ਅਰਦਾਸ

0
285

ਅਰਦਾਸ

ਸੁਖਦੇਵ ਸਿੰਘ, 1008 ਫੇਜ਼-2, ਅਰਬਨ ਅਸਟੇਟ, ਪਟਿਆਲਾ-94171-91916

ਅਕਾਲਪੁਰਖ ਜਾਂ ਕਰਤੇ ਦੇ ਧੰਨਵਾਦ ਵਿਚ ਸੰਤੁਸ਼ਟ ਅਵਸਥਾ ਵਿਚ ਸਮੱਰਪਤ ਹੁੰਦੇ ਰਹਿਣਾ ਹੀ ਅਰਦਾਸ ਜਾਂ ਸਿਮਰਨ ਹੈ। ਪੂਰਨ ਸਮੱਰਪਣ ਭਾਵ ਗਹਿਰਾ ਸਿਮਰਨ ਜਾਂ ਰੋਮ ਰੋਮ ’ਚੋਂ ਅਰਦਾਸ ਦਾ ਹੋਣਾ ਹੈ।

ਸਾਡੇ ਪੈਦਾ ਹੋਏ ਵਿਚਾਰਾਂ ਅਨੁਸਾਰ ਸਾਡੇ ਸਰੀਰ ਦੇ ਹਾਰਮੌਨਜ਼ ਰਸਾਇਣਿਕ ਤੱਤ ਬਣਾਉਂਦੇ ਹਨ। ਨੇਕ ਵਿਚਾਰ, ਜਿਨ੍ਹਾਂ ਨੂੰ ਅਸੀਂ ਸਕਾਰਾਤਮਿਕ ਵਿਚਾਰ ਕਹਿੰਦੇ ਹਾਂ, ਨਾਲ ਪੈਦਾ ਹੋਏ ਰਸਾਇਣਿਕ ਤੱਤ ਸਾਡੇ ਲਈ ਸ਼ਾਂਤ ਅਤੇ ਅਨੰਦਮਈ ਮਾਹੌਲ ਰਚ ਦੇਣਗੇ, ਜਦਕਿ ਨਕਾਰਾਤਮਿਕ ਵਿਚਾਰਾਂ ਨਾਲ ਸਾਡਾ ਮਨ ਦੁਖੀ ਅਤੇ ਬੇਚੈਨ ਹੋਵੇਗਾ।

ਜਿਉਂ ਹੀ ਵਿਚਾਰ ਉਤਪੰਨ ਹੁੰਦੇ ਹਨ – ਭਾਵੇਂ ਸਾਕਾਰਾਤਮਿਕ ਹੋਣ ਜਾਂ ਨਕਾਰਾਤਮਿਕ ਹੋਣ ਇੱਕ ਛਿੰਨ ਦੀ ਦੇਰੀ ਤੋਂ ਪਹਿਲਾਂ ਹਾਰਮੋਨਜ਼ ਨੇ ਰਸਾਇਣਿਕ ਤੱਤ ਬਨਾਉਣੇ ਸ਼ੁਰੂ ਕਰ ਦੇਣੇ ਹਨ। ਇਹ ਕੁਦਰਤ ਦਾ ਸਿਸਟਮ ਹੈ ਅਤੇ ਇਹ ਸਿਸਟਮ ਹਰ ਇੱਕ ’ਤੇ ਲਾਗੂ ਹੁੰਦਾ ਹੈ ਕਿਸੇ ਨੂੰ ਕੋਈ ਛੋਟ ਨਹੀਂ ਹੈ।

‘‘ਵਿਣੁ ਬੋਲਿਆ ਸਭੁ ਕਿਛੁ ਜਾਣਦਾ; ਕਿਸੁ ਆਗੈ ਕੀਚੈ ਅਰਦਾਸਿ ॥’’ (ਮ: ੩/੧੪੨੦) ਦਾ ਭਾਵ ਇਹੀ ਹੈ ਕਿ ਅਰਦਾਸ ਜਾਂ ਸਿਮਰਨ ਜ਼ਰੂਰੀ ਨਹੀਂ ਬੋਲ ਕੇ ਹੀ ਕਰਨਾ ਹੈ। ਜੀਵਨ ਵਿਚ ਸੰਤੁਸ਼ਟਤਾ ਦਾ ਹੋਣਾ ਅਤੇ ਸਮੱਰਪਤ ਵਿਚਾਰਾਂ ਨਾਲ ਕਰਤੇ ਪ੍ਰਤੀ ਧੰਨਵਾਦੀ ਹੁੰਦੇ ਰਹਿਣਾ, ਅਰਦਾਸ ਹੀ ਹੈ। ਬੋਲ ਕੇ ਕੀਤੀ ਹੋਈ ਅਰਦਾਸ ਵੀ ਕਈ ਵਾਰ ਅਰਦਾਸ ਨਹੀਂ ਹੁੰਦੀ ਕਿਉਂਕਿ ਵਿਚਾਰਾਂ ਵਿਚ ਕਰਤੇ ਪ੍ਰਤੀ ਧੰਨਵਾਦ ਤਾਂ ਜਾਗਿਆ ਹੀ ਨਹੀਂ। ਅਰਦਾਸ ਕਰਨੀ ਨਹੀਂ ਪੈਂਦੀ ਇਹ ਤਾਂ ਕਰਤੇ ਪ੍ਰਤੀ ਧੰਨਵਾਦੀ ਹੋਈ ਜਾਣ ਨਾਲ ਆਪੇ ਹੀ ਹੋਈ ਜਾਂਦੀ ਹੈ। ਕੁਝ ਮੰਗਣ ਲਈ ਅਰਦਾਸ ਨਹੀਂ ਕੀਤੀ ਜਾਂਦੀ।ਕਰਤਾ ਤਾਂ ਬਿਨਾਂ ਮੰਗਿਆਂ ਅਤੇ ਬਿਨਾਂ ਦੇਰੀ ਤੋਂ ਉਹ ਸਭ ਕੁਝ ਸਾਨੂੰ ਦੇਣ ਲਈ ਤਿਆਰ ਰਹਿੰਦਾ ਹੈ ਜਿਸ ਲਈ ਅਸੀਂ ਆਪਣੇ ਆਪ ਨੂੰ ਯੋਗ ਬਣਾ ਲਈਏ।‘‘ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥’’ (ਮ: ੩/੬੦੪) ਵਾਕ ਅਨੁਸਾਰ ਆਪਣੇ ਆਪ ਨੂੰ ਯੋਗ ਬਨਾਉਣਾ ਪਵੇਗਾ। ਕਰਤਾ ਤਾਂ ਸਾਡਾ ਵਿਵਹਾਰ ਅਤੇ ਸਾਡਾ ਸਮਰਪਣ ਦੇਖਦਾ ਹੈ। ਜਦ ਅਸੀਂ ਆਪਣੀ ਡਿਊਟੀ ਪੂਰੀ ਕਰ ਦਿੰਦੇ ਹਾਂ ਤਾਂ ਉਸੇ ਛਿੰਨ ਦਾਤ ਸਾਡੀ ਝੋਲੀ ਵਿਚ ਪੈ ਜਾਂਦੀ ਹੈ।

ਕਰਤੇ ਨੇ ਸਿਸਟਮ ਬਣਾ ਦਿੱਤਾ ਹੈ ਜਿਸ ਤੋਂ ਕਿਸੇ ਨੂੰ ਵੀ ਛੋਟ ਨਹੀਂ ਹੈ। ਸਾਨੂੰ ਰਸਤਾ ਚੁਣਨ ਲਈ ਖੁੱਲ੍ਹ ਦੇ ਦਿੱਤੀ ਗਈ ਹੈ। ਫਿਰ ਵੀ ਅਸੀਂ ਫ਼ਾਇਦਾ ਉਠਾਉਣ ਤੋਂ ਉੱਕ ਜਾਂਦੇ ਹਾਂ। ਦੁਖੀ ਅਤੇ ਅਸ਼ਾਂਤ ਜੀਵਨ ਜਿਉਂਦੇ ਰਹਿੰਦੇ ਹਾਂ। ਕਾਰਨ ਬਚਪਣ ਤੋਂ ਹੀ ਅਸੀਂ ਨਾਕਾਰਾਤਮਿਕ ਵਿਚਾਰਾਂ ਨੂੰ ਪਹਿਲ ਦਿੰਦੇ ਆ ਰਹੇ ਹਾਂ ਜਿਸ ਕਰਕੇ ਸਾਕਾਰਾਤਮਿਕ ਜੀਵਨ ਜਿਉਣ ਦਾ ਹੌਂਸਲਾ ਹੀ ਨਹੀਂ ਕਰਦੇ। ਅਸੀਂ ਆਪਣਾ ਭਲਾ ਨਾਕਾਰਾਤਮਿਕ ਜੀਵਨ ਵਿਚੋਂ ਹੀ ਲੱਭ ਰਹੇ ਹਾਂ। ਇਹੋ ਹੀ ਕਾਰਨ ਹੈ ਕਿ ਅਸੀਂ ਕਰਮਕਾਂਡ ਕਰਕੇ ਹੀ ਤਸੱਲੀ ਜਿਹੀ ਮਹਿਸੂਸ ਕਰ ਲੈਂਦੇ ਹਾਂ।

ਜਿਹੜੀਆਂ ਵਸਤੂਆਂ ਦੇ ਪਿੱਛੇ ਲਾਲਚ ਵਸ ਲੱਗ ਕੇ ਅੱਜ ਅਸੀਂ ਪਾਠ ਪੂਜਾ ਜਾਂ ਅਰਦਾਸ ਕਰਦੇ ਹਾਂ, ਬਹੁਤ ਸਮਾਂ ਪਹਿਲਾਂ ਤਾਂ ਉਨ੍ਹਾਂ ਵਸਤੂਆਂ ਦੀ ਸੰਸਾਰ ਵਿਚਹੋਂਦ ਹੀ ਨਹੀਂ ਸੀ। ਮੇਰਾ ਭਾਵ ਕੋਠੀਆਂ, ਕਾਰਾਂ ਆਦਿ ਤੋਂ ਹੈ ਤਾਂ ਲੋਕ ਉਸ ਵਕਤ ਪੂਜਾ ਪਾਠ ਜਾਂ ਅਰਦਾਸ ਕਿਸ ਵਸਤੂ ਦੀ ਪ੍ਰਾਪਤੀ ਲਈ ਕਰਦੇ ਸਨ? ਇਸ ਤੋਂ ਇਹ ਵੀ ਅਰਥ ਨਿਕਲਦਾ ਹੈ ਕਿ ਇਨ੍ਹਾਂ ਸੰਸਾਰਕ ਵਸਤੂਆਂ ਦੀ ਪ੍ਰਾਪਤੀ ਵਿਚ ਪੂਜਾ ਪਾਠ ਜਾਂ ਅਰਦਾਸ ਦਾ ਕੋਈ ਰੋਲ ਨਹੀਂ ਹੈ। ਸਾਡੀ ਕਰਤੇ ਪ੍ਰਤੀ ਸੰਤੁਸ਼ਟਤਾ ਅਤੇ ਸਾਡਾ ਕਰਤੇ ਪ੍ਰਤੀ ਧੰਨਵਾਦ ਦੇ ਰੂਪ ਵਿਚ ਸਮਰਪਣ ਹੋਣਾ ਹੀ ਸਾਡਾ ਅਰਦਾਸ ਰੂਪ ਪੈਮਾਨਾ ਹੈ। ਸੰਤੁਸ਼ਟ ਮਨ ਹੀ ਧੰਨਵਾਦ ਬਿਰਤੀ ਵਿਚ ਆ ਸਕਦਾ ਹੈ। ਸੰਤੁਸ਼ਟ ਮਨ ਹੀ ਈਰਖਾ ਤੋਂ ਬਚ ਸਕਦਾ ਹੈ। ਧੰਨਵਾਦੀ ਹੋਣਾ ਅਤੇ ਈਰਖਾ ਤੋਂ ਬਚਣਾ ਦੋਵੇਂ ਹੀ ਅਰਦਾਸ ਜਾਂ ਸਿਮਰਨ ਦੀਆਂ ਜ਼ਰੂਰੀ ਤੇ ਮੁਢਲੀਆਂ ਲੋੜਾਂ ਹਨ। ਜਿਨ੍ਹਾਂ ਦੀ ਪੂਰਤੀ ਤੋਂ ਬਿਨਾਂ ਸਾਡੀ ਅਰਦਾਸ ਜਾਂ ਸਿਮਰਨ ਕਰਮਕਾਂਡ ਬਣ ਕੇ ਹੀ ਰਹਿ ਜਾਂਦੇ ਹਨ।

ਮੈਂ ਪਹਿਲਾਂ ਵੀ ਲਿਖਦਾ ਆ ਰਿਹਾ ਹਾਂ ਕਿ ਮੇਰੀ ਲੇਖਣੀ ਮੇਰੇ ਹਾਵ-ਭਾਵ ਹਨ। ਮੇਰੇ ਪਾਸ ਲੇਖਣੀ ਦੇ ਹੱਕ ਵਿਚ ਕੋਈ ਤਰਕਵਿਤਕਰ ਨਹੀਂ ਹਨ। ਮੇਰੇ ਕੋਲੋਂ ਭੁੱਲਾਂ ਦਾ ਹੋਣਾ ਸੁਭਾਵਕ ਹੈ, ਇਸ ਲਈ ਮੈਂ ਸੂਝਵਾਨ ਪਾਠਕਾਂ ਤੋਂ ਭੁਲਾਂ ਲਈ ਮੁਆਫ਼ੀ ਮੰਗਦਾ ਹਾਂ।