ਜਪੁ ਪਉੜੀ 4 ਤੋਂ 15
‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 1)
ਅਗਾਂਹ 5 ਤੋਂ 15 ਪਉੜੀਆਂ ’ਚ ਸਤਿਗੁਰੂ ਦਾ ਮਨੁੱਖ ਜਾਤੀ ’ਚ ਰੋਲ ਅਤੇ ਮਨੁੱਖ ਲਈ ਗੁਰੂ ਦੀ ਸਿੱਖਿਆ ਦਾ ਵਰਣਨ ਹੈ।
ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ, ਨਿਰੰਜਨੁ ਸੋਇ॥
ਪਦ ਅਰਥ : ਥਾਪਿਆ- ਮੂਰਤੀ ਵਾਙ ਸਥਾਪਿਤ ਕਰਨਾ, ਟਿਕਾਉਣਾ। ਕੀਤਾ-ਉਲੀਕਣਾ, ਬਣਾਉਣਾ। ਆਪੇ ਆਪਿ- ਕੇਵਲ ਆਪ ਹੀ ਆਪ। ਨਿਰੰਜਨੁ- ਕਾਲ਼ਖ਼ ਰਹਿਤ, ਮਾਇਆ ਰਹਿਤ ਯਾਨੀ ਨਿਰਮਲ। ਸੋਇ- ਉਹ (ਰਜ਼ਾ ਦਾ ਮਾਲਕ)।
ਅਰਥ : ਆਪ ਹੀ ਆਪ (ਸਾਰਾ ਕਾਰਜ ਕਰਨ/ਕਰਾਉਣ ਵਾਲ਼ਾ) ਉਹ ਨਿਰਮਲ-ਅਦ੍ਰਿਸ਼ ਪ੍ਰਭੂ; (ਕਿਸੇ ਹੁਨਰ/ਕਲਾ ਨਾਲ਼ ਮੂਰਤੀ ਵਾਙ) ਚਿਤਰਿਆ ਨਹੀਂ ਜਾ ਸਕਦਾ, ਸਥਾਪਿਤ ਨਹੀਂ ਹੋ ਸਕਦਾ (ਕਿਉਂਕਿ ਚਿੱਤਰ ਬਣਾਉਣ ਲਈ ਕੋਈ ਰੂਪ-ਰੰਗ ਚਾਹੀਦਾ ਹੁੰਦਾ ਹੈ, ਪਰ ਉਹ ਤਾਂ ‘‘ਰੂਪੁ ਨ ਰੇਖ, ਨ ਰੰਗੁ ਕਿਛੁ, ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥’’ (ਮਹਲਾ ੫/੨੮੩) ਹੈ।
ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ ਨਾਨਕ ! ਗਾਵੀਐ ਗੁਣੀ ਨਿਧਾਨੁ॥
ਪਦ ਅਰਥ : ਜਿਨਿ- ਜਿਸ ਨੇ। ਤਿਨਿ-ਉਸ ਨੇ। ਗਾਵੀਐ- ਗਾਉਣਾ ਚਾਹੀਦਾ ਹੈ। ਗੁਣੀ ਨਿਧਾਨੁ- ਗੁਣਾਂ ਦੇ ਖ਼ਜ਼ਾਨੇ (ਪ੍ਰਭੂ) ਨੂੰ।
ਅਰਥ : ਹੇ ਨਾਨਕ ! ਜਿਸ ਨੇ (ਉਸ) ਗੁਣਾਂ ਦੇ ਖ਼ਜ਼ਾਨੇ ਨੂੰ ਜਪਿਆ, ਉਸ ਨੇ (ਲੋਕ ਪ੍ਰਲੋਕ ’ਚ) ਇੱਜ਼ਤ ਪਾਈ ਹੈ (ਤਾਂ ਤੇ ਉਸ ਨੂੰ) ਗਾਉਣਾ ਬਣਦਾ ਹੈ।
ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ, ਸੁਖੁ; ਘਰਿ ਲੈ ਜਾਇ॥
ਪਦ ਅਰਥ : ਗਾਵੀਐ- ਗਾਉਣਾ ਚਾਹੀਦਾ ਹੈ। ਸੁਣੀਐ- ਸੁਣਨਾ ਚਾਹੀਦਾ ਹੈ। ਮਨਿ- ਮਨ ਵਿੱਚ। ਰਖੀਐ- ਰੱਖਣਾ ਚਾਹੀਦਾ ਹੈ। ਭਾਉ- ਪਿਆਰ। ਪਰਹਰਿ- ਦੂਰ ਕਰਕੇ। ਸੁਖੁ- ਅਨੰਦ। ਘਰਿ- ਹਿਰਦੇ ਵਿੱਚ। ਲੈ ਜਾਇ- ਲੈ ਜਾਂਦਾ ਹੈ, ਲੈ ਜਾਈਦਾ ਹੈ।
ਅਰਥ : (ਜ਼ਬਾਨ ਨਾਲ਼ ਉਸ ਨੂੰ) ਗਾਉਣਾ ਬਣਦਾ ਹੈ। (ਕੰਨਾਂ ਨਾਲ਼, ਉਸ ਦੀ ਮਹਿਮਾ) ਸੁਣਨੀ ਬਣਦੀ ਹੈ ਤੇ ਮਨ ’ਚ (ਉਸ ਪ੍ਰਤਿ) ਪ੍ਰੇਮ ਰੱਖਣਾ ਬਣਦਾ ਹੈ (ਇਉਂ ‘ਕੂੜੈ ਪਾਲਿ’ ਵਾਲ਼ਾ) ਦੁੱਖ ਮਿਟਾ ਕੇ ਹਿਰਦੇ ’ਚ (ਰੱਬੀ ਮਿਲਾਪ ਵਾਲ਼ਾ) ਅਨੰਦ ਲੈ ਜਾਈਦਾ ਹੈ (ਪਰ ਇਸ ਅਵਸਥਾ ਦੀ ਪ੍ਰਾਪਤੀ ਲਈ ਗੁਰੂ ਦੀ ਕਿਰਪਾ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਮਾਨਵਤਾ ਲਈ ਸਤਿਗੁਰੂ ਦਾ ਵਿਆਪਕ ਰੋਲ ਹੈ; ਜਿਵੇਂ ਕਿ)
ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥
ਪਦ ਅਰਥ : ਗੁਰਮੁਖਿ- ਗੁਰੂ। ਨਾਦੰ- ਜੋਗੀਆਂ ਦੀ ਸਿੰਙੀ ਦੀ ਆਵਾਜ਼। ਵੇਦੰ- ਗਿਆਨ। ਰਹਿਆ ਸਮਾਈ- ਕਣ-ਕਣ ’ਚ ਮੌਜੂਦ।
ਅਰਥ : (ਸਿੱਖ ਲਈ) ਗੁਰੂ ਹੀ ਸਿੰਙੀ ਨਾਦ ਧੁਨਿ ਹੈ। ਗੁਰੂ ਹੀ ਵੇਦ-ਸ਼ਾਸਤਰ (ਰੂਪ ਗਿਆਨ) ਹੈ। (ਅਕਾਲ ਪੁਰਖ ਦਾ ਰੂਪ ਹੋਣ ਕਾਰਨ) ਗੁਰੂ; ਹਰ ਥਾਂ ਵਿਆਪਕ ਹੈ; ਜਿਵੇਂ ਕਿ ਬਚਨ ਹਨ ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ॥’’ (ਮਹਲਾ ੪/੭੫੯)
ਵਿਚਾਰ : ਇਸ ਤੁਕ ਦੇ ਸ਼ਬਦ ‘ਗੁਰਮਖਿ’ ਦਾ ਅਕਸਰ ਟੀਕਿਆਂ ’ਚ ਇਹ ਅਰਥ ਕੀਤਾ ਹੈ ‘ਗੁਰੂ ਦੁਆਰਾ, ਗੁਰੂ ਦੀ ਰਾਹੀਂ, ਹਰੀ-ਗੁਰੂ ਹੀ, ਗੁਰੂ ਦਾ ਸ਼ਬਦ/ਗਿਆਨ ਹੀ’ ਆਦਿ, ਪਰ ਇਹ ਸਾਰੇ ਅਰਥ; ਗੁਰਬਾਣੀ ਵਿਆਕਰਨ ਅਨੁਸਾਰ ਸਹੀ ਨਹੀਂ। ਇਸ ਲਈ ਇਸ ਸ਼ਬਦ ਬਣਤਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਲਿਖਤ ਅਨੁਸਾਰ ‘ਨਾਨਕਿ’ (ਇੱਕ ਵਚਨ ਪੁਲਿੰਗ ਨਾਂਵ) ਦੀ ਸਿਹਾਰੀ ’ਚੋਂ ਤਾਂ ਹੀ ਲੁਪਤ ਸੰਬੰਧਕੀ (ਨੇ, ਤੋਂ, ਰਾਹੀਂ) ਅਰਥ ਮਿਲੇ ਹਨ ਕਿਉਂਕਿ ਗੁਰਬਾਣੀ ’ਚ ‘ਨਾਨਕੁ’ (ਔਂਕੜ ਅੰਤ) ਭੀ 530 ਵਾਰ ਹੈ ਜਦ ਕਿ ‘ਗੁਰਮੁਖੁ’ ਇੱਕ ਵਾਰ ਭੀ ਨਹੀਂ, ਇਸ ਲਈ ‘ਗੁਰਮੁਖਿ’ ਦੀ ਸਿਹਾਰੀ; ਕੋਈ ਲੁਪਤ ਸੰਬੰਧਕੀ ਅਰਥ ਨਹੀਂ ਦੇ ਸਕਦੀ। ‘ਗੁਰਮੁਖਿ’ ਦੇ ਅਰਥ ਹਨ, ‘ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂ ਅਨੁਸਾਰੀ ਚੱਲਣ ਵਾਲ਼ਾ ਸਿੱਖ’। ਹੇਠਲੀਆਂ ਤਿੰਨ ਤੁਕਾਂ ’ਚ ‘ਗੁਰਮੁਖਿ’ ਦਾ ਅਰਥ ਸਾਰੇ ਲੇਖਕਾਂ ਨੇ ਸੰਬੰਧਕੀ ਚਿੰਨ੍ਹਾਂ (ਨੇ, ਰਾਹੀਂ, ਦੁਆਰਾ) ਨਾਲ਼ ਕੱਢਿਆ ਹੈ, ਜੋ ਕਿ ਸਹੀ ਨਹੀਂ ਕਿਉਂਕਿ ਇਨ੍ਹਾਂ ’ਚ ਅਰਥ ਹੈ ‘ਗੁਰਮੁਖ’ ਹੈ, ਨਾ ਕਿ ‘ਗੁਰੂ ਨੇ’ ਜਾਂ ‘ਗੁਰੂ ਰਾਹੀਂ’; ਜਿਵੇਂ ਕਿ
(1). ਅੰਤਰਿ ਤੇਰੈ ਹਰਿ ਵਸੈ; ਗੁਰਮੁਖਿ ਸਦਾ ਹਜੂਰਿ ॥ (ਮਹਲਾ ੩/੧੨੮੩)
ਅਰਥ : (ਹੇ ਪਪੀਹੇ-ਮਨੁੱਖ ! ਬਾਹਰੋਂ ਸ਼ਾਂਤੀ ਨਾ ਲੱਭ। ਸ਼ਾਂਤੀ ਦਾ ਪੁੰਜ/ਸੋਮਾ) ਹਰੀ; ਤੇਰੇ ਅੰਦਰ ਵੱਸਦਾ ਹੈ। ਗੁਰਮੁਖ; ਉਸ ਨੂੰ ਸਦਾ ਨੇੜਿਓਂ (ਭਾਵ ਅੰਦਰੋਂ ਹੀ) ਮਹਿਸੂਸ ਕਰਦਾ ਹੈ।
(2). ਓਅੰ; ਗੁਰਮੁਖਿ, ਕੀਓ ਅਕਾਰਾ ॥ (ਮਹਲਾ ੫/੨੫੦)
ਅਰਥ : ਓਅੰਕਾਰ-ਪ੍ਰਭੂ ਨੇ ਗੁਰਮੁਖ ਬਣਾਉਣ ਲਈ ਜਗਤ-ਰਚਨਾ ਕੀਤੀ, ਪਰ ਮਹਾਨ ਕੋਸ਼, ਸ਼ਬਦਾਰਥ ਅਤੇ ਫਰੀਦਕੋਟ ਟੀਕੇ ਸਮੇਤ ਕਈ ਵਿਦਵਾਨਾਂ ਨੇ ‘ਓਅੰ ਗੁਰਮੁਖਿ’ ਨੂੰ ਇਕੱਠਾ ਕਰ ਅਰਥ ਕੀਤੇ ਹਨ ‘ਆਦਿ ਗੁਰੂ ਨੇ, ਵਾਹਿਗੁਰੂ ਨੇ’ (ਜਗਤ ਰਚਨਾ ਕੀਤੀ), ‘ਗੁਰਮੁਖਾਂ ਨੇ ਇਉਂ ਸਮਝਿਆ ਕਿ ਪ੍ਰਭੂ ਨੇ’ ਜਗਤ ਰਚਨਾ ਕੀਤੀ ਭਾਵ ‘ਗੁਰਮੁਖਿ’ ਦੀ ਸਿਹਾਰੀ ’ਚੋਂ ‘ਨੇ’ ਚਿੰਨ੍ਹ ਲਿਆ, ਜੋ ਕਿ ਸਹੀ ਨਹੀਂ।
ਗੁਰੂ ਨਾਨਕ ਸਾਹਿਬ ਜੀ ਨੇ ਭੀ ਜੋਗੀਆਂ ਨਾਲ਼ ਚਰਚਾ ਕਰਦਿਆਂ ਇਸ ਸ਼ਬਦ ਨੂੰ ਇਉਂ ਵਰਤਿਆ ਹੈ, ‘‘ਗੁਰਮੁਖਿ ਧਰਤੀ ਸਾਚੈ (ਨੇ) ਸਾਜੀ ॥’’ (ਗੋਸਟਿ/ਮਹਲਾ ੧/੯੪੧) ਅਰਥ : ਸਦੀਵੀ ਸਥਿਰ-ਪ੍ਰਭੂ ਨੇ ਗੁਰਮੁਖ ਪੈਦਾ ਕਰਨ ਲਈ ਧਰਤੀ (ਧਰਮਸ਼ਾਲ) ਬਣਾਈ ਹੈ।
ਦਰਅਸਲ ਗੁਰਬਾਣੀ ਕਾਵਿਮਈ ਰਚਨਾ ਹੈ। ਇਸ ਵਿੱਚ ਪਿੰਗਲ ਤੋਲ ਭਾਰੂ ਹੁੰਦਾ ਹੈ। ਇਸ ਲਈ ਬਾਣੀਕਾਰ; ਸ਼ਬਦਾਂ ਦੇ ਰੂਪ ਨੂੰ ਵੱਡਾ-ਛੋਟਾ ਕਰ ਲੈਂਦਾ ਹੈ; ਜਿਵੇਂ ਗੁਰਬਾਣੀ ’ਚ ‘ਬਹੁਤੁ’ ਤੋਂ ‘ਬਹੁ’, ਕਲਿਜੁਗੁ’ ਤੋਂ ‘ਕਲਿ’ ਕੀਤਾ ਮਿਲਦਾ ਹੈ; ਉਸੇ ਤਰ੍ਹਾਂ ‘ਓਅੰਕਾਰੁ’ ਨੂੰ ‘ਓਅੰ’ ਲਿਖਿਆ ਹੈ ਭਾਵੇਂ ਕਿ ਇਹ ਹਿੰਦੀ ਵਰਣਮਾਲਾ ਦਾ ਪਹਿਲਾ ਅੱਖਰ ਭੀ ਹੈ। ਗੁਰਬਾਣੀ ’ਚ ‘ਓਅੰ’ ਦਾ ਅਸਲ ਰੂਪ ‘ਓਅੰਕਾਰੁ’ ਹੈ; ਜਿਵੇਂ ਕਿ ਵਾਕ ਹਨ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ॥ ਓਅੰਕਾਰੁ; ਕੀਆ ਜਿਨਿ ਚਿਤਿ (’ਚ)॥… ਓਅੰਕਾਰਿ (ਨੇ) ਸਬਦਿ (ਰਾਹੀਂ) ਉਧਰੇ ॥ ਓਅੰਕਾਰਿ (ਨਾਲ਼) ਗੁਰਮੁਖਿ ਤਰੇ ॥ ਓਨਮ ਅਖਰ; ਸੁਣਹੁ ਬੀਚਾਰੁ ॥ ਓਨਮ ਅਖਰੁ; ਤ੍ਰਿਭਵਣ ਸਾਰੁ ॥੧॥’’ (ਓਅੰਕਾਰ/ਮਹਲਾ ੧/੯੩੦) ਇੱਥੇ ‘ਓਅੰਕਾਰੁ’ ਨੂੰ ‘ਓਨਮ’ ਭੀ ਲਿਖਿਆ ਹੈ, ਜੋ ਅਸਲ ’ਚ ‘ਓਅੰ ਨਮਹ’ ਸ਼ਬਦ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ‘ਓਅੰ’ ਨੂੰ ਬਾਵਨ ਅਖਰੀ ਦੀ ਪਹਿਲੀ ਤੇ ਦੂਜੀ ਪਉੜੀ ’ਚ ਦਰਜ ਕੀਤਾ; ਓਵੇਂ ਹੀ ਗੁਰੂ ਨਾਨਕ ਸਾਹਿਬ ਜੀ ਨੇ ‘ਓਅੰਕਾਰੁ’ ਨੂੰ ‘ਦੱਖਣੀ ਓਅੰਕਾਰੁ’ ਦੀ ਪਹਿਲੀ ਪਉੜੀ ’ਚ ਮੰਗਲਾਚਰਨ ਵਜੋਂ ਵਰਤਿਆ ਹੈ। ਜੇਕਰ ਬਾਵਨ ਅਖਰੀ; ਸੰਸਕ੍ਰਿਤ ਵਰਣਮਾਲਾ ਦੇ 52 ਅੱਖਰਾਂ ਨਾਲ਼ ਸੰਬੰਧਿਤ ਰਚਨਾ ਨਾ ਹੁੰਦੀ ਤਾਂ ਉਕਤ ਪੰਕਤੀ ਇਉਂ ਲਿਖੀ ਹੁੰਦੀ ‘‘ਓਅੰਕਾਰਿ (ਨੇ); ਗੁਰਮੁਖਿ, ਕੀਓ ਅਕਾਰਾ ॥ (ਮਹਲਾ ੫/੨੫੦) ਅਤੇ ਸਿਧਾਂਤਿਕ ਅੰਤਰ ਭੀ ਨਾ ਪੈਂਦਾ।
(3). ਮਨਮੁਖਿ ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ ॥ (ਮਹਲਾ ੧/੬੦)
ਅਰਥ : ਮਨ ਅਨੁਸਾਰੀ ਚੱਲਣ ਨਾਲ਼ (ਰਜ਼ਾ ਦੇ ਮਾਲਕ ਦੀ) ਸੂਝ ਨਹੀਂ ਪੈਂਦੀ, ਪਰ ਗੁਰੂ ਅਨੁਸਾਰੀ ਚੱਲਣ ਵਾਲ਼ੇ ਭਗਤ ਨੂੰ (ਰਜ਼ਾ ਦਾ ਮਾਲਕ) ਅੰਗ-ਸੰਗ ਜਾਪਦਾ ਹੈ (ਇੱਥੇ ਭੀ ਕਈਆਂ ਨੇ ‘ਗੁਰਮੁਖਿ’ ਦੇ ਅਰਥ ਕੀਤੇ ਕਿ ਗੁਰੂ ਦੀ ਰਾਹੀਂ ਅੰਗ-ਸੰਗ ਵਿਖਾਈ ਦਿੰਦਾ ਹੈ)।
ਨੋਟ : ਚੇਤੇ ਰਹੇ ਕਿ ‘ਮਨਮੁਖਿ’ ਦੀ ਸਿਹਾਰੀ ’ਚੋਂ ‘ਵਿੱਚ, ਰਾਹੀਂ, ਨੇ, ਤੋਂ’ ਅਰਥ ਲਏ ਜਾ ਸਕਦੇ ਹਾਂ ਕਿਉਂਕਿ ਗੁਰਬਾਣੀ ’ਚ ‘ਮਨਮੁਖੁ’ (ਔਂਕੜ ਅੰਤ) 73 ਵਾਰ ਹੈ, ਪਰ ‘ਗੁਰਮੁਖੁ’ ਇੱਕ ਵਾਰ ਭੀ ਨਹੀਂ। ਮਨਮੁਖਿ-171 ਵਾਰ, ਮਨਮੁਖ-262 ਵਾਰ ਹੈ ਜਦ ਕਿ ਗੁਰਮੁਖਿ-1572 ਵਾਰ ਅਤੇ ਗੁਰਮੁਖ (ਔਂਕੜ ਰਹਿਤ) ਮਾਤਰ 6 ਵਾਰ ਹੈ। ਸ਼ਾਇਦ ਇਹ ਉਤਾਰਾ ਕਰਦਿਆਂ ਤਰੁਟੀ ਰਹੀ ਹੋਵੇ।
15 ਭਗਤਾਂ ਦੀ ਬਾਣੀ ਅੰਦਰ ‘ਮਨਮੁਖ, ਮਨਮੁਖਿ, ਮਨਮੁਖੁ’ ਸ਼ਬਦ; ਇੱਕ ਵਾਰ ਭੀ ਦਰਜ ਨਹੀਂ ਹਨ ਅਤੇ ‘ਗੁਰਮੁਖਿ’; ਕੇਵਲ 9 ਵਾਰ ਹੈ। ਇਸ ਤੋਂ ਜਾਪਦਾ ਹੈ ਕਿ ਇਹ ਦੋਵੇਂ ਸ਼ਬਦ (ਖ਼ਾਸਕਰ ਮਨਮੁਖ); ਕਿਸੇ ਹੋਰ ਧਾਰਮਿਕ ਗ੍ਰੰਥ ’ਚ ਨਹੀਂ। ਦਸਮ ਗ੍ਰੰਥ ਵਿੱਚ ‘ਗੁਰਮੁਖਿ/ਗੁਰਮੁਖ/ਗੁਰਮੁਖੁ’ ਇੱਕ ਵਾਰ ਭੀ ਨਹੀਂ ਤੇ ‘ਮਨਮੁਖ’ ਕੇਵਲ ਇੱਕ ਵਾਰ ਹੈ ‘‘ਜੋ ਮਨਮੁਖ ਤੀਰਥ ਤਿਹ ਆਯੋ ॥’’ (ਚਰਿਤ੍ਰ ੭੧)
ਗੁਰਬਾਣੀ ਅੰਦਰ ‘ਗੁਰੂ’ (ਸ਼ਬਦ) ਨੂੰ ਸਿਰਮੌਰਤਾ ਮਿਲੀ ਹੋਣ ਕਾਰਨ ਉਨ੍ਹਾਂ ਲਈ ‘ਗੁਰਮੁਖਿ’ ਸ਼ਬਦ ਭੀ ਵਰਤਿਆ ਹੈ, ਜਿਸ ਦਾ ਤੁਲਨਾਤਮਿਕ ਸ਼ਬਦ ‘ਮਨਮੁਖ’ ਹੈ। ‘ਮਨਮੁਖੁ’ ’ਤੇ ਵਿਆਕਰਨਿਕ ਨਿਯਮ ਲਾਗੂ ਹੁੰਦੇ ਹਨ, ਪਰ ‘ਗੁਰਮੁਖਿ’ ਦੀ ਸਿਹਾਰੀ ਮੂਲਕ ਹੈ, ਇਸ ਲਈ ਅਰਥ ‘ਪ੍ਰਧਾਨ ਗੁਰੂ, ਮੁਖੀ ਗੁਰੂ ਜਾਂ ਗੁਰਮੁਖ’ ਹੀ ਉਚਿਤ ਹਨ। ਪ੍ਰਧਾਨ ਗੁਰੂ ਤੋਂ ਭਾਵ ‘ਪ੍ਰਭੂ’ ਜਾਂ ‘ਪ੍ਰਭੂ ਰੂਪ ਗੁਰੂ’ ਅਰਥ ਭੀ ਹੋ ਸਕਦੇ ਹਨ। ਜੇਕਰ ‘ਗੁਰਮੁਖਿ’ ਦੀ ਸਿਹਾਰੀ ’ਚੋਂ ਵਿਆਕਰਨਿਕ ਅਰਥ ਮਿਲਦੇ ਤਾਂ ਹੇਠਲੀਆਂ 6 ਤੁਕਾਂ ’ਚ ਇਸ ਨਾਲ਼ ‘ਨਾਲਿ, ਅੰਤਰਿ’ (ਸੰਬੰਧਕੀ) ਹੋਣ ’ਤੇ ਗੁਰਮੁਖ (ਮੁਕਤਾ ਅੰਤ) ਹੁੰਦਾ। ਇਨ੍ਹਾਂ ਤੁਕਾਂ ’ਚ ਇਸ ਦਾ ਅਰਥ ‘ਮੁਖੀ ਗੁਰੂ’ ਜਾਂ ‘ਗੁਰੂ ਦੀ ਰਾਹੀਂ’ ਨਹੀਂ ਬਲਕਿ ਗੁਰੂ ਅਨੁਸਾਰ ਜੀਵਨ ਬਤੀਤ ਕਰਨ ਵਾਲ਼ਾ (ਗੁਰਮੁਖ) ਹੈ :
ਏਹੁ ਖਰਚੁ ਅਖੁਟੁ ਹੈ; ਗੁਰਮੁਖਿ ਨਿਬਹੈ ਨਾਲਿ ॥ (ਮਹਲਾ ੩/੭੫੬) (ਗੁਰਮੁਖਿ ਨਾਲਿ ਨਿਬਹੈ)
ਅਰਥ : ਇਹ ਨਾਮ-ਧਨ (ਜੀਵਨ-ਮਾਰਗ ’ਚ) ਨਾ ਮੁੱਕਣ ਵਾਲ਼ਾ ਸਰਮਾਇਆ ਹੈ, ਜੋ ਗੁਰਮੁਖ ਦੇ ਨਾਲ਼ ਅੰਤ ਤੱਕ ਨਿਭਦਾ ਹੈ ਭਾਵ ਸਦਾ ਸਾਥ ਦਿੰਦਾ ਹੈ।
ਅੰਤਰਿ ਗੁਰਮੁਖਿ ਤੂ ਵਸਹਿ; ਜਿਉ ਭਾਵੈ ਤਿਉ ਨਿਰਜਾਸਿ ॥ (ਮਹਲਾ ੧/੨੦) (ਗੁਰਮੁਖਿ ਅੰਤਰਿ)
ਅਰਥ : (ਹੇ ਪ੍ਰਭੂ !) ਤੂੰ ਗੁਰਮੁਖ ਦੇ ਅੰਦਰ ਵਸਦਾ ਹੈਂ (ਤਾਹੀਓਂ ਉਸ ਨੂੰ ਭਰੋਸਾ ਹੈ ਕਿ) ਤੂੰ ਜਿਵੇਂ ਚਾਹੁੰਦਾ ਹੈਂ; ਓਵੇਂ ਨਿਰਣਾ ਲੈਂਦਾ ਹੈਂ।
ਮਨ ਰੇ ! ਕਿਉ ਛੂਟਹਿ, ਬਿਨੁ ਪਿਆਰ ॥ ਗੁਰਮੁਖਿ ਅੰਤਰਿ ਰਵਿ ਰਹਿਆ; ਬਖਸੇ ਭਗਤਿ ਭੰਡਾਰ ॥੧॥ ਰਹਾਉ ॥ (ਮਹਲਾ ੧/੬੦)
ਅਰਥ : ਹੇ ਮਨ ! ਤੂੰ (ਪ੍ਰਭੂ ਦੇ) ਪ੍ਰੇਮ ਤੋਂ ਬਿਨਾਂ (ਮਾਇਆ ਦੇ ਹਮਲਿਆਂ ਤੋਂ) ਨਹੀਂ ਬਚੇਂਗਾ। ਗੁਰਮੁਖ ਦੇ ਦਿਲ ’ਚ (ਪ੍ਰਭੂ ਨਾਲ਼ ਪ੍ਰੇਮ) ਹੁੰਦਾ ਹੈ (ਕਿਉਂਕਿ ਗੁਰੂ ਨੇ ਉਸ ਨੂੰ) ਭਗਤੀ ਕਰਨ ਦੇ ਸਾਰੇ ਖ਼ਜ਼ਾਨੇ (ਭਾਵ ਰੱਬ ਨਾਲ਼ ਪਿਆਰ ਕਰਨ ਦੇ ਢੰਗ) ਬਖ਼ਸ਼ੇ ਹੁੰਦੇ ਹਨ।
ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥ (ਮਹਲਾ ੩/੫੬੦)
ਅਰਥ : ਗੁਰਮੁਖ ਦੇ ਅੰਦਰ (ਵਿਕਾਰਾਂ ਤੋਂ ਬਚਾਉਣ ਵਾਲ਼ਾ) ਅਸਲ ਸਾਥੀ ਪ੍ਰਭੂ ਹੁੰਦਾ ਹੈ।
ਗੁਰਮੁਖਿ ਅੰਤਰਿ ਸਾਂਤਿ ਹੈ; ਮਨਿ+ਤਨਿ (’ਚ) ਨਾਮਿ (ਰਾਹੀਂ) ਸਮਾਇ ॥ (ਮਹਲਾ ੪/੬੫੩ ਅਤੇ ੧੩੧੭)
ਗੁਰਮੁਖਿ ਅੰਤਰਿ ਸਹਜੁ ਹੈ; ਮਨੁ ਚੜਿਆ ਦਸਵੈ+ਆਕਾਸਿ (’ਚ) ॥ (ਮਹਲਾ ੩/੧੪੧੪)
ਗੁਰਬਾਣੀ ਲਿਖਤ ਅਨੁਸਾਰ ਜਿਸ ਇੱਕ ਵਚਨ ਪੁਲਿੰਗ ਨਾਂਵ ਦੀ ਸਿਹਾਰੀ ਅੰਤ ਜਾਂ ਔਂਕੜ ਅੰਤ; ਕਿਸੇ ਸੰਬੰਧਕੀ ਚਿੰਨ੍ਹ ਨਾਲ਼ ਆਉਣ ਨਾਲ਼ ਨਹੀਂ ਹਟਦੇ, ਉਹ (ਲਗਾਂ) ਉਸ ਸ਼ਬਦ ਦੀਆਂ ਮੁਲਕ ਹੁੰਦੀਆਂ ਹਨ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਹਰਿ, ਕਲਿ (ਕਲਿਜੁਗ)’ ਸ਼ਬਦਾਂ ਨਾਲ਼ ‘ਕਾ’ ਆਉਣ ’ਤੇ ਭੀ ਇਨ੍ਹਾਂ ਦੀ ਸਿਹਾਰੀ ਨਹੀਂ ਲੱਥੀ :
ਗੁਰਮੁਖਿ ਸਦਾ ਹਰਿ ਰੰਗੁ ਹੈ; ‘ਹਰਿ ਕਾ’ ਨਾਉ ਮਨਿ ਭਾਇਆ ॥ (ਮਹਲਾ ੩/੮੫੧)
ਨਾਨਕ ! ਗੁਰਮੁਖਿ ਜਾਣੀਐ; ‘ਕਲਿ ਕਾ’ ਏਹੁ ਨਿਆਉ ॥ (ਮਹਲਾ ੨/੧੨੮੮)
ਹੇਠਲੀ ਪੰਕਤੀ ਦਾ ਅਰਥ ਜਾਣਨਾ ਭੀ ਜ਼ਰੂਰੀ ਹੈ :
ਮਨਮੁਖਿ, ਅੰਤਰਿ ਭਗਤਿ ਨ ਹੋਈ ॥ (ਮਹਲਾ ੩/੧੦੪੯) ਭਾਵ ਇੱਥੇ ‘ਮਨਮੁਖਿ ਅੰਤਰਿ’ ਨੂੰ ‘ਗੁਰਮੁਖਿ ਅੰਤਰਿ’ ਵਾਙ ਨਹੀਂ ਸਮਝਣਾ।
ਅਰਥ : ਮਨਮੁਖ (ਬਣਨ) ਨਾਲ਼; ਦਿਲੋਂ ਰੱਬ ਦੀ ਭਗਤੀ ਨਹੀਂ ਹੋ ਸਕਦੀ।
ਸੋ ਵਿਚਾਰ ਅਧੀਨ ਵਾਕ ‘‘ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥’’ ’ਚ ‘ਗੁਰਮੁਖਿ’ ਦਾ ਅਰਥ ‘ਗੁਰੂ’ ਹੈ, ਨਾ ਕਿ ‘ਗੁਰੂ ਨੇ’ ਜਾਂ ‘ਗੁਰੂ ਦੁਆਰਾ’। ਇੱਥੇ ਕਾਵਿ-ਪਿੰਗਲ ਕਾਰਨ ‘ਗੁਰੁ’ ਤੋਂ ਵਿਸਥਾਰ ਸਹਿਤ ‘ਗੁਰਮੁਖਿ’ ਬਣਿਆ ਹੈ ਵਰਨਾ ਹੇਠਲੇ ਵਾਕ ਵਾਙ ਉਕਤ ਵਾਕ ਭੀ ‘‘ਗੁਰੁ ਨਾਦੰ, ਗੁਰੁ ਵੇਦੰ; ਗੁਰੁ ਰਹਿਆ ਸਮਾਈ॥’’ ਹੋਣਾ ਸੀ।
ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਉਚਾਰਨ : ਈਸ਼ਰ, ਬਰ੍ਹਮਾ।
ਪਦ ਅਰਥ : ਈਸਰੁ- ਸ਼ਿਵ। ਗੋਰਖ- ਵਿਸ਼ਨੂੰ। ਬਰਮਾ- ਬ੍ਰਹਮਾ। ਪਾਰਵਤੀ- ਸ਼ਿਵ ਦੀ ਪਤਨੀ। ਮਾਈ- ਵਿਸ਼ਨੂੰ ਦੀ ਪਤਨੀ, ਲੱਛਮੀ।
ਅਰਥ : ਗੁਰੂ ਹੀ ਸ਼ਿਵ, ਵਿਸ਼ਨੂੰ, ਬ੍ਰਹਮਾ (ਰਾਮ, ਕ੍ਰਿਸ਼ਨ, ਗਣੇਸ਼, ਹਨੁਮਾਨ, ਸ਼ਨੀ ਆਦਿਕ ਦੇਵਤਾ ਹੈ) ਤੇ ਗੁਰੂ ਹੀ ਪਾਰਬਤੀ, ਲੱਛਮੀ (ਦੁਰਗਾ, ਕਾਲਕਾ, ਸਰਸਵਤੀ, ਚੰਡੀ ਆਦਿ ਦੇਵੀ) ਹੈ ਭਾਵ ਗੁਰੂ ਦੀ ਸ਼ਰਨ ਲੈਣ ਤੋਂ ਬਾਅਦ ਕਿਸੇ ਹੋਰ ਆਸਰੇ ਦੀ ਲੋੜ ਨਹੀਂ।
ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਉਚਾਰਨ : ਹਉਂ, ਆਖਾਂ, ਨਾਸੀਂ।
ਪਦ ਅਰਥ : ਹਉ- ਮੈ। ਕਹਣਾ- ਦੱਸਣਾ। ਕਥਨੁ- ਵਰਣਨ, ਸਹੀ ਸਹੀ ਅਨੁਮਾਨ।
ਅਰਥ : (ਗੁਰੂ ਦੀ ਕਿਰਪਾ ਨਾਲ਼) ਅਗਰ ਮੈਂ ਜਾਣ ਲਵਾਂ (ਕਿ ਗੁਰੂ; ਬੜਾ ਮਹਾਨ ਹੈ ਤਾਂ ਭੀ ਉਸ ਬਾਰੇ ਕੁੱਝ) ਕਹਿਣ ਯੋਗਾ ਨਹੀਂ (ਕਿਉਂਕਿ ਮੇਰੇ ਕੋਲ਼ ਗੁਰੂ ਸ਼ਖ਼ਸੀਅਤ ਦਾ) ਸਹੀ ਸਹੀ ਅਨੁਮਾਨ ਲਗਾਉਣ ਦੀ ਸਮਰੱਥਾ ਨਹੀਂ।
ਵਿਚਾਰ : ‘ਜਪੁ’ ਬਾਣੀ ਦੀਆਂ ਪਿਛਲੀਆਂ ਪਉੜੀਆਂ ਦੀ ਸਮਾਪਤੀ ਵਾਙ ਇੱਥੇ ਭੀ ‘ਗੁਰੁ’ ਨੂੰ ਕਈ ਦੇਵੀ ਦੇਵਤਿਆਂ ਨਾਲ਼ ਤੁਲਨਾਤਮਿਕ ਵਿਚਾਰਨ ਉਪਰੰਤ ਅੰਤ ’ਚ ਕਿਹਾ ਹੈ ਕਿ ‘ਗੁਰੁ’ ਅਥਾਹ ਸ਼ਕਤੀ ਭਰਪੂਰ ਹੈ, ਇਸ ਲਈ ਉਨ੍ਹਾਂ ਬਾਰੇ ਬਹੁਤਾ ਬਿਆਨ ਕਰਨਾ ਅਸੰਭਵ ਹੈ। ਇਸ ਲਿਖਤ ਤਰਤੀਬ ਨੂੰ ਜਪੁ ਬਾਣੀ ਦੇ ਅੰਤ ਤੱਕ ਚੇਤੇ ਰੱਖਿਆਂ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ..॥੩੨॥ (ਜਪੁ) ਦੇ ਅਸਲ ਭਾਵਾਰਥ ਸਮਝ ਆਉਣੇ ਹਨ ਕਿਉਂਕਿ ਉਸ ਤੋਂ ਬਾਅਦ 33ਵੀਂ ਪਉੜੀ ’ਚ ਸਮੁੱਚੇ ‘ਜਪੁ’ ਸਿਧਾਂਤ ਨੂੰ ਸੰਖੇਪ ਸ਼ਬਦਾਂ ’ਚ ਮੁੜ ਦੁਹਰਾਇਆ ਹੈ ਅਤੇ ਅਗਾਂਹ 34 ਤੋਂ 37 ਪਉੜੀਆਂ ’ਚ; ਪੰਜ ਰੂਹਾਨੀਅਤ ਪੜਾਵਾਂ ਦਾ ਜ਼ਿਕਰ ਸ਼ੁਰੂ ਹੁੰਦਾ ਹੈ।
ਸੋ ਜਦ ਮਾਨਵ ਜਾਤੀ ’ਚ ‘ਗੁਰੂ’ ਹੀ ਸਭ ਤੋਂ ਮਹਾਨ ਹੈ ਤਾਂ ਤੇ ਉਨ੍ਹਾਂ ਅੱਗੇ ਬੇਨਤੀ ਕਰਨੀ ਬਣਦੀ ਹੈ ਕਿ
ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥ ੫॥ ਉਚਾਰਨ : ਦੇਹ, ਜੀਆਂ।
ਪਦ ਅਰਥ : ਗੁਰਾ- ਹੇ ਗੁਰੂ ਜੀ ! ਇਕ ਬੁਝਾਈ- ਇਕ ਸਮਝ, ਕੇਵਲ ਐਸੀ ਸੋਝੀ। ਦੇਹਿ- ਦੇਹ, ਬਖ਼ਸ਼। ਜੀਆ- ਜੀਵਾਂ। ਮੈ- ਮੈਨੂੰ। ਨ ਵਿਸਰਿ ਜਾਈ- ਨਾ ਭੁੱਲ ਜਾਵੇ।
ਅਰਥ : ਹੇ ਸਤਿਗੁਰੂ (ਨਾਨਕ ਜੀ) ! ਮੈਨੂੰ ਐਸੀ ਸਮਝ ਬਖ਼ਸ਼ ਕਿ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ (ਰਜ਼ਾ ਦਾ ਮਾਲਕ) ਦਾਤਾਰ-ਪਿਤਾ ਹੈ, ਉਹ ਮੈਨੂੰ ਕਦੇ ਨਾ ਭੁੱਲੇ।
ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ ?॥ ਉਚਾਰਨ : ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ।
ਪਦ ਅਰਥ : ਤੀਰਥਿ- ਤੀਰਥ ਉੱਤੇ (ਇੱਕ ਵਚਨ ਪੁਲਿੰਗ)। ਤਿਸੁ- ਉਸ (ਦਾਤਾਰ-ਪਿਤਾ) ਨੂੰ। ਭਾਵਾ- ਪਸੰਦ ਆਵਾਂ। ਵਿਣੁ ਭਾਣੇ- ਪ੍ਰਸੰਨ ਕਰਨ ਤੋਂ ਬਿਨਾਂ ਭਾਵ ਖ਼ੁਸ਼ ਕਰਨ ਤੋਂ ਬਿਨਾਂ। ਕਿ- ਕੀ। ਨਾਇ- ਨਹਾ ਕੇ, ਇਸ਼ਨਾਨ ਕਰਕੇ। ਕਰੀ- ਕਰਾਂ।
ਅਰਥ : ਤੀਰਥ ਉੱਤੇ ਜਾ ਕੇ ਇਸ਼ਨਾਨ ਮੈ ਤਾਂ ਕਰਾਂ ਜੇ (ਸਰੀਰ ਸਾਫ਼ ਕਰਨ ਨਾਲ਼) ਉਸ (ਦਾਤਾਰ-ਪਿਤਾ) ਨੂੰ ਪ੍ਰਸੰਨ ਕਰ ਸਕਾਂ (ਕਿਉਂਕਿ ਉਸ ਦੀ) ਪ੍ਰਸੰਨਤਾ ਤੋਂ ਬਿਨਾਂ ਮੈਂ ਐਸਾ ਇਸ਼ਨਾਨ ਕਰਕੇ ਕੀ ਕਰਾਂਗਾ ?
ਵਿਚਾਰ : ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਬਚਨ ਸਨ, ‘‘ਸੋਚੈ, ਸੋਚ ਨ ਹੋਵਈ; ਜੇ, ਸੋਚੀ ਲਖ ਵਾਰ॥’’ ਭਾਵ (ਤੀਰਥ ’ਤੇ) ਸਰੀਰਕ ਇਸ਼ਨਾਨ ਕਰਨ ਨਾਲ਼ ਮਨ ਨਿਰਮਲ ਨਹੀਂ ਹੁੰਦਾ ਭਾਵੇਂ ਮੈ ਲੱਖਾਂ ਵਾਰ ਇਸ਼ਨਾਨ ਕਰਾਂ। ਗੁਰੂ ਨਾਨਕ ਸਾਹਿਬ ਨੇ ‘ਗੁਰੂ’ ਨੂੰ ਹੀ ਅਸਲ ਤੀਰਥ ਕਿਹਾ ਹੈ, ‘‘ਗੁਰ ਸਮਾਨਿ; ਤੀਰਥੁ ਨਹੀ ਕੋਇ ॥’’ (ਮਹਲਾ ੧/੧੩੨੮), ਜੋ ਸਵੈ-ਪੜਚੋਲ ਕਰਾ ਮਨ ਨਿਰਮਲ ਕਰਦਾ ਹੈ, ਪਰ ਇਹ ਇਸ਼ਨਾਨ; ਦਾਤਾਰ-ਪਿਤਾ ਦੀ ਮਿਹਰ-ਦ੍ਰਿਸ਼ਟੀ (ਪ੍ਰਸੰਨਤਾ) ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਭਾਵ ਮਨ ਨੂੰ ਕਾਬੂ ਕਰਨ ’ਚ ਇਲਾਹੀ ਬਖ਼ਸ਼ਸ਼ ਭੀ ਹੋਣੀ ਚਾਹੀਦੀ ਹੈ।
ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ ? ਲਈ॥ ਉਚਾਰਨ : ਵੇਖਾਂ, ਲਈਂ।
ਪਦ ਅਰਥ : ਜੇਤੀ- ਜਿੰਨੀ ਭੀ, ਜਿਤਨੀ। ਸਿਰਠਿ- ਸ੍ਰਿਸ਼ਟੀ। ਉਪਾਈ- ਪੈਦਾ ਕੀਤੀ। ਵਿਣੁ ਕਰਮਾ- ਮਿਹਰ ਤੋਂ ਬਿਨਾਂ, (ਮਾਲਕ ਦੀ) ਪ੍ਰਸੰਨਤਾ ਤੋਂ ਬਿਨਾਂ। ਕਿ- ਕੀ। ਮਿਲੈ- ਮਿਲਦਾ ਹੈ। ਲਈ- ਮੈ ਲੈ ਲਵਾਂ।
ਅਰਥ : ਜਿੰਨੀ ਭੀ ਜਗਤ-ਰਚਨਾ (ਮਾਲਕ ਦੁਆਰਾ) ਪੈਦਾ ਕੀਤੀ ਹੋਈ, ਮੈਂ ਵੇਖਦਾ ਹਾਂ (ਉਸ ਦੀ) ਪ੍ਰਸੰਨਤਾ ਤੋਂ ਬਿਨਾਂ (ਇੱਥੇ ਕਿਸੇ ਨੂੰ ਕਦੇ) ਕੀ ਮਿਲਿਆ ਹੈ (ਤਾਂ ਕਿ ਮਿਹਰ ਤੋਂ ਸੱਖਣਾ ਰਹਿ ਕੇ ਭਾਵ ਨਿਰਾ ਬਾਹਰੋਂ ਸਰੀਰ ਧੋਹ ਕੇ) ਮੈ ਲੈ ਲਵਾਂ ? ਭਾਵ ਦਾਤਾਰ-ਪਿਤਾ ਦੀ ਪ੍ਰਸੰਨਤਾ; ਮਨ ਦੀ ਹੀ ਸ਼ੁਧਤਾ ਨਾਲ਼ ਹੈ। ਭਗਤ ਕਬੀਰ ਜੀ ਦੇ ਬਚਨ ਹਨ, ‘‘ਕੰਚਨ ਸਿਉ; ਪਾਈਐ ਨਹੀ ਤੋਲਿ (ਕੇ) ॥ ਮਨੁ ਦੇ (ਕੇ); ਰਾਮੁ ਲੀਆ ਹੈ ਮੋਲਿ ॥’’ (ਭਗਤ ਕਬੀਰ/੩੨੭) ਅਰਥ : ਸੋਨੇ ਨਾਲ਼ ਤੋਲ ਕੇ ਭੀ ਰਾਮ ਪ੍ਰਾਪਤ ਨਹੀਂ ਹੁੰਦਾ। ਮਨ ਨੂੰ ਅਰਪਣ ਕਰਕੇ ਭਾਵ ਮੈ-ਮੇਰੀ ਤਿਆਗ ਕੇ ਰਾਮ ਨੂੰ ਪਾਇਆ ਹੈ। ਸੋ ਰਾਮ ਨੂੰ ਪ੍ਰਾਪਤ ਕਰਨ ਦੀ ਕੀਮਤ; ਸੋਨਾ ਨਹੀਂ, ਅਹੰਕਾਰ ਦਾ ਤਿਆਗ ਹੈ।
ਮਤਿ ਵਿਚਿ ਰਤਨ, ਜਵਾਹਰ, ਮਾਣਿਕ; ਜੇ ਇਕ, ਗੁਰ ਕੀ ਸਿਖ ਸੁਣੀ॥
ਪਦ ਅਰਥ : ਜਵਾਹਰ- ਜਵਾਹਰਾਤ, ਕੀਮਤੀ ਲਾਲ। ਮਾਣਿਕ- ਮੋਤੀ। ਇਕ ਸਿਖ- ਇੱਕ ਸਿੱਖਿਆ, ਅਦਭੁਤ ਉਪਦੇਸ਼।
ਅਰਥ : (ਧੁੰਦਲ਼ੀ/ਮੱਧਮ) ਮੱਤ ਅੰਦਰ ਕੀਮਤੀ ਰਤਨ, ਮੋਤੀ, ਜਵਾਹਰਾਤ ਵਰਗੇ ਲਾਲ ਹਨ। ਅਗਰ ਗੁਰੂ ਜੀ ਦੀ ਇੱਕ ਅਦਭੁਤ ਸਿੱਖਿਆ ਸੁਣੀ ਜਾਏ (ਤਾਂ ਪ੍ਰਾਪਤ ਹੁੰਦੇ ਹਨ)।
ਵਿਚਾਰ : ਉਕਤ ਵਾਕ ’ਚ ਕਿਹੜੇ ਕੀਮਤੀ ਰਤਨਾਂ ਦਾ ਜ਼ਿਕਰ ਹੈ, ਜੋ ਹਰ ਮਨੁੱਖ ਦੀ ਮੱਤ ਵਿੱਚ ਹਨ ?
ਜਵਾਬ : ਗੁਰਬਾਣੀ ਅਨੁਸਾਰ ਅਕਾਲ ਪੁਰਖ; ਹਰ ਸਰੀਰ ਅੰਦਰ ਜੋਤਿ-ਸਰੂਪ ਵਜੋਂ ਸਰਬ ਵਿਆਪਕ ਹੈ; ਜਿਵੇਂ ਕਿ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਭਾਵ ਉਸ ਦੀ)॥’’ (ਸੋਹਿਲਾ/ਮਹਲਾ ੧/੧੩), ਇਹ ਜੋਤਿ; ਆਤਮ ਪ੍ਰਕਾਸ਼-ਬਲ ਹੈ, ਰੂਹ ਹੈ, ਜਿੰਦ ਹੈ, ਰੱਬੀ ਗੁਣ ਹਨ। ਇਨ੍ਹਾਂ ਦਾ ਮੱਤ ਨੂੰ ਹੂ-ਬਹੂ ਪ੍ਰਕਾਸ਼ ਹੋਣਾ ਹੀ ਮੱਤ ਵਿੱਚ ਕੀਮਤੀ ਰਤਨ, ਕੀਮਤੀ ਲਾਲ ਪ੍ਰਗਟ ਹੋਣਾ ਹੈ, ਪਰ ਇਹ ਪ੍ਰਕਾਸ਼ ਹੁੰਦਾ ਕਿਉਂ ਨਹੀਂ ? ਜਵਾਬ : ਹਰ ਸਰੀਰ ਅੰਦਰ ਇੱਕ ਅੰਤਹਿਕਰਣ-ਇੰਦ੍ਰੀ ਹੈ, ਜਿਸ ਨੂੰ ਗੁਰਬਾਣੀ ਅਨੁਸਾਰ ਜਨਮ ਜਨਮ ਦੀ ਮੈਲ਼ ਲੱਗੀ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ॥’’ (ਮਹਲਾ ੩/੬੫੧), ਇਹੀ ਕੂੜ ਦੀ ਪਾਲਿ (ਕੰਧ) ਹੈ, ਜਿਸ ਰਾਹੀਂ ਸੀਮਤ ਜਿਹਾ ਆਤਮ-ਪ੍ਰਕਾਸ਼ ਹੀ ਮੱਤ ਨੂੰ ਮਿਲਦਾ ਹੈ। ਮਨੋਵਿਗਿਆਨ; ਇਸ ਮਲ਼ੀਨ ਅੰਤਹਿਕਰਣ ਨੂੰ ਅਚੇਤ-ਮਨ ਕਹਿੰਦਾ ਹੈ, ਜੋ ਉਨ੍ਹਾਂ ਅਨੁਸਾਰ ਸੁਚੇਤ ਮਨ (ਜੋ ਕਿ ਮਨ ਦਾ ਮਾਤਰ 10% ਭਾਗ ਹੈ ਤੇ ਰਾਤ ਨੂੰ ਸੌਂ ਜਾਂਦਾ ਹੈ) ਰਾਹੀਂ ਇਕੱਠੀਆਂ ਹੁੰਦੀਆ ਬਚਪਨ ਦੀਆਂ ਯਾਦਾਂ ਦਾ ਸੰਗ੍ਰਹਿ ਹੈ ਭਾਵ ਮੈਡੀਕਲ ਸਾਇੰਸ ਜਿਸ ਨੂੰ ਇਸੇ ਜਨਮ ਦੀ ਕਾਲ਼ਖ਼ ਕਹਿੰਦੀ ਹੈ; ਗੁਰਬਾਣੀ ਅਨੁਸਾਰ ਉਹ ਜਨਮ ਜਨਮ ਦੀ ਮੈਲ਼ ਹੈ।
ਗੁਰੂ ਦੀ ਸਿੱਖਿਆ ਨਾਲ਼ ਅੰਦਰਲੇ ਤੀਰਥ ਉੱਤੇ ਇਸ਼ਨਾਨ ਕੀਤਿਆਂ (ਅੰਤਰਗਤਿ ਤੀਰਥਿ (’ਤੇ) ਮਲਿ ਨਾਉ ॥) ਭਾਵ ਸਵੈ ਪੜਚੋਲ ਕੀਤਿਆਂ ਇਹ ਮਲ਼ੀਨ ਅੰਤਹਿਕਰਣ; ਪਾਰਦਰਸ਼ੀ ਹੁੰਦਾ ਹੈ ਤੇ ਸਰਬ ਵਿਆਪਕ ਜੋਤਿ ਦਾ ਹੂ-ਬਹੂ ਪ੍ਰਕਾਸ਼ ਮੱਤ ਤੱਕ ਆ ਜਾਂਦਾ ਹੈ, ਜੋ ਰਤਨ, ਜਵਾਹਰਾਤ ਵਰਗਾ ਬਹੁ ਕੀਮਤੀ ਹੈ। ਇਸੇ ਨੂੰ ‘‘ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ॥’’ ਕਿਹਾ ਹੈ। ਆਤਮ-ਪ੍ਰਕਾਸ਼ ਦਾ ਇਹੀ ਅਹਿਸਾਸ; ਪ੍ਰਭੂ ਦਾ ਕਣ-ਕਣ ਵਿੱਚੋਂ ਦਰਸ਼ਨ ਹੋਣਾ ਹੈ।
ਆਤਮ-ਪ੍ਰਕਾਸ਼ ਭਾਵ ਰੱਬੀ ਗੁਣਾਂ ਨੂੰ ਹੀ ਨਾਮ-ਅੰਮ੍ਰਿਤ ਕਿਹਾ ਹੈ, ‘‘ਰਤਨ ਜਵੇਹਰ ਮਾਣਿਕਾ; ਅੰਮ੍ਰਿਤੁ ਹਰਿ ਕਾ ਨਾਉ ॥’’ (ਮਹਲਾ ੫/੪੮), ਜੋ ਕਿ ਸਰਬ ਵਿਆਪਕ ਹੈ, ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਮਿਹਰ ਨਾਲ਼) ॥’’ (ਮਹਲਾ ੨/੧੨੩੮), ਗੁਰੂ ਰਾਮਦਾਸ ਜੀ ਨੇ ਇਉਂ ਸਮਝਾਇਆ ਹੈ, ‘‘ਕੰਚਨ ਕੋਟੁ, ਬਹੁ ਮਾਣਕਿ (ਨਾਲ਼) ਭਰਿਆ; ਜਾਗੇ, ਗਿਆਨ ਤਤਿ ਲਿਵ ਲਈਆ ॥ ਤਸਕਰ ਹੇਰੂ, ਆਇ ਲੁਕਾਨੇ; ਗੁਰ ਕੈ ਸਬਦਿ (ਰਾਹੀਂ) ਪਕੜਿ ਬੰਧਿ ਪਈਆ ॥’’ (ਮਹਲਾ ੪/੮੩੩) ਅਰਥ : ਸੋਨੇ ਵਰਗਾ ਕੀਮਤੀ, ਸਰੀਰ ਰੂਪ ਕਿਲ੍ਹਾ; ਨਾਮ ਰੂਪੀ ਲਾਲਾਂ, ਮੋਤੀਆਂ ਨਾਲ਼ ਭਰਿਆ ਪਿਆ ਹੈ। ਜੋ ਸ਼ਰਧਾਵਾਨ; ਗੁਰੂ ਦੀ ਸਿੱਖਿਆ ਨਾਲ਼ ਆਤਮ-ਪ੍ਰਕਾਸ਼ ਦੇ ਸ੍ਰੋਤ (ਪ੍ਰਭੂ) ’ਚ ਸੁਰਤਿ ਜੋੜ ਕੇ ਰੌਸ਼ਨ ਦਿਮਾਗ਼ ਹੋ ਗਏ, ਉਹ ਆਪਣੀ ਸੁਆਸ ਪੂੰਜੀ (ਵਿਕਾਰਾਂ ਦੇ ਹਮਲਿਆਂ ਤੋਂ) ਬਚਾ ਗਏ ਕਿਉਂਕਿ ਜਦ ਵਿਕਾਰ ਰੂਪ ਡਾਕੂ, ਚੋਰ (ਸੁਆਸ ਪੂੰਜੀ ਨੂੰ ਲੁਟਣ ਲਈ ਉਨ੍ਹਾਂ ਦੇ ਸਰੀਰ ਕਿਲ੍ਹੇ ’ਚ) ਆ ਕੇ ਲੁਕਦੇ ਹਨ ਤਾਂ ਪਾਰਦਰਸ਼ੀ ਹੋਇਆ ਅੰਤਹਿਕਰਣ; ਗੁਰੂ ਸਿੱਖਿਆ ਨਾਲ਼ (ਉਨ੍ਹਾਂ ਨੂੰ) ਪਕੜ ਕੇ ਬੰਨ੍ਹ ਲੈਂਦਾ ਹੈ, ਕਾਬੂ ਕਰ ਲੈਂਦਾ ਹੈ।
ਸੋ ਇਨ੍ਹਾਂ ਰਤਨਾਂ ਦੀ ਪ੍ਰਾਪਤੀ ਲਈ ਸਿੱਖ; ਆਪਣੀ ਮੈਲ਼ ਨੂੰ ਇਉਂ ਯਾਦ ਕਰ ਕਿ ‘‘ਅੰਤਰਿ ਅਗਿਆਨੁ; ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ॥’’ (ਮਹਲਾ ੪/੬੫੨) ਅਰਦਾਸ ਕਰੇ ਕਿ..
ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ॥ ੬॥ ਉਚਾਰਨ : ਦੇਹ, ਜੀਆਂ
ਅਰਥ : ਹੇ ਸਤਿਗੁਰੂ ਜੀ ! ਐਸੀ ਸਮਝ ਬਖ਼ਸ਼ ਕਿ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਦਾਤਾਰ-ਪਿਤਾ ਹੈ, ਉਹ ਮੈਨੂੰ ਕਦੇ ਨਾ ਭੁੱਲੇ।
ਜੇ, ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ॥
ਪਦ ਅਰਥ : ਜੁਗ ਚਾਰੇ- ਚਾਰ ਜੁਗ (ਸਤਿਜੁਗ, ਤ੍ਰੇਤਾ, ਦੁਆਪਰ ਤੇ ਕਲਿਜੁਗ)। ਆਰਜਾ- ਉਮਰ। ਦਸੂਣੀ- ਦਸ ਗੁਣਾਂ।
ਅਰਥ : ਅਗਰ (ਮਨੁੱਖ ਦੀ) ਉਮਰ; ਚਾਰ ਯੁੱਗਾਂ ਜਿੰਨੀ ਹੋ ਜਾਵੇ ਜਾਂ ਦਸ ਗੁਣਾਂ ਹੋਰ (ਯਾਨੀ 40 ਜੁਗਾਂ ਦੀ) ਹੋ ਜਾਵੇ।
ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ, ਸਭੁ ਕੋਇ॥ ਉਚਾਰਨ : ਨਵਾਂ, ਖੰਡਾਂ।
ਪਦ ਅਰਥ : ਨਵ ਖੰਡ-ਪ੍ਰਿਥਵੀ ਦੇ 9 ਟਾਪੂ/ਦੀਪ (ਭਰਤ, ਇਲਾਵ੍ਰਿਤ, ਕਿੰਪੁਰੁਸ, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮ੍ਯ ਅਤੇ ਕੁਸ਼)। ਜਾਣੀਐ- ਜਾਣਿਆ ਜਾਵੇ। ਨਾਲਿ- ਨਾਲ਼-ਨਾਲ਼ ਭਾਵ ਹੁਕਮ ਵਿੱਚ।
ਅਰਥ : (ਜੇ ਉਹ) 9 ਦੀਪਾਂ ਭਾਵ ਸਾਰੀ ਧਰਤੀ ਉੱਤੇ ਪ੍ਰਸਿੱਧ ਹੋ ਜਾਵੇ ਤੇ ਹਰ ਕੋਈ ਉਸ ਦੇ ਹੁਕਮ ਦਾ ਪਾਲਣ ਕਰਨ ਲੱਗ ਜਾਏ ।
ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ॥ ਉਚਾਰਨ : ਨਾਉਂ।
ਪਦ ਅਰਥ : ਨਾਉ- ਨਾਮਣਾ, ਪ੍ਰਸਿੱਧੀ। ਰਖਾਇ ਕੈ- ਖੱਟ ਕੇ। ਜਸੁ- ਸ਼ੋਭਾ। ਜਗਿ- ਜਗਤ ਵਿੱਚ।
ਅਰਥ : (ਦੁਨੀਆਂ ਦੀਆਂ ਨਜ਼ਰਾਂ ’ਚ) ਚੰਗਾ ਨਾਮਣਾ ਖੱਟ ਕੇ ਇੱਜ਼ਤ ਭੀ ਜਗਤ ਵਿੱਚ ਪਾ ਲਵੇ।
ਜੇ ਤਿਸੁ, ਨਦਰਿ ਨ ਆਵਈ; ਤ, ਵਾਤ ਨ ਪੁਛੈ ਕੇ॥
ਪਦ ਅਰਥ : ਜੇ- ਜੇਕਰ, ਅਗਰ। ਤਿਸੁ- ਉਸ ਬੰਦੇ ਨੂੰ। ਨਦਰਿ ਨ ਆਵਈ- (ਰਜ਼ਾਅ ਦਾ ਮਾਲਕ) ਨਜ਼ਰ ਨਹੀਂ ਆਉਂਦਾ। ਕੇ ਵਾਤ- ਕੋਈ ਭੀ ਗੱਲ, ਤਰਲਾ।
ਅਰਥ : (ਪਰ) ਅਗਰ ਉਸ ਨੂੰ (ਦਾਤਾਰ-ਪਿਤਾ) ਨਜ਼ਰ ਨਹੀਂ ਆਇਆ ਤਾਂ (ਮਾਲਕ ਦੇ ਇਨਸਾਫ਼-ਘਰ ’ਚ; ਉਸ ਦੀ ਭੀ) ਕੋਈ ਪੁਕਾਰ ਨਹੀਂ ਸੁਣੀ ਜਾਂਦੀ ਭਾਵ ਸਜ਼ਾ ਅਵੱਸ਼ ਮਿਲੇਗੀ। ਇਹ ਨਹੀਂ ਕਹਿ ਸਕਦਾ ਕਿ ਮੈ ਸਮਾਜ ’ਚ ਆਹ ਜਾਂ ਓਹ ਕੰਮ ਕੀਤੇ, ਜਿਨ੍ਹਾਂ ਬਦਲੇ ਲੋਕਾਂ ਨੇ ਮੇਰੀ ਇੱਜ਼ਤ ਕੀਤੀ।
ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ॥ ਉਚਾਰਨ : ਕੀਟਾਂ, ਦੋਸ਼ੀ, ਦੋਸ਼।
ਪਦ ਅਰਥ : ਕੀਟਾ ਅੰਦਰਿ- ਕੀੜਿਆਂ ਵਿੱਚੋਂ। ਕੀਟੁ – ਮਾਮੂਲੀ ਕੀੜਾ। ਕਰਿ- ਕਰ ਕੇ, ਠਹਿਰਾਅ ਕੇ। ਦੋਸੀ- ਮੁਜਰਮ, ਅਪਰਾਧੀ।
ਅਰਥ : (ਮਾਲਕ ਦੇ ਵਿਸ਼ਾਲਤਾ ਅੱਗੇ ਉਹ) ਕੀੜਿਆਂ ਵਿੱਚੋਂ ਮਾਮੂਲੀ ਕੀੜਾ ਹੈ ਯਾਨੀ ਲੋਕਾਂ ਲਈ ਭਾਵੇਂ ਉਹ ਸਮਰਾਟ ਬਣ ਗਿਆ, ਪਰ ਦਾਤਾਰ ਦੀਆਂ ਨਜ਼ਰਾਂ ’ਚ ਤੁੱਛ ਹੈ (ਦਾਤਾਰ-ਪਿਤਾ ਦਾ ਨਾਮ ਨਾ ਜਪਣ ਕਾਰਨ ਉਸ ਨੂੰ) ਦੋਸ਼ੀ ਮੰਨ ਕੇ ਮੁਜਰਮ ਠਹਿਰਾਇਆ ਜਾਂਦਾ ਹੈ। ਐਸੇ ਬੰਦੇ ਬਾਰੇ ਗੁਰੂ ਦੇ ਬਚਨ ਹਨ, ‘‘ਨਵ ਖੰਡਨ ਕੋ ਰਾਜੁ ਕਮਾਵੈ; ਅੰਤਿ ਚਲੈਗੋ ਹਾਰੀ ॥’’ (ਮਹਲਾ ੫/੭੧੨), ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਜੇ ਕੋ ਨਾਉ ਧਰਾਏ ਵਡਾ; ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ; ਜੇਤੇ ਚੁਗੈ ਦਾਣੇ ॥’’ ਮਹਲਾ ੧/੩੬੦) ਅਰਥ : ਅਗਰ ਕੋਈ ਜਗਤ ’ਚ ਬੜਾ ਮਹਾਨ ਬਣ ਜਾਏ ਤੇ ਮਨ ਭਾਉਂਦੇ ਐਸ਼ਪ੍ਰਸਤ ਕਰੇ। ਮਾਲਕ ਦੀਆਂ ਨਜ਼ਰਾਂ ’ਚ ਉਹ ਮਾਮੂਲੀ ਕੀੜਾ ਹੈ ਭਾਵੇਂ ਜਿੰਨੇ ਦਾਣੇ ਚੁਗਦਾ ਫਿਰੇ ਯਾਨੀ ਭਾਵੇਂ ਕਿੰਨਾ ਕ੍ਰੋੜ ਪਤੀ, ਅਰਬ ਪਤੀ ਹੋਵੇ।
ਵਿਚਾਰ : (1). ਮੰਨੇ ਜਾਂਦੇ ਚਾਰ ਯੁੱਗਾਂ ਵਿੱਚੋਂ ਕਲਿਜੁਗ ਦੀ ਉਮਰ 1200 ਸਾਲ, ਦੁਆਪਰ ਦੀ 2400 ਸਾਲ, ਤ੍ਰੇਤੇ ਯੁੱਗ ਦੀ 3600 ਵਰ੍ਹਾ ਤੇ ਸਤਿਜੁਗ ਦੀ ਉਮਰ 4800 ਬਰਸ ਉਲੀਕੀ ਗਈ। ਇਹ ਸਾਲ ਦੇਵਤਿਆਂ ਦੇ ਹਨ, ਜਿਨ੍ਹਾਂ ਦਾ ਇੱਕ ਦਿਨ; ਮਨੁੱਖ ਦੇ 360 ਦਿਨਾਂ ਬਰਾਬਰ ਮੰਨਿਆ ਗਿਆ। ਇਉਂ ਚਾਰੇ ਜੁਗਾਂ ਦੀ ਕੁੱਲ ਉਮਰ 1200+2400+3600+4800=12,000 ਨੂੰ 360 ਨਾਲ਼ ਗੁਣਾਂ ਕਰ 43 ਲੱਖ 20 ਹਜ਼ਾਰ ਸਾਲ ਬਣ ਗਈ। ਵੈਸੇ ਸਾਲ ਦੇ 360 ਦਿਨਾਂ ਵਾਲ਼ਾ ਗਣਿਤ ਭੀ ਸੂਰਜੀ ਕੈਲੰਡਰ (ਲਗਭਗ 365 ਦਿਨ) ਅਤੇ ਚੰਦ੍ਰਮਾ ਕੈਲੰਡਰ (ਲਗਭਗ 354.36 ਦਿਨ) ਮੁਤਾਬਕ ਸਹੀ ਨਹੀਂ।
ਜੀਵ ਵਿਗਿਆਨ ਦਾ ਮੱਤ ਹੈ ਕਿ ਬਣ ਮਾਨਸ ਦੀ ਪਹਿਲੀ ਨਸਲ ਦਾ ਨਾਂ ‘ਪਰੋਕੋਨਸੂਲ’ ਸੀ, ਜੋ ਪ੍ਰਿਥਵੀ ’ਤੇ 2 ਕਰੋੜ 10 ਲੱਖ ਸਾਲ ਪਹਿਲਾਂ ਪਾਈ ਗਈ ਅਤੇ 90 ਲੱਖ ਸਾਲ ਤੱਕ ਜੀਵਤ ਰਹੀ। ਫਿਰ 1. 45 ਕਰੋੜ ਸਾਲ ਤੋਂ 1. 15 ਕਰੋੜ ਸਾਲ (ਯਾਨੀ ਲਗਭਗ 30 ਲੱਖ ਸਾਲ) ਪਹਿਲਾਂ ਲੱਭੇ ਗਏ ਔਜ਼ਾਰਧਾਰੀ ਪਹਿਲੇ ਮਨੁੱਖ ਦੇ ਪਿੰਜਰ (ਨਸਲ) ਦਾ ਨਾਂ ‘ਰਾਮਾਪੀਥਿਕਸ’ ਰੱਖਿਆ ਗਿਆ।
ਹੱਥ ਅਤੇ ਦਿਮਾਗ਼ ਤੋਂ ਇਲਾਵਾ ਅਜੋਕੇ ਮਨੁੱਖ ਦੇ ਸਾਰੇ ਵਿਕਸਿਤ ਅੰਗਾਂ ਵਾਲ਼ੀ ਪਹਿਲੀ ਮਨੁੱਖੀ ਨਸਲ ਦਾ ਨਾਂ ‘ਹੋਮੋ ਇਰੈਕਟਸ’ ਸੀ, ਜੋ ਅੱਗ ਜਲਾ ਸਕਦੀ ਸੀ। ਇਹ 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹਾ ਯਾਨੀ ਲਗਭਗ 4 ਲੱਖ ਸਾਲ ਪਹਿਲਾਂ ਤੱਕ ਜੀਵਤ ਰਹੀ। ਉਕਤ ਜੁਗ-ਗਣਿਤ ਮੁਤਾਬਕ ਇਹ ਸਮਾਂ ਦੁਆਪਰ ਜੁਗ ਦੀ ਸਮਾਪਤੀ ਦਾ ਹੈ। ਇਸ ਤੋਂ ਜਾਪਦਾ ਹੈ ਕਿ ਤ੍ਰੇਤਾ ਅਤੇ ਸਤਿਜੁਗ ’ਚ ਮਨੁੱਖ ਨੂੰ ਅੱਗ ਜਲਾਉਣ ਦੀ ਕੋਈ ਸਮਝ ਨਹੀਂ ਸੀ, ਪਰ ਪੰਡਿਤਾਂ ਦਾ ਮਿਥਿਹਾਸ; ਤ੍ਰੇਤਾਜੁਗ ’ਚ ਹਨੁਮਾਨ ਰਾਹੀਂ ਰਾਵਣ ਦੀ ਲੰਕਾ ਨੂੰ ਅੱਗ ਨਾਲ਼ ਨਸ਼ਟ ਕਰਵਾਉਂਦਾ ਹੈ ! !
ਨਾਨਕ ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ॥ ਉਚਾਰਨ : ਗੁਣਵੰਤਿਆਂ।
ਪਦ ਅਰਥ : ਨਿਰਗੁਣਿ- (40 ਜੁਗਾਂ ਦੀ ਉਮਰ ਭੋਗਣ ਵਾਲ਼ੇ ਉਕਤ) ਨਿਰਗੁਣ ਵਿੱਚ, ਗੁਣਾਂ ਤੋਂ ਸੱਖਣੇ ਬੰਦੇ ਅੰਦਰ, ਨਖਿੱਧ ਦੇ ਹਿਰਦੇ ਵਿੱਚ। ਕਰੇ- ਕਰ ਦਿੰਦਾ ਹੈ, ਪਾ ਸਕਦਾ ਹੈ। ਗੁਣਵੰਤਿਆ- ਗੁਣਾਂ ਵਾਲ਼ਿਆਂ ਦੀ ਰਾਹੀਂ, ਤੱਤਵੇਤਾ ਭਗਤਾਂ ਦੀ ਸੰਗਤ ਨਾਲ਼। ਦੇ- ਦੇ ਕੇ, ਉਪਕਾਰ ਕਰਕੇ, ਮਿਹਰ ਕਰਕੇ।
ਅਰਥ : ਹੇ ਨਾਨਕ ! (ਆਖ ਕਿ ਦਾਤਾਰ-ਪਿਤਾ; ਐਸੇ ਅਤਿ) ਨਖਿੱਧ ਬੰਦੇ ਅੰਦਰ ਭੀ ਗੁਣਾਂ ਵਾਲਿਆਂ (ਭਾਵ ਭਗਤਾਂ ਦੀ ਸੰਗਤ) ਰਾਹੀਂ ਬਖ਼ਸ਼ਸ਼ ਕਰਕੇ (ਭਾਵ ਔਗੁਣ ਅਣਡਿਠ ਕਰ ਕੇ) ਗੁਣ ਪਾ ਦੇਂਦਾ ਹੈ।
ਵਿਚਾਰ : ਗੁਰਬਾਣੀ ’ਚ ‘ਦੇ’ ਅਤੇ ‘ਦੇਇ’ ਸ਼ਬਦਾਂ ਦੇ ਕੇਵਲ ਦੋ ਹੀ ਅਰਥ ਹਨ। ਇੱਥੇ ‘ਦੇ’ ਨਾਲ਼ ‘ਦੇਇ’ ਨੂੰ ਇਸ ਲਈ ਵਿਚਾਰਿਆ ਜਾ ਰਿਹਾ ਹੈ ਕਿਉਂਕਿ ਪੁਰਾਤਨ ਹੱਥ ਲਿਖਤ ਬੀੜਾਂ ’ਚ ‘‘ਗੁਣਵੰਤਿਆ ਗੁਣੁ ਦੇਇ॥’’ ਭੀ ਮਿਲਦਾ ਹੈ, ਜੋ ਕਾਵਿ ਪਿੰਗਲ ਅਨੁਸਾਰ ਸਹੀ ਜਾਪਦਾ ਹੈ; ਇਸੇ ਤਰ੍ਹਾਂ ਉਕਤ ਵਾਕ ‘‘ਵਾਤ ਨ ਪੁਛੈ ਕੇਇ॥, ਦੋਸੁ ਧਰੇਇ॥, ਗੁਣੁ ਕੋਇ ਕਰੇਇ॥’’ ਰੂਪ ਭੀ ਮਿਲਦੇ ਹਨ। ਧਿਆਨ ਰਹੇ ਕਿ ‘ਦੇ, ਕੇ, ਧਰੇ, ਕਰੇ’ ਅਤੇ ‘ਦੇਇ, ਕੇਇ, ਧਰੇਇ, ਕਰੇਇ’ ਸ਼ਬਦਾਂ ਦੇ ਅਰਥਾਂ ’ਚ ਅੰਤਰ ਨਹੀਂ :
(ੳ). ਕਿਰਿਆਵਾਚੀ ‘ਦੇ’, ਜਿਸ ਦਾ ਅਰਥ ਹੈ : ‘ਦੇਂਦਾ ਹੈ’। (ਅ). ਕਿਰਿਆ ਵਿਸ਼ੇਸ਼ਣ ‘ਦੇ’, ਜਿਸ ਦਾ ਅਰਥ ਹੈ : ‘ਦੇ ਕੇ’।
‘ਦੇ/ਦੇਇ’ ਕਿਰਿਆ ਵਿਸ਼ੇਸ਼ਣ ਤਦ ਹੁੰਦਾ ਹੈ ਜਦ ਵਾਕ ’ਚ ‘ਮੂਲ ਕਿਰਿਆ’ ਭੀ ਹੋਵੇ; ਜਿਵੇਂ ਕਿ
(1). ‘ਦੇ’ (ਦੇ ਕੇ) ਸਾਬੂਣੁ, ‘ਲਈਐ’ ਓਹੁ ਧੋਇ॥ (ਜਪੁ)
(2). ਜੀਉ ਪਿੰਡੁ ‘ਦੇ’ (ਦੇ ਕੇ) ‘ਸਾਜਿਆ’॥ (ਮਹਲਾ ੧/੭੨)
(3). ‘ਦੇ’ (ਦੇ ਕੇ) ਕੰਨੁ ‘ਸੁਣਹੁ’ ਅਰਦਾਸਿ ਜੀਉ॥ (ਮਹਲਾ ੫/੭੪)
(4). ਹਰਿ ਕੀਆ ਸਦਾ ਸਦਾ ਵਡਿਆਈਆ; ‘ਦੇਇ’ (ਦੇ ਕੇ) ਨ ‘ਪਛੋਤਾਇ’ ॥ (ਮਹਲਾ ੩/੬੫੩)
(5). ਹਾਥ ‘ਦੇਇ’ (ਦੇ ਕੇ) ‘ਰਾਖੈ’ ਅਪਨੇ ਕਉ; ਕਾਹੂ ਨ ਕਰਤੇ ਕਛੁ ਖੀਨਾ (ਨੁਕਸਾਨ)॥ (ਮਹਲਾ ੫/੮੨੩)
ਉਕਤ ਪੰਜੇ ਤੁਕਾਂ ’ਚ ਮੂਲ ਕਿਰਿਆਵਾਂ ਇਹ ਹਨ ‘ਲਈਐ, ਸਾਜਿਆ, ਸੁਣਹੁ, ਪਛੋਤਾਇ, ਰਾਖੈ’, ਇਸ ਲਈ ‘ਦੇ’ ਅਤੇ ‘ਦੇਇ’ ਸ਼ਬਦ; ਕਿਰਿਆ ਵਿਸ਼ੇਸ਼ਣ ਬਣ ਕੇ ਲੁਪਤ ‘ਕੇ’ ਅਰਥ ਦੇ ਗਏ; ਇਸੇ ਤਰ੍ਹਾਂ ‘‘ਨਾਨਕ ! ਨਿਰਗੁਣਿ ਗੁਣੁ ‘ਕਰੇ’; ਗੁਣਵੰਤਿਆ ਗੁਣੁ ਦੇ॥’’ ਵਾਕ ’ਚ ਮੂਲ ਕਿਰਿਆ ਹੈ ‘ਕਰੇ’, ਜਿਸ ਕਾਰਨ ‘ਦੇ’ ਕਿਰਿਆ ਵਿਸ਼ੇਸ਼ਣ ਬਣਨ ਨਾਲ਼ ‘ਦੇ ਕੇ’ ਅਰਥ ਮਿਲਦਾ ਹੈ ਭਾਵ ‘‘ਗੁਣਵੰਤਿਆ (ਰਾਹੀਂ) ਗੁਣੁ ਦੇ (ਦੇ ਕੇ) ਨਿਰਗੁਣਿ (’ਚ) ਗੁਣੁ ‘ਕਰੇ’॥
ਚੇਤੇ ਰਹੇ ਕਿ ਜੇਕਰ ਵਾਕ ’ਚ ਕੋਈ ਹੋਰ ਕਿਰਿਆ ਨਾ ਹੋਵੇ ਤਾਂ ਇਹੀ (ਦੇ/ਦੇਇ) ਮੂਲ ਕਿਰਿਆ ਬਣ ਜਾਂਦੇ ਹਨ ਤੇ ਅਰਥ ਹੁੰਦਾ ਹੈ ‘ਦੇਂਦਾ’; ਜਿਵੇਂ ਕਿ ‘‘ਨਿਰਧਨ (ਲਈ) ਆਦਰੁ ਕੋਈ ਨ ‘ਦੇਇ’ ॥ (ਭਗਤ ਕਬੀਰ/੧੧੫੯), ਜਿਸੁ ਬਖਸੇ; ਤਿਸੁ ‘ਦੇ’ ਵਡਿਆਈ ॥’’ (ਮਹਲਾ ੩/੧੧੦) ਇਨ੍ਹਾਂ ਵਾਕਾਂ ’ਚ ਕੋਈ ਹੋਰ ਕਿਰਿਆਵਾਚੀ ਸ਼ਬਦ ਨਹੀਂ ਹੈ।
ਤੇਹਾ ਕੋਇ ਨ ਸੁਝਈ; ਜਿ ਤਿਸੁ, ਗੁਣੁ ਕੋਇ ਕਰੇ॥ ੭॥ ਉਚਾਰਨ : ਸੁਝ+ਈ।
ਪਦ ਅਰਥ : ਤੇਹਾ- ਐਸਾ (ਸ਼ਕਤੀਸ਼ਾਲੀ), ਇਸ ਤਰ੍ਹਾਂ ਦਾ। ਨ ਸੁਝਈ- ਵਿਖਾਈ ਨਹੀਂ ਦਿੰਦਾ। ਜਿ- ਜਿਹੜਾ। ਤਿਸੁ- ਉਸ (ਨਿਰਗੁਣਿ) ਅੰਦਰ।
ਅਰਥ : (ਦਾਤਾਰ-ਪਿਤਾ, ਗੁਰੂ ਅਤੇ ਸੰਗਤ ਤੋਂ ਬਿਨਾਂ) ਐਸਾ ਕੋਈ ਸਹਾਈ ਨਹੀਂ ਬਣਦਾ, ਜਿਹੜਾ ਉਸ (ਨਖਿੱਧ) ਅੰਦਰ ਕੋਈ ਗੁਣ ਪੈਦਾ ਕਰ ਦੇਵੇ।
ਨੋਟ : ‘ਜਪੁ’ ਬਾਣੀ ਦੀ ਅਗਾਂਹ ਵਿਚਾਰ ਤੋਂ ਪਹਿਲਾਂ ਥੋੜ੍ਹੀ ਇਹ ਜਾਣਕਾਰੀ ਜ਼ਰੂਰੀ ਹੈ ਕਿ ਚਾਰ ਉਦਾਸੀਆਂ ਦੀ ਸਮਾਪਤੀ ’ਤੇ ਸੰਨ 1522 ’ਚ ਸਿੱਖ ਸੰਗਤਾਂ ਲਈ ਪਹਿਲੀ ਸਰਾਂ (ਗੁਰਦੁਆਰਾ, ਧਰਮਸ਼ਾਲਾ); ਲਾਹੌਰ ਨਿਵਾਸੀ ਭਾਈ ਦੁਨੀ ਚੰਦ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਬਣਾਈ ਸੀ। ਤਦ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਹੁਤੀ ਬਾਣੀ; ਜਿਵੇਂ ਕਿ ‘ਆਸਾ ਕੀ ਵਾਰ, ਜਪੁ, ਸੋ ਦਰੁ (ਇੱਕ ਸ਼ਬਦ), ਪਟੀ, ਸਿਧ ਗੋਸਟਿ’ ਆਦਿ ਰਚ ਲਈ ਸੀ। ਇਤਿਹਾਸ ’ਚ ਭੀ ਜ਼ਿਕਰ ਹੈ ਕਿ ਗੁਰੂ ਸਾਹਿਬ; ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ‘ਮਰਦਾਨਿਆ ! ਰਬਾਬ ਵਜਾ, ਬਾਣੀ ਆਈ ਹੈ’ ਯਾਨੀ ‘ਧੁਰ ਕੀ ਬਾਣੀ’, ਹਿਰਦੇ ’ਚੋਂ ਪਨਪੀ ਹੈ। ਭਾਈ ਗੁਰਦਾਸ ਜੀ ਨੇ ਭੀ ਗੁਰੂ ਸਾਹਿਬ ਜੀ ਦੁਆਰਾ ਦਸੰਬਰ 1518 ’ਚ ਕੀਤੀ ਮੱਕੇ ਦੀ ਫੇਰੀ ਸਮੇਂ ਉਨ੍ਹਾਂ ਕੋਲ਼ ਲਿਖਤੀ ਰੂਪ ’ਚ ਬਾਣੀ ਹੋਣ ਦਾ ਸੰਕੇਤ ਦਿੱਤਾ ਹੈ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ (’ਚ), ਕਿਤਾਬ ਕਛਿ (’ਚ); ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ।’’ (ਵਾਰ ੧ ਪਉੜੀ ੩੨) ਅਰਥ : [ਤੀਜੀ ਉਦਾਸੀ (ਸੰਨ 1514-1516) ਤੋਂ ਬਾਅਦ ਚੌਥੀ ਉਦਾਸੀ (1517-1521) ਕਰਨ ਲਈ] ਫਿਰ ਗੁਰੂ ਜੀ ਮੱਕੇ ਗਏ। ਉਨ੍ਹਾਂ ਨੇ ਮੁਸਲਮਾਨੀ ਲਿਬਾਸ ਭਾਵ ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਹੱਥ ’ਚ ਸੋਟਾ ਸੀ ਤੇ ਕੱਛ ’ਚ ਕਿਤਾਬ (ਭਾਵ ਲਿਖੀ ਹੋਈ ‘ਆਦਿ ਪੋਥੀ’) ਸੀ। ਇੱਕ ਟੂਟੀਦਾਰ ਲੋਟਾ ਸੀ ਅਤੇ ਬਾਣੀ ਪੜ੍ਹਨ ਸਮੇਂ ਹੇਠਾਂ ਵਸਾਉਣ ਵਾਲ਼ਾ ਮੁਸੱਲਾ (ਫੂੜੀ) ਭੀ ਸੀ। ਗੁਰੂ ਜੀ ਮਸਜਿਦ ’ਚ ਜਾ ਕੇ ਬੈਠ ਗਏ, ਜਿੱਥੇ ਹਾਜੀਆਂ ਨੇ ਹੱਜ ਗੁਜ਼ਾਰਨੀ ਸੀ ਭਾਵ ਸਿਜਦਾ ਕਰਨਾ ਸੀ।
ਉਕਤ ਵਿਚਾਰ ਤੋਂ ਜਾਪਦਾ ਹੈ ਕਿ ਗੁਰੂ ਸਾਹਿਬ ਜੀ; ਆਪਣੀ ਬਾਣੀ ਨੂੰ ‘ਮੰਦਿਰਾਂ, ਮਸਜਿਦਾਂ, ਮੱਠਾਂ’ ਆਦਿ ’ਚ ਬੈਠ ਕੇ ਲਿਖਦੇ ਰਹੇ ਸਨ, ਜਿੱਥੇ ਸਾਮ੍ਹਣੇ ਨਿਰੋਲ ਸਿੱਖ ਸੰਗਤ ਨਹੀਂ ਸੀ ਬਲਕਿ ਪ੍ਰਚਲਿਤ ਰਹੁ ਰੀਤਾਂ ਨੂੰ ਪਰਣਾਇ ਲੋਕ ਸਨ, ਜੋ ‘ਸਿਧ, ਪੀਰ, ਨਾਥ, ਦੇਵਤਿਆਂ’ ਆਦਿ ਨੂੰ ਅੱਲ੍ਹਾ ਦੇ ਦੂਤ (ਪੈਗ਼ੰਬਰ) ਜਾਂ ਭਗਵਾਨ ਆਦਿ ਮੰਨਦੇ ਸਨ। ਗੁਰੂ ਸਾਹਿਬ ਨੇ ਹੇਠਲੀਆਂ ਪਉੜੀਆਂ ’ਚ ਕਿਹਾ ਹੈ ਕਿ ਗੁਰੂ ਦੀ ਸਿੱਖਿਆ ਸੁਣਨ ਨਾਲ਼ ਆਪ ਸਭ ਸਰੋਤੇ ਭੀ ‘ਪੀਰ, ਪੈਗ਼ੰਬਰ, ਭਗਵਾਨ’ ਆਦਿ ਬਣ ਸਕਦੇ ਹੋ, ਨਾ ਕਿ ਇਨ੍ਹਾਂ ਸਾਰਿਆਂ ਨੂੰ ਅਖੌਤੀ ਸਿੱਧ ਕੀਤਾ ਹੈ। ਚੇਤੇ ਰਹੇ ਕਿ ਇਹ ਸਾਰੇ ਨਾਂਵ; ਇੱਕ ਇਨਸਾਨ ਦੇ ਹਨ, ਨਾ ਕਿ ਕਿਸੇ ਦੈਵੀ ਸ਼ਕਤੀ ਦੇ, ਜੋ ਜੂਨਾਂ ’ਚ ਨਹੀਂ ਆਉਂਦੀ। ਜੇਕਰ ਇੱਕ ਮਨੁੱਖ ਨੂੰ ਹੀ ਪੀਰ, ਪੈਗ਼ੰਬਰ, ਦੇਵਤਾ ਮੰਨਿਆ ਜਾ ਚੁੱਕਾ ਹੈ ਤਾਂ ਗੁਰੂ ਸਿੱਖਿਆ ਸੁਣ ਕੇ ਬਾਕੀ ਲੋਕ ਇਸ ਰੁਤਬੇ ਨੂੰ ਕਿਉਂ ਨਹੀਂ ਹਾਸਲ ਕਰ ਸਕਦੇ ਜਦ ਕਿ ਗੁਰਬਾਣੀ ਦੇ ਹੀ ਬਚਨ ਹਨ, ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥’’ (ਆਸਾ ਕੀ ਵਾਰ/ਮਹਲਾ ੧/੪੬੨), ਹੁਣ ਹੇਠਲੀਆਂ ਚਾਰ ਪਉੜੀਆਂ ਨੂੰ ਗਹੁ ਨਾਲ਼ ਵਾਚਣਾ ਹੈ ਕਿਉਂਕਿ ਇਨ੍ਹਾਂ ਵਿੱਚ ਕੋਈ ਕਿਰਿਆਵਾਚੀ ਸ਼ਬਦ ਨਹੀਂ, ਜਿਸ ਤੋਂ ਕਾਲ ਜਾਂ ਪੁਰਖ ਦਾ ਪਤਾ ਲੱਗਦਾ। ਇਸ ਲਈ ਜਾਣੇ-ਅਣਜਾਣੇ ਮਨਮਤੀ ਅਰਥ ਭੀ ਕੀਤੇ ਜਾਂਦੇ ਹਨ।
ਸੁਣਿਐ; ਸਿਧ, ਪੀਰ, ਸੁਰਿ ਨਾਥ॥ ਸੁਣਿਐ; ਧਰਤਿ ਧਵਲ ਆਕਾਸ॥
ਪਦ ਅਰਥ : ਸੁਣਿਐ- ਸੁਣਨ ਨਾਲ਼ (ਕ੍ਰਿਆ ਫਲ਼ ਕਿਰਦੰਤ/ਨਾਂਵ)। ਸਿਧ- ਪੁੱਗੇ ਹੋਏ ਜੋਗੀ ਭਾਵ ਸਾਰੀਆਂ ਕਰਾਮਾਤੀ ਸ਼ਕਤੀਆਂ ’ਚ ਨਿਪੁੰਨ ਜੋਗੀ। ਸੁਰਿ ਨਾਥ – ਜੋਗੀਆਂ ਦੇ ਮਹਾਨ ਗੁਰੂ। ਧਵਲ- ਸਫ਼ੈਦ ਬਲ਼ਦ ਭਾਵ ਪ੍ਰਭੂ ਦਾ ਨਿਰਮਲ ਨਿਯਮ, (ਧਰਤੀ ਅਤੇ ਅਕਾਸ਼ ਨੂੰ ਬਿਨਾਂ ਸਹਾਰੇ ਤੋਂ ਟਿਕਾਈ ਰੱਖਣ ਵਾਲ਼ਾ ਰੱਬੀ) ਨਿਯਮ, ਸਿਧਾਂਤ।
ਅਰਥ : (ਗੁਰੂ ਨਾਨਕ ਜੀ ਦੀ ਸਿੱਖਿਆ) ਸੁਣਨ ਨਾਲ਼ ਪੁੱਗੇ ਹੋਏ ਜੋਗੀ, ਪੀਰ, ਸ੍ਰੇਸ਼ਟ ਨਾਥ ਆਦਿ ਬਣਿਆ ਜਾ ਸਕਦਾ ਹੈ ਕਿਉਂਕਿ ਪ੍ਰਿਥਵੀ ਤੇ ਆਕਾਸ਼ ਦਾ ਆਸਰਾ (ਮੂਲ ਸਿਧਾਂਤ) ਸਮਝ ਆ ਜਾਂਦਾ ਹੈ ਯਾਨੀ ਗੁਰਬਾਣੀ ਸੁਣਨ ਨਾਲ਼ ਕੁਦਰਤ ਦੇ ਪਿੱਛੇ ਕੋਈ ਗੁਪਤ/ਅਦ੍ਰਿਸ਼ ਸ਼ਕਤੀ ਹੈ, ਉਸ ਬਾਰੇ ਸੋਝੀ ਹੋ ਜਾਂਦੀ ਹੈ।
ਸੁਣਿਐ; ਦੀਪ, ਲੋਅ, ਪਾਤਾਲ॥ ਸੁਣਿਐ; ਪੋਹਿ ਨ ਸਕੈ ਕਾਲੁ॥ ਉਚਾਰਨ : ਪੋਹ।
ਪਦ ਅਰਥ : ਦੀਪ- ਭਾਗਵਤ ਪੁਰਾਣ ’ਚ ਜ਼ਿਕਰ ਹੈ ਕਿ 7 ਸਮੁੰਦਰਾਂ ਨਾਲ਼ ਘਿਰੇ ਧਰਤੀ ’ਤੇ 7 ਟਾਪੂ ਹਨ ‘ਜੰਬੁ, ਪਲਕ, ਸ਼ਾਲਮਲਿ, ਕੁਸ਼, ਕ੍ਰੌਂਚ, ਸ਼ਾਕ, ਪੁਸਕਰ’। ਲੋਅ- 14 ਲੋਕ [ਜਿਨ੍ਹਾਂ ’ਚ 7 ਅਕਾਸ਼ ਹਨ ‘ਭੂ:, ਭੁਵ:, ਸ੍ਵ:, ਮਹ:, ਜਨ:, ਤਪ:, ਸਤ੍ਯ’ ਅਤੇ 7 ਪਤਾਲ ‘ਅਤਲ, ਵਿਤਲ, ਸੁਤਲ, ਰਸਾਤਲ, ਤਲਾਤਲ (ਗਭਸਿ੍ਤਮਤ), ਮਹਾਤਲ, ਪਾਤਾਲ’]। ਨ ਪੋਹਿ ਸਕੈ-ਨਹੀਂ ਛੂਹ ਸਕਦਾ। ਕਾਲੁ- ਮੌਤ (ਰੂਪ ਡਰ)।
ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ 7 ਦੀਪਾਂ, 14 ਲੋਕਾਂ ਤੇ ਪਾਤਾਲਾਂ ’ਚ ਡਰ ਨਹੀਂ ਛੂਹਦਾ ਭਾਵ ਡਰ ਨਹੀਂ ਲੱਗਦਾ (ਕਿਉਂਕਿ ਹਰ ਥਾਂ ਅਸਲ ਸਾਥੀ ਪ੍ਰਭੂ ਵਿਰਾਜਮਾਨ ਹੈ)।
ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੮॥ ਉਚਾਰਨ : ਭਗਤਾਂ।
ਪਦ ਅਰਥ : ਨਾਨਕ- ਹੇ ਨਾਨਕ ! ਵਿਗਾਸੁ- ਖਿੜਾਓ, ਅਨੰਦ। ਭਗਤਾ- ਭਗਤਾਂ ਦੇ (ਅੰਦਰ)।
ਅਰਥ : ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵਿਗਸੈ ਵੇਪਰਵਾਹੁ’ ਮਾਲਕ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।
ਸੁਣਿਐ; ਈਸਰੁ, ਬਰਮਾ, ਇੰਦੁ॥ ਸੁਣਿਐ; ਮੁਖਿ ਸਾਲਾਹਣ, ਮੰਦੁ॥ ਉਚਾਰਨ : ਈਸ਼ਰ, ਬਰ੍ਹਮਾ।
ਪਦ ਅਰਥ : ਈਸਰੁ- ਸ਼ਿਵ। ਇੰਦੁ- ਇੰਦਰ ਦੇਵਤਾ, ਇੰਦ੍ਰਿਆਂ ਨੂੰ ਕਾਬੂ ਕਰਨ ਵਾਲ਼ਾ। ਮੁਖਿ- ਮੂੰਹ ਤੋਂ। ਸਾਲਾਹਣ- ਸਿਫ਼ਤਿ ਸਲਾਹ। ਮੰਦੁ- ਮੰਦ ਬੁੱਧੀ ਮਨੁੱਖ।
ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਸ਼ਿਵ, ਬ੍ਰਹਮਾ, ਇੰਦਰ (ਵਾਙ ਸੂਰਮਾ ਬਣ ਜਾਈਦਾ ਹੈ ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ ਮੰਦ ਬੁੱਧੀ ਮਨੁੱਖ ਭੀ ਆਪਣੇ ਮੁੱਖ ਨਾਲ਼ (ਰੱਬ ਦੇ) ਗੁਣ ਗਾਉਣ ਲੱਗਦਾ ਹੈ।
ਵਿਚਾਰ : ਇੱਕ ਸੱਜਣ ਨੇ ਸੁਝਾਅ ਦਿੱਤਾ ਕਿ ਉਕਤ ਤੁਕ ਦੇ ਇਹ ਅਰਥ ਵਧੇਰੇ ਸਹੀ ਜਾਪਦੇ ਹਨ ਕਿ ਗੁਰੂ ਸਿੱਖਿਆ ਸੁਣਨ ਨਾਲ਼ ਸ਼ਿਵਜੀ, ਬ੍ਰਹਮਾ ਅਤੇ ਇੰਦਰ ਦੇਵਤੇ ਵਰਗਿਆਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਬਦਚਲ਼ਨ ਸਨ। ਮੈ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਐਸੇ ਸਨ ? ਉਸ ਨੇ ਕਿਹਾ ਕਿ ਗੁਰਬਾਣੀ ’ਚ ਲਿਖਿਆ ਹੈ। ਮੈਂ ਫਿਰ ਸਵਾਲ ਕੀਤਾ ਕਿ ਗੁਰਬਾਣੀ 600 ਕੁ ਸਾਲ ਪੁਰਾਣੀ ਰਚਨਾ ਹੈ ਜਦ ਕਿ ਇਹ ਦੇਵਤੇ 3-4 ਹਜ਼ਾਰ ਸਾਲ ਪਹਿਲਾਂ ਹੋਏ, ਮੰਨੇ ਗਏ ਹਨ ਭਾਵ ਗੁਰਬਾਣੀ ਨੂੰ ਭੀ ਕਿਵੇਂ ਪਤਾ ਲੱਗਿਆ ? ਤਾਂ ਉਸ ਨੇ ਕਿਹਾ ਕੇ ਪੰਡਿਤਾਂ ਦੁਆਰਾ ਲਿਖਿਆ ਮਿਲਦਾ ਹੈ। ਮੈਂ ਕਿਹਾ ਕਿ ਜਿਹੜਾ ਰਾਜ਼ ਪੰਡਿਤਾਂ ਨੂੰ 3-4 ਹਜ਼ਾਰ ਸਾਲ ਪਹਿਲਾਂ ਪਤਾ ਲੱਗ ਗਿਆ, ਉਹ ਤੁਹਾਨੂੰ ‘ਗੁਰੂ ਸਿੱਖਿਆ ਸੁਣਨ ਨਾਲ਼’ ਹੁਣ ਪਤਾ ਲੱਗਿਆ ਹੈ। ਕੀ ਤੁਸੀਂ ਪੰਡਿਤ ਨਾਲੋਂ ਹਜ਼ਾਰਾਂ ਸਾਲ ਪਿੱਛੇ ਨਹੀਂ ? ਦਰਅਸਲ ਅਸੀਂ ਸਵੈ ਪੜਚੋਲ ਕਰਨ ਦੀ ਥਾਂ ਹੋਰਾਂ ਦੇ ਜੀਵਨ ਨੂੰ ਪੜਚੋਲਨ ਵੱਲ ਵਧੇਰੇ ਧਿਆਨ ਦੇਣਾ ਪਸੰਦ ਕਰਦੇ ਹਾਂ। ਆਪਣੀ ਅਜਾਈਂ ਜਾਂਦੇ ਸੁਆਸਾਂ ਦੀ ਚਿੰਤਾ ਨਹੀਂ ਹੁੰਦੀ।
ਸੋ ਉਕਤ ਤੁਕ ਦੇ ਇਹ ਅਰਥ ਭੀ ਕੀਤੇ ਜਾਂਦੇ ਹਨ ਕਿ ਗੁਰੂ ਸਿੱਖਿਆ ਸੁਣਨ ਨਾਲ਼ ਸ੍ਰੇਸ਼ਟ ਸ਼ਿਵ, ਸ੍ਰੇਸ਼ਟ ਬ੍ਰਹਮਾ, ਸ੍ਰੇਸ਼ਟ ਨਾਥ ਬਣ ਜਾਈਦਾ ਹੈ, ਜੋ ਕਿ ਸਹੀ ਨਹੀਂ ਜਾਪਦੇ ਕਿਉਂਕਿ ਇੱਥੇ ਵਿਅਕਤੀ-ਵਿਸ਼ੇਸ਼ ਨਾਂਵ ਹਨ, ਨਾ ਕਿ ਗੁਣ ਵਾਚਕ ਨਾਮ ਤਾਂ ਕਿ ਇਨ੍ਹਾਂ ਦੇ ਸਾਰਥਿਕ ਅਰਥ ਕਰ ਲਈਏ। ਕਿਰਤਮ ਨਾਂਵਾਂ ਦਾ ਗੁਣ ਵਾਚਕ ਅਰਥ ਹੁੰਦਾ ਹੈ; ਜਿਵੇਂ ਕਿ ‘ਰਾਮ’ ਦਾ ਅਰਥ ਹੈ ‘ਕਣ ਕਣ ’ਚ ਵਿਆਪਕ (ਪ੍ਰਭੂ)’, ‘ਗੋਪਾਲ’ ਦਾ ਅਰਥ ਹੈ ‘ਸ੍ਰਿਸ਼ਟੀ ਨੂੰ ਪਾਲਣਹਾਰ (ਪ੍ਰਭੂ)’ ਜਦ ਕਿ ‘ਸ਼ਿਵ, ਬ੍ਰਹਮਾ, ਨਾਥ’ ਦੇ ਕਰਮਵਾਰ ਅਰਥ ਹਨ ‘ਕਲਿਆਣਕਾਰੀ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲ਼ਾ, ਜੋਗੀਆਂ ਦਾ ਖਸਮ’। ਇਨ੍ਹਾਂ ਦੇ ‘ਸ੍ਰੇਸ਼ਟ ਕਲਿਆਣਕਾਰੀ, ਸ੍ਰੇਸ਼ਟ ਜਗਤ ਰਚੇਤਾ, ਸਰਬੋਤਮ ਖਸਮ’ ਅਰਥ ਲੈਣਾ ਪ੍ਰਸੰਗਿਕ ਨਹੀਂ। ਸ਼ਬਦ ਪ੍ਰਸੰਗ ਤੋਂ ਦੂਰ ਜਾ ਕੇ ਐਸੇ ਅਰਥ ਕਰਨ ਦਾ ਕਾਰਨ; ਅੱਜ ਗੁਰੂ ਘਰਾਂ ’ਚ ਵਕਤਾ ਸਾਮ੍ਹਣੇ ਬੈਠੀ ਨਿਰੋਲ ਸਿੱਖ ਸੰਗਤ ਹੁੰਦੀ ਹੈ, ਜੋ ਇਨ੍ਹਾਂ ਦੇ ਕਿਰਦਾਰ ਨੂੰ ਨਕਾਰਾਤਮਿਕ ਵੇਖਣਾ ਪਸੰਦ ਕਰਦੀ ਹੈ। ਕੀ ਉਕਤ ਕੀਤੇ ਦੋਵੇਂ ਅਰਥ; ਮੰਦਿਰ ’ਚ ਜਾ ਕੇ ਕਥਾ ਕਰਨ ਸਮੇਂ ਕੀਤੇ ਜਾ ਸਕਦੇ ਹਨ ਕਿਉਂਕਿ ਗੁਰਬਾਣੀ ਕਿਸੇ ਖ਼ਾਸ ਵਰਗ ਲਈ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਰਚੀ ਹੋਈ ਹੈ; ਜਿਵੇਂ ਕਿ ਬਚਨ ਹਨ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ (ਹਰ ਕਣ ’ਚ ਮਾਲਕ ਹੈ) ॥’’ (ਮਹਲਾ ੫/੭੪੮)
ਸੁਣਿਐ; ਜੋਗ ਜੁਗਤਿ, ਤਨਿ ਭੇਦ॥ ਸੁਣਿਐ; ਸਾਸਤ, ਸਿਮ੍ਰਿਤਿ, ਵੇਦ॥ ਉਚਾਰਨ : ਸ਼ਾਸਤ।
ਪਦ ਅਰਥ : ਜੋਗ ਜੁਗਤਿ- ਜੋਗੀਆਂ ਦੀ ਮਰਿਆਦਾ (ਜੋਗ ਦੀ ਰਹਿਣੀ ਭਾਵ ਪ੍ਰਾਣਾਯਾਮ ਆਦਿਕ ਕਰਮ, ਜਿਨ੍ਹਾਂ ਦਾ ਸੰਬੰਧ ਸਰੀਰ ਅੰਦਰਲੀ ਸਫ਼ਾਈ ਨਾਲ਼ ਹੈ। ਗੁਰਬਾਣੀ ਇਸ ਨੂੰ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਨਾ, ਕਹਿੰਦੀ ਹੈ, ‘‘ਅੰਤਰਗਤਿ ਤੀਰਥਿ (’ਤੇ) ਮਲਿ ਨਾਉ ..॥੨੧॥’’ (ਜਪੁ)। ਤਨਿ- ਸਰੀਰ ਵਿਚਲੇ। ਭੇਦ- ਗਹਿਰੇ/ਡੂੰਘੇ ਰਾਜ਼, ਅੰਦਰੂਨੀ ਭੇਦ।
ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਜੋਗ ਦੀ ਜੁਗਤੀ ਵਾਙ ਸਰੀਰ ਅੰਦਰਲੇ ਗਹਿਰੇ ਰਾਜ਼ ਜਾਣ ਲਈਦੇ ਹਨ। ਜਿਨ੍ਹਾਂ ਬਾਰੇ 6 ਸ਼ਾਸਤਰ, 27 ਸਿਮ੍ਰਤੀਆਂ, 4 ਵੇਦ, 18 ਪੁਰਾਣ ਆਦਿ (ਪੌਰਾਣਿਕ ਗ੍ਰੰਥ ਭੀ) ਦੱਸਦੇ ਹਨ ਭਾਵ ਗੁਰੂ ਦੀ ਸਿੱਖਿਆ ਸੁਣਨ ’ਚ ਹੀ ਸਾਰੇ ਪੌਰਾਣਿਕ ਸਿਧਾਂਤ ਆ ਜਾਂਦੇ ਹਨ।
ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੯॥ ਉਚਾਰਨ : ਭਗਤਾਂ।
ਅਰਥ : ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (ਪ੍ਰਭੂ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।
ਸੁਣਿਐ; ਸਤੁ ਸੰਤੋਖੁ ਗਿਆਨੁ॥ ਸੁਣਿਐ; ਅਠਸਠਿ ਕਾ ਇਸਨਾਨੁ॥ ਉਚਾਰਨ : ਇਸ਼ਨਾਨ।
ਪਦ ਅਰਥ : ਸਤੁ- ਦਾਨੀ ਸੁਭਾਅ, ਉਦਾਰਤਾ। ਗਿਆਨੁ- ਆਤਮਕ ਸੂਝ। ਅਠਸਠਿ- ਹਿੰਦੂਆਂ ਦੇ 68 ਪ੍ਰਸਿੱਧ ਤੀਰਥ।
ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਉਦਾਰਤਾ, ਸਬਰ-ਧੀਰਜ ਤੇ ਆਤਮਕ ਸੂਝ ਮਿਲਦੀ ਹੈ, ਜੋ ਮਾਨੋ 68 ਤੀਰਥਾਂ ਦਾ ਇਸ਼ਨਾਨ ਹੈ।
ਸੁਣਿਐ; ਪੜਿ ਪੜਿ, ਪਾਵਹਿ ਮਾਨੁ॥ ਸੁਣਿਐ; ਲਾਗੈ ਸਹਜਿ ਧਿਆਨੁ॥ ਉਚਾਰਨ : ਪੜ੍ਹ-ਪੜ੍ਹ, ਪਾਵਹਿਂ।
ਪਦ ਅਰਥ : ਪੜਿ ਪੜਿ- ਪੜ੍ਹ ਪੜ੍ਹ ਕੇ। ਪਾਵਹਿ- ਪਾਉਂਦੇ ਹਨ। ਲਾਗੈ- ਲੱਗਦਾ ਹੈ। ਸਹਜਿ- ਅਡੋਲਤਾ ’ਚ, ਸੰਜਮ ’ਚ, ਗਹਿਰਾਈ ਵਿੱਚ ਭਾਵ ਜੀਵਨ ਚੰਚਲਤਾ ਰਹਿਤ ਹੋ ਜਾਂਦਾ ਹੈ। ਧਿਆਨੁ- ਮਨ ਦਾ ਟਿਕਾਅ, ਰੁਚੀ।
ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਜਾਂ ਆਪ ਪੜ੍ਹ-ਪੜ੍ਹ ਕੇ ਗੁਰਸਿੱਖ ਮਾਣ-ਸਤਿਕਾਰ ਪਾਉਂਦੇ ਹਨ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ ਸੰਜਮ (ਰੱਖਣ) ਵਿੱਚ ਰੁਚੀ ਬਣਦੀ ਹੈ, ਸੰਤੁਸ਼ਟਤਾ ਗ੍ਰਹਿਣ ਹੁੰਦੀ ਹੈ।
ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੧੦॥ ਉਚਾਰਨ : ਭਗਤਾਂ।
ਅਰਥ : ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (ਮਾਲਕ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।
ਸੁਣਿਐ; ਸਰਾ ਗੁਣਾ ਕੇ ਗਾਹ॥ ਸੁਣਿਐ; ਸੇਖ, ਪੀਰ, ਪਾਤਿਸਾਹ॥ ਉਚਾਰਨ : ਸਰਾਂ, ਸ਼ੇਖ਼, ਪਾਤਿਸ਼ਾਹ।
ਪਦ ਅਰਥ : ਸਰਾ- ਸਮੁੰਦਰ (ਵਾਙ ਵਿਸ਼ਾਲ)। ਗਾਹ- ਗਾਹੁਣ ਵਾਲ਼ੇ, ਸਮਝ ਰੱਖਣ ਵਾਲ਼ੇ, ਜਾਣੂ। ਸਰਾ ਗਾਹ- ਸਰੋਵਰਾਂ ਨੂੰ ਨਾਪਣ ਵਾਲ਼ੇ, ਜੀਵਨ ਦੀ ਗਹਿਰਾਈ ਜਾਣਨ ਵਾਲ਼ੇ, ਕਮਾਈ ਕਰ ਚੁੱਕੇ ਭਗਤਾਂ ਦਾ ਜੀਵਨ ਪਰਖ ਕਰ ਸਕਣਯੋਗ। ਸ਼ੇਖ਼-ਵਿਦਵਾਨ (ਮੁਸਲਮਾਨਾਂ ਦੀ ਇੱਕ ਖ਼ਾਸ ਜਮਾਤ)। ਪੀਰ-ਧਾਰਮਿਕ ਆਗੂ ਜਾਂ ਆਚਾਰੀਆ, ਜਿਸ ਦਾ ਰੁਤਬਾ ਇਸਲਾਮ ’ਚ ਸਿੱਖਾਂ ਦੇ ਗੁਰੂ ਸਮਾਨ ਹੁੰਦਾ ਹੈ।
ਅਰਥ : (ਗੁਰੂ ਸਿੱਖਿਆ) ਸੁਣਨ ਨਾਲ਼ ਰੱਬੀ ਰੰਗ ’ਚ ਰੰਗੇ ਭਗਤਾਂ ਦੀ ਪਹਿਚਾਣ ਕਰ ਲਈਦੀ ਹੈ। ਮਾਨੋ ਉਹ ਸ਼ੇਖ਼, ਪੀਰ, ਪਾਤਿਸ਼ਾਹ ਬਣ ਜਾਂਦੇ ਹਨ। ਨੋਟ : ਗੁਰੂ ਸਿੱਖਿਆ ਰੱਬ ਦਾ ਨਾਮ ਜਪਣ ਲਈ ਪ੍ਰੇਰਦੀ ਹੈ, ਜੋ ਨਾਮ ਜਪਣ ਲੱਗ ਗਿਆ ਉਹ ਪਾਤਿਸ਼ਾਹਾਂ ਦਾ ਪਾਤਿਸ਼ਾਹ ਬਣ ਗਿਆ; ਜਿਵੇਂ ਕਿ ਬਚਨ ਹਨ ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’ (ਜਪੁ)
ਸੁਣਿਐ; ਅੰਧੇ ਪਾਵਹਿ ਰਾਹੁ॥ ਸੁਣਿਐ; ਹਾਥ ਹੋਵੈ ਅਸਗਾਹੁ॥ ਉਚਾਰਨ : ਪਾਵਹਿਂ, ਰਾਹ, ਅਸਗਾਹ।
ਪਦ ਅਰਥ : ਅੰਧੇ- ਆਤਮਕ ਸੂਝ ਤੋਂ ਸੱਖਣੇ, ਜਿਨ੍ਹਾਂ ਅੰਦਰ ਆਤਮ ਪ੍ਰਕਾਸ਼ ਨਹੀਂ, ਅਗਿਆਨੀ। ਪਾਵਹਿ- ਪਾ ਲੈਂਦੇ ਹਨ। ਰਾਹੁ- ਸਹੀ ਜੀਵਨ ਜਾਚ। ਹਾਥ- ਪਕੜ, ਪਹੁੰਚ, ਅਸਲ ਸੂਝ। ਅਸਗਾਹੁ- ਅਗਾਧ ਨੂੰ, ਅਥਾਹ (ਸੰਸਾਰ) ਨੂੰ, ਵਿਕਾਰ ਭਰਪੂਰ ਜਗਤ ਨੂੰ।
ਅਰਥ : (ਗੁਰੂ ਨਾਨਕ ਜੀ ਦੀ ਸਿੱਖਿਆ) ਸੁਣਨ ਨਾਲ਼ ਖ਼ੁਸ਼ਕਦਿਲ ਭੀ ਖ਼ੁਸ਼ਹਾਲ ਭਰਪੂਰ ਹੋ ਜਾਂਦੇ ਹਨ ਕਿਉਂਕਿ ਵਿਕਾਰ ਰੂਪ ਜਗਤ (ਦੀ ਅਸਲੀਅਤ ਬਾਰੇ) ਸੋਝੀ ਹੋ ਜਾਂਦੀ ਹੈ (ਕਿ ਇਹ ਧੂੰਏਂ ਦਾ ਗ਼ੁਬਾਰ ਹੀ ਹੈ, ਸਦੀਵੀ ਸਾਥ ਦੇਣ ਵਾਲ਼ਾ ਨਹੀਂ)।
ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੧੧॥ ਉਚਾਰਨ : ਭਗਤਾਂ।
ਅਰਥ : ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵਿਗਸੈ ਵੇਪਰਵਾਹੁ’ ਮਾਲਕ ਵਾਙ) ਸਦਾ ਖੇੜਾ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ਼ (ਭੈੜੀ ਮਤ ਰਾਹੀਂ ਦਿਲ ’ਚ ਪੈਦਾ ਹੋਏ) ਪਾਪ (ਤੇ ਪਾਪਾਂ ਕਾਰਨ ਉਪਜਦੇ) ਦੁਖ ਨਾਸ ਹੋ ਜਾਂਦੇ ਹਨ।
ਵਿਚਾਰ : ਜਿਸ ਤਰ੍ਹਾਂ ‘ਸੁਣਿਐ’ ਦੀਆਂ ਉਕਤ ਚਾਰ ਪਉੜੀਆਂ (8-11) ’ਚ ਦੁਨੀਆਂ ’ਚੋਂ ਮਿਸਾਲ (ਦੇਵੀ, ਦੇਵਤੇ, 68 ਤੀਰਥ, ਸਮੁੰਦਰ/ਸਰਾ ਆਦਿ) ਦਿੱਤੀ ਗਈ; ਉਸ ਤਰ੍ਹਾਂ ਅਗਾਂਹ ‘ਮੰਨੈ’ ਵਾਲ਼ੀਆਂ ਚਾਰ ਪਉੜੀਆਂ (12-15) ’ਚ ਮਿਸਾਲ ਦੇਣਯੋਗ ਸੰਸਾਰ ’ਚ ਕੋਈ ਸ਼ਕਤੀ ਨਹੀਂ, ਇਸ ਲਈ ਚਾਰੋਂ ਪਉੜੀਆਂ ਦੇ ਅਰੰਭ ’ਚ ਹੀ ਬਿਆਨ ਕਰ ਦਿੱਤਾ ਹੈ ਕਿ ‘‘ਮੰਨੇ ਕੀ ਗਤਿ; ਕਹੀ ਨ ਜਾਇ ..॥੧੨॥’’
‘ਸੁਣਿਐ’ ਬਾਰੇ ਸਵਾਲ ਪੁਛੀਏ ਕਿ ਕੀ ਸੁਣਨਾ ਹੈ ? ਤਾਂ ਜਵਾਬ ਹੈ ‘ਨਾਨਕ ਨੂੰ ਸੁਣਨਾ ਹੈ’, ਇਸ ਲਈ ਇਨ੍ਹਾਂ 8 ਤੋਂ 11 ਪਉੜੀਆਂ ਦੇ ਅੰਤ ’ਚ ‘ਨਾਨਕ’ ਮੋਹਰ ਹੈ, ਪਰ ਹੁਣ ‘ਮੰਨੈ’ ਵਾਲ਼ੀ ਕੇਵਲ ਅੰਤਮ 15ਵੀਂ ਪਉੜੀ ’ਚ ‘ਨਾਨਕ’ ਹੈ ਕਿਉਂਕਿ ਕੀ ਮੰਨਣਾ ਹੈ ? ਦਾ ਜਵਾਬ ਹੈ ਕਿ ਜੋ ਪਹਿਲਾਂ ਸੁਣਿਆ ਹੈ, ਓਹੀ ਮੰਨਣਾ ਹੈ, ਇਸ ਲਈ ਚਾਰੋਂ ਪਉੜੀਆਂ ’ਚ ‘ਨਾਨਕ’ ਮੋਹਰ ਲਾਉਣ ਦੀ ਲੋੜ ਨਾ ਰਹੀ।
ਮੰਨੇ ਕੀ ਗਤਿ, ਕਹੀ ਨ ਜਾਇ॥ ਜੇ ਕੋ ਕਹੈ, ਪਿਛੈ ਪਛੁਤਾਇ॥
ਪਦ ਅਰਥ : ਮੰਨੇ- (ਗੁਰੂ ਸਿੱਖਿਆ) ਮੰਨਣ ਵਾਲ਼ਾ, ਸਿੱਖਿਆ ’ਤੇ ਅਮਲ ਕਰਨ ਵਾਲ਼ਾ (ਨੋਟ : ਇਹ ਸ਼ਬਦ; ਇੱਕ ਵਚਨ ਪੁਲਿੰਗ ਨਾਂਵ, ਸੰਬੰਧ ਕਾਰਕ ਹੈ, ਪਰ ‘ਮੰਨੈ’ ਕ੍ਰਿਆ ਫਲ਼ ਕਿਰਦੰਤ/ਨਾਂਵ, ਕਰਣ ਕਾਰਕ ਹੈ। ਦੋਵੇਂ ਸ਼ਬਦ; ਨਾ ਇੱਕ ਸਮਾਨ ਅਰਥ ਦਿੰਦੇ ਹਨ ਤੇ ਨਾ ਹੀ ਕਿਰਿਆਵਾਚੀ ਸ਼ਬਦ ਹਨ)। ਗਤਿ- ਹਾਲਤ, ਦਸ਼ਾ, ਅਵਸਥਾ, ਅੰਦਰੂਨੀ ਬਲ। ਕਹੈ- ਕਹਿੰਦਾ ਹੈ। ਪਿਛੈ- ਕਹਿਣ ਤੋਂ ਬਾਅਦ, ਆਪਣੇ ਅਨੁਭਵ ’ਚ ਹੋਏ ਹੋਰ ਵਾਧੇ ਤੋਂ ਬਾਅਦ।
ਅਰਥ : (ਗੁਰੂ ਨਾਨਕ ਜੀ ਦੀ ਸਿੱਖਿਆ ਨੂੰ) ਮੰਨਣ ਵਾਲ਼ੇ ਦੀ ਅਵਸਥਾ ਬਿਆਨ ਨਹੀਂ ਹੋ ਸਕਦੀ। ਜੇ ਕੋਈ ਬਿਆਨ ਕਰੇ ਤਾਂ ਬਾਅਦ ’ਚ ਪਛੁਤਾਉਂਦਾ ਹੈ (ਕਿ ਮੈਂ ਪਹਿਲਾਂ ਉਸ ਨੂੰ ਪੂਰੀ ਤਰ੍ਹਾਂ ਸਮਝ ਨਾ ਸਕਿਆ, ਜਿਸ ਕਾਰਨ ਗੁਣ ਘਟਾ ਕੇ ਦੱਸਦਾ ਰਿਹਾ)।
ਵਿਚਾਰ : ਕਿਸੇ ਦੇ ਗੁਣ ਘਟਾ ਕੇ ਬਿਆਨ ਕਰਨਾ; ਗੁਰਬਾਣੀ ਅਨੁਸਾਰ ‘ਨਿੰਦਾ ਕਰਨਾ’ ਹੈ ਤੇ ਗੁਣਾਂ ਨੂੰ ਵਧਾ ਕੇ ਬਿਆਨ ਕਰਨਾ; ‘ਖ਼ੁਸ਼ਾਮਦ ਕਰਨਾ’ ਹੈ। ਮਾਨਵਤਾ ਨੂੰ ਸਚਾਈ ਤੋਂ ਜਾਣੂ ਕਰਵਾਉਣ ’ਚ ਇਹ ਦੋਵੇਂ ਔਗੁਣ; ਰੁਕਾਵਟ ਬਣਦੇ ਹਨ। ਆਪਣੀ ਖ਼ੁਸ਼ਾਮਦ (ਝੂਠੀ ਵਡਿਆਈ) ਕਰਾਉਣ ਤੇ ਹੋਰਾਂ ਦੇ ਗੁਣ ਘਟਾਉਣ ਦਾ ਮੂਲ ਕਾਰਨ ਆਪਣਾ ਅਹੰਕਾਰ ਵਧਾਉਣਾ ਹੁੰਦਾ ਹੈ। ਇਨ੍ਹਾਂ ਰੋਗਾਂ ਤੋਂ ਮੁਕਤ ਹੋਣ ਲਈ ਪਹਿਲਾਂ ਆਪਣਾ ਮਾਨ-ਅਭਿਮਾਨ ਛੱਡਣਾ ਜ਼ਰੂਰੀ ਹੈ, ‘‘ਉਸਤਤਿ ਨਿੰਦਾ ਦੋਊ ਬਿਬਰਜਿਤ; ਤਜਹੁ ਮਾਨੁ ਅਭਿਮਾਨਾ ॥’’ (ਭਗਤ ਕਬੀਰ/੧੧੨੩) ਜ਼ਿਆਦਾਤਰ ਸਿੱਖ; ਗ਼ਲਤ ਨੂੰ ਗ਼ਲਤ ਕਹਿਣ ਤੋਂ ਇਸ ਲਈ ਡਰਦੇ ਹਨ ਤਾਂ ਕਿ ਕਿਸੇ ਦੀ ਨਿੰਦਿਆ ਨਾ ਹੋ ਜਾਵੇ। ਇਹ ਕੋਈ ਸਮਝਦਾਰੀ ਨਹੀਂ ਬਲਕਿ ਬੁਝਦਿਲੀ ਹੈ ਤਾਹੀਓਂ ਕਈ ਵਾਰ ਸੱਚ; ਹਾਰ ਜਾਂਦਾ ਹੈ, ਜਿਸ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਕ੍ਰਾਂਤੀਕਾਰੀ ਲਹਿਰ ਪੈਦਾ ਕੀਤੀ ਸੀ।
ਇੱਕ ਭਗਤ ਅੰਦਰ ਹੋਏ ਬਦਲਾਅ ਨੂੰ ਮੂਰਖ ਕਦੇ ਨਹੀਂ ਜਾਣ ਸਕਦਾ, ਤਾਂ ਫਿਰ ਉਸ ਨੇ ਕਦੇ ਪਛੁਤਾਉਣਾ ਭੀ ਕਾਹਦਾ ਹੈ ? ‘ਮੰਨੈ’ ਦੀਆਂ ਇਨ੍ਹਾਂ ਪਉੜੀਆਂ ’ਚ ਭਗਤਾਂ-ਭਗਤਾਂ ਦੀ ਆਪਸੀ ਗੱਲ-ਬਾਤ ਦਾ ਜ਼ਿਕਰ ਹੈ। ਕਿਸੇ ਭਗਤ ਦੀ ਮਨੋ ਬਿਰਤੀ ਨੂੰ ਦੂਜਾ ਭਗਤ ਹੀ ਜਾਣ ਸਕਦਾ ਹੈ। ਜਿਸ ਨੂੰ ਤੀਸਰੇ ਕੋਲ਼ ਬਿਆਨ ਕਰਦਿਆਂ ਹੋਈ ਭੁੱਲ ਦਾ ਅਹਿਸਾਸ ਭੀ ਉਸ ਨੂੰ ਤਦ ਹੁੰਦਾ ਹੈ, ਜਦ ਉਸ ਦੇ ਆਪਣੇ ਅੰਦਰ ਭਗਤੀ ਕਰ ਕਰ ਕੇ ਅੰਦਰੂਨੀ ਸਮਝ/ਪ੍ਰਕਾਸ਼ ’ਚ ਵਾਧਾ ਹੁੰਦਾ ਹੈ।
ਕਾਗਦਿ, ਕਲਮ ਨ ਲਿਖਣਹਾਰੁ॥ ਮੰਨੇ ਕਾ, ਬਹਿ ਕਰਨਿ ਵੀਚਾਰੁ॥
ਪਦ ਅਰਥ : ਕਾਗਦਿ- ਕਾਗਜ਼ ਉੱਤੇ। ਲਿਖਣਹਾਰੁ- ਲਿਖਾਰੀ, ਲੇਖਕ। ਬਹਿ- ਬਹਿ ਕੇ, ਬੈਠ ਕੇ। ਕਰਨਿ- ਕਰਦੇ ਹਨ।
ਅਰਥ : (ਭਗਤ ਅੰਦਰ ਹੁੰਦੇ ਬਦਲਾਅ ਨੂੰ) ਕੋਈ ਲੇਖਕ; ਕਲਮ ਨਾਲ਼ ਕਾਗਜ਼ ਉੱਤੇ ਲਿਖ ਨਹੀਂ ਸਕਦਾ ਭਾਵ ਕਲਮਬੰਦ ਨਹੀਂ ਕਰ ਸਕਦਾ। (ਗੁਰੂ ਸਿੱਖਿਆ ’ਤੇ) ਅਮਲ ਕਰਨ ਵਾਲ਼ੇ ਦੀ (ਰਹਿਣੀ ਬਹਿਣੀ ਬਾਰੇ ਭਗਤ ਜਨ) ਬੈਠ ਕੇ ਵੀਚਾਰ ਕਰਦੇ ਹਨ।
ਐਸਾ ਨਾਮੁ, ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ, ਕੋਇ॥ ੧੨॥
ਪਦ ਅਰਥ : ਐਸਾ- ਇਹੋ ਜਿਹਾ (ਅਦਭੁਤ; ਜੈਸਾ ਕਿ ਇਨ੍ਹਾਂ ਚਾਰੇ ਪਉੜੀਆਂ ’ਚ ਬਿਆਨ ਕੀਤਾ ਹੈ)। ਨਾਮੁ- ਨਾਮਣਾ, ਰੁਤਬਾ। ਨਿਰੰਜਨੁ- ਅੰਜਨ/ਕਾਲ਼ਖ਼ ਰਹਿਤ, ਕਾਮਨਾ ਰਹਿਤ ਭਾਵ ਨਿਰਮਲ। ਜੇ ਕੋ- ਜੇਕਰ ਕੋਈ। ਮੰਨਿ ਜਾਣੈ- (ਗੁਰੂ ਸਿਖਿਆ) ਮੰਨਣਾ ਜਾਣਦਾ ਹੈ, ਉਸ ਨੂੰ ਕਮਾਉਣਾ ਸਿੱਖ ਚੁੱਕਿਆ ਹੈ। ਮਨਿ- ਮਨ ਵਿੱਚ। ਐਸਾ ਕੋਇ- ਅਜਿਹਾ ਕੋਈ ਵਿਰਲਾ ਹੀ।
ਅਰਥ : (ਗੁਰੂ ਸਿੱਖਿਆ ’ਤੇ ਅਮਲ ਕਰਨ ਵਾਲ਼ੇ ਦਾ) ਰੁਤਬਾ ਐਸਾ ਕਾਮਨਾ ਰਹਿਤ (ਅਦਭੁਤ) ਹੁੰਦਾ ਹੈ (ਪਰ ਸਮਝ ਤਾਂ ਆਏਗੀ) ਜੇਕਰ ਕੋਈ (ਪਹਿਲਾਂ ਆਪ) ਮਨ ਅੰਦਰ (ਗੁਰੂ ਸਿੱਖਿਆ) ਕਮਾਉਣਾ ਜਾਣਦਾ ਹੈ ਭਾਵੇਂ ਕਿ ਐਸਾ ਕੋਈ ਕੋਈ ਹੁੰਦਾ ਹੈ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ॥’’ (ਮਹਲਾ ੧/੧੪੧੧) ਅਰਥ : ਗੁਰੂ ਸਿੱਖਿਆ ਅਪਣਾਅ ਕੇ ਨਾਮ ਜਪਣ ਵਾਲ਼ੇ (ਭਗਤ) ਵਿਰਲੇ ਹੁੰਦੇ ਹਨ, ਬਹੁਤੇ ਨਹੀਂ। ਬਹੁਤਾ ਜਗਤ; ਵਿਖਾਵੇ ਮਾਤਰ ਧਾਰਮਿਕ ਕੰਮ ਕਰਦਾ ਹੈ, (ਸਚਾਈ ਸੁਣਨ ’ਤੇ) ਕਰੋਧਿਤ ਹੁੰਦਾ ਹੈ।
ਮੰਨੈ; ਸੁਰਤਿ ਹੋਵੈ, ਮਨਿ ਬੁਧਿ॥ ਮੰਨੈ; ਸਗਲ ਭਵਣ ਕੀ ਸੁਧਿ॥
ਪਦ ਅਰਥ : ਮੰਨੈ- (ਗੁਰੂ ਸਿੱਖਿਆ) ਮੰਨਣ ਨਾਲ਼ (ਨੋਟ : ‘ਮੰਨੇ’ ਅਤੇ ‘ਮੰਨੈ’ ਦਾ ਅੰਤਰ ਚੇਤੇ ਰੱਖਣਾ ਹੈ। ‘ਮੰਨੇ’ ਦਾ ਅਰਥ ਹੈ ‘(ਗੁਰੂ ਸਿੱਖਿਆ) ਮੰਨਣ ਵਾਲ਼ਾ (ਸਿੱਖ)’ ਅਤੇ ‘ਮੰਨੈ’ ਦਾ ਅਰਥ ਹੈ ‘(ਗੁਰੂ ਸਿੱਖਿਆ) ਮੰਨਣ ਨਾਲ਼’)। ਸੁਰਤਿ- ਉੱਤਮ ਸੋਝੀ, ਬਿਬੇਕ, ਚੰਗੇ-ਮੰਦੇ ਨੂੰ ਪਰਖ ਕਰਨ ਵਾਲ਼ੀ ਸਮਝ। ਮਨਿ- ਮਨ ਵਿੱਚ। ਬੁਧਿ- ਜਗਿਆਸਾ/ਚੇਤਨਾ, ਦ੍ਰਿੜ੍ਹਤਾ ਭਰਪੂਰ ਨਵੇਂ ਵਿਚਾਰ ਪੈਦਾ ਹੋਣੇ। ਮਨਿ+ਬੁਧਿ- ਮਨ ’ਚ ਚੇਤਨਾ ਭਾਵ ਮਨ ਦੀ ਦੁਬਿਧਾ ਖ਼ਤਮ ਕਰ ਨਵੇਂ ਵਿਚਾਰ ਉਪਜਣੇ (ਨੋਟ : ਇਹ ਸੰਯੁਕਤ ਸ਼ਬਦ; ਗੁਰਬਾਣੀ ’ਚ ਕੇਵਲ ਦੋ ਵਾਰ ਹਨ, ਉਹ ਭੀ ਗੁਰੂ ਨਾਨਕ ਸਾਹਿਬ ਨੇ ‘ਜਪੁ’ ਬਾਣੀ ’ਚ ਦਰਜ ਕੀਤੇ ਹਨ। ਇਸ ਪੰਕਤੀ ਤੋਂ ਇਲਾਵਾ ਸਰਮਖੰਡ ਵਾਲ਼ੀ 36ਵੀਂ ਪਉੜੀ ’ਚ ਇਉਂ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ+ਬੁਧਿ..॥੩੬॥’’) ਭਵਨ- ਤਿੰਨ ਲੋਕ (ਸੁਰਗ ਲੋਕ, ਮਾਤ ਲੋਕ ਭਾਵ ਧਰਤੀ ਉੱਤੇ ਵੱਸਦੇ ਜੀਵ-ਜੰਤ ਅਤੇ ਪਾਤਾਲ ਲੋਕ)। ਸੁਧਿ- ਸੋਝੀ, ਗਿਆਨ।
ਅਰਥ : (ਗੁਰੂ ਸਿੱਖਿਆ) ਮੰਨਣ ਨਾਲ਼ ਬੁਰੇ-ਭਲੇ ਕੰਮ ਦੀ ਸੋਝੀ ਤੇ ਮਨ ’ਚ ਚੇਤਨਾ ਆ ਜਾਂਦੀ ਹੈ। ਤਿੰਨੇ ਲੋਕਾਂ (’ਚ ਵਾਪਰਦੇ ਰੱਬੀ ਹੁਕਮ) ਦਾ ਬੋਧ ਹੋ ਜਾਂਦਾ ਹੈ।
ਮੰਨੈ; ਮੁਹਿ ਚੋਟਾ ਨਾ ਖਾਇ॥ ਮੰਨੈ; ਜਮ ਕੈ ਸਾਥਿ ਨ ਜਾਇ॥ ਉਚਾਰਨ : ਮੁੰਹ, ਚੋਟਾਂ।
ਪਦ ਅਰਥ : ਮੁਹਿ- ਮੂੰਹ ’ਤੇ ਭਾਵ ਸਾਮ੍ਹਣੇ, ਪ੍ਰਤੱਖ। ਚੋਟਾ- ਵਿਕਾਰਾਂ ਦੀਆਂ ਸੱਟਾਂ ਭਾਵ ਵਿਕਾਰਾਂ ਅੱਗੇ ਹਾਰਦਾ ਨਹੀਂ। ਜਮ ਕੈ ਸਾਥਿ- ਆਤਮਕ ਮੌਤ ਦੇ ਨਾਲ਼, ਮਰੀ ਹੋਈ ਜ਼ਮੀਰ ਦੇ ਨਾਲ਼।
ਅਰਥ : (ਸਬਦੁ ਗੁਰੂ ਨੂੰ) ਮੰਨਣ ਨਾਲ਼ (ਸਿੱਖ) ਜਿਊਂਦਿਆਂ ਵਿਕਾਰਾਂ ਸਾਮ੍ਹਣੇ ਹਾਰਦਾ ਨਹੀਂ। ਜ਼ਮੀਰ ਪੱਖੋਂ ਮਰ-ਮਰ ਕੇ ਨਹੀਂ ਜਿਊਂਦਾ (ਯਾਨੀ ਸਮਾਜ ਅਤੇ ਵਿਕਾਰਾਂ ਦੀ ਵਧੀਕੀ ਨਹੀਂ ਸਹਾਰਦਾ, ਉਸ ਦਾ ਮੁਕਾਬਲਾ ਕਰਨਯੋਗ ਹੋ ਜਾਂਦਾ ਹੈ)।
ਐਸਾ ਨਾਮੁ, ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ, ਕੋਇ॥ ੧੩॥
ਅਰਥ : (ਗੁਰੂ ਸਿੱਖਿਆ ’ਤੇ ਅਮਲ ਕਰਨ ਵਾਲ਼ੇ ਦਾ) ਰੁਤਬਾ ਐਸਾ ਕਾਮਨਾ ਰਹਿਤ (ਅਦਭੁਤ) ਹੁੰਦਾ ਹੈ (ਪਰ ਸਮਝ ਤਾਂ ਆਏਗੀ) ਜੇਕਰ ਕੋਈ (ਆਪ) ਮਨ ਅੰਦਰ (ਗੁਰੂ ਸਿੱਖਿਆ) ਕਮਾਉਣਾ ਜਾਣਦਾ ਹੈ, ਪਰ ਐਸਾ ਕੋਈ ਵਿਰਲਾ ਹੈ।
ਮੰਨੈ; ਮਾਰਗਿ ਠਾਕ ਨ ਪਾਇ॥ ਮੰਨੈ; ਪਤਿ ਸਿਉ ਪਰਗਟੁ ਜਾਇ॥ ਉਚਾਰਨ : ਸਿਉਂ।
ਪਦ ਅਰਥ : ਮੰਨੈ- ਮੰਨਣ ਨਾਲ਼। ਮਾਰਗਿ- (ਸਹੀ) ਰਾਹ ਵਿੱਚ, ਮੰਜ਼ਲ ਵੱਲ ਵਧਦਿਆਂ। ਠਾਕ- ਰੁਕਾਵਟ, ਵਿਘਨ। ਪਤਿ ਸਿਉ- ਇੱਜ਼ਤ ਸਮੇਤ, ਗੌਰਵ ਨਾਲ਼।
ਅਰਥ : (ਸਬਦੁ ਗੁਰੂ ਨੂੰ) ਮੰਨਣ ਨਾਲ਼ ਜ਼ਿੰਦਗੀ ਦੇ ਸਫ਼ਰ ’ਚ ਕੋਈ (ਵਿਕਾਰ ਰੂਪ) ਵਿਘਨ ਨਹੀਂ ਪੈਂਦਾ, ਇਸ ਲਈ ਸੱਚਾ ਭਗਤ; ਗੌਰਵ ਨਾਲ਼ ਜਗਤ-ਪ੍ਰਸਿੱਧ ਹੋ ਜਾਂਦਾ ਹੈ। ਆਪ ਜੀ ਦੇ ਹੀ ਬਚਨ ਹਨ ਕਿ ਰੱਬ ਦੀ ਮਿਹਰ ਤੋਂ ਬਿਨਾਂ ਕਿਸੇ ਨੂੰ ਸਫਲਤਾ ਨਹੀਂ ਮਿਲਦੀ। ਜਿਸ ਨੂੰ ਮਿਹਰ ਨਾਲ਼ ਮਿਲਦੀ ਹੈ, ਉਸ ਦੇ ਰਾਹ ’ਚ ਕੋਈ ਵਿਘਨ ਨਹੀਂ ਪਾ ਸਕਦਾ ‘‘ਤੁਧੁ ਵਿਣੁ; ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥’’ (ਮਹਲਾ ੧/੯)
ਮੰਨੈ; ਮਗੁ ਨ ਚਲੈ ਪੰਥੁ॥ ਮੰਨੈ; ਧਰਮ ਸੇਤੀ ਸਨਬੰਧੁ॥
ਪਦ ਅਰਥ : ਮਗੁ ਪੰਥੁ- ਹੋਰ ਹੋਰ ਮਾਰਗ/ਰਸਤਾ ਭਾਵ ਗੁਰਮਤਿ ਦੇ ਵਿਰੁਧ ਵਿਚਾਰਧਾਰਾ (ਜਿਵੇਂ ਕਾਵਿ ਤੋਲ ਕਾਰਨ ‘ਕਲਿਜੁਗੁ’ ਤੋਂ ‘ਕਲਿ’, ‘ਬਹੁਤੁ’ ਤੋਂ ‘ਬਹੁ’ ਹੋ ਜਾਂਦਾ ਹੈ; ਵੈਸੇ ਹੀ ਇੱਥੇ ‘ਮਾਰਗੁ’ ਤੋਂ ‘ਮਗੁ’ ਬਣਿਆ ਹੈ)। ਧਰਮ- ਸਚਾਈ, ਅਸਲ ਮਾਰਗ। ਸੇਤੀ- ਨਾਲ਼। ਸਨਬੰਧੁ- ਜੋੜ, ਰਿਸ਼ਤਾ, ਲਗਾਅ।
ਅਰਥ : (ਸਬਦੁ ਗੁਰੂ ਨੂੰ) ਮੰਨਣ ਨਾਲ਼ (ਸਿੱਖ); ਬੇਲੋੜੇ ਧਾਰਮਿਕ ਕਰਮ ਨਹੀਂ ਕਰਦਾ (ਸਮਾਂ, ਖ਼ਰਚ ਅਤੇ ਊਰਜਾ ਬਚਾ ਲੈਂਦਾ ਹੈ ਕਿਉਂਕਿ ਉਸ ਦਾ) ਲਗਾਅ ਸਿੱਧਾ ਸਚਾਈ (ੴ) ਨਾਲ਼ ਹੋ ਗਿਆ, ਉਹ ਸਚਾਈ ਸਮਝ ਗਿਆ।
ਐਸਾ ਨਾਮੁ, ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ, ਕੋਇ॥ ੧੪॥
ਅਰਥ : (ਗੁਰੂ ਸਿੱਖਿਆ ਮੰਨਣ ਵਾਲ਼ੇ ਦਾ) ਰੁਤਬਾ ਐਸਾ ਨਿਰਮਲ ਹੁੰਦਾ ਹੈ (ਪਰ ਜਾਣਦਾ ਓਹੀ ਹੈ) ਅਗਰ ਕੋਈ ਮਨ ਅੰਦਰ (ਗੁਰੂ ਸ਼ਬਦ ਦੀ) ਕਮਾਈ ਕਰਦਾ ਹੈ ਭਾਵੇਂ ਕਿ ਐਸਾ ਕੋਈ ਕੋਈ ਹੁੰਦਾ ਹੈ।
ਮੰਨੈ; ਪਾਵਹਿ ਮੋਖ ਦੁਆਰੁ॥ ਮੰਨੈ; ਪਰਵਾਰੈ ਸਾਧਾਰੁ॥ ਉਚਾਰਨ : ਪਾਵਹਿਂ।
ਪਦ ਅਰਥ : ਮੰਨੈ- ਮੰਨਣ ਨਾਲ਼। ਪਾਵਹਿ- ਪਾ ਲੈਂਦੇ ਹਨ। ਮੋਖ ਦੁਆਰੁ- ਮੁਕਤੀ ਦਾ ਦਰ (ਅਸਲ ਬੂਹਾ/ਮਾਰਗ)।, ਪਰਵਾਰੈ- ਪਰਵਾਰ ਨੂੰ। ਸਾਧਾਰੁ- ਆਸਰਾ ਸਹਿਤ, ਭਰੋਸੇ ਯੋਗ।
ਅਰਥ : (ਗੁਰੂ ਸਿੱਖਿਆ ਨੂੰ) ਮੰਨਣ ਨਾਲ਼ (ਸਿੱਖ; ਮਾਇਆ ਤੋਂ) ਮੁਕਤੀ ਦਾ ਬੂਹਾ ਲੱਭ ਲੈਂਦੇ ਹਨ (ਯਾਨੀ ਮਾਇਆ ’ਚੋਂ ਨਿਕਲਣ ਦੀ ਯੁਕਤੀ ਪਾ ਲੈਂਦੇ ਹਨ)। ਆਪਣੇ ਪਰਵਾਰ ਨੂੰ ਭੀ (ਸਬਦੁ ਗੁਰੂ ’ਤੇ) ਭਰੋਸਾ ਕਰਾਉਣ ’ਚ ਸਫਲ ਹੋ ਜਾਂਦੇ ਹਨ।
ਮੰਨੈ; ਤਰੈ, ਤਾਰੇ, ਗੁਰੁ ਸਿਖ॥ ਮੰਨੈ; ਨਾਨਕ ! ਭਵਹਿ ਨ ਭਿਖ॥ ਉਚਾਰਨ : ਭਵਹਿਂ।
ਪਦ ਅਰਥ : ਮੰਨੈ- ਮੰਨਣ ਨਾਲ਼। ਤਰੈ- (ਸਿੱਖ ਆਪ) ਤਰਦਾ ਹੈ। ਤਾਰੇ- (ਹੋਰਾਂ ਨੂੰ) ਤਾਰਦਾ ਹੈ। ਗੁਰੁ ਸਿਖ- ਗੁਰੂ ਰੂਪ ਸਿੱਖਿਆ ਨੂੰ। ਨਾਨਕ- ਹੇ ਨਾਨਕ ! ਭਵਹਿ- ਭਟਕਦੇ ਹਨ। ਭਿਖ- ਭੀਖ, ਖ਼ੈਰ।
ਅਰਥ : ਸਬਦੁ ਗੁਰੂ ਰੂਪ ਸਿੱਖਿਆ ਨੂੰ ਮੰਨਣ ਨਾਲ਼ (ਸਿੱਖ; ਆਪ ਸੰਸਾਰ ਤੋਂ) ਤਰਦਾ ਹੈ (ਤੇ ਸਤਸੰਗੀਆਂ ਨੂੰ ਭੀ) ਤਾਰਦਾ ਹੈ (ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ ਜਪੁ)। ਹੇ ਨਾਨਕ ! (ਸਿੱਖ) ਭੀਖ ਮੰਗਣ ਲਈ ਇੱਧਰ ਓਧਰ ਨਹੀਂ ਭਟਕਦੇ (ਭਾਵ ਮਿਹਨਤ ਦੀ ਕਮਾਈ ਕਰਦੇ ਹਨ ਤੇ ਲੋੜਵੰਦਾਂ ਦਾ ਸਹਾਰਾ ਬਣਦੇ ਹਨ; ਜਿਵੇਂ ਕਿ ਆਪ ਜੀ ਦੇ ਹੀ ਬਚਨ ਹਨ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ (ਓਹੀ)॥’’ (ਮਹਲਾ ੧/੧੨੪੫)
ਐਸਾ ਨਾਮੁ, ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ, ਕੋਇ॥੧੫॥
ਅਰਥ : (ਗੁਰੂ ਸਿੱਖਿਆ ਮੰਨਣ ਵਾਲ਼ੇ ਦਾ) ਰੁਤਬਾ ਐਸਾ ਨਿਰਮਲ ਹੁੰਦਾ ਹੈ (ਪਰ ਸਮਝਦਾ) ਕੋਈ ਕੋਈ ਹੈ, ਉਹ ਭੀ ਜੇ ਕੋਈ ਮਨ ਅੰਦਰ (ਗੁਰੂ ਸ਼ਬਦ ਦੀ) ਕਮਾਈ ਕਰਨਾ ਜਾਣਦਾ ਹੈ।
ਵਿਚਾਰ : ਜਿਸ ਤਰ੍ਹਾਂ ‘ਸੁਣਿਐ’ ਵਾਲ਼ੀਆਂ ਪਉੜੀਆਂ ’ਚ ‘ਸਿਧ, ਪੀਰ, ਸੁਰਿ ਨਾਥ’ ਆਦਿ ਦੀ ਮਿਸਾਲ ਹੈ; ਵੈਸਾ ਹੀ ‘ਜਪੁ’ ਬਾਣੀ ਦੀ 35ਵੀਂ ਪਉੜੀ (ਗਿਆਨਖੰਡ) ’ਚ ਇਨ੍ਹਾਂ ਦਾ ਜ਼ਿਕਰ ਹੈ, ‘‘ਕੇਤੇ ਸਿਧ ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ..॥੩੫॥’’
ਜਿਸ ਤਰ੍ਹਾਂ ‘ਮੰਨੈ’ ਵਾਲ਼ੀਆਂ ਪਉੜੀਆਂ ’ਚ ਇਹ ਜ਼ਿਕਰ ਹੈ, ‘‘ਮੰਨੇ ਕੀ ਗਤਿ; ਕਹੀ ਨ ਜਾਇ ॥ ਜੇ ਕੋ ਕਹੈ; ਪਿਛੈ ਪਛੁਤਾਇ ..॥੧੨॥’’ ਵੈਸਾ ਹੀ 36ਵੀਂ ਪਉੜੀ (ਸਰਮਖੰਡ) ’ਚ ਫ਼ੁਰਮਾਇਆ ਹੈ, ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ॥ ਜੇ ਕੋ ਕਹੈ; ਪਿਛੈ ਪਛੁਤਾਇ ॥੩੬॥’’ ਇਸ ਤੋਂ ਸਪਸ਼ਟ ਹੈ ਕਿ ‘ਗੁਰੂ ਸਿੱਖਿਆ ਨੂੰ ਸੁਣਨਾ; ਗਿਆਨਖੰਡ ਹੈ ਅਤੇ ਮੰਨਣਾ; ਸਰਮਖੰਡ ਹੈ।
ਨੋਟ- ਇਸ ਤੋਂ ਅਗਾਂਹ ਫਾਇਲ ਅਜੇ ਅਪਡੇਟ ਨਹੀਂ ਕੀਤੀ ਹੈ, ਜੀ।