ਜੂਝਾਰੂ ਬਿਰਤੀ ਦੇ ਧਨੀ:-ਸਾਹਿਬਜ਼ਾਦਾ ਜੁਝਾਰ ਸਿੰਘ

0
1100

(ਸਾਕਾ ਚਮਕੌਰ ਸਾਹਿਬ ’ਤੇ)         

ਜੂਝਾਰੂ ਬਿਰਤੀ ਦੇ ਧਨੀ:-ਸਾਹਿਬਜ਼ਾਦਾ ਜੁਝਾਰ ਸਿੰਘ 

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਸਿੱਖ ਇਤਿਹਾਸ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਸੰਤ-ਸਿਪਾਹੀ ਦੇ ਲ਼ਕਬ ਨਾਲ ਨਿਵਾਜ਼ਦਾ ਹੈ ਉੱਥੇ ਪੁੱਤਰਾਂ ਦਾ ਦਾਨੀ ਕਹਿ ਕੇ ਵੀ ਅਥਾਹ ਮਾਣ-ਸਤਿਕਾਰ ਬਖ਼ਸ਼ਦਾ ਹੈ। ਉਨ੍ਹਾਂ ਦੇ ਇਸ (ਪੁੱਤਰ) ਦਾਨ ਦੀ ਗਵਾਹੀ ਸਿੱਖ ਇਤਿਹਾਸ ਦੇ ਦੋ ਖ਼ੂਨੀ ਸਾਕੇ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਰਹਿੰਦੀ ਦੁਨੀਆਂ ਤੱਕ ਭਰਦੇ ਰਹਿਣਗੇ। ਇਨ੍ਹਾਂ ਸਾਕਿਆਂ ਵਿਚੋਂ ਸਾਕਾ ਚਮਕੌਰ ਸਾਹਿਬ ਇੱਕ ਅਜਿਹਾ ਵਿਲੱਖਣ ਸਾਕਾ ਹੈ ਜਿਸ ਵਿੱਚ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਬੇਵਸਾਹੀ ਦਾ ਸ਼ਿਕਾਰ ਹੋਏ ਕਲਗੀਧਰ ਪਾਤਸ਼ਾਹ ਦੇ ਮੁੱਠੀ ਭਰ ਸਿੰਘਾਂ ਨੇ ਹਜ਼ਾਰਾਂ ਦੀ ਤਾਦਾਦ ਵਿਚਲੀਆਂ ਫੌਜਾਂ ਨੂੰ ‘ਲੋਹ ਦੇ ਚਨੇ’ ਚਬਾ ਕੇ ਸ਼ਾਹਦਤ ਦੇ ਜਾਮ ਪੀਤੇ ਸਨ। ਸ਼ਹਾਦਤ ਦੇ ਇਸ ਜਾਮ ਨੂੰ ਪੀਣ ਵਾਲੇ ਮਰਜੀਵੜਿਆਂ ਵਿੱਚ ਜਿੱਥੇ ਦਸਮ ਪਿਤਾ ਦੇ ਸਿਦਕੀ ਸਿੱਖਾਂ, ਤਿੰਨ ਪਿਆਰਿਆਂ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਨਾਮ ਵਰਨਣਯੋਗ ਹੈ, ਉੱਥੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਨਾਂਅ ਵੀ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।

ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਬਿਕ੍ਰਮੀ 1747 (21 ਚੇਤ 1690) ਨੂੰ ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰ ਕੌਰ (ਪਿਛਲਾ ਨਾਂ ਮਾਤਾ ਜੀਤੋ) ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਗੁਰੂ ਸਾਹਿਬ ਨੇ ਆਪਣੇ ਦੂਸਰੇ ਸਪੁੱਤਰ ਜੁਝਾਰ ਸਿੰਘ ਦੀ ਪਾਲਣ-ਪੋਸ਼ਣਾ ਵੀ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਵਾਂਗ ਹੀ ਪੂਰੀ ਤਨਦੇਹੀ ਅਤੇ ਯੋਗ ਅਗਵਾਈ ਨਾਲ ਕੀਤੀ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਜੁਝਾਰ ਸਿੰਘ ਨੂੰ ਵੀ ਜਿਸਮਾਨੀ ਕਰਤੱਬਾਂ, ਘੋੜ-ਸਵਾਰੀ, ਤੀਰਅੰਦਾਜ਼ੀ, ਨੇਜੇ-ਭਾਲੇ ਅਤੇ ਤਲਵਾਰਬਾਜ਼ੀ ਵਿਚ ਨਿਪੁੰਨ ਸੈਨਿਕ ਬਣਾਇਆ ਗਿਆ। ਗੁਰੂ ਪਿਤਾ ਵੱਲੋਂ ਆਪਣੇ ਇਸ ਪੁੱਤਰ ਨੂੰ ਫੌਜੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ। ਇਸ ਹਿੱਸੇਦਾਰੀ ਅਤੇ ਗੁਰੂ ਪਿਤਾ ਦੀ ਯੋਗ ਰਾਹਨੁਮਾਈ ਕਾਰਨ ਸਾਹਿਬਜ਼ਾਦਾ ਜੁੁਝਾਰ ਸਿੰਘ ਜੂਝਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦੇ ਸਨ।

ਇਸ ਜੂਝਣ ਵਾਲੀ ਬਿਰਤੀ ਕਾਰਨ ਹੀ ਚਮਕੌਰ ਸਾਹਿਬ ਦੇ ਮੈਦਾਨ-ਏ-ਜੰਗ ਵਿਚ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਾ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਜੁਝਾਰ ਸਿੰਘ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ ‘ਪਿਤਾ ਜੀ ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਗੁਰਸਿੱਖਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ। ਮੇਰੀ ਉਮਰ ਭਾਵੇਂ ਛੋਟੀ ਹੈ ਪਰ ਦੇਖਿਉ ਮੈਂ ਦੁਸ਼ਮਣਾਂ ਦੇ ਦੰਦ ਕਿਵੇਂ ਖੱਟੇ ਕਰਦਾ ਹਾਂ। ਪਿਤਾ ਜੀ  ! ਜਲਦੀ ਕਰੋ, ਮੈਂ ਵੀ ਆਪਣੇ ਵੱਡੇ ਵੀਰ ਕੋਲ ਜਾਣਾ ਹੈ।’ ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋ ਦਿਖਾਏ ਇਸ ਜੋਸ਼ ਅਤੇ ਉਤਸ਼ਾਹ ਨੂੰ ਕਵੀ ਸੈਨਾਪਤਿ ਇੰਝ ਬਿਆਨ ਕਰਦਾ ਹੈ: ‘ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁਚਿਓ ਆਨ। ਦੌਰਿਓ ਦਲ ਮੈਂ ਧਾਇ ਕੈ ਕਰ ਮੈਂ ਗਹੀ ਕਮਾਨ।’

ਸਾਹਿਬਜ਼ਾਦਾ ਜੁਝਾਰ ਸਿੰਘ ਦੇ ਯੁੱਧ-ਚਾਅ ਨੂੰ ਕਵੀ ਰਤਨ ਸਿੰਘ ਭੰਗੂ ਕੁੱਝ ਇਸ ਤਰ੍ਹਾਂ ਬਿਆਨ ਕਰਦਾ ਹੈ:- ‘ਐਸੇ ਰੌਰੇ ਜਬ ਊਹਾਂ ਭਯੋ। ਸਾਹਬ ਜੁਝਾਰ ਸਿੰਘ ਮਨ ਮੈਂ ਠਯੋ। ਅਬ ਜੀਵਨ ਕੋ ਕੁਛ ਧ੍ਰਮ ਨਾਹੀਂ। ਪੁਤ੍ਰ ਜੀਵੈ ਲੜ ਪਿਤਾ ਮਰਾਹੀ।’

ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਕੇ ਹਜ਼ੂਰ ਨੇ ਜੁਝਾਰ ਸਿੰਘ ਦੇ ਨਾਲ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ (ਦੋਵੇਂ ਪਿਆਰੇ) ਭਾਈ ਮੋਹਰ ਸਿੰਘ ਅਤੇ ਭਾਈ ਲਾਲ ਸਿੰਘ ਨੂੰ (ਜੱਥੇ ਦੇ ਰੂਪ ਵਿਚ) ਚਮਕੌਰ ਦੀ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਜਿਉਂ ਹੀ ਇਹ ਪੰਜ ਸ਼ੇਰ ਗੜ੍ਹੀ ਵਿਚੋਂ ਬਾਹਰ ਨੂੰ ਆਏ ਤਾਂ ਇਨ੍ਹਾਂ ਨੇ ਵੈਰੀ ਦੀ ਫੌਜ ’ਤੇ ਹੱਲਾ ਬੋਲ ਦਿੱਤਾ। ਇਧਰ ਜੂਝਾਰ ਸਿੰਘ ਆਪਣੇ ਸਾਥੀਆਂ ਸਮੇਤ ਜੂਝ ਰਿਹਾ ਸੀ ਉਧਰ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ’ਚੋਂ ਤੀਰਾਂ ਦੀ ਬੁਛਾੜ ਕਰ ਰਹੇ ਸਨ। ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਵੀ ਦੰਗ ਰਹਿ ਗਏ। ਸਵਾ ਲੱਖ ਨਾਲ ਏਕ ਲੜਾਊਂ ਵਾਲੀ ਨੀਤੀ/ਮੇਹਰ ਸਦਕਾ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ ਕਈ-ਕਈ ਮੁਗਲ ਸਿਪਾਹੀਆਂ ’ਤੇ ਭਾਰੀ ਪੈਂਦੇ ਹੋਏ ਅਖੀਰ 8 ਪੋਹ ਸੰਮਤ 1761 ਮੁਤਾਬਕ 22 ਦਸੰਬਰ 1704 ਈ. ਨੂੰ ਸ਼ਹੀਦੀਆਂ ਪਾ ਗਏ।