ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ

0
227

ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ

ਸ. ਸੁਖਵਿੰਦਰਜੀਤ ਸਿੰਘ

ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਗੁਰੂ ਘਰਾਂ ਦੀਆਂ ਮਾਲਕ ਨਹੀਂ ਹੁੰਦੀਆਂ, ਕਮੇਟੀ ਦੇ ਸਾਰੇ ਮੈਂਬਰ ਸੇਵਾਦਾਰ ਹੁੰਦੇ ਹਨ ਗੁਰੂ ਘਰਾਂ ਦੀ ਹੋਂਦ ਸੰਗਤਾਂ ਵਾਸਤੇ ਹੈ। ਇਸ ਲਈ ਉਨ੍ਹਾਂ ਦਾ ਹੀ ਗੁਰੂ ਘਰਾਂ ਤੇ ਅਸਲ ਅਧਿਕਾਰ ਹੁੰਦਾ ਹੈ, ਸੇਵਾਦਾਰਾਂ ਦਾ ਨਹੀਂ, ਉਨ੍ਹਾਂ ਦਾ ਕੰਮ ਸਿਰਫ਼ ਆਪਣੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਨਿਭਾਉਣਾ ਹੁੰਦਾ ਹੈ ਜਿਸ ਤਰ੍ਹਾਂ ਅਗਰ ਕੋਈ ਕਿਸੇ ਦਾ ਟਰੱਕ ਚਲਾਉਂਦਾ ਹੈ ਤਾਂ ਓਹ ਸਿਰਫ਼ ਡਰਾਈਵਰ ਹੀ ਹੈ, ਮਾਲਕ ਨਹੀਂ, ਉਸ ਦਾ ਟਰੱਕ ’ਤੇ ਕੋਈ ਅਧਿਕਾਰ ਨਹੀਂ ਉਸ ਦਾ ਕੰਮ ਸਿਰਫ਼ ਟਰੱਕ ਨੂੰ ਸਹੀ ਢੰਗ ਨਾਲ ਡਰਾਈਵ ਕਰਨਾ ਤੇ ਉਸ ਦਾ ਖ਼ਿਆਲ ਰੱਖਣਾ ਹੈ, ਹਾਂ ਉਸ ਦੀ ਕਿਹੜੀ ਬੀਮਾ ਸਕੀਮ ਕਦੋਂ ਖ਼ਤਮ ਹੋ ਰਹੀ ਹੈ ਜਾਂ ਕਿਹੜੇ ਪੇਪਰ ਦੀ ਲੋੜ ਕਾਨੂੰਨੀ ਤੋਰ ’ਤੇ ਹੈ, ਡਰਾਈਵਰ ਦਾ ਫਰਜ਼ ਹੈ ਕਿ ਉਹ ਸਹੀ ਰੱਖੇ, ਨਾ ਕਿ ਕਿਸੇ ਅਣਗਹਿਲੀ ਦਾ ਸ਼ਿਕਾਰ ਹੋਵੇ। ਇਹ ਉਸ ਡਰਾਈਵਰ ਦੀਆਂ ਆਪਣੇ ਟਰੱਕ ਪ੍ਰਤੀ ਜ਼ਿੰਮੇਵਾਰੀਆਂ ਹਨ ਤੇ ਇਹਨਾਂ ਨੂੰ ਸਹੀ ਢੰਗ ਨਾਲ ਨਿਭਾਉਣ ਵਾਲਾ ਹੀ ਇੱਕ ਇਮਾਨਦਾਰ ਡਰਾਈਵਰ ਹੈ ਅਗਰ ਕੋਈ ਡਰਾਈਵਰ ਟਰੱਕ ਤੇ ਆਪਣੀ ਮਲਕੀਅਤ ਜਿਤਾਉਂਦਾ ਹੈ ਤਾਂ ਮਾਲਕ ਉਸ ਨੂੰ ਰੋਕੇਗਾ ਤੇ ਕੰਮ ’ਤੋਂ ਵੀ ਹਟਾ ਦੇਵੇਗਾ ਇਸੇ ਤਰ੍ਹਾਂ ਗੁਰੂ ਘਰਾਂ ਦੀਆਂ ਕਮੇਟੀਆਂ ਹਨ, ਉਨ੍ਹਾਂ ਦਾ ਕੰਮ ਸਿਰਫ਼ ਸੰਗਤਾਂ ਦੀ ਸੇਵਾ ਕਰਨੀ ਹੈ ਭਾਵ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਹੈ, ਗੁਰੂ ਘਰਾਂ ’ਤੇ ਕਾਬਜ਼ ਹੋਣਾ ਨਹੀਂ ਲੇਕਿਨ ਦੇਖਣ ਵਿੱਚ ਜੋ ਆ ਰਿਹਾ ਉਹ ਇਸ ਤਰ੍ਹਾਂ ਦਾ ਅਨੁਸਾਸਨ ਨਹੀਂ ਹੈ। ਹਾਂ, ਇਸ ’ਤੋਂ ਵਿਪ੍ਰੀਤ ਜ਼ਰੂਰ ਹੈ ਪਰ ਇਸ ਲਈ ਜ਼ਿੰਮੇਵਾਰ ਕੋਣ ਹਨ? ਕਮੇਟੀਆਂ ਜਾਂ ਸੰਗਤਾਂ?

ਸੰਗਤਾਂ ’ਤੋਂ ਖਿਮਾ ਜਾਚਣਾ ਕਰਨ ’ਤੋ ਉਪਰੰਤ, ਮੈਂ ਇਹ ਕਹਾਂਗਾ ਕਿ ਸੰਗਤਾਂ ਹੀ ਇਸ ਲਈ ਬਹੁਤ ਹੱਦ ਤੱਕ ਜ਼ਿੰਮੇਵਾਰ ਹਨ। ਖ਼ਾਸ ਕਰਕੇ ਪ੍ਰਦੇਸ਼ਾਂ ਵਿੱਚ ਕਿਉਂਕਿ ਦੇਖਣ ਵਿੱਚ ਆਇਆ ਹੈ ਕਿ ਸੰਗਤਾਂ ਆਪਣਾ ਫਰਜ਼ ਪੂਰਾ ਨਹੀਂ ਨਿਭਾਉਂਦੀਆਂ। ਜਦੋਂ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਸੰਗਤਾਂ ਆਪਣੀ ਜ਼ਿੰਮੇਵਾਰੀ ’ਤੋਂ ਪਾਸਾ ਵੱਟ ਜਾਂਦੀਆਂ ਹਨ। ਜੋ ਸੰਗਤਾਂ ਵਿੱਚੋਂ ਗੁਰੂ ਘਰਾਂ ਦੇ ਕਾਨੂੰਨੀ ਤੋਰ ’ਤੇ ਮੈਂਬਰ ਹਨ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਚੋਣਾਂ ਲਈ ਨਿਯੁਕਤ ਕੀਤੇ ਦਿਨ ਗੁਰੂ-ਘਰ ਵਿੱਚ ਪਹੁੰਚ ਕੇ ਆਪਣਾ ਬਣਦਾ ਯੋਗਦਾਨ ਪਾਉਣ ਤੇ ਯੋਗ ਪ੍ਰਬੰਧਕਾਂ (ਸੇਵਾਦਾਰਾਂ) ਦੀ ਚੋਣ ਕਰਨ ਤਾਂ ਜੋ ਉਨ੍ਹਾਂ ਪ੍ਰਤੀ ਸਾਡਾ ਨਿੱਜੀ ਸਬੰਧ ਜਾਂ ਕੋਈ ਲਾਲਚ ਨਾ ਹੋਵੇ। ਘੱਟੋ ਘੱਟ ਗੁਰੂ ਘਰ ਵਿੱਚ ਤਾਂ ਧਰਮ ਦੀ ਪਾਲਣਾ ਸ਼ੁਰੂ ਕੀਤੀ ਜਾਵੇ। ਜਾਗਰੂਕ ਸੰਗਤਾਂ ਨੂੰ ਵੋਟਾਂ ਵਾਲੇ ਦਿਨ ਤਾਂ ਢਿੱਲ ਨਹੀਂ ਵਰਤਣੀ ਚਾਹੀਦੀ। ਜਿਵੇਂ ਇਮਾਨਦਾਰੀ ਆਪਣੇ ਧੰਦਿਆਂ ਪ੍ਰਤੀ ਦਿਖਾਉਂਦੇ ਹਾਂ ਕਦੇ ਵੀ ਦੇਰ ਨਹੀਂ ਕਰਦੇ ਜਾਂ ਗੈਰਹਾਜ਼ਰ ਨਹੀਂ ਹੁੰਦੇ ਉਸੇ ਤਰ੍ਹਾਂ ਚੋਣਾਂ ਵਾਲੇ ਦਿਨ ਵੀ ਕਦੇ ਗੈਰਹਾਜ਼ਰ ਨਹੀਂ ਰਹਿਣਾ ਚਾਹੀਦਾ। ਬੇਸ਼ੱਕ ਵੋਟਾਂ ਰਾਹੀਂ ਕਿਸੇ ਵੀ ਧਾਰਮਿਕ ਪ੍ਰਬੰਧ ਦੀ ਚੋਣ ਉਚਿਤ ਨਹੀਂ ਹੈ ਫਿਰ ਵੀ ਜਦ ਤੱਕ ਇਹ ਮੁਸੀਬਤ ਗਲ ਪਈ ਹੈ, ਉਸ ਵਿੱਚ ਤਾਂ ਆਪਣਾ ਲੋੜੀਂਦਾ ਯੋਗਦਾਨ ਪਾਉਣਾ ਚਾਹੀਦਾ ਹੈ। ਅਗਰ ਅੱਜ ਸਿੱਖੀ ਦੇ ਦਿਨ ਬਰ ਦਿਨ ਵਿਗੜ ਰਹੇ ਰੂਪ ਨੂੰ ਰੋਕਣਾ ਹੈ ਅਤੇ ਨਿਰੋਲ ਸਿੱਖੀ ਦੀ ਸਥਾਪਨਾ ਫਿਰ ’ਤੋਂ ਕਰਨੀ ਹੈ, ਜੋ ਕੇ ਲਾਜ਼ਮੀ ਵੀ ਹੈ, ਤਾਂ ਗੁਰੂ ਘਰਾਂ ਦਾ ਪ੍ਰਬੰਧ ਸਹੀ ਹੱਥਾਂ ਵਿੱਚ ਹੋਣਾ ਬਹੁਤ ਜਰੂਰੀ ਹੈ। ਅਜੋਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲ ਝਾਤੀ ਮਾਰੀ ਜਾਵੇ ਤਾਂ ਮਾਫ਼ ਕਰਨਾ ਦੇਖ ਕੇ ਨਿਰਾਸ਼ਾ ਹੀ ਹੁੰਦੀ ਹੈ। ਬਹੁਤ ਹੀ ਵਿਰਲੀਆਂ ਕਮੇਟੀਆਂ ਹੋਣਗੀਆਂ ਜਿਨ੍ਹਾਂ ਵਿੱਚ ਗੁਰਮਤਿ ਸੋਝੀ ਵਾਲੇ ਕੁੱਝ ਕੁ ਸੱਜਣ ਮਿਲਣਗੇ, ਬਹੁਤੀਆਂ ਕਮੇਟੀਆਂ ਸਿੱਖੀ ਸਰੂਪ ਵਾਲੇ ਸੱਜਣਾ ’ਤੋਂ ਹੀ ਵਾਂਝੀਆਂ ਹਨ ਜੋ ਮੰਦ ਭਾਗੀ ਗੱਲ ਹੈ। ਇਸੇ ਕਰਕੇ ਸਿਖੀ ਵਿੱਚ ਆ ਚੁੱਕੇ ਨਿਘਾਰ ਲਈ ਅੱਜ ਇਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਹੀ ਅਸਲ ਜ਼ਿੰਮੇਵਾਰ ਹਨ। ਤੁਸੀਂ ਆਪਣੇ ਆਸ-ਪਾਸ ਕਿਸੇ ਵੀ ਕੰਮ ’ਤੇ ਨਜ਼ਰ ਮਾਰ ਲਵੋ, ਤੁਹਾਨੂੰ ਨਿਰਾਸਾ ਹੀ ਹੱਥ ਲੱਗੇਗੀ ਭਾਵ ਪ੍ਰਬੰਧਕੀ ਸੇਵਾ ਨਿਭਾ ਰਿਹਾ ਹਰ ਵਿਅਕਤੀ ਅਸਲ ਵਿੱਚ ਉਸ ਡਰਾਈਵਰ ਵਾਂਗ ਹੈ ਜਿਸ ਨੂੰ ਆਪਣੇ ਕੰਮ ਦੀ ਕੋਈ ਜਾਣਕਾਰੀ ਨਹੀਂ ਹੈ। ਕੀ ਕਦੇ ਕੋਈ ਕੰਪਨੀ ਜਾਂ ਮਾਲਕ ਆਪਣਾ ਟਰੱਕ ਜਾਂ ਕੋਈ ਹੋੋਰ ਗੱਡੀ ਉਸ ਬੰਦੇ ਨੂੰ ਡਰਾਇਵਰ ਕਰਨ ਵਾਸਤੇ ਦੇਵੇਗਾ ਜਿਸ ਕੋਲ ਕੋਈ ਤਜਰਬਾ ਹੀ ਨਹੀਂ ਹੈ ਡਰਾਵਿੰਗ ਦਾ? ਨਹੀਂ ਦੇਵੇਗਾ। ਅਗਰ ਤੁਹਾਡੀ ਕੋਈ ਦੁਕਾਨ ਹੈ ਉਸ ਦੀ ਜ਼ਿੰਮੇਵਾਰੀ ਕੀ ਤੁਸੀਂ ਕਿਸੇ ਐਸੇ ਵਿਅਕਤੀ ਨੂੰ ਦੇਵੋਗੇ ਜਿਸ ਕੋਲ ਦੁਕਾਨ ਦੀ ਦੇਖ-ਭਾਲ਼ ਲਈ ਲੋੜੀਂਦਾ ਤਜਰਬਾ ਨਹੀਂ ਹੈ? ਅਸੀਂ ਕਦੇ ਵੀ ਅਜਿਹਾ ਨਹੀਂ ਕਰਾਂਗੇ ਤਾਂ ਫਿਰ ਗੁਰੂ ਘਰਾਂ ਦੇ ਪ੍ਰਬੰਧਕਾਂ ਦੀ ਚੋਣ ਸਮੇਂ ਅਸੀਂ ਅਜਿਹਾ ਕਿਉਂ ਕਰਦੇ ਆ ਰਹੇ ਹਾਂ ?

ਤੁਸੀਂ ਦੇਖੋ, ਕਿ ਯੂਨੀਵਰਸਿਟੀ ਦੇ ਵਿੱਚ ਅਲੱਗ ਅਲੱਗ ਵਿਭਾਗ ਹੁੰਦੇ ਹਨ, ਵਿਗਿਆਨ ਦਾ ਅਲੱਗ, ਭਾਸ਼ਾਵਾਂ ਦਾ ਅਲੱਗ, ਗਣਿਤ ਦਾ ਅਲੱਗ ਇਸੇ ਤਰ੍ਹਾਂ ਬਾਕੀ, ਤੁਸੀਂ ਕਦੇ ਦੇਖਿਆ ਹੈ ਕਿ ਕਿਸੇ ਵਿਭਾਗ ਦਾ ਇੰਚਾਰਜ ਉਸ ਵਿਸ਼ੇ ’ਤੋਂ ਅਨਜਾਣ ਹੋਵੇ ? ਨਹੀਂ, ਕਦੇ ਵੀ ਅਜਿਹਾ ਨਹੀਂ ਹੁੰਦਾ, ਵਿਗਿਆਨ ਦੀ ਜਾਣਕਾਰੀ ਭਾਵ ਵਿਦਿਆ ਦਾ ਹੋਣਾ ਲਾਜ਼ਮੀ ਹੈ। ਵਿਗਿਆਨ ਵਿਭਾਗ ਦੀ ਦੇਖ-ਭਾਲ਼ ਅਤੇ ਉਸ ਦੀ ਤਰੱਕੀ ਲਈ ਕਦੇ ਵੀ ਅਗਰੇਜ਼ੀ ਭਾਸ਼ਾ ਦਾ ਮਾਹਿਰ ਪੰਜਾਬੀ ਭਾਸ਼ਾ ਦੇ ਵਿਭਾਗ ਨਹੀਂ ਚਲਾ ਸਕੇਗਾ। ਇਹ ਸਭ ਦੱਸਣ ਅਤੇ ਲਿਖਣ ’ਤੋਂ ਭਾਵ ਹੈ ਕਿ ਕਿਸੇ ਮਹਿਕਮੇ ਜਾਂ ਦੁਕਾਨ ਨੂੰ ਚਲਾਉਣ ਵਾਸਤੇ ਯੋਗਤਾ ਲਾਜ਼ਮੀ ਹੈ। ਇਸੇ ਤਰ੍ਹਾਂ ਅਸੀਂ ਅਗਰ ਗੁਰੂ ਘਰਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਮਝਣਾ ਪਵੇਗਾ ਕਿ ਗੁਰੂ ਘਰਾਂ ਦਾ ਮੂਲ ਲਕਸ਼ ਕੀ ਹੈ ?

ਗੁਰੂ ਘਰਾਂ ਦਾ ਮੂਲ ਲਕਸ਼ ਸੀ/ਹੈ ਸਿੱਖੀ ਦਾ ਪ੍ਰਚਾਰ, ਗੁਰੂ ਦੇ ਗਿਆਨ ਦਾ ਪ੍ਰਸਾਰ। ਸਿੱਖੀ ਤਾਂ ਹੀ ਪ੍ਰਫੁੱਲਤ ਹੋਵੇਗੀ ਅਗਰ ਪ੍ਰਚਾਰ ਵਧੀਆ ਹੋਵੇਗਾ, ਇਮਾਨਦਾਰ ਅਤੇ ਯੋਜਨਾਬਧ ਤਰੀਕੇ ਨਾਲ ਹੋਵੇਗਾ, ਪਰ ਇਹ ਸਭ ਤਾਂ ਹੀ ਸੰਭਵ ਹੈ ਜੇ ਇਸ ਨੂੰ ਕਰਨ ਵਾਲੇ ਇਸ ਵਿੱਚ ਨਿਪੁੰਨ ਹੋਣ, ਤਜਰਬੇਕਾਰ ਹੋਣ ਤੇ ਇਮਾਨਦਾਰ ਵੀ ਹੋਣ। ਜਿਹੜੇ ਪ੍ਰਬੰਧਕਾਂ ਦੇ ਪਰਿਵਾਰਾਂ ਨੇ ਹੀ ਸਿੱਖੀ ਸਰੂਪ ਨੂੰ ਅਲਵਿਦਾ ਕਹਿ ਦਿੱਤਾ ਹੋਇਆ ਹੈ ਉਹ ਕਿਵੇਂ ਸਿੱਖੀ ਦਾ ਪ੍ਰਚਾਰ ਕਰਵਾ ਸਕਦੇ ਹਨ? ਕੀ ਬਿਨਾ ਸਰੂਪ ’ਤੋਂ ਵੀ ਕੋਈ ਸਿੱਖੀ ਹੈ? ਜਿਹੜੇ ਪ੍ਰਬੰਧਕ ਆਪ ਨਸ਼ਿਆਂ ਦੇ ਆਦੀ ਹਨ ਉਹ ਕਿਵੇਂ ਸਿੱਖੀ ਦਾ ਪ੍ਰਚਾਰ ਕਰਨਗੇ ਜਾਂ ਕਰਵਾਉਣਗੇ? ਕੀ ਕੋਈ ਅਜਿਹੀ ਵੀ ਸਿੱਖੀ ਹੈ, ਜੋ ਨਸ਼ੇ ਕਰਦਿਆਂ ਵੀ ਅਪਣਾਈ ਜਾ ਸਕਦੀ ਹੈ? ਆਪਣੀ ਕੌਮ ਦੇ ਪਤਵੰਤੇ ਤੇ ਪੜ੍ਹੇ ਲਿਖੇ ਸੱਜਣ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪ੍ਰਬੰਧ ਦੇਖਣ ਲਈ ਸਿਰਫ਼ ਪ੍ਰਬੰਧ ਦਾ ਤਜਰਬਾ ਹੋਣਾ ਹੀ ਜਰੂਰੀ ਹੈ, ਨਾ ਕਿ ਸਿੱਖੀ ਸਰੂਪ ਦਾ, ਭਾਵ ਅਗਰ ਕੋਈ ਪ੍ਰਬੰਧਕ ਪੜ੍ਹਿਆ ਲਿਖਿਆ ਹੈ, ਤਾਂ ਉਹ ਪ੍ਰਬੰਧ ਕਿਉਂ ਨਹੀਂ ਦੇਖ ਸਕਦਾ? ਪ੍ਰਬੰਧ ਤਾਂ ਪ੍ਰਬੰਧ ਹੈ ਇਸ ਲਈ ਸਿਖ ਹੋਣਾ ਜਰੂਰੀ ਨਹੀਂ ਹੈ। ਵੈਸੇ ਇਹ ਸਵਾਲ ਸਿੱਖਾਂ ’ਚ ਹੀ ਹੈ ਹੋਰ ਧਰਮਾਂ ਵਿੱਚ ਬਿਲਕੁਲ ਨਹੀਂ ਹੈ। ਕੀ ਕਿਸੇ ਮਸੀਤ ਦਾ ਪ੍ਰਬੰਧ ਐਸੇ ਬੰਦੇ ਕੋਲ ਹੈ ਜੋ ਕਹਿਣ ਅਤੇ ਵੇਖਣ ਨੂੰ ਮੁਸਲਿਮ ਹੋਵੇ ਪਰ ਸ਼ਰਾਬ ਪੀਂਦਾ ਹੋਵੇ ਜਾਂ ਸੂਰ ਖਾਂਦਾ ਹੋਵੇ? ਅਜਿਹਾ ਕਦੇ ਨਹੀਂ ਮਿਲੇਗਾ। ਇਸ ਤਰ੍ਹਾਂ ਹੀ ਬਾਕੀ ਧਰਮਾਂ ਵਿੱਚ ਹੈ ਲੇਕਿਨ ਆਪਣੇ ਸਿੱਖਾਂ ਵਿੱਚ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਭਾਵ ਬਿਲਕੁਲ ਧਿਆਨ ਹੀ ਨਹੀਂ ਦਿੰਦੇ। ਜਿਸ ਦੇ ਫਲਸਰੂਪ ਨਤੀਜਾ ਇਹ ਨਿਕਲਦਾ ਹੈ ਕਿ ਚੰਗੇ, ਸੂਝਵਾਨ, ਗਿਆਨੀ ਪ੍ਰਚਾਰਕਾਂ ਦੀ ਭਾਲ ਨਹੀਂ ਹੁੰਦੀ, ਸਤਿਕਾਰ ਨਹੀਂ ਹੁੰਦਾ। ਅਗਰ ਹੁੰਦਾ ਵੀ ਹੈ ਤਾਂ ਪ੍ਰਚਾਰਕਾਂ ਨੂੰ ਬਣਦੀ ਇੱਜ਼ਤ ਨਹੀਂ ਮਿਲਦੀ, ਨਾ ਹੀ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ ਹੁੰਦੀ ਹੈ। ਜਿੱਥੇ ਪ੍ਰਧਾਨ ਅਤੇ ਸਕੱਤਰ ਹੀ ਮੋਨੇ ਤੇ ਨਸ਼ੇੜੀ ਹੋਣਗੇ ਜਾਂ ਬਾਹਰੋਂ ਸਿੱਖ ਅੰਦਰੋਂ ਬ੍ਰਹਮਣ, ਸ਼ਕਤੀ ਵਾਲਿਆਂ ਦੇ ਚਾਪਲੂਸ, ਆਮ ਜਨਤਾ ਲਈ ਹੰਕਾਰੀ, ਘਮੰਡੀ, ਗੋਲਕ ਦੀ ਦੁਰਵਰਤੋਂ ਕਰਨ ਵਾਲੇ, ਯੋਗ ਨਿਸਕਾਮ ਪ੍ਰਚਾਰਕਾਂ ਦੇ ਰਸਤੇ ’ਚ ਰੁਕਾਵਟਾਂ ਖੜੀਆਂ ਕਰਨ ਵਾਲੇ ਹੋਣਗੇ ਉੱਥੇ ਪ੍ਰਚਾਰਕ ਕਿਸ ਸਿੱਖੀ ਦੀ ਗੱਲ ਕਰੇਗਾ? ਹਰ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਹਨ। ਕਿਸੇ ਦੀ ਮਜਬੂਰੀ ਦਾ ਫ਼ਾਇਦਾ ਸਿੱਖਾਂ ਵਿੱਚ ਉਹ ਸਿੱਖ ਹੀ ਚੁੱਕ ਸਕਦਾ ਹੈ ਜੋ ਆਪ ਸਿੱਖੀ ਦੇ ਸਿਧਾਂਤਾਂ ’ਤੋਂ ਵਾਂਝਾ ਹੋਵੇਗਾ, ਸੱਖਣਾ ਹੋਵੇਗਾ। ਇਸ ਤਰ੍ਹਾਂ ਮਜਬੂਰ ਤੇ ਗ਼ਰੀਬ ਪ੍ਰਚਾਰਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਇਆ ਜਾਂਦਾ ਹੈ ਭਾਵ ਉਨ੍ਹਾਂ ਕੋਲੋਂ ਮਨਮਰਜ਼ੀ ਦਾ ਪ੍ਰਚਾਰ ਕਰਵਾਇਆ ਜਾਂਦਾ ਹੈ।

ਕਈ ਥਾਂਵਾਂ ’ਤੇ ਮੈਂ ਖੁਦ ਗਵਾਹ ਹਾਂ ਕਿ ਪ੍ਰਧਾਨ ਜਾਂ ਸਕੱਤਰ ਪ੍ਰਚਾਰਕਾਂ ਨੂੰ ਇੱਦਾਂ ਆਵਾਜ਼ ਮਾਰਦੇ ਹਨ ਜਿਵੇਂ ਕੋਈ ਜ਼ਿਮੀਂਦਾਰ ਆਪਣੇ ਨੌਕਰ ਜਾਂ ਪ੍ਰਦੇਸੀ ਕਾਮਿਆਂ ਨੂੰ ਮਾਰਦਾ ਹੈ। ਪ੍ਰਬੰਧਕਾਂ ਦੀ ਨਿਜ਼ੀ ਰੰਜ਼ਸ ਵਾਲੇ ਬੰਦਿਆਂ ਕੋਲ ਬਹਿਣ ਖਲੋਣ ਨਹੀਂ ਦਿੰਦੇ। ਇਥੋਂ ਤੱਕ ਕਿ ਉਨ੍ਹਾਂ ਦੀ ਅਰਦਾਸ ਨਹੀਂ ਕਰਨ ਦਿੰਦੇ। ਹੁਣੇ ਭਾਰਤ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤਾਂ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਪ੍ਰਚਾਰਕ ਉਸੇ ਪਾਰਟੀ ਨੂੰ ਸਪੋਰਟ ਕਰਨਗੇ ਜਿਸ ਨੂੰ ਪ੍ਰਧਾਨ ਜਾਂ ਸਕੱਤਰ ਕਰਦਾ ਹੈ। ਅਜਿਹਾ ਨਾ ਕਰਨ ’ਤੇ ਕਈ ਮਜਬੂਰ ਪ੍ਰਚਾਰਕਾਂ ਦੀ ਪ੍ਰਧਾਨਾਂ ਅਤੇ ਸਕੱਤਰਾਂ ਵੱਲੋਂ ਪੇਸ਼ੀ ਕੀਤੀ ਗਈ, ਇਹੋ ਜਿਹੇ ਹਾਲਾਤਾਂ ਵਿੱਚ ਸਿੱਖੀ ਦਾ ਪ੍ਰਚਾਰ ਕਿੱਥੇ ਤੇ ਕਿਵੇਂ ਹੋਵੇਗਾ? ਇਸ ਲਈ ਅਗਰ ਕਮੇਟੀ ਵਿੱਚ ਪ੍ਰਬੰਧਕ ਸੂਝਵਾਨ ਸੱਜਣ ਹਨ ਜਿਨ੍ਹਾਂ ਨੇ ਖੁਦ ਸਿੱਖੀ ਨੂੰ ਸਮਝਿਆ ਹੀ ਨਹੀਂ ਬਲਕਿ ਅਪਣਾਇਆ ਵੀ ਹੋਇਆ ਹੈ, ਉਨ੍ਹਾਂ ਦੇ ਕਿਰਦਾਰ ਹੀ ਅਜਿਹੇ ਹਨ ਕਿ ਜ਼ਿਆਦਾਤਰ ਆਮ ਲੋਕ ਵੀ ਉਨ੍ਹਾਂ ਦੀ ਇੱਜ਼ਤ ਕਰਦੇ ਹਨ।

ਕਈ ਜਗ੍ਹਾ ਵੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਦੀ ਆਪਣੇ ਘਰ ਵਿੱਚ ਵੀ ਇੱਜ਼ਤ ਨਹੀਂ ਹੁੰਦੀ ਉਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਿੱਚ ਉੱਚੇ ਅਹੁਦਿਆਂ ’ਤੇ ਹੁੰਦੇ ਹਨ। ਪਹਿਲੀ ਸ਼ਰਤ ਤਾਂ ਪ੍ਰਬੰਧਕਾਂ ਲਈ ਕਿ ਉਸ ਨੇ ਪਾਹੁਲ ਖੰਡੇ ਦੀ ਲਈ ਹੋਵੇ (ਕਿਸੇ ਖਾਸ ਮਜਬੂਰੀ ਕਾਰਨ ਭਾਵ ਇਲਾਕੇ ’ਚ ਅੰਮਿ੍ਰਤਧਾਰੀਆਂ ਦੀ ਘਾਟ ਦੌਰਾਨ ਘੱਟੋ ਘੱਟ ਸਿੱਖੀ ਸਰੂਪ ਵਿੱਚ ਹੋਣ), ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ (ਭਾਵ ਦਵਾਈ ਦੇ ਤੋਰ ’ਤੇ ਵੀ) ਨਾ ਕਰਦੇ ਹੋਣ, ਪੜ੍ਹੇ ਲਿਖੇ ਹੋਣ, ਪ੍ਰਦੇਸ਼ਾਂ ਵਿੱਚ ਉਸ ਦੇਸ਼ ਦੀ ਭਾਸ਼ਾ (ਇੰਗਲਿਸ਼ ਜਾਂ ਜੋ ਵੀ ਹੋਵੇ) ਦਾ ਗਿਆਨ ਬਹੁਤ ਵਧੀਆ ਢੰਗ ਨਾਲ ਹੋਵੇ, ਇਸ ’ਤੋਂ ਇਲਾਵਾ ਸਿੱਖੀ ਦਾ ਹਰ ਪੱਖੋਂ ਗਿਆਨ ਹੋਵੇ, ਸਿਧਾਂਤਾਂ ਪੱਖੋਂ, ਇਤਿਹਾਸ ਪੱਖੋਂ ਤੇ ਕਿਸੇ ਵੀ ਧਰਮ ਨਾਲ ਗੁਰਮਤਿ ਦਾ ਤੁਲਨਾਤਮਿਕ ਭਾਵ ਸਮਝਦੇ ਹੋਣ, ਰਹਿਤ ਮਰਿਆਦਾ ਦਾ ਪਾਲਣ ਵੀ ਕਰਦੇ ਹੋਣ, ਕਿਸੇ ਵੀ ਪ੍ਰਕਾਰ ਦੇ ਲਾਲਚੀ ਨਾ ਹੋਣੇ, ਪੰਥ ਨਾਲ ਖੜ੍ਹਨ ਦੀ ਹਿੰਮਤ ਰੱਖਦੇ ਹੋਣ, ਸਰਕਾਰੀ ਨੌਕਰ ਨਾ ਹੋਣ ਅਤੇ ਨਾ ਹੀ ਸਰਕਾਰੀ ਅਧਿਕਾਰੀਆਂ ਦੀ ਖ਼ੁਸ਼ਾਮਦ ਕਰਦੇ ਹੋਣ ਭਾਵ ਹਰ ਕਿਸੇ ਨੂੰ ਬੁਲਾ ਬੁਲਾ ਕੇ ਸਿਰੋਪੇ ਨਾ ਦੇਈ ਜਾਣ। ਯੋਗ ਪ੍ਰਬੰਧਕਾਂ ਨੂੰ ਗੁਰਮਤਿ ਦੀ ਸੋਝੀ ਹੋਣ ਕਾਰਨ ਉਹ ਚੰਗੇ ਪ੍ਰਚਾਰਕਾਂ ਨਾਲ ਸੰਪਰਕ ਰੱਖਣਗੇ, ਉਨ੍ਹਾਂ ਨਾਲ ਬਹਿ ਕੇ ਵਿਚਾਰਾਂ ਕਰਨਗੇ, ਪ੍ਰਚਾਰ ਦੇ ਵਧੀਆ ਢੰਗ ਸਿਖਣਗੇ, ਉੱਚੇ ਸੁੱਚੇ ਕਿਰਦਾਰਾਂ ਦੇ ਹੋਣ ਕਾਰਨ ਮਾਇਆ ਦਾ ਸਹੀ ਉਪਯੋਗ ਕਰਨਗੇ ਸਭ ’ਤੋਂ ਵੱਡੀ ਗੱਲ ਕਿ ਉਹ ਆਪਣੇ ਆਪ ਨੂੰ ਸੰਗਤਾਂ ਦੇ ਸੇਵਾਦਾਰ ਸਮਝਣਗੇ, ਨਾ ਕਿ ਗੁਰੂ ਘਰਾਂ ਦੇ ਮਾਲਕ। ਅਜਿਹੇ ਪ੍ਰਬੰਧਕਾਂ ਕਾਰਨ ਸੰਗਤਾਂ ’ਚ ਏਕਤਾ ਬਣੀ ਰਹੇਗੀ। ਆਮ ਜਨਤਾ ਦਾ ਗੁਰੂ ਘਰਾਂ ’ਤੇ ਵਧੇਰੇ ਵਿਸਵਾਸ ਬਣੇਗਾ, ਸਿੱਖੀ ਦਾ ਨਿਰੋਲ ਪ੍ਰਚਾਰ ਸ਼ੁਰੂ ਹੋਵੇਗਾ, ਗੋਲਕ ਪਿੱਛੇ ਸੁਆਰਥੀ ਲੋਕਾਂ ਦੀ ਲੜਾਈ ਕਾਰਨ ਗੁਰੂ ਘਰਾਂ ਦੀ ਹੋ ਰਹੀ ਬਦਨਾਮੀ ਬੰਦ ਹੋਵੇਗੀ, ਪ੍ਰਚਾਰਕਾਂ ਦੀ ਇੱਜ਼ਤ ਹੋਵੇਗੀ, ਉਨ੍ਹਾਂ ਦੀਆਂ ਲੋੜਾਂ ਦਾ ਖਿਆਲ ਰੱਖਿਆ ਜਾਵੇਗਾ, ਉਨ੍ਹਾਂ ਨੂੰ ਬਣਦਾ ਸਤਿਕਾਰ ਅਤੇ ਹੱਕ ਮਿਲੇਗਾ। ਜਦੋਂ ਉਨ੍ਹਾਂ ਨੂੰ ਬਣਦਾ ਹੱਕ ਮਿਲੇਗਾ ਤਾਂ ਆਰਥਿਕ ਲੋੜਾਂ (ਮਾਯਾ) ਲਈ ਮਨਮਤਿ ਦਾ ਕੀਤਾ ਜਾ ਰਿਹਾ ਪ੍ਰਚਾਰ ਬੰਦ ਹੋਵੇਗਾ, ਗੈਰ ਸਿਧਾਂਤਕ ਅਰਦਾਸਾਂ, ਪਾਠ ਆਦਿ ਬੰਦ ਹੋਣਗੇ।

ਪਰ ਇਹ ਸਭ ਕੁਝ ਤਾਂ ਹੀ ਸੰਭਵ ਹੈ ਕਿ ਅਗਰ ਸੰਗਤਾਂ ਆਪਣੇ ਅਧਿਕਾਰਾਂ ਨੂੰ ਸਮਝਣ। ਵਰਤਮਾਨ ਦੇ ਪ੍ਰਬੰਧਕ ਢਾਂਚੇ ਕਾਰਨ ਉਨ੍ਹਾਂ ਦਾ ਕੀ ਨੁਕਸਾਨ ਹੋ ਰਿਹਾ ਹੈ, ਇਸ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਅਗਰ ਸਿੱਖੀ ਹੀ ਨਾ ਰਹੀ ਤਾਂ ਅਸੀਂ ਵੀ ਨਹੀਂ ਰਹਿਣਾ, ਸਾਡੀਆਂ ਨਸਲਾਂ ਖ਼ਤਮ ਹੋ ਜਾਣਗੀਆਂ। ਯੋਗ ਵਿਅਕਤੀਆਂ ਦੀ ਚੋਣ ਗੁਰੂ ਘਰਾਂ ਵਿੱਚ ਯਕੀਨੀ ਬਣਾਉਣੀ ਪਵੇਗੀ। ਵੋਟ ਵਾਲੇ ਦਿਨ ਹੁੰਮ ਹੁਮਾ ਕਿ ਜ਼ਿੰਮੇਵਾਰੀ ਸਮਝਦੇ ਹੋਏ ਗੁਰੂ-ਘਰ ਪਹੁੰਚ ਕੇ ਸਹੀ ਉਮੀਦਵਾਰ ਚੁਣਨੇ ਪੈਣਗੇ, ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਕਿ ਕੌਣ ਨਰਾਜ਼ ਹੋ ਰਿਹਾ ਹੈ, ਘੱਟੋ ਘੱਟ ਗੁਰੂ-ਘਰ ਤਾਂ ਇਮਾਨਦਾਰੀ ਵਿਖਾਉਣੀ ਸ਼ੁਰੂ ਕੀਤੀ ਜਾਵੇ, ਗੁਰੂ ਸੂਰਮੇ ਅੱਗੇ ਕਾਹਦਾ ਡਰ? ਪੰਥ ਦਾ ਨਿਮਾਣਾ ਜਿਹਾ ਦਾਸ ਹੁੰਦੇ ਹੋਏ ਇਹ ਬੇਨਤੀਆਂ ਮੈਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਰੱਖਦਾ ਹਾਂ ਕਿ ਆਓ, ਹੰਭਲਾ ਮਾਰ ਕੇ ਆਪਣੇ ਗੁਰੂ-ਘਰ ਨੂੰ ਸੰਭਾਲੀਏ।