ਇਕ ਕਿਤਾਬ ਦੇ ਬਹਾਨੇ, ਕਿਤਾਬਾਂ ਦੀ ਗੱਲ

0
792

ਕਿਤਾਬ ਕੁੰਜ

ਇਕ ਕਿਤਾਬ ਦੇ ਬਹਾਨੇ, ਕਿਤਾਬਾਂ ਦੀ ਗੱਲ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ-141114 ਮੋਬਾ: 94638-08697

ਮੈਂ ਸਾਹਿਤਕ ਅਖਾੜੇ ਦਾ ਕਾਗਜ਼ ਦਾ ਪਹਿਲਵਾਨ ਨਹੀਂ। ਫੇਰ ਵੀ ਮੈਂ ਅਖਾੜੇ ਵਿੱਚ ਹਾਜ਼ਰ ਹਾਂ। ਮੈਂ ਆਪਣੀ ਹਰ ਨਵੀਂ ਛਪੀ ਪੁਸਤਕ, ਅਲੋਚਕਾਂ, ਸਾਹਿਤਕ ਸੰਸਥਾਤਮਕ ਪਦਵੀਆਂ ਉੱਤੇ ਬੈਠੇ ਅਹੁਦੇਦਾਰਾਂ, ਸੰਪਾਦਕਾਂ, ਚੁਣਵੇਂ ਬੁਧੀਜੀਵੀਆਂ ਨੂੰ ਭੇਜਦਾ। ਕਦੀ ਕਿਸੇ ਅਲੋਚਕ ਦਾ ਖਤ ਆ ਜਾਂਦਾ- ਬਹੁਤੇ ਸਾਹਿਤ ਅਲੰਬਰਦਾਰ ਪੁਸਤਕ ਪਰਾਪਤੀ ਦਾ ਵੀ ਉੱਤਰ ਨਹੀਂ ਸਨ ਦਿੰਦੇ। ਲੇਖਕ ਅਲੋਚਕਾਂ ਦੇ ਆਪੋ ਆਪਣੇ ਮੱਠ ਹਨ- ਤਕੀਏ ਹਨ, ਦਾਇਰੇ ਹਨ। ਆਪਣੇ ਆਪਣੇ ਲੇਖਕ ਹਨ ਤੇ ਆਪਣੇ ਆਪਣੇ ਅਲੋਚਕ। ਮੈਂ ਮੱਠਾਂ, ਦਾਇਰਿਆਂ ਦਾ ਜਕੜ ਤੋਂ ਸਦਾ ਬਾਹਰ ਰਿਹਾ ਹਾਂ।

ਚੰਡੀਗੜ ਸਥਿਤ ਅਲੋਚਕ ਡਾ. ਗੁਰਿਦਰਪਾਲ ਸਿੰਘ ਨੇ ਮੇਰੀ ਸਾਹਿਤ ਘਾਲਣਾ ਬਾਰੇ ਕਿਤਾਬ ਸੰਪਾਦਿਤ ਕੀਤੀ ਹਮਦਰਦਵੀਰ ਨੌਸ਼ਹਿਰਵੀ ਦਾ ਰਚਨਾ ਸੰਸਾਰ।ਕਹਾਣੀਕਾਰ ਰੁਪਿੰਦਰਜੀਤ ਸਿੰਘ ਨੇ ਇਹ ਕਿਤਾਬ ਛਪਵਾਈ। ਇਸ ਪੁਸਤਕ ਵਿੱਚ ਪਿਛਲੇ ਕਰੀਬ 40 ਸਾਲਾਂ ਵਿੱਚ ਮੇਰੀਆਂ ਪੁਸਤਕਾਂ ਬਾਰੇ ਅਲੋਚਨਾਤਮਕ ਲੇਖ, ਮੇਰੇ ਨਾਲ ਰੂਬਰੂ ਤੇ ਇੰਟਰਵਿਊ, ਮੇਰੀਆਂ ਪੁਸਤਕਾਂ ਦੇ ਰੀਵੀਊ ਲੇਖ ਛਾਪੇ ਗਏ ਸਨ। ਇਸ ਪੁਸਤਕ ਨੂੰ ਕੇਂਦਰ ਵਿੱਚ ਰਖ ਕੇ ਨੌਸ਼ਹਿਰਵੀ ਕੋਈ ਖਾਸ ਚਰਚਾ ਨਾ ਹੋਈ।

ਏਸੇ ਸਾਲ ਛਪੀ ਮੇਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਨੇ ਮੈਨੂੰ ਚਰਚਾ ਵਿੱਚ ਲੈ ਆਂਦਾ।

ਗੁਰਦਾਸਪੁਰ ਤੋਂ ਮੈਨੂੰ ਇਕ ਨਵੇਂ ਲੇਖਕ ਤਰਸੇਮ ਸਿੰਘ ਭੰਗੂ ਦਾ ਫੋਨ ਆਇਆ- ਚੰਡੀਗੜ ਤੋਂ ਲਿਕਲਦੇ ਇਕ ਪੁਰਾਣੇ ਪਰਮੁਖ ਅੰਗ੍ਰੇਜ਼ੀ ਅਖਬਾਰ ਦੇ ਮੁੱਖ ਪੰਨੇ ਉੱਤੇ, ਹੋਰ ਕਿਤਾਬਾਂ ਦੇ ਨਾਲ ਮੇਰੀ ਨਵੀਂ ਪੁਸਤਕ ‘ਕਾਲੇ ਲਿਖੁ ਨਾ ਲੇਖ’ ਦਾ ਟਾਈਟਲ ਪੇਜ ਛਪਿਆ ਹੈ। ਮੈਂ ਅਖ਼ਬਾਰ ਮੰਗਵਾ ਕੇ ਪੜ੍ਹੀ। ਮੇਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਵੀ ਪੰਜਾਬ ਕਿਤਾਬ ਘੁਟਾਲੇ ਵਿੱਚ ਸ਼ਾਮਲ ਸੀ। ਪੰਜਾਬ ਸਿੱਖਿਆ ਵਿਭਾਗ ਵਲੋਂ, ਸਰਵ ਸਿੱਖਿਆ ਅਭਿਆਨ ਸਕੀਮ ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਲਈ, ਕੇਂਦਰ ਵਲੋਂ ਭੇਜੀ 9.28 ਕਰੋੜ ਰੁਪਏ ਦੀ ਗਰਾਂਟ ਤਹਿਤ, ਖਰੀਦੀਆਂ ਗਈਆਂ ਪੁਸਤਕਾਂ ਵਿੱਚ ਮੇਰੀ ਪੁਸਤਕ ਵੀ ਖਰੀਦੀ ਗਈ ਸੀ। ਮੈਨੂੰ ਖੁਸ਼ੀ ਹੋਈ ਕਿ ਸਕੂਲ ਵਿਦਿਆਰਥੀਆਂ ਲਈ ਮੇਰੀ ਪੁਸਤਕ ਖਰੀਦੀ ਤਾਂ ਗਈ। ਕਿਸੇ ਇਨਾਮ ਸਨਮਾਨ ਲਈ ਨਾ ਸਹੀ, ਮੇਰੀ ਪੁਸਤਕ ਕਥਿਤ ਪੁਸਤਕ ਘਪਲੇ (ਬੁਕ ਸਕੈਂਡਲ) ਵਿੱਚ ਸ਼ਾਮਲ ਤਾਂ ਹੋਈ। ਭਾਵੇਂ ਮੈਨੂੰ ਪਤਾ ਹੈ ਮੇਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਅਸ਼ਲੀਲ, ਲਚਰ ਨਹੀਂ ਹੈ। ਸਾਫ ਸੁਥਰੇ ਜੀਵਨਾਤਮਕ ਨਿਬੰਧ ਸ਼ਾਮਲ ਹਨ। ਭਾਵੇਂ ਇਹ ਪੁਸਤਕ ਸਕੂਲ ਪੱਧਰ ਦੇ ਵਿਦਿਆਰਥੀ ਲਈ ਨਹੀਂ, ਕਾਲਜ, ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀ ਅਤੇ ਹੋਰ ਵਡੇਰੀ ਉਮਰ ਦੇ ਪਾਠਕਾਂ ਲਈ ਹੈ।

ਕਈ ਸਾਲਾਂ ਤੋਂ ਕਹਾਣੀ, ਕਵਿਤਾ ਤੇ ਵਖ ਵੱਖ ਵਿਸ਼ਿਆਂ ਉੱਤੇ ਲੇਖ ਲਿਖਦਾ ਤੇ ਛਪਦਾ ਆ ਰਿਹਾ ਸਾਂ। ਮੇਰੇ ਸਾਹਿਤਕ ਲੇਖਾਂ ਦੀ ਪੁਸਤਕ ‘ਪੰਜਾਬੀ ਸਾਹਿਤ ਤੇ ਸਭਿਆਚਾਰ’ ਛਪ ਚੁੱਕੀ ਸੀ। ਪਰ ਮੈਂ ਆਪਣੇ ਜੀਵਨ ਦੇ ਸਬੰਧ ਜੀਵਨਾਤਮਕ ਲੇਖ ਲਿਖਣ ਵਲ ਖਾਸ ਧਿਆਨ ਨਹੀਂ ਸੀ ਦਿੱਤਾ। ਕੁਝ ਸਾਲ ਪਹਿਲਾਂ ਮੇਰਾ ਇਕ ਲੇਖ ‘ਗਰੀਨ ਲਾਈਨ’ (ਬਰਲਿਨ ਦੀ ਦੀਵਾਰ) ਅੰਤਰਰਾਸ਼ਟਰੀ ਸਾਹਿਤਕ ਰਸਾਲੇ ‘ਧਰਤੀ ਦਾ ਸੂਰਜ’ ਵਿੱਚ ਛਪਿਆ। ਲੋਕਯਾਨ ਖੇਤਰ ਦੀ ਪ੍ਰਸਿੱਧੀ ਹਸਤੀ ਪ੍ਰੋ. ਕਿਰਪਾਲ ਕਜ਼ਾਕ ਨੇ ਮੇਰੇ ਇਸ ਲੇਖ ਦੀ ਪ੍ਰਸੰਸਾ ਵਿੱਚ, ਸੰਪਾਦਕ ਨੂੰ ਚਿੱਠੀ ਲਿਖੀ- ਚਿਠੀ ਦੀ ਕਾਪੀ ਮੈਨੂੰ ਵੀ ਮਿਲੀ- ‘‘ਲੇਖ ਇਤਨਾ ਮਾਰਮਿਕ ਅਤੇ ਹਿਰਦੇਵੇਦਕ ਹੈ ਕਿ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਪੜ੍ਹ ਕੇ ਝੰਜੋੜਿਆ ਜਾ ਸਕਦਾ ਹੈ ……. ਨਿੱਕੇ ਜਿਹੇ ਲੇਖ ਵਿੱਚ ਪੂਰੀ ਜ਼ਿੰਦਗੀ, ਸੁਪਨੇ ਕਾਮਨਾਵਾਂ ਅਤੇ ਯਥਾਰਥ ਦਾ ਪ੍ਰਤੀਕਾਤਮਿਕ ਇਤਿਹਾਸ ਹੈ……।’’

ਮੈਂ ਆਪਣੀ ਜ਼ਿੰਦਗੀ ਦੇ ਔਖੇ ਬਿਖੜੇ ਪੈਂਡਿਆਂ ਬਾਰੇ ਕਈ ਲੇਖ ਲਿਖੇ। ਕਰੀਬ ਸਾਰੇ ਨਾਮਵਰ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਣ ਲਗੇ। ਡਾ. ਰੌਣਕੀ ਰਾਮ ਨੇ ‘ਪਾਣੀ ਅਰਜ਼ ਕਰੇ’ ਲੇਖ ਦੀ ਉਸਤਤ ਕੀਤੀ- ਫੋਨ ਕੀਤਾ। ਕਈ ਹੋਰ ਲੇਖ ਛਪਣ ਉੱਤੇ ਡਾ. ਕਰਨੈਲ ਸਿੰਘ ਸੋਮਲ ਨੇ ਬਹੁਤ ਵਾਰ ਫੋਨ ਕਰਕੇ ਮੇਰਾ ਉਤਸ਼ਾਹ ਵਧਾਇਆ। ਹੋਰ ਕਈ ਲੇਖ ਛਪਣ ਉਪਰੰਤ ਡਾ. ਭੀਮ ਇੰਦਰ ਸਿੰਘ, ਰਾਂਚੀ ਤੋਂ ਆਈ. ਪੀ. ਐਸ. ਅਫਸਰ ਜਗਦੀਸ਼ ਰਾਜ, ਡਾ. ਸਤੀਸ਼ ਕੁਮਾਰ ਵਰਮਾ ਅਤੇ ਹੋਰ ਅਨੇਕ ਵਿਦਵਾਨ ਲੇਖਕਾਂ ਦੇ ਫੋਨ ਆਉਂਦੇ ਰਹੇ। ਮੇਰੇ ਜੀਵਨ ਨਾਲ ਸਬੰਧਤ 59 ਲੇਖਾਂ ਦੀ ਵਡ ਅਕਾਰੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਛਪਕੇ ਸਾਹਮਣੇ ਆ ਗਈ। ਇਹ 216 ਸਫਿਆ ਦੀ ਪੁਸਤਕ ਪੰਜਾਬੀ ਸਰਵ ਪ੍ਰਸਿੱਧ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ ਨੇ ਛਾਪੀ। ਇਸ ਪੁਸਤਕ ਬਾਰੇ ਨਾਮਵਾਰ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਲਿਖਿਆ- ‘‘ਤਹਾਡਾ ਮਾਸਟਰ ਪੀਸ…. ਬਹੁਤ ਰੌਚਕ ਹੈ। ਕਾਵਿਮਈ ਅਤੇ ਚਿਤਰ ਸ਼ੈਲੀ ਵਿਚ ਲਿਖੀ ਬੇਹਤਰ ਵਾਤਰਕ ਦਾ ਨਮੂਨਾ ਹੈ।’’ ਡਾ. ਕਰਨੈਲ ਸਿੰਘ ਸੋਮਲ ਨੇ ਲਿਖਿਆ- ‘‘ਨਿਵੇਕਲੇ ਹੁਨਰ ਅਤੇ ਅੰਦਾਜ਼…. ਅਨੇਕਾਂ ਅੰਤਰ ਦ੍ਰਿਸ਼ਟੀਆਂ ਨਾਲ ਭਰਪੂਰ ਇਹ ਪੁਸਤਕ ਪਾਠਕਾਂ ਨੂੰ ਅਵੱਸ਼ ਪੜ੍ਹਨੀ ਚਾਹੀਦੀ ਹੈ।’’ ਪ੍ਰਸਿੱਧ ਪੰਜਾਬੀ ਅਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਪੰਜਾਬੀ ਜਾਗ੍ਰਣ ਵਿੱਚ ਲਿਖਿਆ- ‘‘ਮੈਂ ਉਸ ਦੀ ਸਵੈ ਜੀਵਨੀ ਪੜ੍ਹ ਕੇ ਬਹੁਤ ਮੁਤਾਸਿਰ ਹੋਇਆ ਹਾਂ ਅਤੇ ਕਈ ਵਾਰ ਮੇਰੀਆਂ ਅੱਖਾਂ ਭਰ ਆਈਆਂ ਹਨ। ਪੰਜਾਬੀ ਦੇ ਸੁਹਿਰਦ ਪਾਠਕਾਂ ਨੂੰ ਜ਼ਰੂਰ ਮੈਂ ਇਹ ਪੁਸਤਕ ਪੜ੍ਹਨ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।’’

ਪ੍ਰੋ. ਪਰਮਜੀਤ ਢੀਂਗਰਾ ਨੇ ਪੰਜਾਬੀ ਟਿ੍ਰਬਿਊਨ ਵਿੱਚ ਲਿਖਿਆ- ‘‘ਅਜਿਹੀ ਪੁਖਤਾ ਵਾਰਤਕ ਨਾਲ ਪੰਜਾਬੀ ਸਾਹਿਤ ਤੇ ਭਾਸ਼ਾ ਦਾ ਕੱਦ ਉੱਚਾ ਹੁੰਦਾ ਹੈ, ਪੰਜਾਬੀਆਂ ਨੂੰ ਇਹ ਪੁਸਤਕ ਨੂੰ ਪੜ੍ਹ ਕੇ ਅਨੁਭਵੀ ਵਾਰਤਕ ਦੇ ਦਰਸ਼ਨ ਕਰਨੇ ਚਾਹੀਦੇ ਹਨ।’’ ਇਸ ਪੁਸਤਕ ਬਾਰੇ ਆਪਣੇ ਪੇਪਰ ਵਿੱਚ ਪ੍ਰੋ. ਗੋਪਾਲ ਸਿੰਘ ਬੁਟਰ ਖਾਲਸਾ ਕਾਲਜ ਜਲੰਧਰ ਨੇ ਲਿਖਿਆ- ‘‘ਸੰਵੇਦਨਸ਼ੀਲ ਤੇ ਸੂਖਮਭਾਵੀ ਲੇਖਕ ਦੀ ਸੁਹਜਮਈ ਸ਼ੁਭ ਇੱਛਾ ਤੇ ਆਸ਼ਾਵਾਦੀ ਸੋਚ ਦਾ ਪ੍ਰਭਾਵ ਪਾਠਕਾਂ ਦੇ ਮਨਾਂ ਉੱਤੇ ਪੈਂਦਾ ਹੈ ….. ਖੂਬਸੂਰਤੀ ਚਿਤਰਣ ਵਾਲੀ ਕਲਮ ਸਲਾਮਤ ਰਹੇ।’’ ‘ਕਾਲੇ ਲਿਖੁ ਨਾ ਲੇਖ’ ਪੁਸਤਕ ਉੱਤੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਬਲਬੀਰ ਕੌਰ ਦੀ ਪਰਧਾਨਗੀ ਹੇਠ ਹੋਈ ਗੋਸ਼ਟੀ ਵਿੱਚ ਪੜ੍ਹੇ ਗਏ ਪੇਪਰ ਵਿੱਚ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੇ ਲਿਖਿਆ- ‘‘ਜਿਸ ਵਿਅਕਤੀ ਨੇ ਸਦਾ ਰੌਸ਼ਨੀ ਵੰਡੀ ਹੋਵੇ, ਸੂਰਜ ਵਾਂਗ, ਹਮਦਰਦਵੀਰ ਨੌਸ਼ਹਿਰਵੀ ਵਰਗਾ ਵਿਅਕਤੀ ਬੁੱਢਾ ਨਹੀਂ ਹੋ ਸਕਦਾ, ਕਿਉਂਕਿ ਸੂਰਜ ਕਦੇ ਬੁੱਢਾ ਨਹੀਂ ਹੁੰਦਾ।’’ ਤ੍ਰੈਮਾਸਕ ਏਕਮ ਵਿੱਚ ਕਵਿਤਰੀ ਅਰਤਿੰਦਰ ਸੰਧੂ ਨੇ ਲਿਖਿਆ- ‘‘ਹਮਦਰਦਵੀਰ ਨੌਸ਼ਹਿਰਵੀ ਪੈਨਸ਼ਨ ਨਾ ਹੁੰਦਿਆਂ ਹੋਇਆ ਵੀ ਸਭ ਕੁਝ ਜਰ ਕੇ ਵੀ ਜ਼ਿੰਦਗੀ ਦੀ ਕੁਸੈਲ ਦਾ ਮੁਕਾਬਲਾ ਕਰਦਿਆਂ ਆਪੇ ਆਪ ਨੂੰ ਬਹਾਦਰ ਮਨੁੱਖ ਸਾਬਤ ਕਰਦਾ ਹੈ। ਇਹ ਸਵੈਜੀਵਨੀ ਇਸ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਇਤਿਹਾਸਕ ਦਸਤਾਵੇਜ਼ ਬਣ ਜਾਂਦੀ ਹੈ।’’

ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦਾ ਸਵੇਰੇ ਤਕੜੇ ਪੰਜ ਵਜੇ ਫੋਨ ਆਇਆ। ਸੁੱਖ ਤਾਂ ਹੈ ?- ਸ਼ਾਮ ਤੋਂ ਸ਼ੁਰੂ ਕੀਤੀ ਤੁਹਾਡੀ ਪੁਸਤਕ ‘ਕਾਲੇ ਲਿਖੁ ਨਾ ਲੇਖ’, ਮੈਂ ਹੁਣ ਖਤਮ ਕੀਤੀ ਹੈ। ਹੁਣ ਤਸੱਲੀ ਤੇ ਪਰਾਪਤੀ ਦਾ ਸਾਹ ਲਿਆ ਹੈ। ਇਕੋ ਸਾਹੇ, ਸਾਰੀ ਰਾਤ ਇਹ ਪੁਸਤਕ ਪੜ੍ਹਨ ਵਾਲਿਆ ਵਿਚ ਡਾ. ਪਰਮਿੰਦਰ ਸਿੰਘ ਬੈਨੀਪਾਲ, ਨਾਟਕਕਾਰ ਮਾਸਟਰ ਤਰਲੋਚਨ, ਹਿੰਦੀ ਕਵੀ ਸੁਰਜੀਤ ਵਿਸ਼ਾਦ, ਡਾ. ਹਰਜਿੰਦਰਪਾਲ ਸਿੰਘ, ਡਾ. ਹਰਿੰਦਰਜੀਤ ਸਿੰਘ ਕਲੇਰ ਸ਼ਾਮਲ ਸਨ। ‘ਕਾਲੇ ਲਿਖੁ ਨਾ ਲੇਖ’ ਪੁਸਤਕ ਕੋਰੀਅਰ ਰਾਹੀਂ ਡਾ. ਆਤਮਜੀਤ ਸਿੰਘ ਨੂੰ ਮਿਲੀ। ਫੋਨ ਆਇਆ- ਮੈਂ ਸਤ ਅੱਠ ਲੇਖ ਪੜ੍ਹ ਲੈ ਹਨ। ਮੈਂ ਬਹੁਤ ਪ੍ਰਭਾਵਤ ਹੋਇਆ ਹਾਂ। ਤਿੰਨ ਚਾਰ ਘੰਟੇ ਬਾਅਦ ਡਾ. ਆਤਮਜੀਤ ਸਿੰਘ ਦਾ ਫੇਰ ਫੋਨ ਆਇਆ- ਮੈਂ ਕਾਫੀ ਸਾਰੇ ਲੇਖ ਹੋਰ ਪੜ੍ਹ ਲਏ ਹਨ। ਪੰਜਾਬੀ ਦੇ ਬਹੁਤ ਵਡੇ ਨਾਟਕਕਾਰ ਨੇ ਮੇਰੀ ਪੁਸਤਕ ਲਗਾਤਾਰ ਪੜ੍ਹੀ ਤੇ ਸਲਾਹੀ। ਮੇਰੀ ਬੇਟੀ ਨਵਸੰਗੀਤ ਕਿਰਨ ਤੇ ਨੂੰਹ ਇੰਦਰਜੀਤ ਕੌਰ ਨੇ ਆਪ ਇਹ ਪੁਸਤਕ ਪੜ੍ਹੀ, ਹੋਰਨਾ ਨੂੰ ਪੜ੍ਹਾਈ ਤੇ ਆਪਣੇ ਪਾਸ ਸਾਂਭ ਕੇ ਰਖ ਲਈ।

ਪੁਸਤਕ ‘ਕਾਲੇ ਲਿਖੁ ਨਾ ਲੇਖ’ ਵਿੱਚ ਬਹੁਤਾ ਹਿੰਦੁਸਤਾਨ ਹੈ, ਥੋੜਾ ਕੁ ਪਾਕਿਸਤਾਨ ਹੈ, ਹੋਰ ਥੋੜਾ ਨੇਪਾਲ ਹੈ। ਇਸ ਪੁਸਤਕ ਦੇ ਤਿੰਨ ਪ੍ਰੇਰਨਾ ਸਰੋਤ ਹਨ- ਪ੍ਰੀਤ ਲੜੀ, ਭਾਰਤੀ ਹਵਾਈ ਸੈਨਾ ਅਤੇ ਮੇਰਾ ਜਨਮ ਪਿੰਡ। ਮੇਰੇ ਪਿੰਡ ਨੇ ਮੈਨੂੰ ਤੁਰਨਾ ਸਿਖਾਇਆ, ਪਿੰਡ ਦੀ ਮਿੱਟੀ ਮੇਰੇ ਨਾਲ ਨਾਲ ਤੁਰੀ। ਭਾਰਤੀ ਹਵਾਈ ਸੈਨਾ ਨੇ ਜ਼ਮੀਨ ਉੱਤੇ ਦੌੜਨਾ ਤੇ ਫੇਰ ਹਵਾ ਵਿੱਚ ਉਡਣਾ ਸਿਖਾਇਆ, ਮੈਨੂੰ ਅਨੇਕਾਂ ਵਨ ਸੁਵੰਨੇ ਵਿਸ਼ੇ ਤੇ ਪਾਤਰ ਦਿੱਤੇ। ਪ੍ਰੀਤ ਲੜੀ ਨੇ ਮੈਨੂੰ ਮਾਰਕਸਵਾਦੀ ਦ੍ਰਿਸ਼ਟੀ ਵਲ ਤੋਰਿਆ, ਦਿਸ਼ਾ ਦਿਤੀ, ਜੋ ਮੇਰੇ ਸਾਥ ਸਾਥ ਰਹੀ।

ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੋਕ ਹੈ। ਨੌਵੀਂ ਦਸਵੀਂ ਵਿੱਚ ਪੜ੍ਹਦਿਆਂ ਗੁਰਬਖ਼ਸ ਸਿੰਘ ਦੀ ਪ੍ਰੀਤ ਲੜੀ ਨਾਲ ਵਾਹ ਪੈਣਾ ਸ਼ੁਰੂ ਹੋ ਗਿਆ। ਗਿਆਨੀ ਲਈ ਪੜ੍ਹਾਈ ਕਰਦਿਆਂ ਮੈਨੂੰ ਕੋਰਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਗੀ। ਬਹੁਤ ਛੋਟੀ ਕਿਸਾਨੀ ਵਿਚੋਂ ਹੋਣ ਕਰਕੇ, ਆਰਥਕ ਤੰਗੀਆ ਕਰਕੇ, ਮੈਂ ਰੈਗੂਲਰ ਕਾਲਜ ਵਿੱਚ ਪੜ੍ਹਾਈ ਨਹੀਂ ਕਰ ਸਕਿਆ। ਨੌਕਰੀ ਕਰਦਿਆਂ, ਤੁਰਦਿਆਂ ਫਿਰਦਿਆਂ ਮੈਂ ਕਿਤਾਬਾਂ ਪੜ੍ਹਦਾ ਰਿਹਾ। ਇਮਤਿਹਾਨ ਦਿੰਦਾ ਰਿਹਾ। ਪਾਸ ਹੁੰਦਾ ਗਿਆ। ਨਾਲ ਨਾਲ ਲਿਖਦਾ ਰਿਹਾ। ਕਿਤਾਬਾਂ ਖਰੀਦ ਕੇ, ਉਧਾਰੀਆਂ ਲੈ ਕੇ, ਲਾਇਬਰੇਰੀਆਂ ਵਿੱਚ ਬੈਠ ਕੇ ਪੜਨਾ ਮੇਰੀ ਲੋੜ ਸੀ- ਸ਼ੌਕ ਸੀ ਤੇ ਕਿਤਾਬਾਂ ਹੀ ਮੇਰਾ ਮਨੋਰੰਜਨ ਸਨ। ਮੈਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਭੰਡਾਰੀ ਪੁਲ ਵਲ ਦੇ ਗੇਟ ਦੇ ਨਾਲ, ਪੁਰਾਣੀਆਂ ਕਿਤਾਬਾਂ ਦੇ ਢੇਰ ਲਗੇ ਹੁੰਦੇ ਸਨ। ਮੈਂ ਆਪਣੀ ਲੋੜ ਤੇ ਪਸੰਦ ਦੀਆਂ ਕਿਤਾਬਾਂ ਥੋੜੇ ਜਹੇ ਮੁਲ ਤੇ ਖਰੀਦ ਲੈਂਦਾ ਸਾਂ। ਮੈਂ ਤਿੰਨ ਸਾਲ ਮਦਰਾਸ ਰਿਹਾ। ਅਕਸਰ ਮੈਂ ਤਾਮਬਰਮ ਹਵਾਈ ਅੱਡੇ ਨੇੜੇ ਮੂਰ ਮਾਰਕਿਟ ਵਿੱਚ ਜਾਂਦਾ। ਪੁਰਾਣੀਆਂ ਕਿਤਾਬਾਂ ਦੇ ਸਟੋਰ ਵਿਚ ਆਪਣੇ ਮਤਲਬ ਦੀਆਂ ਕਿਤਾਬਾਂ ਲੱਭ ਲਿਆਉਂਦਾ ਸਾਂ। ਆਪਣੇ ਆਗਰਾ ਵਾਸ ਵੇਲੇ ਆਗਰਾ ਯੂਨੀਵਰਸਿਟੀ ਖੇਤਰ ਵਿਚ ਮੈਂ ਜਾਂਦਾ। ਕਿਤਾਬਾਂ ਲੱਭਦਾ। ਬਾਅਦ ਵਿਚ ਪੰਜਾਬ ਯੂਨੀਵਰਸਿਟੀ ਉਤਰ ਕਾਪੀਆਂ ਦਾ ਮੁਲੰਕਣ ਕਰਨ ਜਾਂਦਾ। ਸੈਟਰ 14 ਦੇ ਫੁਟਪਾਥ ਉੱਤੇ ਲਗਾਈਆਂ ਪੁਰਾਣੀਆਂ ਕਿਤਾਬਾਂ ਵਿਚ ਕਿਤਾਬਾਂ ਚੁਣ ਕੇ ਖਰੀਦ ਲਿਆਉਂਦਾ ਸਾਂ। ਵਿਚੋਂ ਵਿਚੋਂ ਮੈਂ ਨਵੀਆਂ ਕਿਤਾਬਾਂ ਵੀ ਖਰੀਦਦਾ ਸਾਂ।

ਪੰਜਾਬ ਵਿੱਚ ਬੁੱਕ ਕਲਚਰ ਨਹੀਂ ਬੋਤਲ ਕਲਚਰ ਹੈ। ਕਿਤਾਬ ਸਭਿਆਚਾਰ ਨਹੀਂ ਸ਼ਰਾਬ ਸਭਿਆਚਾਰ ਹੈ। ਬੰਗਾਲੀਆਂ, ਤਾਮਲਾਂ, ਮਲਿਆਲੀਆਂ ਵਾਂਗ ਪੰਜਾਬ ਵਿੱਚ ਕਿਤਾਬਾਂ ਪੜ੍ਹਨ ਦਾ ਉੱਕਾ ਸ਼ੌਕ ਨਹੀਂ ਹੈ। ਸੰਸਾਰ ਭਰ ਦੇ ਦੇਸ਼ਾਂ ਵਿੱਚੋਂ ਪੰਜਾਬ ਦੇਸ ਦੇ ਲੋਕ ਸਭ ਤੋਂ ਵਧ ਸ਼ਰਾਬ ਪੀਂਦੇ ਹਨ। ਪਰ ਸਿੱਖਿਆ- ਪੁਸਤਕ ਸਭਿਆਚਾਰ ਵਿੱਚ ਸਭ ਤੋਂ ਪਿਛੇ ਹਨ। ਪੰਜਾਬ ਸਰਕਾਰ ਨੇ ਪੰਜਵੀ ਤੇ ਅੱਠਵੀਂ ਦੇ ਬੋਰਡ ਵਲੋਂ ਕੋਈ ਇਮਤਿਹਾਨ ਨਾ ਲੈਣ ਤੇ ਸਾਰੇ ਵਿਦਿਆਰਥੀ ਪਾਸ ਕਰਨ ਦੀ ਨੀਤੀ ਨੇ ਪਿੰਡਾਂ ਵਿਚ ਸਰਕਾਰੀ ਸਿਖਿਆ ਸਿਸਟਮ ਵੈਸੇ ਹੀ ਖਤਮ ਕਰ ਦਿੱਤਾ ਹੈ। ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਨਾ ਪੂਰੇ ਅਧਿਆਪਕ ਹਨ, ਨਾ ਇਮਤਿਹਾਨ ਹੁੰਦੇ ਹਨ ਤੇ ਨਾ ਹੀ ਪੜ੍ਹਾਈ ਦਾ ਕੋਈ ਮਹੌਲ ਹੈ।

ਪੰਜਾਬ ਪਾਸ ਸੰਸਾਰ ਦਾ ਸਭ ਤੋਂ ਮਹਾਨ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਸ਼ਬਦ ਗੁਰੂ ਹੈ। ਪਰ ਸ਼ਬਦ ਗੁਰੂ ਤੋਂ ਦੂਰੀ ਵਧ ਰਹੀ ਹੈ। ਸਿੱਖ ਸਰਦਾਰ ਹੈ। ਪਰ ਬਿਨਾ ਸਾਬਤ ਕੇਸ ਦਾਹੜੀ ਤੇ ਦਸਤਾਰ ਤੋਂ ਸਿੱਖ ਸਰਦਾਰ ਨਹੀਂ, ਭਈਆ ਹੈ, ਬਾਊ ਹੈ। ਬਿਨਾ ਮਾਂ ਬੋਲੀ ਦੇ ਪਿਆਰ ਤੋਂ ਉਹ ਯਤੀਮਾਂ ਵਾਂਗ ਹੈ। ਲਚਰਤਾ ਹੈ, ਜਟਵਾਦ ਹੈ, ਵਿਹਲੜਪੁਣਾ ਹੈ, ਖਰੂਦ ਹੈ, ਸ਼ੋਰ ਹੈ, ਸਿਆਸੀ ਲੀਡਰਾਂ ਦੇ ਪੱਤਲਚੱਟ ਯੁਵਕ ਹਨ।

ਪੰਜਾਬੀ ਪੁਸਤਕ ਸਭਿਆਚਾਰ ਦੇ ਵਿਕਾਸ ਵਿਚ ਮਾੜਾ ਮੋਟਾ ਮੇਰਾ ਵੀ ਯੋਗਦਾਨ ਹੈ- ਆਪਣੀਆਂ ਬੈਂਕ ਪਾਸ ਬੁੱਕਾਂ ’ਤੇ ਮੈਂ ਗੁਰਮੁਖੀ ਵਿਚ ਹਸਤਾਖਰ ਕਰਦਾ ਹਾਂ। ਮੇਰੀ ਸਰਪਰਸਤੀ ਹੇਠ ਕੀਤੇ ਜਾਂਦੇ ਸਾਰੇ ਸਾਹਿਤਕ, ਧਾਰਮਕ, ਸਭਿਆਚਾਰ ਸੱਦਾ ਪੱਤਰ, ਹਮੇਸ਼ਾ ਪੰਜਾਬੀ ਗੁਰਮੁਖੀ ਵਿਚ ਹੁੰਦੇ ਹਨ। ਵਿਆਹ ਸ਼ਾਦੀਆ ਸ਼ਗਨਾਂ ਦੇ ਮੌਕੇ, ਸੇਵਾ ਮੁਕਤੀ ਸਮੇਂ, ਮੈਂ ਆਪਣੀ ਸਵੈ ਰਚਿਤ ਪੰਜਾਬੀ ਪੁਸਤਕ ਹੀ ਸ਼ਗਨ ਵਜੋਂ ਭੇਟ ਕਰਦਾ ਹਾਂ।

ਮੈਂ ਅਖਬਾਰਾਂ ਰਸਾਲਿਆਂ ਲਈ ਲਿਖਦਾ ਹਾਂ। ਮੈਨੂੰ ਪਾਠਕਾਂ, ਲੇਖਕਾਂ ਦੇ ਪਿਆਰ ਫੋਨ ਆਉਂਦੇ ਹਨ। ਪਿਆਰ ਵਧਦਾ ਹੈ। ਨਵੇਂ ਰਿਸ਼ਤੇ ਜੁੜਦੇ ਹਨ। ਮੈਨੂੰ ਟੈਲੀਫੋਨ ਆਉਂਦਾ ਹੈ- ਮੈਨੂੰ ਕੋਈ ਬੁਲਾਉਂਦਾ ਹੈ- ਮੈਂ ਹੈਲੋ ਕਦੀ ਨਹੀਂ, ਹਾਂ ਜੀ ਕਹਿੰਦਾ ਹਾਂ। ਮੇਰੀ ਸੰਤਾਨ, ਅੱਗੇ ਉਹਨਾਂ ਦੀ ਸੰਤਾਨ, ਮੇਰੀ ਸੇਵਾਦਾਰਨੀ, ਆਸੇ ਪਾਸੇ ਦੇ ਛੋਟੀ ਉਮਰ ਦੇ ਮੇਰੇ ਸਾਰੇ ਵਾਕਫਕਾਰ ਮੈਨੂੰ ਪਿਤਾ ਜੀ ਕਹਿੰਦੇ ਹਾਂ। ਅੰਕਲ ਨਹੀਂ, ਸਰ ਨਹੀਂ। ਜਦੋਂ ਕਾਲਜ ਵਿੱਚ ਪੜ੍ਹਾਉਂਦਾ ਸਾਂ, ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਂ ਆਪਣੀ ਨਿੱਜੀ ਲਾਇਬਰੇਰੀ ਵਿੱਚੋਂ ਪੁਰਸਕਾਰ ਵਲੋਂ ਕਿਤਾਬਾਂ ਭੇਟ ਕਰਦਾ ਸਾਂ। ਆਪਣੇ ਪਲਿਓਂ ਕੋਰਸ ਦੀਆਂ ਕਿਤਾਬਾਂ ਖਰੀਦ ਕੇ ਵੀ ਦੇ ਦਿੰਦਾ ਸਾਂ। ਛੁਟੀਆਂ ਤੋਂ ਪਹਿਲਾਂ ਮੈਂ ਆਪਣੀ ਹਰ ਕਲਾਸ ਵਿਚ ਕਹਿੰਦਾ ਸਾਂ ਕਿ ਛੁਟੀਆਂ ਵਿਚ ਘਟੋ ਘਟ ਦੋ ਨਵੀਆਂ ਕਿਤਾਬਾਂ ਘਰੋਂ ਪੜ੍ਹ ਕੇ ਆਉਣਾ। ਵਾਰੀ ਵਾਰੀ ਸਾਰੇ ਵਿਦਿਅਰਥੀਆਂ ਨੂੰ ਪੁਛਿਆ ਜਾਵੇਗਾ, ਕਿ ਛੁੱਟੀਆਂ ਵਿੱਚ ਕੋਰਸ ਤੋਂ ਬਾਹਰ ਕਿਹੜੀ ਕਿਹੜੀ ਕਿਤਾਬ ਉਹਨਾਂ ਪੜ੍ਹੀ-ਕੀ ਗ੍ਰਹਿਣ ਕੀਤਾ।

ਕਦੀ ਕਦੀ ਮੈਂ ਕਿਸੇ ਜਾਣੂ ਅਫਸਰ ਨੂੰ ਆਪਣੀ ਪੁਸਤਕ ਭੇਟ ਕਰਨ ਤੋਂ ਪਹਿਲਾਂ ਪੁਛਦਾ ਸਾਂ ਕਿ ਕੀ ਉਹ ਇਹ ਪੁਸਤਕ ਪੜ੍ਹਨਗੇ। ਉਹਨਾਂ ਦੇ ਹਾਂ ਕਹਿਣ ਉੱਤੇ ਹੀ ਮੈਂ ਆਪਣੀ ਪੁਸਤਕ ਭੇਟ ਕਰਦਾ ਸਾਂ। ਪਰ ਮੈਨੂੰ ਨਹੀਂ ਲਗਦਾ ਕਦੀ ਕਿਸੇ ਅਫਸਰ ਨੇ ਮੇਰੀ ਕਿਤਾਬ ਪੜ੍ਹੀ ਹੋਵੇ।

ਜੇ ਮੈਂ ਤੰਗ ਦਿਲ ਫਿਰਕੂ ਸੋਚ ਦਾ ਧਾਰਨੀ ਨਹੀਂ, ਸਮਾਜਵਾਦੀ ਲੋਕਵਾਦੀ, ਖੁਲਦਿਲੇ ਵਿਚਾਰਾਂ ਦਾ ਧਾਰਨੀ ਹਾਂ- ਤਾਂ ਇਹ ਵਧੀਆ ਕਿਤਾਬਾਂ ਪੜ੍ਹਦੇ ਰਹਿਣ ਕਰਕੇ ਹੀ ਹੈ। ਕਿਤਾਬਾਂ ਸਕੂਨ ਦਿੰਦੀਆਂ ਹਨ। ਵਿਸ਼ਾਲਤਾ ਪ੍ਰਦਾਨ ਕਰਦੀਆਂ ਹਨ- ਖਾਲੀ ਥਾਵਾਂ ਭਰਦੀਆਂ ਹਨ, ਸਰਸ਼ਾਰ ਕਰਦੀਆਂ ਹਨ। ਚੇਤਨਾ ਪੱਧਰ, ਬੋਲਚਾਲ ਵਧੀਆ ਹੁੰਦਾ ਹੈ। ਸੈਂਕੜੇ ਰੌਸ਼ਨੀਆਂ ਹੋਣ ਪਰ ਜੇ ਘਰ ਵਿੱਚ ਕਿਤਾਬਾਂ ਨਹੀਂ ਤਾਂ ਘੋਰ ਹਨੇਰਾ ਹੈ। ਟੀ. ਵੀ. ਇੰਟਰਨੈਟ ਦਾ ਸ਼ੋਰ ਹੋਵੇਗਾ। ਸੋਜ਼ਮਈ ਸੰਗੀਤ ਨਹੀਂ। ਪੰਜਾਬ ਵਿੱਚ ਥਾਂ ਥਾਂ ਡੇਰੇ ਹਨ, ਵਹਿਮ ਦੀਆਂ ਸਮਾਧਾਂ ਹਨ- ਇਹ ਡੇਰੇ ਇਸ ਲਈ ਵਧ ਰਹੇ ਹਨ- ਕਿਉਂਕਿ ਲੋਕ ਕਿਤਾਬਾਂ ਵਿਚੋਂ ਆਪਣੀਆਂ ਸਮਸਿਆਵਾਂ ਦਾ ਹੱਲ ਲੱਭਣ ਦੀ ਥਾਂ, ਪਾਖੰਡੀ ਸਾਧਾਂ ਦੇ ਪੈਰੀਂ ਲੱਗ ਕੇ ਆਪਣੀਆਂ ਨਿਰਾਸ਼ਾਂ ਤੋਂ ਰਾਹਤ ਢੂੰਡਦੇ ਹਨ। ਜਿਥੇ ਕਿਤਾਬਾਂ ਦੀ ਤਰਕਸ਼ੀਲ ਰੌਸ਼ਨੀ ਨਹੀਂ ਹੋਵੇਗੀ ਉਥੇ ਸਾਧ-ਡੇਰਿਆਂ ਦਾ ਅੰਧਕਾਰ ਜਾਲ ਕੁੰਡੀ ਲਗਾ ਕੇ ਬੈਠਾ ਹੋਵੇਗਾ। ਪੰਜਾਬ ਵਿੱਚ ਵੱਧ ਰਹੀ ਹੈ- ਭਿ੍ਰਸ਼ਟਾਚਾਰੀ, ਗੁੰਡਾਗਰਦੀ, ਦੁਰਾਚਾਰੀ, ਬਲਾਤਕਾਰੀ, ਝਪਟਮਾਰੀ, ਚੋਰ ਬਜ਼ਾਰੀ, ਚੋਰੀ ਠੱਗੀ, ਅਣਖਹੀਣਤਾ, ਬੇਜ਼ਮੀਰੀ ਦਾ ਵੱਡਾ ਕਾਰਨ ਹੈ- ਗਿਆਨ- ਸਰੋਵਰ ਤੋਂ ਦੂਰੀ, ਪੁਸਤਕ ਤੋਂ ਬੇਮੁਖਤਾ।

ਕੇਂਦਰੀ ਸਕੀਮ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਲਈ 55 ਕਿਤਾਬਾਂ, ਪ੍ਰਤੀ ਸਕੂਲ ਖਰੀਦੀਆ ਜਾਣੀਆਂ ਸਨ- ਪ੍ਰਾਇਮਰੀ ਸਕੂਲ ਲਈ ਤਿੰਨ ਹਜ਼ਾਰ ਰੁਪਏ ਦੀਆਂ ਪੁਸਤਕਾਂ ਤੇ ਸੈਕੰਡਰੀ ਸਕੂਲ ਲਈ ਦਸ ਹਜ਼ਾਰ ਰੁਪਏ ਦੀਆਂ ਕਿਤਾਬਾਂ ਪ੍ਰਤੀ ਸਕੂਲ, ਖਰੀਦੀਆਂ ਜਾਣੀਆਂ ਸਨ- 9.28 ਕਰੋੜ ਰੁਪਏ ਦਾ ਬਜਟ ਸੀ। ਪਰ ਸਕੀਮ ਕੁਰਾਹੇ ਪੈ ਗਈ। ਗਲਤ ਕਿਤਾਬਾਂ ਖਰੀਦੀਆਂ ਗਈਆਂ। ਸਿਰਫ ਇਕ ਹੀ ਕਿਤਾਬ ਸਹੀ ਖਰੀਦੀ ਗਈ ਉਹ ਸੀ ‘ਕਾਲੇ ਲਿਖੁ ਨਾ ਲੇਖ’– ਪਰ ਇਹ ਕਿਤਾਬ ਸਕੂਲੀ ਬੱਚਿਆਂ ਲਈ ਨਹੀਂ ਸੀ।

ਚਲੋ ਕਥਿਤ ਕਿਤਾਬ ਸਕੈਡਲ ਵਿਚ ਫਸ ਕੇ ਮੇਰੀ ਕਿਤਾਬ ਚਰਚਾ ਵਿਚ ਤਾਂ ਆਈ।

ਅੱਜ ਕੱਲ ਮੈਂ ਇਕੱਲਾ ਰਹਿੰਦਾ ਹਾਂ। ਕਿਤਾਬਾਂ ਮੇਰੀਆਂ ਸਹੇਲੀਆਂ ਹਨ, ਸਾਥੀ ਹਨ, ਮਿੱਤਰ ਹਨ।