ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵਾਰਤਾਲਾਪ ਨੂਰੇ ਮਾਹੀ ਦੀ

0
439

ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵਾਰਤਾਲਾਪ ਨੂਰੇ ਮਾਹੀ ਦੀ

ਸ. ਬਲਵੰਤ ਸਿੰਘ ‘ਸਨੇਹੀ’ (ਜਲੰਧਰ)-92561-04826

ਨੂਰੇ ਮਾਹੀ ਆਖਿਆ, ਮੈਂ ਕਿਵੇਂ ਬਿਆਨ ਕਰਾਂ ? ਕਹਿਰ ਉੱਥੋਂ ਦਾ ਤੱਕ ਕੇ, ਮੈਂ ਕਿੱਦਾਂ ਧੀਰ ਧਰਾਂ ?

ਛਲਕਣ ਮੇਰੀਆਂ ਅੱਖੀਆਂ, ਰੁਕਦਾ ਜਾਂਦਾ ਸਾਹ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਦਾਤਾ! ਸ਼ਹਿਰ ਸਰਹੰਦ ਵਿੱਚ, ਕੱਠੀ ਹੋਈ ਮੁਲੱਖ। ਕਾਜ਼ੀ ਕਾਲੇ ਮਨ ਦੇ, ਨਿਰਲੱਜ ਜਿਨ੍ਹਾਂ ਦੀ ਅੱਖ।

ਕੂੜ, ਕੁਫ਼ਰ ਤੇ ਜ਼ੁਲਮ ਦੀ, ਉਨ੍ਹਾਂ ਨ੍ਹੇਰੀ ਦਿੱਤੀ ਚਲਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਕਚਿਹਰੀ ਝੂਠ ਦੀ ਪੁੱਜ ਕੇ, ਜਦ ਬੜ੍ਹਕੇ ਬੱਚੇ ਸ਼ੇਰ, ਦੁਸ਼ਟਾਂ ਨੂੰ ਗਸ਼ ਪੈ ਗਈ, ਜਦ ਗੱਜੇ ਪੁੱਤ ਦਲੇਰ।

ਝੂਠਿਆਂ ਦੇ ਦਰਬਾਰ ਵਿੱਚ, ਉਨ੍ਹਾਂ ਦਿੱਤੀ ਫ਼ਤਿਹ ਗੂੰਜਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਕੰਨੀਂ ਮੇਰੇ ਸੁਣਿਆ, ਆਇਆ ਨੇਕ ਫ਼ਰਜ਼ੰਦ (ਅੱਲ੍ਹਾ ਪੁੱਤਰ)। ਉਹ ਆਖੇ ਵਜੀਦ ਖ਼ਾਂ ਨੂੰ, ਕਿਉਂ ਬੱਚੇ ਕੀਤੇ ਬੰਦ?

ਇਹ ਸਰਾਸਰ ਜ਼ੁਲਮ ਹੈ, ਵਿੱਚ ਅੱਲ੍ਹਾ ਦੀ ਦਰਗਾਹ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਫਿਰ ਕੂੜ ਕੁਸੱਤ ਇੱਕ ਬੋਲਿਆ, ਨਾ ਸੁਣੋ ਏਸ ਦੀ ਗੱਲ। ਸੱਪ ਮਿਤ ਕਿਸੇ ਦੇ ਨਾ ਹੋਂਵਦੇ, ਤੂੰ ਲਾਹ ਇਨ੍ਹਾਂ ਦੀ ਖੱਲ।

ਤੂੰ ਮਗ਼ਰੂਰ (ਹੰਕਾਰੀ) ਇਨ੍ਹਾਂ ਕਾਫ਼ਰਾਂ, ਦੇਵੀਂ ਸਖ਼ਤ ਸਜ਼ਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਦਾਤਾ! ਉਸ ਦਰਬਾਰ ਵਿੱਚ, ਨਾ ਕੋਈ ਦਲੀਲ ਅਪੀਲ। ਬੱਚਿਆਂ ਨੂੰ ਉਹ ਆਖਦੇ, ਕਿ ਕਰੋ ਧਰਮ ਤਬਦੀਲ।

ਡੋਲ਼ੇ ਧੀਆਂ ਦੇ ਤੋਰੀਏ, ਤੁਸੀਂ ਮੌਜਾਂ ਲਓ ਮਨਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਬੱਚੇ ਨਿਡਰ ਹੋ ਆਖਦੇ, ਨਹੀਂ ਸਾਨੂੰ ਮਨਜ਼ੂਰ। ਲਿਆਉਣ ਲਈ ਇਸਲਾਮ ਵਿੱਚ ਕਿਉਂ ਕਰਦੈਂ ਮਜਬੂਰ?

ਅਸੀਂ ਹਾਂ ਪੁੱਤ ਦਸ਼ਮੇਸ਼ ਦੇ, ਨਾ ਪਰਬਤਾਂ ਨਾਲ ਟਕਰਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਜ਼ਾਲਮਾਂ ਗੋਂਦਾਂ ਗੁੰਦ ਕੇ, ਦਿੱਤਾ ਹੁਕਮ ਸੁਣਾ, ਜਿਊਂਦੇ ਜੀਅ ਕਿਹਾ ਕਾਫ਼ਰਾਂ, ਕੰਧੀ ਦਿਓ ਚਿਣਾ।

ਫਿਰ ਦੀਵਾਰ ’ਚ ਖਲੋ ਗਏ, ਨਿੱਕੇ ਨਿੱਕੇ ਦੋ ਖ਼ੁਦਾ। ਜੋ ਲਾਲਾਂ ਨਾਲ ਬੀਤਿਆ, ਕਿਵੇਂ ਦੱਸਾਂ ਪਾਤਿਸ਼ਾਹ!

ਫਿਰ ਦਿਨ ਦੀਵੀਂ ਸੂਰਜ ਡੁੱਬਿਆ, ਗਿਆ ਹਨੇਰਾ ਛਾ। ਧਰਤੀ ਬੁੱਕ-ਬੁੱਕ ਰੋਂਵਦੀ, ਅੰਬਰ ਮਾਰੀ ਧਾਅ।

ਲੋਕ ਧਾਹਾਂ ਮਾਰ ਆਖਦੇ, ਹੋਊ ਜ਼ੁਲਮ ਦਾ ਅੰਤ। ਕਾਹੀ ਦਾ ਬੂਟਾ ਪੁੱਟ ਕੇ, ਆਖਿਆ ਮੂੰਹੋਂ ਭਗਵੰਤ।

‘ਸਨੇਹੀ’ ਇਹ ਨਗਰੀ ਝੂਠ ਦੀ, ਛੇਤੀ ਹੋਊ ਤਬਾਹ। ਸੱਚ ਦਾ ਪਰਚਮ ਝੁਲਣਾ, ਵਿੱਚ ਸੱਚੀ ਦਰਗਾਹ।

ਸੱਚ ਦਾ ਪਰਚਮ ਝੁਲਣਾ, ਵਿੱਚ ਸੱਚੀ ਦਰਗਾਹ..