ਕੀ ਅਕਾਲ ਪੁਰਖ ਜੂਨਾਂ ਵਿੱਚ ਆਉਂਦਾ ਹੈ ?

0
288

ਕੀ ਅਕਾਲ ਪੁਰਖ ਜੂਨਾਂ ਵਿੱਚ ਆਉਂਦਾ ਹੈ ?

ਗੁਰਚਰਨ ਸਿੰਘ ਹੇਵਰਡ

ਪ੍ਰਸ਼ਨ: ਕੀ ਸਿੱਖ ਧਰਮ ਅਨੁਸਾਰ ਅਕਾਲ ਪੁਰਖ ਜੂਨਾਂ ਵਿੱਚ ਆਉਂਦਾ ਹੈ ? ਜੇ ਕਰ ਉੱਤਰ ਨਾਂਹ ਵਿੱਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਅਰਜਨ ਦੇਵ ਜੀ ਬਾਰੇ ਐਸਾ ਕਿਉਂ ਆਖਿਆ ਹੈ ਕਿ “ਗੁਰ ਅਰਜਨ ਪਰਤਖ੍ਹ ਹਰਿ ?’

ਉੱਤਰ: ਜਿੱਥੋਂ ਤੱਕ ਪ੍ਰਭੂ ਦੇ ਜੂਨਾਂ ਵਿੱਚ ਆਉਣ ਦਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ `ਚ ਸ਼ੁਰੂ ਵਿੱਚ ਹੀ, ਮੰਗਲਾ ਚਰਨ (ਮੂਲ ਮੰਤਰ) ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜੂਨੀ ਆਖਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਵਾਹਿਗੁਰੂ ਜੂਨਾਂ ਵਿੱਚ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਨੂੰ ਵਿਅਕਤੀ ਨਹੀਂ, ਸ਼ਕਤੀ ਆਖਦਿਆਂ ਹੋਇਆਂ ਉਸ ਬਾਰੇ ਇੰਝ ਆਖਿਆ ਹੈ: ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283}

(ਅਰਥ:- ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ। ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤੱਰੁਠਦਾ ਹੈ। 1)

ਪ੍ਰਭੂ ਬਾਰੇ ਕੇਵਲ ਇੱਨਾ ਹੀ ਨਹੀਂ ਆਖਿਆ ਕਿ ਉਹ ਅਜੂਨੀ ਭਾਵ ਜੂਨਾਂ ਵਿੱਚ ਨਹੀਂ ਆਉਂਦਾ ਬਲਕਿ ਉਸ ਬਾਰੇ ਅਜੇਹਾ ਆਖਣ ਅਥਵਾ ਸਮਝਣ ਵਾਲੇ ਨੂੰ ਮੁਖ਼ਾਤਬ ਕਰਦਿਆਂ ਆਖਿਆ ਹੈ, “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ” ॥ ਭਾਵ ਹੇ ਰੱਬ ਬਾਰੇ ਅਜੇਹਾ ਆਖਣ ਵਾਲਿਆ ਸੜ ਜਾਏ ਤੇਰਾ ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।

ਹਜ਼ੂਰ ਵਾਹਿਗੁਰੂ ਬਾਰੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਦਿਆਂ ਫ਼ਰਮਾਉਂਦੇ ਹਨ, “ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥” ਕਿ ਹੇ ਭਾਈ ! ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ।  (1136)

ਜਿੱਥੋਂ ਤੱਕ “ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥” ਪੰਗਤੀ ਦਾ ਸਵਾਲ ਹੈ, ਇਹ ਪੰਗਤੀ ਭੱਟਾਂ ਦੇ ਸਵਈਏ ਵਿਚ, ਮਥੁਰਾ ਭੱਟ ਦੇ ਉਚਾਰਣ ਸਵਈਏ ਵਿੱਚ ਦਰਜ ਹੈ। ਪੂਰਾ ਸਵਈਆ ਇਸ ਤਰ੍ਹਾਂ ਹੈ:- ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥ ਅਰਥ:- ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ, ਆਪ ਦੇ ਹਿਰਦੇ ਵਿੱਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।

ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥ ਅਰਥ:- ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ। ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।

ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ ॥ ਭਨਿ ਮਥੁਰਾ ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥ {ਪੰਨਾ 1409} ਅਰਥ:- (ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਹੇ ਮਥੁਰਾ ! ਆਖਿ—ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ।

ਭੱਟਾਂ ਦੇ ਸਵਈਆਂ ਵਿੱਚ ਕੇਵਲ ਗੁਰੂ ਅਰਜਨ ਦੇਵ ਜੀ ਬਾਰੇ ਹੀ ਅਜੇਹਾ ਨਹੀਂ ਆਖਿਆ ਗਿਆ ਬਲਕਿ ਗੁਰੂ ਅਮਰਦਾਸ ਜੀ ਦੀ ਉਪਮਾਂ ਕਰਦਿਆਂ ਹੋਇਆਂ ਵੀ ਭੱਟ ਕੀਰਤ ਜੀ ਆਖਦੇ ਹਨ:- ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ, ਜਗ ਮੰਡਲਿ ਕਰਿਯਉ ॥ {ਪੰਨਾ ੧੩੯੫}ਅਰਥ:- (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿੱਚ ਜੋਤਿ ਪ੍ਰਗਟਾਈ ਹੈ।

ਕੇਵਲ ਭੱਟਾਂ ਨੇ ਹੀ ਸਤਿਗੁਰੂ ਜੀ ਦੀ ਉਪਮਾ ਕਰਦਿਆਂ ਇੰਝ ਨਹੀਂ ਆਖਿਆ ਬਲਕਿ ਗੁਰ ਸਾਹਿਬਾਨ ਨੇ ਵੀ ਵਾਹਿ ਗੁਰੂ ਦੀ ਸਿਫਤ ਸਾਲਾਹ ਕਰਦਿਆਂ ਪ੍ਰਭੂ ਦੇ ਗੁਣਾਂ ਵਿੱਚ ਹੀ ਲੀਨ ਹੋਣ ਵਾਲਿਆਂ ਬਾਰੇ ਫ਼ਰਮਾਇਆ ਹੈ:- ਹਰਿ ਕਾ ਸੇਵਕੁ, ਸੋ ਹਰਿ ਜੇਹਾ ॥ ਭੇਦੁ ਨ ਜਾਣਹੁ, ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ, ਫਿਰਿ ਸਲਲੈ ਸਲਲ ਸਮਾਇਦਾ ॥ (ਪੰਨਾ 1076) (ਹੇ ਭਾਈ ! ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ। (ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿੱਚ ਪਾਣੀ ਦਾ ਰੂਪ ਹੋ ਕੇ ਰਲ ਜਾਂਦਾ ਹੈ।)