ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ, ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ

0
264

ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ, ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ

ਐਸੇ ਜਥੇਦਾਰਾਂ ਵੱਲੋਂ ਬਣਾਈ ਇਕ ਪਾਸੜ ਕਮੇਟੀ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ -: ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 12 ਮਾਰਚ (ਕਿਰਪਾਲ ਸਿੰਘ): ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ। ਇਹ ਸ਼ਬਦ ਗੁਰਮਤ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਮੁੱਖ ਸੇਵਾਦਾਰਾਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦਾ ਹੱਲ ਲੱਭਣ ਲਈ ਬਣਾਈ ਗਈ ਕਮੇਟੀ ਸਬੰਧੀ ਆਪਣੇ ਵੀਚਾਰ ਪ੍ਰਗਟ ਕਰਦੇ ਹੋਏ ਕਹੇ।

ਉਨ੍ਹਾਂ ਕਿਹਾ ਇਕਬਾਲ ਸਿੰਘ ਦੀ ਪਤਨੀ ਨੇ ਉਸ ’ਤੇ ਐਸੇ ਗੰਭੀਰ ਦੋਸ਼ ਲਾਏ ਹਨ ਜਿਨ੍ਹਾਂ ਨਾਲ ਦੋਸ਼ੀ ਸਿੱਖ ਪਤਿਤ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ ਭਾਵ ਉਹ ਸਿੱਖੀ ਵਿੱਚੋਂ ਖਾਰਜ ਮੰਨਿਆਂ ਜਾਂਦਾ ਹੈ। ਅਜੇਹਾ ਪਤਿਤ ਸਿੱਖ ਜੇ ਮੁੜ ਸਿੱਖੀ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਸ ਨੂੰ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਆਪਣਾ ਦੋਸ਼ ਕਬੂਲ ਕਰਕੇ ਤਨਖਾਹ ਲਵਾਉਣੀ ਪੈਂਦੀ ਤੇ ਮੁੜ ਖੰਡੇ ਬਾਟੇ ਦੀ ਪਾਹੁਲ ਛਕ ਕੇ ਸਿੱਖੀ ਵਿੱਚ ਸ਼ਾਮਲ ਹੋ ਸਕਦਾ ਹੈ। ਕਈ ਵਿਅਕਤੀਆਂ ਨੇ ਇਕਬਾਲ ਸਿੰਘ ’ਤੇ ਗਬਨ ਕਰਨ ਦੇ ਦੋਸ਼ ਵੀ ਲਾਏ ਹਨ। ਇਸ ਤੋਂ ਇਲਾਵਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਝਗੜਾ ਕਰਕੇ ਆਪਣੀ ਪੱਗ ਲਹਾਉਣ ਅਤੇ ਹੋਰਨਾਂ ਸਿੱਖਾਂ ਦੀਆਂ ਦਸਤਾਰਾਂ ਉਤਾਰਨ ਦਾ ਦੋਸ਼ੀ ਹੈ। ਸਿੱਖਾਂ ਦੇ ਇਸ ਆਪਸੀ ਝਗੜੇ ਨੂੰ ਆਪਸ ਵਿੱਚ ਮਿਲ ਬੈਠ ਕੇ ਗੁਰਮਤ ਅਨੁਸਾਰ ਨਜਿਠਣ ਦੀ ਬਜਾਏ ਝਗੜੇ ਨੂੰ ਠਾਣੇ ਕਚਹਿਰੀਆਂ ਵਿੱਚ ਲਿਜਾ ਕੇ ਇਸ ਨੇ ਤਖ਼ਤ ਸਾਹਿਬ ਦੇ ਅਹੁਦੇ ਦੀ ਮਾਣ ਮਰਯਾਦਾ ਨੂੰ ਠੇਸ ਪਹੁੰਚਾਈ ਹੈ। ਅਕਾਲ ਤਖ਼ਤ ਦੀ ਸਿਫਾਰਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਪੜਤਾਲੀਆ ਕਮੇਟੀ ਨੇ ਮੌਕੇ ’ਤੇ ਜਾ ਕੇ ਇਸ ਅਖੌਤੀ ਜਥੇਦਾਰ ਅਤੇ ਹਾਜਰ ਸਿੱਖਾਂ ਤੋਂ ਪੁੱਛ ਪੜਤਾਲ ਕਰਕੇ ਜੋ ਰੀਪੋਰਟ ਤਿਆਰ ਕੀਤੀ ਸੀ ਉਸ ਵਿੱਚ ਇਕਬਾਲ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ। ਇਸ ਘਟਨਾ ਪਿੱਛੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪਿਛਲੀ ਪ੍ਰਬੰਧਕੀ ਕਮੇਟੀ ਨੇ ਆਪਹੁਦਰੀਆਂ ਕਰਨ ਵਾਲੇ ਅਤੇ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਢਾਹ ਲਾਉਣ ਵਾਲੇ ਇਸ ਅਖੌਤੀ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਦੁੱਖ ਇਸ ਗੱਲ ਦਾ ਹੈ ਕਿ ਜਦੋਂ ਕੁਝ ਮੈਂਬਰਾਂ ਦੀ ਖ੍ਰੀਦੋ ਫ਼ਰੋਖਤ ਕਰਕੇ ਅਵਤਾਰ ਸਿੰਘ ਮੱਕੜ ਪਟਨਾ ਕਮੇਟੀ ਦਾ ਪ੍ਰਧਾਨ ਬਣ ਗਿਆ, ਤਾਂ ਉਸ ਨੇ ਅਕਾਲ ਤਖ਼ਤ ਦੀ ਸਿਫਾਰਸ਼ ’ਤੇ ਆਪਣੇ ਵੱਲੋਂ ਹੀ ਨਿਯੁਕਤ ਪੜਤਾਲੀਆ ਕਮੇਟੀ ਦੀ ਰੀਪੋਰਟ ਨੂੰ ਛਿੱਕੇ ਟੰਗਦਿਆਂ, ਪਹਿਲੀ ਹੀ ਮੀਟਿੰਗ ਵਿੱਚ ਇਸ ਪਤਿਤ ਸਿੱਖ ਨੂੰ ਜਥੇਦਾਰੀ ਦੇ ਅਹੁੱਦੇ ’ਤੇ ਮੁੜ ਬਹਾਲ ਕਰ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਐਸੇ ਜਥੇਦਾਰਾਂ ਵੱਲੋਂ ਬਣਾਈ ਇਕ ਪਾਸੜ ਕਮੇਟੀ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਜੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ; ਪੰਥਕ ਏਕਤਾ ਦੇ ਹਾਮੀ ਹਨ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦ ਤੱਕ ਉਹ ਅਜੇਹੇ ਜਥੇਦਾਰਾਂ; ਜਿਹੜੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਮੰਨਣ ਤੋਂ ਇਨਕਾਰੀ ਹੋਣ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਥਾਲੀਆਂ ’ਚ ਦੀਵੇ ਰੱਖ ਕੇ ਹਿੰਦੂ ਪੁਜਾਰੀਆਂ ਵਾਂਗ ਆਰਤੀ ਉਤਾਰਦੇ ਹੋਣ, ਮੱਥਿਆਂ ’ਤੇ ਤਿਲਕ ਲਗਾਉਂਦੇ ਹੋਣ, ਬਕਰਿਆਂ ਦੀਆਂ ਬਲੀਆਂ ਦਿੰਦੇ ਹੋਣ, ਭੰਗ ਨੂੰ ਸ਼ਹੀਦੀ ਦੇਗ ਕਹਿ ਕੇ ਛਕਦੇ ਅਤੇ ਸੰਗਤ ਨੂੰ ਛਕਾਉਂਦੇ ਹੋਣ, ਸੰਪਟ ਲਾ ਕੇ ਆਪਣੇ ਆਪ ਨੂੰ ਗੁਰੂ ਤੋਂ ਵੀ ਸਿਆਣਾ ਸਿੱਧ ਕਰਨ ਦੇ ਨਿਰਅਰਥਕ ਯਤਨ ਕਰਨ ਤੋਂ ਇਲਾਵਾ ਅਨੇਕਾਂ ਹੋਰ ਮਨਮਤਾਂ ਕਰਦੇ ਹੋਣ; ਉਨ੍ਹਾਂ ਨੂੰ ਪੰਥ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਖਤਮ ਕਰਨ ਲਈ ਪੰਜਾਂ ਦੀ ਮੀਟਿੰਗਾਂ ਵਿੱਚ ਸ਼ਾਮਲ ਕਰਦੇ ਰਹਿਣਗੇ; ਉਨ੍ਹਾਂ ਚਿਰ ਬਿਕ੍ਰਮੀ ਕੈਲੰਡਰ ਦੇ ਹਾਮੀਆਂ ਦੀ ਇੱਕ ਪਾਸੜ ਬਣਾਈ ਅਜੇਹੀ ਕਮੇਟੀ ਕਦੀ ਵੀ ਪੰਥਕ ਏਕਤਾ ਲਈ ਕੋਈ ਕਦਮ ਨਹੀਂ ਪੁੱਟ ਸਕਦੀ, ਬਲਕਿ ਹੋਰ ਵਿਵਾਦ ਪੈਦਾ ਕਰੇਗੀ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਕਿ ਜਿਹੜੇ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਉਹ ਕਦੀ ਵੀ ਨਾਨਕਸ਼ਾਹੀ ਕੈਲੰਡਰ ਦੇ ਮਸਲੇ ’ਤੇ ਸਮੁੱਚੇ ਪੰਥ ਦੀ ਭਾਵਨਾ ਅਨੁਸਾਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਸਹਿਮਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਦੋ ਤਖ਼ਤਾਂ ਅਤੇ ਡੇਰੇਦਾਰਾਂ ਦੇ ਡੇਰਿਆਂ ’ਤੇ ਲਾਗੂ ਰਹਿਤ ਮਰਯਾਦਾ ਵਿੱਚ ਗੁਰਮਤਿ ਘੱਟ ਅਤੇ ਬਿਪ੍ਰਵਾਦ ਵੱਧ ਹੁੰਦਾ ਹੈ ਉਸੇ ਤਰ੍ਹਾਂ ਇਹ ਚਾਹੁੰਦੇ ਹਨ ਕਿ ਬਿਪ੍ਰਵਾਦੀ ਸੋਚ ਅਨੁਸਾਰ ਸਿੱਖਾਂ ਨੂੰ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦਾ ਸ਼੍ਰਧਾਲੂ ਬਣਾ ਕੇ ਸਿੱਖਾਂ ਦੇ ਨਿਆਰੇਪਨ ’ਤੇ ਪ੍ਰਸ਼ਨ ਲੱਗਿਆ ਰਹੇ ਤਾਂ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਕਰਵਾ ਕੇ ਸਿੱਖ ਵੱਖਰੀ ਕੌਮ ਦੀ ਕੀਤੀ ਜਾ ਰਹੀ ਮੰਗ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ। ਇਸ ਲਈ ਜਥੇਦਾਰ ਅਕਾਲ ਤਖ਼ਤ ਨੂੰ ਚਾਹੀਦਾ ਹੈ ਕਿ ਪੰਥ ਵਿੱਚ ਸਿਧਾਂਤਕ ਏਕਤਾ ਲਈ ਅਤੇ ਸਿੱਖ ਪੰਥ ਦੇ ਨਿਆਰੇਪਨ ਦੀ ਹੋਂਦ ਬਚਾਉਣ ਲਈ ਪਹਿਲਾਂ ਉਹ ਪੰਜਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਤਖ਼ਤਾਂ ’ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਸੁਝਾਉ ਦਿੱਤਾ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਦਾ ਸਹੀ ਹੱਲ ਇਹ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਫੌਰੀ ਤੌਰ ’ਤੇ ਬਹਾਲ ਕੀਤਾ ਜਾਵੇ ਕਿਉਂਕਿ ਇਸ ਦੇ ਲਾਗੂ ਹੋਣ ਸਮੇਂ ਸਾਰੀਆਂ ਪੰਥਕ ਅਤੇ ਸੰਵਿਧਾਨਕ ਮਰਯਾਦਾਵਾਂ/ਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ ਸਨ। ਜੇ ਇਸ ਵਿੱਚ ਕਿਸੇ ਧਿਰ ਵੱਲੋਂ ਸੋਧ ਦੀ ਮੰਗ ਕੀਤੀ ਜਾਂਦੀ ਹੈ ਉਸ ਦੇ ਸੁਝਾਵਾਂ ਸਬੰਧੀ ਵੀਚਾਰ ਕਰਨ ਲਈ ਕੇਵਲ ਬਿਕ੍ਰਮੀ ਕੈਲੰਡਰ ਦੇ ਹਾਮੀ ਡੇਰੇਦਾਰਾਂ ਦੀ ਨਹੀਂ ਬਲਕਿ ਦੋਵਾਂ ਧਿਰਾਂ ਦੇ ਬਰਾਬਰ ਦੀ ਗਿਣਤੀ ਵਿੱਚ ਕੈਲੰਡਰ ਦੇ ਮਾਹਰ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਜਾਵੇ ਜਿਨ੍ਹਾਂ ਦੀਆਂ ਮੀਟਿੰਗਾਂ ਸਾਬਕਾ ਜਸਟਿਸ ਕੁਲਦੀਪ ਸਿੰਘ ਵਰਗੀ ਦਿਆਨਤਦਾਰ ਸੋਚ ਵਾਲੀ ਅਤੇ ਸਿੱਖ ਮਸਲਿਆਂ ਨਾਲ ਲਗਾਉ ਰੱਖਣ ਵਾਲੀ ਸਖ਼ਸ਼ੀਅਤ ਦੀ ਦੇਖ ਰੇਖ ਹੇਠ ਹੋਣ।

ਕਮੇਟੀ ਵੀਚਾਰ ਸਿਰਫ ਉਨ੍ਹਾਂ ਸੁਝਾਵਾਂ ’ਤੇ ਹੀ ਕਰੇ ਜਿਹੜੇ ਸਿੱਖ ਰਹਿਤ ਮਰਯਾਦਾ ਮੰਨਣ ਵਾਲੀਆਂ ਧਿਰਾਂ ਵੱਲੋਂ ਆਉਣ। ਜਦ ਤੱਕ ਇਹ ਕਮੇਟੀ ਗੁਰਬਾਣੀ, ਸਿੱਖ ਇਤਿਹਾਸ, ਅਤੇ ਕੈਲੰਡਰ ਵਿਗਿਆਨ ’ਤੇ ਪੂਰੀਆਂ ਉਤਰਨ ਵਾਲੀਆਂ ਸੋਧਾਂ ਸਰਬ ਸੰਮਤੀ ਜਾਂ ਦੋ ਤਿਹਾਈ ਬਹੁਸੰਮਤੀ ਨਾਲ ਪ੍ਰਵਾਨ ਨਹੀਂ ਕਰਦੀ ਉਨਾਂ ਚਿਰ 2003 ਵਾਲਾ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹਿਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖਿਆ ਜਾਵੇ ਕਿ ਸੋਧ ਨਾਨਕਸ਼ਾਹੀ ਕੈਲੰਡਰ ਨੂੰ ਮੁੱਖ ਰੱਖ ਕੇ ਹੀ ਹੋਣੀ ਚਾਹੀਦੀ ਹੈ ਨਾ ਕਿ ਇਸ ਨੂੰ ਮੁੱਢੋਂ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਲਈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਉਪ੍ਰੋਕਤ ਢੰਗ ਤਰੀਕਾ ਅਪਨਾਉਣ ਤੋਂ ਬਿਨਾ ਬਣਾਈ ਗਈ ਇੱਕ ਪਾਸੜ ਸੋਚ ਵਾਲੀ ਕਮੇਟੀ ਤੋਂ ਕੋਈ ਆਸ ਨਹੀਂ ਹੈ ਕਿ ਇਹ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੋਈ ਫੈਸਲਾ ਲਵੇ, ਇਸ ਲਈ ਇਸ ਕਮੇਟੀ ਨੂੰ ਗੁਰਮਤਿ ਸੇਵਾ ਲਹਿਰ ਸੰਸਥਾ ਅਤੇ ਹੋਰ ਜਾਗਰੂਕ ਧਿਰਾਂ ਵੱਲੋਂ ਅਸੀਂ ਪੂਰਨ ਤੌਰ ’ਤੇ ਰੱਦ ਕਰਦੇ ਹਾਂ।