ਅਨੰਦ ਕਾਰਜ

0
1876

ਅਨੰਦ ਕਾਰਜ

ਗਿ: ਸਾਹਿਬ ਸਿੰਘ ਮਾਰਕੰਡਾ

ਉਹ ਕਾਰਜ ਜਿਸ ਦੇ ਹੋਣ ਨਾਲ ਸਾਰਿਆਂ ਨੂੰ ਸੱਚੀ ਤੇ ਸਦੀਵੀ ਖੁਸ਼ੀ ਦੀ ਪ੍ਰਾਪਤੀ ਹੋਵੇ। ਸਿੱਖ ਧਰਮ ਤੋਂ ਪਹਿਲਾਂ ਇਸ ਹੀ ਕਾਰਜ ਨੂੰ ਵੱਖ ਵੱਖ ਧਰਮਾਂ ਵਲੋਂ ਵੱਖ ਵੱਖ ਨਾਮ ਦਿਤੇ ਗਏ ਹਨ; ਜਿਵੇਂ ਕਿ ਇਸਲਾਮ ਧਰਮ ਵਾਲੇ ਇਸ ਨੂੰ ਨਿਕਾਹ ਕਹਿੰਦੇ ਹਨ। ਹਿੰਦੂ ਧਰਮ ਵਿਚ ਸੁਯੰਬਰ ਕਿਹਾ ਜਾਂਦਾ ਹੈ। ਈਸਾਈ ਤਥਾ ਯੂਰਪੀਨ ਦੇਸ਼ਾਂ ਵਿਚ ਮੈਰਿਜ (Marriage) ਕਿਹਾ ਜਾਂਦਾ ਹੈ। ਆਮ ਪ੍ਰਚਲਿਤ ਸ਼ਬਦਾਂ ਵਿਚ ਵਿਆਹ ਆਖਿਆ ਜਾਂਦਾ ਹੈ। ਅੱਜ ਦੇ ਇਸ ਲੇਖ ਵਿਚ ਗੁਰਮਤਿ ਦੀ ਰੋਸ਼ਨੀ ਵਿਚ ਅਸੀਂ ਅਨੰਦ ਕਾਰਜ ਦੀ ਮਰਿਆਦਾ ਸੰਬੰਧੀ ਇਸ ਦੇ ਕਈ ਪੱਖਾਂ ਉੱਤੇ ਵਿਚਾਰ ਕਰਨੀ ਲੋਚਦੇ ਹਾਂ ਕਿਉਂਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਗਿ੍ਰਹਸਥ ਧਰਮ ਦੇ ਧਾਰਨੀ ਸਨ। ਉਨ੍ਹਾਂ ਤੋਂ ਬਾਅਦ ਹੋਣ ਵਾਲੇ ਨੌਂ ਗੁਰੂ ਸਾਹਿਬਾਨਾਂ ਵਿਚੋਂ ਅੱਠ ਗੁਰੂ ਸਾਹਿਬਾਨ ਵੀ ਗਿ੍ਰਹਸਥੀ ਸਨ। ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ, ਜਿਨ੍ਹਾਂ ਦੀ ਉਮਰ ਪੰਜ ਤੋਂ ਸਾਢੇ ਸੱਤ ਸਾਲ ਦੀ ਸੀ, ਨੇ ਗਿ੍ਰਹਸਤ ਧਰਮ ਧਾਰਨ ਨਹੀਂ ਸੀ ਕੀਤਾ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਨ ਕੀਤਾ ਹੈ ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ” (੧੪੨੧) ਇਸੇ ਲਈ ਗੁਰੂ ਨਾਨਕ ਪਾਤਿਸ਼ਾਹ ਨੇ ਧਾਰਮਿਕ ਫ਼ਲਸਫ਼ੇ ਵਿਚ ਰਾਜ ਤੇ ਜੋਗ ਦਾ ਸੁਮੇਲ ਕੀਤਾ ਹੈ।

ਸਭ ਤੋਂ ਪਹਿਲਾਂ ਅਸੀਂ ਅਨੰਦ ਕਾਰਜ ਦੇ ਪਿਛੋਕੜ ਵੱਲ ਜਾਂਦੇ ਹਾਂ। ਸ੍ਰੀ ਗੁਰੂ ਅਮਰਦਾਸ ਜੀ ਤੇ ਉਨ੍ਹਾਂ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਦੇ ਵਿਆਹ ਕਾਰਜਾਂ ਬਾਰੇ ਸਾਡੇ ਕੋਲ ਕੋਈ ਪ੍ਰਮਾਣੀਕ ਇਤਿਹਾਸਿਕ ਪ੍ਰਮਾਣ ਨਹੀਂ ਮਿਲਦੇ। ਬਾਣੀ ਵਿਚ ਸਮੁੱਚੇ ਸੰਸਾਰ ਦੇ ਜੀਵਾਂ ਨੂੰ ਇਸਤਰੀ ਰੂਪ ਅਤੇ ਪ੍ਰਮਾਤਮਾ ਨੂੰ ਪਤੀ ਰੂਪ ਵਿਚ ਮੰਨਣ ਦੇ ਅਨੇਕਾਂ ਹੀ ਪ੍ਰਮਾਣ ਮਿਲਦੇ ਹਨ। ਜਿਵੇਂ ਕਿ ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ” (੧੨੬੮)। ਸੋ ਇਸ ਤੋਂ ਸਾਨੂੰ ਅਗਵਾਈ ਮਿਲਦੀ ਹੈ ਕਿ ਗੁਰੂ ਸਾਹਿਬਾਨ ਨੇ ਗਿ੍ਰਹਸਥ ਧਰਮ ਦੀ ਮਹਾਨਤਾ ਨੂੰ ਮੰਨਿਆ, ਧਾਰਿਆ ਤੇ ਪ੍ਰਚਾਰਿਆ। ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿਚ ਚਾਰ ਲਾਵਾਂ ਦਾ ਉਚਾਰਨ ਕਰ ਕੇ ਐਸੀ ਠੋਸ ਤੇ ਪੱਕੀ ਸੇਧ ਦੇ ਦਿਤੀ ਕਿ ਗਿ੍ਰਹਸਥ ਧਰਮ ਦੇ ਧਾਰਨ ਤੋਂ ਬਿਨਾ ਮਨੁੱਖ ਦਾ ਜੀਵਨ ਅਧੂਰਾ ਹੈ। ਅੱਜ ਤਕ ਸਮੁਚਾ ਸਿੱਖ ਜਗਤ ਚਾਰ ਲਾਵਾਂ ਦੇ ਪਾਠ ਨੂੰ ਪੜ੍ਹ ਕੇ ਹੀ ਹਰ ਅਨੰਦ ਕਾਰਜ ਨੂੰ ਸੰਪੂਰਨ ਕਰਦਾ ਹੈ।

ਹੁਣ ਜਦੋਂ ਅਸੀਂ ਮੌਜੂਦਾ ਸਮੇਂ ਵਿਚ ਸਿੱਖ ਧਰਮ ਦੀ ਇਸ ਸਰਵੋਤਮ ਮਰਿਆਦਾ ਸੰਬੰਧੀ ਵਿਚਾਰ ਕਰਦੇ ਹਾਂ ਤਾਂ ਦੇਖਣ ਵਿਚ ਆਉਂਦਾ ਹੈ ਕਿ ਇਹ ਸਭ ਕੁਝ ਦਿਖਾਵਾ ਤੇ ਰਿਵਾਜ਼ੀ ਰਸਮ ਬਣ ਕੇ ਰਹਿ ਗਿਆ ਹੈ। ਜਿਸ ਪਵਿੱਤਰ ਕਾਰਜ ਨੂੰ ਕਰਨ ਵਾਸਤੇ ਦੋ ਪਰਵਾਰ ਧੁਰੋਂ ਲਿਖੇ ਸੰਜੋਗਾਂ ਅਨੁਸਾਰ ਬੱਚੇ ਅਤੇ ਬੱਚੀ ਦੇ ਸੰਬੰਧ ਨੂੰ ਜੋੜਦੇ ਹਨ, ਉਹ ਮਹੱਤਵ ਹੀਨ ਹੋ ਕੇ ਰਹਿ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬਾਣੀ ਦਾ ਕੀਰਤਨ, ਲਾਵਾਂ ਦਾ ਪਾਠ ਮਜਬੂਰੀ ਵਸ ਕੀਤੀ ਜਾਣ ਵਾਲੀ ਕਿਰਿਆ ਹੋ ਗਈ ਹੈ। ਦਾਸ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ 72 ਸਾਲਾਂ ਦੀ ਉਮਰ ਤਕ ਇਸ ਪਵਿੱਤਰ ਮਰਿਆਦਾ ਦੇ ਅਨੇਕਾਂ ਹੀ ਰੂਪ ਦੇਖੇ ਹਨ। ਉਹ ਵੀ ਸਮਾਂ ਸੀ ਕਿ ਜਦੋਂ ਬਰਾਤਾਂ ਰਾਤ ਨੂੰ ਆਉਦੀਆਂ, ਅੰਮਿ੍ਰਤ ਵੇਲੇ ਦੀ ਮਹੱਤਤਾ ਹਰ ਗੁਰਸਿੱਖ ਦੇ ਦਿਲ ਦਿਮਾਗ ਵਿਚ ਸਮਾਈ ਹੁੰਦੀ ਸੀ। ਹਰ ਅਨੰਦ ਕਾਰਜ ਤੋਂ ਪਹਿਲਾਂ ਅੰਮਿ੍ਰਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ। ਸੂਰਜ ਦੇ ਚੜ੍ਹਨ ਤੋਂ ਪਹਿਲਾਂ ਹੀ ਅਨੰਦ ਕਾਰਜ ਦੀ ਮਰਿਆਦਾ ਪੂਰੀ ਹੋ ਜਾਂਦੀ ਸੀ। ਅਤੇ ਉਸ ਅੰਮਿ੍ਰਤ ਵੇਲੇ ਦਾ ਪ੍ਰਭਾਵ ਹਾਜ਼ਰ ਸੰਗਤਾਂ ਅਤੇ ਸੁਭਾਗ ਜੋੜੀ ਦੇ ਮਨ ਉਤੇ ਅਮਿੱਟ ਪ੍ਰਭਾਵ ਛੱਡ ਜਾਂਦਾ ਸੀ।

ਸਮੇਂ ਨੇ ਪਲਟਾ ਖਾਧਾ। ਰਾਤ ਦੀਆਂ ਬਰਾਤਾਂ ਸਵੇਰੇ ਤੇ ਸਵੇਰ ਦੀਆਂ ਦੁਪਹਿਰੇ ਆਉਣ ਲਗ ਪਈਆਂ। ਇਥੋਂ ਤਕ ਕਿ ਇਕ ਅਖੀਂ ਦੇਖੀ ਬਰਾਤ ਦੁਪਹਿਰ ਬਾਅਦ ਤਿੰਨ ਵਜੇ ਜਾ ਕੇ ਢੁਕੀ। ਭੰਗੜੇ ਤੇ ਸ਼ਰਾਬਾਂ ਨੇ ਸਾਡੇ ਗੁਰਮੁਖੀ ਕਾਰਜਾਂ ਦਾ ਰੂਪ ਹੀ ਵਿਗਾੜ ਕੇ ਰੱਖ ਦਿਤਾ। ਇਕ ਵਾਰੀ ਤਾਂ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਇਹ ਕਹਿਣ ਤੇ ਲਿਖਣ ਤੇ ਮਜਬੂਰ ਹੋਣਾ ਪਿਆ ਕਿ ਜਿਨ੍ਹਾਂ ਸਜਣਾ ਨੂੰ ਹਮ ਘਰਿ ਸਾਜਨ ਆਏ ਕਹਿ ਕੇ ਸਤਿਕਾਰਿਆ ਤੇ ਜੀ ਆਇਆਂ ਨੂੰ ਕਿਹਾ ਜਾਂਦਾ ਸੀ, ਉਨ੍ਹਾਂ ਦੀਆਂ ਸ਼ਰਾਬ ਪੀ ਕੇ ਭੰਗੜੇ ਪਾਉਂਦਿਆਂ ਦੀਆਂ ਖੁਲੀਆਂ ਪੱਗਾਂ ਗੱਲ ਵਿਚ ਪਈਆਂ ਦੇਖ ਕੇ “ਹਮ ਘਰਿ ਭੂਤਨੇ ਆਏਦੇ ਸ਼ਬਦ ਵੀ ਵਰਤਣੇ ਪੈਂਦੇ ਹਨ। ਇਹ ਸਾਡੀ ਤਰਸ ਯੋਗ ਹਾਲਤ ਦੀ ਤਸਵੀਰ ਦਾਸ ਤੇ ਦਾਸ ਵਰਗੇ ਅਨੇਕਾਂ ਮਨੁੱਖਾਂ ਨੇ ਅੱਖਾਂ ਨਾਲ ਦੇਖੀ ਹੋਵੇਗੀ। ਇਨ੍ਹਾਂ ਉਪਰੋਕਤ ਸਾਰੇ ਕੰਮਾਂ ਵਿਚ ਕਿਧਰੇ ਵੀ ਗੁਰੂ ਦੀ ਭੈ ਭਗਤੀ ਦਾ ਕੋਈ ਝਲਕਾਰਾ ਨਜ਼ਰੀਂ ਨਹੀਂ ਪੈਂਦਾ। ਬੜੇ ਬੜੇ ਪੰਥ ਦਰਦੀ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂ ਇਹ ਕਹਿ ਕੇ ਪੱਲਾ ਛੁੜਾ ਲੈਂਦੇ ਹਨ ਕਿ ਇਹ ਸਭ ਕੁਝ ਚਲਦਾ ਹੈ। ਇਸ ਵਿਚ ਆਮ ਤੌਰ ਤੇ ਧਾਰਮਿਕ ਮਰਿਆਦਾ ਨਿਭਾਉਣ ਵਾਲਿਆਂ ਨੂੰ ਹੀ ਦੋਸ਼ੀ ਠਹਿਰਾ ਕੇ ਆਪਣੇ ਆਪ ਨੂੰ ਬਰੀ ਸਮਝਿਆ ਜਾਂਦਾ ਹੈ। ਜਦੋਂ ਕਿ ਕਿਸੇ ਵੀ ਕੌਮ ਦੀ ਪ੍ਰਤਿਭਾ ਉਹਦੇ ਵਲੋਂ ਕੀਤੇ ਜਾਣ ਵਾਲੇ ਧਾਰਮਿਕ ਤੇ ਸਮਾਜਿਕ ਕੰਮਾਂ ਨੂੰ ਮੁਲਾਂਕਣ ਕਰ ਕੇ ਕੀਤੀ ਜਾਂਦੀ ਹੈ। ਇਸ ਮੌਜੂਦਾ ਨਿਘਰਦੀ ਹਾਲਤ ਨੂੰ ਦੇਖ ਕੇ ਇਹ ਲੇਖ ਲਿਖਣ ਦਾ ਹੌਸਲਾ ਕੀਤਾ ਗਿਆ ਹੈ।

ਅਨੰਦ ਕਾਰਜ ਦੀ ਮਰਿਆਦਾ ਤੋਂ ਲੈ ਕੇ ਗਿ੍ਰਹਸਥੀ ਜੀਵਨ ਦੀ ਸੰਪੂਰਨਤਾ ਸਮੁੱਚੇ ਸਿੱਖ ਸਮਾਜ ਅਤੇ ਭਾਈਚਾਰੇ ਦੀ ਤਸਵੀਰ ਸਾਹਮਣੇ ਲਿਆਉਂਦੀ ਹੈ। ਪੁਰਸ਼ ਅਤੇ ਨਾਰੀ ਇਸ ਗਿ੍ਰਹਸਥ ਗੱਡੀ ਦੇ ਦੋ ਪਹੀਏ ਮੰਨੇ ਜਾਂਦੇ ਹਨ। ਇਨ੍ਹਾਂ ਦੋਵੇਂ ਪਹੀਆਂ ਦਾ ਮਰਿਆਦਾ ਵਿਚ ਇਕ ਸੁਰ ਹੋ ਕੇ ਚਲਣਾ ਹੀ ਗਿ੍ਰਹਸਥੀ ਜੀਵਨ ਦੇ ਸਫਲ ਹੋਣ ਦੀ ਨਿਸ਼ਾਨੀ ਹੈ। ਮੇਰੀ ਤੁਛ ਬੁੱਧੀ ਅਨੁਸਾਰ ਪਤੀ ਅਤੇ ਪਤਨੀ ਦੀ ਜ਼ਿਮੇਵਾਰੀ ਦੇ ਪਦ ਨੂੰ ਸੰਭਾਲਣ ਵਾਲੇ ਦੋਹਾਂ ਹੀ ਪ੍ਰਾਣੀਆਂ ਨੂੰ ਉਨ੍ਹਾਂ ਦੇ ਫਰਜ਼ ਦਿ੍ਰੜਾਏ ਤੇ ਸਮਝਾਏ ਜਾਣ ਦਾ ਵਧੀਆ ਤੇ ਢੁਕਵਾਂ ਸਮਾਂ ਅਨੰਦ ਕਾਰਜ ਦੀ ਉਸ ਪਵਿੱਤਰ ਮਰਿਆਦਾ ਸਮੇਂ ਹੀ ਹੈ। ਅੰਗਰੇਜ਼ੀ ਵਿਚ ਇਸ ਨੂੰ ਸੌਹ ਚੁਕਣਾ (Oath Ceremony) ਕਿਹਾ ਜਾਂਦਾ ਹੈ, ਕਿਉਂਕਿ ਉਸ ਵੇਲੇ ਪਤੀ ਤੇ ਪਤਨੀ ਨਵੇਂ ਪਦ ਦੀ ਜ਼ਿਮੇਵਾਰੀ ਨੂੰ ਧਾਰਨ ਕਰ ਰਹੇ ਹੁੰਦੇ ਹਨ ਅਤੇ ਉਨ੍ਹਾਂ ਦਾ ਮਨ ਉਸ ਵੇਲੇ ਇਕ ਖ਼ਾਸ ਅਵਸਥਾ ਵਿਚ ਦ੍ਰਵਿਆ ਹੁੰਦਾ ਹੈ। ਗੁਰਬਾਣੀ ਦਾ ਵਾਕ ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ(੧੩੦੮)। ਜੇ ਉਸ ਸਮੇਂ ਉਸ ਸੁਭਾਗੀ ਜੋੜੀ ਨੂੰ ਉਨ੍ਹਾਂ ਦੇ ਫਰਜ਼ ਗੁਰਮਤਿ ਦੀ ਰੋਸ਼ਨੀ ਵਿਚ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਮਝਾਏ ਜਾਣ ਤਾਂ ਉਨ੍ਹਾਂ ਦੇ ਗਿ੍ਰਹਸਥੀ ਜੀਵਨ ਵਿਚ ਉਹ ਚਾਨਣ ਮੁਨਾਰੇ ਦਾ ਕੰਮ ਕਰ ਸਕਦੇ ਹਨ। ਪਰ ਮੌਜੂਦਾ ਸਥਿਤੀ ਵਿਚ ਰਸਮੀ ਮਰਿਆਦਾ ਦੀ ਪੂਰਤੀ ਕਰਣ ਕਰਾਉਣ ਵਾਲਿਆਂ ਨੇ ਇਸ ਨੂੰ ਖ਼ਤਮ ਕਰ ਦਿਤਾ ਹੈ। ਜਿਸ ਦੇ ਨਤੀਜੇ ਵਜੋਂ ਉਸ ਜੋੜੀ ਨੂੰ ਦਿਤੀ ਜਾਣ ਵਾਲੀ ਅਗਵਾਈ ਨਾ ਮਿਲਣ ਕਰ ਕੇ ਹਨੇਰੇ ਰਾਹ ਤੇ ਧੱਕ ਦਿਤਾ ਜਾਂਦਾ ਹੈ ਅਤੇ ਜਿਸ ਦੀ ਸਜ਼ਾ ਸਾਰਾ ਸਮਾਜ ਭੁਗਤਦਾ ਹੈ।

ਅਸੀਂ ਅੱਜ ਦੇ ਪਦਾਰਥਵਾਦ ਤੇ ਪੜ੍ਹੇ ਲਿਖੇ ਜੁਗ ਵਿਚ ਵਿਚਰ ਰਹੇ ਹਾਂ। ਰੋਜ਼ ਅਖ਼ਬਾਰਾਂ ਵਿਚ ਅਹੁਦੇ ਤੇ ਪਦਵੀਆਂ ਦੇ ਸੰਭਾਲਣ ਦੀ ਗੱਲ ਪੜ੍ਹਦੇ ਤੇ ਸੁਣਦੇ ਹਾਂ। ਕਦੇ ਕੋਈ ਦੇਸ਼ ਦਾ ਰਾਸ਼ਟਰਪਤੀ, ਕਦੇ ਕੋਈ ਸੈਨਾਪਤੀ, ਕਦੇ ਕੋਈ ਪ੍ਰਧਾਨ ਮੰਤਰੀ ਆਪਣੇ ਅਹੁਦੇ ਦੀ ਸੰਭਾਲ ਕਰਨ ਵੇਲੇ ਉਸ ਅਹੁਦੇ ਪ੍ਰਤੀ ਵਫ਼ਾਦਾਰੀ ਨਿਭਾਉਣ ਦੀ ਸੌਂਹ ਚੁਕਦਾ ਹੈ। ਕੋਈ ਨਾ ਕੋਈ ਦੇਸ਼ ਦਾ ਵੱਡਾ ਵਿਅਕਤੀ ਉਸ ਸੌਂਹ ਚੁਕਣ ਦੀ ਰਸਮ ਵਿਚ ਇਕ ਅਹਿਮ ਰੋਲ ਅਦਾ ਕਰਦਾ ਹੈ। ਉਹ ਕੀ ਹੈ? ਉਹ ਲਿਖੇ ਹੋਏ ਕੁਝ ਸ਼ਬਦਾਂ ਨੂੰ ਮਾਈਕ ਉਤੇ ਅੱਗੇ ਅੱਗੇ ਪੜ੍ਹਦਾ ਹੈ ਅਤੇ ਅਹੁਦਾ ਸੰਭਾਲਣ ਵਾਲਾ ਉਸ ਦੇ ਪਿੱਛੇ-ਪਿੱਛੇ ਇੰਨ ਬਿੰਨ ਹੂ-ਬ-ਹੂ ਉਹੀ ਸ਼ਬਦ ਪੜ੍ਹਦਾ ਹੈ। ਜਿਸ ਦਾ ਮੰਤਵ ਇਹ ਹੈ ਕਿ ਉਸ ਸੌਂਹ ਚੁਕਣ ਵਾਲੇ ਨੂੰ ਉਸ ਦੀ ਜ਼ਿਮੇਵਾਰੀ ਵਾਲੇ ਪਦ ਦੀਆਂ ਡਿਊਟੀਆਂ ਤੇ ਜ਼ਿਮੇਵਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਪਰ ਅੱਜ ਸਾਡੀ ਇਹ ਤ੍ਰਾਸਦੀ ਹੈ ਕਿ ਉਸ ਬੱਚੇ ਬੱਚੀ ਨੂੰ ਹਨੇਰੇ ਰਾਹ ਤੇ ਤੁਰਨ ਲਈ ਛੱਡ ਦਿੱਤਾ ਜਾਂਦਾ ਹੈ ਜਦੋਂ ਕਿ ਸਾਡੇ ਕੋਲ ਗਿਆਨ ਦੇ ਸਾਗਰ ਤੇ ਜੀਵਨ ਜਾਚ ਸਿਖਾਉਣ ਵਾਲੇ ਉਹ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਮੌਜੂਦ ਹਨ। ਇਸ ਉਪਰੋਕਤ ਸਥਿਤੀ ਲਈ ਜੋੜੀ ਦੇ ਮਾਤਾ ਪਿਤਾ ਅਤੇ ਸ਼ਾਮਲ ਹੋਏ ਵਿਅਕਤੀ ਤੇ ਓਥੇ ਮਰਿਆਦਾ ਨੂੰ ਨਿਭਾਉਣ ਵਾਲੇ ਕੀਰਤਨੀਏ ਤੇ ਪ੍ਰਚਾਰਕ ਬਰਾਬਰ ਦੇ ਦੋਸ਼ੀ ਹਨ। ਚਰਚਾ ਲੰਮੀ ਹੋਣ ਦੇ ਡਰ ਤੋਂ ਕੁਝ ਸੁਝਾਵ ਵੀ ਦਿੱਤੇ ਜਾਂਦੇ ਹਨ। ਸਾਨੂੰ ਆਪਣੇ ਬੱਚੇ ਬੱਚੀਆਂ ਦੇ ਭਵਿਖਤ ਜੀਵਨ ਨੂੰ ਸੁਖਮਈ ਬਣਾਉਣ ਵਾਸਤੇ ਗੁਰਮਤਿ ਦੀ ਰੋਸ਼ਨੀ ਵਿਚ ਉਪਰੋਕਤ ਆ ਚੁਕੀਆਂ ਤਰੁਟੀਆਂ ਦੀ ਸਵੈ ਪੜਚੋਲ ਕਰਨੀ ਅਤਿ ਜ਼ਰੂਰੀ ਹੈ।

ਸਭ ਤੋਂ ਪਹਿਲਾਂ ਸਮੇਂ ਦੀ ਪਾਬੰਦੀ ਦੋਹਾਂ ਧਿਰਾਂ ਲਈ ਅਤੀ ਜ਼ਰੂਰੀ ਹੈ। ਅਗਿਆਨਤਾ ਵਸ ਅਨੰਦ ਕਾਰਜ ਦੀ ਮਹੱਤਤਾ ਨੂੰ ਭੁਲ ਕੇ ਅੱਜ ਦੇ ਸਿੱਖ ਭਾਈਚਾਰੇ ਵਿਚ ਅਨਮਤੀ ਪ੍ਰਭਾਵ ਦੇ ਕਾਰਨ ਜੋ ਵਾਧੂ ਰਸਮਾਂ ਅਸੀਂ ਆਪਣੇ ਗਲ ਪਾ ਲਈਆਂ ਹਨ ਉਨ੍ਹਾਂ ਤੋਂ ਸੰਕੋਚ ਕੀਤਾ ਜਾਵੇ। ਜਿਵੇਂ ਕਿ ਈਸਾਈਆਂ ਦੀ ਰਸਮ ਜਿਸ ਨੂੰ 3 ਕਿਹਾ ਜਾਂਦਾ ਹੈ, ਜਿਸ ਦਾ ਗੁਰਮਤਿ ਨਾਲ ਦੂਰ ਦਾ ਸਬੰਧ ਵੀ ਨਹੀਂ। ਇਸੇ ਤਰ੍ਹਾਂ ਜੈ ਮਾਲਾ ਦੇ ਨਾਮ ਹੇਠਾਂ ਵੀ ਜੋ ਕਿ ਸਨਾਤਨ ਧਰਮੀਆਂ ਦੀ ਸੰਪੂਰਨ ਵਿਆਹ ਦੀ ਮਰਿਆਦਾ ਹੈ, ਰਸਮ ਬੜੇ ਚਾਅ ਨਾਲ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਹੀ ਆਖੇ, ਵੇਖੇ, ਠਾਕੇ, ਸ਼ਗਨ ਆਦਿਕ ਦੀਆਂ ਬੇਹੂਦਾ ਰਸਮਾਂ ਨੇ ਸਿੱਖ ਸਮਾਜ ਨੂੰ ਆਰਥਕ ਤੌਰ ਤੇ ਵੀ ਪ੍ਰੇਸ਼ਾਨ ਕਰ ਦਿਤਾ ਹੈ। ਜਦੋਂ ਕਿ ਸਿੱਖ ਰਹਿਤ ਮਰਿਆਦਾ ਵਿਚ ਇਨ੍ਹਾਂ ਸਾਰੀਆਂ ਵਾਧੂ ਤੇ ਬੇਲੋੜੀਆਂ ਰਸਮਾਂ ਤੋਂ ਵਰਜਿਆ ਗਿਆ ਹੈ।

ਇਕ ਅੱਖੀਂ ਦੇਖੀ ਘਟਨਾ ਬਾਰੇ ਪਾਠਕਾਂ ਨੂੰ ਜਾਣੂ ਕਰਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਇਸ ਨੂੰ ਪੜ੍ਹ ਕੇ ਜੀਵਨ ਵਿਚ ਕੋਈ ਮੋੜਾ ਪੈ ਜਾਵੇ ਤੇ ਫ਼ਾਲਤੂ ਦੀਆਂ ਰਸਮਾਂ ਤੋਂ ਛੁਟਕਾਰਾ ਮਿਲ ਜਾਵੇ। ਉਹ ਇਸ ਤਰ੍ਹਾਂ ਹੈ ਕਿ ਦਾਸ ਇਕ ਸ਼ਾਦੀ ਦੇ ਸਮਾਗਮ ਵਿਚ ਸ਼ਾਮਲ ਹੋਇਆ। ਉਸ ਸ਼ਾਦੀ ਵਿਚ ਸ਼ਾਮਲ ਪਰਵਾਰ ਦਾ ਇਕ ਵਿਅਕਤੀ ਮਿਸ਼ਨਰੀ ਵੀ ਸੀ ਜੋ ਕਿ ਚੁਪ ਚਾਪ ਸਭ ਕੁਝ ਦੇਖ ਰਿਹਾ ਸੀ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਉਸ ਨੂੰ ਕੁਝ ਬੋਲਣ ਲਈ ਕਿਹਾ ਗਿਆ ਤਾਂ ਉਸ ਨੇ ਜੁਆਬ ਦਿੱਤਾ ਕਿ ਉਸ ਨੂੰ ਬੋਲਣ ਵਾਸਤੇ ਨਾ ਕਿਹਾ ਜਾਵੇ ਕਿਉਂਕਿ ਉਸ ਨੂੰ ਗਲਤ ਸਮਝਿਆ ਜਾਵੇਗਾ ਜਦੋਂ ਕਿ ਗੁਰਮਤਿ ਦੀ ਰੋਸ਼ਨੀ ਵਿਚ ਉਹ ਬਿਲਕੁਲ ਠੀਕ ਹੋਵੇਗਾ। ਫਿਰ ਵੀ ਉਸ ਨੂੰ ਬੋਲਣ ਲਈ ਕਹਿ ਦਿਤਾ ਗਿਆ। ਉਸ ਨੇ ਉੱਠ ਕੇ ਪਹਿਲੇ ਗੁਰੂ ਫ਼ਤਹਿ ਸਾਂਝੀ ਕੀਤੀ ਤੇ ਜੋ ਸ਼ਬਦ ਉਸ ਨੇ ਬੋਲੇ ਉਸ ਨੂੰ ਸੁਣ ਕੇ ਸਾਰੇ ਜਾਂਞੀ ਮਾਂਞੀ ਚੌਂਕ ਉੱਠੇ। ਉਸ ਨੇ ਕਿਹਾ ਕਿ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਬੱਚੀ ਦਾ ਹੁਣ ਦੂਜਾ ਵਿਆਹ ਹੋਇਆ ਹੈ। ਪਹਿਲਾ ਵਿਆਹ ਉਦੋਂ ਹੋਇਆ ਜਦੋਂ ਉਸ ਨੇ ਬੱਚੇ ਦੇ ਗਲ ਵਿਚ ਜੈ ਮਾਲਾ ਪਾਈ ਜੋ ਕਿ ਸਨਾਤਨੀ ਮਤ ਵਿਚ ਸੰਪੂਰਨ ਵਿਆਹ ਗਿਣਿਆ ਜਾਂਦਾ ਹੈ। ਅਤੇ ਦੂਜਾ ਵਿਆਹ ਹੁਣ ਇਹ ਅਨੰਦ ਕਾਰਜ ਦੀਆਂ ਚਾਰ ਲਾਵਾਂ ਪੜ੍ਹ ਕੇ ਕੀਤਾ ਗਿਆ ਹੈ। ਹੁਣ ਪਾਠਕ ਆਪ ਹੀ ਇਹ ਅੰਦਾਜ਼ਾ ਲਗਾ ਲੈਣ ਕਿ ਅਸੀਂ ਅੱਜ ਕਿੱਥੇ ਖਲੋਤੇ ਹਾਂ ?