ਸਿਰ ਨਾਲ ਖੋਲਿਆ ਸੀ। ਸਮਾਂ ਆਉਣ ’ਤੇ ਧਰਮ ਦਾ ਦਰਵਾਜ਼ਾ, ਆਪ ਜੀ ਨੇ ਧਰਮ ਦੀ ਖਾਤਰ ਸ਼ਹੀਦੀ ਪ੍ਰਾਪਤ ਕਰਕੇ ਖੋਲਿਆ।

ਗੁਰੂ ਅਰਜਨ ਸਾਹਿਬ ਜੀ ਨੂੰ ਆਉਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਪਤਾ ਸੀ। ਇਸ ਲਈ ਸ਼ਹੀਦੀ ਲਈ ਚੱਲਣ ਤੋਂ ਪਹਿਲਾਂ ਹੀ ਆਪ ਜੀ ਨੇ 25 ਮਈ 1606 ਨੂੰ ਆਪਣੇ ਹੋਣਹਾਰ, ਮਹਾਬਲੀ ਸਪੁੱਤਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ।

ਕਲਮ ਨਾਲ ਬਾਣੀ ਲਿਖੀ ਜਾ ਸਕਦੀ ਹੈ। ਕਿਸੇ ਦੀ ਝੂਠੀ ਪ੍ਰਸੰਸਾ ਨਹੀਂ। ਇਹੀ ਕਾਰਨ ਹੈ ਕਿ ਉਸ ਸਮੇਂ ਦੇ ਕਵੀਆਂ ਕਾਨ੍ਹਾ, ਛੱਜੂ, ਪੀਲੋ ਅਤੇ ਸ਼ਾਹ ਹੁਸੈਨ ਦੀ ਰਚਨਾ ਗੁਰੂ ਗਰੰਥ ਸਾਹਿਬ ਵਿਚ ਸ਼ਾਮਿਲ ਕਰਨੀ ਪ੍ਰਵਾਨ ਨਹੀਂ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਸਵੀਕਾਰ ਕੀਤੀ ਪਰੰਤੂ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।

ਪ੍ਰਿਥੀ ਚੰਦ ਨੇ ਗੁਰੂ ਘਰ ਲਈ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕੀਤੀਆਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬੜੀ ਸਹਿਣਸ਼ੀਲਤਾ ਨਾਲ ਸਹਾਰਿਆ। ਪ੍ਰਿਥੀ ਚੰਦ ਨੇ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਜਾਨੋਂ ਮਾਰਨ ਲਈ ਕਈ ਯਤਨ ਕੀਤੇ। ਦਾਈ ਦੇ ਥਣਾਂ ਰਾਹੀਂ ਜ਼ਹਿਰ, ਸਪੇਰੇ ਰਾਹੀਂ ਜ਼ਹਿਰੀਲਾ ਸੱਪ ਛੱਡ ਦੇਣਾ, ਖਿਡਾਵੇ ਰਾਹੀਂ ਦਹੀਂ ਵਿੱਚ ਜ਼ਹਿਰ ਪਾ ਕੇ ਖਵਾਣ ਦੀ ਕੋਸ਼ਿਸ਼, ਆਦਿ। ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਉੱਤੇ ਦੁਸ਼ਟਾਂ ਦੀਆਂ ਮੰਦੀਆਂ ਕਰਤੂਤਾਂ ਦਾ ਬਿਲਕੁਲ ਰੱਤਾ ਭਰ ਭੀ ਮਾੜਾ ਅਸਰ ਨਹੀਂ ਹੋਇਆ। ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ। ਗੁਰੂ ਦੇ ਪਰਤਾਪ ਨਾਲ ਉਹ ਚੰਦਰਾ ਬ੍ਰਾਹਮਣ ਪੇਟ ਵਿਚ ਸੂਲ ਉੱਠਣ ਨਾਲ ਮਰ ਗਿਆ। ਇਤਨੇ ਵਾਰ ਹੋਣ ਦੇ ਬਾਵਜੂਦ ਗੁਰੂ ਅਰਜਨ ਸਾਹਿਬ ਨੇ ਪ੍ਰਿਥੀ ਚੰਦ ਨੂੰ ਕੋਈ ਰੋਸ ਜਾਂ ਗਿਲਾ ਨਾ ਭੇਜਿਆ। ਸਗੋਂ ਅਕਾਲ ਪੁਰਖੁ ਦਾ ਸ਼ੁਕਰਾਨਾ ਕੀਤਾ: ‘‘ਭੈਰਉ ਮਹਲਾ ੫ ॥ ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥’’ (੧੧੩੭)

ਬੀਰਬਲ ਨੇ ਗੁਰੂ ਘਰ ਦੇ ਵਿਰੁਧ ਅਕਬਰ ਦੇ ਮਨ ਵਿੱਚ ਜ਼ਹਿਰ ਭਰਨ ਲਈ ਕਈ ਵਾਰ ਯਤਨ ਕੀਤੇ ਪਰ ਉਹ ਸਫ਼ਲ ਨਾ ਹੋ ਸਕਿਆ। ਕਿਉਂਕਿ ਅਕਬਰ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਦੇ ਕਾਰਜਾਂ ਨੂੰ ਵੇਖ ਕੇ ਸਿੱਖ-ਮੱਤ ਤੋਂ ਬਹੁਤ ਪ੍ਰਭਾਵਿਤ ਹੋ ਚੁੱਕਾ ਸੀ।

ਸੁਲਹੀ ਖ਼ਾਨ ਗੁਰੂ ਸਾਹਿਬ ਉੱਪਰ ਚੜ੍ਹਾਈ ਕਰਨ ਦੇ ਇਰਾਦੇ ਨਾਲ ਆਇਆ ਪਰ ਘੋੜੇ ਸਮੇਤ ਬਲਦੇ ਭੱਠੇ ਵਿੱਚ ਸੜ ਕੇ ਸਵਾਹ ਹੋ ਗਿਆ। ਅਕਾਲ ਪੁਰਖੁ ਦਾ ਧੰਨਵਾਦ ਕਰਦੇ ਹੋਏ ਆਪ ਜੀ ਨੇ ਇਹ ਸਬਦ ਉਚਾਰਨ ਕੀਤਾ ‘‘ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥’’ (੮੨੫)

ਜਿੱਥੇ ਗੁਰੂ ਸਾਹਿਬ ਕਲਮ ਦੇ ਧਨੀ ਸਨ ਉਸ ਦੇ ਨਾਲ ਨਾਲ ਤੇਗ ਦੇ ਵੀ ਧਨੀ ਸਨ। ਗੁਰੂ ਅਰਜਨ ਸਾਹਿਬ ਨੇ ਆਪਣੇ ਅਨੰਦ ਕਾਰਜ ਦੇ ਸਮੇਂ ਜੰਡ ਦਾ ਬੂਟਾ ਉਖੇੜਿਆ। ਇਹ ਘਟਨਾ ਇਹੀ ਦੱਸਦੀ ਹੈ ਕਿ ਕ੍ਰਿਪਾਨ ਤੇ ਹੋਰ ਸ਼ਸਤਰਾਂ ਦੀ ਸਿਖਲਾਈ ਆਰੰਭ ਹੋ ਚੁੱਕੀ ਸੀ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥’’ (੧੪੧੨)

ਆਪ ਜੀ ਨੂੰ ਆਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਦਾ ਅੰਦਾਜ਼ਾ ਸੀ। ਇਸ ਲਈ ਸਿਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਕਾਬਲ ਤੇ ਉਸ ਤੋਂ ਵੀ ਪਰੇ ਬਲਖ-ਬੁਖਾਰੇ ਤੱਕ ਜਾਣ ਲਈ ਉਤਸ਼ਾਹਿਤ ਕੀਤਾ। ਆਰਥਿਕ ਸੁਧਾਰਾਂ ਦੇ ਨਾਲ ਨਾਲ ਸਿੱਖ ਚੰਗੇ ਘੋੜ ਸਵਾਰ ਵੀ ਬਣ ਗਏ। ਇਹ ਗੁਣ ਆਉਣ ਵਾਲੇ ਸਮੇਂ ਵਿੱਚ ਬਹੁਤ ਸਹਾਈ ਹੋਇਆ।

(1). ਆਪ ਜੀ ਵਿਚ ਉਹ ਸੱਭ ਗੁਣ ਸਨ ਜੋ ਆਪ ਜੀ ਨੇ ਬ੍ਰਹਮ ਗਿਆਨੀ ਸੰਬੰਧੀ ਸੁਖਮਨੀ ਸਾਹਿਬ ਵਿਚ ਅੰਕਿਤ ਕੀਤੇ ਹਨ ਅਤੇ ਉਨ੍ਹਾਂ ’ਤੇ ਪੂਰੀ ਤਰ੍ਹਾਂ ਚਲ ਕੇ ਮਾਰਗ ਦਰਸ਼ਨ ਕੀਤਾ।

(2). ਜਿਸ ਤਰ੍ਹਾਂ ਬ੍ਰਹਮਗਿਆਨੀ ਵਿਕਾਰਾਂ ਵਲੋਂ ਸਦਾ-ਬੇਦਾਗ਼ ਰਹਿੰਦੇ ਹਨ। ਠੀਕ ਉਸੇ ਤਰ੍ਹਾਂ ਆਪ ਜੀ ਨੇ ਇਤਨੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਵਿਕਾਰ ਰਹਿਤ ਜੀਵਨ ਬਤੀਤ ਕੀਤਾ।

(3). ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਜਾਨੋਂ ਮਾਰਨ ਲਈ ਕਈ ਯਤਨ ਕੀਤੇ ਪਰ ਆਪ ਜੀ ਨੇ ਖੁਦ ਬ੍ਰਹਮਗਿਆਨੀਆਂ ਦੀ ਤਰ੍ਹਾਂ ਕੋਈ ਪਾਪ ਨਹੀਂ ਕੀਤਾ।

(4). ਕਾਲ ਪੀੜਤਾਂ, ਰੋਗੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਜੀ ਦਾ ਵਤੀਰਾ ਬ੍ਰਹਮਗਿਆਨੀ ਦੀ ਤਰ੍ਹਾਂ ਸਭ ਨਾਲ ਇਕੋ ਜਿਹਾ ਰਿਹਾ। ਕਿਸੇ ਤਰ੍ਹਾਂ ਦਾ ਅਮੀਰ ਗਰੀਬ ਵਾਲਾ ਵਿਤਕਰਾ ਨਹੀਂ ਕੀਤਾ।

(5). ਆਪ ਜੀ ਉੱਪਰ ਕਈ ਤਰ੍ਹਾਂ ਦੇ ਆਰਥਕ, ਪਰਿਵਾਰਕ, ਸਮਾਜਕ ਤੇ ਰਾਜਨੀਤਕ ਹਮਲੇ ਹੋਏ ਪਰੰਤੂ ਇਕ ਬ੍ਰਹਮਗਿਆਨੀ ਵਾਂਗੂ ਆਪਣਾ ਹੌਸਲਾ ਕਾਇਮ ਰੱਖਿਆ।

(6). ਜਿਸ ਤਰ੍ਹਾਂ ਧਰਤੀ ਨੂੰ ਕੋਈ ਤਾਂ ਖੋਦਦਾ ਹੈ ਤੇ ਕੋਈ ਚੰਦਨ ਦਾ ਲੇਪਣ ਕਰਦਾ ਹੈ ਪਰ ਧਰਤੀ ਕੋਈ ਪਰਵਾਹ ਨਹੀਂ ਕਰਦੀ। ਠੀਕ ਉਸੇ ਤਰ੍ਹਾਂ ਭਾਵੇਂ ਆਪ ਜੀ ਦੇ ਸੀਸ ’ਤੇ ਤੱਤੀ ਰੇਤ ਪਾਈ ਗਈ, ਦੇਗ ਵਿੱਚ ਉਬਾਲਿਆ ਗਿਆ, ਤੱਤੀ ਤਵੀ ’ਤੇ ਬਿਠਾਇਆ ਗਿਆ ਪਰ ਆਪ ਜੀ ਅਡੋਲ ਰਹੇ ਤੇ ਕਿਸੇ ਤਰ੍ਹਾਂ ਦਾ ਕਰੋਧ ਮਨ ਵਿਚ ਨਹੀਂ ਕੀਤਾ। ਸ਼ਹੀਦੀ ਤਾਂ ਪਰਵਾਨ ਕਰ ਲਈ ਪਰੰਤੂ ਬ੍ਰਹਮਗਿਆਨੀ ਦੀ ਤਰ੍ਹਾਂ, ਧਰਮ ਦੇ ਅਸੂਲਾਂ ਨੂੰ ਆਂਚ ਨਹੀਂ ਆਣ ਦਿੱਤੀ: ‘‘ਅਸਟਪਦੀ ॥ ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥ ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥’’ (੨੭੨)

ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਜ਼ਦੀਕੀ ਸਿੱਖ ਸਨ। ਉਨ੍ਹਾਂ ਨੂੰ ਗੁਰੂ ਜੀ ਦੀ ਸ਼ਹੀਦੀ ਬਾਰੇ ਪੂਰੀ ਤੇ ਸਹੀ ਜਾਣਕਾਰੀ ਸੀ, ਪਰ ਉਹ ਗੁਰੂ ਜੀ ਦੀ ਸ਼ਹੀਦੀ ਬਾਰੇ ਕੇਵਲ ਇਕ ਪਉੜੀ ਵਿੱਚ ਰਹੱਸਮਈ ਢੰਗ ਨਾਲ ਹੀ ਜ਼ਿਕਰ ਕਰਦੇ ਹਨ। ਆਪ ਦਾ ਕਥਨ ਹੈ ਕਿ ਅੰਤ ਸਮੇਂ ਸਤਿਗੁਰਾਂ ਨੇ ਦੁਖ-ਕਲੇਸ਼ ਝੱਲੇ ਪਰ ਆਪ ਡੋਲੇ ਨਹੀਂ, ਸਗੋਂ ਅਕਾਲ ਪੁਰਖੁ ਨਾਲ ਅਭੇਦ ਜੁੜੇ ਰਹੇ।

‘‘ਰਹਿਦੇ ਗੁਰੁ ਦਰੀਆਉ ਵਿਚਿ, ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸਨੁ ਦੇਖਿ ਪਤੰਗ ਜਿਉ, ਜੋਤੀ ਅੰਦਰਿ ਜੋਤਿ ਸਮਾਣੀ॥ ਸਬਦ ਸੁਰਤਿ ਲਿਵ ਮਿਰਗ ਜਿਉ, ਸੁਖ ਸੰਪਟ ਵਿਚਿ ਰੈਣਿ ਵਿਹਾਣੀ॥ ਗੁਰੁ ਉਪਦੇਸੁ ਨ ਵਿਸਰੈ, ਬਾਬੀਹੇ ਜਿਉ ਆਖ ਵਖਾਣੀ॥ ਗੁਰਮੁਖਿ ਸੁਖਫਲੁ ਪਿਰਮ ਰਸੁ, ਸਹਜ ਸਮਾਧਿ ਸਾਧ ਸੰਗਿ ਜਾਣੀ॥ ਗੁਰ ਅਰਜਨ ਵਿਟਹੁ ਕੁਰਬਾਣੀ ॥੨੩॥’’ (੨੪-੨੩-੬)

ਕਲ੍ਹ ਕਵੀ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਦੀ ਸਿਫ਼ਤਿ ਉਚਾਰਦਾ ਹੈ ਕਿ ਆਪ ਜੀ ਨੇ ਬਚਪਨ ਤੋਂ ਹੀ ਗੁਰੂ ਦੀ ਮਤਿ ਦੁਆਰਾ ਬ੍ਰਹਮ ਨੂੰ ਪਛਾਣਿਆ: ‘‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ ਕਲ੍ਹ ਜੋੜਿ ਕਰ ਸੁਜਸੁ ਵਖਾਣਿਓ ॥’’ (੧੪੦੭)

ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਜਪਿਆ ਹੈ ਭਾਵ ਗੁਰੂ ਦੀ ਮੱਤ ਦੁਆਰਾ ਆਪਣਾ ਜੀਵਨ ਢਾਲ ਲਿਆ, ਉਹ ਦੁਬਾਰਾ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ: ‘‘ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥’’ (੧੪੦੯)

ਅੱਜ ਤੱਕ ਕੋਈ ਵੀ ਸੱਚਾ ਸਿੱਖ ਕੋਹੜੀ ਨਹੀਂ ਦਿਖਾਈ ਦਿੱਤਾ ਹੈ। ਉਸ ਦਾ ਕਾਰਨ ਇਹ ਹੈ ਕਿ ਗੁਰੂ ਗਰੰਥ ਸਾਹਿਬ ਦੀ ਸਿਖਿਆਂ ਨਾਲ ਉਸ ਦੇ ਅੰਦਰਲੇ ਪੰਜ ਵੈਰੀ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੇ ਬਾਹਰਲੇ ਪੰਜੇ ਵੈਰੀ (ਕਾਮੀ ਪੁਰਸ਼, ਕ੍ਰੋਧੀ, ਲੋਭੀ, ਮੋਹ ਵਾਲਾ, ਹੰਕਾਰੀ) ਕੁਝ ਵਿਗਾੜ ਨਹੀਂ ਸਕਦੇ ਹਨ।

ਇਸ ਲਈ ਆਉ, ਅੱਜ ਤੋਂ ਅਸੀਂ ਗੁਰੂ ਗਰੰਥ ਸਾਹਿਬ ਨੂੰ ਸਿਖਿਆ ਦਾ ਆਧਾਰ ਮੰਨ ਕੇ ਆਪਣਾ ਤੇ ਹੋਰ ਸਭਨਾ ਦਾ ਭਲਾ ਕਮਾਈਏ।

‘‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ, ਜਹਾ ਖਿਮਾ ਤਹ ਆਪਿ ॥੧੫੫॥’’ (੧੩੭੨)

ਸਾਡੇ ਗੁਰਪੁਰਬ ਮਨਾਏ ਜਾਣੇ ਤਾਂ ਹੀ ਸਫਲ ਹਨ ਜੇ ਕਰ ਅਸੀਂ ਰੋਜਾਨਾਂ, ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ ਤੇ ਗੁਰਬਾਣੀ ਰਾਹੀਂ ਦੱਸੇ ਹੋਏ ਮਾਰਗ ’ਤੇ ਚੱਲ ਕੇ ਉਸ ਅਕਾਲੁ ਪੁਰਖੁ ਦੇ ਹੁਕਮੁ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ।

‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।’