ਜਾਤ-ਪਾਤ ਵਰਣ-ਵੰਡ ਅਤੇ ਗੁਰਮਤਿ

0
1085

ਜਾਤ-ਪਾਤ ਵਰਣ-ਵੰਡ ਅਤੇ ਗੁਰਮਤਿ

ਅਵਤਾਰ ਸਿੰਘ ਮਿਸ਼ਨਰੀ (5104325827)

ਜਾਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਮਹਾਂਨ ਕੋਸ਼ ਅਨੁਸਾਰ ਅੱਖਰੀ ਅਰਥ ਇਸ ਪ੍ਰਕਾਰ ਹਨ-ਜਨਮ, ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ, ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ, ਕੁਲ, ਗੋਤ ਅਤੇ ਨਸਲ ਆਦਿਕ। ਇਸ ਨੂੰ ਮੁੱਖ ਤੌਰ ਤੇ ਦੋ ਹਿਸਿਆਂ ਵਿੱਚ ਵੰਡਿਆ ਗਿਆ ਹੈ ਉੱਚੀ ਜਾਤ ਤੇ ਨੀਵੀਂ ਜਾਤ। ਹਿੰਦੂਆਂ ਦੇ ਮੰਨੇ ਜਾਂਦੇ ਮਹਾਂ ਰਿਸ਼ੀ ਮੰਨੂ ਜੀ ਦੁਆਰਾ ਇਸ ਨੂੰ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼) ਅਤੇ ਹੋਰ ਕਈ ਉਪ ਜਾਤਾਂ ਵਿੱਚ ਵੰਡਿਆ ਗਿਆ ਮੰਨਿਆਂ ਜਾਂਦਾ ਹੈ। ਪਾਤ -ਫਿਰਕਾ, ਗੋਤ, ਖਾਨਦਾਨ, ਕੁਲ ਅਤੇ ਸ਼੍ਰੇਣੀ ਆਦਿਕ ਪਰ ਮੁੱਖ ਤੌਰ ਤੇ ਪਾਤ ਦਾ ਅਰਥ ਗੋਤ ਹੀ ਹੈ। ਭਾ. ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਜਾਤ – ਪਾਤ ਕਿਸੇ ਨਾ ਕਿਸੇ ਰੂਪ ਵਿੱਚ ਸਭ ਧਰਮਾਂ ਅਤੇ ਦੇਸਾਂ ਵਿੱਚ ਵੇਖੀ ਜਾਂਦੀ ਹੈ ਪਰ ਹਿੰਦੂਆਂ ਵਿੱਚ ਹੱਦੋਂ ਵੱਧ ਕੇ ਹੈ। ਜੋ ਨਫਰਤ ਹਿੰਦੂਆਂ ਵਿੱਚ ਉੱਚ ਜਾਤੀਆਂ ਵਲੋਂ ਨੀਵੀਆਂ ਜਾਤੀਆਂ ਨਾਲ ਕੀਤੀ ਜਾਂਦੀ ਹੈ ਉਹ ਹੋਰ ਕਿਸੇ ਧਰਮ-ਫਿਰਕੇ ਜਾਂ ਦੇਸ਼ ਵਿੱਚ ਨਹੀਂ ਜਿਵੇਂ ਸ਼ੂਦਰ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣਾ, ਇਕੱਠੇ ਬੈਠ ਕੇ ਨਾ ਖਾਣਾ ਅਤੇ ਧਰਮ ਕਰਮ ਵਿੱਚ ਸ਼ੂਦਰ ਨੂੰ ਧਾਰਮਿਕ ਆਗੂ ਨਾ ਮੰਨਣਾ, ਭਾਂਡੇ ਵੱਖਰੇ ਰੱਖਣੇ ਅਤੇ ਸ਼ੂਦਰ ਭਾਵ ਦਲਿਤਾਂ ਦੀਆਂ ਬਸਤੀਆਂ ਵੀ ਵੱਖਰੀਆਂ ਰੱਖਣੀਆਂ ਅਤੇ ਨੀਵੀਆਂ ਮੰਨੀਆਂ ਗਈਆਂ ਜਾਤੀਆਂ ਨਾਲ ਦਿਲੋਂ ਨਫਰਤ ਕਰਨੀ ਆਦਿਕ। ਵਰਣ-ਵੰਡ-ਵਰਨ ਵੀ ਸ਼ੰਸਕ੍ਰਿਤ ਦਾ ਹੀ ਸ਼ਬਦ ਹੈ ਜਿਸ ਦਾ ਅਰਥ ਹੈ ਭੇਦ-ਭਾਵ। ਬ੍ਰਾਹਮਣ ਨੇ ਮਨੁੱਖੀ ਸਮਾਜ ਨੂੰ ਅਜਿਹਾ ਵੰਡਿਆ ਜੋ ਅੱਜ ਤੱਕ ਜਾਤ ਬਰਾਦਰੀਆਂ ਦੇ ਨਾਂ ਤੇ ਆਪਸ ਵਿੱਚ ਲੜੀ ਮਰੀ ਜਾ ਰਿਹਾ ਹੈ ਅਤੇ ਨਫਰਤ ਦਾ ਸ਼ਿਕਾਰ ਹੋ ਮਨੁੱਖੀ ਏਕਤਾ ਨੂੰ ਪਾਟੋ ਧਾੜ ਕਰੀ ਜਾ ਰਿਹਾ ਹੈ। ਮੰਨੀ ਗਈ ਉੱਚੀ ਜਾਤ ਦਾ ਮਨੁੱਖ ਭਾਂਵੇ ਕਿੰਨਾਂ ਗੰਦਾ, ਲੁੱਚਾ-ਲੰਡਾ ਲੁਵਾਰ ਹੋਵੇ ਤਾਂ ਵੀ ਪੂਜਣਯੋਗ ਹੈ ਤੇ ਸ਼ੂਦਰ ਭਾਂਵੇ ਕਿੰਨਾ ਵਿਦਵਾਨ ਸਿਆਣਾ ਹੋਵੇ ਦੁਰਕਾਰਣਯੋਗ ਹੈ। ਪਰਾਸ਼ੁਰ ਸੰਹਿਤਾ ਦੇ ਅਠਵੇਂ ਅਧਿਆਇ ਅਨੁਸਾਰ ਤੁਲਸੀ ਜੀ ਲਿਖਦੇ ਹਨ ਕਿ- ਸੇਵੀਐ ਬਿਪ੍ਰ ਗਯਾਨ ਗੁਨ ਹੀਨਾ। ਸ਼ੂਦ੍ਰ ਨਾ ਸੇਵੀਐ ਗਯਾਨ ਪ੍ਰਬੀਨਾ।

ਸ਼ੂਦਰ ਦਾ ਤਾਂ ਪ੍ਰਛਾਵਾਂ ਲੈਣਾ ਹੀ ਨਹਿਸ਼ ਮੰਨਿਆਂ ਜਾਂਦਾ ਸੀ ਇਸ ਲਈ ਉਸ ਦੇ ਗਲ ਵਿੱਚ ਟੱਲ ਲਟਕਾਇਆ ਜਾਂਦਾ ਸੀ ਤਾਂ ਜੋ ਉਚ ਜਾਤੀ ਵਾਲੇ ਪਹਿਲਾਂ ਹੀ ਸਾਵਧਾਨ ਹੋ ਜਾਣ। ਸ਼ੂਦਰ ਧਰਮ ਵਿਦਿਆ ਦਾ ਅਧਿਕਾਰੀ ਨਹੀਂ ਸੀ ਜੇ ਕਿਤੇ ਵਿਦਿਆ ਪੜਦਾ ਤਾਂ ਜੀਭ ਕੱਟੀ ਜਾਂਦੀ, ਜੇ ਸੁਣਦਾ ਤਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ। ਬਾਲਮੀਕੀ ਰਮਾਇਣ ਅਨੁਸਾਰ ਕਹੇ ਜਾਂਦੇ ਰਾਮ ਭਗਵਾਨ ਨੇ ਬ੍ਰਾਹਮਣਾਂ ਦੀ ਇਹ ਸ਼ਿਕਾਇਤ ਕਰਨ ਤੇ ਕਿ ਐਡੀ ਵੱਡੀ ਹਨੇਰ ਗਰਦੀ ਤੇਰੇ ਰਾਜ ਵਿੱਚ ਕਿ ਸ਼ੂਦਰ ਵੀ ਰੱਬ ਦਾ ਨਾਮ ਜਪਣ ਲੱਗ ਪਏ ਹਨ ਤਾਂ ਗੁੱਸੇ ਵਿੱਚ ਆ ਕੇ ਇੱਕ ਸ਼ੂਦਰ ਸ਼ੰਬੂਕ ਨਾਮੀ ਭਗਤ ਨੂੰ ਰਾਮ (ਭਗਵਾਨ) ਨੇ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਜਾਤ-ਪਾਤ ਤੇ ਵਰਣ-ਵੰਡ ਦਾ ਭਰਵਾਂ ਖੰਡਨ ਭਾਵੇਂ ਭਗਤ ਰਵਿਦਾਸ ਅਤੇ ਭਗਤ ਕਬੀਰ ਜੀ ਵਰਗੇ ਕ੍ਰਾਂਤੀਕਾਰੀ ਭਗਤਾਂ ਅਤੇ ਸੂਫੀ ਫਕੀਰਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਬੜੀ ਤਨਦੇਹੀ ਨਾਲ ਕਰਦੇ ਹੋਏ ਕਿਹਾ ਕਿ-ਅਵਲਿ ਅਲਹ ਨੂਰ ਉਪਾਇਆ, ਕੁਦਰਤਿ ਕੇ ਸਭਿ ਬੰਦੇ॥ ਏਕੁ ਨੂਰ ਤੇ ਸਭਿ ਜਗ ਉਪਜਿਆ, ਕਉਣ ਭਲੇ ? ਕਉਣ ਮੰਦੇ ? ॥ (੧੩੪੯), ਜੌ ਤੂੰ ਬ੍ਰਾਹਮਣ, ਬ੍ਰਾਹਮਣੀ ਜਾਇਆ॥ ਤਉ ਆਨ ਬਾਟ, ਕਾਹੇ ਨਹੀ ਆਇਆ ?॥ ਤੁਮ ਕਤ ਬ੍ਰਾਹਮਣ ? ਹਮ ਕਤ ਸੂਦ ? ॥ ਹਮ ਕਤ ਲੋਹੂ ? ਤੁਮ ਕਤ ਦੂਧ ?॥ ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬ੍ਰਾਹਮਣ, ਕਹੀਅਤੁ ਹੈ ਹਮਾਰੈ ।। (੩੨੪) ਭਾਵ ਜੇ ਤੂੰ ਉਚ ਜਾਤੀ ਸੀ ਤਾਂ ਵੀ ਬ੍ਰਾਹਮਣੀ ਦੇ ਪੇਟ ਤੋਂ ਹੀ ਪੈਦਾ ਹੋਇਆ ਸੀ, ਜਿਸ ਰਸਤੇ ਔਰਤ ਹੋਰਨਾਂ ਨੂੰ ਜਨਮ ਦਿੰਦੀ ਹੈ ? ਤੇਰਾ ਪੈਦਾ ਹੋਣ ਦਾ ਰਸਤਾ ਵੀ ਹੋਰ ਹੋਣਾ ਚਾਹੀਦਾ ਸੀ। ਸਾਡੇ ਵਿੱਚ ਕਿਵੇਂ ਲਹੂ ਤੇ ਤੇਰੇ ਵਿੱਚ ਦੁੱਧ ਹੈ ? ਭਾਵ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਅੰਦਰ ਖੂਨ ਲਾਲ ਰੰਗ ਦਾ ਹੀ ਹੈ ਜੋ ਤੇਰੇ ਵਿੱਚ ਤੇ ਸਾਡੇ ਵਿੱਚ ਵੀ ਲਾਲ ਹੈ ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ ? ਸਾਡੇ ਵਿੱਚ ਤਾਂ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੀ ਬ੍ਰਾਹਮਣ ਮੰਨਿਆ ਜਾਂਦਾ ਹੈ। ਇਉਂ ਭਗਤਾਂ ਨੇ ਜਾਤ-ਪਾਤ ਵਿਰੁਧ ਪ੍ਰਚਾਰ ਕੀਤਾ ਪਰ ਬੋਲ ਬਾਲਾ ਬ੍ਰਾਹਮਣ ਦਾ ਹੋਣ ਕਰਕੇ ਅਤੇ ਬ੍ਰਾਹਮਣ ਮੁਗਲੀਆ ਹਕੂਮਤ ਦਾ ਝੋਲੀ ਚੁੱਕ ਹੋਣ ਕਰਕੇ ਵਕਤੀ ਹਕੂਮਤਾਂ ਦੇ ਕੰਨ ਇਨ੍ਹਾਂ ਕ੍ਰਾਂਤੀਕਾਰੀ ਭਗਤਾਂ ਵਿਰੁੱਧ ਵੀ ਭਰੇ ਕਿ ਇਹ ਲੋਕ ਹਕੂਮਤ ਲਈ ਖਤਰਾ ਹਨ ਇਨ੍ਹਾਂ ਦੀ ਬੁਲੰਦ ਅਵਾਜ਼ ਨੂੰ ਇੱਥੇ ਹੀ ਦਬਾ ਦਿੱਤਾ ਜਾਵੇ। ਇਵੇਂ ਹਕੂਮਤ ਕੋਲੋਂ ਸੱਚ ਦੇ ਮੁਤਲਾਸ਼ੀਆਂ ਨੂੰ ਤਸੀਹੇ ਵੀ ਦਵਾਏ। ਇਨ੍ਹਾਂ ਦੇ ਇਤਿਹਾਸ ਵਿੱਚ ਵੀ ਰਲਾ ਪਾ ਦਿੱਤਾ ਗਿਆ ਅਗਰ ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਭਗਤਾਂ ਦੀ ਰਚਨਾ ਨਾ ਸੰਭਾਲਦੇ ਤਾਂ ਉਹ ਵੀ ਇਨ੍ਹਾਂ ਜਾਤ ਅਭਿਮਾਨੀਆਂ ਨੇ ਅਲੋਪ ਕਰ ਦੇਣੀ ਸੀ ਜੋ ਬਾਬੇ ਨਾਨਕ ਨੇ ਪੋਥੀ ਸਾਹਿਬ ਵਿੱਚ ਸੰਭਾਲ ਲਈ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿਤੀ ਗਈ।

ਗੁਰੂ ਸਾਹਿਬਾਨਾਂ ਨੇ ਇਸ ਜ਼ਹਾਲਤ ਭਰੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਬੀੜਾ ਚੁਕਿਆ-ਬਾਬੇ ਨਾਨਕ ਨੇ ਜਾਤ ਪਾਤ ਤੇ ਕਰਾਰੀ ਚੋਟ ਮਾਰਦਿਆਂ ਹੋਇਆਂ ਆਪਣਾ ਰਬਾਬੀ ਸਾਥੀ ਵੀ ਇੱਕ ਕਹੀ ਜਾਂਦੀ ਨੀਵੀਂ ਜਾਤ ਮਰਾਸੀ ਵਿੱਚੋਂ ਚੁਣਦਿਆਂ ਕਿਹਾ ਕਿ- ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੇ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸੁ॥ (੧੫) ਜਾਤ-ਪਾਤ ਦਾ ਅਮਲਾਂ (ਕਰਮਾਂ) ਨਾਲ ਸਬੰਧ ਹੈ ਨਾ ਕਿ ਕਿਸੇ ਫਿਰਕੇ ਨਾਲ-ਜੇਹੇ ਕਰਮ ਕਮਾਏ ਤੇਹਾ ਹੋਇਸੀ॥ (੭੩੦) ਪੰਜਾਬੀ ਦੀ ਕਹਾਵਤ ਵੀ ਹੈ ਕਿ-“ਅਮਲਾਂ ਤੇ ਹੋਣਗੇ ਨਬੇੜੇ ਜਾਤ ਕਿਸੇ ਪੁਛਣੀ ਨਹੀਂ” ਗੁਰੂ ਸਾਹਿਬ ਤਾਂ ਇੱਕ ਪ੍ਰਮਾਤਮਾ ਨੂੰ ਹੀ ਸਭ ਦਾ ਪਿਤਾ ਮੰਨਦੇ ਹਨ-ਏਕੁ ਪਿਤਾ, ਏਕਸ ਕੇ ਹਮ ਬਾਰਿਕ ।। (੬੧੧) ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ ।। (੨੬੮) ਜੋ ਜਾਤ ਬਾਪ ਦੀ ਹੈ ਉਹ ਹੀ ਬੇਟੇ ਦੀ ਹੁੰਦੀ ਹੈ ਫਿਰ ਅੱਜ ਸਾਡੀਆਂ ਵੱਖਰੀਆਂ-ਵੱਖਰੀਆਂ ਜਾਤਾਂ ਕਿਉਂ ? ਕੀ ਸਾਡੇ ਪ੍ਰਮਾਤਮਾ ਵੀ ਵੱਖਰੇ-ਵੱਖਰੇ ਹਨ ? ਕੀ ਜਾਤਾਂ-ਪਾਤਾਂ ਨੂੰ ਮੰਨਣ ਵਾਲੇ ਪ੍ਰਮਾਤਮਾ ਦੀ ਜਾਤ ਦੱਸ ਸਕਦੇ ਹਨ ? ਜੇ ਨਹੀਂ ਤਾਂ ਪ੍ਰਮਾਤਮਾ ਦੀ ਪੈਦਾ ਕੀਤੀ ਮਨੁੱਖਾ ਜਾਤ (ਇਨਸਾਨੀਅਤ) ਨੂੰ ਵਰਣ-ਵੰਡ ਵਿੱਚ ਵੰਡ ਕੇ ਕਿਉਂ ਮਨੁੱਖਤਾ ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਹਨ ? ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ-ਜਾਤਿ ਕਾ ਗਰਬੁ ਨ ਕਰਿ ਮੂਰਖ ਗਾਵਾਰਾ॥ ਇਸੁ ਗਰਬ ਤੇ ਚਲਹਿ ਬਹੁਤਿ ਵਿਕਾਰਾ॥ (੧੧੨੭) ਹੇ ਮੂਰਖ ਗਵਾਰ ਤੂੰ ਉੱਚੀ ਜਾਤ ਦਾ ਹੰਕਾਰ ਕਿਉਂ ਕਰਦਾ ਹੈਂ ਜੋ ਬਹੁਤੇ ਵਿਕਾਰਾਂ ਨੂੰ ਪੈਦਾ ਕਰਦਾ ਹੈ। ਜਾਤੀ ਦੈ ਕਿਆ ਹਥਿ, ਸਚਿ ਪਰਖੀਐ॥ ਮਹੁਰਾ ਹੋਵੈ ਹਥਿ, ਮਰੀਐ ਚਖੀਐ॥ (੧੪੨) ਗੁਰੂ ਜੀ ਮਸਾਲ ਦੇਦੇ ਹਨ ਕਿ ਉੱਚੀ ਜਾਤ ਵਾਲੇ ਦੇ ਹੱਥ ਵਿੱਚ ਜੇ ਜ਼ਹਿਰ ਹੈ ਤਾਂ ਚੱਖਣ ਤੇ ਉਹ ਮਰੇਗਾ ਹੀ, ਇਹ ਨਹੀ ਕਹਿ ਸਕਦੇ ਕਿ ਉੱਚੀ ਜਾਤ ਉਸ ਨੂੰ ਬਚਾ ਲਵੇਗੀ। ਸਾਰੀ ਮਨੁੱਖਤਾ ਵਿੱਚ ਰੱਬ ਦੀ ਹੀ ਜੋਤਿ ਹੈ ਜੋ ਇਨਸਾਨੀ ਏਕਤਾ ਦਾ ਅਕੱਟ ਸਬੂਤ ਦੇ ਰਹੀ ਹੈ-ਸਭ ਮਹਿ ਜੋਤਿ, ਜੋਤਿ ਹੈ ਸੋਇ॥ ਤਿਸਦੈ ਚਾਨਣਿ, ਸਭਿ ਮਹਿ ਚਾਨਣੁ ਹੋਇ॥ (੬੬੩) ਪ੍ਰਭੂ ਨੂੰ ਭੁਲਣ ਵਾਲਾ ਹੀ ਕਮਜਾਤ ਹੈ ਅਤੇ ਨਾਮ ਵਿਹੂਣਾ ਹੀ ਨੀਵੀਂ ਜਾਤ ਵਾਲਾ ਹੈ-ਖਸਮ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥ (੩੪੯) ਗੁਰੂ ਰਾਮਦਾਸ ਜੀ ਉਨ੍ਹਾਂ ਭਗਤਾਂ ਦਾ ਜਿਕਰ ਕਰ ਰਹੇ ਹਨ ਜਿਨ੍ਹਾਂ ਨੂੰ ਜਾਤ ਅਭਿਮਾਨੀ ਬ੍ਰਾਹਮਣ ਆਦਿਕ ਨੀਚ ਜਾਤ ਕਹਿ ਕੇ ਦੁਰਕਾਰਦੇ ਅਤੇ ਉਨ੍ਹਾਂ ਦਾ ਪ੍ਰਛਾਵਾਂ ਤੱਕ ਲੈਣਾ ਮਾੜਾ ਸਮਝਦੇ ਸਨ ਉਹ ਰੱਬ ਦਾ ਨਾਮ ਜਪ ਕੇ ਅਤੇ ਚੰਗੇ ਕਰਮ ਕਰਕੇ ਉੱਚੇ-ਸੁੱਚੇ ਹੋ ਗਏ ਲੋਕ ਉਨ੍ਹਾਂ ਦੀ ਸੇਵਾ ਅਤੇ ਸੰਗਤ ਕਰਨ ਲੱਗ ਪਏ। ਰੱਬ ਨੇ ਉਨ੍ਹਾਂ ਦੀ ਕੋਈ ਨੀਵੀ ਜਾਤ ਨਾ ਦੇਖੀ ਸਗੋਂ ਉਨ੍ਹਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਪਿਆਰ ਕੀਤਾ-ਨੀਚ ਜਾਤਿ ਹਰਿ ਜਪਦਿਆ ਉਤਮ ਪਦਵੀ ਪਾਇ॥ ਪੁਛਹੁ ਬਿਦਰ ਦਾਸੀ ਸੁਤੈ, ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਰਵਿਦਾਸੁ ਚਮਾਰੁ ਉਸਤਤਿ ਕਰੇ, ਹਰਿ ਕੀਰਤਿ ਨਿਮਖ ਇਕ ਗਾਇ॥ ਪਤਿਤ ਜਾਤਿ ਉਤਮ ਭਇਆ, ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ, ਲੋਕੁ ਛੀਪਾ ਕਹੈ ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ, ਹਰਿ ਨਾਮਦੇਉ ਲੀਆ ਮੁਖਿ ਲਾਇ॥੩॥ (੭੩੩)

ਸੋ ਭਗਤ ਤੇ ਗੁਰੂ ਸਾਹਿਬਾਨਾਂ ਨੇ ਜਾਤ -ਪਾਤ ਤੇ ਵਰਣ-ਵੰਡ ਦੀ ਛੂਆ-ਛਾਤ ਨੂੰ ਉਕਾ ਹੀ ਕਬੂਲ ਨਾ ਕਰਦਿਆਂ ਹੋਇਆਂ ਸਾਂਝੀਆਂ ਸੰਗਤਾਂ ਤੇ ਪੰਗਤਾਂ ਕਾਇਮ ਕੀਤੀਆਂ, ਇੱਕ ਥਾਂ ਰਲ ਕੇ ਇਸ਼ਨਾਨ ਕਰਨ ਲਈ ਸਰੋਵਰ ਬਣਵਾਏ, ਸਰਬਸਾਂਝੇ ਧਰਮ ਅਸਥਾਂਨ ਬਣਾਏ ਤੇ ਕਿਹਾ-ਸਭੇ ਸਾਂਝੀਵਾਲ ਸਦਾਇਨਿ, ਤੂੰ ਕਿਸੇ ਨਾ ਦਿਸਹਿ ਬਾਹਰਾ ਜੀਉ॥ (੯੭) ਫਿਰ ਅੱਜ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂ ਜਾਤ-ਪਾਤ ਦੇ ਜਾਲ ਵਿੱਚ ਫਸ ਕੇ ਬਾਕੀਆਂ ਨੂੰ ਵੀ ਗੁਮਰਾਹ ਕਰ ਰਹੇ ਹਨ ਜਿਵੇਂ ਬੇਦੀ-ਸੋਢੀ ਆਖਦੇ ਹਨ ਕਿ ਅਸੀਂ ਗੁਰੂ ਨਾਨਕ ਦੀ ਕੁਲ ਵਿੱਚੋਂ ਹਾਂ, ਅਸੀਂ ਸੋਢੀ ਕੁਲ ਦੇ ਹਾਂ ਅਸੀਂ ਭੱਲੇ ਹਾਂ ਗੁਰੂ ਕੁਲਾਂ ਪੂਜਣਯੋਗ ਹਨ। ਜਿਸ ਗੁਰੂ ਨੇ ਕਿਸੇ ਜਾਤ ਕੁਲ ਨੂੰ ਕੋਈ ਮਾਨਤਾ ਹੀ ਨਾ ਦਿੱਤੀ ਹੋਵੇ ਉਹ ਪੂਜਣਯੋਗ ਕਿਵੇਂ ਹੋ ਗਈ ? ਜੋ ਗੁਰੂ ਦੀ ਜਾਤ ਉਹ ਹੀ ਗੁਰੂ ਦੇ ਸਿੱਖ ਦੀ ਜਾਤ। ਕੀ ਬੇਦੀ ਤੇ ਸੋਢੀ ਹੀ ਗੁਰੂ ਕੁਲ ਵਿੱਚੋਂ ਹਨ ਤੇ ਬਾਕੀ ਗੁਰੂ ਤੋਂ ਵੱਖਰੇ ਹਨ ? ਨਹੀਂ ਅਸੀਂ ਸਾਰੇ ਹੀ ਗੁਰੂ ਦੇ ਸਿੱਖ ਹਾਂ, ਨਾ ਕਿ ਬੇਦੀਆਂ ਸੋਢੀਆਂ ਦੇ। ਅੱਜ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ ਕਿ ਇਹ ਜੱਟ ਸਿੱਖ ਹੈ, ਇਹ ਮਜ਼ਬੀ ਸਿੱਖ ਹੈ ਓਹ ਰਵਿਦਾਸੀਆ ਸਿੱਖ ਹੈ, ਇਹ ਛੀਂਬਾ ਤੇ ਓਹ ਨਾਈ ਸਿੱਖ ਹੈ ਅਤੇ ਇਹ ਰਾਮਗੜੀਏ ਸਿੱਖ ਹਨ ਅਸੀਂ ਨਾਮਧਾਰੀ ਸਿੱਖ ਹਾਂ। ਜਿਵੇਂ ਬ੍ਰਾਹਮਣ ਸ਼ੂਦਰਾਂ ਤੋਂ ਨਫਰਤ ਕਰਦਾ ਸੀ ਇਵੇਂ ਹੀ ਅਸੀਂ ਅੱਜ ਇੱਕ ਦੂਜੇ ਤੋਂ ਨਫਰਤ ਕਰ ਰਹੇ ਹਾਂ ਇਸ ਦਾ ਪ੍ਰਤੱਖ ਸਬੂਤ ਅਸੀਂ ਧਰਮ ਅਸਥਾਨ ਵੀ ਵੱਖਰੀਆਂ-ਵੱਖਰੀਆਂ ਜਾਤਾਂ ਬਰਾਦਰੀਆਂ ਦੇ ਨਾਮ ਤੇ ਬਣਾਏ ਹੋਏ ਹਨ। ਲੜਕੇ ਲੜਕੀ ਦਾ ਰਿਸ਼ਤਾ ਕਰਨ ਵੇਲੇ ਜਾਤ ਬਰਾਦਰੀ ਪੁੱਛਦੇ ਹਾਂ ਇਥੋਂ ਤੱਕ ਕਿ ਅੰਮ੍ਰਿਤ ਛੱਕ ਕੇ ਵੀ ਸਾਡੀ ਜਾਤ-ਪਾਤ ਵਾਲੀ ਨਫਰਤ ਨਹੀਂ ਜਾ ਰਹੀ।

ਖਾਸ ਕਰਕੇ ਸਿੱਖਾਂ ਵਿੱਚ ਜੱਟ ਬਰਾਦਰੀ ਵਿੱਚ ਜਾਤ – ਪਾਤ ਸਿਖਰਾਂ ਤੇ ਹੈ ਪਹਿਲੀ ਤਾਂ ਗੱਲ ਜੱਟ ਕਹੀਆਂ ਜਾਂਦੀਆਂ ਨੀਵੀਆਂ ਜਾਂ ਦਲਿਤ ਜਾਤਾਂ ਵਿੱਚ ਰਿਸ਼ਤਾ-ਨਾਤਾ ਕਰਦਾ ਹੀ ਨਹੀਂ ਹੈ ਤੇ ਜੇ ਕਿਸੇ ਅਤਿ ਮਜਬੂਰੀ ਕਾਰਨ ਕਰਨਾ ਹੀ ਪੈ ਜਾਵੇ ਤਾਂ  ਲੜਕੀ ਦਾ ਕਦੇ ਨਹੀਂ ਕਰੇਗਾ ਲੜਕਾ ਭਾਵੇਂ ਬਾਗੀ ਹੋ ਕੇ ਕਰ ਲਵੇ। ਜੱਟਾਂ ਦੇ ਪਿੰਡਾਂ ਵਿੱਚ ਵੀ ਦਲਿਤਾਂ ਭਾਵ ਮੰਨੀਆਂ ਗਈਆਂ ਨੀਵੀਆਂ ਜਾਤਾਂ ਦੀਆਂ ਬਸਤੀਆਂ ਵੱਖਰੀਆਂ ਰੱਖੀਆਂ ਜਾਂਦੀਆਂ ਹਨ, ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਕਮੀਨ-ਕਾਂਦੂ ਕਿਹਾ ਜਾਂਦਾ ਹੈ। ਨਿਹੰਗ ਸਿੰਘ ਜੋ ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਆਖਦੇ ਹਨ, ਖੰਡੇ ਦੀ ਪਹੁਲ ਦਲਿਤਾਂ ਨੂੰ ਚੌਥੇ ਪੌੜੀਏ ਕਹਿ ਕੇ ਅਲੱਗ ਬਾਟੇ ਵਿੱਚ ਦਿੰਦੇ ਹਨ, ਬਾਣਾ ਸਿੰਘਾਂ ਦਾ ਕਰਮ-ਕਰਤੂਤ ਜਾਤ ਅਭਿਮਾਨੀ ਬ੍ਰਾਹਮਣਾਂ ਵਾਲੀ। ਉੱਤੋਂ-ਉੱਤੋਂ ਸਟੇਜਾਂ ਤੇ ਜਰੂਰ ਮਾਨਸ ਕੀ ਜਾਤਿ ਸਭੇ ਏਕੋ ਪਹਿਚਾਨਬੋ ਦਾ ਹੋਕਾ ਦਿੰਦੇ ਹਾਂ ਪਰ ਪ੍ਰੈਕਟੀਕਲ ਰੂਪ ਵਿੱਚ ਗੁਰੂ ਦਾ ਹੁਕਮ ਮੰਨ ਕੇ ਜਾਤ – ਪਾਤ ਦੇ ਕੋਹੜ ਨੂੰ ਛੱਡਦੇ ਨਹੀਂ ਹਾਂ ਜੇ ਕਿਤੇ ਕੋਈ ਲੜਕੀ ਲੜਕਾ ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਗੁਣਾ ਅਤੇ ਪ੍ਰੇਮ ਦੇ ਅਧਾਰ ਤੇ ਰਿਸ਼ਤਾ ਕਰ ਵੀ ਲੈਂਦਾ ਹੈ ਤਾਂ ਅਸੀਂ ਮਾਂ-ਬਾਪ ਉਸ ਨੂੰ ਕਬੂਲ ਹੀ ਨਹੀਂ ਕਰਦੇ ਸਗੋਂ ਲੜਕੇ ਲੜਕੀ ਨੂੰ ਕਤਲ ਕਰਨ ਤੱਕ ਚਲੇ ਜਾਂਦੇ ਹਾਂ ਕਿਉਂ ? ਪ੍ਰਚੱਲਤ ਕਹਾਵਤ ਅਨੁਸਾਰ “ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਣ ਦੇ ਹੋਰ” ਭਾਵ ਕਹਿੰਦੇ ਕੁਛ ਹਾਂ ਤੇ ਕਰਦੇ ਕੁਛ ਹਾਂ। ਉੱਤੋਂ-ਉੱਤੋਂ ਗੁਰੂ ਨੂੰ ਮੱਥਾ ਵੀ ਟੇਕਦੇ ਹਾਂ, ਪੂਜਾ-ਪਾਠ ਵੀ ਕਰਦੇ ਹਾਂ, ਗੁਰੂ ਵਾਲੇ ਤੇ ਅੰਮ੍ਰਿਤਧਾਰੀ ਵੀ ਅਖਵਾਉਂਦੇ ਹਾਂ ਪਰ ਗੱਲ ਬਾਮਣ ਗੁਰੂ ਦੀ ਮੰਨਦੇ ਹਾਂ ਕਿਉਂਕਿ ਬ੍ਰਾਹਮਣ ਹੀ ਜਾਤਾਂ-ਪਾਤਾਂ ਦਾ ਕਰਤਾ-ਧਰਤਾ ਹੈ-ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ॥ ਅਰਝ ਉਰਝ ਕੇ ਪਚਿ ਮੂਆ, ਚਾਰੋਂ ਬੇਦੋਂ ਮਾਹਿ॥ (੧੩੭੭) ਜਾਤਾਂ ਪਾਤਾਂ ਨੂੰ ਮੰਨਣ ਤੇ ਧਾਰਨ ਵਾਲਿਓ, ਦੱਸੋ ਅਸੀਂ ਬਾਮਣ ਦੇ ਸਿੱਖ ਹਾਂ ਜਾਂ ਗੁਰੂ ਦੇ ? ਜੋ ਗੁਰੂ ਦਾ ਹੁਕਮ ਹੀ ਨਹੀਂ ਮੰਨਦਾ ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ ਹੈ ? ਅੱਜ ਹੁਕਮ ਅਸੀਂ ਗੁਰੂ ਨੁਮਾਂਅ ਭੇਖੀ ਸਾਧਾਂ-ਸੰਤਾਂ ਦਾ ਮੰਨਦੇ ਹਾਂ, ਅਖਾਉਤੀ ਜਥੇਦਾਰਾਂ ਦਾ ਮੰਨਦੇ ਹਾਂ, ਆਪੋ ਆਪਣੀਆਂ ਜਾਤੀ ਪਾਰਟੀਆਂ ਦਾ ਮੰਨਦੇ ਹਾਂ, ਗੁਰੂ ਨੂੰ ਤਾਂ ਐਵੇਂ ਲੋਕ ਦਿਖਾਵੇ ਖਾਤਰ ਸੀਸ ਨਿਵਾਉਂਦੇ ਹਾਂ ਹੁਕਮ ਨਾ ਮੰਨਣਾ ਲੋਕ ਦਿਖਾਵਾ ਨਹੀਂ ਤਾਂ ਹੋਰ ਕੀ ਹੈ ? ਸੀਸ ਨਿਵਾਇਐ ਕਿਆ ਥੀਏ ? ਜਾਂ ਰਿਦੈ ਕਸੁਧੇ ਜਾਹਿਂ॥ (੪੭੦)

ਦਾਸ ਵਾਹਿਗੁਰੂ ਪਾਸ ਅਰਦਾਸ ਕਰਦਾ ਹੈ ਕਿ ਵਾਹਿਗੁਰੂ ! ਜਾਤ ਅਭਿਮਾਨੀਆਂ ਨੂੰ ਵੀ ਸੁਮਤਿ ਬਖਸ਼ੇ , ਤਾਂ ਜੋ ਜਾਤ – ਪਾਤ ਵਰਣ-ਵੰਡ ਦੇ ਕੋਹੜ ਨੂੰ ਸਦਾ ਲਈ ਗੁਰੂ ਦਾ ਹੁਕਮ ਮੰਨਦੇ ਹੋਏ ਤਿਆਗ ਦੇਣ, ਇਸ ਵਿੱਚ ਹੀ ਸਰਬੱਤ ਦਾ ਭਲਾ ਹੈ।