ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਸਮਝਣ ਦੀ ਲੋੜ ਹੈ ਕਿ ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਵੀ ਨਹੀਂ ਜਾ ਸਕਦੇ : ਗਿਆਨੀ ਹਰਿਭਜਨ ਸਿੰਘ

0
249

ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਸਮਝਣ ਦੀ ਲੋੜ ਹੈ ਕਿ ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਵੀ ਨਹੀਂ ਜਾ ਸਕਦੇ : ਗਿਆਨੀ ਹਰਿਭਜਨ ਸਿੰਘ

_ਮੇਜਰ ਸਿੰਘ, ਮੋਬਾ: 94643-29295

ਕੈਂਚੀ ਨੂੰ ਨਿੰਦਣ ਵਾਲਿਆਂ ਨੂੰ ਇਹ ਸਮਝਣ ਦੀ ਭਾਰੀ ਲੋੜ ਹੈ ਕਿ ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਵੀ ਨਹੀਂ ਜਾ ਸਕਦੇ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਦੇ ਬਠਿੰਡਾ ਸਰਕਲ ਵਲੋਂ ਇੱਥੇ ਕਰਵਾਏ ਜਾ ਰਹੇ ਸਲਾਨਾ ਪ੍ਰੋਗਰਾਮ ਦੌਰਾਨ ਭਾਈ ਸੱਜਣ ਸਿੰਘ ਦੇ ਘਰ ਅੱਜ ਸਵੇਰ ਦੇ ਦੀਵਾਨ ਵਿਚ ਵਾਈਸ ਪ੍ਰਿੰਸੀਪਲ ਗਿਆਨੀ ਹਰਿਭਜਨ ਸਿੰਘ ਨੇ ਕਹੇ। ਉਨ੍ਹਾਂ ਕਿਹਾ ਧਾਰਮਿਕ ਸਮਾਗਮਾਂ ਵਿਚ ਪ੍ਰਚਾਰਕ ਆਮ ਤੌਰ ’ਤੇ ਇਹ ਗੱਲ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਵੇਖੋ ਜੀ ਕੈਂਚੀ ਕੱਟਣ ਦਾ ਕੰਮ ਕਰਦੀ ਹੈ ਜਦੋਂ ਕਿ ਸੂਈ ਜੋੜਨ ਦਾ ਕੰਮ ਕਰਦੀ ਹੈ, ਇਸੇ ਲਈ ਦਰਜੀ ਸੂਈ ਨੂੰ ਸਨਮਾਨ ਨਾਲ ਆਪਣੇ ਸਿਰ ਵਿਚ ਟੰਗ ਕੇ ਰਖਦੇ ਹਨ ਤੇ ਕੈਂਚੀ ਨੂੰ ਆਪਣੇ ਪੈਰਾਂ ਹੇਠ ਰੱਖਦੇ ਹਨ। ਧਰਮ ਤੋੜਨਾ ਨਹੀਂ ਜੋੜਨਾ ਸਿਖਾਉਂਦਾ ਹੈ ਇਸ ਲਈ ਸਾਨੂੰ ਕੈਂਚੀ ਬਣ ਕੇ ਕੱਟਣਾ ਨਹੀਂ ਚਾਹੀਦਾ ਸਗੋਂ ਸੂਈ ਵਾਂਗ ਜੋੜਨ ਦਾ ਕੰਮ ਕਰਨਾ ਚਾਹੀਦਾ ਹੈ। ਗਿਆਨੀ ਹਰਿਭਜਨ ਸਿੰਘ ਨੇ ਕਿਹਾ ਇਹ ਉਦਾਹਰਣ ਧਾਰਮਕ ਖੇਤਰ ਵਿਚ ਬਿਲਕੁਲ ਹੀ ਢੁਕਦੀ ਨਹੀਂ ਕਿਉਂਕਿ ਜਿਵੇਂ ਕੇਵਲ ਸੂਈ ਸਾਡੇ ਪਹਿਨਣ ਲਈ ਸੁੰਦਰ ਬਸਤਰ ਸਿਊਣ ਦਾ ਕੰਮ ਨਹੀਂ ਕਰ ਸਕਦੀ। ਦੁਕਾਨ ਤੋਂ ਕਪੜਾ ਲੈਣ ਸਮੇਂ ਸਭ ਤੋਂ ਪਹਿਲਾਂ ਉਸ ਨੂੰ ਕੈਂਚੀ ਨਾਲ ਕੱਟਣਾ ਪਏਗਾ। ਫਿਰ ਦਰਜੀ ਸਾਡੇ ਮਾਪ ਅਤੇ ਪਸੰਦ ਦੀ ਡਿਜ਼ਾਇਨ ਮੁਤਾਬਕ ਕਪੜੇ ਨੂੰ ਕੱਟੇਗਾ ਤਾਂ ਹੀ ਸੂਈ ਸਿਊਣ ਦਾ ਕੰਮ ਕਰ ਸਕੇਗੀ। ਸੋ ਸਪਸ਼ਟ ਹੈ ਕਿ ਕੈਂਚੀ ਤੋਂ ਬਿਨਾਂ ਸੁੰਦਰ ਬਸਤਰ ਸੀਤੇ ਨਹੀਂ ਜਾ ਸਕਦੇ। ਠੀਕ ਇਸੇ ਤਰ੍ਹਾਂ ਧਰਮ ਧਾਰਣ ਕਰਨ ਸਮੇਂ ਤੋੜਨ ਅਤੇ ਜੋੜਨ ਦੇ ਦੋਵੇਂ ਕੰਮ ਨਾਲੋ ਨਾਲ ਚੱਲਦੇ ਹਨ। ਗੁਰਮਤਿ ਧਾਰਣ ਕਰਨ ਤੋਂ ਪਹਿਲਾਂ ਮਨ ਵਿੱਚੋਂ ਦੁਰਮਤਿ ਅਤੇ ਮਨਮਤਿ ਕੱਟ ਕੇ ਬਾਹਰ ਸੁੱਟਣੀ ਪਏਗੀ। ਅਵਗੁਣ ਛੱਡ ਕੇ ਸ਼ੁੱਭ ਗੁਣ ਧਾਰਨ ਕਰਨੇ ਹਨ: ‘ਅਵਗੁਣ ਛੋਡਿ ਗੁਣਾ ਕਉ ਧਾਵਹੁ, ਕਰਿ ਅਵਗੁਣ ਪਛੁਤਾਹੀ ਜੀਉ ॥’ (ਮ: ੧, ਪੰਨਾ ੫੯੮) ‘ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥੩ ਤੁਮਰੇ ਭਜਨ ਕਟਹਿ ਜਮ ਫਾਂਸਾ ॥’ (ਭਗਤ ਰਵਿਦਾਸ ਜੀਉ, ਪੰਨਾ ੬੫੯)। ਕੱਚੇ ਪਿਲਿਆਂ ਨਾਲ ਤੋੜ ਕੇ ਗੁਰਮੁਖ ਸੰਤ ਜਨਾ ਦੀ ਭਾਲ ਵੀ ਕਰਨੀ ਬਣਦੀ ਹੈ : ‘ਨਾਨਕ ਕਚੜਿਆ ਸਿਉ ਤੋੜਿ,ਢੂਢਿ ਸਜਣ ਸੰਤ ਪਕਿਆ ॥’ (ਮ: ੫, ਪੰਨਾ ੧੧੦੨) ਬੁੱਤਘਾੜੇ ਦੇ ਹੱਥ ਵਿਚ ਛੈਣੀ ਹਥੌੜਾ ਹੋਵੇਗਾ ਤਾਂ ਹੀ ਵਿੰਗੇ ਟੇਡ੍ਹੇ ਪੱਥਰ ’ਚੋਂ ਇੱਕ ਚੰਗਾ ਬੁੱਤ ਘੜ ਸਕਦਾ ਹੈ। ਸੁਨਿਆਰੇ ਨੂੰ ਸੋਨੇ ਦੇ ਸੁੰਦਰ ਗਹਿਣੇ ਬਣਾਉਣ ਲਈ ਹਥੌੜੇ ਦੀ ਲੋੜ ਹੈ। ਤਰਖਾਣ ਦੇ ਹੱਥ ਵਿਚ ਆਰੀ ਟੇਸਾ ਹੋਵੇਗਾ ਤਾਂ ਹੀ ਵਿੰਗ ਤੜਿੰਗੀ ਲਕੜ ’ਚੋਂ ਕੱਟ ਕੇ ਤਰਾਸ ਕੇ ਉਸ ਦਾ ਸੋਹਣਾ ਫਰਨੀਚਰ ਤੇ ਸਾਡੀਆਂ ਇਮਾਰਤਾਂ ਲਈ ਸੁੰਦਰ ਦਰਵਾਜੇ ਖਿੜਕੀਆਂ ਬਣਾ ਸਕਦਾ ਹੈ। ਹੁਣ ਜੇ ਕੋਈ ਕਹੇ ਨਹੀਂ ਜੀ ਕੈਂਚੀ, ਆਰੀ, ਟੇਸਾ, ਛੈਣੀ ਆਦਿਕ ਕੱਟਣ ਦਾ ਕੰਮ ਕਰਦੇ ਹਨ; ਹਥੌੜਾ ਚੋਟ ਮਾਰਦਾ ਹੈ, ਇਸ ਲਈ ਇਹ ਨਹੀਂ ਹੋਣੇ ਚਾਹੀਦੇ ਤਾਂ ਸੋਚੋ ਇਹ ਕਾਰੀਗਰ ਆਪਣਾ ਕੰਮ ਕਿਸ ਤਰ੍ਹਾਂ ਕਰਨਗੇ? ਸਿਰਫ ਲੋੜ ਹੈ ਇਨ੍ਹਾਂ ਔਜਾਰਾਂ ਦੀ ਯੋਗ ਵਰਤੋਂ ਕਰਨ ਦੀ। ਇਸੇ ਤਰ੍ਹਾਂ ਅਕਾਲ ਪੁਰਖ਼ ਨਾਲ ਜੁੜਨ ਦਾ ਲਾਭ ਇਹੀ ਹੈ ਕਿ ਜਮਾਂ ਦੀ ਫਾਂਸੀ ਕੱਟੀ ਜਾਂਦੀ ਹੈ,ਜਿਸ ਤਰ੍ਹਾਂ ਜਿਹਬਾ ਰੂਪੀ ਕੈਂਚੀ ਅਤੇ ਗੁਰੂ ਦਾ ਗਿਆਨ ਰੂਪੀ ਗਜ ਵੀ ਜਰੂਰੀ ਹੈ: ਜਿਸ ਗਜ ਨਾਲ ਮਿਣਤੀ ਕਰ-ਕਰ ਕੇ ਕੱਪੜਾ (ਅਵਗੁਣ) ਕੱਟੇ ਜਾਂਦੇ ਹਨ। ‘ਮਨੁ ਮੇਰੋ ਗਜੁ,ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ, ਜਮ ਕੀ ਫਾਸੀ ॥੧॥’ (ਭਗਤ ਨਾਮਦੇਵ ਜੀ, ਪੰਨਾ ੪੮੫)। ਗੁਰੁ ਦੇ ਗਿਆਨ ਨੂੰ ਹਥੌੜੇ ਦੇ ਰੂਪ ਵਿਚ ਭੀ ਵਰਤਿਆ ਗਿਆ ਹੈ। ‘ਅਹਰਣਿ ਮਤਿ ਵੇਦੁ ਹਥੀਆਰੁ ॥’(ਜਪੁ ਮ: ੧/੮) ਗਿਆਨੀ ਹਰਿਭਜਨ ਸਿੰਘ ਨੇ ਕਿਹਾ ਦਰਜੀ ਵੱਲੋਂ ਸੂਈ ਸਿਰ ਵਿਚ ਅਤੇ ਕੈਂਚੀ ਨੂੰ ਪੈਰਾਂ ਹੇਠ ਰੱਖਣ ਨੂੰ ਜੇ ਆਪਾਂ ਦੂਸਰੇ ਢੰਗ ਨਾਲ ਵੇਖੀਏ ਕਿ ਜੇ ਕੈਂਚੀ ਪੈਰਾਂ ਵਿਚ ਰਹਿੰਦੀ ਹੈ ਤਾਂ ਇਹ ਨਿਮਰਤਾ ਦਾ ਪ੍ਰਤੀਕ ਵੀ ਕਹੀ ਜਾ ਸਕਦੀ ਹੈ। ਕਿਉਂਕਿ ਉਹ ਆਪਣੇ ਮਾਲਕ ਦੇ ਪੈਰਾਂ ਵਿਚ ਰਹਿੰਦੀ ਹੈ। ਸੇਵਕ ਦਾ ਆਪਣੇ ਮਾਲਕ ਦੇ ਚਰਨਾਂ ਵਿਚ ਰਹਿਣਾ ਹੀ ਚੰਗਾ ਲਗਦਾ ਹੈ। ਸਿਰ ਚੜ੍ਹ ਕੇ ਰਹਿਣਾ ਹੰਕਾਰ ਦੀ ਨਿਸ਼ਾਨੀ ਹੈ। ਸਿੱਖ ਨੇ ਵੀ ਨਿਮ੍ਰਤਾ ਸਹਿਤ ਆਪਣੇ ਗੁਰੂ ਦੇ ਚਰਨਾਂ ’ਚ ਹੀ ਰਹਿਣਾ ਹੈ ਤਾਂ ਉਸ ਨੂੰ ਇਹ ਗੁਣ ਕੈਂਚੀ ਤੋਂ ਹੀ ਧਾਰਨ ਕਰਨਾ ਪਏਗਾ ਤੇ ਉਸ ਦੇ ਹੁਕਮ ਹੇਠ ਸਾਰੇ ਅਵਗੁਣ, ਦੁਰਮਤਿ, ਮਨਮਤਿ ਅਤੇ ਭਰਮ ਆਦਿਕ ਕੱਟ ਸੁੱਟਣੇ ਚਾਹੀਦੇ ਹਨ। ਜੇ ਇਹ ਕੱਟਣ ਨਾਲ ਕਿਸੇ ਦਾ ਦਿੱਲ ਦੁਖਦਾ ਹੈ ਜਾਂ ਚੋਟ ਪਹੁੰਚਦੀ ਹੈ ਤਾਂ ਕੋਈ ਕੀ ਕਰ ਸਕਦਾ ਹੈ ?