ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀਂ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ

0
618

ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀਂ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ

ਕਿਰਪਾਲ ਸਿੰਘ ਬਠਿੰਡਾ-ਮੋਬ: 98554-80797

ਭਾਈ ਹਰੀ ਸਿੰਘ ਰੰਧਾਵਾ ਵੱਲੋਂ ਪਿਛਲੇ ਸਮੇਂ ’ਚ ਕੀਤੀ ਕਥਾ ਦੌਰਾਨ ਮਹਾਂਵਾਰੀ ਦੇ ਦਿਨਾਂ ਵਿੱਚ ਬੀਬੀਆਂ ’ਚ ਆਈ ਅਪਵਿੱਤਰਤਾ ਅਤੇ ਪਾਥੀਆਂ ਵਿੱਚੋਂ ‘ਵਾਹਿਗੁਰੂ’ ਸ਼ਬਦ ਦੀ ਆ ਰਹੀ ਅਵਾਜ਼ ਵਰਗੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ’ਤੇ ਸਰੀ (ਕੈਨੇਡਾ) ਵਿੱਚ ਵਧੇ ਵਿਵਾਦ ਉਪ੍ਰੰਤ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਦੋਵਾਂ ਧਿਰਾਂ ਦੀ ਕਰਾਈ ਦੋ ਦਿਨਾਂ ਮੀਟਿੰਗ ਦੌਰਾਨ ਭਾਈ ਹਰੀ ਸਿੰਘ ਰੰਧਾਵਾ ਜੀ ਵਾਰ ਵਾਰ ਗੁਰਬਾਣੀ ਦੀ ਇਹ ਤੁਕ “ਨਵੇ ਛਿਦ੍ਰ ਸ੍ਰਵਹਿ, ਅਪਵਿਤ੍ਰਾ ॥” ਦਾ ਪ੍ਰਮਾਣ ਦੇ ਕੇ ਇਹ ਕਹਿੰਦੇ ਰਹੇ ਕਿ ਮਹਾਂਵਾਰੀ ਦੇ ਦਿਨਾਂ ਵਿੱਚ ਬੀਬੀਆਂ ਦਾ ਸਰੀਰ ਅਪਵਿੱਤਰ ਹੋ ਜਾਂਦਾ ਹੈ, ਜੋ ਚੌਥੇ ਦਿਨ ਸਿਰ ਨਹ੍ਹਾ ਕੇ ਹੀ ਪਵਿੱਤਰ ਹੋ ਸਕਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇਸ ਤੋਂ ਅਗਲੀ ਤੁਕ ਪੜ੍ਹਦੇ ਹੀ ਨਹੀਂ ਸਨ ਅਤੇ ਨਾਂ ਹੀ ਸੁਣਦੇ ਸਨ। ਅਗਲੀਆਂ ਤੁਕਾਂ ਇਹ ਹਨ : “ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥ ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ; ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥” ਜਿਸ ਦੇ ਪ੍ਰੋ: ਸਾਹਿਬ ਸਿੰਘ ਨੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ! ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ। (ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ। ਹੇ ਭਾਈ ! ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ॥

ਦੂਸਰੀ ਗੱਲ ਹੈ ਕਿ ਗਿਆਨੀ ਜਸਵੀਰ ਸਿੰਘ ਦੀ ਇਸ ਦਲੀਲ ਨਾਲ ਵੀ ਰੰਧਾਵਾ ਜੀ ਸਹਿਮਤ ਹੁੰਦੇ ਨਜ਼ਰ ਨਹੀਂ ਆਏ ਕਿ “ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥” ਵਿੱਚ ਗੁਰੂ ਸਾਹਿਬ ਜੀ ਨੇ ਮਹਾਂਵਾਰੀ ਦੇ ਦਿਨਾਂ ਵਿੱਚ ਇਸਤਰੀ ਨੂੰ ਅਪਵਿੱਤਰ ਨਹੀਂ ਮੰਨਿਆ ਬਲਕਿ ਇੱਕ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਇਸਤਰੀ ਨੂੰ ਕੁਦਰਤੀ ਨਿਯਮਾਂ ਅਨੁਸਾਰ ਮਹਾਂਵਾਰੀ ਹਰ ਮਹੀਨੇ ਵਾਰ ਵਾਰ ਆਉਂਦੀ ਹੈ; ਇਸੇ ਤਰ੍ਹਾਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਖ਼ੁਆਰ ਹੀ ਹੁੰਦਾ ਰਹਿੰਦਾ ਹੈ। ਅਜੇਹੇ ਮਨੁੱਖ ਨਿਰਾ ਸਰੀਰ ਨੂੰ ਹੀ ਧੋ ਕੇ ਸੁੱਚੇ ਨਹੀਂ ਆਖੇ ਜਾਂਦੇ। ਹੇ ਨਾਨਕ ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ। ਬਾਕੀ ਵਿਦਵਾਨਾਂ ਦੇ ਅਰਥ ਭਾਵ ਵੀ ਬਿਲਕੁਲ ਇਸ ਦੇ ਨਾਲ ਮਿਲਦੇ ਜੁਲਦੇ ਹੀ ਹਨ।

ਗੁਰੂ ਸਾਹਿਬ ਜੀ ਵੱਲੋਂ ਇਹ ਉਸੇ ਤਰ੍ਹਾਂ ਇੱਕ ਉਦਾਹਰਣ ਹੈ ਜਿਵੇਂ: “ਨੀਚ ਜਾਤਿ ਹਰਿ ਜਪਤਿਆ; ਉਤਮ ਪਦਵੀ ਪਾਇ ॥ ਪੂਛਹੁ ਬਿਦਰ, ਦਾਸੀ ਸੁਤੈ; ਕਿਸਨੁ ਉਤਰਿਆ ਘਰਿ ਜਿਸੁ ਜਾਇ ॥” ਤੁਕ ਵਿੱਚ ਗੁਰੂ ਸਾਹਿਬ ਜੀ ਜਨਮ ਕਰਕੇ ਕਿਸੇ ਨੂੰ ਨੀਚ ਜਾਤ ਨਹੀਂ ਮੰਨਦੇ ਪਰ ਸਮਾਜ ਵਿੱਚ ਪ੍ਰਚਲਤ ਹੋਣ ਕਰਕੇ ਇੱਕ ਉਦਾਹਰਣ ਦਿੱਤੀ ਗਈ ਹੈ ਕਿ “ਹੇ ਭਾਈ ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ।”

ਤੀਸਰੀ ਗੱਲ ਹੈ ਕਿ ਜੇ ਰੰਧਾਵਾ ਸਾਹਿਬ ਦੀ ਗੱਲ ਮੰਨ ਵੀ ਲਈਏ ਕਿ ਨੌ ਹੀ ਦੁਆਰਿਆਂ ਵਿੱਚੋਂ ਹਰ ਸਮੇਂ ਕੁਝ ਨਾ ਕੁਝ ਸਿੰਮਦਾ ਰਹਿੰਦਾ ਹੋਣ ਕਰਕੇ ਉਹ ਅਪਵਿੱਤਰ ਹੋਏ ਰਹਿੰਦੇ ਹਨ ਤਾਂ ਇਹ ਗੱਲ ਸਿਰਫ ਇਸਤਰੀਆਂ ਦੇ ਮਹਾਂਵਾਰੀ ਆਉਣ ਦੇ ਦਿਨਾਂ ਵਿੱਚ ਅਪਵਿੱਤਰ ਹੋਣ ’ਤੇ ਹੀ ਨਹੀਂ ਢੁਕਦੀ ਬਲਕਿ ਮਨੁੱਖ ’ਤੇ ਵੀ ਉਤਨੀ ਹੀ ਢੁਕਦੀ ਹੈ ਕਿਉਂਕਿ ਇਸਤਰੀ ਨੂੰ ਮਹਾਂਵਾਰੀ ਤਾਂ ਮਹੀਨੇ ਬਾਅਦ ਤਿੰਨ ਦਿਨ ਲਈ ਹੀ ਆਉਂਦੀ ਹੈ ਪਰ ਬਾਕੀ ਦੇ ਹਰ ਪਲ ਇਸਤਰੀ ਪੁਰਸ਼ਾਂ ਦੋਵਾਂ ਦੇ ਨੌ ਦੁਆਰੇ ਤਾਂ ਹਮੇਸ਼ਾਂ ਅਪਵਿੱਤਰ ਹੀ ਰਹਿੰਦੇ ਹਨ। ਇੱਥੋਂ ਤੱਕ ਕਿ ਮਨੁਖ ਦੇ ਸਮੁੱਚੇ ਸਰੀਰ ਵਿੱਚੋਂ ਹਰ ਪਲ ਪਸੀਨਾ ਨਿਕਲਦਾ ਰਹਿੰਦਾ ਹੈ ਜਿਸ ਕਾਰਣ ਸਰੀਰ ਵੀ ਹਮੇਸ਼ਾਂ ਗੰਦਾ ਹੋਇਆ ਰਹਿੰਦਾ ਹੈ। ਫਿਰ ਮਨੁਖ ਵੀ ਉਤਨਾ ਹੀ ਅਪਵਿੱਤਰ ਹੋਇਆ ਰਹਿੰਦਾ ਹੈ ਜਿਤਨਾ ਕਿ ਇਸਤਰੀ। ਇਸ ਹਿਸਾਬ ਨਾਲ ਤਾਂ ਕੋਈ ਵੀ ਮਨੁੱਖ ਕਦੀ ਵੀ ਪਵਿੱਤਰ ਨਹੀ ਹੋ ਸਕਦਾ।

ਸੋ, ਗੱਲ ਕੁਦਰਤੀ ਕਿਰਿਆ ਕਾਰਣ ਅਪਵਿੱਤਰ ਹੋਣ ਦੀ ਨਹੀਂ ਬਲਕਿ ਸਫਾਈ ਰੱਖਣ ਦੀ ਹੈ। ਹਰ ਔਰਤ ਜਿਹੜੀ ਵੀ ਗੁਰੂ ਦੀ ਹਜੂਰੀ ਵਿੱਚ ਹਾਜਰੀ ਭਰਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਆਉਂਦੀ ਹੈ ਉਸ ਨੂੰ ਘੱਟ ਤੋਂ ਘੱਟ ਇਤਨੀ ਤਾਂ ਸੂਝ ਹੁੰਦੀ ਹੀ ਹੈ ਕਿ ਉਹ ਸਫਾਈ ਕਰਕੇ ਹੀ ਆਉਂਦੀ ਹੈ ਇਸ ਲਈ ਕਿਸੇ ’ਤੇ ਰੋਕ ਲਾਉਣੀ ਗੁਰਮਤਿ ਦੇ ਬਿਲਕੁਲ ਉਲਟ ਹੈ। ਜਿਹੜੇ ਵੀਰ ਗੁਰਬਾਣੀ ਦੇ ਸ਼ਨਾਤਨੀ ਅਰਥ ਕਰਕੇ ਬੀਬੀਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ, ਦਰਬਾਰ ਸਾਹਿਬ ਜੀ ਵਿਖੇ ਕੀਰਤਨ ਕਰਨ, ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਜਾਂ ਕੋਈ ਹੋਰ ਸੇਵਾ ਨਿਭਾਉਣ ’ਤੇ ਰੋਕ ਲਾਏ ਜਾਣ ਦੀ ਵਕਾਲਤ ਕਰਦੇ ਹਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਚੇਤੇ ਰੱਖਣਾ ਚਾਹੀਦਾ ਹੈ:

“ਮਾਤਾ ਜੂਠੀ ਪਿਤਾ ਭੀ ਜੂਠਾ, ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ, ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ! ਸੂਚਾ ਕਵਨੁ ਠਾਉ ॥ ਜਹਾਂ ਬੈਸਿ, ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ, ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ, ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ, ਪਾਨੀ ਜੂਠਾ, ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ, ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ, ਜੂਠੀ ਦੀਨੀ ਕਾਰਾ ॥ ਕਹਿ ਕਬੀਰ, ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ ॥੪॥”


ਮੈਡੀਕਲ ਸਾਇੰਸ ਦੀ ਉਦਾਹਰਣ ਨੂੰ ਭਾਈ ਰੰਧਾਵਾ ਜੀ ਦੇ ਨਾਲ ਆਏ ਇੱਕ ਸਮਰਥਕ ਨੇ ਗੁਰਬਾਣੀ ਦੀ ਇਸ ਤੁਕ ਦਾ ਹਵਾਲਾ ਦੇ ਕੇ ਰੱਦ ਕੀਤਾ: “ਮੁਕਤਿ ਨਹੀ, ਬਿਦਿਆ ਬਿਗਿਆਨਿ ॥” ਇਸ ਤੁਕ ਵਿੱਚ ਉਹ ਸਮਰਥਕ ਆਪਣੇ ਵੱਲੋਂ ‘ਬਿਗਿਆਨਿ’ ਦੇ ਅਰਥ ‘ਵਿਗਿਆਨ’ ਭਾਵ ‘ਸਾਇੰਸ’ ਕਰਦਾ ਸੀ ਜਦੋਂ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:-

ਗਿਆਨਿ = ਗਿਆਨ ਵਿਚ। ਬਿਗਿਆਨਿ = ਬਿਨਾਂ-ਗਿਆਨ ਤੋਂ = ਗਿਆਨ-ਹੀਨਤਾ ਵਿਚ। ਬਿਦਿਆ = ਆਤਮਕ ਵਿੱਦਿਆ। ਬਿਦਿਆ ਬਿਗਿਆਨੀ = ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ।

ਫਰੀਦਕੋਟੀ ਟੀਕੇ ਵਿੱਚ ਇਸ ਤੁਕ ਦੇ ਅਰਥ ਇਸ ਤਰ੍ਹਾਂ ਕੀਤੇ ਹਨ: “ਪਰੰਤੂ ਬਿਗ੍ਯਾਨ ਬਿਦ੍ਯਾ ਸੇ ਬਿਨਾ ਮੁਕਤੀ ਪ੍ਰਾਪਤਿ ਨਹੀਂ ਹੋਤੀ॥”

ਸੋ, ਇਸ ਤੋਂ ਪਤਾ ਲਗਦਾ ਹੈ ਕਿ ਗੁਰਬਾਣੀ ਦੀ ਫ਼ਿਲਾਸਫ਼ੀ ਭਾਵ ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀਂ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ।

ਦੋ ਦਿਨਾਂ ਦੇ ਚਲਦੇ ਵਿਵਾਦ ਦੌਰਾਨ ਰੰਧਾਵਾ ਜੀ ਇਹ ਤਾਂ ਮੰਨਣ ਲੱਗ ਪਏ ਕਿ ਉਨ੍ਹਾਂ ਔਰਤ ਨੂੰ ਅਪਵਿੱਤਰ ਨਹੀਂ ਕਿਹਾ ਪਰ ਮਹਾਂਵਾਰੀ ਦੀ ਕਿਰਿਆ ਨੂੰ ਅਪਵਿੱਤਰ ਕਿਹਾ ਹੈ। ਜੇ ਗੱਲ ਸਹੀ ਹੈ ਤਾਂ ਉਨ੍ਹਾਂ ਵੱਲੋਂ ਹੀ ਦਿੱਤੇ ਪ੍ਰਮਾਣ “ਨਵੇ ਛਿਦ੍ਰ ਸ੍ਰਵਹਿ, ਅਪਵਿਤ੍ਰਾ ॥” ਅਨੁਸਾਰ ਇਹ ਅਪਵਿੱਤਰਤਾ ਤਾਂ ਇਸਤਰੀ ਪੁਰਸ਼ਾਂ ਦੋਵਾਂ ਵਿੱਚ ਹੀ ਹਰ ਸਮੇਂ ਬਣੀ ਰਹਿੰਦੀ ਹੈ ਫਿਰ ਸਿਰਫ ਔਰਤਾਂ ’ਤੇ ਪਾਬੰਦੀ ਕਿਉਂ?

ਭਾਈ ਹਰੀ ਸਿੰਘ ਜੀ ਰੰਧਾਵਾ ਇੱਕ ਨੌਜਵਾਨ ਭੁਪਿੰਦਰ ਸਿੰਘ ਦੇ ਇਸ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੇ ਕਿ ਜੇ ਅੰਦਰੂਨੀ ਕਪੜਿਆਂ ਨੂੰ ਖੂਨ ਦੇ ਦਾਗ ਲੱਗਣ ਕਾਰਣ ਹੀ ਔਰਤ ਅਪਵਿੱਤਰ ਹੋ ਜਾਂਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੀ ਤਾਂ ਜੇਕਰ ਮਰਦ ਦੇ ਸਰੀਰ ’ਤੇ ਕੋਈ ਜਖ਼ਮ ਹੋ ਜਾਣ ਕਰਕੇ ਖੂਨ ਸਿਮਦਾ ਹੋਵੇ ਤਾਂ ਕੀ ਉਹ ਪੱਟੀ ਬੰਨ੍ਹ ਕੇ ਤਾਬਿਆ ਬੈਠ ਸਕਦਾ ਹੈ ਜਾਂ ਨਹੀਂ ? ਦੂਸਰਾ ਸਵਾਲ ਕੇ ਪਾਥੀਆਂ, ਜੋ ਪਸ਼ੂਆਂ ਦੇ ਮਲ ਮੂਤਰ ਤੋਂ ਬਣੀਆਂ ਹਨ, ’ਚੋਂ ਕਿਸੇ ਉਚੀ ਆਤਮਿਕ ਅਵਸਥਾ ਵਾਲੇ ਵਿਅਕਤੀ ਨੂੰ ‘ਵਾਹਿਗੁਰੂ ਵਾਹਿਗੁਰੂ’ ਸ਼ਬਦ ਸੁਣਾਈ ਦੇ ਸਕਦਾ ਹੈ ਤਾਂ ਮਹਾਂਵਾਰੀ ਦੇ ਦਿਨਾਂ ਵਿੱਚ ਇੱਕ ਔਰਤ ਵਿੱਚੋਂ ਉਸ ਵਿਅਕਤੀ ਨੂੰ ਉਹ ਪਵਿੱਤਰਤਾ ਕਿਉਂ ਵਿਖਾਈ ਨਹੀਂ ਦਿੰਦੀ ਜਦੋਂ ਕਿ ਸਾਡੀਆਂ ਮਾਤਾਵਾਂ ਨੂੰ ਮਹਾਂਵਾਰੀ ਆਉਣ ਕਰਕੇ ਹੀ ਮੇਰੇ, ਤੁਹਾਡੇ ਸਮੇਤ ਹਰ ਵਿਅਕਤੀ ਦੀ ਹੋਂਦ ਵਜੂਦ ਵਿੱਚ ਆਈ ਹੈ।

ਸਿੱਖ ਆਵਾਜ਼ : ਭਰਾ, ਇਹ ਮਰਦ ਔਰਤ ਦਾ ਸਵਾਲ ਨਹੀ, ਤੇ ਬੰਦੇ ਨੂੰ ਬਾਬਾਸੀਰ ਹੋ ਜਾਵੇ ਤਾ ਓਹ ਗੱਲ ਭੀ ਕਪੜੇ ਨੂੰ ਪਲੀਤ ਕਰ ਦਿੰਦੀ ਹੈ| ਇਹੀ ਨਹੀ, ਜੇ ਕਿਸੇ ਬੰਦੇ ਨੂੰ nocturnal (semen) emission ਹੋ ਜਾਵੇ, ਤਾਂ ਫਿਰ ਉਸਦੇ ਕਪੜੇ ਪਲੀਤ ਹੋ ਜਾਂਦੇ ਨੇ| ਗੁਰਬਾਣੀ ਵਿਚ ਤਾਂ ਕਿਹਾ ਹੈ ਕਿ ਪਿਸ਼ਾਬ ਤੇ ਖੂਨ ਕਪੜੇ ਨੂੰ ਪਲੀਤ ਕਰਦੇ ਨੇ, ਤਾ ਫਿਰ ਅਸੀਂ ਇਸ ਗੱਲ ਨੂੰ ਕਿਓਂ ਨਹੀ ਮਨ ਰਹੇ?? ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ (ਜੇ ਖੂਨ ਕਪੜੇ ਨੂੰ ਲੱਗ ਜਾਵੇ ਤਾਂ ਉਹ ਜਾਮਾ ਪਲੀਤ ਹੋ ਜਾਂਦੇ ਨੇ) ਮੂਤ ਪਲੀਤੀ ਕਪੜੁ ਹੋਇ ॥ (ਪਿਸ਼ਾਬ ਕਪੜੇ ਨੂੰ ਪਲੀਤ ਕਰਦਾ ਹੈ)

ਕਿਰਪਾਲ ਸਿੰਘ : ਵੀਰ ਜੀ ਤੁਹਾਡੀ ਪਹਿਲੀ ਮੁਸ਼ਕਲ ਤਾਂ ਇਹ ਹੈ ਕਿ ਤੁਸੀਂ ਸਰੀਰਕ ਸਫਾਈ ਅਤੇ ਸਰੀਰਕ ਅਪਵਿੱਤਰਤਾ ਦੇ ਫਰਕ ਨੂੰ ਨਹੀਂ ਸਮਝ ਰਹੇ। ਦੂਸਰੀ ਗੱਲ ਹੈ ਕਿ ਜੇ ਤੁਹਾਡੀ ਮੰਨ ਵੀ ਲਈਏ ਕਿ ਜੇ ਬੰਦੇ ਨੂੰ ਬਵਾਸੀਰ ਹੋ ਜਾਵੇ, nocturnal (semen) emission ਹੋ ਜਾਵੇ, ਜਾਂ ਕਪੜਿਆਂ ਨੂੰ ਪਿਸ਼ਾਬ ਲੱਗ ਜਾਵੇ ਤਾਂ ਫਿਰ ਉਸਦੇ ਕਪੜੇ ਪਲੀਤ ਹੋ ਜਾਂਦੇ ਨੇ; ਵੀਰ ਜੀ ਇੇਹ ਦੱਸੋ ਕੀ ਅੱਜ ਤੱਕ ਕਿਸੇ ਡੇਰੇਦਾਰ ਪ੍ਰਚਾਰਕ ਨੇ ਕਿਸੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਦਰਬਾਰ ਸਾਹਿਬ ‘ਚ ਕੀਰਤਨ ਕਰਨ ਤੋਂ, ਪੰਜਾਂ ਪਿਆਰਿਆਂ ‘ਚ ਸੇਵਾ ਨਿਭਾਉਣ ਤੋਂ ਜਾਂ ਕਿਸੇ ਹੋਰ ਸੇਵਾ ਕਰਨ ਤੋਂ ਰੋਕਿਆ ਹੈ ਕਿਉਂਕਿ ਬਵਾਸੀਰ ਤਾਂ ਚਲੋਂ ਕਿਸੇ ਵਿਰਲੇ ਵਿਅਕਤੀ ਨੂੰ ਹੋਵੇਗੀ nocturnal (semen) emission ਅਤੇ ਪਿਸ਼ਾਬ ਨਾਲ ਤਾਂ ਹਰ ਬੰਦੇ ਦੇ ਕਪੜੇ ਹੀ ਪਲੀਤ ਹੋ ਸਕਦੇ ਹਨ। ਪਿਸ਼ਾਬ ਕਰਨ ਸਮੇਂ ਮਨੁੱਖ ਕਿਤਨਾ ਵੀ ਧਿਆਨ ਰੱਖੇ ਪਿਸ਼ਾਬ ਦੇ ਇੱਕ ਦੋ ਛਿੱਟੇ ਕਛਿਹਰੇ ਨੂੰ ਲੱਗ ਹੀ ਹਨ। ਜੇ ਤੁਹਾਡਾ ਕਹਿਣਾ ਹੈ ਕਿ ਇਨ੍ਹਾਂ ਕਿਰਿਆਵਾਂ ਕਾਰਨ ਜਿਸ ਮਰਦ ਦੇ ਕਪੜੇ ਪਲੀਤ ਹੋਏ ਹੁੰਦੇ ਹਨ ਉਹ ਖੁਦ ਹੀ ਸੇਵਾ ‘ਚ ਸ਼ਾਮਲ ਨਹੀਂ ਹੁੰਦਾ ਤਾਂ ਕੀ ਇਹ ਗੱਲ ਬੀਬੀਆਂ ‘ਤੇ ਨਹੀਂ ਢੁਕਦੀ ਕਿ ਜਿਸ ਨੂੰ ਮਾਸਕ ਧਰਮ ਆਇਆ ਹੁੰਦਾ ਹੈ ਉਹ ਖੁਦ ਹੀ ਸੇਵਾ ‘ਚ ਸ਼ਾਮਲ ਨਹੀਂ ਹੁੰਦੀਆਂ। ਕੀ ਤੁਸੀਂ ਬੀਬੀਆਂ ਨੂੰ ਤੁਸੀਂ ਇਨੀਆਂ ਬੁੱਧੀਹੀਣ, ਬੇਸਮਝ ਅਤੇ ਅਗਿਆਨਣਾਂ ਸਮਝਦੇ ਹੋ ਕਿ ੳੁਨ੍ਹਾਂ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਉਨ੍ਹਾਂ ਨੂੰ ਮਾਸਕ ਧਰਮ ਆਉਣ ਸਦਕਾ ਉਨ੍ਹਾਂ ਦੇ ਕਪੜੇ ਮਲੀਨ ਹੋ ਚੁੱਕੇ ਹਨ?

ਸਿੱਖ ਆਵਾਜ਼ : ਗੁਰਬਾਣੀ ਵਿਚ ਤਾਂ ਸਾਫ਼ ਲਿਖਿਆ ਹੈ, ਕਿ ਪਿਸ਼ਾਬ ਤੇ ਖੂਨ ਕਪੜੇਆਂ ਨੂੰ ਪਲੀਤ ਕਰਦੇ ਨੇ| ਤੇ ਇਹ ਤਾਂ common sense ਵਾਲੀ ਗੱਲ ਹੀ ਹੈ ਕਿ ਤਾਬੀਆਂ ਦੀ, ਪੰਜਾ ਪਿਆਰਿਆਂ ਦੀ ਸੇਵਾ ਪਲੀਤ ਹੋਏ ਕਪੜੇਆਂ ਨਾਲ ਨਹੀ ਕਰੀ ਦੀ| ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਾਰੇ ਸਵਾਲ ਪੁਛਿਆ ਹੈ, ਜੁਵਾਬ ਇਹ ਹੈ ਕਿ ਉਥੇ ਭੀ ਇਹ ਮਰਿਆਦਾ ਹੈ ਕਿ ਤਾਬੀਆਂ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਨੂੰ ਸਾਫ਼ ਕਪੜੇ ਪਿਹਨਣੇ ਪੈਂਦੇ ਹਨ| ਜੇ ਉਹ ਗ੍ਰੰਥੀ ਸਿੰਘ ਨੂੰ ਪਿਸ਼ਾਬ ਆ ਜਾਏ ਤਾਂ ਉਸਨੂੰ ਦੁਬਾਰਾ ਇਸ਼ਨਾਨ ਕਰਕੇ ਫਿਰ ਤੋਂ ਓਹ ਕਪੜੇ ਪਿਹਨਣੇ ਪੈਂਦੇ ਹਨ ਜਿਸਨੂ ਪਿਸ਼ਾਬ ਨਾ ਲਗਾ ਹੋਵੇ| ਜਿਹੜੀ ਰਹਿਤ ਬੰਦਿਆਂ ਤੇ ਲਾਗੂ ਹੁੰਦੀ ਹੈ, ਉਹੀ ਔਰਤਾਂ ਤੇ ਭੀ ਲਾਗੂ ਹੁੰਦੀ ਹੈ|

ਕਿਰਪਾਲ ਸਿੰਘ : ਵੀਰ ਜੀ ! ਸਾਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਮਰਦ ਦੁਬਾਰਾ ਇਸ਼ਨਾਨ ਕਰਕੇ ਤਬਿਆ ਬੈਠ ਸਕਦੇ ਹਨ ਕੀ ਉਸੇ ਤਰ੍ਹਾਂ ਇਸਤਰੀਆਂ (ਜਿਨ੍ਹਾਂ ਦਾ ਤਿੰਨ ਦਿਨਾਂ ਮਾਸਕ ਧਰਮ ਦਾ ਸਮਾਂ ਸਮਾਪਤ ਹੋ ਚੁਕਿਆ ਹੈ; ਜਾਂ ਗਰਭਵਤੀ ਹੋਣ ਕਰਕੇ ਮਾਸਕ ਧਰਮ ਆਉਣਾ ਬੰਦ ਹੋ ਗਿਆ ਹੈ; ਜਾਂ ਉਨ੍ਹਾਂ ਦੀ ਉਮਰ ੪੫-੫੦ ਸਾਲ ਤੋਂ ਉਪਰ ਹੋ ਜਾਣ ਕਰਕੇ ਮਾਸਕ ਧਰਮ ਆਉਣਾ ਬੰਦ ਹੋ ਗਿਆ ਹੈ ਕੀ ਉਹ) ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠ ਸਕਦੀਆਂ ਹਨ ਅਤੇ ਪੰਜਾ ਪਿਆਰਿਆਂ ਦੀ ਸੇਵਾ ਨਿਭਾ ਸਕਦੀਆਂ ਹਨ ਜਾਂ ਨਹੀਂ??

ਸਿੱਖ ਆਵਾਜ਼ : ਜੀ ਹਾਂ, ਜੇ ਕੋਈ ਇਸਤਰੀ ਇਸ਼ਨਾਨ ਕਰ ਲਵੇ, ਤਾਂ ਉਹ ਭੀ ਤਾਬਿਆਂ ਦੀ ਸੇਵਾ ਨਿਭਾ ਸਕਦੀ ਹੈ| ਰਿਹਤ ਦੋਨਾਂ ਲਈ ਇਕ ਬਰਾਬਰ ਹੈ|

ਕਿਰਪਾਲ ਸਿੰਘ : ਧੰਨਵਾਦ ਜੀ ਹੁਣ ਤੁਸੀਂ ਸਹੀ ਜਵਾਬ ਦਿੱਤਾ ਹੈ। ਹੁਣ ਤੁਸੀਂ ਇਹੀ ਗੱਲ ਰੰਧਾਵਾ ਜੀ ਸਮੇਤ ਸੰਤ ਸਮਾਜ ਅਤੇ ਜਥੇਦਾਰਾਂ ਨੁੰ ਸਮਝਾ ਦੇਵੋ ਕਿ ਉਹ ਦਰਬਾਰ ਸਾਹਿਬ ‘ਚ ਬੀਬੀਆਂ ਵੱਲੋਂ ਗ੍ਰੰਥੀ, ਕੀਰਤਨ, ਪੰਜ ਪਿਆਰਿਆਂ ਅਤੇ ਹੋਰ ਸੇਵਾਵਾਂ ਨਿਭਾੳੁਣ ਦੀ ਆਗਿਆ ਦੇਣ ਦਾ ਵਿਰੋਧ ਕਰਕੇ ਨਿੱਤ ਨਵੇਂ ਵਿਵਾਦਾਂ ਨੂੰ ਜਨਮ ਦੇਣ ਤੋਂ ਸੰਕੋਚ ਕਰਨ ਜੀ। ਸਗੋਂ ਕੌਮ ਦੇ ਆਗੂਆਂ ਵਜੋ ਸਹੀ ਰੋਲ ਨਿਭਾਉਂਦੇ ਹੋਏ ਖ਼ੁਦ ਪਹਿਲ ਕਰਕੇ ਬੀਬੀਆਂ ਨੂੰ ਹਰ ਤਰ੍ਹਾਂ ਦੀ ਸੇਵਾ ਨਿਭਾਉਣ ਦੀਆਂ ਹੱਕਦਾਰ ਹੋਣ ਦਾ ਐਲਾਨ ਕਰਨ।

ਸਿੱਖ ਆਵਾਜ਼ : ਜੀ ਹਾਂ, ਇਥੇ ਮੈ ਤੁਹਾਡੇ ਨਾਲ ਸਿਹਮਤ ਹਾਂ| ਇਸ ਮਸਲੇ ਵਿਚ ਦੋਨਾਂ ਧਿਰਾਂ ਨੇ ਸਟੈਂਡ ਲਿਆ, ਪਰ ਪੂਰਨ ਸਚ ਦੋਨਾ ਪਾਸ ਨਹੀ| ਸੰਤ ਸਮਾਜ ਦੀ ਇਹ ਗਲਤੀ ਹੈ ਕਿ ਉਹ ਮਾਹਵਾਰੀ ਦੀ ਕ੍ਰਿਯਾ ਨੂੰ ਲੈਕੇ ਇਹ ਨਾ ਆਖਣ ਕਿ ਔਰਤ ਬਿਲਕੁਲ ਭੀ ਨਾ ਤਾਬਿਆਂ ਦੀ ਸੇਵਾ ਕਰਨ ਕਿਓਂਕਿ ਮਾਹਵਾਰੀ ਦੀ ਕ੍ਰਿਯਾ ਬੱਸ ਕੁਛ ਦਿਨਾ ਲਈ ਹੁੰਦੀ ਹੈ| ਤੇ ਦੂਜੇ ਪਾਸੇ ਮਿਸ਼ਨਰੀ ਵੀਰ ਭੀ ਇਹ ਨਾ ਆਖਣ ਦੀ ਮਾਹਵਾਰੀ ਦਾ ਕੋਈ ਫਰਕ ਹੀ ਨਹੀ, ਤੇ ਔਰਤ ਲਹੂ ਨਾਲ ਪਲੀਤ ਹੋਏ ਕਪੜੇਆਂ ਸਮੇਤ ਤਾਬਿਆਂ ਤੇ ਬੈਠੇ, ਇਹ ਭੀ ਜ਼ਿਦ ਗਲਤ ਹੈ| ਇਹ ਮੇਰਾ ਨਿਜੀ ਖਿਆਲ ਹੈ| ਜਿਦਰ ਤਕ ਦਰਬਾਰ ਸਾਹਿਬ ਦੀ ਗੱਲ ਹੈ, ਜੇ ਇਤਿਹਾਸ ਫੋਲਿਆ ਜਾਵੇ, ਤਾ ਇਕ ਭੀ ਮਿਸਾਲ ਨਹੀ ਮਿਲਦੀ ਜਦੋਂ ਔਰਤ ਨੇ ਤਾਬੀਆਂ ਦੀ ਸੇਵਾ ਨਿਭਾਈ ਹੋਵੇ| ਸ਼ਾਇਦ ਇਸੇ ਵਾਸਤੇ ਇਸ ਗੱਲ ਵਿਚ ਵਾਦ ਵਿਵਾਦ ਹੈ| ਪਿਹਲੇ ਦਿਨ ਗੁਰਦੁਆਰੇ ਵਿਚ ਜੋ ਜਲੂਸ ਮਿਸ਼ਨਰੀਆਂ ਨੇ ਕੀਤਾ, ਉਹ ਸਚ ਮੁਚ ਆਪਣੇ ਵਿਚ ਹੀ ਇਕ ਨਮੂਨਾ ਬਣਕੇ ਰਹਿ ਗਿਆ ਹੈ| ਕਿਸੇ ਮਸਲੇ ਨੂੰ ਸੁਲਝਾਉਣ ਲਈ, ਗੱਲ ਕਰਨ ਦਾ ਭੀ ਕੋਈ ਤਰੀਕਾ ਹੁੰਦਾ ਹੈ| ਪਰ ਗੁਰਦਵਾਰੇ ਵਿਚ ਉਚੀ ਉਚੀ ਰੌਲਾ ਪਾਉਣਾ, ਸੰਗਤ ਨੂੰ ਧਕੇ ਮਾਰਨੇ, ਇਸ ਤਰ੍ਹਾ ਤਾਂ ਜਾਨਵਰ ਭੀ ਨਹੀ ਕਰਦੇ| ਜੇ ਤੁਹਾਡੇ ਤੇ ਮੇਰੇ ਵਰਗੇ ਬੰਦੇ ਜਿਆਦਾ ਹੋਣ ਤਾਂ ਕੋਈ ਭੀ ਮਸਲਾ ਹੱਲ ਹੋ ਸਕਦਾ ਹੈ|

ਕਿਰਪਾਲ ਸਿੰਘ : ਧੰਨਵਾਦ ਜੀ। ਤੁਹਾਡੇ ਵੀਚਾਰ ਕਾਫੀ ਹੱਦ ਤੱਕ ਮੇਰੇ ਨਾਲ ਮਿਲਦੇ ਨਜ਼ਰ ਆ ਰਹੇ ਹਨ। ਪਰ ਮੈਂ ਤੁਹਾਡੇ ਇਸ ਕਥਨ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਮਿਸ਼ਨਰੀ ਇਹ ਜ਼ਿਦ ਕਰ ਰਹੇ ਹਨ ਕਿ ਔਰਤ ਲਹੂ ਨਾਲ ਪਲੀਤ ਹੋਏ ਕਪੜਿਆਂ ਸਮੇਤ ਤਾਬਿਆ ‘ਤੇ ਬੈਠੇ। ਮੈਂ ਖ਼ੁਦ ਮਿਸ਼ਨਰੀ ਵਰਗ ਵਿੱਚੋਂ ਹਾਂ ਨਾਂ ਮੈ ਖ਼ੁਦ ਇਹ ਗੱਲ ਕਦੀ ਕਹੀ ਜਾਂ ਲਿਖੀ ਹੈ ਅਤੇ ਨਾ ਹੀ ਕਿਸੇ ਹੋਰ ਮਿਸ਼ਨਰੀ ਵਿਦਵਾਨ ਦੇ ਮੂੰਹੋਂ ਕਦੀ ਇਹ ਸ਼ਬਦ ਸੁਣੇ ਹਨ। ਸਰੀਰਕ ਸਫਾਈ ਰੱਖਣ ਦਾ ਮਿਸ਼ਨਰੀਆਂ ਨੇ ਕਦੀ ਵੀ ਵਿਰੋਧ ਨਹੀਂ ਕੀਤਾ ਉਹ ਸਿਰਫ ਸੰਪ੍ਰਦਾਈ ਪ੍ਰਚਾਰਕਾਂ ਵੱਲੋਂ ਜੋ ਸਫਾਈ ਨੂੰ ਪਵਿੱਤਰਤਾ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਉਸ ਦਾ ਮਿਸ਼ਨਰੀ ਇਸ ਦਲੀਲ ਨਾਲ ਵਿਰੋਧ ਕਰਦੇ ਹਨ ਕਿ ਨਿਰੰਕਾਰ ਅਕਾਲ ਪੁਰਖ਼ ਦੇ ਨਾਮ ਤੋਂ ਬਿਨਾਂ ਇਸ ਦੁਨੀਆਂ ਵਿੱਚ ਕੁਝ ਵੀ ਪਵਿੱਤਰ ਨਹੀਂ ਹੈ ਅਤੇ ਕੇਵਲ ਸਰੀਰ ਧੋਣ ਨਾਲ ਕੋਈ ਮਨੁਖ ਪਵਿੱਤਰ ਨਹੀਂ ਹੋ ਸਕਦਾ: “ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥” ਇਸ ਦਲੀਲ ਦੇ ਸੰਪ੍ਰਦਾਈ ਲੋਕ ਗਲਤ ਅਰਥ ਕੱਢ ਲੈਂਦੇ ਹਨ ਕਿ ਮਿਸ਼ਨਰੀ ਇਹ ਆਖਦੇ ਹਨ ਕਿ: “ਔਰਤ ਲਹੂ ਨਾਲ ਪਲੀਤ ਹੋਏ ਕਪੜਿਆਂ ਸਮੇਤ ਤਾਬਿਆ ‘ਤੇ ਬੈਠ ਸਕਦੀ ਹੈ।” ਸ਼ਾਇਦ ਇਸੇ ਪ੍ਰਚਾਰ ਤੋਂ ਤੁਸੀਂ ਵੀ ਪ੍ਰਭਾਵਤ ਹੋਏ ਜਾਪਦੇ ਹੋ! ਸੋ ਤੁਹਾਨੂੰ ਮਿਸ਼ਨਰੀਆਂ ਸਬੰਧੀ ਆਪਣੀ ਸੋਚ ਬਦਲਣ ਦੀ ਲੋੜ ਹੈ। ਤੁਹਾਡੀ ਇਸ ਦਲੀਲ ਵਿੱਚ ਵੀ ਕੋਈ ਵਜ਼ਨ ਨਹੀਂ ਹੈ ਕਿ “ਜਿੱਥੋਂ ਤਕ ਦਰਬਾਰ ਸਾਹਿਬ ਦੀ ਗੱਲ ਹੈ, ਜੇ ਇਤਿਹਾਸ ਫੋਲਿਆ ਜਾਵੇ, ਤਾ ਇਕ ਭੀ ਕੋਈ ਮਿਸਾਲ ਨਹੀ ਮਿਲਦੀ ਜਦੋਂ ਔਰਤ ਨੇ ਤਾਬਿਆ ਦੀ ਸੇਵਾ ਨਿਭਾਈ ਹੋਵੇ| ਸ਼ਾਇਦ ਇਸੇ ਵਾਸਤੇ ਇਸ ਗੱਲ ਦਾ ਵਾਦ ਵਿਵਾਦ ਹੈ|” ਵੀਰ ਜੀ ਕੀ ਤੁਸੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਗੁਰੂ ਅਮਰ ਦਾਸ ਜੀ ਨੇ ਪ੍ਰਚਾਰ ਹਿੱਤ 52 ਪੀਹੜੇ ਸਥਾਪਤ ਕੀਤੇ ਸਨ ਜਿਨ੍ਹਾਂ ਦੀਆਂ ਮੁਖੀ ਇਸਤਰੀਆਂ ਬਣਾਈਆਂ ਗਈਆਂ। ਜੇ ਇੱਕ ਗੁਰੂ ਵੱਲੋਂ ਸਥਾਪਤ ਕੀਤੇ ਪ੍ਰਚਾਰ ਕੇਂਦਰ ਦੀ ਮੁਖੀ ਇਸਤਰੀ ਹੋ ਕੇ ਪ੍ਰਚਾਰ ਕਰ ਸਕਦੀ ਹੈ ਤਾਂ ਦੂਸਰੇ ਗੁਰੂ ਵੱਲੋਂ ਸਥਾਪਤ ਕੀਤੇ ਕੇਂਦਰੀ ਅਸਥਾਨ ਦਰਬਾਰ ‘ਚ ਇਸਤਰੀ ਗ੍ਰੰਥੀ ਅਤੇ ਕੀਰਤਨੀਏ ਵਜੋਂ ਸੇਵਾ ਕਿਉਂ ਨਹੀਂ ਨਿਭਾ ਸਕਦੀ ? ਦੂਸਰੀ ਮਿਸਾਲ ਹੈ ਕਿ ਅਸੀਂ ਤੁਸੀਂ ਤਕਰੀਬਨ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ 1699 ਦੀ ਵੈਸਾਖੀ ਨੂੰ ਅੰਮ੍ਰਿਤ ਛਕਾਉਣ ਸਮੇਂ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾਏ ਸਨ। ਕੀ ਇਸ ਦੇ ਇਹ ਅਰਥ ਨਹੀਂ ਨਿਕਲਦੇ ਕਿ ਅੰਮ੍ਰਿਤ ਦੀ ਤਿਆਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਮਾਤਾ ਸਾਹਿਬ ਕੌਰ ਵੀ ਸ਼ਾਮਲ ਸੀ ਇਸੇ ਕਾਰਨ ਅੰਮ੍ਰਿਤ ਛਕਾਉਣ ਉਪ੍ਰੰਤ ਅੰਮ੍ਰਿਤ ਅਭਿਲਾਖੀਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ, ਮਾਤਾ ਸਾਹਿਬ ਕੌਰ ਜੀ ਹਨ। ਫਿਰ ਇਸ ਇਤਿਹਾਸਕ ਸਚਾਈ ਨੂੰ ਅੱਖੋਂ ਪਰੋਖੇ ਕਰਕੇ ਅੱਜ ਬੀਬੀਆਂ ‘ਤੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਸ਼ਾਮਲ ਹੋਣ ‘ਤੇ ਪਬੰਦੀ ਕਿਉਂ? ਤੁਸੀ ਕਹਿ ਸਕਦੇ ਹੋ ਕਿ ਪੰਜ ਪਿਆਰਿਆਂ ਦੀ ਚੋਣ ਕਰਨ ਸਮੇਂ ਕਿਸੇ ਵੀ ਬੀਬੀ ਨੇ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ। ਜੇ ਇਹ ਗੱਲ ਹੈ ਤਾਂ ਘੱਟ ਤੋਂ ਘੱਟ ਪਤਾਸੇ ਪਾ ਉਣ ਦੀ ਸੇਵਾ ਹੀ ਕਿਸੇ ਬੀਬੀ ਪਾਸੋਂ ਕਰਵਾਈ ਜਾਵੇ। ਦੂਸਰੀ ਗੱਲ ਹੈ ਕਿ ਦਰਬਾਰ ਸਾਹਿਬ ਦੀ ਮਰਯਾਦਾ ਤਾਂ ਪਹਿਲਾਂ ਹੀ ‘ਗੁਰ ਬਿਲਾਸ ਪਾ: 6’ ਦੇ ਕਰਤੇ ਨੇ ਬਿਪ੍ਰਵਾਦ ਦੀ ਭੇਟ ਚੜ੍ਹਾ ਦਿੱਤਾ ਜਦੋਂ ਉਸ ਨੇ ਲਿਖ ਦਿੱਤਾ ਕਿ ਜਿਸ ਸਮੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਵਿਸ਼ਨੂੰ ਜੀ ਨੇ ਆ ਦਰਸ਼ਨ ਦਿੱਤੇ ਅਤੇ ਕਿਹਾ ਕਿ ਗੁਰੂ ਅਰਜੁਨ ਮੇਰਾ ਹੀ ਮੰਦਰ ਬਣਾ ਰਿਹਾ ਹੈ। ਇਸ ਵਿੱਚ ਦੇਰ ਰਾਤ ਤੋਂ ਬਾਅਦ ਦਿਨ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਤੱਕ ਮੇਰਾ ਪਹਿਰਾ ਰਹੇਗਾ ਅਤੇ ਉਸ ਤੋਂ ਬਾਅਦ ਗੁਰੂ ਦਾ! ਇਹੋ ਕਾਰਣ ਹੈ ਕਿ ਅਜ ਤਕ ਕੀਰਤਨ ਤਾਂ ਸਵਾ ਪਹਿਰ ਰਾਤ ਰਹਿੰਦੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਨ ਚੜ੍ਹਨ ਤੋਂ ਥੋਹੜਾ ਚਿਰ ਪਹਿਲਾਂ ਹੀ ਕੀਤਾ ਜਾਂਦਾ ਹੈ ਜਦੋਂ ਕਿ ਮਰਯਾਦਾ ਇਹ ਹੈ ਕਿ ਕੀਰਤਨ ਗੁਰੂ ਦੀ ਹਜੂਰੀ ਵਿੱਚ ਹੀ ਹੋਣਾ ਚਾਹੀਦਾ ਹੈ। ਸਿੱਖ ਨੇ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੁੰਦਾ ਹੈ; ਫਿਰ ਤੁਸੀਂ ਹੀ ਦੱਸੋਂ ਕਿ ਰਾਤ ਢਾਈ ਵਜੇ ਤੋਂ ਸਵੇਰੇ ਤਕਰੀਬਨ ਸਾਢੇ ਪੰਜ ਵਜੇ ਤੱਕ ਦਰਬਾਰ ਸਾਹਿਬ ਵਿੱਚ ਪਹੁੰਚ ਰਹੀ ਸਿੱਖ ਸੰਗਤ ਮੱਥਾ ਕਿਸ ਨੂੰ ਟੇਕ ਰਹੀ ਹੁੰਦੀ ਹੈ ? ਕੀ ਇਹ ਸੱਚ ਨਹੀਂ ਕਿ ਜਿਨ੍ਹਾਂ ਨੇ ਗੁਰ ਬਿਲਾਸ ਪਾ: 6 ਪੜ੍ਹੀ ਸੁਣੀ ਹੋਵੇਗੀ ਉਨ੍ਹਾਂ ਦੇ ਮਨ ਵਿੱਚ ਇਹ ਖ਼ਿਆਲ ਨਹੀਂ ਉਪਜੇਗਾ ਕਿ ਵਿਸ਼ਨੂੰ ਜੀ ਦਾ ਪਹਿਰਾ ਹੋਣ ਕਰਕੇ ਉਹ ਸੂਖਸ਼ਮ ਰੂਪ ਵਿੱਚ ਪੀਹੜਾ ਸਾਹਿਬ ‘ਤੇ ਬਿਰਾਜਮਾਨ ਹਨ ਜਿਨ੍ਹਾਂ ਨੂੰ ਮੱਥਾ ਟੇਕ ਰਹੇ ਹਨ। ਜੇ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ ਤਾਂ ਦੱਸੋ ਕਿ ਪੀਹੜਾ ਸਾਹਿਬ ਅਤੇ ਉਪਰ ਸੁੰਦਰ ਵਿਛਾਈ ਕਿਸ ਲਈ ਹਨ? ਜੇ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਲਈ ਮੰਨਦੇ ਹੋ ਤਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਭੁਲੇਖਾ ਪਾਉਣ ਲਈ ਵਿਛਾਈ ਸਮੇਤ ਪੀਹੜਾ ਸਾਹਿਬ ਉਥੇ ਬਿਲਕੁਲ ਨਹੀਂ ਹੋਣ ਚਾਹੀਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਉਣ ਤੋਂ ਕੇਵਲ 10-15 ਮਿੰਟ ਪਹਿਲਾਂ ਸ਼ੁਸੋਭਿਤ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਦਰਬਾਰ ਸਾਹਿਬ ਨੂੰ ਕੱਚੇ ਦੁੱਧ ਨਾਲ ਧੋਣਾ ਵੀ ਨਿਰੋਲ ਬਿਪਰਵਾਦੀ ਮਰਯਾਦਾ ਕਹੀ ਜਾ ਸਕਦੀ ਹੈ ਕਿਉਂ ? ਗੁਰਬਾਣੀ ਵਿੱਚ ਇੱਕ ਵੀ ਉਦਾਹਰਣ ਐਸੀ ਨਹੀਂ ਮਿਲਦੀ ਜਿੱਥੇ ਗੁਰੂ ਸਾਹਿਬ ਜੀ ਨੇ ਕਿਸੇ ਜਗ੍ਹਾ ਨੂੰ ਦੁੱਧ ਨਾਲ ਧੋ ਕੇ ਪਵਿੱਤਰ ਕਰਨ ਦੀ ਗੱਲ ਲਿਖੀ ਹੋਵੇ।

ਸੋ, ਵੀਰ ਜੀ ਲੋੜ ਹੈ ਬਿਪਰਵਾਦੀ ਧਾਰਨਾ ਮੁਤਾਬਿਕ ਇਸਤਰੀਆਂ ਨੂੰ ਪਲੀਤ ਕਹਿਣ ਦਾ ਤਿਆਗ ਕਰਕੇ ਗੁਰਬਾਣੀ ਤੋਂ ਸੇਧ ਲੈ ਕੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਅਤੇ ਸਨਮਾਨ ਦੇਣ ਦੀ।

ਤੀਸਰੀ ਗੱਲ ਜੋ ਤੁਸੀਂ ਸਰੀ ਦੇ ਗੁਰਦੁਆਰਾ ਸਾਹਿਬ ਵਿੱਚ ਪਹਿਲੇ ਦਿਨ (ਮਿਸ਼ਨਰੀਆਂ ਵੱਲੋਂ) ਜਲੂਸ ਕੱਢਣ ਸਬੰਧੀ ਲਿਖੀ ਹੈ ਨਿਰਸੰਦੇਹ ਉਹ ਬਹੁਤ ਹੀ ਨਿੰਦਣਯੋਗ ਵਰਤਾਰਾ ਸੀ ਜਿਸ ਦੀ ਮੈਂ ਨਿੰਦਾ ਕਰਦਾ ਹਾਂ ਪਰ ਇਸ ਸਾਰੇ ਦਾ ਦੋਸ਼ ਕੇਵਲ ਮਿਸ਼ਨਰੀਆਂ ਨੂੰ ਦੇਣਾ ਸਰਾਸਰ ਗਲਤ ਹੈ। ਕੀ ਇਸ ਲਈ ਪ੍ਰਬੰਧਕ ਅਤੇ ਭਾਈ ਰੰਧਾਵਾ ਜੀ ਬਰਾਬਰ ਦੇ ਦੋਸ਼ੀ ਨਹੀਂ ਹਨ? ਸਵਾਲ ਪੁੱਛਣ ਵਾਲਿਆਂ ਨੂੰ ਤੁਹਾਡੇ ਵੱਲੋਂ ਕੇਵਲ ‘ਮਿਸ਼ਨਰੀ’ ਕਹਿਣ ਨੂੰ ਤੁਸੀਂ ਜਾਇਜ਼ ਕਿਵੇਂ ਠਹਿਰਾ ਸਕਦੇ ਹੋ? ਕੀ ਸਵਾਲ ਪੁੱਛਣ ਵਾਲੇ ਸੰਗਤ ਦਾ ਹਿੱਸਾ ਨਹੀ ਹੋ ਸਕਦੇ? ਸੋ ਰੰਧਾਵਾ ਅਤੇ ਪ੍ਰਬੰਧਕ ਪੱਖੀਆਂ ਨੂੰ ਤੁਹਾਡੇ ਵੱਲੋਂ ਸੰਗਤ ਲਿਖਣਾ ਅਤੇ ਸਵਾਲ ਕਰਨ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੀ ਮਰਯਾਦਾ ਭੰਗ ਕਰਕੇ ਜਲੂਸ ਕੱਢਣ ਵਾਲੇ ‘ਮਿਸ਼ਨਰੀ’ ਲਿਖਣਾ ਅਨਿਆਇ ਪੂਰਬਕ ਹੈ।

ਸਵਾਲ ਕਰਨ ਵਾਲਿਆਂ ਨੇ ਰੰਧਾਵਾ ਜੀ ਦੇ ਆਉਣ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਲਿਖਤੀ ਸਵਾਲ ਦੇ ਕੇ ਸੂਚਿਤ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਉੱਤਰ ਲੈ ਕੇ ਦਿੱਤੇ ਜਾਣ ਨਹੀਂ ਤਾਂ ਉਹ ਖੁਦ ਸੰਗਤ ਵਿੱਚ ਇਹ ਸਵਾਲ ਪੁੱਛਣਗੇ। ਪ੍ਰਬੰਧਕਾਂ ਵੱਲੋਂ ਸਵਾਲ ਕਰਤਾਵਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰਨਾ ਕੀ ਉਨਾਂ ਦੀ ਗਲਤੀ ਨਹੀਂ ਹੈ?

ਸੋ, ਵੀਰ ਜੀ ਤੁਹਾਨੂੰ ਬੇਨਤੀ ਹੈ ਕਿ ਪੱਖਪਾਤੀ ਰੋਲ ਨਿਭਉਣ ਦੀ ਥਾਂ ਆਪਣੇ ਲਿਖੇ ਹੋਏ ਇਨ੍ਹਾਂ ਸ਼ਬਦਾਂ ‘ਤੇ ਪਹਿਰਾ ਦੇਣ ਦੀ ਖੇਚਲ ਕਰੋ ਜਿਸ ਵਿੱਚ ਤੁਸੀਂ ਲਿਖਿਆ ਹੈ: ” ਜੇ ਤੁਹਾਡੇ ਤੇ ਮੇਰੇ ਵਰਗੇ ਬੰਦੇ ਜਿਆਦਾ ਹੋਣ ਤਾਂ ਕੋਈ ਭੀ ਮਸਲਾ ਹੱਲ ਹੋ ਸਕਦਾ ਹੈ|” ਸੋ ਹਿੰਦੂ ਧਰਮ ਤੋਂ ਪ੍ਰਭਾਵਤ ਉਦਾਸੀਆਂ ਤੇ ਨਿਰਮਲਿਆਂ ਵੱਲੋਂ ਪ੍ਰਚਲਤ ਕੀਤੀਆਂ ਬਿਪ੍ਰਵਾਦੀ ਮਰਯਾਦਾਵਾਂ ਨੂੰ ਪ੍ਰੰਪਰਾ ਦਾ ਨਾਮ ਦੇ ਕੇ ਸਿੱਖਾਂ ਦਾ ਹਿੰਦੂਕਰਨ ਵਾਲਿਆਂ ਦਾ ਸਾਥ ਦੇਣ ਦੀ ਵਜ਼ਾਏ ਗੁਰਬਾਣੀ ਤੋਂ ਸੇਧ ਲੈ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਪੰਥ ਵਿੱਚ ਸਿਧਾਂਤਕ ਏਕਤ ਵੱਲ ਵਧਣ ਦਾ ਯਤਨ ਕੀਤਾ ਜਾਵੇ ਜੀ।