JAP (First Salok)

0
918

ਆਦਿ ਸਚੁ; ਜੁਗਾਦਿ ਸਚੁ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥ (ਜਪੁ)

ਪਦ ਅਰਥ: ਆਦਿ-ਆਕਾਰ (ਦ੍ਰਿਸ਼ਮਾਨ) ਤੋਂ ਪਹਿਲਾ (ਵਿਸ਼ੇਸ਼ਣ)।, ਸਚੁ-ਸਦੀਵੀ ਸਥਿਰ (ਇੱਕ ਵਚਨ ਪੁਲਿੰਗ ਨਾਂਵ)।, ਜੁਗਾਦਿ-ਜੁਗ ਸਮਾਂ ਨਿਰਧਾਰਿਤ ਕਰਨ ਤੋਂ ਪਹਿਲਾ (ਵਿਸ਼ੇਸ਼ਣ)।, ਹੈ ਭੀ-‘ਹੋਣਾ’ ਜਾਂ ‘ਮੌਜੂਦਗੀ’ ਦਾ ਵਰਤਮਾਨ ਕਾਲ, ਇੱਕ ਵਚਨੀ ਸੂਚਕ (ਅਵਯ, ਵਿਆਕਰਨ ਮੁਤਾਬਕ ਉਹ ਸ਼ਬਦ, ਜਿਸ ਦੀ ਸਾਰੇ ਲਿੰਗਾਂ, ਕਾਰਕ ਵੰਡਾਂ ਤੇ ਵਚਨਾਂ ’ਚ ਇੱਕ ਸਮਾਨ ਵਰਤੋਂ ਹੁੰਦੀ ਹੈ)।, ਨਾਨਕ- ਹੇ ਨਾਨਕ ! (ਸੰਬੋਧਨ)।, ਹੋਸੀ-ਹੋਵੇਗਾ, ਰਹੇਗਾ (ਭਵਿੱਖਤ ਕਾਲ ਕਿਰਿਆ)।

(ਨੋਟ: ‘ਜਪੁ’ ਬਾਣੀ ਸੰਗ੍ਰਹਿ ’ਚ 2190 ਸ਼ਬਦਾਂ ਰਾਹੀਂ 38 ਪਉੜੀਆਂ ਤੇ 2 ਸਲੋਕ (38 ਪਉੜੀਆਂ ਦੇ ਅਗੇਤਰ ਤੇ ਪਿਛੇਤਰ) ਦਰਜ ਕੀਤੇ ਗਏ ਹਨ, ਇਨ੍ਹਾਂ ਸਲੋਕਾਂ ’ਚੋਂ ਅਗੇਤਰ ਸਲੋਕ ਰਾਹੀਂ ਅਕਾਲ ਪੁਰਖ ਦੇ ਨਿਰਗੁਣ (ਅਦ੍ਰਿਸ਼, ਨਿਰਾਕਾਰ, ਸਥਾਈ ਜਾਂ ਸਥਿਰ) ਸਰੂਪ (ਹੋਂਦ) ਨੂੰ ਉਲੀਕਿਆ ਗਿਆ ਹੈ ਜਦਕਿ ਪਿਛੇਤਰ ਸਲੋਕ ’ਚ ਅਕਾਲ ਪੁਰਖ ਦੇ ਸਰਗੁਣ (ਦ੍ਰਿਸ਼ਮਾਨ, ਆਕਾਰ, ਅਸਥਾਈ ਜਾਂ ਨਾਸ਼ਵਾਨ) ਸਰੂਪ ਦਾ ਵਰਣਨ ਕੀਤਾ ਗਿਆ ਹੈ। ਕਿਸੇ ਲੰਮੀ ਰਚਨਾ ਦੇ ਆਰੰਭਕ ਭਾਗ ’ਚ ਮੰਗਲਾਚਰਨ ਵਜੋਂ ਅਤੇ ਸਮਾਪਤੀ ਭਾਗ ’ਚ ਲੰਮੀ ਰਚਨਾ ’ਚ ਵਿਚਾਰੇ ਗਏ ਸਾਰੇ ਵਿਸ਼ਿਆਂ ਦੇ ਤੱਤ-ਸਾਰ ਵਜੋਂ ਸੰਖੇਪ ’ਚ ਕੁਝ ਸ਼ਬਦ ਦਰਜ ਕੀਤੇ ਜਾਂਦੇ ਹਨ; ਜਿਵੇਂ ਕਿ ‘ਜਪੁ’ ਦਾ ਅਗੇਤਰ ਸਲੋਕ 12 ਸ਼ਬਦਾਂ ’ਚ (ਮੰਗਲਾਚਰਨ ਰੂਪ) ਦਰਜ ਹੈ ਤੇ ਪਿਛੇਤਰ ਸਲੋਕ (ਆਕਾਰ ਭਾਵ ਕੁਦਰਤ ਦਾ ਬਹੁ ਪੱਖ ਵਰਣਨ ਕਰਨ ਉਪਰੰਤ ਸੰਖੇਪ ’ਚ ਤਮਾਮ ਵਿਸ਼ਿਆਂ ਦਾ ਨਿਚੋੜ, ਮਾਤ੍ਰ) 41 ਸ਼ਬਦਾਂ ’ਚ ਸਮੇਟਿਆ ਗਿਆ ਹੈ।

‘ਜਪੁ’ ਦੇ ਅਗੇਤਰ ’ਚ ਦਰਜ ਹਥਲੇ ਸਲੋਕ ਦੇ ਅੰਤ ’ਚ ਅੰਕ ‘੧’; ਸਲੋਕ ਅਤੇ ਮੰਗਲਾਚਰਨ ਵਿਸ਼ੇ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ।)

ਆਦਿ ਜੁਗਾਦਿ– ਗੁਰਬਾਣੀ ’ਚ ‘ਆਦਿ’ ਸ਼ਬਦ 149 ਵਾਰ, ‘ਜੁਗਾਦਿ’ 33 ਵਾਰ ਅਤੇ ‘ਆਦਿ+ਜੁਗਾਦਿ’ (ਸੰਯੁਕਤ ਸ਼ਬਦ) 31 ਵਾਰ ਦਰਜ ਹਨ, ਜਿਨ੍ਹਾਂ ਰਾਹੀਂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਗਤ ਨਾਮਦੇਵ ਜੀ ਆਦਿ ਵਚਨ ਕਰਦੇ ਹਨ ਕਿ ‘ਆਦਿ+ਜੁਗਾਦਿ ਸਚੁ’ ਭਾਵ ਜੋ ਅਸਥਿਰ ਕੁਦਰਤ ਤੋਂ ਪਹਿਲਾ ਤੇ ਜੁਗ ਕਲਪਨਾ ਤੋਂ ਪਹਿਲਾ ਅਕਾਲ ਪੁਰਖ ਸੀ, ਉਸ ਦਾ ਨਿਵਾਸ ਹੁਣ ਵੀ ਕਣ ਕਣ ਵਿੱਚ ਮੌਜੂਦ ਹੈ, ਭਗਤਾਂ ਦੀ ਸਦਾ ਮਦਦ ਕਰਦਾ ਹੈ, ਤਮਾਮ ਜੀਵਾਂ ਉੱਤੇ ਮਿਹਰ ਕਰਕੇ ਦਾਤਾਂ ਬਖ਼ਸ਼ਸ਼ ਕਰਦਾ ਹੈ, ਉਸ ਦਾ ਸਰੂਪ ਵਧਦਾ-ਘਟਦਾ ਨਹੀਂ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੀਵਾਂ ਦੇ ਮੁਕਾਬਲੇ ਉਸ ਦਾ ਪ੍ਰਤਾਪ (ਮਹੱਤਵ) ਬੜਾ ਵੱਡਾ ਹੈ ਤੇ ਸਥਾਈ (ਸਥਿਰ) ਹੈ, ਜੀਵ-ਕਰਮਾਂ ਵਾਙ ਉਸ ਨੂੰ ਵਿਕਾਰ ਰੂਪ ਮੈਲ਼ ਪੋਹ (ਛੂਹ) ਨਹੀਂ ਸਕਦੀ, ਆਦਿ; ਜਿਵੇਂ

ਘਟਿ+ਘਟਿ (’ਚ) ਸੋ ਪ੍ਰਭੁ; ਆਦਿ ਜੁਗਾਦਿ (ਤੋਂ)॥ (ਮ: ੧/੪੧੫)

ਤੂ ਆਦਿ ਜੁਗਾਦਿ (ਤੋਂ); ਕਰਹਿ ਪ੍ਰਤਿਪਾਲਾ (ਪਾਲ਼ਨਾ)॥ (ਮ: ੧/੧੦੩੧)

ਆਦਿ ਜੁਗਾਦਿ (ਤੋਂ); ਦਇਆਪਤਿ ਦਾਤਾ ॥ (ਮ: ੩/੧੦੬੦)

ਆਦਿ ਜੁਗਾਦਿ (ਤੋਂ) ਵੇਸੁ (ਸਰੂਪ) ਹਰਿ ਏਕੋ.. ॥ (ਮ: ੪/੧੩੧੫)

ਆਦਿ ਜੁਗਾਦਿ (ਤੋਂ) ਭਗਤਨ ਕਾ ਰਾਖਾ; ਉਸਤਤਿ ਕਰਿ-ਕਰਿ (ਕੇ) ਜੀਵਾ (ਜੀਵਾਂ)॥ (ਮ: ੫/੭੭੮)

ਆਦਿ ਜੁਗਾਦਿ (ਤੋਂ); ਜਾ ਕਾ ਵਡ ਪਰਤਾਪੁ ॥ (ਮ: ੫/੮੦੧)

ਆਦਿ ਜੁਗਾਦਿ, ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ ਨ ਜਾਨਿਆ ॥ (ਭਗਤ ਨਾਮਦੇਵ/੧੩੫੧), ਆਦਿ।

ਉਕਤ ਕੀਤੀ ਗਈ ‘ਆਦਿ+ਜੁਗਾਦਿ ਸਚੁ’ ਸ਼ਕਤੀ (ਹੋਂਦ) ਦੀ ਵਿਆਖਿਆ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ‘ਆਦਿ+ਜੁਗਾਦਿ ਸਚੁ’ ਦੀ ਯਾਦ ਵਿੱਚ ਲੀਨ ਹੋ ਕੇ ਭਾਵ ਉਸ ਦੀ ਹੋਂਦ ਨੂੰ ਸਵੀਕਾਰ ਕੇ ‘ਅਜਪਾ-ਜਾਪੁ’ ਭਾਵ ਉਹ ਸਿਮਰਨ ਜਾਂ ਯਾਦ, ਜੋ ਬੁਧੀ ਨੂੰ ਨਿਰੰਤਰ ਪ੍ਰਭਾਵਤ ਕਰੇ, ਜਾਰੀ ਰੱਖਣਾ ਚਾਹੀਦਾ ਹੈ: ‘‘ਅਜਪਾ ਜਾਪੁ ਨ ਵੀਸਰੈ; ਆਦਿ ਜੁਗਾਦਿ (ਹੋਂਦ ’ਚ) ਸਮਾਇ (ਲੀਨ ਹੋ ਕੇ)॥’’ (ਮ: ੧/੧੨੯੧)

ਗੁਰੂ ਰਾਮਦਾਸ ਜੀ ‘ਆਦਿ+ਜੁਗਾਦਿ ਸਚੁ’ ਹੋਂਦ ਨਾਲ਼ ਜੁੜਨ ਲਈ ਪ੍ਰੇਰਦੇ ਹਨ: ‘‘ਸਭਿ ਧਿਆਵਹੁ; ਆਦਿ ਸਤੇ, ਜੁਗਾਦਿ ਸਤੇ, ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ ਦਾਸੁ ਦਸੋਨਾ (ਅਜਿਹੇ ਦਾਸਾਂ ਦਾ ਦਾਸ ਹੈ)॥’’ (ਮ: ੪/੧੩੧੫)

ਗੁਰਬਾਣੀ ’ਚ ਦਰਜ ‘ਆਦਿ’ ਦੇ ਮੁਕਾਬਲੇ ‘ਅਨਾਦਿ’ (ਭਾਵ ‘ਆਦਿ ਰਹਿਤ’, 6 ਵਾਰ) ਦਰਜ ਹੈ, ਇਨ੍ਹਾਂ ਦੋਵੇਂ ਸ਼ਬਦਾਰਥਾਂ ’ਚ ਬਿਲਕੁਲ ਭਿੰਨਤਾ ਹੋਣ ਕਾਰਨ ਇਨ੍ਹਾਂ ਦੀ ਵਿਚਾਰ ਜ਼ਰੂਰੀ ਹੈ, ਤਾਂ ਜੋ ‘ਆਦਿ’ ਦੇ ਸ਼ਬਦਾਰਥ ਸਪਸ਼ਟ ਹੋ ਜਾਣ।

ਸਮੁੰਦਰ ਦਾ ਹਰ ਤਰਫ਼ ਕਿਨਾਰਾ, ਸਮੁੰਦਰ ਦੇ ਪਾਣੀ ਲਈ ‘ਆਦਿ’ ਹੁੰਦਾ ਹੈ ਪਰ ਸਮੁੰਦਰ ਦਾ ਵਿਚਕਾਰਲਾ ਭਾਗ, ਪਾਣੀ ਲਈ ‘ਅਨਾਦਿ’ (ਆਦਿ ਰਹਿਤ) ਹੈ, ਜਿਥੋਂ ਦੂਰ-ਦੂਰ ਤੱਕ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਅਕਾਸ਼ (ਅਸਮਾਨ) ਲਈ ਕੋਈ ਠੋਸ ਗ੍ਰਹਿ ਆਦਿ ਹੁੰਦਾ ਹੈ ਜਦਕਿ ਅਸਮਾਨ ਆਪਣੇ ਆਪ ’ਚ ਅਨਾਦਿ (ਆਦਿ ਰਹਿਤ) ਹੈ। ਵੈਸੇ ਹੀ ਕੁਦਰਤ ਦਾ ‘ਆਦਿ’ (ਮੁੱਢ, ਮੂਲ, ਜੜ੍ਹ, ਪਹਿਲਾ) ਅਕਾਲ ਪੁਰਖ ਹੈ ਪਰ ਅਕਾਲ ਪੁਰਖ ਦਾ ਆਪਣਾ ਕੋਈ ਆਦਿ ਨਹੀਂ ਭਾਵ ‘ਅਨਾਦਿ’ ਹੈ।

ਗੁਰੂ ਨਾਨਕ ਸਾਹਿਬ ਜੀ, ਭੱਟ ਸਲੵ ਤੇ ਭੱਟ ਮਥੁਰਾ ਜੀ ‘ਆਦਿ’ ਸ਼ਬਦ ਦੇ ਸਮਾਨੰਤਰ ‘ਅਨਾਦਿ’ ਸ਼ਬਦ ਨੂੰ (6 ਵਾਰ) ਦਰਜ ਕਰਕੇ ਇਸ ਰਾਜ (ਭੇਤ) ਨੂੰ ਭਗਤਾਂ (ਤੱਤਵੇਤਿਆਂ) ਸਾਮ੍ਹਣੇ ਇਉਂ ਰੱਖਦੇ ਹਨ:

‘ਆਦਿ’ ਅਨੀਲੁ ‘ਅਨਾਦਿ’ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥ (ਜਪੁ/੭)

‘ਆਦਿ’ ਜੁਗਾਦਿ ‘ਅਨਾਦਿ’; ਕਲਾ ਧਾਰੀ ਤ੍ਰਿਹੁ ਲੋਅਹ ॥ (ਭਟ ਸਲੵ /੧੪੦੬)

ਭੱਟ ਮਥੁਰਾ ਜੀ ‘ਆਦਿ, ਅਨਾਦਿ’ ਨੂੰ ਹੀ ‘ਸਤਿ ਨਾਮੁ ਕਰਤਾ ਪੁਰਖੁ’ ਸਵੀਕਾਰ ਕੇ ਗੁਰੂ ਰਾਮਦਾਸ ਜੀ ਦੇ ਦਿਲ ’ਚ ਵੱਸਣ ਦਾ ਜ਼ਿਕਰ ਕਰਦੇ ਹਨ: ‘‘ਅਗਮੁ ਅਨੰਤੁ ‘ਅਨਾਦਿ ਆਦਿ’; ਜਿਸੁ ਕੋਇ ਨ ਜਾਣੈ ॥ ਸਿਵ ਬਿਰੰਚਿ (ਬ੍ਰਹਮਾ) ਧਰਿ ਧੵਾਨੁ ਨਿਤਹਿ; ਜਿਸੁ ਬੇਦੁ ਬਖਾਣੈ ॥….. ਨਾਨਾ ਪ੍ਰਕਾਰ ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ (ਜੀਭ ਜਪਦੀ ਹੈ)॥ ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥’’ (ਸਵਈਏ ਮਹਲੇ ਚਉਥੇ ਕੇ /ਭਟ ਮਥੁਰਾ/੧੪੦੪)

(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ਕੇਵਲ ਇੱਕ ਵਾਰ ਭਗਤ ਕਬੀਰ ਜੀ ਨੇ ‘ਅਨਾਦਿ’ ਸ਼ਬਦ ਨੂੰ ‘ਅੰਨ ਆਦਿ’ ਭਾਵ ਭੋਜਨ ਵਗ਼ੈਰਾ ਅਰਥਾਂ ’ਚ ਲਿਆ ਹੈ, ਤਾਂ ਤੇ ਇਸ ਦਾ ਉਚਾਰਨ ‘ਅੰਨਾਦਿ’ ਦਰੁਸਤ ਹੋਵੇਗਾ: ਆਦਿ ਪੁਰਖ ਤੇ; ਹੋਇ ‘ਅਨਾਦਿ’ (ਅੰਨਾਦਿ)॥ (ਭਗਤ ਕਬੀਰ/੮੭੩)

ਜੋ ਸ਼ਬਦ ਅਨ੍ਯ ਭਾਸ਼ਾ ਵਿਚੋਂ ਗੁਰਬਾਣੀ ’ਚ ਤਤਸਮ ਰੂਪ ’ਚ ਆਪਣੀ ਅੰਤ ਸਿਹਾਰੀ ਸਮੇਤ ਆਏ ਹਨ, ਸੰਬੰਧਿਤ ਭਾਸ਼ਾ ’ਚ ਉਨ੍ਹਾਂ ਦੀ ਅੰਤ ਸਿਹਾਰੀ (ਧੁਨੀ) ਦਾ ਉਚਾਰਨ ਹੁੰਦਾ ਹੈ, ਤਾਂ ਤੇ ‘ਆਦਿ, ਜੁਗਾਦਿ, ਅਨਾਦਿ’ ਸ਼ਬਦਾਂ ਦਾ ਉਚਾਰਨ ‘ਆਦ, ਜੁਗਾਦ, ਅਨਾਦ’ ਕਰਨਾ ਦਰੁਸਤ ਨਹੀਂ ਹੋਵੇਗਾ ਕਿਉਂਕਿ ਇਹ ਉਚਾਰਨ ਕਿਸੇ ਭਾਸ਼ਾ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ‘ਆਦਿ ਗ੍ਰੰਥ’ ਕਿਹਾ ਜਾਂਦਾ ਸੀ, ਨਾ ਕਿ ‘ਆਦ ਗ੍ਰੰਥ’।)

ਗੁਰਬਾਣੀ ’ਚ ‘ਭੀ’ (ਅਵਯ) ਸ਼ਬਦ 191 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਹੈ ਭੀ’ 17 ਵਾਰ ਅਤੇ ‘ਹੋਸੀ ਭੀ’ ਕੇਵਲ ਉਕਤ (ਵਿਚਾਰ ਅਧੀਨ) ਸਲੋਕ ’ਚ (ਇੱਕ ਵਾਰ) ਹੀ ਦਰਜ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ‘ਭੀ’ ਦੀ ਵਰਤੋਂ ਨਾਲ਼ ਵਰਤਮਾਨ ਤੇ ਭਵਿੱਖ ਕਾਲ ਕਿਰਿਆਵਾਂ ਨੂੰ ਯਕੀਨਨ ਬਣਾਉਣਾ ਹੈ; ਜਿਵੇਂ ਅਕਾਲ ਪੁਰਖ ਹੁਣ ਭੀ ਹੈ ਤੇ ਅਗਾਂਹ ਭੀ ਰਹੇਗਾ ਭਾਵ ਇਹ ਵਿਚਾਰ ਕੋਈ ਅਤਿ ਕਥਨੀ ਨਹੀਂ। ‘ਭੀ’ ਨੂੰ ਭੂਤ ਕਾਲ (ਬੀਤ ਚੁੱਕੀ ਕਿਰਿਆ) ਨਾਲ਼ ਮਿਲ਼ਾ ਕੇ ‘ਆਦਿ ਭੀ ਸਚੁ’ ਤੇ ‘ਜੁਗਾਦਿ ਭੀ ਸਚੁ’ ਕਰਨਾ ਅਯੋਗ ਹੈ ਕਿਉਂਕਿ ਮਨੁੱਖਾ ਸੋਚ ਪਿਛਾਂਹ ਨੂੰ ਨਹੀਂ ਬਲਕਿ ਅਗਾਂਹ ਨੂੰ ਯਤਨਸ਼ੀਲ ਰਹਿੰਦੀ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ: ‘‘ਆਗਾਹਾ ਕੂ (ਨੂੰ) ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥ (ਮ: ੫/੧੦੯੬)

ਹੈ ਭੀ ਹੋਸੀ-ਉਕਤ ਕੀਤੀ ਗਈ ਵਿਚਾਰ ਮੁਤਾਬਕ ‘ਆਦਿ ਜੁਗਾਦਿ’ ਸ਼ਬਦਾਂ ਦਾ ਸੰਬੰਧ ਭੂਤ ਕਾਲ ਨਾਲ਼ ਹੈ ਜਦਕਿ ‘ਹੈ’ ਤੇ ‘ਹੋਸੀ’ ਸ਼ਬਦ ਵਰਤਮਾਨ ਤੇ ਭਵਿੱਖਕਾਲ ਕਿਰਿਆਵਾਂ ਨੂੰ ਰੂਪਮਾਨ ਕਰਦੇ ਹਨ। ਗੁਰਬਾਣੀ ’ਚ ‘ਹੈ’ 1728 ਵਾਰ, ‘ਹੋਸੀ’ 31 ਵਾਰ ਅਤੇ ‘ਹੈ+ਹੋਸੀ’ (ਸੰਯੁਕਤ ਸ਼ਬਦ) 16 ਵਾਰ ਦਰਜ ਹਨ, ਜਿਨ੍ਹਾਂ ’ਚੋਂ 11 ਵਾਰ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤੇ ਗਏ ਹਨ। ਇਨ੍ਹਾਂ ਉਪਦੇਸ਼ਾਂ ਮੁਤਾਬਕ ‘ਆਦਿ+ਜੁਗਾਦਿ ਸਚੁ’ ਸਦੀਵੀ ਸਥਿਰ ਹੈ ਤੇ ਬਾਕੀ ਤਮਾਮ ਜਗਤ ਨਾਸ਼ਵਾਨ (ਅਸਥਾਈ) ਹੈ। ਜਿਸ ਨੇ ਉਸ ਨੂੰ ਵੱਡਾ ਮੰਨ ਕੇ ਆਪਣਾ ਮਦਦਗਾਰ ਸਵੀਕਾਰ ਕਰ ਲਿਆ, ਉਸ ਦਾ ਡਰ, ਭਰਮ ਆਦਿ ਦੂਰ ਹੋ ਗਿਆ; ਜਿਵੇਂ

ਓਹੀ ਓਹੀ ਕਿਆ ਕਰਹੁ ? ‘ਹੈ ਹੋਸੀ’ ਸੋਈ ॥ (ਮ: ੧/੪੧੮)

ਆਦਿ ਜੁਗਾਦੀ ‘ਹੈ ਭੀ ਹੋਸੀ’; ਅਵਰੁ ਝੂਠਾ (ਨਾਸ਼ਵਾਨ) ਸਭੁ ਮਾਨੋ (ਸਭ ਕੁਝ ਜਾਣੋ)॥ (ਮ: ੧/੪੩੭)

ਵਡਾ ਕਰਿ (ਕੇ) ਸਾਲਾਹਣਾ; ‘ਹੈ ਭੀ ਹੋਸੀ’ ਸੋਇ ॥ (ਮ: ੧/੫੯੫)

ਭਣਤਿ ਨਾਨਕੁ; ਸਹੁ (ਮਾਲਕ) ‘ਹੈ ਭੀ ਹੋਸੀ’ ॥ (ਮ: ੧/੭੫੦)

ਜੁਗੁ ਜੁਗੁ ਸਾਚਾ; ‘ਹੈ ਭੀ ਹੋਸੀ’ ॥ (ਮ: ੧/੧੦੨੨)

ਆਦਿ ਜੁਗਾਦੀ ‘ਹੈ ਭੀ ਹੋਸੀ’; ਸਹਸਾ (ਡਰ) ਭਰਮੁ ਚੁਕਾਇਆ ॥ (ਮ: ੧/੧੦੩੯)

‘ਹੈ ਭੀ’ ਸਾਚਾ; ‘ਹੋਸੀ’ ਸੋਈ ॥ (ਮ: ੩/੧੦੬੦), ਆਦਿ।

ਗੁਰਬਾਣੀ ਲਿਖਤ ਮੁਤਾਬਕ ਕਿਸੇ ਕਿਰਿਆ ਸ਼ਬਦ ਦਾ ਪਿਛੇਤਰ ਅੱਖਰ ‘ਸਿ, ਸੀ, ਸੁ’ ਜ਼ਿਆਦਾਤਰ ਭਵਿੱਖ ਕਾਲ ਦਾ ਸੂਚਕ ਹੁੰਦਾ ਹੈ; ਜਿਵੇਂ

ਗੁਣ ਗਾਵਹਿ ਬੇਅੰਤ; ਅੰਤੁ ਇਕੁ ਤਿਲੁ ਨਹੀ ‘ਪਾਸੀ’ (ਪਾ ਸਕਦੇ ਜਾਂ ਪਾ ਸਕਣਗੇ)॥ (ਮ: ੫/੧੩੮੬)

ਮਨੁ ਕਿਰਸਾਣੁ, ਹਰਿ ਰਿਦੈ ਜੰਮਾਇ ਲੈ; ਇਉ ‘ਪਾਵਸਿ’ (ਪਾਵੇਂਗਾ) ਪਦੁ ਨਿਰਬਾਣੀ (ਨਿਰਮਲ) ॥ (ਮ: ੧/੨੩)

ਧੰਧਾ ਕਰਤ ਸਗਲੀ ਪਤਿ ‘ਖੋਵਸਿ’; ਭਰਮੁ ਨ ‘ਮਿਟਸਿ’ (ਮਿਟੇਗਾ) ਗਵਾਰਾ ॥ (ਮ: ੧/੧੧੨੭)

ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ‘ਗਾਵਸੀ’ (ਤਾਂ ਜੋ ਗਾ ਸਕਾਂ)॥ (ਮ: ੧/੭੫੨)

ਦੁਯੈ+ਭਾਇ (ਨਾਲ਼) ਵਿਗੁਚੀਐ (ਖੱਜਲ ਹੋਈਦਾ); ਗਲਿ (’ਚ) ‘ਪਈਸੁ’ (ਪਵੇਗੀ) ਜਮ ਕੀ ਫਾਸ ॥ (ਮ: ੫/੧੩੪)

ਜਾ ਹੋਵੈ ਖਸਮੁ ਦਇਆਲੁ; ਤਾ ਮਹਲੁ ਘਰੁ ‘ਪਾਇਸੀ’ ॥ (ਮ: ੩/੫੧੦)

ਏ ਮਨ ਮੇਰਿਆ  ! ਤੂ ਕਿਆ ਲੈ ਆਇਆ ? ਕਿਆ ਲੈ ‘ਜਾਇਸੀ’  ? ਰਾਮ ॥ (ਮ: ੧/੧੧੧੩)

ਦੁਖੁ ਲਾਗਾ ਬਹੁ ਅਤਿ ਘਣਾ; ਪੁਤੁ ਕਲਤੁ ਨ ਸਾਥਿ ਕੋਈ ‘ਜਾਸਿ’ (ਜਾਏਗਾ)॥ (ਮ: ੩/੬੪੩)

ਹੈ ਭੀ ‘ਹੋਸੀ’, ਜਾਇ (ਜੰਮਦਾ) ਨ ‘ਜਾਸੀ’ (ਜਾਏਗਾ, ਮਰੇਗਾ); ਰਚਨਾ ਜਿਨਿ ਰਚਾਈ ॥ (ਜਪੁ), ਆਦਿ।

ਉਕਤ ਕੀਤੀ ਗਈ ਤਮਾਮ ਵਿਚਾਰ ਸਮੇਤ ਸਲੋਕ ’ਚ ਦਰਜ ਵਿਸ਼ੇ ਮੁਤਾਬਕ ਕੁਦਰਤ ਦੀ ਤਮਾਮ ਉਮਰ (ਸਮੇਂ) ਨੂੰ 4 ਭਾਗਾਂ (ਆਦਿ, ਜੁਗਾਦਿ, ਹੈ, ਹੋਸੀ) ਦੇ ਮੁਕਾਬਲੇ ‘ਸਚੁ’ (ਅਕਾਲ ਪੁਰਖ ਦੀ ਹੋਂਦ) ਨੂੰ ਵੀ 4 ਵਾਰ ਦਰਜ ਕੀਤਾ ਗਿਆ ਹੈ; ਜਿਵੇਂ ‘‘ਆਦਿ ‘ਸਚੁ’, ਜੁਗਾਦਿ ‘ਸਚੁ’॥ ਹੈ ਭੀ ‘ਸਚੁ’, ਨਾਨਕ ! ਹੋਸੀ ਭੀ ‘ਸਚੁ’ ॥੧॥’’ ਅਤੇ ਪਿੱਛੇ ਕੀਤੀ ਗਈ ਵਿਚਾਰ ਕਿ ‘ਆਦਿ, ਜੁਗਾਦਿ, ਹੈ, ਹੋਸੀ’ (ਸੰਯੁਕਤ ਸ਼ਬਦਾਂ) ਵਾਲ਼ੀਆਂ ਗੁਰਬਾਣੀ ’ਚ ਦਰਜ 16 ਤੁਕਾਂ ’ਚੋਂ 11 ਦੇ ਰਚੇਤਾ ਕੇਵਲ ਗੁਰੂ ਨਾਨਕ ਸਾਹਿਬ ਜੀ ਹਨ। ਇਸ ‘ਆਦਿ, ਜੁਗਾਦਿ, ਹੈ, ਹੋਸੀ’ ਨਿਯਮ ਵੰਡ ’ਚੋਂ ‘ਜੁਗਾਦਿ’ ਵੰਡ ਨੂੰ ਚੁੱਕ ਕੇ 3 ਭਾਗਾਂ ‘ਆਦਿ, ਮਧਿ (ਹੈ ਭਾਵ ਹੁਣ), ਅੰਤਿ (ਭਾਵ ਹੋਸੀ)’ ਨਿਯਮ ’ਚ ਵੰਡ ਕੇ ਕੇਵਲ ਗੁਰੂ ਅਰਜਨ ਸਾਹਿਬ ਜੀ ਦੁਆਰਾ 17 ਵਾਰ ਦਰਜ ਕੀਤਾ ਗਿਆ; ਜਿਵੇਂ

‘ਆਦਿ ਮਧਿ ਅੰਤਿ’ ਪ੍ਰਭੁ ਸੋਈ; ਅਵਰੁ ਨ ਕੋਇ ਦਿਖਾਲੀਐ ਜੀਉ ॥ (ਮ: ੫/੧੦੨)

‘ਆਦਿ ਅੰਤਿ ਮਧਿ’ ਪ੍ਰਭੁ ਸੋਈ; ਦੂਜਾ ਲਵੈ (ਬਰਾਬਰ) ਨ ਲਾਈ ਜੀਉ ॥(ਮ: ੫/੧੦੭)

‘ਆਦਿ ਮਧਿ ਅਰੁ ਅੰਤਿ’; ਪਰਮੇਸਰਿ (ਨੇ) ਰਖਿਆ ॥ (ਮ: ੫/੫੨੩)

‘ਆਦਿ ਅੰਤਿ ਮਧਿ’ ਪ੍ਰਭੁ ਰਵਿਆ; ਜਲਿ+ਥਲਿ+ਮਹੀਅਲਿ (ਪੁਲਾੜ ’ਚ) ਸੋਈ ॥ (ਮ: ੫/੭੮੪)

‘ਆਦਿ ਮਧਿ ਅੰਤਿ’ ਪ੍ਰਭੁ ਤੂਹੈ (ਤੁਹੈਂ); ਸਗਲ ਪਸਾਰਾ (ਕੁਦਰਤ) ਤੁਮ ਤਨਾ (ਤੇਰਾ ਸਰੀਰ)॥ (ਮ: ੫/੧੦੭੯)

‘ਆਦਿ ਮਧਿ ਅੰਤਿ’ ਪ੍ਰਭੁ ਸੋਈ; ਕਹੁ ਨਾਨਕ ਸਾਚੁ ਬੀਚਾਰੋ ॥ (ਮ: ੫/੧੨੧੫) ਆਦਿ, ਪਰ ਆਕਾਰ (ਨੀਵੇਂ ਪਾਸੇ) ਵੱਲ ਝੁਕਾਅ ਰੱਖਣ ਵਾਲ਼ੀ ਸੁਆਰਥੀ ਮਾਨਸਿਕਤਾ ਨੇ ‘‘ਆਦਿ ਪੂਰਨ (ਸਰਬ ਵਿਆਪਕ) ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥’’ (ਮ: ੫/੭੦੫) ਤੁਕ ’ਚ ਦਰਜ ‘ਆਦਿ, ਮਧਿ, ਅੰਤਿ’ ਦੇ ਸ਼ਬਦਾਰਥਾਂ ਨੂੰ ਅਕਾਲ ਪੁਰਖ (ਪਰਮੇਸੁਰਹ) ਵੱਲ ਸਵੀਕਾਰਨ ਦੀ ਬਜਾਏ (ਮਾਇਆ ਲਾਲਚ ਕਾਰਨ) ਗੁਰੂ ਗ੍ਰੰਥ ਸਾਹਿਬ ਦਾ ਹੀ ‘ਆਦਿ, ਮਧਿ, ਅੰਤਿ’ ਬਣਾ ਲਿਆ ਤੇ ਅਖੰਡ ਪਾਠਾਂ ਦੌਰਾਨ ‘ਮਧਿ’ ਦੀਆਂ ਅਰਦਾਸਾਂ (ਪੰਨਾ 705 ’ਤੇ ਹੀ) ਕਰਨੀਆਂ ਅਰੰਭ ਕਰ ਦਿੱਤੀਆਂ, ਜੋ ਅਤਿ ਦਰਜੇ ਦੀ ਅਗਿਆਨਤਾ ਦਾ ਪ੍ਰਤੀਕ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਵੀ 1430 ਹਨ, ਜਿਨ੍ਹਾਂ ਦਾ ‘ਮਧਿ’ 715 ਹੋ ਸਕਦਾ ਹੈ, ਨਾ ਕਿ 705 ।

ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ‘ਆਦਿ, ਜੁਗਾਦਿ, ਹੈ, ਹੋਸੀ’ ਦੀ ਥਾਂ ‘ਆਦਿ, ਮਧਿ, ਅੰਤਿ’ ਦਰਜ ਕੀਤਾ, ਵੈਸੇ ਹੀ ਇੱਕ ਵਾਰ ਭਗਤ ਕਬੀਰ ਜੀ: ‘ਆਦਿ ਅੰਤਿ ਮਧਿ’; ਹੋਇ ਰਹਿਆ ਥੀਰ (ਸਥਿਰ)॥ (ਭਗਤ ਕਬੀਰ/੩੪੪) ਸਵੀਕਾਰਦੇ ਹਨ, ਇਸ ਸਥਿਰਤਾ ਦੇ ਮੁਕਾਬਲੇ ਆਕਾਰ ਰਚਨਾ ਅਸਥਾਈ ਵਰਣਨ ਕੀਤੀ ਗਈ: ‘‘ਜੈਸਾ ਸੁਪਨਾ ਰੈਨਿ ਕਾ, ਤੈਸਾ ਸੰਸਾਰ॥’’ ਇਸ ਲਈ ‘‘ਦ੍ਰਿਸਟਿਮਾਨ ਸਭੁ ਬਿਨਸੀਐ, ਕਿਆ ਲਗਹਿ ਗਵਾਰ ? ॥’’ (ਮ:੫/੮੦੮)

ਗੁਰਬਾਣੀ ਲਿਖਤ ਮੁਤਾਬਕ ਇੱਕ ਵਚਨ ਪੁਲਿੰਗ ਨਾਂਵ ਅੰਤ ਔਂਕੜ ਹੁੰਦਾ ਹੈ ਤੇ ਸੰਬੰਧਕੀ ਚਿੰਨ੍ਹ ਕਾਰਨ ਅੰਤ ਮੁਕਤਾ ਹੋ ਜਾਂਦਾ ਹੈ, ਇਸੇ ਤਰ੍ਹਾਂ ‘ਸਚੁ’ (ਇੱਕ ਵਚਨ ਪੁਲਿੰਗ) ਵੀ ਸੰਬੰਧਕੀ ਚਿੰਨ੍ਹ ਨਾਲ਼ ਅੰਤ ਮੁਕਤ ਹੋ ਗਿਆ:

‘ਸਚੁ’ ਮਿਲੈ, ‘ਸਚੁ’ ਊਪਜੈ, ‘ਸਚ ਮਹਿ’ ਸਾਚਿ (ਰਾਹੀਂ) ਸਮਾਇ॥ (ਮ:੧/੧੮)

ਨਾਨਕ ! ਬੇੜੀ ‘ਸਚ ਕੀ’, ਤਰੀਐ ਗੁਰ ਵੀਚਾਰਿ॥ (ਮ:੧/੨੦)

‘ਸਚੁ’ ਸਚਾ ਜਿਨੀ ਅਰਾਧਿਆ; ਸੇ ਜਾਇ (ਕੇ) ਰਲੇ ‘ਸਚ ਨਾਲੇ’ ॥ (ਮ: ੪/੩੧੧)

‘ਸਚ ਕੀ’ ਬਾਣੀ ਨਾਨਕੁ ਆਖੈ; ‘ਸਚੁ’ ਸੁਣਾਇਸੀ ‘ਸਚ ਕੀ’ ਬੇਲਾ (ਬੇਲ਼ਾ)॥ (ਮ: ੧/੭੨੩), ਆਦਿ।

ਵਿਚਾਰ ਅਧੀਨ ‘ਜਪੁ’ ਦੇ ਅਗੇਤਰ ਸਲੋਕ ’ਚ ਦਰਜ ਤਮਾਮ ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ ਸਿਵਾਏ ‘ਨਾਨਕ’ ਸ਼ਬਦ ਦੇ, ਜੋ ਥੋੜ੍ਹਾ ਵਿਸਥਾਰ ਮੰਗਦਾ ਹੈ ਕਿਉਂਕਿ ਆਮ ਧਾਰਨਾ ਹੈ ਕਿ ‘ਨਾਨਕ’ ਮੋਹਰ ਛਾਪ (ਸ਼ਬਦ) ਹੈ, ਜੋ ਕਿਸੇ ਸ਼ਬਦ, ਪਦੇ, ਛੰਤ, ਪਉੜੀ, ਸਲੋਕ ਆਦਿ ਦੇ ਅੰਤ ’ਚ ਦਰਜ ਹੋ ਕੇ ਲਿਖਾਰੀ ਦੀ ਪਹਿਚਾਣ ਕਰਵਾਉਂਦਾ ਹੈ, ਪਰ ਇਹ ਸਚਾਈ ਅਪੂਰਨ ਹੈ ਕਿਉਂਕਿ ਅਗਰ ਇਹ ਪੂਰਨ ਸੱਚ ਹੁੰਦਾ ਤਾਂ ‘ਜਪੁ’ ਬਾਣੀ ’ਚ 38 ਪਉੜੀਆਂ ਤੇ 2 ਸਲੋਕ ਹਨ, ਜਿਨ੍ਹਾਂ ’ਚ ‘ਨਾਨਕ ਜਾਂ ਨਾਨਕੁ’ 40 ਵਾਰ ਦਰਜ ਹੋਣਾ ਚਾਹੀਦਾ ਸੀ ਪਰ ਦਰਜ ਕੇਵਲ 29 ਵਾਰ ਹੈ, ਇਨ੍ਹਾਂ ’ਚੋਂ ਵੀ 2 ਪਉੜੀਆਂ ’ਚ 2-2 ਵਾਰ ਦਰਜ ਹੈ ਜਦਕਿ 12 ਪਉੜੀਆਂ ’ਚ ‘ਨਾਨਕ’ ਪਦ ਦਰਜ ਹੀ ਨਹੀਂ। ਅਜਿਹਾ ਕਿਉਂ ?

ਦਰਅਸਲ, ‘ਨਾਨਕ’ (ਮੋਹਰ ਛਾਪ) ਕੇਵਲ ਲਿਖਾਰੀ ਬਾਰੇ ਸੰਕੇਤ ਨਹੀਂ ਕਰਦਾ ਬਲਕਿ ਵਿਸ਼ੇ ਦੀ ਪੂਰਨਤਾ ਜਾਂ ਅਪੂਰਨਤਾ ਨੂੰ ਵੀ ਸਪਸ਼ਟ ਕਰਦਾ ਹੈ। ਇਸ ਦੀ ਵਧੇਰੇ ਜਾਣਕਾਰੀ ਲਈ ‘ਜਪੁ’ ਦੀਆਂ 40 ਪਉੜੀਆਂ ਤੇ 2 ਸਲੋਕਾਂ ’ਚ ਦਰਜ 29 ਵਾਰ ‘ਨਾਨਕ ਜਾਂ ਨਾਨਕੁ’ ਸ਼ਬਦ ਨੂੰ ਤਰਤੀਬ ਵਾਰ ਵਿਚਾਰਿਆ ਜਾ ਰਿਹਾ ਹੈ, ਜੋ ਇਸ ਪ੍ਰਕਾਰ ਹੈ:

(1). ‘ਜਪੁ’ ਦਾ ਅਗੇਤਰ ਤੇ ਪਿਛੇਤਰ ਸਲੋਕ ਆਪਣੇ ਵਿਸ਼ੇ ਨੂੰ ਮੁਕੰਮਲ ਕਰਕੇ ਸਮਾਪਤ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਸਮਾਪਤੀ ’ਚ ‘ਨਾਨਕ’ ਪਦ ਦਰਜ ਹਨ; ਜਿਵੇਂ

(ੳ). ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ‘ਨਾਨਕ’  ! ਹੋਸੀ ਭੀ ਸਚੁ ॥੧॥

(ਅ). ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ‘ਨਾਨਕ’  ! ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ ॥੧॥

(2). ‘ਜਪੁ’ ਦੀਆਂ ਪਹਿਲੀਆਂ 4 (1-4) ਪਉੜੀਆਂ ’ਚ ਵਿਸ਼ਾ ਸੰਪੂਰਨ ਹੋਣ ਕਾਰਨ ‘ਨਾਨਕ’ ਪਦ ਅੰਤ ’ਚ ਇਉਂ ਦਰਜ ਹੈ:

ਹੁਕਮਿ ਰਜਾਈ ਚਲਣਾ; ‘ਨਾਨਕ’ ! ਲਿਖਿਆ ਨਾਲਿ॥੧॥

‘ਨਾਨਕ’  ! ਹੁਕਮੈ ਜੇ ਬੁਝੈ; ਤ, ਹਉਮੈ ਕਹੈ ਨ ਕੋਇ॥੨॥

ਹੁਕਮੀ (ਦਾ) ਹੁਕਮੁ (ਹੀ) ਚਲਾਏ ਰਾਹੁ ॥ ‘ਨਾਨਕ’  ! ਵਿਗਸੈ ਵੇਪਰਵਾਹੁ॥੩॥

‘ਨਾਨਕ’  ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥੪॥

(3). ‘ਜਪੁ’ ਦੀਆਂ 5 ਤੇ 6 ਪਉੜੀਆਂ ’ਚ ਵਿਸ਼ਾ ਗੁਰੂ ਸ਼ਖ਼ਸੀਅਤ (ਵਿਅਕਤਿਤਵ) ਨੂੰ ਤੁਲਨਾਤਮਿਕ ਪੱਖ ਤੋਂ ਸਰਬੋਤਮ ਸਵੀਕਾਰ ਕੇ ਉਸ ਅੱਗੇ ਬੇਨਤੀ ਕਰਨਾ ਹੈ: ‘‘ਗੁਰਾ ! ਇਕ ਦੇਹਿ ਬੁਝਾਈ॥’’ ਇਸ ਲਈ ‘ਨਾਨਕ’ ਪਦ ਨੂੰ ਕੇਵਲ 5 ਵੀਂ ਪਉੜੀ ਦੇ ਆਰੰਭ ’ਚ ਦਰਜ ਕਰਕੇ 6ਵੀਂ ਪਉੜੀ ‘ਨਾਨਕ’ ਪਦ ਤੋਂ ਰਹਿਤ ਕੀਤੀ ਗਈ, 5ਵੀਂ ਪਉੜੀ ਹੈ: ‘‘ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ; ਨਿਰੰਜਨੁ ਸੋਇ॥ ਜਿਨਿ ਸੇਵਿਆ; ਤਿਨਿ ਪਾਇਆ ਮਾਨੁ॥ ‘ਨਾਨਕ’ !  ਗਾਵੀਐ, ਗੁਣੀ ਨਿਧਾਨੁ॥ ਗਾਵੀਐ, ਸੁਣੀਐ, ਮਨਿ (’ਚ) ਰਖੀਐ ਭਾਉ॥ ਦੁਖੁ ਪਰਹਰਿ; ਸੁਖੁ, ਘਰਿ ਲੈ ਜਾਇ॥ ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਗੁਰਾ !  ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥੫॥

(4). ‘ਜਪੁ’ ਦੀ 7ਵੀਂ ਪਉੜੀ ਦਾ ਵਿਸ਼ਾ ਗੁਣਹੀਣ ਬੰਦੇ ਦੀ ਲੰਮੀ ਉਮਰ ਭੋਗਣ ਅਤੇ ਸਾਰੀ ਧਰਤੀ ਉੱਤੇ ਰਾਜ ਸੱਤਾ ਪ੍ਰਾਪਤ ਕਰਨ ਉਪਰੰਤ ਵੀ ‘‘ਬਿਨੁ ਸਿਮਰਨ, ਜੋ ਜੀਵਨੁ ਬਲਨਾ (ਬਤੀਤ ਕਰਨਾ); ਸਰਪ ਜੈਸੇ ਅਰਜਾਰੀ (ਸੱਪ ਦੀ ਲੰਮੀ ਉਮਰ ਵਾਙ ਅਰਥਹੀਣ ਹੈ)॥’’ (ਮ: ੫/੭੧੨) ਨਾਲ਼ ਸੰਬੰਧਿਤ ਹੈ। ਅਜਿਹੀ ‘‘ਜੇ, ਜੁਗ ਚਾਰੇ ਆਰਜਾ॥’’ ਜ਼ਿੰਦਗੀ ਤੋਂ ਲਾਭ ਪ੍ਰਾਪਤ ਕਰਨ ਲਈ ‘ਨਾਨਕ’ ਪਦ ਰਾਹੀਂ ‘ਨਾਨਕ’ ! ਨਿਰਗੁਣਿ ਗੁਣੁ ਕਰੇ, ਗੁਣਵੰਤਿਆ ਗੁਣੁ ਦੇ॥ ਭਰਪੂਰ ਸਿੱਖਿਆ ਦੇ ਕੇ ਵਿਸ਼ਾ ਮੁਕੰਮਲ ਕੀਤਾ ਗਿਆ।

(5). ‘ਜਪੁ’ ਦੀਆਂ ਅਗਲੀਆਂ 4 (8-11) ਪਉੜੀਆਂ ’ਚ ਵਿਸ਼ਾ ਗੁਰੂ ਸਿੱਖਿਆ ਨੂੰ ਸੁਣਨ ਨਾਲ਼ ਸੰਬੰਧਿਤ ਹੈ। ਗੁਰੂ ਸਿੱਖਿਆ ਨੂੰ ਗ੍ਰਹਿਣ ਕਰ ਚੁੱਕੇ ਜਗਿਆਸੂ ਦੇ ਮੁਕਾਬਲੇ ਸਰੋਤਾ (ਸੁਣਨ ਵਾਲ਼ਾ) ਅਵਿਸ਼ਵਾਸੀ ਹੁੰਦਾ ਹੈ, ਇਸ ਲਈ ‘ਸੁਣਿਐ’ ਨਾਲ਼ ਸਬੰਧਿਤ ਚਾਰੇ ਪਉੜੀਆਂ ਦੀ ਸਮਾਪਤੀ ‘ਨਾਨਕ’ ਮੋਹਰ ਛਾਪ ਨਾਲ਼ ਸੰਪੂਰਨ ਕੀਤੀ ਗਈ; ਜਿਵੇਂ ‘ਨਾਨਕ’  ! ਭਗਤਾ ਸਦਾ ਵਿਗਾਸੁ ॥ ਸੁਣਿਐ; ਦੂਖ ਪਾਪ ਕਾ ਨਾਸੁ ॥੮॥

(6). ‘ਜਪੁ’ ਦੀਆਂ ਅਗਲੀਆਂ 4 (12-15) ਪਉੜੀਆਂ ’ਚ ਵਿਸ਼ਾ ਗੁਰੂ ਸਿੱਖਿਆ ਨੂੰ ਗ੍ਰਹਿਣ ਕਰਨ (ਉੱਚੇ ਪਦ) ਨਾਲ਼ ਸੰਬੰਧਿਤ ਹੋਣ ਕਾਰਨ ਹਰ ਪਉੜੀ ’ਚ ਵਿਸ਼ਵਾਸ ਦਿਲਵਾਉਣ ਦੀ ਬਜਾਏ ਕੇਵਲ ਅਖੀਰਲੀ (15ਵੀਂ) ਪਉੜੀ ’ਚ ਹੀ ‘ਨਾਨਕ’ ਮੋਹਰ ਦੀ ਜ਼ਰੂਰਤ ਮਹਿਸੂਸ ਕੀਤੀ ਗਈ, ਜਾਪਦੀ ਹੈ; ਜਿਵੇਂ ਕਿ ‘‘ਮੰਨੈ; ਤਰੈ, ਤਾਰੇ, ਗੁਰੁ ਸਿਖ ॥ ਮੰਨੈ ‘ਨਾਨਕ’  ! ਭਵਹਿ ਨ ਭਿਖ॥੧੫॥’’

(7). ‘ਜਪੁ’ ਦੀਆਂ ਅਗਲੀਆਂ 4 (16-19) ਪਉੜੀਆਂ ’ਚ ਵਿਸ਼ਾ ਅਕਾਲ ਪੁਰਖ ਦੀ ਅਸੀਮਤਾ ਦੇ ਮੁਕਾਬਲੇ ਆਪਣੀ ਤੁੱਛਤਾ ਦਾ ਵਰਣਨ ਕਰਨਾ ਹੈ, ਇਸ ਲਈ ‘ਨਾਨਕ’ ਮੋਹਰ ਦੀ ਜ਼ਰੂਰਤ 19ਵੀਂ ਪਉੜੀ ਦੀ ਸਮਾਪਤੀ ਉੱਤੇ ਹੋਣੀ ਚਾਹੀਦੀ ਸੀ ਪਰ 18ਵੀਂ ਪਉੜੀ ’ਚ ਨਿਰਗੁਣਾਂ ਦਾ ਵਰਣਨ ਹੋਣ ਕਾਰਨ ਮਤਾਂ ਕਿਤੇ (lest) ‘ਨਾਨਕ’ ਅੰਦਰ ਕੋਈ ਅਹੰਕਾਰੀ ਬਿਰਤੀ ਪ੍ਰਗਟ ਹੁੰਦੀ, ਦਿਖਾਈ ਦੇਵੇ, ਇਸ ਲਈ 16, 17 ਤੇ 19ਵੀਂ ਪਉੜੀ ਦੀ ਬਜਾਏ ਕੇਵਲ 18ਵੀਂ ਪਉੜੀ ’ਚ ਹੀ ‘ਨਾਨਕੁ’ ਮੋਹਰ ਦਰਜ ਕੀਤੀ ਗਈ: ‘‘ਅਸੰਖ ਮੂਰਖ; ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥….ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥ ‘ਨਾਨਕੁ’ ਨੀਚੁ; ਕਹੈ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ  ! ॥੧੮॥’’

(8). ‘ਜਪੁ’ ਦੀ ਪਉੜੀ ਨੰਬਰ 21 ਤੇ 27 ’ਚ ‘ਨਾਨਕ’ ਮੋਹਰ ਦੋ-ਦੋ ਵਾਰ ਦਰਜ ਹੋਣ ਦਾ ਕਾਰਨ ਇਸ ਲੇਖ ਦੇ ਅਖੀਰ ’ਚ ਵਿਚਾਰਿਆ ਜਾਵੇਗਾ। ਪਉੜੀ ਨੰਬਰ 20, 22, 24, 25 ਤੇ 26 ’ਚ ਪਉੜੀ ਵਿਸ਼ਾ ਮੁਕੰਮਲ ਹੋਣ ਕਾਰਨ ਸਮਾਪਤੀ ਉੱਤੇ ‘ਨਾਨਕ’ ਮੋਹਰ ਇਉਂ ਦਰਜ ਹੈ:

ਆਪੇ ਬੀਜਿ; ਆਪੇ ਹੀ ਖਾਹੁ ॥ ‘ਨਾਨਕ’  ! ਹੁਕਮੀ, ਆਵਹੁ ਜਾਹੁ ॥੨੦॥

ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥ ‘ਨਾਨਕ’  ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥

ਜੇਵਡੁ ਆਪਿ; ਜਾਣੈ ਆਪਿ-ਆਪਿ ॥ ‘ਨਾਨਕ’  ! ਨਦਰੀ ਕਰਮੀ ਦਾਤਿ ॥੨੪॥

ਜਿਸ ਨੋ ਬਖਸੇ; ਸਿਫਤਿ ਸਾਲਾਹ ॥ ‘ਨਾਨਕ’ ! ਪਾਤਿਸਾਹੀ ਪਾਤਿਸਾਹੁ ॥੨੫॥

ਜੇਵਡੁ ਭਾਵੈ; ਤੇਵਡੁ ਹੋਇ ॥ ‘ਨਾਨਕ’ ! ਜਾਣੈ ਸਾਚਾ ਸੋਇ ॥ ਜੇ ਕੋ ਆਖੈ; ਬੋਲੁਵਿਗਾੜੁ ॥ ਤਾ ਲਿਖੀਐ; ਸਿਰਿ ਗਾਵਾਰਾ ਗਾਵਾਰੁ ॥੨੬॥

(9). ‘ਜਪੁ’ ਦੀਆਂ ਅਗਲੀਆਂ 4 (28-31) ਪਉੜੀਆਂ ’ਚ ਵਿਸ਼ਾ ਨਿਰਾਕਾਰ ਨੂੰ ‘ਆਦੇਸੁ’ (ਨਮਸਕਾਰ) ਕਰਨ ਨਾਲ਼ ਸੰਬੰਧਿਤ ਹੋਣ ਕਾਰਨ ‘ਨਾਨਕ’ ਮੋਹਰ ਨੂੰ 28, 29, 30 ਦੀ ਬਜਾਏ ਕੇਵਲ ਅੰਤਿਮ (31ਵੀਂ) ਪਉੜੀ ’ਚ ਦਰਜ ਕਰਨਾ ਜ਼ਰੂਰੀ ਸਮਝਿਆ, ਜਾਪਦਾ ਹੈ; ਜਿਵੇਂ

ਕਰਿ ਕਰਿ ਵੇਖੈ; ਸਿਰਜਣਹਾਰੁ ॥ ‘ਨਾਨਕ’ ! ਸਚੇ ਕੀ ਸਾਚੀ ਕਾਰ ॥ ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥

(10). ‘ਜਪੁ’ ਦੀ ਪਉੜੀ ਨੰਬਰ 32, 33, 34 ਤੇ 35 ’ਚ ਪਉੜੀ ਵਿਸ਼ਾ ਸੰਪੂਰਨ ਹੋਣ ਕਾਰਨ ‘ਨਾਨਕ’ ਪਦ ਇਉਂ ਦਰਜ ਹੈ:

ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥ ‘ਨਾਨਕ’  ! ਨਦਰੀ ਪਾਈਐ; ਕੂੜੀ ਕੂੜੈ ਠੀਸ ॥੩੨॥

ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ‘ਨਾਨਕ’  ! ਉਤਮੁ ਨੀਚੁ, ਨ ਕੋਇ ॥੩੩॥

ਕਚ ਪਕਾਈ; ਓਥੈ ਪਾਇ ॥ ‘ਨਾਨਕ’  ! ਗਇਆ, ਜਾਪੈ ਜਾਇ ॥੩੪॥

ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ; ‘ਨਾਨਕ’  ! ਅੰਤੁ ਨ ਅੰਤੁ ॥੩੫॥

(11). ‘ਜਪੁ’ ਦੀ ਪਉੜੀ ਨੰਬਰ 21 ’ਚ ‘ਨਾਨਕ’ ਮੋਹਰ 2 ਵਾਰ ਦਰਜ ਹੈ, ਜਿਸ ਦਾ ਵਿਸ਼ਾ ਪ੍ਰਸੰਗ ਮੁਤਾਬਕ ‘‘ਕਿਵ ਕਰਿ ਆਖਾ ? ਕਿਵ ਸਾਲਾਹੀ  ? ਕਿਉ ਵਰਨੀ  ? ਕਿਵ ਜਾਣਾ  ? ॥’’ ਚੱਲ ਰਿਹਾ ਹੈ, ਜਿਸ ਬਾਬਤ ‘ਪੰਡਿਤ, ਕਾਜ਼ੀ, ਜੋਗੀ’ ਆਦਿ ਵੀ ਨਹੀਂ ਜਾਣਦੇ। ਫਿਰ ਉਨ੍ਹਾਂ ਗਪੌੜੂਆਂ (ਬੋਲੁਵਿਗਾੜੁ) ਲਈ ਤਰਕ ਸੰਗਤ ਦਲੀਲ ਦੇਣ ਵਾਸਤੇ ‘ਨਾਨਕ’ ਮੋਹਰ 2 ਵਾਰ ਦਰਜ ਕਰਨੀ ਪਈ, ਜੋ ਨਿਰੀਆਂ ਗੱਲਾਂ ਨਾਲ਼ ਆਕਾਸ਼ ਨੂੰ ਹੇਠਾਂ ਉਤਾਰਨ ’ਚ ਮਾਹਰ ਹੁੰਦੇ ਹਨ; ਜਿਵੇਂ ਕਿ ‘ਨਾਨਕ’  ! ਆਖਣਿ (ਲਈ ਤਾਂ) ਸਭੁ ਕੋ ਆਖੈ; ਇਕ ਦੂ ਇਕੁ, ਸਿਆਣਾ (ਬਣ ਕੇ, ਪਰ)॥ ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ॥ ‘ਨਾਨਕ’ ! ਜੇ ਕੋ ਆਪੌ ਜਾਣੈ; ਅਗੈ ਗਇਆ, ਨ ਸੋਹੈ ॥੨੧॥

(12). ‘ਜਪੁ’ ਦੀ ਪਉੜੀ ਨੰਬਰ 27 ’ਚ ਵੀ ‘ਨਾਨਕ’ ਮੋਹਰ 2 ਵਾਰ ਦਰਜ ਹੈ, ਜਿਸ ਦਾ ਵਿਸ਼ਾ ਨਿਰਾਕਾਰ ਦੇ ‘ਦਰੁ-ਘਰੁ’ ਨੂੰ ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’ ਭਾਵ ਰੱਬੀ ਰਜ਼ਾ ਦਾ ਪਾਲਣ ਚਾਰੋਂ ਤਰਫ਼ ਹੋ ਰਿਹਾ ਹੈ, ਜਿਸ ਦਾ ਵਰਣਨ ਕਰਨ ਉਪਰੰਤ ਗੁਰੂ ਜੀ ‘ਨਾਨਕ’ ਮੋਹਰ ਰਾਹੀਂ ‘‘ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ; ‘ਨਾਨਕੁ’ ਕਿਆ ਵੀਚਾਰੇ ? ॥’’ ਜਤਾਉਣਾ ਚਾਹੁੰਦੇ ਹਨ ਤੇ ਪਉੜੀ ਵਿਸ਼ੇ ਦੀ ਸਮਾਪਤੀ ਵੀ ਆਪ ਰਜ਼ਾ ਦਾ ਪਾਲਣ ਕਰਦਿਆਂ ‘ਨਾਨਕ’ ਮੋਹਰ ਨਾਲ਼ ਇਉਂ ਕੀਤੀ ਗਈ: ‘‘ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ‘ਨਾਨਕ’  ! ਰਹਣੁ ਰਜਾਈ ॥੨੭॥’’

(13). ਪਿਛੇ ਕੀਤੀ ਗਈ ਤਮਾਮ ਵਿਚਾਰ ਕਿ ‘ਨਾਨਕ’ ਮੋਹਰ ਛਾਪ ਦਾ ਦਰਜ ਹੋਣਾ ਜਾਂ ਨਾ ਹੋਣਾ, ਵਿਸ਼ੇ ਦੀ ਸਮਾਪਤੀ ਨਾਲ਼ ਸੰਬੰਧਿਤ ਹੈ, ਅਗਰ ਕੋਈ ਵਿਸ਼ਾ 4 ਪਉੜੀਆਂ ’ਚ ਬੰਦ ਕੀਤਾ ਗਿਆ ਹੈ ਤਾਂ ਵੀ ‘ਨਾਨਕ’ ਪਦ ਚਾਰੇ ਪਉੜੀਆਂ ’ਚ ਦਰਜ ਕਰਨ ਦੀ ਬਜਾਏ ਕੇਵਲ ਇੱਕ (ਖ਼ਾਸ ਕਰ ਅੰਤਿਮ) ਪਉੜੀ ’ਚ ਦਰਜ ਹੁੰਦਾ ਹੈ, ਪਰ ‘ਜਪੁ’ ਬਾਣੀ ’ਚ 2 ਪਉੜੀਆਂ (23 ਤੇ 36) ਅਜਿਹੀਆਂ ਹਨ, ਜਿਨ੍ਹਾਂ ਦਾ ਵਿਸ਼ਾ ਅਗਲੀ ਪਉੜੀ ਨਾਲ਼ ਨਾ ਜੁੜਨ ਦੇ ਬਾਵਜੂਦ ਵੀ ‘ਨਾਨਕ’ ਪਦ ਦਰਜ ਨਹੀਂ, ਜਿਸ ਦਾ ਇਹ ਕਾਰਨ ਹੋ ਸਕਦਾ ਹੈ:

(ੳ). ਪਉੜੀ ਨੰਬਰ 23:

ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ; ਜੇ ਤਿਸੁ, ਮਨਹੁ ਨ ਵੀਸਰਹਿ ॥੨੩॥ ਭਾਵ ਸਲਾਹੁਣ ਯੋਗ (ਮਾਲਕ) ਨੂੰ ਯਾਦ ਕਰ ਕਰਕੇ (ਭਗਤ-ਜਨ) ਉਸ ਦਾ ਹੀ ਭਾਗ ਇਉਂ ਬਣ ਗਏ; ਜਿਵੇਂ ਨਦੀਆਂ-ਨਾਲੇ (ਅਥਾਹ) ਸਮੁੰਦਰ ’ਚ ਮਿਲ਼ਨ ਉਪਰੰਤ ਉਸੇ ਦਾ ਹੀ ਭਾਗ ਹੋ ਜਾਂਦੇ ਹਨ ਅਤੇ ਸਮੁੰਦਰ ਵਰਗੀ ਵਿਸ਼ਾਲਤਾ ਦੇ ਮਾਲਕ (ਰਾਜੇ) ਵੀ (ਹੇ ਅਕਾਲ ਪੁਰਖ ! ) ਤੇਰੀ ਨਜ਼ਰ ’ਚ ਕੀੜੀ ਸਮਾਨ ਨਹੀਂ, ਜੇ ਉਸ ਕੀੜੀ ਦੇ ਮਨੋਂ ਤੇਰੀ ਯਾਦ ਨਾ ਭੁੱਲੇ (ਭਾਵ ਜਿਵੇਂ ਉਕਤ ਭਗਤ ਤੈਨੂੰ ਸਾਲਾਹ-ਸਾਲਾਹ ਤੇਰੇ ’ਚ ਲੀਨ ਹੋਏ, ਕੀੜੀ (ਤੁੱਛ) ਦੀ ਅਵਸਥਾ ਵੀ ਅਜਿਹੀ ਹੀ ਹੋਣੀ ਚਾਹੀਦੀ ਹੈ।)

(ਨੋਟ: ਉਕਤ ਪਉੜੀ ’ਚ ਵਿਸ਼ਾ ਨਿਰਾਕਾਰ ਦੀ ਯਾਦ ਨਾਲ਼ ਅਰੰਭ ਹੋ ਕੇ ਉਸ ਦੇ ਰੂ-ਬਰੂ (ਵਾਰਤਾਲਾਪ) ਨਾਲ਼ ਸਮਾਪਤ ਹੁੰਦਾ ਹੈ, ਜਿਸ ਕਾਰਨ ‘ਨਾਨਕ’ ਮੋਹਰ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਗਈ, ਜਾਪਦੀ ਹੈ।)

(ਅ). ਪਉੜੀ ਨੰਬਰ 36:

ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥ ਤਿਥੈ; ਨਾਦ, ਬਿਨੋਦ, ਕੋਡ, ਅਨੰਦੁ ॥ ਸਰਮ ਖੰਡ ਕੀ ਬਾਣੀ; ਰੂਪੁ ॥ ਤਿਥੈ, ਘਾੜਤਿ ਘੜੀਐ; ਬਹੁਤੁ ਅਨੂਪੁ ॥ ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥ ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ ॥ ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥੩੬॥ ਭਾਵ ਗਿਆਨ ਖੰਡ ’ਚ ਬਲਵਾਨ ਹੋਏ ਗਿਆਨ-ਪ੍ਰਕਾਸ਼ ਨਾਲ਼ ਵਿਸਮਾਦ (ਉਤਸ਼ਾਹ, ਕੁਝ ਕਰਨ ਦਾ ਜਜ਼ਬਾ) ਪੈਦਾ ਹੁੰਦਾ ਹੈ, ਜਿਸ ਨੂੰ ਸ਼੍ਰਮ (ਮਿਹਨਤ ਕਰਨਾ) ਕਿਹਾ ਗਿਆ, ਇੱਥੋਂ ਦੀ ਸੁੰਦਰਤਾ ਬਿਆਨ ਰਹਿਤ ਹੈ ਕਿਉਂਕਿ ਅੰਤਹਿਕਰਣ (ਸੁਰਤਿ, ਮਤਿ, ਮਨਿ ਬੁਧਿ) ਘੜਿਆ ਜਾਂਦਾ ਹੈ, ਇਸ ਦਾ ਵਰਣਨ ਅਗਰ ਕੋਈ ਕਰੇ ਤਾਂ ਬਾਅਦ ’ਚ ਆਪਣੀ ਨਾਦਾਨੀ (ਬੇ-ਸਮਝੀ) ਸਵੀਕਾਰਦਾ ਹੈ। ਉਕਤ ਭਾਵਾਰਥਾਂ ਉਪਰੰਤ ਸਪਸ਼ਟ ਹੁੰਦਾ ਹੈ ਕਿ ਜਦੋਂ ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥’’ ਪ੍ਰਸੰਗ ਚੱਲ ਰਿਹਾ ਹੋਵੇ ਉੱਥੇ ‘ਨਾਨਕ’ ਮੋਹਰ ਨਾਲ਼ ਸਪਸ਼ਟਤਾ ਦੇਣੀ, ਸ਼ਾਇਦ ਮੁਨਾਸਬ ਨਾ ਹੋਵੇ, ਅਢੁੱਕਵੀਂ ਹੈ।

ਰੂਹਾਨੀਅਤ ਸਫ਼ਰ ਦੀ ਵਿਆਖਿਆ ਪਉੜੀ ਨੰਬਰ 34, 35, 36 ਤੇ 37 (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡਿ) ’ਚ ਮੁਕੰਮਲ ਹੋਣ ਕਾਰਨ 37ਵੀਂ ਪਉੜੀ ’ਚ ‘ਨਾਨਕ’ ਮੋਹਰ ਛਾਪ ਜ਼ਰੂਰੀ ਸੀ, ਜੋ ਇਸ ਤਰ੍ਹਾਂ ਦਰਜ ਕੀਤਾ ਗਿਆ: ‘‘ਤਿਥੈ; ਲੋਅ-ਲੋਅ, ਆਕਾਰ ॥ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ; ਕਰਿ ਵੀਚਾਰੁ ॥ ‘ਨਾਨਕ’  ! ਕਥਨਾ, ਕਰੜਾ-ਸਾਰੁ ॥੩੭॥’’

(14). ‘ਜਪੁ’ ਬਾਣੀ ਦੀ ਅੰਤਿਮ (38ਵੀਂ) ਪਉੜੀ ’ਚ ਮਨੁੱਖਾ ਜੀਵਨ ਜਾਚ (ਬਣਤਾਰ) ਬਨਾਮ ਸੋਨਾ ਘਾੜਤ (ਗਹਿਣੇ) ਨੂੰ ਤੁਲਨਾਤਮਿਕ ਪੱਖ ਤੋਂ ਸੰਖੇਪ ’ਚ ਵਿਚਾਰਿਆ ਗਿਆ ਹੈ। ਪਉੜੀ ਵਿਸ਼ੇ ਦੀ ਅਰੰਭਤਾ ਤੇ ਸਮਾਪਤੀ ਇੱਕ ਪਉੜੀ ’ਚ ਹੋਣੀ ਸੁਭਾਵਕ ਹੈ, ਇਸ ਲਈ ‘ਨਾਨਕ’ ਪਦ ਸਮੇਤ ‘ਜਪੁ’ ਲੜੀ ਨੂੰ ਸੰਪੂਰਨ ਇਉਂ ਕੀਤਾ ਗਿਆ: ਘੜੀਐ ਸਬਦੁ; ਸਚੀ ਟਕਸਾਲ ॥ ਜਿਨ ਕਉ, ਨਦਰਿ ਕਰਮੁ; ਤਿਨ ਕਾਰ ॥ ‘ਨਾਨਕ’  ! ਨਦਰੀ ਨਦਰਿ, ਨਿਹਾਲ ॥੩੮॥