ਕੀ ਕੀ ਸਿਫਤ ਕਰੀਏ ਕਲਗੀਵਾਲੜੇ ਦੀ

0
248

ਕੀ ਕੀ ਸਿਫਤ ਕਰੀਏ ਕਲਗੀਵਾਲੜੇ ਦੀ

ਕੁਲਵੰਤ ਸਿੰਘ, ਵੈਨਕੂਵਰ (ਕੈਨੇਡਾ)

ਨਾਨਕ ਜੋਤ ਦੇ ਜ਼ਾਹਰ ਰੂਪ ਦਸਵੇਂ, ਹੋਇਆ ਕੋਈ ਨਾ ਕਲਗੀਧਾਰ ਜੈਸਾ।

ਭੁੱਖ ਉਤਰੇ ਇੱਕ ਹੀ ਝਲਕ ਅੰਦਰ, ਪੰਥ ਵਾਲੀ ਦਾ ਦਰਸ ਦੀਦਾਰ ਐਸਾ।

ਹੇਠਾਂ ਨੀਲਾ ਤੇ ਹੱਥ ਵਿੱਚ ਬਾਜ ਉਸ ਦੇ, ਚੱਕਰ ਚਮਕਦਾ ਸਜੇ ਦਸਤਾਰ ਐਸਾ।

ਕੋਈ ਸ਼ਹਿਨਸ਼ਾਹ ਕੋਈ ਪਾਤਸ਼ਾਹ ਆਖੇ, ਪੰਥ ਪਿਤਾ ਦਾ ਸ਼ਾਹੀ ਸ਼ਿੰਗਾਰ ਐਸਾ।

ਫੂਕੀ ਰੂਹ ਉਸ ਮੋਈ ਹੋਈ ਕੌਮ ਅੰਦਰ, ਕਰ ਖ਼ਾਲਸਾ-ਪੰਥ ਤਿਆਰ ਐਸਾ।

ਰੂਪ ਆਪਣਾ ਕਹੇ ਖੁਦ ਖ਼ਾਲਸੇ ਨੂੰ, ਕਦੀ ‘ਜਾਨ’ ਕਹਿ ਕਰੇ ਪਿਆਰ ਐਸਾ।

‘ਜੜ ਜਬਰ ਦੀ ਪੁੱਟੇਗਾ ਖਾਲਸਾ ਜੀ’, ਜਾਬਰ ਤਾਈਂ ਉਸ ਕਿਹਾ ਲਲਕਾਰ ਐਸਾ।

ਖੇਤਰ ਸਾਹਿਤ ਦੇ ਵਿੱਚ ਵੀ ਓਸ ਵਰਗਾ, ਹੋਇਆ ਹੋਰ ਨਾ ਸਾਹਿਤਕਾਰ ਐਸਾ।

ਗੱਲ ਯੁੱਧ-ਮੈਦਾਨ ਦੀ ਕੀ ਕਰੀਏ, ਕੋਈ ਹੋਰ ਨਾ ਬਖਤਾਵਾਰ ਐਸਾ।

ਕਥਾ ਕਰੇ ਕੋਈ ਕਿਵੇਂ ਕੁਰਬਾਨੀਆਂ ਦੀ ? ਉਸ ਦੇ ਟੱਬਰ ਦਾ ਅਜਬ ਕਿਰਦਾਰ ਐਸਾ।

ਮਾਤਾ-ਪਿਤਾ, ਪੜਦਾਦਾ ਸ਼ਹੀਦ ਉਸ ਦੇ, ਗੱਲ ਕੀ ਸਾਰੇ ਦਾ ਸਾਰਾ ਪਰਿਵਾਰ ਐਸਾ।

ਅਜੀਤ ਜੁਝਾਰ ਤੇ ਜ਼ੋਰਾਵਰ ਵਰਗਾ, ਨਾਹੀਂ ਜੰਮਿਆ ਫਤਹਿ ਦੁਲਾਰ ਜੈਸਾ।

ਕਿਸੇ ਪਿਤਾ ਦੇ ਪੁੱਤ ਸ਼ਹੀਦ ਯੋਧਾ, ਪੈਦਾ ਹੋਇਆ ਨਾ ਬਰਖੁਰਦਾਰ ਐਸਾ।

ਸਰਬ ਕਲਾ ਸਮਰੱਥ ਭਰਪੂਰ ਪੂਰਾ, ਬਾਦਸ਼ਾਹੀ ਦਰਵੇਸ਼ ਕਿਰਦਾਰ ਐਸਾ।

ਕੀ ਕੀ ਸਿਫਤ ਕਰੀਏ ਕਲਗੀਵਾਲੜੇ ਦੀ, ਹਰ ਇੱਕ ਪੱਖ ਉਸ ਦਾ ਸ਼ਾਨਦਾਰ ਐਸਾ।

ਸੰਤ-ਸੂਰਮਾ, ਕਵੀ, ਸਰਬੰਸਦਾਨੀ, ਵਿੱਚ ਹੋਇਆ ਨਾ ਸਾਰੇ ਸੰਸਾਰ ਐਸਾ।

……..ਵਿੱਚ ਹੋਇਆ ਨਾ ਸਾਰੇ ਸੰਸਾਰ ਐਸਾ।

……..ਵਿੱਚ ਹੋਇਆ ਨਾ ਸਾਰੇ ਸੰਸਾਰ ਐਸਾ।