ਪਉੜੀ 34 ਤੋਂ ਅੰਤ ਤੱਕ ਅਤੇ ਨਾਨਕ ਸ਼ਬਦ ਦੀ ਵਰਤੋਂ ਦਾ ਨਿਯਮ
ਅਗਾਂਹ 4 ਪਉੜੀਆਂ (34-37) ’ਚ ਰੂਹਾਨੀਅਤ ਦੇ ਪੰਜ ਪੜਾਅ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਸਚਖੰਡ) ਦਾ ਜ਼ਿਕਰ ਹੈ। ਪਹਿਲੇ ਪੜਾਅ (ਧਰਮਖੰਡ) ’ਚ ਧਰਤੀ ਨੂੰ ਸੂਰਜ ਤੇ ਚੰਦ ਵਰਗਾ ਇੱਕ ਗ੍ਰਹਿ ਜਾਂ ਉਪਗ੍ਰਹਿ ਨਹੀਂ ਜਾਣਨਾ ਬਲਕਿ ਧਰਮਸ਼ਾਲ ਸਮਝਣਾ ਹੈ ਯਾਨੀ ਕਿ ਭਗਤ ਦੀਆਂ ਨਜ਼ਰਾਂ ’ਚ ਸੂਰਜ, ਧਰਤੀ, ਸ਼ੁਕਰ, ਸ਼ਨੀ, ਆਦਿ ਇੱਕ ਸਮਾਨ ਗ੍ਰਹਿ ਨਹੀਂ ਬਲਕਿ ਇਹ ਸਭ; ਧਰਤੀ ’ਤੇ ਜੀਵਨ ਪਨਪੇ; ਇਸ ਲਈ ਬਣਾਏ ਗਏ ਹਨ। ਇਸ (ਧਰਮਸ਼ਾਲ ’ਤੇ ਜੀਵਨ ਪਨਪਨ) ਲਈ ‘ਰਾਤਾਂ, ਰੁਤਾਂ, ਹਵਾ, ਪਾਣੀ, ਅੱਗ, ਚੰਦ, ਸੂਰਜ, ਤਾਰੇ’ ਆਦਿ ਬਣਾਏ ਗਏ ਤਾਂ ਕਿ ਧਰਮ ਕਮਾਉਣ ਵਾਲ਼ਾ; ਇਨ੍ਹਾਂ ਕੁਦਰਤੀ ਸ਼ਕਤੀਆਂ ਨੂੰ ਭੀ ਕਰਤਾਰ ਦੀ ਬਖ਼ਸ਼ਸ਼ ਸਮਝੇ, ਉਸ ਦੇ ਉਪਕਾਰ ਦੀ ਕਦਰ ਕਰੇ, ਉਸ ਦੇ ਗੁਣ ਗਾਏ।
ਚੇਤੇ ਰਹੇ ਕਿ ਗੁਰਬਾਣੀ ’ਚ ਰੂਹਾਨੀਅਤ ਉੱਨਤੀ (ਆਤਮ ਪ੍ਰਕਾਸ਼) ਨੂੰ ਜੋਗੀਆਂ ਦੇ 10 ਇੰਦ੍ਰਿਆਂ ਵਾਲ਼ੀ ਯੁਕਤੀ ਨਾਲ਼ ਭੀ ਸਮਝਾਇਆ ਗਿਆ ਹੈ; ਜਿਵੇਂ ਕਿ ‘‘ਨਉ ਦੁਆਰੇ ਪਰਗਟੁ ਕੀਏ; ਦਸਵਾ ਗੁਪਤੁ ਰਖਾਇਆ ..॥੩੮॥ (ਅਨੰਦ/ਮਹਲਾ ੩/੯੨੨), ਨਉ ਦਰਵਾਜੇ ਦਸਵਾ ਦੁਆਰੁ ॥ ਬੁਝੁ ਰੇ ਗਿਆਨੀ ! ਏਹੁ ਬੀਚਾਰੁ ॥ (ਮਹਲਾ ੧/੧੫੨), ਖਿੜਕੀ ਊਪਰਿ ਦਸਵਾ ਦੁਆਰੁ ॥ ਕਹਿ ਕਬੀਰ ! ਤਾ ਕਾ ਅੰਤੁ ਨ ਪਾਰੁ ॥’’ (ਭਗਤ ਕਬੀਰ/੧੧੫੯) ‘ਨਉ ਦੁਆਰੇ’ ਜਾਂ ‘ਨਉ ਦਰਵਾਜੇ’ ਤੋਂ ਭਾਵ 9 ਗੋਲਕਾਂ (2 ਅੱਖਾਂ, 2 ਕੰਨ, 2 ਨਾਸਾਂ, ਮੂੰਹ, ਗੁਦਾ ਤੇ ਲਿੰਗ) ਹਨ। ‘ਪਰਗਟੁ’ ਤੋਂ ਭਾਵ ਪ੍ਰਤੱਖ ਵਿਖਾਈ ਦੇਣਾ ਹੈ।
ਸਨਾਤਨ ਧਰਮ ਦੇ ਚਾਰ ਪੜਾਅ (ਰਜੋ ਗੁਣ, ਤਮੋ ਗੁਣ, ਸਤੋ ਗੁਣ ਤੇ ਤੁਰੀਆ ਅਵਸਥਾ) ਦੀ ਮਿਸਾਲ ਭੀ ਦਿੱਤੀ ਹੈ; ਜਿਵੇਂ ਕਿ ‘‘ਤੀਨਿ ਅਵਸਥਾ ਕਹਹਿ ਵਖਿਆਨੁ ॥ ਤੁਰੀਆਵਸਥਾ; ਸਤਿਗੁਰ ਤੇ ਹਰਿ ਜਾਨੁ ॥ (ਮਹਲਾ ੧/੧੫੪), ਤੁਰੀਆਵਸਥਾ ਗੁਰਮੁਖਿ ਪਾਈਐ; ਸੰਤ ਸਭਾ ਕੀ ਓਟ ਲਹੀ ॥’’ (ਮਹਲਾ ੧/੩੫੬)
ਇੱਥੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਉਕਤ ਪਹਿਲੇ ਸਿਧਾਂਤ ’ਚ 9 ਦਰਵਾਜੇ ਸਰੀਰਕ ਤਲ ਨਾਲ਼ ਜੁੜੇ ਹੋਣ ਕਾਰਨ ਮਾਇਆ ਅਧੀਨ ਹਨ ਅਤੇ ਦੂਜੇ ਸਿਧਾਂਤ ’ਚ ਪਹਿਲੇ ਤਿੰਨ ਗੁਣ (ਰਜੋ, ਤਮੋ ਤੇ ਸਤੋ) ਭੀ ਮਾਇਆ ਅਧੀਨ ਹਨ। ‘ਰਜੋ’ ਤੋਂ ਭਾਵ ਮਨੁੱਖ ਦੀ ਦੌੜ੍ਹ-ਭੱਜ ਹੈ। ‘ਤਮੋ’ ਤੋਂ ਭਾਵ ਹਨ੍ਹੇਰਾ, ਅਗਿਆਨਤਾ ਯਾਨੀ ‘ਰਜੋ’ ਅਧੀਨ ਕੀਤਾ ਹਰ ਕੰਮ ਅਗਿਆਨਤਾ ਭਰਪੂਰ ਹੈ, ਕੋਈ ਆਤਮਕ ਲਾਭ ਨਹੀਂ ਪਹੁੰਚਾਉਂਦਾ। ‘ਸਤੋ’ ਤੋਂ ਭਾਵ ਕਦੇ ਕਦਾਈਂ ਵਿਖਾਵੇ ਮਾਤਰ ਕੀਤੇ ਜਾਂਦੇ ਪੁੰਨ-ਦਾਨ ਹੈ। ਜਿਨ੍ਹਾਂ ਨੂੰ ਬੰਦਾ ਅਕਸਰ ਲੋਕਾਚਾਰੀ ਨੂੰ ਧਿਆਨ ’ਚ ਰੱਖ ਕੇ ਕਰਦਾ ਹੈ ਯਾਨੀ ਜੇਕਰ ਕਿਸੇ ਦੀ ਮਦਦ ਕਰਨੀ ਹੈ ਤਾਂ ਸਮਾਜਿਕ ਭਾਈਚਾਰਾ ਜ਼ਰੂਰ ਵੇਖੇ। ਲੰਗਰ ਲਗਾਉਣ ਜਾਂ ਕੋਈ ਦਾਨ-ਪੁੰਨ ਕਰਨ ਪਿੱਛੇ ਭੀ ਇਹੀ ਭਾਵਨਾ ਪਾਲ਼ੀ ਹੋਈ ਹੈ ਤਾਂ ਬੰਦਾ ‘ਸਤੋ ਗੁਣੀ’ ਹੈ ਭਾਵ ਮਾਇਆ ਤੋਂ ਮੁਕਤ ਨਹੀਂ। ਬਾਣੀਕਾਰਾਂ ਦੁਆਰਾ ਇਨ੍ਹਾਂ ਨੂੰ ਮਿਸਾਲ ਬਣਾਉਣ ਦਾ ਕਾਰਨ ਇਨ੍ਹਾਂ ਦਾ ਚਉਥਾ ਪਦ (ਤੁਰੀਆਵਸਥਾ) ਤੇ ਦਸਵਾਂ ਗੁਪਤ ਦੁਆਰ ਨੂੰ ਗੁਰਮਤਿ ਦੇ ਸਚਖੰਡ ਵਾਙ ਸਮਝਣਾ ਹੈ, ਬੇਗ਼ਮਪੁਰਾ ਮੰਨਣਾ ਹੈ; ਜਿਵੇਂ ਕਿ ਕਬੀਰ ਜੀ ਪਹਿਲੇ ਤਿੰਨ ਪਦਾਂ ਨੂੰ ਨਿਰਮੂਲ ਸਿੱਧ ਕਰ ਚਉਥੇ ਪਦ ਨੂੰ ਸਹੀ ਮੰਨਦੇ ਹਨ, ‘‘ਰਜ ਗੁਣ, ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ ॥ ਚਉਥੇ ਪਦ ਕਉ ਜੋ ਨਰੁ ਚੀਨ੍ਹੈ; ਤਿਨ੍ਹ ਹੀ ਪਰਮ ਪਦੁ ਪਾਇਆ ॥’’ (ਭਗਤ ਕਬੀਰ/੧੧੨੩) ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ ਚਉਥਾ ਪਦੁ ਪਾਇ ॥ (ਮਹਲਾ ੩/੩੦), ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚਿ ਪਤਿ ਖੋਈ ॥ ਗੁਰਮੁਖਿ ਹੋਵੈ ਚਉਥਾ ਪਦੁ ਚੀਨੈ; ਰਾਮ ਨਾਮਿ (ਰਾਹੀਂ) ਸੁਖੁ ਹੋਈ ॥’’ (ਮਹਲਾ ੩/੬੦੪)
ਸੋ ਇੱਥੋਂ ਸਪਸ਼ਟ ਹੈ ਕਿ ਗੁਰਮਤਿ ਦਾ ਪਹਿਲਾ ਪੜਾਅ (ਧਰਮਖੰਡ) ਭੀ ਮਾਇਆ ਅਧੀਨ ਨਹੀਂ ਕਿਉਂਕਿ ਇਨ੍ਹਾਂ ਪੰਜ ਪਦਾਂ (ਪੜਾਵਾਂ) ਦੀ ਵਿਆਖਿਆ ਕਰਨ ਵਾਲ਼ੇ ਗੁਰੂ ਨਾਨਕ ਸਾਹਿਬ; ਪੈਦਾਇਸ਼ ਤੋਂ ਗੁਰੂ ਹਨ, ਉਨ੍ਹਾਂ ਨੇ ਕਦੇ ਮਾਇਆ ਰੂਪ ਹਨ੍ਹੇਰਾ ਵੇਖਿਆ ਹੀ ਨਹੀਂ ਸੀ।
ਰਾਤੀ, ਰੁਤੀ, ਥਿਤੀ, ਵਾਰ॥ ਪਵਣ, ਪਾਣੀ, ਅਗਨੀ, ਪਾਤਾਲ॥ ਉਚਾਰਨ : ਰਾਤੀਂ, ਰੁੱਤੀਂ, ਥਿਤੀਂ।
ਪਦ ਅਰਥ : ਰਾਤੀ- ਰਾਤਾਂ। ਰੁਤੀ- ਰੁਤਾਂ (2-2 ਮਹੀਨਿਆਂ ਦੇ ਛੀ ਮੌਸਮ; ਜਿਵੇਂ ਕਿ ‘ਚੇਤ ਵਿਸਾਖ-ਬਸੰਤ ਰੁੱਤ, ਜੇਠ ਹਾੜ੍ਹ- ਗ੍ਰੀਸ਼ਮ/ਗ੍ਰੀਖਮ ਰੁੱਤ, ਸਾਵਣ ਭਾਦੋਂ- ਪਾਵਸ/ਵਰਖਾ ਰੁੱਤ, ਅੱਸੂ ਕੱਤਕ- ਸਰਦ/ਸ਼ੀਤ ਰੁੱਤ, ਮੱਘਰ ਪੋਹ- ਹੇਮੰਤ/ਹਿਮ ਰੁੱਤ ਅਤੇ ਮਾਘ ਫੱਗਣ- ਸ਼ਿਸਰ ਰੁੱਤ’)। ਥਿਤੀ- (ਚੰਦ੍ਰਮਾ ਨਾਲ਼ ਸਬੰਧਿਤ) ਥਿਤਾਂ (ਮੱਸਿਆ ਤੋਂ ਪੂਰਨਮਾਸ਼ੀ ਜਾਂ ਪੁੰਨਿਆ ਵੱਲ ਵਧਦੀਆਂ 1-15 ਚਾਨਣ ਥਿਤਾਂ/ਸੁਦੀ ਪੱਖ ਹੁੰਦੀਆਂ ਹਨ ਤੇ ਪੂਰਨਮਾਸ਼ੀ ਤੋਂ ਮੱਸਿਆ ਵੱਲ ਜਾਂਦੀਆਂ 16-30 ਹਨ੍ਹੇਰ ਥਿਤਾਂ/ਵਦੀ ਪੱਖ) ਹੁੰਦੀਆਂ ਹਨ। ਵਾਰ (ਸੂਰਜ ਨਾਲ਼ ਸਬੰਧਿਤ) ਸੋਮਵਾਰ, ਮੰਗਲਵਾਰ ਆਦਿ 7 ਦਿਨ। ਪਵਣ- ਹਵਾ। ਅਗਨੀ- ਅੱਗ।
ਅਰਥ : (ਕਰਤਾਰ ਨੇ) ਰਾਤਾਂ, ਰੁੱਤਾਂ, ਥਿਤਾਂ, ਦਿਨ, ਹਵਾ, ਪਾਣੀ, ਅੱਗ, ਪਾਤਾਲ (ਆਦਿ ਰਾਹੀਂ ਧਰਮਸ਼ਾਲ ’ਤੇ ਜੀਵਨ ਪਨਪਨ ਨੂੰ ਅਨੁਕੂਲ ਬਣਾਇਆ ਹੈ)।
ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ॥ ਉਚਾਰਨ : ਧਰਮਸ਼ਾਲ।
ਪਦ ਅਰਥ : ਤਿਸੁ ਵਿਚਿ- ਇਸ (ਅਨੁਕੂਲ ਮੌਸਮ ਕਵਚ) ’ਚ। ਥਾਪਿ- ਥਾਪ ਕੇ, ਟਿਕਾ ਕੇ। ਧਰਮਸਾਲ- ਧਰਮ+ਸ਼ਾਲਾ, ਧਰਮ ਦਾ ਘਰ, ਧਰਮ ਕਮਾਉਣ ਲਈ ਨਿਵਾਸ ਸਥਾਨ।
ਅਰਥ : ਇਸ (ਬਾਹਰੀ ਅਨੁਕੂਲ ਵਾਤਾਵਰਣ ਕਵਚ) ਵਿਚਕਾਰ ਧਰਤੀ ਨੂੰ ਧਰਮਸ਼ਾਲ (ਵਜੋਂ) ਟਿਕਾ ਕੇ ਸਥਾਪਿਤ ਕੀਤਾ ਹੈ।
ਤਿਸੁ ਵਿਚਿ; ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥
ਪਦ ਅਰਥ : ਤਿਸੁ ਵਿਚਿ- ਉਸ (ਧਰਮਸ਼ਾਲ) ਵਿੱਚ। ਕੇ ਜੀਅ- ਕਈ ਤਰ੍ਹਾਂ ਦੇ ਜੀਵ (ਜਿਵੇਂ ਪਸ਼ੂ, ਪੰਛੀ, ਮਨੁੱਖ ਆਦਿ)। ਕੇ ਜੁਗਤਿ- ਕਈ ਜੁਗਤੀਆਂ ਦੇ (ਜਿਵੇਂ ਅੰਡੇ ਤੋਂ ਪੈਦਾ ਹੋਣ ਵਾਲ਼ੇ, ਵੀਰਜ ਤੋਂ ਪੈਦਾ ਹੋਣ ਵਾਲ਼ੇ, ਪਸੀਨੇ ਤੋਂ ਪੈਦਾ ਹੋਣ ਵਾਲ਼ੇ, ਧਰਤੀ ’ਚ ਉੱਗਣ ਵਾਲ਼ੇ, ਆਦਿ)। ਕੇ ਰੰਗ- ਕਈ ਰੰਗਾਂ ਦੇ, ਕਈ ਕਿਸਮਾਂ ਦੇ (ਜਿਵੇਂ ਕੋਈ ਚਾਰ ਪੈਰਾਂ ਵਾਲ਼ਾ ਪਸ਼ੂ, ਕੋਈ 2 ਟੰਗਾਂ ਵਾਲ਼ਾ ਪੰਛੀ, ਪਾਣੀ ਵਾਲ਼ੇ, ਮਾਸਾਹਾਰੀ, ਸਾਕਾਹਾਰੀ ਆਦਿ)। ਤਿਨ ਕੇ- ਉਨ੍ਹਾਂ (ਸਾਰਿਆਂ) ਦੇ। ਨਾਮ- ਨਾਂ (ਜਿਵੇਂ ਕੁੱਤਾ, ਬਿੱਲਾ, ਕਾਂ, ਮੱਛੀ, ਮਨੁੱਖ, ਆਦਿ)। ਅਨੇਕ ਅਨੰਤ- ਅਨ ਏਕ, ਇੱਕ ਨਹੀਂ ਭਾਵ ਬਹੁਤ ਬਹੁਤ, ਅਨ ਅੰਤ ਭਾਵ ਅਣਗਿਣਤ।
ਅਰਥ : ਇਸ (ਧਰਮਸ਼ਾਲ) ’ਚ ਕਈ ਤਰ੍ਹਾਂ ਦੇ ਜੀਵ-ਜੰਤ, ਕਈ ਯੁਕਤੀਆਂ ਨਾਲ਼ ਪੈਦਾ ਕੀਤੇ ਹੋਏ ਹਨ। ਉਨ੍ਹਾਂ ਦੇ ਅਨੇਕਾਂ ਹੀ, ਅਣਗਿਣਤ ਹੀ ਨਾਂ ਹਨ।
ਕਰਮੀ ਕਰਮੀ, ਹੋਇ ਵੀਚਾਰੁ॥ ਸਚਾ ਆਪਿ, ਸਚਾ ਦਰਬਾਰੁ॥ ਉਚਾਰਨ : ਸੱਚਾ।
ਪਦ ਅਰਥ : ਕਰਮੀ ਕਰਮੀ- (ਜੀਵਾਂ ਦੁਆਰਾ) ਕੀਤੇ ਕੰਮਾਂ ਅਨੁਸਾਰ ਭਾਵ ਕੀਤੇ ਕੰਮਾਂ ਉੱਤੇ। ਹੋਇ- ਹੁੰਦਾ ਹੈ। ਵੀਚਾਰੁ- ਨਿਆਂ, ਫ਼ੈਸਲਾ। ਸਚਾ ਆਪਿ- ਆਪ ਹੀ ਸੱਚਾ, ਖ਼ੁਦ ਹੀ ਸਦੀਵੀ ਹੋਂਦ ਵਾਲ਼ਾ। ਸਚਾ ਦਰਬਾਰੁ (ਉਸ ਦਾ) ਸਥਿਰ ਇਨਸਾਫ਼ ਘਰ ਭਾਵ ਐਸਾ ਨਹੀਂ ਕਿ ਜੀਵਾਂ ਦੇ ਕਰਮਾਂ ਦਾ ਹਿਸਾਬ-ਕਿਤਾਬ ਨਾ ਹੁੰਦਾ ਹੋਵੇ।
ਅਰਥ : (ਇਸ ਧਰਮਸ਼ਾਲ ’ਚ ਜੀਵਾਂ ਦੁਆਰਾ) ਕੀਤੇ ਕੰਮਾਂ ਅਨੁਸਾਰ (ਮਾਲਕ ਦੇ ਦਰ ’ਤੇ) ਫ਼ੈਸਲਾ ਹੁੰਦਾ ਹੈ। (ਉਹ ਮਾਲਕ) ਆਪ ਸਥਿਰ ਹੈ, ਹੋਂਦ ਵਾਲ਼ਾ ਹੈ ਭਾਵ ਐਸਾ ਨਹੀਂ ਕਿ ਕੋਈ ਅਦ੍ਰਿਸ਼ ਸ਼ਕਤੀ ਨਹੀਂ ਹੈ ਤੇ ਉਸ ਦਾ ਇਨਸਾਫ਼ ਘਰ ਭੀ ਕਾਇਮ ਹੈ ਭਾਵ ਫ਼ੈਸਲਾ ਅਵੱਸ਼ ਹੋਣਾ ਹੈ; ਜਿਵੇਂ ਕਿ ਵਾਕ ਹੈ ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ ॥’’ (ਮਹਲਾ ੫/੪੦੬) ਅਰਥ : ਜੇ ਇਹ ਹੱਥ (ਕੋਈ ਗ਼ਲਤੀ) ਕਰਦਾ ਹੈ ਤਾਂ ਇਹੀ ਹੱਥ ਨਤੀਜਾ ਭੁਗਤਦਾ ਹੈ। ਜੋ ਪਾਪੀ ਹੈ, ਸਜ਼ਾ ਭੀ ਉਸੇ ਨੂੰ ਮਿਲੇਗੀ, ਕਿਸੇ ਹੋਰ ਨੂੰ ਨਹੀਂ।
ਤਿਥੈ ਸੋਹਨਿ; ਪੰਚ ਪਰਵਾਣੁ॥ ਨਦਰੀ ਕਰਮਿ, ਪਵੈ ਨੀਸਾਣੁ॥ ਉਚਾਰਨ : ਨੀਸ਼ਾਣ।
ਪਦ ਅਰਥ : ਤਿਥੈ- ਉਸ (ਇਨਸਾਫ਼ ਘਰ) ’ਚ। ਸੋਹਨਿ- ਸ਼ੋਭਦੇ ਹਨ। ਪੰਚ- ਪੰਚ ਜਨ [ਜੋ ਸਚਖੰਡ ’ਚ ਪਹੁੰਚ ਗਏ। ਜਿਨ੍ਹਾਂ ਨੇ ਦਸਵਾਂ ਗੁਪਤ ਦੁਆਰ ਜਾਂ ਤੁਰੀਆਵਸਥਾ ਜਾਂ ਬੇਗ਼ਮਪੁਰੇ ਨੂੰ ਮਹਿਸੂਸ ਕਰ ਲਿਆ ਯਾਨੀ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਗਏ; ਜਿਵੇਂ ਕਿ ਵਾਕ ਹੈ, ‘‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥’’ (ਮਹਲਾ ੫/੨੯੭) ਭਾਵ ਉਹੀ ਅਸਲ ਪੰਚ ਜਨ ਹਨ, ਪ੍ਰਧਾਨ ਹਨ, ਜਿਨ੍ਹਾਂ ਨੇ ਜਗਤ-ਰਚਨਾ (ਧਰਮਖੰਡ) ਦਾ ਮਨੋਰਥ ਜਾਣ ਲਿਆ]। ਪਰਵਾਣੁ- ਕਬੂਲ। ਨਦਰੀ- ਦਇਆ ਦ੍ਰਿਸ਼ਟੀ ਕਰਨ ਵਾਲ਼ਾ। ਕਰਮਿ- ਫ਼ਜ਼ਲ ਨਾਲ਼, ਮਿਹਰ ਨਾਲ਼। ਨੀਸਾਣੁ- ਕਬੂਲਗੀ ਦਾ ਚਿੰਨ੍ਹ, ਸਿਰੋਪਾ।
ਅਰਥ : ਉਸ (ਸੱਚੇ ਦਰਬਾਰ) ’ਚ ਪੰਚ ਜਨ ਹੀ ਕਬੂਲ ਹਨ, ਸ਼ੋਭਦੇ ਹਨ। ਮਿਹਰਬਾਨ (ਦਾਤਾਰ) ਦੀ ਮਿਹਰ ਨਾਲ਼ (ਉਨ੍ਹਾਂ ਨੂੰ) ਸਿਰੋਪਾ ਪੈਂਦਾ ਹੈ।
ਕਚ ਪਕਾਈ, ਓਥੈ ਪਾਇ॥ ਨਾਨਕ ! ਗਇਆ ਜਾਪੈ ਜਾਇ॥ ੩੪॥ ਉਚਾਰਨ : ਗਇਆਂ।
ਪਦ ਅਰਥ : ਕਚ ਪਕਾਈ – ਕੱਚੀ ਅਤੇ ਪੱਕੀ ਕੀਤੀ ਕਮਾਈ, ਚੰਗੇ-ਮੰਦੇ ਕੰਮ (ਦਾ ਫਲ਼)। ਓਥੈ- ਉਸ (ਸੱਚੇ ਦਰਵਾਰ/ਇਨਸਾਫ਼ ਘਰ) ’ਚ। ਪਾਇ- ਪੈਂਦਾ ਹੈ, ਮਿਲਦਾ ਹੈ। ਨਾਨਕ- ਹੇ ਨਾਨਕ ! ਗਇਆ- (ਓਥੇ) ਪਹੁੰਚਿਆਂ, ਜਾਣ ’ਤੇ ਭਾਵ ਸਚਖੰਡ ਅਵਸਥਾ ਭੋਗਣ ’ਤੇ। ਜਾਪੈ- ਅਨੁਮਾਨ ਲੱਗਦਾ ਹੈ (ਕਿ ਕਿਸ ਨੇ ਕੱਚੀ ਤੇ ਕਿਸ ਨੇ ਪੱਕੀ ਕਮਾਈ ਕੀਤੀ ਹੈ)। ਜਾਇ- ਜਾ ਕੇ।
ਅਰਥ : ਹੇ ਨਾਨਕ ! ਚੰਗੇ-ਮੰਦੇ ਕੰਮ (ਦਾ ਮੁੱਲ) ਓਥੇ ਪੈਂਦਾ ਹੈ। (ਨਫ਼ਾ-ਨੁਕਸਾਨ) ਉੱਥੇ ਜਾ ਕੇ ਜਾਣਿਆ ਜਾਂਦਾ ਹੈ (ਕਿ ਕੌਣ ਆਵਾਗਮਣ ’ਚ ਗਿਆ ਤੇ ਕੌਣ ਪ੍ਰਭੂ ’ਚ ਲੀਨ ਹੋਇਆ)।
ਵਿਚਾਰ : ਰੂਹਾਨੀਅਤ ਦੇ ਦੂਜੇ ਪੜਾਅ (ਗਿਆਨਖੰਡ) ’ਚ ਉਕਤ ਧਰਮਸ਼ਾਲ ਵਰਗੀਆਂ ਹੋਰ ਅਣਗਿਣਤ ਧਰਮਸ਼ਾਲਾਵਾਂ ਭਾਵ ਅਨੇਕਾਂ ਧਰਮਖੰਡਾਂ ਦਾ ਜ਼ਿਕਰ ਹੈ।
ਧਰਮਖੰਡ ਕਾ, ਏਹੋ ਧਰਮੁ॥ ਗਿਆਨਖੰਡ ਕਾ, ਆਖਹੁ ਕਰਮੁ॥
ਪਦ ਅਰਥ : ਧਰਮਖੰਡ ਕਾ- ਧਰਮਸ਼ਾਲ ਰਚਨ ਦਾ। ਏਹੋ ਧਰਮੁ- ਇਹੀ ਮੰਤਵ, ਇਹੀ ਸਿਧਾਂਤ, ਇਹੀ ਟੀਚਾ। ਗਿਆਨਖੰਡ ਕਾ- (ਅਣਗਿਣਤ ਧਰਮਖੰਡਾਂ ਬਾਰੇ) ਜਾਣਨ ਵਾਲ਼ੀ ਅਵਸਥਾ ਦਾ। ਆਖਹੁ- (ਅਗਾਂਹ) ਆਖਣਾ ਹੈ, ਦੱਸਣਾ ਹੈ। ਕਰਮੁ- ਕੰਮ, ਮੰਤਵ, ਮਨੋਰਥ।
ਅਰਥ : ਧਰਮਖੰਡ ਦਾ ਇਹੋ (ਜੋ ਪਿਛਾਂਹ 34ਵੀਂ ਪਉੜੀ ’ਚ ਹੈ) ਮਨੋਰਥ ਸੀ। ਗਿਆਨਖੰਡ ਦਾ ਮਨੋਰਥ (ਅਗਾਂਹ) ਦੱਸਿਆ ਜਾਣਾ ਹੈ।
ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ੍ ਮਹੇਸ॥ ਉਚਾਰਨ : ਮਹੇਸ਼।
ਪਦ ਅਰਥ : ਕੇਤੇ- ਕਿੰਨੇ ਹੀ। ਪਵਣ- ਹਵਾਵਾਂ। ਵੈਸੰਤਰ- ਅੱਗਾਂ/ਅਗਨੀਆਂ [ਨੋਟ : ‘ਪਵਣ’ ਤੇ ਵੈਸੰਤਰ/ਬੈਸੰਤਰ’ ਸ਼ਬਦ ਸੰਸਕ੍ਰਿਤ ਦੇ ਹਨ, ਜੋ ਪੁਲਿੰਗ ਹਨ; ਇਸਤਰੀ ਲਿੰਗ ਨਹੀਂ ਤਾਹੀਓਂ ਇਹ ‘ਪਵਨੁ, ਪਵਣੁ, ਬੈਸੰਤਰੁ’ (ਇੱਕ ਵਚਨ ਪੁਲਿੰਗ) ਰੂਪ ’ਚ ਭੀ ਹੁੰਦੇ ਹਨ ਜਾਂ ‘ਪਵਣਿ’ ਤੇ ‘ਬੈਸੰਤਰਿ’-ਕਾਰਕੀ ਅਰਥ ਦੇਣ ਵਾਲ਼ੇ ਰੂਪ ’ਚ ਭੀ]। ਕੇਤੇ ਕਾਨ ਮਹੇਸ- ਕਿੰਨੇ ਹੀ ਕ੍ਰਿਸ਼ਨ ਜੀ, ਕਿੰਨੇ ਹੀ ਸ਼ਿਵ ਜੀ, ਆਦਿ।
ਅਰਥ : (ਜਿਸ ਨੂੰ ਸਦਾ ਚੇਤੇ ਰਹਿੰਦਾ ਹੈ ਕਿ ਕੁਦਰਤ ’ਚ) ਕਿੰਨੀਆਂ ਹੀ ਹਵਾਵਾਂ, ਕਿੰਨੇ ਹੀ ਪਾਣੀ (ਸਮੁੰਦਰ), ਕਿੰਨੀਆਂ ਹੀ ਅਗਨੀਆਂ, ਕਿੰਨੇ ਹੀ ਸ੍ਰੀ ਕ੍ਰਿਸ਼ਨ, ਕਿੰਨੇ ਹੀ ਸ਼ਿਵ ਜੀ ਆਦਿ ਹਨ (ਉਹ ਰੂਹਾਨੀਅਤ ਦੇ ਦੂਜੇ ਪੜਾਅ ’ਚ ਚਲਾ ਗਿਆ ਯਾਨੀ ਉਹ ਇਸ ਧਰਤੀ ਦੀਆਂ ਉਕਤ ਕੁਦਰਤੀ ਸ਼ਕਤੀਆਂ ਤੋਂ ਹੀ ਪ੍ਰਭਾਵਤ ਨਹੀਂ ਰਹੇਗਾ ਕਿਉਂਕਿ ਉਸ ਦਾ ਪ੍ਰਭੂ; ਵਿਸ਼ਾਲ ਪਰਵਾਰ ਦਾ ਮਾਲਕ ਜਾਪਣ ਲੱਗ ਗਿਆ)।
ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ, ਕੇ ਵੇਸ॥ ਉਚਾਰਨ : ਬਰ੍ਹਮੇ, ਘੜੀਅਹਿਂ।
ਪਦ ਅਰਥ : ਬਰਮੇ- ਬ੍ਰਹਮੇ ਆਦਿ। ਘਾੜਤਿ ਘੜੀਅਹਿ- ਜੀਵਾਂ ਦੀ ਬਣਤਰ ਘੜਦੇ ਹਨ, ਜੀਵਾਂ ਨੂੰ ਸਿਰਜਦੇ ਹਨ। ਕੇ ਵੇਸ- ਕਈ ਪਹਿਰਾਵਿਆਂ ’ਚ, ਅਨੇਕਾਂ ਸ਼ਕਲਾਂ ’ਚ, ਕਈ ਰੂਪਾਂ ’ਚ।
ਅਰਥ : ਕਿੰਨੇ ਹੀ ਬ੍ਰਹਮਾ ਆਦਿ (ਮਨੁੱਖ); ਕਈ ਰੂਪਾਂ (ਛੋਟੀ ਵੱਡੀ ਨੱਕ, ਅੱਖ ਵਾਲ਼ੇ), ਕਈ ਰੰਗਾਂ (ਕਾਲੇ, ਗੋਰੇ) ’ਚ ਸਿਰਜੇ ਜਾ ਰਹੇ ਹਨ।
ਕੇਤੀਆ ਕਰਮ ਭੂਮੀ, ਮੇਰੁ ਕੇਤੇ, ਕੇਤੇ ਧੂ ਉਪਦੇਸ॥ ਉਚਾਰਨ : ਕੇਤੀਆਂ, ਉਪਦੇਸ਼।
ਪਦ ਅਰਥ : ਕੇਤੀਆ- ਕਿੰਨੀਆਂ ਹੀ। ਕਰਮ ਭੂਮੀ- ਧਰਮ ਕਮਾਉਣ ਦੀਆਂ ਥਾਵਾਂ, ਧਰਮਸ਼ਾਲਾਂ। ਮੇਰੁ- ਮੇਰੂ ਪਰਬਤ। ਧੂ- ਧ੍ਰੂਵ ਭਗਤ। ਉਪਦੇਸ- ਅਨੇਕਾਂ ਉਪਦੇਸ਼ਕ-ਰਿਸ਼ੀ (ਜਦ ਕਿ ਧਰੂ ਭਗਤ ਨੂੰ ਇੱਥੇ ਉਪਦੇਸ਼ ਦੇਣ ਵਾਲ਼ੇ ਮਾਤਰ 7 ਰਿਸ਼ੀ ਸਨ)।
ਅਰਥ : ਕਿੰਨੀਆਂ ਹੀ ਧਰਮਸ਼ਾਲਾਂ ਹਨ। (ਇਨ੍ਹਾਂ ’ਤੇ) ਕਿੰਨੇ ਹੀ ਸੁਮੇਰ ਪਰਬਤ ਹਨ। ਕਿੰਨੇ ਹੀ ਧ੍ਰੂਵ ਭਗਤ ਹਨ। (ਉਨ੍ਹਾਂ ਲਈ) ਕਿੰਨੇ ਹੀ ਉਪਦੇਸ਼ਕ-ਰਿਸ਼ੀ ਹਨ।
ਵਿਚਾਰ : ਭਾਗਵਤ ਤੇ ਵਿਸਨੁ ਪੁਰਾਣ ’ਚ ਕਥਾ ਹੈ ਕਿ ਰਾਜਾ ਉੱਤਾਨਪਾਦ ਦੀਆਂ ਦੋ ਰਾਣੀਆਂ (ਸੁਨੀਤਿ ਤੇ ਸੁਰੁਚਿ) ਸਨ। ਸੁਨੀਤਿ ਦੇ ਗਰਭ ਤੋਂ ਧਰੂ ਨੇ ਅਤੇ ਸੁਰੁਚਿ ਤੋਂ ਉੱਤਮ ਨੇ ਜਨਮ ਲਿਆ। ਰਾਜੇ ਦਾ ਪ੍ਰੇਮ ਛੋਟੀ ਰਾਣੀ ਸੁਰੁਚਿ ਵੱਲ ਵੱਧ ਸੀ। ਇੱਕ ਦਿਨ ਰਾਜੇ ਦੀ ਗੋਦ ’ਚ ਛੋਟੇ ਉੱਤਮ ਨੂੰ ਬੈਠਾ ਵੇਖ ਵੱਡੇ ਧਰੂ ਨੇ ਭੀ ਪਿਤਾ ਦੀ ਗੋਦ ’ਚ ਬੈਠਣ ਦੀ ਇੱਛਾ ਜਤਾਈ, ਪਰ ਸੁਰੁਚਿ ਨੇ ਕਿਹਾ ਕਿ ਇਸ ਰਾਜ ਗੱਦੀ ਦਾ ਹੱਕਦਾਰ ਮੇਰਾ ਬੇਟਾ (ਉੱਤਮ) ਹੈ, ਤੂੰ ਨਹੀਂ। ਧਰੂ ਨੇ ਇਹ ਗੱਲ ਆਪਣੀ ਮਾਤਾ (ਸੁਨੀਤਿ) ਨੂੰ ਦੱਸੀ। ਉਸ ਨੇ ਕਿਹਾ ਕਿ ਜੇਕਰ ਤੂੰ ਰਾਜ ਸਿੰਘਾਸਣ ’ਤੇ ਬੈਠਣਾ ਹੈਂ ਤਾਂ ਵਿਸ਼ਨੂੰ (ਰਿਗ ਵੇਦ ਅਨੁਸਾਰ ਆਰੀਅਨ ਇੰਦ੍ਰ ਦਾ ਛੋਟਾ ਭਰਾ) ਦੀ ਭਗਤੀ ਕਰ। ਮਾਤਾ ਤੋਂ ਅਸ਼ੀਰਵਾਦ ਲੈ ਕੇ ਧਰੂ (ਦੱਖਣ ਭਾਰਤ ’ਚ ਦਰਾਵੜ ਜਾਤੀ ਸੀ/ਹੈ, ਇਸ ਲਈ ਧਰੂ ਦਰਾਵੜ ਸੀ); ਸ਼ਾਹੀ ਮਹਿਲ ਛੱਡ ਜੰਗਲ਼ਾਂ ’ਚ ਭਗਤੀ ਕਰਨ ਚਲਾ ਗਿਆ। ਜਿੱਥੇ ਇਸ ਨੂੰ 7 ਰਿਸ਼ੀ ਮਿਲੇ, ਜਿਨ੍ਹਾਂ ਨੇ ਭਗਤੀ ਕਰਨ ਦੀ ਯੁਕਤੀ ਦੱਸੀ ਭਾਵ ਅੰਮ੍ਰਿਤਮਈ ਉਪਦੇਸ਼ ਦਿੱਤੇ। ਮੰਨਿਆ ਜਾਂਦਾ ਹੈ ਕਿ ਸਖ਼ਤ ਤਪੱਸਿਆ ਤੇ ਸਾਧਨਾ ਤੋਂ ਪ੍ਰਸੰਨ ਹੋ ਕੇ ਵਿਸ਼ਨੂੰ ਨੇ ਧਰੂ ਨੂੰ ਦਰਸ਼ਨ ਦਿੱਤੇ ਤੇ ਇੱਛਾ ਪੂਰੀ ਹੋਣ ਦਾ ਵਰਦਾਨ ਦਿੱਤਾ। ਜਦ ਧਰੂ ਵਾਪਸ ਘਰ ਆਇਆ ਤਾਂ ਪਿਤਾ ਨੇ ਇੱਜ਼ਤ-ਮਾਣ ਨਾਲ਼ ਰਾਜ ਸਿੰਘਾਸਣ ’ਤੇ ਬੈਠਾਇਆ। ਧਰੂ ਭਗਤ ਨੇ 36000 ਸਾਲ ਰਾਜ ਕੀਤਾ, ਮੰਨਿਆ ਜਾਂਦਾ ਹੈ। ਦੂਜੇ ਪਾਸੇ ਉੱਤਮ; ਸ਼ਿਕਾਰ ਖੇਡਣ ਗਿਆ ਮਾਰਿਆ ਗਿਆ। ਸੋ ਗਿਆਨਖੰਡ ’ਚ ਭਗਤ ਕੇਵਲ ਇਸੇ ਇੱਕ ਸਾਥੀ ’ਤੇ ਆਧਾਰਿਤ ਨਹੀਂ ਹੁੰਦਾ ਬਲਕਿ ਉਸ ਨੂੰ ਕਿੰਨੇ ਹੀ ਧਰੂ ਭਗਤ ਅਤੇ ਇਸ ਨੂੰ ਉਪਦੇਸ਼ ਦੇਣ ਵਾਲ਼ੇ ਕਿੰਨੇ ਹੀ ਰਿਸ਼ੀਆਂ ਦਾ ਬੋਧ ਹੋ ਜਾਂਦਾ ਹੈ ਯਾਨੀ ਕਿ ਗਿਆਨਖੰਡ; ਧਰਮਖੰਡ ’ਚ ਬਿਆਨ ਕੀਤੀਆਂ ਅਥਾਹ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਤੋਂ ਮੁਕਤ ਕਰਦਾ ਹੈ।
ਕੇਤੇ ਇੰਦ, ਚੰਦ ਸੂਰ ਕੇਤੇ; ਕੇਤੇ ਮੰਡਲ ਦੇਸ॥
ਪਦ ਅਰਥ : ਇੰਦ- ਇੰਦ੍ਰ ਆਦਿ। ਚੰਦ ਸੂਰ- ਅਨੇਕਾਂ ਸੂਰਜ ਅਤੇ ਅਨੇਕਾਂ ਚੰਦਮਾ। ਮੰਡਲ ਦੇਸ- ਤਾਰਿਆਂ ਦੇ ਝੁੰਡ।
ਅਰਥ : (ਭਗਤ ਦੀ ਸੁਰਤਿ ’ਤੇ ਗਿਆਨਖੰਡ ਐਸਾ ਪ੍ਰਭਾਵ ਪਾਉਂਦਾ ਹੈ ਕਿ) ਕਿੰਨੇ ਹੀ ਇੰਦ੍ਰ, ਕਿੰਨੇ ਹੀ ਚੰਦ੍ਰਮਾ, ਕਿੰਨੇ ਹੀ ਸੂਰਜ ਤੇ ਕਿੰਨੇ ਹੀ ਤਾਰਿਆਂ ਦੇ ਝੁੰਡ (ਗਲੈਕਸੀਆਂ, ਆਦਿ) ਹਨ।
ਕੇਤੇ ਸਿਧ ਬੁਧ; ਨਾਥ ਕੇਤੇ, ਕੇਤੇ ਦੇਵੀ ਵੇਸ॥
ਪਦ ਅਰਥ : ਸਿਧ- ਪੁੱਗੇ ਹੋਏ ਜੋਗੀ। ਬੁਧ- ਮਹਾਤਮਾ ਬੁੱਧ ਆਦਿ। ਕੇਤੇ ਵੇਸ- ਕਿੰਨੇ ਹੀ ਪਹਿਰਾਵੇ, ਸ਼ਕਲਾਂ। ਦੇਵੀ- ਦੇਵੀਆਂ ਦੇ।
ਅਰਥ : ਕਿੰਨੇ ਹੀ ਕਰਾਮਾਤੀ ਜੋਗੀ ਹਨ। ਕਿੰਨੇ ਹੀ ਮਹਾਤਮਾ ਬੁੱਧ ਹਨ। ਕਿੰਨੇ ਹੀ ਨਾਥ (ਜੋਗੀਆਂ ਦੇ ਗੁਰੂ) ਤੇ ਕਿੰਨੇ ਹੀ ਦੇਵੀਆਂ ਦੇ ਸਰੂਪ ਹਨ।
ਕੇਤੇ ਦੇਵ ਦਾਨਵ; ਮੁਨਿ ਕੇਤੇ, ਕੇਤੇ ਰਤਨ ਸਮੁੰਦ॥
ਪਦ ਅਰਥ : ਕੇਤੇ ਦੇਵ- ਕਿੰਨੇ ਹੀ ਦੇਵਤੇ। ਕੇਤੇ ਦਾਨਵ- ਕਿੰਨੇ ਹੀ ਦੈਂਤ। ਮੁਨਿ ਕੇਤੇ- ਕਿੰਨੇ ਰਿਸ਼ੀ ਮੁਨੀ। ਕੇਤੇ ਰਤਨ ਸਮੁੰਦ- ਸਮੁੰਦਰਾਂ ’ਚੋਂ ਮਿਲੇ ਕਿੰਨੇ ਹੀ ਰਤਨ (ਨਾ ਕਿ ਕੇਵਲ 14 ਰਤਨ ਹਨ, ਜਿਨ੍ਹਾਂ ਲਈ ਇਹ ਦੇਵਤੇ ਤੇ ਦੈਂਤ ਆਪਸ ’ਚ ਲੜਦੇ-ਝਗੜਦੇ, ਮੰਨੇ ਜਾਂਦੇ ਹਨ)।
ਅਰਥ : ਕਿੰਨੇ ਹੀ ਦੇਵਤੇ ਹਨ। ਕਿੰਨੇ ਹੀ ਦੈਂਤ/ਰਾਖਸ਼ ਹਨ। ਕਿੰਨੇ ਹੀ ਰਿਸ਼ੀ-ਮੁਨੀ ਹਨ। ਕਿੰਨੇ ਹੀ ਸਮੁੰਦਰ (ਤੇ ਉਨ੍ਹਾਂ ’ਚੋਂ ਨਿਕਲੇ) ਕਿੰਨੇ ਹੀ ਰਤਨ ਹਨ।
ਕੇਤੀਆ ਖਾਣੀ, ਕੇਤੀਆ ਬਾਣੀ; ਕੇਤੇ ਪਾਤ ਨਰਿੰਦ॥ ਉਚਾਰਨ : ਕੇਤੀਆਂ।
ਪਦ ਅਰਥ : ਕੇਤੀਆਂ ਖਾਣੀ- (ਚਾਰ ਖਾਣੀਆਂ ‘ਅੰਡਜ, ਜੇਰਜ, ਸੇਤਜ, ਉਤਭੁਜ’ ਹੀ ਨਹੀਂ ਬਲਕਿ ਜੀਵ ਉਤਪਤੀ ਦੀਆਂ) ਕਿੰਨੀਆਂ ਹੀ ਖਾਣੀਆਂ। ਕੇਤੀਆ ਬਾਣੀ- (ਚਾਰ ਬਾਣੀਆਂ ‘ਪਰਾ, ਪਸ਼ਿਅੰਤੀ, ਮਧਿਅਮਾ ਤੇ ਵੈਖਰੀ’ ਹੀ ਨਹੀਂ ਬਲਕਿ) ਕਿੰਨੀਆਂ ਹੀ ਬਾਣੀਆਂ ਭਾਵ ਬੋਲ/ਅਵਾਜ਼ ਰੁਕਣ ਵਾਲ਼ੇ ਸਰੀਰਾਂ ਅੰਦਰ ਪੜਾਅ। ਪਾਤ- ਪਾਤਿਸ਼ਾਹ। ਨਰਿੰਦ- ਨਰਾਂ ਦੇ ਰਾਜੇ, ਬਾਦਿਸ਼ਾਹ।
ਅਰਥ : ਕਿੰਨੀਆਂ ਹੀ ਖਾਣੀਆਂ ਹਨ। ਕਿੰਨੀਆਂ ਹੀ ਬਾਣੀਆਂ ਹਨ। ਕਿੰਨੇ ਹੀ ਰਾਜੇ ਪਾਤਿਸ਼ਾਹ ਹਨ।
ਸਰੀਰ ਅੰਦਰ ਚਾਰ ਬਾਣੀਆਂ/ਬੋਲੀਆਂ/ਅਵਾਜ਼ ਦੇ ਪੜਾਅ-ਸਥਾਨ ਮੰਨੇ ਗਏ ਹਨ: ਜਦ ਸ਼ਬਦ ਮੂਲਾਧਾਰ ’ਚ ਹੋਵੇ ‘ਪਰਾ’, ਜਦ ਸ਼ਬਦ ਹਿਰਦੇ ’ਚ ਆ ਜਾਵੇ ‘ਪਸ਼ਿਅੰਤੀ’, ਜਦ ਸ਼ਬਦ ਕੰਠ ’ਚ ਹੋਵੇ ‘ਮਧਿਅਮਾ’ ਤੇ ਜਦ ਸ਼ਬਦ ਉਚਾਰਨ ਹੋ ਰਿਹਾ ਹੋਵੇ ‘ਵੈਖਰੀ’।
ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ॥ ੩੫॥ ਉਚਾਰਨ : ਕੇਤੀਆਂ, ਸੁਰਤੀਂ।
ਪਦ ਅਰਥ : ਸੁਰਤੀ- ਸੁਰਤੀਆਂ, ਧਿਆਨ-ਸਾਧਨਾ ’ਚ ਟਿਕੀਆਂ ਸੁਰਤਾਂ। ਅੰਤੁ ਨ ਅੰਤੁ- ਕੋਈ ਸੀਮਾ ਨਹੀਂ।
ਅਰਥ : ਹੇ ਨਾਨਕ ! ਆਖ ਕਿ ਕਿੰਨੀਆਂ ਹੀ (ਭਗਤੀ ’ਚ ਮਗਨ ਅਦ੍ਰਿਸ਼) ਸੁਰਤਾਂ ਹਨ। ਕਿੰਨੇ ਹੀ (ਵਿਖਾਈ ਦੇਣਯੋਗ) ਸੇਵਕ ਹਨ (ਯਾਨੀ ਕੁੱਲ ਮਿਲਾ ਕੇ ‘ਕਰਤੇ ਕੈ ਕਰਣੈ’ ਦਾ) ਅੰਤ ਹੀ ਅੰਤ ਕੋਈ ਨਹੀਂ।
ਵਿਚਾਰ : ਰੂਹਾਨੀਅਤ ਦਾ ਅਗਲਾ ਤੀਜਾ ਪੜਾਅ; ‘ਸ਼੍ਰਮਖੰਡ’ ਹੈ। ਜੋ ਕੁੱਝ ਧਰਮਖੰਡ ਤੇ ਗਿਆਨਖੰਡ ’ਚ ਸੁਣਿਆ ਹੈ; ਉਸ ਨੂੰ ਇਸ ਪੜਾਅ ’ਚ ਮੰਨਣ (ਅਮਲ ’ਚ ਲਿਆਉਣ) ਲਈ ਅੰਦਰੂਨੀ ਸੰਘਰਸ਼ ਕਰਨਾ ਹੁੰਦਾ ਹੈ। ਇਹ ਸਵੈ ਪੜਚੋਲ ਨਾਲ਼ ਸਬੰਧਿਤ ਵਿਸ਼ਾ ਹੈ। ਪਿਛਲੇ ਦੋ ਪੜਾਅ ’ਚ ਜਦ ਸਮਝ ਆ ਗਈ ਕਿ ਦਾਤਾਰ-ਪਿਤਾ ਨੇ ਕਿੰਨਾ ਵਿਸ਼ਾਲ ਅਤੇ ਅਰਥ ਭਰਪੂਰ ਜਗਤ ਰਚਿਆ ਹੈ ਤਾਂ ਪਤਾ ਲੱਗਾ ਕਿ ਮੈਂ ਐਵੇਂ ਆਪਣੀ ਅਕਲ, ਆਪਣੇ ਧਨ ਤੇ ਆਪਣੇ ਸਰੀਰ-ਪਰਵਾਰ ਦਾ ਮਾਣ ਕਰੀ ਜਾ ਰਿਹਾ ਹਾਂ ਜਦ ਕਿ ਕਰਤਾਰ ਦੀ ਵਿਸ਼ਾਲਤਾ ’ਚ ਮੇਰੀ ਪਾਇਆਂ ਤੁੱਛ ਹੈ। ਇਸ ਤਰ੍ਹਾਂ ਗੁਰੂ ਸ਼ਬਦ-ਰੌਸ਼ਨੀ ’ਚ ਆਪਣੇ ਆਪ ਨੂੰ ਪੜਚੋਲਣਾ ਹੈ। ਆਪਣੇ ਅੰਦਰੂਨੀ ਵਿਕਾਰਾਂ ਨੂੰ ਸਮਝਣਾ ਹੈ। ਗੁਰੂ ਦੀ ਭੈ-ਭਾਵਨੀ ’ਚ ਰਹਿੰਦਿਆਂ ਵਿਕਾਰਾਂ ’ਤੇ ਜਿੱਤ ਹਾਸਲ ਕਰਨੀ ਹੈ। ਉਨ੍ਹਾਂ ਤੋਂ ਆਪਣੀ ਸੁਆਸ-ਪੂੰਜੀ ਨੂੰ ਬਚਾਉਣੀ ਹੈ। ਗੁਰੂ ਦਾ ਧੰਨਵਾਦ ਕਰਨਾ ਹੈ ਕਿ ਆਪ ਨੇ ਜੀਵਨ ਨੂੰ ਰੌਸ਼ਨ ਕਰਨ ’ਚ ਮਦਦ ਕੀਤੀ। ਅਰਦਾਸ, ਬੇਨਤੀ ਕਰਨੀ ਹੈ। ਸਤਿਗੁਰੂ ਦੀ ਬੋਲ-ਬਾਣੀ ਨੂੰ ਆਪਣੀ ਬੋਲ-ਬਾਣੀ ਬਣਾ ਕੇ ਦਿਆਲੂ ਦਾਤਾਰ-ਪਿਤਾ ਨਾਲ਼ ਸੰਵਾਦ (ਮਾਧੋ ! ਹਮ ਐਸੇ; ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ; ਨੀਕੋ ਠਾਕੁਰ ਦੇਸਾ ॥ ਰਹਾਉ ॥ ਮਹਲਾ ੫/੬੧੩) ਰਚਾਉਣਾ ਹੈ, ਆਦਿ। ਇਸ ਤਰ੍ਹਾਂ ਜਿਹੜੀ ਜੀਵਨ ਘਾੜਤ ਘੜੀ ਜਾਣੀ ਹੈ; ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ; ਜਿਵੇਂ ਕਿ ਇਸ ਪਉੜੀ ’ਚ ਕਿਹਾ ਹੈ, ‘‘ਤਾ ਕੀਆ ਗਲਾ, ਕਥੀਆ ਨਾ ਜਾਹਿ॥ ਜੇ ਕੋ ਕਹੈ, ਪਿਛੈ ਪਛੁਤਾਇ॥੩੬॥’’, ਐਸੀ ਹੀ ਜੀਵਨ-ਘਾੜਨ ਦਾ ਜ਼ਿਕਰ; ‘ਮੰਨੈ’ ਵਾਲ਼ੀਆਂ ਪਉੜੀਆਂ ’ਚ ਹੈ, ‘‘ਮੰਨੇ ਕੀ ਗਤਿ; ਕਹੀ ਨ ਜਾਇ ॥ ਜੇ ਕੋ ਕਹੈ; ਪਿਛੈ ਪਛੁਤਾਇ ..॥੧੨॥’’ (ਜਪੁ)
ਗਿਆਨਖੰਡ ਮਹਿ, ਗਿਆਨੁ ਪਰਚੰਡੁ॥ ਤਿਥੈ; ਨਾਦ ਬਿਨੋਦ ਕੋਡ ਅਨੰਦੁ॥
ਪਦ ਅਰਥ : ਗਿਆਨਖੰਡ ਮਹਿ- (ਅਨੇਕਾਂ ਧਰਮਸ਼ਾਲਾਂ ਰਚਨ ਦਾ ਮੰਤਵ) ਸਮਝ ਚੁੱਕੇ ਪੜਾਅ ’ਚ। ਗਿਆਨੁ ਪਰਚੰਡੁ- ਦਿਮਾਗ਼ੀ-ਗਿਆਨ ਤੀਬਰ, ਸਮਝ ਤੇਜ਼। ਤਿਥੈ- ਉਸ (ਅਵਸਥਾ) ’ਚ)। ਨਾਦ- ਅਨੰਦਮਈ ਧੁਨ, ਵਿਸਮਾਦਮਈ ਵਲਵਲਾ। ਬਿਨੋਦ- ਕੌਤਕ, ਚੋਜ-ਤਮਾਸ਼ੇ।
ਅਰਥ : ਗਿਆਨਖੰਡ ’ਚ ਸੁਰਤਿ ਵਿਕਾਸ ਬੜਾ ਵਿਸ਼ਾਲ ਹੋ ਜਾਂਦਾ ਹੈ। ਉਸ ਅਵਸਥਾ ’ਚ (ਕੁਦਰਤ ਨੂੰ ਰਚਨ ਦੇ) ਵਿਸਮਾਦਮਈ ਕੌਤਕ (ਗਿਆਨ ਇੰਦ੍ਰਿਆਂ ਨਾਲ਼) ਵੇਖੀਦੇ ਹਨ, ਜਾਣ ਲਈਦੇ ਹਨ; ਜਿਵੇਂ ਕਿ ਅੱਗ ਤੇ ਪਾਣੀ, ਸ਼ੇਰ ਤੇ ਬੱਕਰੀ ਇਕੱਠੇ ਰਹਿ ਰਹੇ ਹੋਣ। ਲੱਕੜ ’ਚ ਅੱਗ ਹੈ, ਪਰ ਉਸ ਨੂੰ ਜਲਾਉਂਦੀ ਨਹੀਂ। ਧਰਤੀ ’ਤੇ ਸਮੁੰਦਰ ਦਾ ਪਾਣੀ 71% ਹੈ, ਫਿਰ ਭੀ 29% ਮਿੱਟੀ ਨੂੰ ਆਪਣੇ ’ਚ ਨਹੀਂ ਡੋਬਦਾ, ਘੋਲ਼ਦਾ। ਇਸ ਬਾਰੇ ਗੁਰਬਾਣੀ ’ਚ ਬਚਨ ਹਨ, ‘‘ੲੰੀਧਨ (ਲਕੜੀ) ਤੇ ਬੈਸੰਤਰੁ ਭਾਗੈ ॥ ਮਾਟੀ ਕਉ; ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/੯੦੦)
ਸਾਡੇ ਸੂਰਜੀ ਪਰਵਾਰ ’ਚ ਦੋ ਗ੍ਰਹਿ (ਸ਼ੁਕਰ ਤੇ ਯੂਰੇਨਸ) ਘੜੀ ਦੀਆਂ ਸੂਈਆਂ ਵਾਙ ਸਿੱਧੇ (ਪੂਰਬ-ਦੱਖਣ-ਪੱਛਮ-ਉੱਤਰ ਨੂੰ) ਘੁੰਮਦੇ ਹਨ ਜਦ ਕਿ ਬਾਕੀ ਸਾਰੇ ਗ੍ਰਹਿ (ਬੁੱਧ, ਮੰਗਲ, ਸ਼ਨੀ, ਬ੍ਰਹਸਪਤੀ, ਆਦਿ) ਇਨ੍ਹਾਂ ਤੋਂ ਉਲ਼ਟ (ਘੜੀ ਦੀਆਂ ਸੂਈਆਂ ਦੇ ਉਲ਼ਟ ਪੱਛਮ-ਦੱਖਣ-ਪੂਰਬ-ਉੱਤਰ ਨੂੰ) ਘੁੰਮਦੇ ਹੋਏ ਸੂਰਜ ਦਾ ਚੱਕਰ ਲਗਾਉਂਦੇ ਹਨ। ਇਸ ਤਰ੍ਹਾਂ ਦੀ ਵਿਪਰੀਤ ਖਿੱਚੋ-ਤਾਣ (ਕਸ਼ਮਕਸ਼) ਕਾਰਨ ਅਕਾਸ਼ ਗੰਗਾ ’ਚ ਆਮ ਪਦਾਰਥ (5% ਤਾਰੇ, ਗ੍ਰਹਿ ਆਦਿ) ਨੂੰ ਡਾਰਕ ਐਨਰਜੀ (68.2%); ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸੈਕਿੰਟ) ਨਾਲ਼ ਬਾਹਰ ਧੱਕ ਰਹੀ ਹੈ ਜਦ ਕਿ ਇਸ ਦੇ ਉਲ਼ਟ ਡਾਰਕ ਮੈਟਰ (26.8%) ਇਨ੍ਹਾਂ (5% ਤਾਰਿਆਂ) ਨੂੰ ਆਪਣੇ ਗੁਰੂਤਾਕਰਸ਼ਣ ਬਲ (Gravity) ਨਾਲ਼ ਅੰਦਰ (ਬਲੈਕ ਹੋਲ) ਵੱਲ ਖਿੱਚ ਰਿਹਾ ਹੈ ਯਾਨੀ ਅਕਾਸ਼ ’ਚ ਤਾਰੇ, ਗ੍ਰਹਿ; ਡਾਰਕ ਐਨਰਜੀ ਅਤੇ ਡਾਰਕ ਮੈਟਰ ਦੇ ਆਪਸੀ ਖਿੱਚ-ਖਿਚਾਅ ’ਚ ਤਣੇ ਫੈਲ ਰਹੇ ਹਨ ਤੇ ਆਪਣੇ ਆਪਣੇ ਬਲੈਕ ਹੋਲ ਦੁਆਲੇ ਘੁੰਮ ਭੀ ਰਹੇ ਹਨ। ਇਸ ਬਾਰੇ ਗੁਰਬਾਣੀ ’ਚ ਬਚਨ ਹਨ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼ ’ਚ) ਤਾਰੇ ॥ ਕਿਨਿ ਓਇ ਚੀਤੇ, ਚੀਤਨਹਾਰੇ ?॥੧॥ ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ ॥ ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥’’ (ਭਗਤ ਕਬੀਰ/੩੨੯) ਸੋ ਇਸ ਅਵਸਥਾ ’ਚ ਐਸੀ ਅਸਚਰਜਤਾ ਉਤਪੰਨ ਹੁੰਦੀ ਹੈ, ਜਿਸ ਨਾਲ਼ ਸ਼ਰਧਾਵਾਨ ਨੂੰ ਜਾਪਦਾ ਹੈ ਕਿ ਇਹ ਜਗਤ-ਰਚਨਾ ਪਿੱਛੇ ਕੋਈ ਅਦ੍ਰਿਸ਼ ਸ਼ਕਤੀ ਕਾਰਜਸ਼ੀਲ ਹੈ। ਓਹੀ ਅਸਲ ’ਚ ਦਾਤਾਰ-ਪਿਤਾ ਹੈ, ੴ ਹੈ, ਨਿਰਾਕਾਰ ਹੈ। ਗੁਰੂ ਦੀ ਰਾਹੀਂ ਆਪਣੇ ਅੰਦਰੋਂ ਵਿਕਾਰ ਖ਼ਤਮ ਕਰ ਉਸ ਨੂੰ ਲੱਭਣਾ, ਉਸ ਵਿੱਚ ਅਭੇਦ ਹੋਣਾ; ‘ਸ਼੍ਰਮਖੰਡ’ ਹੈ।
ਧਿਆਨ ਰਹੇ ਕਿ ਧਰਮਖੰਡ ਤੇ ਗਿਆਨਖੰਡ ’ਚ ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ, ਚਮੜੀ) ’ਚ ਗਿਆਨ ਦਾ ਵਾਧਾ ਹੁੰਦਾ ਹੈ, ਇਸ ਲਈ ਉਕਤ ਅਰਥ ਕਰਨ ਸਮੇਂ ਇਨ੍ਹਾਂ ਨੂੰ ਸ਼ਾਮਲ ਕੀਤਾ ਹੈ। ਹੁਣ ਅਗਾਂਹ ‘ਸ਼੍ਰਮਖੰਡ’ ’ਚ ਗਿਆਨ ਇੰਦ੍ਰੇ ਨਹੀਂ, ਅਨੁਭਵ ਨੂੰ ਨਿਖਾਰਨਾ ਹੈ, ਚਮਕਾਉਣਾ ਹੈ।
ਸਰਮਖੰਡ ਕੀ ਬਾਣੀ; ਰੂਪੁ॥ ਤਿਥੈ; ਘਾੜਤਿ ਘੜੀਐ, ਬਹੁਤੁ ਅਨੂਪੁ॥ ਉਚਾਰਨ : ਸ਼੍ਰਮਖੰਡ।
ਪਦ ਅਰਥ : ਸਰਮਖੰਡ ਕੀ- (ਧਰਮਖੰਡ ਤੇ ਗਿਆਨਖੰਡ ਵਾਲ਼ੇ ਕੁਦਰਤੀ ਅਚੰਭੇ/ਕੌਤਕ ਅਨੁਸਾਰ) ਅੰਦਰੂਨੀ ਤਬਦੀਲੀ ਕਰਨ ਵਾਲ਼ੀ ਸੰਘਰਸ਼ਮਈ ਅਵਸਥਾ ਦੀ। ਬਾਣੀ- ਬਣਾਵਟ। ਰੂਪੁ- ਸੁੰਦਰ, ਅਨੋਖੀ। ਤਿਥੈ- ਉਸ (ਸ਼੍ਰਮਖੰਡ) ਵਿੱਚ। ਘੜੀਐ- ਘੜੀ ਜਾਂਦੀ ਹੈ। ਅਨੂਪੁ- ਅਨ ਉਪਮਾ, ਉਪਮਾ ਰਹਿਤ (ਅਵਸਥਾ)।
ਅਰਥ : ਸ਼੍ਰਮਖੰਡ ਦੀ ਬਣਤਰ ਬਹੁਤ ਸੁੰਦਰ ਹੁੰਦੀ ਹੈ ਕਿਉਂਕਿ ਉਸ ਅਸਵਥਾ ’ਚ ਬੜੀ ਉਪਮਾ ਰਹਿਤ ਘਾੜਤ ਘੜੀਦੀ ਹੈ।
ਤਾ ਕੀਆ ਗਲਾ, ਕਥੀਆ ਨਾ ਜਾਹਿ॥ ਜੇ ਕੋ ਕਹੈ, ਪਿਛੈ ਪਛੁਤਾਇ॥
ਉਚਾਰਨ : ਕੀਆਂ, ਗੱਲਾਂ, ਕਥੀਆਂ, ਜਾਹਿਂ।
ਪਦ ਅਰਥ : ਤਾ ਕੀਆ ਗਲਾ- ਉਸ (ਸ਼੍ਰਮਖੰਡ) ਦੀਆਂ ਬਾਤਾਂ, ਮਨਮੋਹਕ ਨਜ਼ਾਰੇ/ਦ੍ਰਿਸ਼। ਨਾ ਕਥੀਆ ਜਾਹਿ- ਨਾ ਬਿਆਨ ਹੁੰਦੀਆਂ। ਜੇ ਕੋ- ਅਗਰ ਕੋਈ, ਜੇ ਕੋਈ। ਕਹੈ- ਬਿਆਨ ਕਰੇ। ਪਿਛੈ- (ਕਿਆਸ ਲਗਾਉਣ ਤੋਂ) ਬਾਅਦ ’ਚ। ਪਛੁਤਾਇ-ਅਫ਼ਸੋਸ ਕਰਦਾ ਹੈ (ਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝ ਨਾ ਸਕਿਆ ਭਾਵ ਉਸ ਨੂੰ ਪੂਰਨ ਬਿਆਨ ਕਰਨਯੋਗ ਨਹੀਂ ਸੀ)।
ਅਰਥ : ਉਸ (ਸ਼੍ਰਮਖੰਡ ਰੁਤਬੇ) ਦੇ ਅਨੰਦਮਈ ਕੌਤਕ ਦੱਸੇ ਨਹੀਂ ਜਾ ਸਕਦੇ। ਜੇ ਕੋਈ ਦੱਸੇ ਤਾਂ ਬਾਅਦ ’ਚ ਅਫ਼ਸੋਸ ਕਰਨਾ ਪੈਂਦਾ ਹੈ।
ਨੋਟ : ਧਿਆਨ ਰਹੇ ਕਿ ‘ਮੰਨੈ’ ਤੇ ‘ਸਰਮਖੰਡ’ ਅਵਸਥਾ ਬਿਆਨ ਨਹੀਂ ਹੋ ਸਕਦੀ (ਤਾ ਕੀਆ ਗਲਾ, ਕਥੀਆ ਨਾ ਜਾਹਿ) ਤੋਂ ਇਹ ਭਾਵ ਨਹੀਂ ਕਿ ਇਸ ਬਾਰੇ ਕੁੱਝ ਕਿਹਾ ਹੀ ਨਹੀਂ ਜਾ ਸਕਦਾ। ਇਸ ਦੀ ਵਿਆਖਿਆ ਲਈ ਹੀ ‘ਮੰਨੈ’ ਅਤੇ ‘ਸਰਮਖੰਡ’ ਪਉੜੀਆਂ ਉਚਾਰਨ ਕੀਤੀਆਂ ਹਨ। ਇਸ ਦਾ ਅਰਥ ਹੈ ਕਿ ਇਸ ਅਵਸਥਾ ਨੂੰ ਸਪਸ਼ਟ ਕਰਨ ਲਈ ਕੀਤੀ ਵਿਆਖਿਆ ’ਚ ਕੋਈ ਐਸੀ ਮਿਸਾਲ ਨਹੀਂ ਦਿੱਤੀ ਜਾ ਸਕਦੀ; ਜੈਸੀ ਕਿ ‘ਸੁਣਿਐ 4 ਪਉੜੀਆਂ, ਧਰਮਖੰਡ ਤੇ ਗਿਆਨਖੰਡ’ ’ਚ ਦਿੱਤੀ ਗਈ ਹੈ ਯਾਨੀ ਕਿ ਇਨ੍ਹਾਂ ਦੋਵੇਂ (ਮੰਨੈ 4 ਪਉੜੀਆਂ ਤੇ ਸਰਮਖੰਡ) ਸਥਾਨ ’ਤੇ ‘ਮੰਨੈ ਅਠਸਠਿ ਕਾ ਇਸਨਾਨੁ॥, ਮੰਨੈ ਈਸਰੁ ਬਰਮਾ ਇੰਦੁ॥’ ਜਾਂ ‘ਕੇਤੇ ਇੰਦ ਚੰਦ ਸੂਰ ਕੇਤੇ..॥’ ਵਾਙ ਮਿਸਾਲ ਨਹੀਂ ਦੇ ਸਕਦੇ।
ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ॥
ਪਦ ਅਰਥ : ਤਿਥੈ- ਉਸ (ਸ਼੍ਰਮਖੰਡ) ਵਿੱਚ। ਘੜੀਐ- ਘੜੀਦਾ ਹੈ। ਸੁਰਤਿ-ਭੋਗੀ ਜਾ ਚੁੱਕੀ ਜ਼ਿੰਦਗੀ ਦਾ ਤਜਰਬਾ। ਮਤਿ- ਮਮਤਾ (ਪਦਾਰਥਾਂ ਨਾਲ਼ ਲਗਾਅ), ਅਹੰਕਾਰ। ਮਨਿ- ਮਨ ਵਿੱਚ। ਬੁਧਿ- ਨਵੇਂ ਵਿਚਾਰ ਬਣਨੇ ਤੇ ਉਨ੍ਹਾਂ ’ਤੇ ਦ੍ਰਿੜ੍ਹ ਰਹਿਣਾ, ਚੇਤਨਾ, ਬਿਬੇਕ।
ਅਰਥ : ਓਥੇ (ਭਾਵ ਸ਼੍ਰਮਖੰਡ ’ਚ ਮੈਲ਼ਾ ਅੰਤਹਿਕਰਣ; ਪਾਰਦਰਸ਼ੀ ਹੁੰਦਾ-ਹੁੰਦਾ ਬਾਹਰੀ ਚਾਰੋਂ ਇੰਦ੍ਰੀਆਂ) ਸੁਰਤਿ ਤੇ ਮਤਿ ਨੂੰ ਘੜਦਾ ਹੈ, ਨਿਖਾਰਦਾ ਹੈ। ਮਨ ਵਿੱਚ ਚੇਤਨਾ ਆ ਜਾਂਦੀ ਹੈ ਭਾਵ ਮਨ ਦਾ ਸੰਕਲਪ (ਭਰਮ, ਦੁਬਿਧਾ) ਮਰ ਜਾਂਦਾ ਹੈ।
ਵਿਚਾਰ : ਕਰਤਾਰ ਕਣ ਕਣ ’ਚ ਜੋਤਿ ਰੂਪ ’ਚ ਵਿਰਾਜਮਾਨ ਹੈ। ਇਹ ਜੋਤਿ ਹੀ ਉਸ ਦੇ ਸਰਬ ਵਿਆਪਕ ਹੋਣ ਦਾ ਪ੍ਰਤੀਕ ਹੈ। ਇਸ ਜੋਤਿ ਨੂੰ ਰੂਹ, ਆਤਮਾ, ਜਿੰਦ, ਰਾਮ ਕੀ ਅੰਸ਼, ਨਾਮ-ਅੰਮ੍ਰਿਤ, ਆਤਮਾ-ਪ੍ਰਕਾਸ਼ ਭੀ ਕਿਹਾ ਹੈ। ਸਮੂਹ ਜੀਵਾਂ ਦੀਆਂ ਜੋਤਾਂ/ਰੂਹਾਂ; ਮਿਲ ਕੇ ‘ਜੋਤੀ’ (ਰੱਬ) ਅਖਵਾਉਂਦੀਆਂ ਹਨ। ਜਿਸ ਅੱਗੇ ਸਮੁੱਚੀ ਕੁਦਰਤ ਆਰਤੀ ਕਰਦੀ ਹੈ, ‘‘ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ (ਪ੍ਰਭੂ) ॥’’ (ਸੋਹਿਲਾ/ਮਹਲਾ ੧/੧੩), ਇਸ ਜੋਤਿ (ਆਤਮ ਪ੍ਰਕਾਸ਼) ਦਾ ਹੂ-ਬਹੂ ਚਾਨਣ (ਅਹਿਸਾਸ) ਬਾਹਰੀ ਚਾਰੋਂ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਨੂੰ ਤਾਂ ਹੋਏਗਾ; ਜੇਕਰ ਪਹਿਲਾਂ ਅੰਦਰੂਨੀ ਇੰਦ੍ਰੀ (ਅੰਤਹਿਕਰਣ) ਨੂੰ ਲੱਗੀ ਜਨਮ ਜਨਮ ਕੀ ਮੈਲ਼; ਸਵੈ ਪੜਚੋਲ ਕਰ ਕਰ ਹਟਾ ਲਈ ਜਾਏਗੀ। ਇਸ ਮੈਲ਼ ਨੂੰ ‘‘ਕੂੜੈ ਪਾਲਿ, ਲਿਖਿਆ ਨਾਲਿ, ਜੋ ਕਿਛੁ ਪਾਇਆ; ਸੁ ਏਕਾ ਵਾਰ ..॥੩੧॥’’ ਭੀ ਕਿਹਾ ਹੈ।
ਕਰਤਾਰ ਦੇ ਹੁਕਮ ’ਚ ਬਣੀ ਵਿਸ਼ਾਲ ਕੁਦਰਤ, ਜਿਸ ਵਿੱਚ ਮੇਰੇ ਸਮੇਤ ਹਰ ਕੋਈ ਹੁਕਮ ’ਚ ਹੈ, ਐਸਾ ਸਵੀਕਾਰ ਕੇ ਅਤੇ ਹੁਕਮ ਦੇ ਮਾਲਕ (ਹੁਕਮੀ, ਜੋਤੀ, ਕਰਤਾਰ) ਦਾ ਨਾਮ ਜਪ ਕੇ ਸ਼ਰਧਾਵਾਨ ਬੰਦਾ; ਆਪਣੀ ਮੈਲ਼ ਲਾਹ ਸਕਦਾ ਹੈ ਤੇ ਬਾਹਰੀ ਚਾਰੋਂ ਇੰਦਿਆਂ ਨੂੰ ਉਸ ਦੀ ਸਰਬ ਵਿਆਪਕ ਹੋਂਦ ਦਾ ਅਹਿਸਾਸ ਕਰਾ ਸਕਦਾ ਹੈ ਭਾਵ ਉਸ ਦਾ ਨਜ਼ਰੀਆ; ਪ੍ਰਭੂ ਵਾਙ ਸਭ ਨੂੰ ਇਕ ਸਮਾਨ ਵੇਖਣ ਤੇ ਪਿਆਰ ਕਰਨ ਵਾਲ਼ਾ ਬਣ ਸਕਦਾ ਹੈ, ਪਰ ਐਸਾ ਅਨੁਭਵ ਤਾਂ ਹੀ ਸੰਭਵ ਹੈ, ਜੇਕਰ ਗੁਰੂ ਸ਼ਬਦ ਰਾਹੀਂ ਉੱਚੀ ਹੁੰਦੀ ਸੁਰਤਿ ਨਾਲ਼ ਆਪਣੀ ਹੋਂਦ ਨੂੰ ਤੁੱਛ ਜਾਣੇ। ਮਾਲਕ ਦੇ ਡਰ-ਅਦਬ ’ਚ ਰਹੇ। ਐਸੀ (ਸ਼੍ਰਮਖੰਡ) ਅਵਸਥਾ ਸਤਿਗੁਰੂ ਦੀ ਕਿਰਪਾ ਨਾਲ਼ ਭੋਗੀਦੀ ਹੈ।
ਆਤਮ-ਪ੍ਰਕਾਸ਼ (ਜੋਤਿ) ਦੇ ਲਾਭ ਤੋਂ ਸੱਖਣੀਆਂ ਬਾਹਰੀ ਚਾਰੋਂ ਇੰਦ੍ਰਿਆਂ ਅਸਪਸ਼ਟ (ਧੁੰਦਲੀਆਂ/ਮੂਰਖ) ਹੁੰਦੀਆਂ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਨਾਮ-ਬਾਣੀ ਨਾਲ਼ ਰੌਸ਼ਨ ਕਰ ਦਿੱਤਾ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਹਨ, ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ‘ਧੁੰਧੁ’, ਜਗਿ (’ਚ) ਚਾਨਣੁ ਹੋਆ।’’ (ਵਾਰ ੧ ਪਉੜੀ ੨੭) ਬਾਬਾ ਸੱਤਾ-ਬਲਵੰਡ ਜੀ ਦੇ ਬਚਨ ਹਨ, ‘‘ਜਿਨਿ ਸਮੁੰਦੁ (ਸਰੀਰ) ਵਿਰੋਲਿਆ; ਕਰਿ ਮੇਰੁ ਮਧਾਣੁ ॥ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ/੯੬੮) ਭਾਵ ਗੁਰੂ ਅਮਰਦਾਸ ਜੀ ਨੇ ਗੁਰੂ ਸ਼ਬਦ ਨਾਲ਼ ਸੁਮੇਰ ਪਰਬਤ ਦੀ ਤਰ੍ਹਾਂ ਉੱਚੀ ਸੁਰਤਿ ਕਰਕੇ ਆਪਣਾ ਸਰੀਰ ਸਮੁੰਦਰ ਰਿੜਕਿਆ ਅਤੇ ਅੰਦਰੋਂ 14 ਰਤਨ (ਜੋਤਿ ਦਾ ਹੂ-ਬਹੂ ਪ੍ਰਕਾਸ਼) ਕੱਢ ਲਏ, ਜਿਨ੍ਹਾਂ ਨਾਲ਼ ਜਗਤ ’ਚ ਚਾਨਣ ਕਰ ਦਿੱਤਾ। ਇਨ੍ਹਾਂ ਚਾਰੋਂ ਇੰਦ੍ਰੀਆਂ ਦਾ ਇਹ ਰੋਲ ਹੈ :
(1). ਸੁਰਤਿ– ਪੰਜ ਗਿਆਨ ਇੰਦ੍ਰਿਆਂ ਰਾਹੀਂ ਪ੍ਰਾਪਤ ਹੋਇਆ ਬਚਪਨ ਦਾ ਅਹਿਸਾਸ (ਸੋਝੀ); ਸੁਰਤਿ ਹੈ। ਇਸ ਨੂੰ ਘੜਨ ਤੋਂ ਭਾਵ ਆਤਮ ਪ੍ਰਕਾਸ਼ ’ਚੋਂ ਮਿਲਦੀ ਰੌਸ਼ਨੀ ਨਾਲ਼ ਪਿਛਲੇ ਮਾੜੇ ਕੰਮਾਂ ਤੋਂ ਸਬਕ ਲੈ ਲੈ ਕੇ ਭਵਿੱਖ ਨੂੰ ਸੰਵਾਰਨਾ ਹੈ।
(2). ਮਤਿ– ਮਮਤਾ ਹੀ ਮਤਿ ਹੈ, ਜੋ ਧਨ-ਪਦਾਰਥਾਂ ਨਾਲ਼ ਲਗਾਅ, ਪਰਵਾਰਿਕ ਮੋਹ ਤੇ ਸਮਾਜਿਕ ਵਿਤਕਰੇ ਪੈਦਾ ਕਰਦੀ ਹੈ। ਧਨ-ਪਦਾਰਥ ਜੋੜਨ ਨਾਲ਼ ਅਹੰਕਾਰ ਵਧਦਾ ਹੈ। ਮਤਿ ਨੂੰ ਘੜਨ ਤੋਂ ਭਾਵ ਆਪਣੀਆਂ ਲੋੜਾਂ ਤੇ ਚਾਹਤ ਨੂੰ ਸੀਮਤ ਰੱਖਣਾ ਹੈ ਤਾਂ ਜੋ ਹੋਰਾਂ ਨਾਲ਼ ਈਰਖਾ, ਨਫ਼ਰਤ ਦੀ ਥਾਂ ਪਿਆਰ ਪੈਦਾ ਹੋਵੇ। ਹੋਰਾਂ ਦੀ ਮਦਦ ਕਰਨਾ ਭੀ ਇਸੇ ਦੇ ਹਿੱਸੇ ਆਉਂਦਾ ਹੈ।
(3). ਮਨਿ– ਸੰਕਲਪ ਤੇ ਵਿਕਲਪ ਦਾ ਸੁਮੇਲ ‘ਮਨ’ ਹੈ। ਨਵੇਂ ਵਿਚਾਰ ਪੈਦਾ ਹੋਣੇ ‘ਸੰਕਲਪ’ ਤੇ ਉਨ੍ਹਾਂ ਨੂੰ ਜੀਵਤ ਨਾ ਰਹਿਣ ਦੇਣਾ ‘ਵਿਕਲਪ’ ਹੈ। ਵਿਕਲਪ; ਦੁਬਿਧਾ ਹੈ, ਭਰਮ ਹੈ ਕਿਉਂਕਿ ਦੁਚਿੱਤੀ ’ਚੋਂ ਉਪਜਦੇ ਨਵੇਂ ਵਿਚਾਰ; ਅਕਸਰ ਮਰ ਜਾਂਦੇ ਹਨ। ਉਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਹੁੰਦਾ। ‘ਮਨ’ ਨੂੰ ਘੜਨ ਤੋਂ ਭਾਵ ਦੁਬਿਧਾ/ਵਿਕਲਪ ਮਾਰਨਾ ਹੈ ਤੇ ਨਵੇਂ ਵਿਚਾਰਾਂ ’ਚ ਬੁਧੀ (ਚੇਤਨਾ) ਲੈ ਆਉਣਾ ਹੈ।
(4). ਬੁਧਿ-ਇਹ ਭੀ ਨਵੇਂ ਵਿਚਾਰ ਪੈਦਾ ਕਰਦੀ ਹੈ, ਪਰ ਉਨ੍ਹਾਂ ’ਚ ਦੁਬਿਧਾ ਨਹੀਂ ਹੁੰਦੀ। ਇਸ ਨੂੰ ਘੜਨ ਤੋਂ ਭਾਵ ਬਿਬੇਕ-ਕਸੌਟੀ ਨਾਲ਼ ਪੜਚੋਲ ਕਰ-ਕਰ ਕੋਈ ਨਵਾਂ ਵਿਚਾਰ ਬਣਾਉਣਾ ਹੈ। ਘੜੀ ਹੋਈ ਬੁੱਧੀ; ਬਿਬੇਕ-ਬੁੱਧ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਅੰਦਰ ਕੇਵਲ ਦੋ ਵਾਰ ‘ਮਨਿ+ਬੁਧਿ’ ਸਾਂਝੇ ਸ਼ਬਦ ਵਰਤੇ ਹਨ। ਉਹ ਭੀ ‘ਜਪੁ’ ਬਾਣੀ ਦੀਆਂ ‘ਮੰਨੈ’ ਤੇ ਸਰਮਖੰਡ’ ਪਉੜੀਆਂ ’ਚ; ਜਿਵੇਂ ‘‘ਮੰਨੈ; ਸੁਰਤਿ ਹੋਵੈ ‘ਮਨਿ+ਬੁਧਿ’.. ॥੧੩॥, ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ..॥੩੬॥’’ ਮਨਿ+ਬੁਧਿ ਦਾ ਵਿਆਕਰਨ ਅਨੁਸਾਰ ਅਰਥ ਹੈ ‘ਮਨ ’ਚ ਬੁੱਧੀ ਦਾ ਆ ਜਾਣਾ’ ਯਾਨੀ ਮਨ ਦਾ ਵਿਕਲਪ ਮਰ ਜਾਣਾ। ਇਸੇ ਕਾਰਨ ‘ਮੰਨੈ’ ਅਤੇ ‘ਸਰਮਖੰਡ’ ਅਵਸਥਾ ’ਚ ਇਕਸਾਰਤਾ ਹੈ।
‘ਸੁਰਤਿ, ਮਤਿ, ਬੁਧਿ’ ਸ਼ਬਦਾਂ ਦੀ ਸਿਹਾਰੀ ਅੰਤ; ਮੂਲਕ ਹੈ ਯਾਨੀ ਇਹ ਤਿੰਨੇ ਸ਼ਬਦ ਸੰਸਕ੍ਰਿਤ ਦੇ ਹਨ, ਜਿੱਥੇ ਇਹ ਉਚਾਰਨ ਹੁੰਦੀ ਹੈ, ਪਰ ‘ਮਨਿ’ ਦੀ ਸਿਹਾਰੀ; ਮੂਲਕ ਨਹੀਂ। ਇਹ ਅਧਿਕਰਣ ਕਾਰਕ ਅਰਥ ਦਿੰਦੀ ਹੈ ‘ਮਨ ਵਿੱਚ’।
ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ॥ ੩੬॥ ਉਚਾਰਨ : ਸੁਰਾਂ, ਸਿੱਧਾਂ।
ਪਦ ਅਰਥ : ਤਿਥੈ- ਉਸ (ਸ਼੍ਰਮਖੰਡ) ਵਿੱਚ। ਸੁਰਾ ਕੀ ਸੁਧਿ- ਸੰਗੀਤਮਈ ਧੁਨਾਂ ਦਾ ਅਹਿਸਾਸ, ਸੱਤ ਸੁਰਾਂ (‘ਸਾ, ਰੇ, ਗਾ, ਮਾ, ਪਾ, ਧਾ, ਨੀ’ ਵਾਲ਼ੀ) ਅਨੰਦਮਈ ਧੁਨਾਂ ਦਾ ਅਹਿਸਾਸ। ਸਿਧਾ ਕੀ ਸੁਧਿ- ਸਫਲਤਾਵਾਂ ਦੀ ਸੂਝ, ਰੂਹਾਨੀਅਤ ਬਦਲਾਅ ਦਾ ਅਹਿਸਾਸ। ਘੜੀਐ- ਘੜੀ ਜਾਂਦੀ ਹੈ, ਬਦਲਾਅ ਆ ਜਾਂਦਾ ਹੈ।
ਅਰਥ : ਉਸ (ਸ਼੍ਰਮਖੰਡ) ’ਚ ਅਨੰਦਮਈ ਧੁਨਾਂ ਸੁਣਨ ਵਰਗਾ ਅਨੰਦ ਬਣਦਾ ਹੈ। ਰੂਹਾਨੀਅਤ ਬਦਲਾਅ ਦਾ ਅਹਿਸਾਸ ਹੁੰਦਾ ਹੈ, ਘੜਿਆ ਜਾਂਦਾ ਹੈ।
ਵਿਚਾਰ : ਪ੍ਰਚਲਿਤ ਟੀਕਾਕਾਰਾਂ ਨੇ ਇਸ ਵਾਕ ‘‘ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ॥ ੩੬॥’’ ਦਾ ਅਰਥ ਕੀਤਾ ਹੈ ਕਿ ‘ਸਰਮਖੰਡ ’ਚ ਦੇਵਤਿਆਂ ਤੇ ਸਿਧਾਂ ਵਾਲ਼ੀ ਅਕਲ (ਮਨੁੱਖ ਅੰਦਰ) ਬਣ ਜਾਂਦੀ ਹੈ’ ਜਦ ਕਿ ਇਨ੍ਹਾਂ (ਦੇਵਤਿਆਂ, ਸਿੱਧਾਂ) ਦਾ ਜ਼ਿਕਰ ਪਿੱਛੇ ਗਿਆਨਖੰਡ ’ਚ ਭੀ ਸੀ, ‘‘ਕੇਤੇ ਸਿਧ ਬੁਧ ਨਾਥ ਕੇਤੇ; ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ…॥੩੫॥’’ ਡੇਰੇਦਾਰ ਪ੍ਰਚਾਰਕ ਤਾਂ ਅਗਾਂਹ ਸਚਖੰਡ-ਅਵਸਥਾ ’ਚ ਭੀ ਇਸ ਵਾਕ ‘‘ਤਿਨ ਮਹਿ ਰਾਮੁ; ਰਹਿਆ ਭਰਪੂਰ ॥ ਤਿਥੈ; ਸੀਤੋ ਸੀਤਾ ਮਹਿਮਾ ਮਾਹਿ..॥੩੭॥’’ ਦੇ ਅਰਥ ਕਰਦੇ ਹਨ ਕਿ ਉਨ੍ਹਾਂ ਦੇ ਮਨ ’ਚ ਦਸ਼ਰਥ ਪੁੱਤਰ ਰਾਮਚੰਦਰ ਵੱਸਦਾ ਹੈ ਕਿਉਂਕਿ ਉੱਥੇ ਮਾਤਾ ਸੀਤਾ ਭੀ ਉਸ ਦੇ ਗੁਣ ਗਾਉਂਦੀ ਹੈ।
‘ਜਪੁ’ ਜੀ ਦੇ ਇਨ੍ਹਾਂ ਪੰਜ ਰੂਹਾਨੀਅਤ ਪੜਾਵਾਂ ’ਚ ਉਕਤ ਕੀਤੇ ਅਰਥਾਂ ਤੋਂ ਜਾਪਦਾ ਹੈ ਕਿ ਸਿੱਖਾਂ ਨੇ ਗਿਆਨਖੰਡ ਤੋਂ ਅਦਭੁਤ ਸਚਖੰਡ ਤੱਕ, ਜੋ ਅੰਦਰੂਨੀ ਬਦਲਾਅ ਕੀਤਾ ਜਾਂ ਕਮਾਇਆ, ਉਹ ਦੇਵੀ-ਦੇਵਤੇ ਤੇ ਸਿੱਧਾਂ ਦੀ ਜੀਵਨਸ਼ੈਲੀ ਵਰਗਾ ਹੈ, ਜਿਨ੍ਹਾਂ ਬਾਰੇ ਕਿਹਾ ਹੈ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਭਾਵ ਹਰ ਜੁਗ ’ਚ ਜੋ ਰਾਜੇ ਰਹੇ; ਹਿੰਦੂ ਲੋਕ ਉਨ੍ਹਾਂ ਨੂੰ ਵਿਸ਼ਨੂੰ ਦੇ ਅਵਤਾਰ ਸਮਝ ਕੇ ਪੂਜਦੇ ਹਨ। ਐਸਾ ਭੀ ਕਿਹਾ ਹੈ, ‘‘ਦੇਵੀ ਦੇਵਾ; ਮੂਲੁ ਹੈ ਮਾਇਆ ॥’’ (ਮਹਲਾ ੩/੧੨੯) ਅਰਥ : ਦੇਵੀ ਦੇਵਤਿਆਂ ਨੂੰ ਖੜ੍ਹੇ ਕਰਨ ਪਿੱਛੇ ਮਾਇਆਵੀ ਲਾਲਸਾ ਸੀ ਕਿਉਂਕਿ ਇਨ੍ਹਾਂ ਦੀਆਂ ਮੂਰਤੀਆਂ ਰਾਹੀਂ ਪਰੋਹਿਤਾਂ ਨੇ ਮਾਇਆ-ਦੱਛਣਾ ਲੈਣੀ ਹੁੰਦੀ ਹੈ। ਗੁਰਬਾਣੀ ’ਚ ‘ਸੁਰਾ’ ਸ਼ਬਦ; ਇਸ 36ਵੀਂ ਪਉੜੀ ਤੋਂ ਇਲਾਵਾ 3 ਵਾਰ ਹੋਰ ਹੈ; ਜਿਵੇਂ ਕਿ
(1). ਗੁਰੂ ਅਰਜਨ ਸਾਹਿਬ ਜੀ : ‘‘ਪੰਚ ਬਜਿਤ੍ਰ ਕਰੇ ਸੰਤੋਖਾ; ‘ਸਾਤ ਸੁਰਾ’ ਲੈ ਚਾਲੈ ॥’’ (ਮਹਲਾ ੫/੮੮੫) ਅਰਥ : ਸੱਚਾ ਭਗਤ; 5 ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ) ਨੂੰ ਸਾਜ਼/ਵਾਜੇ ਬਣਾ 7 ਸੁਰਾਂ (ਸਾ, ਰੇ, ਗਾ, ਮਾ, ਪਾ, ਧਾ, ਨੀ) ਦੀ ਸੰਗੀਤਮਈ ਧੁਨ ਵਰਗਾ ਅਨੰਦ ਮਾਣਦਾ ਹੋਇਆ (ਪ੍ਰਭੂ ਚਰਨਾਂ ’ਚ) ਲੀਨ ਰਹਿੰਦਾ ਹੈ। ਆਪ ਜੀ ਨੇ ਹੀ ਹਰ ਸਿੱਖ ਨੂੰ ਕੀਰਤਨ ਕਰਨ ਲਈ ਪ੍ਰੇਰਿਆ ਹੈ ਤੇ ਆਪ ਨੇ ਹੀ ਕੀਰਤਨ ਕਰਦਿਆਂ ਇਹ ਸਿਧਾਂਤ ਦ੍ਰਿੜ੍ਹ ਕਰਾਇਆ ਹੈ, ‘‘ਓਅੰਕਾਰਿ ਏਕ ਧੁਨਿ ਏਕੈ; ਏਕੈ ਰਾਗੁ ਅਲਾਪੈ ॥ ਏਕਾ ਦੇਸੀ, ਏਕੁ ਦਿਖਾਵੈ; ਏਕੋ ਰਹਿਆ ਬਿਆਪੈ ॥ ਏਕਾ ਸੁਰਤਿ, ਏਕਾ ਹੀ ਸੇਵਾ; ਏਕੋ ਗੁਰ ਤੇ ਜਾਪੈ ॥’’ (ਮਹਲਾ ੫/੮੮੫) ਭਾਵ ਇੱਕ ਓਅੰਕਾਰ ’ਚ ਸੁਰਤਿ ਜੋੜੀ ਰੱਖਣ ਵਾਲ਼ਾ ਕੀਰਤਨੀਆਂ; ਇੱਕੋ ਪ੍ਰਭੂ ਦਾ ਰਾਗ (ਧੁਨੀ) ਅਲਾਪਦਾ ਹੈ। ਇੱਕ ਨੂੰ ਹੀ ਵੇਖਦਾ ਹੈ। ਹੋਰਾਂ ਨੂੰ ਭੀ ਇੱਕੋ ਦੇ ਦਰਸ਼ਨ ਕਰਾਉਂਦਾ ਹੈ ਕਿਉਂਕਿ ਇੱਕ ਹੀ ਹਰ ਥਾਂ ਵਿਆਪਕ ਹੈ। ਉਸ ਦੀ ਸੁਰਤਿ ਇੱਕੋ ’ਚ ਹੁੰਦੀ ਹੈ। ਇੱਕੋ ਦੀ ਸੇਵਾ ਕਰਦਾ ਹੈ। ਗੁਰੂ ਦੀ ਰਾਹੀਂ ਭੀ ਉਸ ਇੱਕੋ ਨਾਲ਼ ਹੀ ਜਾਣ-ਪਹਿਚਾਣ ਪੈਂਦੀ ਹੈ।
ਵਿਦਵਾਨਾਂ ਨੇ ਸੱਤ ਸੁਰਾਂ ਦੀ ਧੁਨੀ ਨੂੰ ਇਉਂ ਜਾਣਿਆ ਹੈ, ‘ਮੋਰ ਦੀ ਆਵਾਜ਼ ਤੋਂ ਸੜਜ (ਸਾ), ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਸਭ (ਰੇ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ (ਗਾ), ਕੂੰਜ ਦੀ ਧੁਨਿ ਤੋਂ ਮਧ੍ਯਮ (ਮਾ), ਕੋਇਲ ਦੀ ਆਵਾਜ਼ ਤੋਂ ਪੰਚਮ (ਪਾ), ਡੱਡੂ (ਜਾਂ ਘੋੜੇ) ਦੀ ਧੁਨਿ ਤੋਂ ਧੈਵਤ (ਧਾ), ਹਾਥੀ ਦੀ ਚਿੰਘਾਰ ਤੋਂ ਨਿਸਾਦ (ਨੀ) ਸੁਰ ਭਾਵ ਧੁਨੀ’। ਇੱਥੇ ‘ਸੁਰਾ’ ਦਾ ਅਰਥ ‘ਰਾਗ-ਧੁਨਿ’ ਹੈ।
(2). ਭਗਤ ਰਵਿਦਾਸ ਜੀ : ‘‘ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ! ਸੁਰਸਰੀ ਮਿਲਤ, ਨਹਿ ਹੋਇ ਆਨੰ ॥’’ (ਭਗਤ ਰਵਿਦਾਸ/੧੨੯੩) ਅਰਥ : (ਜਿਵੇਂ ਮਨੌਤ ਹੈ ਕਿ) ਮੈਲ਼ੀ ਸ਼ਰਾਬ ਹੋਵੇ ਜਾਂ ਫਿਰ ਕੋਈ ਹੋਰ ਗੰਦਾ ਪਾਣੀ; ਉਹ ਗੰਗਾ ’ਚ ਮਿਲ ਕੇ ਅਸ਼ੁੱਧ (ਭਿੰਨ) ਨਹੀਂ ਰਹਿੰਦਾ ਭਾਵ ਪਵਿੱਤਰ ਹੋ ਜਾਂਦੇ ਹਨ। ਇੱਥੇ ‘ਸੁਰਾ’ ਦਾ ਅਰਥ ‘ਸ਼ਰਾਬ’ ਹੈ।
(3). ‘‘ਕਬੀਰ ! ਭਾਂਗ, ਮਾਛੁਲੀ, ‘ਸੁਰਾ’ ਪਾਨਿ; ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ; ਤੇ (ਉਹ) ਸਭੈ ਰਸਾਤਲਿ (’ਚ) ਜਾਂਹਿ ॥’’ (ਭਗਤ ਕਬੀਰ/੧੩੭੭) ਇੱਥੇ ਭੀ ‘ਸੁਰਾ ਪਾਨਿ’ ਦਾ ਅਰਥ ‘ਸ਼ਰਾਬ ਪੀਣਾ’ ਹੈ।
ਉਕਤ ਵਿਚਾਰ ਤੋਂ ਜਾਪਦਾ ਹੈ ਕਿ ਇੱਥੇ ਸਰਮਖੰਡ ਅਵਸਥਾ ‘‘ਤਿਥੈ ਘੜੀਐ; ‘ਸੁਰਾ ਸਿਧਾ’ ਕੀ ਸੁਧਿ ॥’’ ’ਚ ‘ਸੁਰਾ’ ਤੇ ‘ਸਿਧਾ’ ਦਾ ਅਰਥ; ‘ਦੇਵਤੇ’ ਤੇ ‘ਸਿੱਧ ਜੋਗੀ’ ਕਰਨ ਦੀ ਬਜਾਇ ਉਕਤ ਨੰਬਰ 1 ’ਚ ਗੁਰੂ ਅਰਜਨ ਸਾਹਿਬ ਜੀ ਦੁਆਰਾ ਵਰਤੀ ਰਾਗ ਵਿੱਦਿਆ (7 ਸੁਰਾ) ਕਰਨਾ; ਗੁਰਮਤਿ ਸਿਧਾਂਤ ਦੇ ਬਹੁਤਾ ਨੇੜੇ ਹੈ। ਵੈਸੇ ਭੀ ਗੁਰਬਾਣੀ 31 ਰਾਗਾਂ ਆਧਾਰਿਤ ਰਚਨਾ ਹੈ।
ਇਸੇ ਪਉੜੀ ’ਚ ਜਦ ਸਪਸ਼ਟ ਕੀਤਾ ਹੈ ਕਿ ‘‘ਤਾ ਕੀਆ ਗਲਾ, ਕਥੀਆ ਨਾ ਜਾਹਿ॥’’ ਤਾਂ ਫਿਰ ਦੇਵਤੇ, ਸਿੱਧਾਂ ਦੀ ਜੀਵਨਸ਼ੈਲੀ ਨਾਲ਼ ਕਥਨਾ (ਬਿਆਨ ਕਰਨਾ), ਸਹੀ ਨਹੀਂ। ਪਿਛਾਂਹ ‘ਜਪੁ’ ਜੀ ਦੀ 27ਵੀਂ ਪਉੜੀ ’ਚ ਰਾਗ-ਰਾਗਣੀਆਂ; ਅਕਾਲ ਪੁਰਖ ਦੇ ‘ਸੋ ਦਰੁ’ ਨੂੰ ਗਾਉਂਦੀਆਂ ਹਨ, ਦਾ ਭੀ ਜ਼ਿਕਰ ਆ ਚੁੱਕਾ ਹੈ, ‘‘ਕੇਤੇ ਰਾਗ; ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ..॥੨੭॥’’ (ਜਪੁ) ਸਾਫ਼ ਹੈ ਕਿ ਉੱਚੀ ਅਵਸਥਾ (ਸਰਮਖੰਡ) ’ਚ ਅਨੰਦਮਈ ਧੁਨਿ ਪ੍ਰਗਟ ਹੋਣੀ ਸੁਭਾਵਕ ਹੈ।
ਗੁਰੂ ਨਾਨਕ ਸਾਹਿਬ ਜੀ ਵੱਲੋਂ ‘ਸੋ ਦਰੁ’ ਸ਼ਬਦ ਨੂੰ ਗੁਰਬਾਣੀ ’ਚ ਸਭ ਤੋਂ ਵੱਧ ਵਾਰੀ ਯਾਨੀ ਤਿੰਨ ਵਾਰ ਦਰਜ ਕਰਨਾ ਅਤੇ ਸਵੇਰੇ-ਸ਼ਾਮ ਨਿਤਨੇਮ ’ਚ ਪੜ੍ਹਨ ਲਈ ਪ੍ਰੇਰਨਾ, ਤੋਂ ਜਾਪਦਾ ਹੈ ਕਿ ਗੁਰ ਜੀ; ਬ੍ਰਾਹਮਣ ਦੀ ਆਕਾਰ-ਪੂਜਾ (ਦੇਵੀ, ਦੇਵਤੇ, ਪੱਥਰ, ਆਦਿ) ਦੇ ਪ੍ਰਭਾਵ ਤੋਂ ਸਿੱਖ ਨੂੰ ਮੁਕਤ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ‘ਸੋ ਦਰੁ’ ਸ਼ਬਦ ’ਚ ਅਕਾਲ ਪੁਰਖ ਦੀ ਮਹਿਮਾ ਗਾਉਂਦੇ ਦਰਸਾਇਆ ਹੈ ਭਾਵ ਨਿਰਾਕਾਰ ਸ਼ਕਤੀ ਦੇ ਅਧੀਨ ਸਿੱਧ ਕੀਤਾ ਹੈ, ਇਸ ਲਈ ਇਨ੍ਹਾਂ ਦੀ ਸਚਖੰਡ ਤੱਕ ਮਿਸਾਲ ਦੇਣਾ; ਗੁਰਮਤਿ ਅਨੁਸਾਰ ਸਹੀ ਨਹੀਂ ਜਾਪਦਾ ਵਰਨਾ ਸਿੱਖ; ਇਨ੍ਹਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੇ।
ਕਰਮਖੰਡ ਕੀ ਬਾਣੀ, ਜੋਰੁ॥ ਤਿਥੈ; ਹੋਰੁ ਨ ਕੋਈ ਹੋਰੁ॥॥ ਉਚਾਰਨ : ਜ਼ੋਰ।
ਪਦ ਅਰਥ : ਕਰਮਖੰਡ ਕੀ- (ਰੱਬ ਦੇ) ਫ਼ਜ਼ਲ/ਮਿਹਰ ਨਾਲ਼ ਬਣਦੀ ਅਵਸਥਾ ਦੀ ਭਾਵ ਦਾਤਾਰ-ਪਿਤਾ ਦੀ ਦਇਆ-ਦ੍ਰਿਸ਼ਟੀ ਨਾਲ਼ ਬਣੀ ਹਾਲਤ ਦੀ। ਬਾਣੀ- ਬਣਤਰ, ਬਣਾਵਟ। ਜੋਰੁ- ਬਹੁਤ ਬਲਵਾਨ, ਉੱਜਲ, ਨਿਰਮਲ। ਤਿਥੈ- ਉਸ (ਕਰਮਖੰਡ) ’ਚ। ਕੋਈ ਹੋਰੁ ਨ ਹੋਰੁ- ਕੋਈ ਹੋਰ (ਫੁਰਨਾ) ਬਿਲਕੁਲ ਭੀ ਨਹੀਂ ਹੁੰਦਾ।
ਅਰਥ : (ਸ਼੍ਰਮਖੰਡ ’ਚ ਅੰਦਰੂਨੀ ਸੰਘਰਸ਼ ਕਰਨ ਸਮੇਂ ਰੱਬ ਦੀ) ਮਿਹਰ ਨਾਲ਼ (ਪਾਰਦਰਸ਼ੀ ਹੋਏ) ਅੰਤਹਿਕਰਣ ਦੀ ਬਣਾਵਟ; ਬੜੀ ਚਮਕਦਾਰ ਹੁੰਦੀ ਹੈ ਭਾਵ ਉਸ ਨੂੰ ਦੁਬਾਰਾ ਜਨਮ ਜਨਮ ਦੀ ਮੈਲ਼ ਨਹੀਂ ਲੱਗਦੀ ਕਿਉਂਕਿ ਉਸ ਹਾਲਤ ’ਚ (ਰੱਬ ਨਾਲ਼ ਬਣੀ ਪ੍ਰੀਤ ਤੋਂ ਇਲਾਵਾ ਦਿਮਾਗ਼ ’ਚ) ਕੋਈ ਹੋਰ ਖ਼ਿਆਲ ਬਿਲਕੁਲ ਭੀ ਨਹੀਂ ਉਪਜਦਾ।
ਵਿਚਾਰ : ਇਸ ਪਉੜੀ ’ਚ ਪ੍ਰਭੂ ਦੀ ਮਿਹਰ ਦੀ ਵਿਆਖਿਆ ਨਹੀਂ ਬਲਕਿ ਮਿਹਰ ਨਾਲ਼ ਬਣੀ ਅਵਸਥਾ ਦਾ ਜ਼ਿਕਰ ਹੈ। ਉਸ ਦੀ ਮਿਹਰ ਤਾਂ ਮਨੁੱਖੀ ਜਨਮ ਹੋਣ ਤੋਂ ਪਹਿਲਾਂ ਦੀ ਹੁੰਦੀ ਪਈ ਹੈ; ਜਿਵੇਂ ਕਿ ਪਿਛਾਂਹ ਚੌਥੀ ਪਉੜੀ ’ਚ ਜ਼ਿਕਰ ਹੈ, ‘‘ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ..॥੪॥’’ (ਜਪੁ) ਭਾਵ ਰੱਬ ਦੀ ਮਿਹਰ ਨਾਲ਼ ਮਨੁੱਖੀ ਸਰੀਰ ਰੂਪ ਕੱਪੜਾ ਮਿਲਦਾ ਹੈ ਤੇ (ਅੰਮ੍ਰਿਤ ਵੇਲ਼ੇ ਉਸ ਦਾ ਨਾਮ ਜਪਣ ਉਪਰੰਤ ਹੁੰਦੀ ਉਸ ਦੀ) ਮਿਹਰ-ਦ੍ਰਿਸ਼ਟੀ ਨਾਲ਼ ਮੁਕਤੀ ਦਾ ਦਰ ਪ੍ਰਾਪਤ ਹੁੰਦਾ ਹੈ। ਸਵਾਲ : ਮੁਕਤੀ ਦਾ ਦਰ ਕੀ ਹੈ ? ਜਵਾਬ : ‘ਕਰਮਖੰਡ’ ਅਵਸਥਾ ਹੈ ਕਿਉਂਕਿ ਇਸ ਤੋਂ ਬਾਅਦ ‘ਸਚਖੰਡ’ ਤਾਂ ਉਸ ਪ੍ਰਭੂ ਦਾ ਨਿਵਾਸ-ਸਥਾਨ ਹੈ। ਦਰ/ਬੂਹੇ ਤੋਂ ਲੰਘ ਕੇ ਹੀ ਘਰ ਅੰਦਰ ਜਾ ਹੁੰਦਾ ਹੈ।
‘ਸ਼ਬਦਾਰਥ’ ਵਿਦਵਾਨਾਂ ਨੇ ‘‘ਕਰਮਖੰਡ ਕੀ ਬਾਣੀ, ਜੋਰੁ॥’’ ਤੁਕ ’ਚ ‘ਕਰਮ’ ਦਾ ਅਰਥ ‘ਮਿਹਰ’ ਦੀ ਥਾਂ ‘ਅਮਲ’ ਕੀਤਾ ਹੈ ਤੇ ਅਰਥ ਕੀਤੇ ਹਨ ‘ਅਮਲ (ਕਰਣੀ) ਦੇ ਦਰਜੇ ਉੱਤੇ ਪਹੁੰਚ ਕੇ ਪ੍ਰਗਟ ਹੋਣ ਦਾ ਵਸੀਲਾ ਬਲ ਹੈ ਅਰਥਾਤ ਮਨੁੱਖ ਦੇ ਕੰਮ ਬਲ ਵਾਲੇ ਹੋਣਗੇ।’ ਇਨ੍ਹਾਂ ਦੇ ਭਾਵਾਰਥਾਂ ’ਚ ਭਾਵੇਂ ਬਹੁਤਾ ਅੰਤਰ ਨਹੀਂ ਪਰ ‘ਕਰਮ’ ਦਾ ਅਰਥ ‘ਅਮਲ’; ਗੁਰਬਾਣੀ ’ਚ ਇੱਕ ਵਾਰ ਭੀ ਨਹੀਂ ਆਇਆ ਹੈ।
ਗੁਰਬਾਣੀ ’ਚ ‘ਕਰਮੁ’ ਇਕਲੌਤਾ ਸ਼ਬਦ ਹੈ, ਜੋ ਫ਼ਾਰਸੀ ਤੇ ਸੰਸਕ੍ਰਿਤ; ਦੋਵੇਂ ਭਾਸ਼ਾਵਾਂ ’ਚੋਂ ਲਿਆ ਹੈ। (1). ‘ਕਰਮ’ (ਬਹੁ ਵਚਨ, ਨਾਂਵ) ਕੇਵਲ ਸੰਸਕ੍ਰਿਤ ਦਾ ਹੈ, ਜਿਸ ਦਾ ਅਰਥ ਹੈ ‘ਕੀਤੇ ਜਾਣ ਵਾਲ਼ੇ ਕੰਮ। (2). ‘ਕਰਮੁ’ (ਇੱਕ ਵਚਨ, ਨਾਂਵ); ਸੰਸਕ੍ਰਿਤ ਅਤੇ ਫ਼ਾਰਸੀ ਦੋਵੇਂ ਭਾਸ਼ਾਵਾਂ ਦਾ ਹੈ। ਫ਼ਾਰਸੀ ’ਚ ਇਸ ਦਾ ਅਰਥ ਹੈ ‘ਫ਼ਜ਼ਲ, ਪ੍ਰਸਾਦ, ਮਿਹਰ, ਕਿਰਪਾ’ ਜਦ ਕਿ ਸੰਸਕ੍ਰਿਤ ’ਚ ਅਰਥ ਹੈ ‘ਭਾਗ, ਨਸੀਬ’। (3). ‘ਕਰਮਿ’ (ਇੱਕ ਵਚਨ, ਪੁਲਿੰਗ ਨਾਂਵ/ਕਰਣ ਕਾਰਕ) ਕੇਵਲ ਫ਼ਾਰਸੀ ਦਾ ਸ਼ਬਦ ਹੈ। ਜਿਸ ਦਾ ਅਰਥ ਹੈ ‘ਫ਼ਜ਼ਲ ਨਾਲ਼, ਮਿਹਰ ਨਾਲ਼, ਪ੍ਰਸਾਦ ਨਾਲ਼’; ਜਿਵੇਂ ਕਿ ‘ਪ੍ਰਸਾਦਿ’ ਦਾ ਅਰਥ ਹੁੰਦਾ ਹਨ ‘ਮਿਹਰ ਨਾਲ਼, ਕਿਰਪਾ ਨਾਲ਼’। ਇਸ ਤਰ੍ਹਾਂ ‘‘ਕਰਮਖੰਡ ਕੀ ਬਾਣੀ, ਜੋਰੁ॥’’ ਪੰਕਤੀ ਦੇ ਇਹ ਇਹ ਅਰਥ ਹੋ ਸਕਦੇ ਹਨ (1). ‘ਕੀਤੇ ਜਾਣ ਵਾਲ਼ੇ ਕੰਮ ਵਾਲ਼ੀ ਅਵਸਥਾ ਦੀ ਬਣਤਰ ਬਲ ਭਰਪੂਰ ਹੁੰਦੀ ਹੈ’ ਜਾਂ (2). ‘ਨਸੀਬ ਅਵਸਥਾ ਦੀ ਬਣਤਰ ਬਲ ਭਰਪੂਰ ਹੁੰਦੀ ਹੈ’ ਜਾਂ (3). ‘ਮਿਹਰ ਵਾਲ਼ੀ ਅਵਸਥਾ ਦੀ ਬਣਾਵਟ ਬਲ ਭਰਪੂਰ ਹੁੰਦੀ ਹੈ’। ਇਨ੍ਹਾਂ ਅਰਥਾਂ ’ਚੋਂ ਕੇਵਲ ਨੰਬਰ 3 ਵਾਲ਼ੇ ਅਰਥ ਹੀ ਸਹੀ ਜਾਪਦੇ ਹਨ। ਵੈਸੇ ਭੀ ‘ਜਪੁ’ ਪਉੜੀ ਲੜੀ ’ਚ ਇਹ 37ਵੀਂ ਪਉੜੀ ਯਾਨੀ ਲਗਭਗ ਅੰਤਮ ਪਉੜੀ ਹੈ। ਜਿਸ ਦੇ ਅਰਥ ‘ਸਚਖੰਡਿ’ ਨਾਲ਼ ਮਿਲਾ ਕੇ ਕਰਨੇ ਸਹੀ ਹੋਣਗੇ। ਸਚਖੰਡ ’ਚ ਵਿਆਖਿਆ ਹੈ ਕਿ ਸੰਸਾਰ ਦੀ ਹਰ ਗਤੀ; ਮਾਲਕ ਦੇ ਹੁਕਮ ’ਚ ਹੁੰਦੀ ਹੈ ਭਾਵ ਮਿਹਰ ਨਾਲ਼ ਵਾਪਰਦੀ ਹੈ, ਨਾ ਕਿ ਹਰ ਕੰਮ ਦਾ ਮਹੱਤਵ ਆਪਣੇ ਉੱਤੇ ਲੈਣ ਵਾਲ਼ੀ ਹੈਂਕੜ ਇਸ ਪੜਾਅ ਤੱਕ ਭੀ ਬਾਕੀ ਬਚੀ ਹੁੰਦੀ ਹੈ।
ਗੁਰਮਤਿ ’ਚ ਮਨੁੱਖੀ ਸਰੀਰ ਮਿਲਣਾ ਭੀ ਕਰਤਾਰ ਦੀ ਇੱਕ ਬਖ਼ਸ਼ਸ਼ ਹੈ, ‘‘ਕਰਮੀ ਆਵੈ ਕਪੜਾ… ॥੪॥’’ (ਜਪੁ), ਅਕਾਲ ਪੁਰਖ ਵੱਲੋਂ ਮਿਲੀ ਹਰ ਦਾਤ ਭੀ ਉਸ ਦੀ ਬਖ਼ਸ਼ਸ਼ ਹੈ, ‘‘ਬਹੁਤਾ ਕਰਮੁ; ਲਿਖਿਆ ਨਾ ਜਾਇ .. ॥੨੫॥’’ (ਜਪੁ), ਸੁੱਖ-ਦੁੱਖ ਦੇਣੇ ਭੀ ਉਸ ਦਾ ਪ੍ਰਸਾਦ ਹੈ, ‘‘ਕੇਤਿਆ; ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ (ਮਿਹਰ) ਤੇਰੀ; ਦਾਤਾਰ ! ॥੨੫॥ (ਜਪੁ), ਬਾਦਿਸ਼ਾਹਾਂ ਦਾ ਬਾਦਿਸ਼ਾਹ ਬਣਾਉਣਾ ਭੀ ਉਸ ਦੀ ਕਿਰਪਾ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’ (ਜਪੁ), ਇਸ ਲਈ ਆਸਾ ਕੀ ਵਾਰ ’ਚ ਕਿਹਾ ਹੈ, ‘‘ਇਕਿ ਨਿਹਾਲੀ ਪੈ ਸਵਨਿ੍; ਇਕਿ ਉਪਰਿ ਰਹਨਿ ਖੜੇ ॥ ਤਿਨ੍ਹਾ ਸਵਾਰੇ ਨਾਨਕਾ ! ਜਿਨ੍ ਕਉ ਨਦਰਿ (ਮਿਹਰ) ਕਰੇ ॥ (ਮਹਲਾ ੧/੪੭੫) ਭਾਵ ਕਈ ਬੇਫ਼ਿਕਰ ਹੋ ਕੇ ਬਿਸਤਰਿਆਂ ਉੱਤੇ ਸੁੱਤੇ ਹੁੰਦੇ ਹਨ ਤੇ ਕਈ ਉਨ੍ਹਾਂ ਉੱਤੇ ਜਾਗ ਕੇ ਪਹਿਰਾ ਦਿੰਦੇ ਹਨ ਭਾਵ ਸੌਣਾ ਨਸੀਬ ਨਹੀਂ ਹੁੰਦਾ ਭਾਵੇਂ ਕਿ ਉਹ ਆਪ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ, ‘‘ਸਰਬੇ ਸਮਾਣਾ ਆਪਿ ਤੂਹੈ; ਉਪਾਇ ਧੰਧੈ (’ਚ) ਲਾਈਆ ॥ ਇਕਿ ਤੁਝ ਹੀ ਕੀਏ ਰਾਜੇ; ਇਕਨਾ ਭਿਖ ਭਵਾਈਆ ॥ ਲੋਭੁ ਮੋਹੁ ਤੁਝੁ ਕੀਆ ਮੀਠਾ; ਏਤੁ ਭਰਮਿ ਭੁਲਾਣਾ ॥’’ (ਮਹਲਾ ੧/੫੬੭) ਭਾਵ (ਹੇ ਨਿਰਾਕਾਰ !) ਤੂੰ ਹਰ ਥਾਂ ਵਿਆਪਕ ਹੈਂ। ਤੈਂ ਹੀ ਜੀਵਾਂ ਨੂੰ ਪੈਦਾ ਕਰ-ਕਰ ਮਾਇਆ-ਜਾਲ ’ਚ ਫਸਾਇਆ ਹੈ। ਕਈ ਤੈਂ ਰਾਜੇ ਬਣਾਏ। ਕਈ ਭੀਖ ਮੰਗਣ ਲਾ ਦਿੱਤੇ। ਕਾਮਾਦਿਕ ਵਿਕਾਰ (ਲੋਭ, ਮੋਹ ਆਦਿ) ਭੀ ਤੈਂ ਹੀ ਲੋਕਾਂ ਨੂੰ ਚੰਗੇ ਲੱਗਣ ਲਾਏ ਹਨ। ਭਰਮ-ਭੁਲੇਖੇ ’ਚ ਪਾ ਕੇ ਤੈਂ ਇਨ੍ਹਾਂ ਨੂੰ ਆਪਣੇ ਨਾਲ਼ੋਂ ਵਿਛੋੜਿਆ ਹੈ, ਜੂਨਾਂ ’ਚ ਪਾਇਆ ਹੈ। ਕੁਦਰਤ ਦਾ ਇਹ ਵਿਕਾਸ; ਤੇਰੇ ਲਈ ਇੱਕ ਖੇਡ ਹੈ।
ਅੰਮ੍ਰਿਤ ਵੇਲ਼ੇ ਉੱਠ ਕੇ ਨਾਮ ਜਪਣਾ ਭੀ ਉਸ ਦੀ ਮਿਹਰ ਨਾਲ਼ ਸੰਭਵ ਹੁੰਦਾ ਹੈ, ‘‘ਦਾਤੀ ਸਾਹਿਬ ਸੰਦੀਆ (ਦੀਆਂ); ਕਿਆ ਚਲੈ ਤਿਸੁ ਨਾਲਿ ?॥ ਇਕਿ ਜਾਗੰਦੇ ਨਾ ਲਹਨਿ੍; ਇਕਨ੍ਹਾ ਸੁਤਿਆ ਦੇਇ ਉਠਾਲਿ ॥’’ (ਬਾਬਾ ਫਰੀਦ/੧੩੮੪) ਭਾਵ ਸਾਰੀਆਂ ਦਾਤਾਂ/ਬਖ਼ਸ਼ਸ਼ਾਂ ਮਾਲਕ ਦੀਆਂ ਹਨ। ਉਨ੍ਹਾਂ ਅੱਗੇ ਮਨੁੱਖ ਦਾ ਕੋਈ ਚਾਰਾ/ਜ਼ੋਰ ਨਹੀਂ ਚੱਲਦਾ। ਕਈ ਸ਼ੁਬ੍ਹਾ ਜਾਗ ਕੇ ਭੀ ਰੱਬ ਦਾ ਨਾਮ ਨਹੀਂ ਜਪ ਸਕਦੇ, ਆਪਣੇ ਕੰਮ ਧੰਦਿਆਂ ’ਚ ਮਸਤ ਹੋ ਜਾਂਦੇ ਹਨ ਜਦ ਕਿ ਕਈ ਸੁੱਤੇ ਪਿਆਂ ਨੂੰ ਉਹ ਉੱਠਾ ਕੇ ਆਪਣੀ ਭਗਤੀ ਕਰਨ ਲਗਾ ਲੈਂਦਾ ਹੈ। ਨਾਮ ਜਪਦਿਆਂ-ਜਪਦਿਆਂ ਮਾਇਆ ਤੋਂ ਮੁਕਤ ਭੀ ਉਹ ਆਪਣੀ ਦਇਆ ਦਿਲੀ ਨਾਲ਼ ਹੀ ਕਰਦਾ ਹੈ, ‘‘ਨਦਰੀ ਮੋਖ ਦੁਆਰੁ .. ॥੪॥’’ (ਜਪੁ) ਯਾਨੀ ਮਨੁੱਖ ਦੇ ਜਨਮ ਤੋਂ ਮਰਨ ਤੱਕ ਮਾਲਕ ਦੀ ਮਿਹਰ ਹਰ ਜ਼ਿੰਦਗੀ ’ਚ ਵਾਪਰਦੀ ਰਹਿੰਦੀ ਹੈ। ਇਨ੍ਹਾਂ ’ਚ ਇੱਕ ਅੰਤਮ ਬਖ਼ਸ਼ਸ਼ ਭੀ ਹੁੰਦੀ ਹੈ, ਜਿਸ ਤੋਂ ਬਾਅਦ ਭਗਤ ਉਸ ਵਿੱਚ ਅਭੇਦ ਹੋ ਜਾਂਦਾ ਹੈ। ਅਗਾਂਹ ਹੋਰ ਬਖ਼ਸ਼ਸ਼ ਦੀ ਲੋੜ ਨਹੀਂ ਰਹਿੰਦੀ; ਉਹ ਬਖ਼ਸ਼ਸ਼ ਹੈ ‘ਕਰਮਖੰਡ’। ਇਹ, ‘ਸਚਖੰਡ’ ਦਾ ਬੂਹਾ (ਸੋ ਦਰੁ) ਹੈ। ਇਸ ਤੋਂ ਬਾਅਦ ‘ਸੋ ਘਰੁ’ ਹੁੰਦਾ ਹੈ ਭਾਵ ਪ੍ਰਭੂ ’ਚ ਲੀਨਤਾ, ਪ੍ਰਭੂ ਤੋਂ ਵੱਖਰੀ ਜ਼ਿੰਦਗੀ ਦਾ ਅੰਤ। ਹੁਣ ਹੋਰ ਬਖ਼ਸ਼ਸ਼ ਕਰਨ ਲਈ ਕੋਈ ਵਜੂਦ ਹੀ ਨਾ ਰਿਹਾ; ਜਿਵੇਂ ਇੱਕ ਭਿਖਾਰੀ; ਨਿੱਤ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ। ਇੱਕ ਦਿਨ ਭੀਖ ਦੇਣ ਵਾਲ਼ੇ ਨੇ ਉਸ ਨੂੰ ਆਪਣੇ ਘਰ ਅੰਦਰ ਹੀ ਬੈਠਾ ਲਿਆ ਯਾਨੀ ਆਪਣੇ ਪਰਵਾਰ ਦਾ ਹਿੱਸਾ ਬਣਾ ਲਿਆ। ਹੁਣ ਉਸ ਨੂੰ ਮੁੜ ਭੀਖ ਮੰਗਣ ਦੀ ਲੋੜ ਨਹੀਂ। ਇਸ ਲਈ ‘ਕਰਮਖੰਡ’ ਤੋਂ ਭਾਵ ਹੈ ਕਿ ਇੱਕ ਜ਼ਿੰਦਗੀ ’ਚ ਹੁੰਦੀ ‘ਰੱਬ ਦੀ ਅੰਤਮ ਮਿਹਰ’। ਇੱਥੇ ਸ਼ਬਦਾਰਥ ਵਾਲ਼ੇ ਅਰਥ ਕਿ ‘ਅਮਲ (ਕਰਣੀ) ਦੇ ਦਰਜੇ ਉੱਤੇ ਪਹੁੰਚ ਕੇ ਪ੍ਰਗਟ ਹੋਣ ਦਾ ਵਸੀਲਾ ਬਲ ਹੈ ਅਰਥਾਤ ਮਨੁੱਖ ਦੇ ਕੰਮ ਬਲ ਵਾਲੇ ਹੋਣਗੇ।’ ਤੋਂ ਜਾਪਦਾ ਹੈ ਕਿ ਅਜੇ ਭੀ ਮਨੁੱਖ ਦੇ ਹੱਥ-ਵੱਸ ਹੀ ਸਭ ਕੁੱਝ ਹੈ; ਗੁਰਮਤਿ ਅਨੁਸਾਰੀ ਨਹੀਂ ਜਾਪਦੇ।
ਤਿਥੈ; ਜੋਧ, ਮਹਾ ਬਲ, ਸੂਰ॥ ਤਿਨ ਮਹਿ; ਰਾਮੁ ਰਹਿਆ ਭਰਪੂਰ॥ ਉਚਾਰਨ : ਮਹਾਂ ਬਲ।
ਪਦ ਅਰਥ : ਉਸ (ਕਰਮਖੰਡ) ਵਿੱਚ। ਜੋਧ- ਜੋਧੇ। ਮਹਾ ਬਲ- ਮਹਾਂ ਬਲੀ। ਸੂਰ- ਸੂਰਮੇ। ਤਿਨ ਮਹਿ- ਉਨ੍ਹਾਂ ਅੰਦਰ, ਉਨ੍ਹਾਂ (ਦੀ ਸੁਰਤਿ) ਅੰਦਰ। ਰਾਮੁ- ਸਰਬ ਵਿਆਪਕ ਪ੍ਰਭੂ। ਰਹਿਆ ਭਰਪੂਰ- ਪੂਰਨ ਹੁੰਦਾ ਹੈ, ਪੂਰਨ ਪ੍ਰਭਾਵ ਪਾਈ ਰੱਖਦਾ ਹੈ।
ਅਰਥ : ਉਸ ਅਵਸਥਾ ’ਚ (ਸੱਚ ਨਾਲ਼ ਜੁੜੇ) ਮਹਾਂਬਲੀ ਜੋਧੇ, ਸੂਰਮੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਧਿਆਨ ’ਚ ਕੇਵਲ ਸਰਬ ਵਿਆਪਕ ਹਰੀ ਵੱਸਦਾ ਹੈ ਭਾਵ ਉਹ, ਦਾਤਾਰ-ਪਿਤਾ ਨੂੰ ਆਪਣੇ ਅੰਗ-ਸੰਗ ਸਮਝਦੇ ਹੋਏ ਸਦਾ ਸਬਰ, ਅਨੰਦ, ਅਡੋਲ ਤੇ ਨਿਡਰ ਰਹਿੰਦੇ ਹਨ।
ਤਿਥੈ; ਸੀਤੋ ਸੀਤਾ, ਮਹਿਮਾ ਮਾਹਿ॥ ਤਾ ਕੇ ਰੂਪ; ਨ ਕਥਨੇ ਜਾਹਿ॥ ਉਚਾਰਨ : ਮਾਹਿਂ, ਜਾਹਿਂ।
ਪਦ ਅਰਥ : ਉਸ (ਕਰਮਖੰਡ) ਵਿੱਚ। ਸੀਤੋ ਸੀਤਾ- ਅਭੇਦ (ਜਿਵੇਂ ਕੱਪੜੇ ਦੇ ਦੋ ਟੁਕੜੇ ਸਿਲ ਕੇ ਇੱਕ ਹੋ ਜਾਂਦੇ ਹਨ; ਇਉਂ ਰੱਬ ਨਾਲ਼) ਇੱਕ-ਮਿੱਕ। ਮਹਿਮਾ ਮਾਹਿ- ਉਸਤਤ ਵਿੱਚ, ਰੱਬ ਦੀ ਮਹਿਮਾ ’ਚ। ਤਾ ਕੇ ਰੂਪ- ਉਨ੍ਹਾਂ ਦੇ ਨੂਰ, ਜਲਾਲ। ਨ ਕਥਨੇ ਜਾਹਿ- ਬਿਆਨ ਨਹੀਂ ਹੋ ਸਕਦੇ।
ਅਰਥ : ਉਸ ਹਾਲਤ ’ਚ (ਭਗਤ; ਦਾਤਾਰ-ਪਿਤਾ ਦੀ) ਮਹਿਮਾ ’ਚ ਮਗਨ/ਲੀਨ ਰਹਿੰਦੇ ਹਨ। ਉਨ੍ਹਾਂ ਦੇ ਜਲਾਲ (ਨੂਰ); ਬਿਆਨ ਨਹੀਂ ਹੋ ਸਕਦੇ ਯਾਨੀ ਕਿ ਐਸੀ ਅਵਸਥਾ ਨੂੰ ਬਿਆਨ ਕਰਨ ਲਈ ਸਮਾਜ ’ਚੋਂ ਕੋਈ ਉਦਾਹਰਨ ਨਹੀਂ ਮਿਲਦੀ।
ਨਾ ਓਹਿ ਮਰਹਿ; ਨ ਠਾਗੇ ਜਾਹਿ॥ ਜਿਨ ਕੈ; ਰਾਮੁ ਵਸੈ, ਮਨ ਮਾਹਿ॥ ਉਚਾਰਨ : ਓਹ, ਮਰਹਿਂ, ਜਾਹਿਂ, ਮਾਹਿਂ।
ਪਦ ਅਰਥ : ਓਹਿ- ਉਹ (ਨਾਮ ਰਸੀਏ/ਪੜਨਾਂਵ ਬਹੁ ਵਚਨ)। ਨਾ ਮਰਹਿ- ਨਹੀਂ ਮਰਦੇ, ਆਤਮਕ ਮੌਤ ਨਹੀਂ ਮਰਦੇ। ਨ ਠਾਗੇ ਜਾਹਿ- ਨਾ ਹੀ ਠੱਗੇ ਜਾਂਦੇ ਹਨ ਯਾਨੀ ਵਿਕਾਰ-ਬਿਰਤੀ ਨਾਲ਼ ਆਪਣੀ ਸੁਆਸ ਪੂੰਜੀ ਨਸ਼ਟ ਨਹੀਂ ਹੋਣ ਦਿੰਦੇ। ਜਿਨ ਕੈ ਮਨ ਮਾਹਿ- ਜਿਨ੍ਹਾਂ ਦੇ ਮਨ ’ਚ।
ਅਰਥ : ਜਿਨ੍ਹਾਂ ਦੇ ਹਿਰਦੇ ’ਚ ਰੱਬ ਵੱਸਦਾ ਹੈ, ਨਾ ਉਹ (ਆਤਮਕ ਮੌਤ) ਮਰਦੇ ਹਨ ਤੇ ਨਾ ਹੀ (ਸੁਆਸ ਪੂੰਜੀ) ਵਿਅਰਥ ਜਾਣ ਦਿੰਦੇ ਹਨ। ਉਨ੍ਹਾਂ ਦਾ ਹਰ ਸੁਆਸ ਰੱਬ ਦੀ ਮਹਿਮਾ ’ਚ ਬੀਤਦਾ ਹੈ। ਮਾਇਆ ਵੱਲ ਝੁਕਾਅ; ਸੁਆਸ ਪੂੰਜੀ ਨੂੰ ਵਿਅਰਥ ਗਵਾਉਣਾ ਹੈ।
ਤਿਥੈ ਭਗਤ ਵਸਹਿ; ਕੇ ਲੋਅ॥ ਕਰਹਿ ਅਨੰਦੁ; ਸਚਾ ਮਨਿ ਸੋਇ॥ ਉਚਾਰਨ : ਵਸਹਿਂ, ਕਰਹਿਂ, ਸੱਚਾ।
ਪਦ ਅਰਥ : ਉਸ (ਕਰਮਖੰਡ) ’ਚ। ਵਸਹਿ- ਵੱਸਦੇ ਹਨ। ਕੇ ਲੋਅ – ਕਈ ਲੋਕਾਂ ਦੇ, ਕਈ ਭਵਨਾਂ ਦੇ, ਕਈ ਧਰਮਸ਼ਾਲਾਵਾਂ ਦੇ। ਕਰਹਿ- ਕਰਦੇ ਹਨ, ਮਾਣਦੇ ਹਨ। ਸਚਾ ਸੋਇ- ਉਹ ਸੱਚਾ/ਸਦੀਵੀ ਸਥਿਰ। ਮਨਿ- ਮਨ ’ਚ।
ਅਰਥ : ਉਸ ਅਵਸਥਾ ’ਚ (ਪਹੁੰਚ ਕੇ ਭਗਤ; ਆਪਣੇ ਆਪ ਇੱਥੇ ਇਕੱਲਾ ਪਹੁੰਚਿਆ ਮਹਿਸੂਸ ਨਹੀਂ ਕਰਦਾ। ਉਸ ਨੂੰ ਹੋਰ ਭੀ) ਕਈ ਧਰਮਸ਼ਾਲਾਵਾਂ ਦੇ ਭਗਤ ਪਹੁੰਚੇ (ਜਾਪਦੇ) ਹਨ। ਜਿਹੜੇ ਇੱਕੋ ਹੀ ਸੱਚੇ ‘ੴ’ ਨੂੰ ਮਨ ’ਚ (ਟਿਕਾ ਕੇ) ਅਨੰਦ ਮਾਣਦੇ ਹਨ।
ਸਚਖੰਡਿ, ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ, ਨਦਰਿ ਨਿਹਾਲ॥
ਪਦ ਅਰਥ : ਸਚਖੰਡਿ- ਸਥਿਰ ਅਵਸਥਾ ’ਚ, ਰੱਬ ਨਾਲ਼ ਅਭੇਦ ਹੋਈ ਅਨੰਦਮਈ ਅਵਸਥਾ ’ਚ। ਵਸੈ ਨਿਰੰਕਾਰੁ- ਅਕਾਰ ਰਹਿਤ ਅਦ੍ਰਿਸ਼ ਪ੍ਰਭੂ (ਹਰ ਥਾਂ) ਵੱਸਦਾ ਜਾਪਦਾ ਹੈ। ਕਰਿ ਕਰਿ ਵੇਖੈ- (ਪੈਦਾ) ਕਰ ਕਰ ਕੇ ਵੇਖਦਾ ਹੈ, ਸੰਭਾਲ਼ਦਾ ਭੀ ਹੈ। ਨਦਰਿ ਨਿਹਾਲ- ਨਿਹਾਲ (ਪ੍ਰਸੰਨ-ਚਿਤ) ਦਇਆ-ਦਿਸ਼ਟੀ ਨਾਲ਼।
ਅਰਥ : ਸਦੀਵੀ ਸਥਿਰ ਅਵਸਥਾ ’ਚ (ਪਹੁੰਚੇ ਭਗਤ ਨੂੰ) ਨਿਰਾਕਾਰ-ਪ੍ਰਭੂ (ਹਰ ਥਾਂ) ਵੱਸਦਾ ਜਾਪਦਾ ਹੈ, ਜੋ ਆਪਣੀ ਦਇਆ-ਦ੍ਰਿਸ਼ਟੀ ਨਾਲ਼ (ਕੁਦਰਤ ਨੂੰ ਭਾਂਤ ਭਾਂਤ ਦੀ) ਰਚ-ਰਚ ਕੇ ਆਪ ਹੀ ਸੰਭਾਲ਼ਦਾ ਪਿਆ ਹੈ।
ਵਿਚਾਰ : ਸਚਖੰਡ ਅਵਸਥਾ ਜੈਸੀ ਵਿਆਖਿਆ ‘ਜਪੁ’ ਜੀ ਦੀ ਤੀਜੀ ਤੇ ਚੌਥੀ ਪਉੜੀ ਦੇ ਅੰਤ ’ਚ ਹੈ, ‘‘ਨਾਨਕ ! ਵਿਗਸੈ ਵੇਪਰਵਾਹੁ ॥੩॥, ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ ॥੪॥’’ (ਜਪੁ) ਇਸ ਤੋਂ ਜਾਪਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਹੀ ਇਸ ਸਰਬੋਤਮ ਅਵਸਥਾ (ਧਰਮ ਦੀ ਮੰਜ਼ਲ) ਨੂੰ ਸਪਸ਼ਟ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਚੌਰਾਹੇ ’ਚ ਖੜ੍ਹੇ ਕਰਮਕਾਂਡੀਆਂ (ਤੀਰਥ ਇਸ਼ਨਾਨੀ, ਮੌਨਧਾਰੀ ਆਦਿ) ਨੂੰ ਮਿਸਾਲ ਬਣਾਇਆ ਹੈ। ਧਰਮ ਦੀ ਇਹ ਮੰਜ਼ਲ; ‘ਜਪੁ’ ਜੀ ਦੀਆਂ ਪਹਿਲੀਆਂ ਚਾਰ ਪਉੜੀਆਂ ’ਚ ਪੂਰੀ ਹੁੰਦੀ ਹੈ। ਮੰਜ਼ਲ ’ਤੇ ਪਹੁੰਚਣ ਲਈ ਬਣਿਆ ਵਿਸ਼ਵਾਸ ਹੀ ਮਾਰਗ ’ਤੇ ਚੱਲਣ ਲਈ ਹਿੰਮਤ ਭਰਦਾ ਹੈ। ਅਗਾਂਹ 5 ਤੋਂ 11 ਪਉੜੀਆਂ ’ਚ ਗੁਰੂ ਅੱਗੇ ਅਰਦਾਸ ਅਤੇ ਗੁਰੂ ਸਿੱਖਿਆ ਦੀ ਵਿਆਖਿਆ (ਸੁਣਿਐ) ਸ਼ੁਰੂ ਹੋਈ ਹੈ।
ਤਿਥੈ; ਖੰਡ, ਮੰਡਲ, ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥
ਪਦ ਅਰਥ : ਉਸ (ਸਚਖੰਡ ਅਵਸਥਾ) ’ਚ। ਖੰਡ- ਧਰਤੀਆਂ ਦੇ ਅਨੇਕਾਂ ਦੀਪ/ਟਾਪੂ। ਮੰਡਲ- ਬ੍ਰਹਿਮੰਡ ਦੇ ਅਨੇਕਾਂ ਟੁਕੜੇ ਭਾਵ ਅਨੇਕਾਂ ਧਰਤੀਆਂ/ਧਰਮਸ਼ਾਲਾਂ। ਵਰਭੰਡ- ਅਨੇਕਾਂ ਬ੍ਰਹਿਮੰਡ। ਜੇ ਕੋ ਕਥੈ- ਜੇ ਕੋਈ (ਉਨ੍ਹਾਂ ਨੂੰ) ਬਿਆਨ ਕਰਨਾ ਚਾਹੇ।
ਅਰਥ : ਉਸ (ਸਚਖੰਡ ਅਵਸਥਾ) ’ਚ ਕਈ ਦੀਪ, ਅਨੇਕਾਂ ਧਰਮਸ਼ਾਲਾਂ, ਬੇਅੰਤ ਬ੍ਰਹਿਮੰਡ (ਕਰਤਾਰ ਦੇ ਹੁਕਮ ’ਚ ਬੱਝੇ ਜਾਪਦੇ) ਹਨ। ਜੇ ਕੋਈ (ਉਨ੍ਹਾਂ ਨੂੰ) ਬਿਆਨ ਕਰੇ ਤਾਂ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦਾ ਕੋਈ ਅੰਤ ਹੀ ਅੰਤ ਨਹੀਂ। ਉਨ੍ਹਾਂ ਨੂੰ ‘ਅਸੰਖ’ ਕਹਿਣਾ ਭੀ ਘੱਟ ਕਰਕੇ ਆਂਕਣਾ ਹੈ, ‘‘ਅਸੰਖ ਕਹਹਿ, ਸਿਰਿ ਭਾਰੁ ਹੋਇ॥’’
ਤਿਥੈ; ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ॥
ਪਦ ਅਰਥ : ਉਸ (ਸਚਖੰਡ) ’ਚ। ਲੋਅ ਲੋਅ ਆਕਾਰ- ਕਈ ਲੋਕਾਂ/ਭਵਨਾਂ ਦੇ ਆਕਾਰ। ਜਿਵ ਜਿਵ- ਜਿਉਂ ਜਿਉਂ। ਤਿਵੈ ਤਿਵ- ਉਸੇ ਤਰ੍ਹਾਂ ਦੇ। ਕਾਰ- ਜਗਤ-ਕਾਰ, ਕਿਰਤ-ਵਿਹਾਰ।
ਅਰਥ : ਉਸ ਪੜਾਅ ’ਚ (ਪਹੁੰਚੇ ਨੂੰ ਪ੍ਰਤੀਤ ਹੁੰਦਾ ਹੈ ਕਿ) ਪੁਲਾੜ ’ਚ ਅਨੇਕਾਂ ਬ੍ਰਹਿਮੰਡ ਹਨ, ਆਕਾਰ ਹਨ। ਜਿਵੇਂ ਜਿਵੇਂ (ਦਾਤਾਰ-ਪਿਤਾ ਦਾ) ਹੁਕਮ ਹੈ; ਓਵੇਂ ਓਵੇਂ ਸਾਰੀ ਕਿਰਤ ਕਾਰ ਹੁੰਦੀ ਪਈ ਹੈ। ਐਸਾ ਹੀ ਵਿਚਾਰ; ‘ਜਪੁ’ ਜੀ ਦੀ ਦੂਜੀ ਪਉੜੀ ਦੇ ਅੰਤ ’ਚ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥ ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’
ਵੇਖੈ ਵਿਗਸੈ, ਕਰਿ ਵੀਚਾਰੁ॥ ਨਾਨਕ ! ਕਥਨਾ ਕਰੜਾ ਸਾਰੁ॥ ੩੭॥
ਪਦ ਅਰਥ : ਵੇਖੈ- ਵੇਖਦਾ ਹੈ, ਸੰਭਾਲ਼ ਕਰਦਾ ਹੈ। ਵਿਗਸੈ- ਪ੍ਰਸੰਨ ਹੁੰਦਾ ਹੈ। ਕਰਿ- ਕਰ ਕੇ, ਰਚ ਕੇ, ਪੈਦਾ ਕਰਕੇ। ਨਾਨਕ- ਹੇ ਨਾਨਕ ! ਕਥਨਾ- ਬਿਆਨ ਕਰਨਾ। ਕਰੜਾ ਸਾਰੁ- ਲੋਹੇ ਵਰਗਾ ਸਖ਼ਤ, ਮੁਸ਼ਕਲ।
ਅਰਥ : (ਮਾਲਕ; ਆਪਣੀ ਬਣਾਈ ਜਗਤ-ਰਚਨਾ ਨੂੰ) ਗਹੁ ਨਾਲ਼ ਤੱਕਦਾ ਹੈ ਤੇ ਪ੍ਰਸੰਨ ਹੁੰਦਾ ਹੈ (ਕਿ ਸਭ ਕੁੱਝ ਮੇਰੇ ਦੁਆਰਾ ਲਿਖੇ ਲੇਖ-ਹੁਕਮ ਅਨੁਸਾਰ ਵਾਪਰ ਰਿਹਾ ਹੈ)। ਹੇ ਨਾਨਕ ! (ਸਚਖੰਡ ਬਾਰੇ ਇਸ ਤੋਂ ਵੱਧ ਹੋਰ) ਬਿਆਨ ਕਰਨਾ ਨਾਮੁਮਕਿਨ ਹੈ।
ਵਿਚਾਰ : ਸੋ ‘ਸਚਖੰਡ’ ਅਵਸਥਾ ’ਚ ਮੂਲ ਸਿਧਾਂਤ ਇਹ ਹਨ :
(1). ਸਚਖੰਡ ’ਚ ਪਹੁੰਚੇ ਭਗਤ ਦੇ ਹਿਰਦੇ ’ਚ ਕੇਵਲ ਨਿਰਾਕਾਰ ਹੁੰਦਾ ਹੈ; ਜਿਵੇਂ ਕਿ ਕਿਹਾ ਹੈ, ‘‘ਵਸੈ ਨਿਰੰਕਾਰੁ’’
(2). ਨਿਰਾਕਾਰ ਸਾਰਿਆਂ ਨੂੰ ਪੈਦਾ ਕਰਦਾ ਤੇ ਸੰਭਾਲਦਾ ਹੈ, ‘‘ਕਰਿ ਕਰਿ ਵੇਖੈ, ਨਦਰਿ ਨਿਹਾਲ॥’’
(3). ਉਸ ਦੇ ਹੁਕਮ ’ਚ ਹੀ ਜਗਤ ਦਾ ਸਾਰਾ ਕਾਰ-ਵਿਹਾਰ ਚੱਲਦਾ ਹੈ, ‘‘ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ॥’’
(4). ਉਸ ਦੁਆਰਾ ਰਚਿਆ ਬ੍ਰਹਿਮੰਡ ਅਸੀਮ ਹੈ, ‘‘ਤਿਥੈ; ਲੋਅ ਲੋਅ ਆਕਾਰ॥, ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ, ਤ ਅੰਤ ਨ ਅੰਤ॥’’
(5). ਇਸ ਦੇ ਬਾਵਜੂਦ ਭੀ ਉਹ ਸਭ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਘਬਰਾਉਂਦਾ ਨਹੀਂ ‘‘ਵੇਖੈ ਵਿਗਸੈ’’। ‘ਜਪੁ’ ਜੀ ਦੀ ਤੀਜੀ ਪਉੜੀ ਦੀ ਸਮਾਪਤੀ ਭੀ ਇਉਂ ਹੈ, ‘‘ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ! ਵਿਗਸੈ ਵੇਪਰਵਾਹੁ ॥੩॥’’ (ਜਪੁ)
ਧਰਮ; ਜ਼ਿੰਦਗੀ ਨੂੰ ਅਨੰਦਮਈ ਤੇ ਸਫਲ ਬਣਾਉਣ ਦਾ ਢੰਗ ਹੈ। ਇਸ ਦੀ ਮੰਜ਼ਲ ਹੈ ‘ਸਚਖੰਡ’। ਇਸ ਦੀ ਵਿਆਖਿਆ; ਗੁਰਬਾਣੀ ਦੇ ਹਰ ਸ਼ਬਦ ਤੇ ਲੰਬੀ ਰਚਨਾ ਦੇ ਅੰਤ ’ਚ ਅਵੱਸ਼ ਹੈ। ਰੂਹਾਨੀਅਤ ਦੇ ਪੰਜ ਪੜਾਅ ਦੀ ਵਿਆਖਿਆ; ‘ਜਪੁ’ ਜੀ ਦੀਆਂ ਚਾਰ ਪਉੜੀਆਂ (34 ਤੋਂ 37) ’ਚ ਹੈ। ਇਨ੍ਹਾਂ ਨੂੰ ਵੱਖ ਕਰੀਏ ਤਾਂ ‘ਜਪੁ’ ਜੀ ਦੀ 33ਵੀਂ ਪਉੜੀ ’ਚ ਭੀ ‘ਸਚਖੰਡ’ ਦੀ ਵਿਆਖਿਆ ਹੈ; ਜਿਵੇਂ ਕਿ ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥’’ ‘ਆਸਾ ਕੀ ਵਾਰ’ ਦੇ ਅੰਤ ’ਚ ਭੀ ਇਸੇ ਦਾ ਜ਼ਿਕਰ ਹੈ, ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ; ਧੁਰਿ (ਤੋਂ) ਛੋਡੀ ਤਿੰਨੈ ਪਾਇ (ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ॥ ਸੋ ਕਰੇ; ਜਿ ਤਿਸੈ ਰਜਾਇ ॥੨੪॥੧॥’’ ਸੁਧੁ (ਮਹਲਾ ੧/੪੭੫), ਅਰਥ : ਵੱਡੇ ਦਾਤਾਰ-ਪਿਤਾ ਦੇ ਵਿਸ਼ਾਲ ਗੁਣਾਂ ਦਾ ਬਹੁਤਾ ਵਰਣਨ ਨਹੀਂ ਹੋ ਸਕਦਾ। ਵੱਸ ਸੰਖੇਪ ’ਚ ਐਨਾ ਕੁ ਕਹਿ ਸਕਦੇ ਹਾਂ ਕਿ ਉਹ ਸਭ ਨੂੰ ਪੈਦਾ ਕਰਨ ਵਾਲ਼ਾ ਹੈ। ਸਰਬ ਸ਼ਕਤੀਮਾਨ ਹੈ। ਮਿਹਰ ਕਰਨ ਵਾਲ਼ਾ ਬਖ਼ਸ਼ਿੰਦ ਹੈ। ਜੀਵਾਂ ਨੂੰ ਰਿਜ਼ਕ ਦੇ ਦੇ ਕੇ ਪਾਲ਼ਦਾ ਹੈ। ਜੀਵਾਂ ਨੇ ਉਹੀ ਕੁੱਝ ਕਰਨਾ ਹੁੰਦਾ ਹੈ, ਜੋ ਉਸ ਨੇ ਪੈਦਾਇਸ਼ ਤੋਂ ਨਸੀਬ ’ਚ ਪਾ ਕੇ ਭੇਜਿਆ ਹੈ। ਉਸ ਤੋਂ ਬਿਨਾਂ ਹੋਰ ਕੋਈ ਆਸਰਾ ਭੀ ਨਹੀਂ। ਮਾਲਕ; ਓਹੀ ਕਰਦਾ ਹੈ, ਜੋ ਉਸ ਨੂੰ ਪਸੰਦਾ ਹੈ ਯਾਨੀ ਮਾਲਕ ਦੇ ਹੁਕਮ ’ਚ ਸਾਰੇ ਜੀਵ-ਜੰਤਾਂ ਨੇ ਚੱਲਣਾ ਹੀ ਚੱਲਣਾ ਹੈ। ਹੁਕਮ ਤੋਂ ਆਕੀ ਕੋਈ ਨਹੀਂ।
ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਦਾ ਟੀਕਾ ਕਰਦਿਆਂ ਹਰ ਅੰਤਮ ਪਦੇ ਦੇ ਅਰਥ ਕਰਨ ਤੋਂ ਪਹਿਲਾਂ ‘ਪਰ’ ਸ਼ਬਦ ਵਰਤਿਆ ਹੈ ਤਾਂ ਜੋ ਹਰ ਸ਼ਬਦ, ਛੰਦ, ਆਦਿ ’ਚ ਦਰਸਾਏ ਸਿਧਾਂਤ ਦਾ ਪਾਲਣ ਕਰਨਾ/ਕਰਾਉਣਾ ਜਗਤ-ਪਿਤਾ ਦੇ ਹੱਥ ’ਚ ਹੈ, ਇਸ ਲਈ ‘ਜਪੁ’ ਜੀ ਦੇ ਅੰਤ ’ਚ ਭੀ ‘ਸਚਖੰਡ’ ਦੇ ਨਾਲ਼-ਨਾਲ਼ ‘ਕਰਮਖੰਡ’ ਦਾ ਜ਼ਿਕਰ ਹੈ ਭਾਵ ਉਸ ਦੀ ਮਿਹਰ ਤੋਂ ਬਿਨਾਂ; ‘ਜਪੁ’ ਜੀ ’ਚ ਦਰਸਾਏ ਸਿਧਾਂਤ ਨੂੰ ਭੀ ਅਮਲ ’ਚ ਨਹੀਂ ਲਿਆਂਦਾ ਜਾ ਸਕਦਾ।
‘ਜਪੁ’ ਜੀ ’ਚ ਅਗਾਂਹ ਹੁਣ 38ਵੀਂ ਪਉੜੀ ਹੈ, ਜਿਸ ਵਿੱਚ ਜੀਵਨ ਘਾੜਤ ਨੂੰ ਸੋਨੇ ਦੀ ਘਾੜਤ ਸਮਾਨ ਦਰਸਾਇਆ ਹੈ; ਜਿਵੇਂ ਸੋਨੇ ਦੀ ਡਲ਼ੀ ਤੋਂ ਸੁੰਦਰ ਗਹਿਣਾ ਬਣਦਾ ਹੈ, ਇਸ ਵਿੱਚ ਸੁਨਿਆਰ ਔਜ਼ਾਰਾਂ ਦੀ ਮਦਦ ਲੈਂਦਾ ਹੈ; ਉਸੇ ਤਰ੍ਹਾਂ ਜੀਵਨ-ਘਾੜਤ ’ਚ ਸ਼ੁਭ ਗੁਣ ਔਜ਼ਾਰ ਬਣਦੇ ਹਨ। ਜਿਸ ਤਰ੍ਹਾਂ ਅਸ਼ੁੱਧ ਕਨਿਕ (ਸੋਨਾ); ਪੂਰਨ ਸ਼ੁੱਧ (12 ਵੰਨੀਂ/24 ਕੈਰੇਟ) ਹੋਣ ਤੱਕ ਗਰਮ ਕੁਠਾਲੀ ’ਚ ਰੱਖਿਆ ਉਛਲਦਾ ਹੈ; ਵੈਸੇ ਹੀ ਮੈਲ਼ਾ ਮਨ; ਨਿਰਮਲ ਹੋਣ ਤੱਕ ਭਟਕਦਾ ਹੈ, ਭਰਮ ’ਚ ਰਹਿੰਦਾ ਹੈ। ਗੁਰਬਾਣੀ ਦੇ ਬਚਨ ਹਨ, ‘‘ਜਿਉ ਕਨਿਕੋ, ਕੋਠਾਰੀ ਚੜਿਓ; ਕਬਰੋ (ਕਮਲ਼ਾ) ਹੋਤ ਫਿਰੋ॥ ਜਬ ਤੇ ਸੁਧ ਭਏ ਹੈ ਬਾਰਹਿ (12 ਵੰਨੀਂ); ਤਬ ਤੇ ਥਾਨ ਥਿਰੋ (ਟਿਕ ਗਿਆ)॥’’ (ਮਹਲਾ ੫/੧੨੦੩) ਗਹਿਣਾ ਬਣਨ ਤੱਕ ਸੋਨਾ ’ਤੇ ਔਜ਼ਾਰ ਦੀ ਚੋਟ ਪੈਂਦੀ ਹੈ; ਉਸੇ ਤਰ੍ਹਾਂ ਨਿਰਮਲ ਮਨ ਹੋਣ ਤੱਕ ਮੈਲ਼ੇ ਮਨ ’ਤੇ ਗੁਰੂ ਸ਼ਬਦ-ਤੀਰ ਦੀ ਮਾਰ ਪੈਣੀ ਸੁਭਾਵਕ ਹੈ। ਕਠਿਨ ਮਾਰਗ ਸਮਝ ਕੇ ਹਿੰਮਤ ਨਹੀਂ ਹਾਰਨੀ, ਬੇਦਾਵਾ ਨਹੀਂ ਦੇਣਾ।
ਜਤੁ ਪਹਾਰਾ, ਧੀਰਜੁ ਸੁਨਿਆਰੁ॥ ਅਹਰਣਿ ਮਤਿ; ਵੇਦੁ ਹਥੀਆਰੁ॥
ਪਦ ਅਰਥ : ਜਤੁ- ਉੱਚਾ ਕਿਰਦਾਰ। ਪਹਾਰਾ- ਦੁਕਾਨ, (ਸੁਨਿਆਰੇ ਦੀ) ਹੱਟੀ। ਧੀਰਜੁ- ਸਥਿਰ ਮਨ, ਸ਼ਾਂਤ ਮਨ, ਨਿਰਮਲ ਮਨ। ਸੁਨਿਆਰੁ- ਸੋਨੇ ਨੂੰ ਘੜਨ ਵਾਲ਼ਾ (ਮੈਲ਼ਾ ਮਨ ਸ਼ੁੱਧ ਕਰਨ ਵਾਲ਼ਾ)। ਅਹਰਣਿ-ਅਹਿਰਨ, ਲੋਹੇ ਦਾ ਚੌਰਸ ਭਾਰੀ ਟੁੱਕੜਾ, ਜਿਸ ’ਤੇ ਰੱਖ ਕੇ ਗਰਮ ਕੀਤੇ ਸੋਨੇ ’ਤੇ ਚੋਟ ਮਾਰੀਦੀ ਹੈ ਜਾਂ ਧਾਰ ਲਾਈ ਜਾਂਦੀ ਹੈ। ਮਤਿ-ਸੁਰਤਿ (ਨੋਟ : ਇੱਥੇ ‘ਮਤਿ’ ਤੋਂ ਭਾਵ ‘ਸੁਰਤਿ’ ਹੈ, ਨਾ ਕਿ ‘ਮਮਤਾ, ਅਹੰਕਾਰ’)। ਵੇਦੁ- ਗਿਆਨ, ਗੁਰੂ ਸ਼ਬਦ। ਹਥੀਆਰੁ- ਹਥੌੜਾ।
ਅਰਥ : (ਸੁਨਿਆਰ ਦੀ ਦੁਕਾਨ ਦਾ ਬ੍ਰਿਤਾਂਤ ਸਿਰਜ ਕੇ ਗੁਰੂ ਜੀ ਸਮਝਾਉਂਦੇ ਹਨ ਕਿ ਜਦੋਂ) ਗੁਰੂ-ਗਿਆਨ ਰੂਪ ਹਥੌੜਾ; ਅਹਿਰਨ (ਵਾਙ ਸਥਿਰ, ਇਕਾਗਰ) ਸੁਰਤਿ ’ਤੇ ਚੋਟ ਕਰਦਾ ਹੈ ਤਾਂ ਹੱਟੀ (ਵਰਗੇ ਸੁੰਦਰ ਸਰੀਰ) ਅੰਦਰ (ਬੈਠਾ ਮਨ) ਸੁਨਿਆਰ; ਸਬਰ-ਸੰਤੋਖ, ਉੱਚਾ ਆਚਰਨ ਵਰਗੇ ਬਹੁ ਕੀਮਤੀ ਗੁਣ ਗ੍ਰਹਿਣ ਕਰਨ ਲਈ ਮਜਬੂਰ ਹੁੰਦਾ ਹੈ।
ਵਿਚਾਰ : ਗੁਰਬਾਣੀ ’ਚ ਮਤਿ ਨੂੰ ਕੁਮਤਿ, ਬੁਧਿ ਨੂੰ ਕੁਬੁਧਿ, ਬਿਬੇਕ ਨੂੰ ਅਬਿਬੇਕ ਆਦਿ ਭੀ ਕਿਹਾ ਹੈ, ਪਰ ਸੁਰਤਿ ਨੂੰ ਭੈੜੀ ਸੁਰਤਿ ਜਾਂ ਅਸੁਰਤਿ ਨਹੀਂ ਕਿਹਾ ਕਿਉਂਕਿ ਜ਼ਿੰਦਗੀ ਰੂਪ ਟ੍ਰੇਨ ਨੂੰ ਮੰਜ਼ਲ ਤੱਕ ਲੈ ਜਾਣ ਲਈ ਸੁਰਤਿ ਹੀ ਇੰਜਣ ਬਣਦੀ ਹੈ। ਹਰ ਜੀਵ-ਜੰਤ ਅੰਦਰ ਥੋੜ੍ਹੀ ਬਹੁਤੀ ਸੁਰਤਿ (ਚੇਤਨਾ) ਕਰਤਾਰ ਨੇ ਬਚਪਨ ਤੋਂ ਪਾਈ ਹੁੰਦੀ ਹੈ। ਇਸ ਸਬੰਧ ’ਚ ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਏਕਾ ਸੁਰਤਿ, ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ (ਕੀਤਾ)॥ ਜੇਹੀ ਸੁਰਤਿ; ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥੧॥’’ (ਮਹਲਾ ੧/੨੫) ਭਾਵ ਸਾਰੇ ਜੀਵਾਂ ’ਚ ਇੱਕੋ ਕਰਤਾਰ ਹੀ ਸੁਰਤਿ ਪਾਉਂਦਾ ਹੈ। ਸੁਰਤਿ ਤੋਂ ਬਿਨਾਂ ਕੋਈ ਪੈਦਾ ਹੀ ਨਹੀਂ ਕੀਤਾ। ਆਪਣੇ ਆਪਣੇ ਲੇਖੇ (ਭਾਗ) ਅਨੁਸਾਰ ਹਰ ਇੱਕ ਨੂੰ ਵੱਧ-ਘੱਟ ਸੁਰਤਿ (ਚੇਤਨਾ) ਮਿਲੀ ਹੈ। ਉਸੇ-ਉਸੇ ਸੁਰਤਿ ਅਨੁਸਾਰ ਸਾਰੇ ਹੀ ਪੈਦਾ ਹੁੰਦੇ, ਕੰਮ-ਕਾਰ ਕਰਦੇ, ਮਰਦੇ ਤੇ ਆਵਾਗਮਣ ਭੋਗਦੇ ਹਨ; ਤਾਂ ਤੇ ਸਫਲ ਹੋਣ ਲਈ ਸੁਰਤਿ ’ਚ ਇਕਾਗਰਤਾ (ਟਿਕਾਅ) ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਗੁਰੂ ਸ਼ਬਦ ਰੂਪ ਹਥੋੜੇ ਦੀ ਆਪਣੇ ਰੋਗ ਅਨੁਸਾਰ ਬਣਦੀ ਚੋਟ ਸਹਾਰ ਸਕੇ। ਆਪ ਜੀ ਨੇ ਹੀ ਸੁਰਤਿ ਦੇ ਟਿਕਾਅ ਨੂੰ ਚੇਲਾ (ਭਾਵ ਸਿੱਖ) ਕਿਹਾ ਹੈ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਗੋਸਟਿ/ਮਹਲਾ ੧/੯੪੩) ਆਪ ਨੇ ਹੀ ਕਿਹਾ ਕਿ ਸੁਰਤਿ ਨੂੰ ਮਾਰਗ ਬਣਾ ਕੇ ਹੀ ਮੰਜ਼ਲ ਪ੍ਰਾਪਤ ਹੁੰਦੀ ਹੈ, ਮਨ ਨੂੰ ਸਾਧਿਆ ਜਾ ਸਕਦਾ ਹੈ, ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥ ਮਨਿ (’ਚ) ਵੀਚਾਰਿ (ਕੇ) ਦੇਖੁ ਬ੍ਰਹਮ ਗਿਆਨੀ ! ਕਉਨੁ ਗਿਰਹੀ ? ਕਉਨੁ ਉਦਾਸੀ ?॥’’ (ਮਹਲਾ ੧/੧੩੨੯) ਯਾਨੀ ਗ੍ਰਿਹਸਤੀ ਜਾਂ ਵਿਰਕਤ (ਘਰ-ਬਾਰ ਛੱਡ ਕੇ ਜੰਗਲ਼ ’ਚ ਜਾਣਾ ਤਾਂ ਹੀ ਸਫਲ ਹੈ, ਜੇਕਰ ਇਸ ਨਾਲ਼) ਸੁਰਤਿ ਨੂੰ ਮਾਰਗ ਬਣਾ ਮਨ ਸ਼ੁੱਧ ਹੋਵੇ, ਭੈੜੀ ਨਜ਼ਰ ਬਦਲ ਜਾਏ।
ਗੁਰੂ ਸ਼ਬਦ ਦੀ ਚੋਟ ਸਹਾਰ ਕੇ ਬਲਵਾਨ ਹੋਈ ਸੁਰਤਿ; ਮਨ ਨੂੰ ਆਪਣੇ ਅਧੀਨ ਰੱਖਦੀ ਹੈ ਭਾਵ ਸੁਰਤਿ (ਭੇਡ) ਨੂੰ ਮਨ (ਲੇਲਾ) ਚੁੰਘਦਾ ਹੈ, ਨਹੀਂ ਤਾਂ ਅਕਸਰ ਮਨ (ਲੇਲੇ) ਨੂੰ ਹੀ ਭੇਡ (ਸੁਰਤਿ) ਚੁੰਘਦੀ ਵੇਖੀਦੀ ਹੈ, ‘‘ਕਹੁ ਕਬੀਰ ! ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥’’ (ਭਗਤ ਕਬੀਰ/੩੨੬) ਯਾਨੀ ਮਨ; ਬੰਦੇ ਤੋਂ ਗ਼ਲਤ ਕੰਮ ਕਰਾਉਂਦਾ ਹੈ ਤੇ ਸ਼ਰਮਸਾਰ; ਕਮਜ਼ੋਰ ਸੁਰਤਿ ਨੂੰ ਹੋਣਾ ਪੈਂਦਾ ਹੈ।
ਦੂਜੇ ਪਾਸੇ ਸਦੀਵੀ ਸਥਿਰ ਪ੍ਰਭੂ ਅਤੇ ਸਦੀਵੀ ਸਥਿਰ ਸ਼ਬਦ ਗੁਰੂ ਸਿਧਾਂਤ ’ਚ ਮਗਨ ਸੁਰਤਿ; ਸਥਿਰ (ਪ੍ਰਭੂ) ਦੇ ਪ੍ਰੇਮ-ਰੰਗ ’ਚ ਭਿੱਜ-ਭਿੱਜ ਕੇ ਮਨ (ਲੇਲੇ) ਨੂੰ ਕਾਬੂ ਰੱਖਦੀ ਰੱਖਦੀ ਆਪ ਭੀ ਸਦੀਵੀ ਸਥਿਰ (ਬਲਵਾਨ) ਹੋ ਜਾਂਦੀ ਹੈ; ਜਿਵੇਂ ਕਿ ਬਚਨ ਹਨ, ‘‘ਚਰਨ ਸਤਿ; ਸਤਿ ਪਰਸਨਹਾਰ ॥ ਪੂਜਾ ਸਤਿ; ਸਤਿ ਸੇਵਦਾਰ ॥ ਦਰਸਨੁ ਸਤਿ; ਸਤਿ ਪੇਖਨਹਾਰ ॥ ਨਾਮੁ ਸਤਿ; ਸਤਿ ਧਿਆਵਨਹਾਰ ॥ ਆਪਿ ਸਤਿ; ਸਤਿ ਸਭ ਧਾਰੀ ॥ ਆਪੇ ਗੁਣ; ਆਪੇ ਗੁਣਕਾਰੀ ॥ ਸਬਦੁ ਸਤਿ; ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ; ਸਤਿ ਜਸੁ ਸੁਨਤਾ ॥ ਬੁਝਨਹਾਰ ਕਉ ਸਤਿ ਸਭ ਹੋਇ ॥ ਨਾਨਕ ! ਸਤਿ ਸਤਿ ਪ੍ਰਭੁ ਸੋਇ ॥੧॥’’ (ਸੁਖਮਨੀ/ਮਹਲਾ ੫/੨੮੫) ਭਾਵ ਸਦੀਵੀ ਸਥਿਰ ਪ੍ਰਭੂ ਦੇ ਚਰਨ (ਗੁਣ) ਸਦੀਵੀ ਸਥਿਰ ਹਨ। ਉਸ ਦੀ ਪੂਜਾ-ਭਗਤੀ ਤੇ ਦਰਸ਼ਨ ਹੋਣਾ ਭੀ ਸਥਿਰ (ਸੁਰਤਿ) ਹੈ। ਉਹ ਆਪ ਸਥਿਰ ਹੈ ਤੇ ਸਥਿਰ ਗੁਣਾਂ ਭਰਪੂਰ (ਅਟੱਲ ਨਿਯਮਾਂ ’ਚ ਬੰਨ੍ਹੀ, ਉਸ ਨੇ) ਕੁਦਰਤ ਸਾਜੀ ਹੈ। ਉਸ ਦੀ ਮਹਿਮਾ (ਯਾਨੀ ਗੁਰੂ ਸ਼ਬਦ ਭੀ) ਸਥਿਰ ਹੈ। ਉਸ ਨੂੰ ਗਾਉਣ ਵਾਲ਼ਾ, ਉਸ ਦਾ ਜਸ ਸੁਣਨਵਾਲ਼ਾ, ਉਸ (ਦੇ ਸਥਿਰ ਗੁਣਾਂ) ਨੂੰ ਛੂਹਣ ਵਾਲ਼ਾ, ਉਸ ਦੀ (ਪ੍ਰਜਾ ਦੀ) ਸੇਵਾ ਕਰਨ ਵਾਲ਼ਾ; ਸਦੀਵੀ ਸਥਿਰ (ਸੁਰਤਿ ਦਾ ਮਾਲਕ) ਹੋ ਜਾਂਦਾ ਹੈ ਕਿਉਂਕਿ ਉਸ ਨੂੰ ਹਰ ਪਾਸੇ ਸਥਿਰ ਹੀ ਸਥਿਰ (ਪ੍ਰਭੂ ਦਾ ਨਿਵਾਸ) ਜਾਪਦਾ ਹੈ, ਪ੍ਰਤੀਤ ਹੁੰਦਾ ਹੈ।
ਸੋ ਸਦੀਵੀ ਸਥਿਰ ਪ੍ਰਭੂ ਤੇ ਗੁਰੂ ਦੇ ਚਰਨਾਂ ਨਾਲ਼ ਜੁੜ ਕੇ ਸਥਿਰ ਹੋਈ ਸੁਰਤਿ ਹੀ (ਸੁਨਿਆਰੇ ਦੀ) ਹੱਟੀ ਵਾਙ ਹੋਰਾਂ ਨੂੰ ਆਕਰਸ਼ਣ ਕਰਨ ਵਾਲ਼ਾ ਜੀਵਨ ਸਿਰਜਦੀ ਹੈ, ਮਨ ਨੂੰ ਘੜ ਸਕਦੀ ਹੈ। ਆਪਣੇ ਅੰਦਰ ਉੱਚਾ ਕਿਰਦਾਰ, ਸਬਰ-ਸੰਤੋਖ ਆਦਿ ਗੁਣ ਪੈਦਾ ਕਰ ਸਕਦੀ ਹੈ।
ਭਉ ਖਲਾ; ਅਗਨਿ ਤਪ ਤਾਉ॥ ਭਾਂਡਾ ਭਾਉ; ਅੰਮ੍ਰਿਤੁ, ਤਿਤੁ ਢਾਲਿ॥ ਉਚਾਰਨ : ਖੱਲਾ, ਢਾਲ਼।
ਪਦ ਅਰਥ : ਭਉ- (ਰੱਬ ਦਾ) ਡਰ, ਅਦਬ। ਖਲਾ- ਖੱਲ, ਧੌਂਕਣੀ (ਮਰੇ ਪਸ਼ੂ ਦੀ ਚਮੜੀ, ਜੋ ਭੱਠੀ ’ਚ ਅੱਗ ਭਖਾਉਣ ਲਈ ਸਿਲਾਈ ਕੀਤੀ ਹੁੰਦੀ ਸੀ)। ਅਗਨਿ- ਅੱਗ। ਤਪ ਤਾਉ- ਤਪਾਂ ਦਾ ਸੇਕ, ਕੀਤੀ ਘਾਲਣਾ/ਮਿਹਨਤ। ਭਾਂਡਾ- ਕੁਠਾਲੀ, ਸੋਨੇ/ਧਾਤਾਂ ਨੂੰ ਪਿਘਲ਼ਾਉਣ ਵਾਲ਼ਾ ਬਰਤਨ, ਹਿਰਦਾ। ਭਾਉ- ਪ੍ਰੇਮ। ਅੰਮ੍ਰਿਤੁ- ਅਮਰ ਕਰਨ ਦੇਣ ਵਾਲ਼ਾ (ਨਾਮ)। ਤਿਤੁ- ਉਸ (ਪ੍ਰੇਮ-ਕੁਠਾਲੀ) ’ਚ ਜਾਂ ਉਸ ਨਾਲ਼। ਢਾਲਿ- ਢਾਲ਼ ਹੁੰਦਾ ਹੈ, ਪ੍ਰਗਟ ਹੁੰਦਾ ਹੈ।
ਅਰਥ : (ਜੇਕਰ ਪ੍ਰਭੂ ਤੇ ਗੁਰੂ ਦਾ) ਡਰ-ਅਦਬ ਧੌਂਕਣੀ ਹੋਵੇ ਤਾਂ ਕੀਤੀ ਘਾਲਣਾ; ਅੱਗ ਵਾਙ ਸਹਾਈ ਹੁੰਦੀ ਹੈ। ਹਿਰਦੇ-ਕੁਠਾਲੀ ’ਚ ਪ੍ਰੇਮ ਭਰਿਆ ਹੋਵੇ ਫਿਰ ਉਸ (ਪਿਘਲ਼ੇ-ਮੋਮ ਦਿਲ) ਨਾਲ਼ ਅੰਮ੍ਰਿਤ ਪ੍ਰਗਟ ਹੁੰਦਾ ਹੈ (ਰੱਬ ਦਾ ਨਾਮ ਜਪਿਆ ਕਬੂਲ ਹੁੰਦਾ ਹੈ, ਸੁੰਦਰ ਗਹਿਣਾ ਬਣਦਾ ਹੈ, ਸੁੰਦਰ ਕਿਰਦਾਰ ਸਿਰਜ ਹੁੰਦਾ ਹੈ)।
ਨੋਟ : ਗੁਰਬਾਣੀ ਅਨੁਸਾਰ ‘ਨਾਮ’ ਤੇ ‘ਅੰਮ੍ਰਿਤ’ ਦੋ ਸ਼ਬਦ ਨਹੀਂ, ਇੱਕੋ ਹੈ ਤੇ ਕਣ ਕਣ ’ਚ ਮੌਜੂਦ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਮਨ ਰੇ ! ਥਿਰੁ ਰਹੁ; ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ; ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥’’ (ਮਹਲਾ ੧/੫੯੮) ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਘਟ ਅੰਤਰਿ ਅੰਮ੍ਰਿਤੁ ਰਖਿਓਨੁ; ਗੁਰਮੁਖਿ ਕਿਸੈ ਪਿਆਈ ॥’’ (ਮਹਲਾ ੩/੯੫੧) ਭਾਵ ਹਰ ਹਿਰਦੇ ਅੰਦਰ ਅੰਮ੍ਰਿਤ ਨਾਮ ਉਸ (ਪ੍ਰਭੂ) ਨੇ ਰੱਖਿਆ ਹੈ। ਜਿਸ ਨੂੰ ਚਾਹੇ, ਉਸੇ ਨੂੰ ਪਿਲਾਉਂਦਾ ਹੈ। ਭਗਤ ਕਬੀਰ ਜੀ ਦੇ ਬਚਨ ਹਨ, ‘‘ਜੇਤੇ ਘਟ, ਅੰਮ੍ਰਿਤੁ ਸਭ ਹੀ ਮਹਿ; ਭਾਵੈ ਤਿਸਹਿ ਪੀਆਈ ॥’’ (ਭਗਤ ਕਬੀਰ/੧੧੨੩) ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ, ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥’’ (ਮਹਲਾ ੨/੧੨੩੮) ਸੋ ਜਿਸ ਤਰ੍ਹਾਂ ਧਰਤੀ ਅੰਦਰ ਹਰ ਥਾਂ ਪਾਣੀ ਭਰਪੂਰ ਹੈ; ਉਸੇ ਤਰ੍ਹਾਂ ਨਾਮ-ਅੰਮ੍ਰਿਤ ਭੀ ਸਭ ਜੀਵ-ਜੰਤਾਂ ਦੇ ਅੰਦਰ ਹੈ। ਇਹ ਨਾਮ-ਅੰਮ੍ਰਿਤ ਹੀ ਆਤਮ-ਪ੍ਰਕਾਸ਼ ਹੈ, ਇਲਾਹੀ ਜੋਤਿ ਹੈ, ਰੂਹ ਹੈ, ਜਿੰਦ ਹੈ ਤੇ ਅਕਾਲ ਪੁਰਖ ਦੀ ਸਰਬ ਵਿਆਪਕ ਹੋਂਦ (ਦਾ ਸਬੂਤ) ਹੈ।
ਘੜੀਐ ਸਬਦੁ, ਸਚੀ ਟਕਸਾਲ॥
ਪਦ ਅਰਥ : ਘੜੀਐ- ਘੜੀਦਾ ਹੈ, ਕਮਾਇਆ ਜਾ ਸਕਦਾ ਹੈ। ਸਬਦੁ- ਕਿਰਦਾਰ, ਬੋਲ-ਚਾਲ, ਰਹਿਣ-ਸਹਿਣ (ਨੋਟ : ਗੁਰਬਾਣੀ ’ਚ ‘ਜੀਵਨ’ ਨੂੰ ‘ਸਬਦੁ’ ਭੀ ਕਿਹਾ ਹੈ; ਜਿਵੇਂ ਕਿ ‘‘ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ ਸਚੈ (ਨੇ) ਸਵਾਰਿਆ ॥’’ ਅਨੰਦ/ਮਹਲਾ ੩/੯੧੭)। ਸਚੀ ਟਕਸਾਲ (ਉਕਤ ਗੁਣਾਂ ਭਰਪੂਰ) ਸੱਚੀ ਟਕਸਾਲ ’ਚ, ਅਸਲ ਟਕਸਾਲ ’ਚ [ਜਿੱਥੇ ‘ਉੱਚਾ ਕਿਰਦਾਰ, ਨੀਵਾਂਪਣ, ਉੱਚੀ ਸੁਰਤਿ, ਗੁਰੂ ਉਪਦੇਸ਼ ਦੀ ਕਮਾਈ, (ਰੱਬ ਦਾ) ਡਰ-ਅਦਬ, ਮਿਹਨਤ, ਪਿਆਰ’ ਆਦਿ ਗੁਣ ਹੋਣ]।
ਅਰਥ : (ਇਸ) ਅਸਲ ਟਕਸਾਲ ’ਚ (ਸ਼ਰਧਾਵਾਨ ਦਾ) ਰਹਿਣ-ਸਹਿਣ ਘੜਿਆ ਜਾ ਸਕਦਾ ਹੈ।
ਜਿਨ ਕਉ, ਨਦਰਿ ਕਰਮੁ; ਤਿਨ ਕਾਰ॥ ਨਾਨਕ ! ਨਦਰੀ ਨਦਰਿ ਨਿਹਾਲ॥ ੩੮॥
ਪਦ ਅਰਥ : ਜਿਨ ਕਉ- ਜਿਨ੍ਹਾਂ ਲਈ, ਜਿਨ੍ਹਾਂ ਉੱਤੇ। ਨਦਰਿ ਕਰਮੁ- ਦਇਆ-ਦ੍ਰਿਸ਼ਟੀ ਕਰਨ ਵਾਲ਼ੇ ਪ੍ਰਭੂ ਦਾ ਪ੍ਰਸਾਦ, ਮਿਹਰ। ਤਿਨ ਕਾਰ- ਉਨ੍ਹਾਂ ਦੀ ਹੀ ਇਹ ਕਾਰ, ਕਿਰਤ ਕਮਾਈ। ਨਾਨਕ- ਨਾਨਕ ! ਨਦਰੀ ਨਦਰਿ- ਮਿਹਰਵਾਨ ਦੀ ਨਜ਼ਰ ਨਾਲ਼। ਨਿਹਾਲ- ਪ੍ਰਸੰਨ ਚਿਤ, ਅਨੰਦਿਤ।
ਅਰਥ : (ਪਰ) ਹੇ ਨਾਨਕ ! (ਜੀਵਨ ਬਦਲਾਅ ਦੀ ਇਹ ਯੋਗਤਾ; ਕਿਸੇ ਮਨੁੱਖ ਕੋਲ਼ ਨਹੀਂ) ਜਿਨ੍ਹਾਂ ਉੱਤੇ ਦਇਆਲੂ ਮਾਲਕ; ਆਪ ਮਿਹਰ ਕਰੇ; ਉਸ ਦੀ ਦਇਆ-ਦ੍ਰਿਸ਼ਟੀ ਨਾਲ਼ ਉਹੀ (ਇਹ ਉੱਚੀ-ਸੁੱਚੀ) ਕਿਰਤ ਕਾਰ ਕਰਦੇ ਹਨ, ਅਨੰਦਿਤ ਹੁੰਦੇ ਹਨ, ਮਨ ਘੜਨਯੋਗ ਹੁੰਦੇ ਹਨ।
ਵਿਚਾਰ : ਪਿਛਾਂਹ ਵਿਚਾਰਿਆ ਜਾ ਚੁੱਕਾ ਹੈ ਕਿ ਗੁਰਬਾਣੀ ਦੇ ਹਰ ਸ਼ਬਦ, ਅਸ਼ਟਪਦੀ ਆਦਿ ਦੇ ਅੰਤਮ ਪਦੇ ਦੀ ਵਿਚਾਰ ਕਰਦਿਆਂ ‘ਪਰ’ ਲਗਾ ਕੇ ਅਰਥ ਵਾਚਣਾ ਜ਼ਰੂਰੀ ਹੈ ਕਿਉਂਕਿ ਹਰ ਵਿਸ਼ੇ ਦੀ ਸਮਾਪਤੀ ’ਚ ਸਚਖੰਡ-ਅਵਸਥਾ ਦਾ ਜ਼ਿਕਰ ਹੈ। ਜਿਸ ਦੀ ਵਿਆਖਿਆ ’ਚ ਕਿਹਾ ਹੈ ਕਿ ਸਭ ਕੁੱਝ ਮਾਲਕ ਦੀ ਰਜ਼ਾ ’ਚ ਵਾਪਰਦਾ ਹੈ। ਉਸ ਦੇ ਹੁਕਮ ਤੋਂ ਆਕੀ ਹੋ ਕੇ ਕੁੱਝ ਭੀ ਹਾਸਲ ਨਹੀਂ ਹੁੰਦਾ। 33ਵੀਂ ਪਉੜੀ ’ਚ ਭੀ ਵਿਚਾਰਿਆ ਗਿਆ ਸੀ ਕਿ ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥’’ (ਜਪੁ), ਇਸ ਲਈ ਉਕਤ ਪੰਕਤੀ ਦੇ ਅਰਥ ਕਰਨ ਤੋਂ ਪਹਿਲਾਂ ‘ਪਰ’ ਲਗਾਇਆ ਹੈ ਤਾਂ ਕਿ ਸਮੁੱਚਾ ਗੁਰਮਤਿ-ਸਿਧਾਂਤ ਇੱਕ ਸਮਾਨ ਪ੍ਰਤੀਤ ਹੋਵੇ।
ਸਲੋਕੁ ॥
ਵਿਚਾਰ : ‘ਜਪੁ’ ਬਾਣੀ ਅੰਦਰ ਕੁੱਲ 38 ਪਉੜੀਆਂ ਤੇ 2 ਸਲੋਕ ਹਨ। ਪਹਿਲਾ ਸਲੋਕ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥੧॥’’ ਹੈ, ਜੋ ‘ਜਪੁ’ ਦੇ ਅਰੰਭ ’ਚ ਮੰਗਲਾਚਰਨ (ਇਸ਼ਟ ਦੀ ਸਿਫ਼ਤ) ਰੂਪ ’ਚ ‘ੴ’ ਦੀ ਨਿਰਾਕਾਰ/ਅਦ੍ਰਿਸ਼ ਹੋਂਦ ਨੂੰ ਬਿਆਨ ਕਰਦਾ ਹੈ ਤੇ ਦੂਜਾ ਇਹ ਸਲੋਕ; ‘ਜਪੁ’ ਜੀ ਦੀ ਸਮਾਪਤੀ ’ਤੇ ‘ੴ’ ਦੇ ਸਰਗੁਣ (ਭਾਵ ਕੁਦਰਤ) ’ਚ ਇੱਕ ਸਫਲ ਹੁੰਦੀ ਜ਼ਿੰਦਗੀ ਦਾ ਮਹੱਤਵ ਬਿਆਨ ਕਰਦਾ ਹੈ। ‘ੴ’ ਦੇ ਇਨ੍ਹਾਂ ਨਿਰਗੁਨੁ ਤੇ ਸਰਗੁਨੁ ਰੂਪਾਂ ਦਾ ਜ਼ਿਕਰ ਗੁਰਬਾਣੀ ’ਚ ਕਈ ਵਾਰ ਹੈ; ਜਿਵੇਂ ਕਿ ਵਾਕ ਹੈ, ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ ॥ ਕਲਾ ਧਾਰਿ; ਜਿਨਿ ਸਗਲੀ ਮੋਹੀ ॥’’ (ਸੁਖਮਨੀ/ਮਹਲਾ ੫/੨੮੮)
ਪੁਰਾਤਨ ਗ੍ਰੰਥਾਂ ’ਚ ਮਾਇਆ ਦੇ ਤਿੰਨ ਰੂਪ ਮੰਨੇ ਗਏ ਹਨ ‘ਰਜੋ, ਤਮੋ ਤੇ ਸਤੋ’; ਜਿਵੇਂ ਕਿ ਵਾਕ ਹੈ, ‘‘ਰਜ ਗੁਣ, ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ ॥’’ (ਭਗਤ ਕਬੀਰ/੧੧੨੩) ‘ਰਜੋ’ ਤੋਂ ਭਾਵ ਸੰਸਾਰਕ ਦੌੜ-ਭੱਜ ਹੈ। ਇਹੀ ਗੁਣ; ਮਨੁੱਖ ਪਾਸੋਂ ਨੌਕਰੀ, ਖੇਤੀ, ਵਪਾਰ, ਆਦਿ ਧੰਦਾ ਕਰਾਉਂਦਾ ਹੈ। ‘ਤਮੋ’ ਤੋਂ ਭਾਵ ‘ਅਗਿਆਨਤਾ, ਹਨ੍ਹੇਰਾ’ ਹੈ। ਪੜ੍ਹੇ-ਲਿਖੇ ਹੋਣ ਦਾ ਭਾਵ ਅਗਿਆਨਤਾ ਤੋਂ ਮੁਕਤ ਹੋਣਾ ਨਹੀਂ ਹੁੰਦਾ। ਬਹੁਤੇ ਪੜ੍ਹੇ ਲਿਖੇ ਭੀ ਭਰਮਾਂ (ਹਨ੍ਹੇਰੇ) ’ਚ ਗ੍ਰਸਤ ਹੁੰਦੇ ਹਨ। ‘ਸਤੋ’ ਤੋਂ ਭਾਵ ਹੈ ‘ਕਦੇ ਕਦਾਈਂ ਵਿਖਾਵੇ ਮਾਤਰ ਕੀਤੇ ਧਾਰਮਿਕ ਕੰਮ’। ਸਤੋ ਗੁਣੀ ਬੰਦਾ; ਸਮਾਜਕ ਲਈ ਕੰਮ ਭੀ ਕਿਸੇ ਸੁਆਰਥ ਅਧੀਨ ਕਰਦਾ ਹੈ, ਨਾ ਕਿ ਨਿਸ਼ਕਾਮ ਭਾਵਨਾ ਨਾਲ਼। ਇਨ੍ਹਾਂ ਤਿੰਨੇ ਗੁਣਾਂ ਤੋਂ ਉੱਪਰ ਉੱਠਣਾ ਹੀ ਚੌਥਾ ਪਦ ਹੈ, ਤੁਰੀਆ ਅਵਸਥਾ ਹੈ, ਸਚਖੰਡ ਹੈ, ਬੇਗ਼ਮਪੁਰਾ ਹੈ; ਜਿਵੇਂ ਕਿ ਵਾਕ ਹਨ, ‘‘ਚਉਥੇ ਪਦ ਕਉ ਜੋ ਨਰੁ ਚੀਨ੍ਹੈ; ਤਿਨ੍ ਹੀ ਪਰਮ ਪਦੁ ਪਾਇਆ ॥ (ਭਗਤ ਕਬੀਰ/੧੧੨੩), ਤੀਨਿ ਅਵਸਥਾ; ਕਹਹਿ ਵਖਿਆਨੁ ॥ ਤੁਰੀਆਵਸਥਾ; ਸਤਿਗੁਰ ਤੇ ਹਰਿ ਜਾਨੁ ॥ (ਮਹਲਾ ੧/੧੫੪), ਤੁਰੀਆਵਸਥਾ ਗੁਰਮੁਖਿ ਪਾਈਐ; ਸੰਤ ਸਭਾ ਕੀ ਓਟ ਲਹੀ ॥’’ (ਮਹਲਾ ੧/੩੫੬), ਬੇਗਮਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ; ਤਿਹਿ ਠਾਉ ॥’’ (ਭਗਤ ਰਵਿਦਾਸ/੩੪੫)
ਸੋ ਸਰਗੁਣ ਤੋਂ ਭਾਵ ਹੈ ‘ਮਾਇਆ ਦੇ ਤਿੰਨ ਗੁਣ’ ਤੇ ਨਿਰਗੁਣ ਤੋਂ ਭਾਵ ਹੈ ‘ਮਾਇਆ ਦੇ ਤਿੰਨੇ ਗੁਣਾਂ ਦਾ ਨਾ ਹੋਣਾ’। ‘ੴ’ ਦਾ ਸਰਗੁਨ ਰੂਪ ਸਾਰਾ ਸੰਸਾਰ ਹੈ, ਜੋ ਇੱਕ ਮਾਇਆਵੀ ਖੇਡ ਖੇਲ੍ਹ ਰਿਹਾ ਹੈ; ਜਿਵੇਂ ਕਿ ਇੱਥੇ ਕਿਹਾ ਹੈ, ‘‘ਖੇਲੈ ਸਗਲ ਜਗਤੁ ॥’’, ਇਹ ਖੇਡ; ਸਕੂਲ ਦੇ ਇੱਕ ਸਿਲੇਬਸ ਵਾਙ ਹੈ, ਜਿਸ ਵਿੱਚੋਂ ਕੋਈ ਵਿਰਲਾ ਹੀ ਗੁਰੂ ਸ਼ਬਦ ਤੇ ਕਰਤਾਰ ਦੀ ਮਿਹਰ ਨਾਲ਼ ਪਾਸ ਹੁੰਦਾ ਹੈ। ਐਸੇ ਵਿਰਲਿਆਂ ਬਾਰੇ ਕਿਹਾ ਹੈ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ॥’’ ਯਾਨੀ ਇਹ ਵਿਰਲੇ ਹੀ ਇਸ ਇਮਤਿਹਾਨ ’ਚੋਂ ਪਾਸ ਹੁੰਦੇ ਹਨ, ਸਫਲ ਹੋਏ ਹਨ, ਮੁਕਤ ਹਨ, ਬਾਕੀ ਸਾਰੀ ਮਨੁੱਖ ਜਾਤੀ; ਨਿਰਗੁਣ (ਦੀ ਹੋਂਦ) ਤੋਂ ਅਣਜਾਣ/ਵਿਛੁੜੀ ਹੋਣ ਕਾਰਨ ਪਸ਼ੂ, ਪੰਛੀਆਂ ਵਾਙ ਪਦਾਰਥ ਭੋਗਦੀ, ਆਪਣੀ ਨਸਲ ਵਧਾਉਂਦੀ ਤੇ ਦੁੱਖ-ਸੁੱਖ ਭੋਗਦੀ ਮਰ ਜਾਂਦੀ ਹੈ ਤੇ ਆਵਾਗਮਣ ’ਚ ਵਾਰ-ਵਾਰ ਜਨਮ ਲੈਂਦੀ ਹੈ।
‘‘ਪਵਣੁ ਗੁਰੂ, ਪਾਣੀ ਪਿਤਾ..॥’’ ਤੁਕ ’ਚ ਆਏ ‘ਗੁਰੂ’ ਨੂੰ ਵਿਚਾਰਨਾ ਜ਼ਰੂਰੀ ਹੈ। ਇਸ ਦਾ ਪ੍ਰਚਲਿਤ ਅਰਥ ਹੈ ‘ਰੂਹਾਨੀਅਤ ਉਸਤਾਦ’ ਜਾਂ ‘ਹਨ੍ਹੇਰਾ ਦੂਰ ਕਰਨ ਵਾਲ਼ਾ’। ਇਹ ਅਰਥ ‘ਗੁਰੂ’ ਨੂੰ ਕੇਵਲ ਮਨੁੱਖ ਜਾਤੀ ਨਾਲ਼ ਜੋੜਦੇ ਹਨ ਜਦਕਿ ‘ਪਾਣੀ ਪਿਤਾ’ ਦਾ ਸਬੰਧ; ਸਮੂਹ ਜੀਵ-ਜੰਤ ਤੇ ਬਨਸਪਤੀ ਯਾਨੀ ਕੁਦਰਤ, ਪੂਰੇ ਬ੍ਰਹਿਮੰਡ ਨਾਲ਼ ਹੈ। ਜਿਸ ਦੀ ਅਜੋਕੀ ਰਚਨਾ; 13.8 ਅਰਬ ਸਾਲ ਪੂਰਵ ਤੋਂ ਹੋਈ, ਮੰਨੀ ਗਈ ਹੈ।
ਭਾਈ ਕਾਨ੍ਹ ਸਿੰਘ ਜੀ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ’ਚ ‘ਗੁਰ’ ਤੇ ‘ਗੁਰੁ’ ਦੇ ਦਰਜਨ ਤੋਂ ਵੱਧ ਅਰਥ ਹਨ; ਜਿਵੇਂ ਕਿ (1). ਧਾਰਮਿਕ ਸਿੱਖਿਆ ਦੇਣ ਵਾਲ਼ਾ ਆਚਾਰਯ (2) ਕਿਸੇ ਮੱਤ ਨੂੰ ਚਲਾਉਣ ਵਾਲ਼ਾ (ਜਿਵੇਂ ਕਿ ਵਾਕ ਹੈ ‘‘ਛਿਅ ਘਰ ਛਿਅ ਗੁਰ; ਛਿਅ ਉਪਦੇਸ ॥’’ ਸੋਹਿਲਾ/ਮਹਲਾ ੧) (3) ਪਿੰਗਲ ਦੀ ਦੀਰਘ ਮਾਤਰਾ (ਜਿਵੇਂ ਕੰਨਾ, ਬਿਹਾਰੀ, ਦੁਲੈਕੜ, ਆਦਿ) (4) ਮਨ, ਅੰਤਹਿਕਰਣ [ਜਿਵੇਂ ਕਿ ਵਾਕ ਹੈ ‘‘ਗਿਆਨ ਕਾ ਬਧਾ ਮਨੁ ਰਹੈ; ਗੁਰ (ਮਨ) ਬਿਨੁ ਗਿਆਨੁ ਨ ਹੋਇ ॥’’ ਮਹਲਾ ੧/੪੬੯] (5) ਗੁੜ, ਸਿਆਹਕੰਦ (6). ਵੱਡਾ, ਪ੍ਰਧਾਨ (ਜਿਵੇਂ ਕਿ ‘‘ਕਉਨੁ ਨਾਮੁ ਗੁਰ ? ਜਾ ਕੈ ਸਿਮਰੈ; ਭਵ ਸਾਗਰ ਕਉ ਤਰਈ ॥’’ ਮਹਲਾ ੯/੬੩੨) ਭਾਵ ਕਿਹੜਾ ਵੱਡਾ ਨਾਮ ਹੈ, ਜਿਸ ਨੂੰ ਸਿਮਰਨ ਨਾਲ਼ ਸੰਸਾਰ-ਸਮੁੰਦਰ ਪਾਰ ਹੁੰਦਾ ਹੈ ? (7) ਕਿਸੇ ਅਰਥ ਜਾਂ ਸਿਧਾਂਤ ਦੀ ਤਾਲਿਕਾ (ਕੁੰਜੀ), ਆਦਿ।
‘ਗੁਰ’ ਦੀ ਉਕਤ ਵਿਚਾਰ ਤੋਂ ਬਾਅਦ 7ਵਾਂ ਅਰਥ (ਕਿਸੇ ਸਿਧਾਂਤ ਦੀ ਕੁੰਜੀ); ਇੱਥੇ ਕਰਤਾਰ ਦੇ ਸਰਗੁਣ ਰੂਪ ਦੀ ਵਿਆਖਿਆ ’ਚ ਸਹੀ ਢੁੱਕਦਾ ਹੈ; ਤਾਂ ਤੇ ਪਹਿਲਾਂ ਬ੍ਰਹਿਮੰਡ ਦੀ ਰਚਨਾ ਬਾਰੇ ਸੰਖੇਪ ਜਾਣਕਾਰੀ ਜ਼ਰੂਰੀ ਹੈ।
ਜੀਵ ਵਿਗਿਆਨ (Biology) ਅਨੁਸਾਰ ਬ੍ਰਹਿਮੰਡ ’ਚ ‘ਗੈਸ’ (ਹਾਈਡਰੋਜਨ+ਆਕਸੀਜਨ ਦੀ ਠੰਡੀ ਹੋਈ ਸਾਂਝੀ ਭਾਫ਼) ਤੋਂ ਪਾਣੀ ਬਣਿਆ, ਪਾਣੀ ਤੋਂ ਜੀਵ-ਜੰਤ, ਬਨਸਪਤੀ ਆਦਿ ਪੈਦਾ ਹੋਏ। ਗੁਰੂ ਨਾਨਕ ਸਾਹਿਬ ਜੀ 15ਵੀਂ ਸਦੀ ’ਚ ਹੀ ਇਸ ਨੂੰ ਸਪਸ਼ਟ ਕੀਤਾ ਹੈ, ‘‘ਸਾਚੇ ਤੇ ਪਵਨਾ ਭਇਆ, ਪਵਣੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ॥’’ (ਮਹਲਾ ੧/੧੯)
ਖਗੋਲ (ਤਾਰਾ) ਵਿਗਿਆਨ (Astronomy) ਅਨੁਸਾਰ ਸਾਡਾ ਸੂਰਜ ਪਰਵਾਰ; 4.6 ਅਰਬ ਸਾਲ ਪੂਰਵ ਅਤੇ ਧਰਤੀ 4.55 ਅਰਬ ਸਾਲ ਪੂਰਵ ਬਣੀ ਹੈ। ਧਰਤੀ ’ਤੇ ਮਹਾਂ ਸਾਗਰਾਂ ’ਚ ਸੈੱਲਾਂ ਦਾ ਨਿਰਮਾਣ 1.6 ਅਰਬ ਸਾਲ ਪੂਰਵ ਹੋਇਆ। 51 ਕਰੋੜ ਸਾਲ ਪੂਰਵ ਪਹਿਲੀ ਵਾਰ ਜ਼ਿੰਦਗੀ ਦੇ ਰੂਪ ’ਚ ਆਏ। 42 ਕਰੋੜ ਸਾਲ ਪੂਰਵ ਜੀਵਨ (ਬਨਸਪਤੀ ਦੇ ਰੂਪ ’ਚ) ਸਮੁੰਦਰ ਤੋਂ ਬਾਹਰ ਧਰਤੀ ’ਤੇ ਉਗਿਆ।
ਅਰੰਭਕ ਸਮੇਂ ਯਾਨੀ 4.55 ਤੋਂ 4.44 ਅਰਬ ਸਾਲ ਪੂਰਵ ਧਰਤੀ ਬੜੀ ਤੇਜ਼ ਘੁੰਮਦੀ ਸੀ। ਇੱਕ ਦਿਨ 7 ਕੁ ਘੰਟਿਆਂ ਦਾ ਸੀ। 4.28 ਅਰਬ ਤੋਂ 3.9 ਅਰਬ ਸਾਲ ਪੂਰਵ ਵਿਚਕਾਰ ਧਰਤੀ ’ਤੇ ਗੈਸਾਂ (ਹਾਈਡਰੋਜਨ+ਆਕਸੀਜਨ) ਅਤੇ ਬਰਫ਼ ਦੇ ਉਲਕਾ ਪਿੰਡ (ਧੂਮਕੇਤੂ) ਟਕਰਾਉਣ ਨਾਲ਼ ਪਾਣੀ ਆ ਗਿਆ, ਮੰਨਿਆ ਗਿਆ। ਪਾਣੀ ਦੇ ਇੱਕ ਅਣੂ ’ਚ 10 ਪ੍ਰੋਟੋਨ ਹੁੰਦੇ ਹਨ, ਜੋ 8 ਆਕਸੀਜਨ ਦੇ ਤੇ 1-1 ਹਾਈਡ੍ਰੋਜਨ ਦਾ ਹੁੰਦਾ ਹੈ।
38 ਕਰੋੜ ਸਾਲ ਪੂਰਵ ਧਰਤੀ ਨਾਲ਼ ਵੱਡਾ ਗ੍ਰਹਿ (ਪੱਥਰ) ਟਕਰਾਇਆ, ਜਿਸ ਨਾਲ਼ ਇਸ ਦਾ ਘੁੰਮਣਾ ਕੁਝ ਹੌਲ਼ੀ ਹੋ ਕੇ ਇੱਕ ਦਿਨ 22 ਘੰਟਿਆਂ ਦਾ ਹੋ ਗਿਆ। 35 ਕਰੋੜ ਸਾਲ ਪੂਰਵ ਕੁਝ ਸਮੁੰਦਰੀ ਜੀਵ; ਸੁੱਕੀ ਧਰਤੀ ’ਤੇ ਆਏ। 23 ਕਰੋੜ ਸਾਲ ਪੂਰਵ ਡਾਇਨਾਸੌਰ ਜੁਗ ਸ਼ੁਰੂ ਹੋਇਆ। 20 ਕਰੋੜ ਸਾਲ ਪੂਰਵ ਧਰਤੀ ’ਤੇ ਚੱਲਣ ਵਾਲ਼ੇ ਜੀਵ-ਪੰਛੀ ਉੱਡਣ ਲੱਗੇ। 6.5 ਕਰੋੜ ਸਾਲ ਪੂਰਵ 40 ਕਿਲੋਮੀਟਰ ਚੌੜਾ ਉਲਕਾ ਪਿੰਡ; 70 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ਼ ਮੈਕਸੀਕੋ ਦੇ ਯੂਕਾਟਨ ਪ੍ਰਾਇਦੀਪ ’ਤੇ ਧਰਤੀ ਨਾਲ਼ ਟਕਰਾਇਆ, ਜਿਸ ਨਾਲ਼ 180 ਕਿਲੋਮੀਟਰ ਚੌੜਾ ਤੇ 20 ਕਿਲੋਮੀਟਰ ਡੂੰਘਾ ਟੋਆ ਹੋ ਗਿਆ। ਇਸ ਭਿਆਨਕ ਧਮਾਕੇ ਨਾਲ਼ ਮਲ਼ਬਾ ਅਕਾਸ਼ ’ਚ ਚੜ੍ਹ ਗਿਆ ਤੇ ਲੰਮਾ ਸਮਾਂ ਬਨਸਪਤੀ (ਰੁੱਖਾਂ) ’ਤੇ ਸੂਰਜ ਦੀ ਰੌਸ਼ਨੀ ਨਾ ਪੈਣ ਕਾਰਨ 25 ਕਿਲੋ ਤੋਂ ਭਾਰੀ ਜੀਵ; ਆਕਸੀਜਨ ਨਾ ਮਿਲਣ ਕਾਰਨ ਮਰ ਗਏ।
6 ਕਰੋੜ 30 ਲੱਖ ਸਾਲ ਪੂਰਵ ਛੋਟੇ ਥਣਧਾਰੀ ਜੀਵ ਹੋਂਦ ’ਚ ਆਏ। 4.5 ਕਰੋੜ ਤੋਂ 60 ਲੱਖ ਸਾਲ ਪੂਰਵ ਵਿਚਕਾਰ ਚਿੰਪੈਂਜ਼ੀ ਪੈਦਾ ਹੋਏ। ਅਗਲੇ 45 ਲੱਖ ਸਾਲਾਂ ’ਚ ਜੰਗਲ਼ੀ ਮਨੁੱਖ ਪੈਦਾ ਹੋਏ। ਮਨੁੱਖ ਜਾਤੀ ਨੂੰ ਚੰਪੈਂਜ਼ੀ ਦੇ ਨੇੜੇ ਮੰਨਣ ਦਾ ਕਾਰਨ ਇਨ੍ਹਾਂ ਦਾ DNA (Deoxyribonucleic Acid) ਨੇੜੇ ਹੋਣਾ ਹੈ; ਜਿਵੇਂ ਕਿ ਮਨੁੱਖ ਦਾ DNA ਕ੍ਰੋਮੋਸੋਮ (chromosome) ਨੰਬਰ 46 ਹੈ ਤੇ ਚੰਪੈਂਜ਼ੀ ਦਾ 48 ਹੈ, ਜੋ ਕਿ 95% ਮਿਲਦਾ ਹੈ।
ਹਿੰਦੂ ਮਨੌਤ ਅਨੁਸਾਰ ਵਿਸ਼ਨੂੰ ਦਾ ਇੱਕ ਰੂਪ ‘ਨਰਸਿੰਘ’ ਭੀ ਹੈ ਭਾਵ ਧੜ; ਮਨੁੱਖ ਦਾ ਤੇ ਸਿਰ; ਸ਼ੇਰ ਦਾ, ਪਰ ਸ਼ੇਰ ਦਾ ਕ੍ਰੋਮੋਸੋਮ 38 ਹੈ, ਜੋ ਮਨੁੱਖ ਦੇ ਧੜ ’ਤੇ ਨਹੀਂ ਲੱਗ ਸਕਦਾ। ਇਸ ਮਨੌਤ ਦਾ ਜ਼ਿਕਰ ਗੁਰਬਾਣੀ ’ਚ ਭੀ ਹੈ, ‘‘ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥’’ (ਭਗਤ ਨਾਮਦੇਵ/੧੧੦੫) ਗਣੇਸ਼ ਜੀ ਦੇ ਭੀ ਹਾਥੀ ਦਾ ਸਿਰ ਲੱਗਾ ਮੰਨਿਆ ਜਾਂਦਾ ਹੈ ਜਦਕਿ ਹਾਥੀ ਦਾ ਕ੍ਰੋਮੋਸੋਮ 56 ਹੈ, ਜੋ ਮਨੁੱਖ ਦੇ 46 ਕ੍ਰੋਮੋਸੋਮ ਦੇ ਨੇੜੇ-ਤੇੜੇ ਭੀ ਨਹੀਂ। ਗਾਂ ਦਾ ਕ੍ਰੋਮੋਸੋਮ 60 ਹੈ, ਜਿਸ ਨੂੰ ਮਾਤਾ ਮੰਨਦੇ ਹਨ ਯਾਨੀ ਨਿਰਾ ਝੂਠ; ਧਰਮ ਦੇ ਨਾਂ ’ਤੇ ਪ੍ਰਚਾਰਿਆ ਜਾਂਦਾ ਹੈ। ਚੇਤੇ ਰਹੇ ਕਿ ਬਾਣੀਕਾਰਾਂ ਦਾ ਮੰਤਵ; ਐਸੀਆਂ ਮਨੌਤਾਂ ਨੂੰ ਝੂਠੀਆਂ ਸਾਬਤ ਕਰਨਾ ਨਹੀਂ ਸੀ (ਤਾਂ ਕਿ ਮਤਾਂ ਕਿਤੇ ਅੰਧ ਭਗਤ; ਆਪਣਾ ਦਿਮਾਗ਼ ਵਰਤਣ ਤੋਂ ਪਹਿਲਾਂ ਹੀ ਨਾ ਭੜਕ ਜਾਣ) ਬਲਕਿ ਇਨ੍ਹਾਂ ਨੂੰ ਮਿਸਾਲ ਬਣਾ ਸਿੱਖ ਨੂੰ ਸੱਚ ਨਾਲ਼ ਜੋੜਨਾ ਸੀ ਕਿ ਜਿਵੇਂ ਪੁਰਾਤਨ ਮਨੌਤ ਅਨੁਸਾਰ ਪ੍ਰਹਿਲਾਦ ਦੀ ਰੱਖਿਆ ਨਰਸਿੰਘ ਨੇ ਕੀਤੀ; ਇਸੇ ਤਰ੍ਹਾਂ ਅਕਾਲ ਪੁਰਖ; ਭਗਤਾਂ ਨੂੰ ਪਿਆਰ ਕਰਦਾ ਹੈ। ਸੱਚ ਨਾਲ਼ ਜੋੜਨ ਲਈ ਝੂਠ ਦੀ ਮਿਸਾਲ ਦੇਣਾ ਮਜਬੂਰੀ ਹੈ ਕਿਉਂਕਿ ਮਨੁੱਖ ਝੂਠ ਤੋਂ ਵਾਕਫ਼ ਹੁੰਦਾ ਹੈ। ਝੂਠ ਦੀ ਮਿਸਾਲ ਨਾਲ਼ ਸੱਚ ਨੂੰ ਸਮਝ ’ਚ ਲਿਆਉਣਾ ਅਸਾਨ ਹੁੰਦਾ ਹੈ।
ਸੋ 15 ਤੋਂ 14 ਲੱਖ ਸਾਲ ਪੂਰਵ; ਜੰਗਲ਼ਾਂ ’ਚ ਗਰਮੀ ਨਾਲ਼ ਲੱਗਦੀ ਅੱਗ ਨੂੰ ਜੰਗਲ਼ੀ ਮਾਨਵ ਬੁਝਾਉਣਾ ਸਿਖ ਗਏ। 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹਾ ਪਹਿਲਾਂ ਤੱਕ ਪਹਿਲੀ ਮਨੁੱਖੀ ਨਸਲ ‘ਹੋਮੋ ਇਰੈਕਟਸ’ ਹੋਂਦ ’ਚ ਆਈ। ਉਸ ਕੋਲ਼ ਅਜੋਕੇ ਮਨੁੱਖ ਦੇ ਵਿਕਸਿਤ ਹੱਥ ਤੇ ਵਿਕਸਿਤ ਦਿਮਾਗ਼ ਤੋਂ ਇਲਾਵਾ ਬਾਕੀ ਸਾਰੇ ਵਿਕਸਿਤ ਅੰਗ ਸਨ। ਉਹ ਅੱਗ ਮਚਾਉਣਾ ਭੀ ਜਾਣਦੀ ਸੀ। 75 ਹਜ਼ਾਰ ਸਾਲ ਪੂਰਵ ਮਨੁੱਖ ਨੇ ਗੁਫ਼ਾ ਬਣਾਉਣੀ ਤੇ ਖਾਣਾ ਪਕਾ ਕੇ ਖਾਣਾ ਸ਼ੁਰੂ ਕਰ ਲਿਆ। ਹੁਣ ਇੱਕ 75 ਹਜ਼ਾਰ ਸਾਲ ਪਹਿਲਾਂ ਮਰ ਚੁੱਕੀ ਔਰਤ ਦਾ ਪਿੰਜਰ ਮਿਲਿਆ ਹੈ, ਜਿਸ ਦੀ ਉਮਰ 40 ਸਾਲ ਤੋਂ ਵੱਧ ਦੱਸੀ ਗਈ ਹੈ। ਇੱਕ ਖੋਜ ਅਨੁਸਾਰ 74 ਹਜ਼ਾਰ ਸਾਲ ਪਹਿਲਾਂ ਮਨੁੱਖ ਦੇ ਅਫ਼ਰੀਕਾ ਤੋਂ ਭਾਰਤ ਆਉਣ ਦੇ ਸਬੂਤ ਮਿਲੇ ਹਨ। 15 ਹਜ਼ਾਰ ਸਾਲ ਪੂਰਵ ਖੇਤੀਬਾੜੀ ਕਰਨ ਦੇ ਸਬੂਤ ਮਿਲੇ ਹਨ। ਸ਼ਾਇਦ ਇੱਥੋਂ ਹੀ ਧਰਮ ਨੂੰ ਮੰਨਣਾ ਸ਼ੁਰੂ ਹੋਇਆ ਹੋਵੇਗਾ।
ਪੰਡਿਤ ਦਾ ਸਤਿਜੁਗ ਕਾਲ; 5 ਕੁ ਹਜ਼ਾਰ ਸਾਲ ਪੁਰਾਣਾ ਹੈ ਯਾਨੀ 5000 ਸਾਲ ਤੋਂ ਪਹਿਲਾਂ ਧਾਰਮਿਕ ਰਹੁ-ਰੀਤਾਂ ਨਹੀਂ ਸਨ ਜਦਕਿ ਇਸ ਸਲੋਕ ’ਚ ‘‘ਦਿਵਸੁ ਰਾਤਿ ਦੁਇ, ਦਾਈ ਦਾਇਆ’’ ਤੋਂ ਭੀ ਪਹਿਲਾਂ ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ॥’’ ਵਾਕ ਹੈ, ਜੋ ਬ੍ਰਹਿਮੰਡ ਦੀ ਅਰੰਭਤਾ ਵੱਲ ਇਸ਼ਾਰਾ ਕਰਦਾ ਹੈ; ਜੈਸਾ ਕਿ ਆਪ ਜੀ ਨੇ ਹੀ ਕਿਹਾ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯) ਭਾਵ ਪਹਿਲਾਂ ਪਹਿਲ ਸਦੀਵੀ ਸਥਿਰ ਕਰਤਾਰ ਤੋਂ ਹਵਾ (ਗੈਸ, ਭਾਫ਼ ਆਦਿ) ਬਣੀ। ਫਿਰ ਹਵਾ ਤੋਂ ਪਾਣੀ ਬਣਿਆ। ਫਿਰ ਪਾਣੀ ਤੋਂ ਸਾਰੇ ਜੀਵ-ਜੰਤ ਪੈਦਾ ਹੋਏ। ਇਨ੍ਹਾਂ ਸਭ ਜੀਵਾਂ ਅੰਦਰ (ਉਸੇ ਸਦੀਵੀ ਸਥਿਰ ਕਰਤਾਰ ਦੀ) ਜੋਤਿ ਹੈ ਯਾਨੀ ਸ੍ਰਿਸ਼ਟੀ ਨੂੰ ਬਣਾ ਕੇ ਉਹ ਕਿਤੇ ਅਲੱਗ ਜਗਾ ਨਹੀਂ ਚਲਾ ਗਿਆ। ਇਸ ਲਈ ‘‘ਪਵਣੁ ਗੁਰੂ’’ ਵਾਕ ’ਚ ‘ਗੁਰੂ’ ਦਾ ਅਰਥ ਰੱਬ ਦੀ ‘ਵਿਧੀ, ਨੇਮ, ਰਾਜ਼, ਰਹੱਸ’ ਦੇ ਨੇੜੇ ਹੈ, ਨਾ ਕਿ ਸਿਰਫ਼ ਮਨੁੱਖ ਜਾਤੀ ਦੇ।
ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ॥ ਉਚਾਰਨ : ਮਹਤੁਅ
ਪਦ ਅਰਥ : ਪਵਣੁ- ਹਵਾ, ਭਾਫ਼ ਭਾਵ ਗੈਸਾਂ [ਨੋਟ : ਹਾਈਡਰੋਜਨ ਗੈਸ; ਗੁਰੁਤਾਕਰਸ਼ਨ (Gravity attraction) ਦਬਾਅ ਕਾਰਨ ਹੀਲੀਅਸ ’ਚ ਬਦਲ ਕੇ ਰੌਸ਼ਨੀਦਾਰ ਪੈਦਾ ਕਰਦੀ ਹੈ ਤੇ ਆਕਸੀਜਨ ਨਾਲ਼ ਮਿਲ ਕੇ ਪਾਣੀ ਬਣਾਉਂਦੀ ਹੈ। ਪਾਣੀ; ਮਿੱਟੀ ਨਾਲ਼ ਮਿਲ ਕੇ ਜੀਵਨ ਸਿਰਜਦਾ ਹੈ ਤਾਹੀਓਂ ਪਾਣੀ ਨੂੰ ਜਗਤ ਪਿਤਾ ਤੇ ਧਰਤੀ (ਮਿੱਟੀ) ਨੂੰ ਜਗਤ ਮਾਤਾ ਕਿਹਾ ਹੈ]। ਗੁਰੂ- ਗੁਰੁ, ਰਹੱਸ ਭਾਵ ਜਗਤ ਰਚਨਾ ਦਾ ਅਰੰਭਕ ਭੇਦ (ਰਾਜ਼, ਕੂੰਜੀ)। ਮਹਤੁ- ਵੱਡੀ, ਵਿਸ਼ਾਲ [ਨੋਟ : ‘ਮਹਤੁ’ ’ਚ ਲੱਗਾ ਔਂਕੜ; ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਨਹੀਂ; ਇਹ ਅਨਭਾਸ਼ਾ (ਸੰਸਕ੍ਰਿਤ) ਦਾ ਤਤਸਮ ਸ਼ਬਦ ‘ਮਹਤ੍ਵ’ (ਮਹੱਤਵ) ਹੈ; ਜਿਵੇਂ ਕਿ ‘ਵਿਸ੍ਵ’ ਤੋਂ ‘ਵਿਸੁ’ ਦਾ ਔਂਕੜ ਹੈ, ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ.. ॥’’ (ਮਹਲਾ ੩/੯੨੨) ਅਤੇ ‘ਤਤੁ’ ਦਾ ‘ਤਤ੍ਵ’ ਉਚਾਰਨ ਹੁੰਦਾ ਹੈ]।
ਅਰਥ : (ਨਿਰਗੁਣ ਤੋਂ ਸਰਗੁਣ ਹੋਣ ਦਾ) ਭੇਦ; ਗੈਸ ਆਦਿਕ ਭਾਫ਼ (ਹਵਾ) ਹੈ। ਪਾਣੀ; (ਸਭ ਦਾ) ਪਿਤਾ ਹੈ ਤੇ ਧਰਤੀ (ਸਭ ਨੂੰ ਪੈਦਾ ਕਰਨ ਵਾਲ਼ੀ) ਵਿਸ਼ਾਲ ਮਾਤਾ ਹੈ।
ਵਿਚਾਰ : ਗੁਰਬਾਣੀ ਅਨੁਸਾਰ ਬਨਸਪਤੀ, ਪਾਣੀ, ਅਨਾਜ ਆਦਿ ਭੀ ਜਾਨਦਾਰ ਹਨ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ (ਜਾਨ)॥’’ (ਭਗਤ ਕਬੀਰ/੪੭੯), ਪਹਿਲਾ ਪਾਣੀ ਜੀਉ (ਜਾਨ) ਹੈ; ਜਿਤੁ ਹਰਿਆ ਸਭੁ ਕੋਇ ॥ (ਮਹਲਾ ੧/੪੭੨), ਜੇਤੇ ਦਾਣੇ ਅੰਨ ਕੇ; ਜੀਆ (ਜਾਨ) ਬਾਝੁ ਨ ਕੋਇ ॥’’ (ਮਹਲਾ ੧/੪੭੨) ਆਦਿ। ਇੱਕ ਬਰਤਨ ’ਚ ਸੁੱਕਾ (ਨਮੀ ਰਹਿਤ) ਘਾਹ-ਫੂਸ ’ਚ ਪਾਣੀ ਪਾ ਕੇ ਰੱਖੀਏ ਤਾਂ ਕੁਝ ਦਿਨਾਂ ਬਾਅਦ ਛੋਟੇ-ਛੋਟੇ ਜੀਵਾਣੂ ਪੈਦਾ ਹੋ ਜਾਂਦੇ ਹਨ। ਇਹੀ ਸਬੂਤ ਹੈ ‘ਪਾਣੀ ਪਿਤਾ ਤੇ ਸੁੱਕਾ ਘਾਹ (ਮਿੱਟੀ) ਮਾਤਾ ਹੋਣ ਦਾ’। ਹਰ ਸਰੀਰ ਅੰਦਰ ਤੇ ਬਾਹਰ ਧਰਤੀ ’ਤੇ ਭੀ ਸਮੁੰਦਰ ਦਾ ਪਾਣੀ 71% ਹੈ ਯਾਨੀ ਪਾਣੀ ਤੋਂ ਬਿਨਾਂ ਜੀਵਨ ਨਹੀਂ, ਇਹ ਪੂਰਨ ਸੱਚ ਹੈ।
ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ॥
ਪਦ ਅਰਥ : ਦਿਵਸੁ ਰਾਤਿ- ਦਿਨ ਤੇ ਰਾਤ, ਚਾਨਣ ਤੇ ਹਨ੍ਹੇਰਾ। ਦੁਇ- ਦੋਵੇਂ। ਦਾਈ- ਖਿਡਾਵੀ, ਜਣੇਪੇ ’ਚ ਮਦਦ ਕਰਦੀ ਪੇਂਡੂ ਦੇਸ਼ੀ ਨਰਸ, ਬੱਚਿਆਂ ਨੂੰ ਸ਼ਾਮ ਨੂੰ ਸੁਲਾਉਣ ਵਾਲ਼ੀ। ਦਾਇਆ- ਖਿਡਾਵਾ ਭਾਵ ਨਾਈ, ਜੋ ਖ਼ੁਸ਼ੀ-ਗ਼ਮੀ ’ਚ ਹਰੇਕ ਦੇ ਰਿਸ਼ਤੇਦਾਰ ਕੋਲ਼ ਸੁਨੇਹੇ ਪਹੁੰਚਾਉਂਦਾ ਹੈ। ਵਿਆਹ ’ਚ ਵੇਟਰ ਦਾ ਕੰਮ ਕਰਦਾ ਹੈ ਤੇ ਸਮਾਰੋਹ ’ਚ ਬੱਚਿਆਂ ਨੂੰ ਸੰਭਾਲ਼ਦਾ ਹੈ। ਸਗਲ- ਸਾਰਾ। ਜਗਤੁ- ਸੰਸਾਰ (ਪਸ਼ੂ, ਪੰਛੀ, ਮਨੁੱਖ, ਬਨਸਪਤੀ, ਆਦਿ)।
ਅਰਥ : ਦਿਨ; ਖਿਡਾਵਾ ਬਣ ਕੇ (ਸਭ ਨੂੰ) ਕੰਮ-ਧੰਦਿਆਂ ਵੱਲ ਲੈ ਜਾਂਦਾ ਹੈ ਤੇ ਰਾਤ; ਖਿਡਾਵੀ ਬਣ ਕੇ (ਸਭ ਨੂੰ) ਸੁਲਾ ਦੇਂਦੀ ਹੈ; ਇਹ ਖੇਡ ਹਰ ਕੋਈ ਖੇਡਦਾ ਹੈ [ਸੰਸਾਰ ਤੱਕ ਸੀਮਤ ਜ਼ਿੰਦਗੀ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਰੈਣਿ (ਰਾਤ) ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ (ਖਾ ਕੇ)॥ ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥’’ ਮਹਲਾ ੧/੧੫੬]।
ਨੋਟ : ਭਾਈ ਗੁਰਦਾਸ ਜੀ ਨੇ ਭੀ ਇਸ ਸਲੋਕ ਦੇ ਉਕਤ ਭਾਗ ਨੂੰ ਖੋਲ੍ਹਿਆ ਹੈ, ‘‘ਪਵਣ ਗੁਰੂ, ਗੁਰੁ ਸਬਦੁ ਹੈ; ਰਾਗ ਨਾਦ ਵੀਚਾਰਾ। ਮਾਤ ਪਿਤਾ ਜਲੁ ਧਰਤਿ ਹੈ; ਉਤਪਤ ਸੰਸਾਰਾ। ਦਾਈ ਦਾਇਆ ਰਾਤਿ ਦਿਹੁ; ਵਰਤੇ ਵਰਤਾਰਾ। ਸਿਵ ਸਕਤੀ ਦਾ ਖੇਲੁ ਮੇਲੁ; ਪਰਕਿਰਤਿ ਪਸਾਰਾ। ਪਾਰਬ੍ਰਹਮ ਪੂਰਨ ਬ੍ਰਹਮ; ਘਟਿ ਚੰਦ੍ਰ ਅਕਾਰਾ। ਆਪੇ ਆਪਿ ਵਰਤਦਾ; ਗੁਰਮੁਖਿ ਨਿਰਧਾਰਾ ॥੧੯॥ (ਵਾਰ ੨ ਪਉੜੀ ੧੯) ਅਰਥ : (ਕੁਦਰਤ ਦਾ) ਆਧਾਰ (ਰਾਜ਼, ਗੁਰ); ਹਵਾ ਹੈ ਯਾਨੀ ਹਵਾ (ਗੈਸਾਂ, ਭਾਫ਼) ਨਾ ਹੁੰਦੀ ਤਾਂ ਸੰਸਾਰ ਨਾ ਬਣਦਾ; ਐਸੇ ਹੀ ਜ਼ਿੰਦਗੀ ਦਾ ਆਧਾਰ; ਗੁਰੂ ਦਾ ਉਪਦੇਸ਼ ਹੈ ਯਾਨੀ ਗੁਰੂ ਨਾ ਹੁੰਦਾ ਤਾਂ ਸਫਲ ਜੀਵਨ ਦੀ ਕਲਪਨਾ ਕਰਨੀ ਫ਼ਜ਼ੂਲ ਹੈ। ਮਨੁੱਖ; ਪਸ਼ੂ-ਪੰਛੀਆਂ ਵਾਙ ਜੂਨ ਹੀ ਭੋਗਦਾ, ਅਵੱਸ਼ ਜੀਵਨ ਵਿਅਰਥ ਜਾਂਦਾ। (ਗੁਰੂ ਰਾਹੀਂ ਹੀ) ਰਾਗ ਤੇ ਧੁਨ/ਸ਼ਬਦ ਦੀ ਵਿਚਾਰ ਹੋਣ ਲੱਗੀ। ਪਾਣੀ ਤੇ ਧਰਤੀ; ਮਾਤਾ ਪਿਤਾ ਬਣੇ, ਜਿਨ੍ਹਾਂ ਰਾਹੀਂ ਸੰਸਾਰ ਉਪਜਿਆ। ਰਾਤ ਤੇ ਦਿਨ; ਨਾਈ ਤੇ ਦਾਈ ਬਣੇ, ਜਿਨ੍ਹਾਂ ਰਾਹੀਂ ਸਾਰਾ ਜਗਤ ਲੈਣ ਦੇਣ ਕਰਦਾ ਹੈ, ਖੇਡਦਾ ਹੈ। ਚੇਤਨ ਤੇ ਜੜ੍ਹ (ਮਾਇਆ) ਦਾ ਮੇਲ ਕਰਾ ਜਗਤ ਖਿਲਾਰਾ ਰਚਿਆ, ਜੀਵਨ ਹੰਢਾਉਂਦਾ ਹੈ। ਪਾਣੀ ਭਰੇ ਘੜੇ ’ਚ ਪ੍ਰਤਿਬਿੰਬ (ਅਕਸ, ਪਰਛਾਈ) ਵਾਙ ਪਾਰਬ੍ਰਹਮ-ਪਰਮੇਸ਼ਰ ਸਰਬ ਵਿਆਪਕ ਹੈ। ਸੋ ਭਾਵੇਂ ਉਹ ਹਰ ਪਾਸੇ ਰਮਿਆ ਹੈ, ਪਰ ਗੁਰਮੁਖ ਨੂੰ ਹੀ ਨਿਰਸੰਦੇਹ ਪ੍ਰਤੱਖ ਜਾਪਦਾ ਹੈ।
ਚੰਗਿਆਈਆ ਬੁਰਿਆਈਆ; ਵਾਚੈ ਧਰਮੁ, ਹਦੂਰਿ॥ ਉਚਾਰਨ : ਚੰਗਿਆਈਆਂ, ਬੁਰਿਆਈਆਂ।
ਪਦ ਅਰਥ : ਚੰਗਿਆਈਆ ਬੁਰਿਆਈਆ- (ਜੀਵਾਂ ਦੁਆਰਾ ਕੀਤੇ ਜਾਂਦੇ) ਚੰਗੇ-ਮੰਦੇ ਕੰਮ ਭਾਵ ‘ਕਚ ਪਕਾਈ’। ਵਾਚੈ- ਵਾਚਦਾ ਹੈ, ਪੜਚੋਲਦਾ ਹੈ, ਇਨਸਾਫ਼ ਕਰਦਾ ਹੈ। ਧਰਮੁ- (ਰੱਬ ਦਾ ਇਨਸਾਫ਼-) ਨਿਯਮ, ਪੈਮਾਨਾ, ਇਨਸਾਫ਼-ਤਰਾਜ਼ੂ ਯਾਨੀ ‘ਧੌਲੁ ਧਰਮੁ’। ਹਦੂਰਿ- (ਸਰਬ ਵਿਆਪਕ ਦੀ) ਹਜ਼ੂਰੀ ’ਚ ਭਾਵ ਤੁਰੰਤ, ਤਤਕਾਲ ਕਿਉਂਕਿ ਚੰਗੀ-ਮੰਦੀ ਸੋਚ ਤੁਰੰਤ ਜ਼ਮੀਰ (ਅੰਤਹਿਕਰਣ) ਨੂੰ ਹੋਰ ਮੈਲ਼ਾ ਜਾਂ ਕੁੱਝ ਮੈਲ਼ ਰਹਿਤ (ਪਾਰਦਰਸ਼ੀ) ਕਰਦੀ ਜਾਂਦੀ ਹੈ।
ਅਰਥ : (ਹਰੇਕ ਦੇ) ਚੰਗੇ ਮੰਦੇ ਕੰਮ; (ਰੱਬ ਦੀ) ਮੌਜੂਦਗੀ ’ਚ (ਉਨ੍ਹਾਂ ਦਾ) ਇਨਸਾਫ਼-ਤਰਾਜ਼ੂ ਤੋਲਦਾ ਰਹਿੰਦਾ ਹੈ (ਉਸੇ ਅਨੁਸਾਰ ਅਗਾਂਹ ਮਾਰਗ ਬਣਦਾ ਜਾਂਦਾ ਹੈ। ਜੇਕਰ ਬੁਰੀ ਮਨਸ਼ਾ ਨਾਲ਼ ਬੁਰਾ ਕੰਮ ਕੀਤਾ ਤਾਂ ਬੁਰੀ ਮਨਸ਼ਾ ’ਚ ਹੋਰ ਵਾਧਾ ਹੋ ਜਾਂਦਾ ਹੈ ਤੇ ਚੰਗੀ ਮਨਸ਼ਾ ਨਾਲ਼ ਚੰਗਾ ਕੰਮ ਕੀਤਾ ਤਾਂ ਚੰਗੀ ਮਨਸ਼ਾ ਹੋਰ ਨਿਰਮਲ ਹੋ ਕੇ ਚੰਗੇ ਕੰਮ ਕਰਦੀ ਹੈ।
ਵਿਚਾਰ : ਉਕਤ ਪੰਕਤੀ ’ਚ ‘ਧਰਮੁ’ ਦਾ ਅਰਥ; ਅਕਸਰ ਬ੍ਰਾਹਮਣ ਦੁਆਰਾ ਕਲਪਿਆ ‘ਧਰਮਰਾਜ’ ਕੀਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਜਾਪਦਾ ਕਿਉਂਕਿ ਲੰਬੀ ਰਚਨਾ ਦੇ ਆਦਿ ਤੇ ਅੰਤ ’ਚ ਬਾਹਰੀ ਮਿਸਾਲ ਨਹੀਂ ਹੁੰਦੀ ਬਲਕਿ ਨਿਰੋਲ ਗੁਰਮਤਿ ਸਿਧਾਂਤ ਬਿਆਨ ਕੀਤਾ ਹੁੰਦਾ ਹੈ। ਇਸ ਦੀ ਸਪਸ਼ਟਤਾ ਲਈ ‘ਧਰਮੁ’ ਸ਼ਬਦ ਨੂੰ ਸਮਝਣਾ ਜ਼ਰੂਰੀ ਹੈ, ਜੋ ਕਿ ਗੁਰਬਾਣੀ ’ਚ 102 ਵਾਰ ਹੈ। ਜਿਨ੍ਹਾਂ ’ਚੋਂ ਕੇਵਲ ਹੇਠਲੀਆਂ 6 ਤੁਕਾਂ ’ਚ ਹੀ ‘ਧਰਮੁ’ ਦਾ ਅਰਥ ‘ਧਰਮਰਾਜ’ ਜਾਂ ‘ਯਮਰਾਜ’ ਢੁੱਕਦਾ ਹੈ ਕਿਉਂਕਿ ਇੱਥੇ ਇਸ ਨਾਲ਼ ‘ਚਿਤਰ-ਗੁਪਤ, (ਧਰਮਰਾਜ ਦੇ) ਦੂਤ ਜਾਂ ਰਾਜਾ’ ਸ਼ਬਦ ਭੀ ਮੌਜੂਦ ਹਨ; ਜਿਵੇਂ ਕਿ
ਗਾਵਹਿ ਤੁਹਨੋ, ਪਉਣੁ ਪਾਣੀ ਬੈਸੰਤਰੁ; ਗਾਵੈ ‘ਰਾਜਾ ਧਰਮੁ’ ਦੁਆਰੇ ॥ (ਜਪੁ)
ਗਾਵਹਿ, ‘ਚਿਤੁ ਗੁਪਤੁ’ ਲਿਖਿ ਜਾਣਹਿ; ਲਿਖਿ ਲਿਖਿ ‘ਧਰਮੁ’ ਵੀਚਾਰੇ ॥ (ਜਪੁ)
ਗਾਵਨਿ ਤੁਧਨੋ, ਪਵਣੁ ਪਾਣੀ ਬੈਸੰਤਰੁ; ਗਾਵੈ ‘ਰਾਜਾ ਧਰਮੁ’ ਦੁਆਰੇ ॥ (ਸੋ ਦਰੁ/ਮਹਲਾ ੧/੯)
ਗਾਵਨਿ ਤੁਧਨੋ, ‘ਚਿਤੁ ਗੁਪਤੁ’ ਲਿਖਿ ਜਾਣਨਿ; ਲਿਖਿ ਲਿਖਿ ‘ਧਰਮੁ’ ਬੀਚਾਰੇ ॥ (ਸੋ ਦਰੁ/ਮਹਲਾ ੧/੯)
ਗਾਵਨਿ੍ ਤੁਧਨੋ, ‘ਚਿਤੁ ਗੁਪਤੁ’ ਲਿਖਿ ਜਾਣਨਿ; ਲਿਖਿ ਲਿਖਿ ‘ਧਰਮੁ’ ਵੀਚਾਰੇ ॥ (ਆਸਾ/ਸੋ ਦਰੁ/੩੪੭)
ਜੈ ਜੈ ‘ਧਰਮੁ’ (ਧਰਮਰਾਜ) ਕਰੇ; ‘ਦੂਤ’ ਭਏ ਪਲਾਇਣ ॥ (ਮਹਲਾ ੫/੪੬੦)
ਧਿਆਨ ਰਹੇ ਕਿ ਗੁਰਬਾਣੀ ’ਚ ‘ਧਰਮਰਾਜ/ਯਮਰਾਜ’ ਲਈ ਵੱਖਰਾ ਸ਼ਬਦ ‘ਧਰਮਰਾਇ’ 44 ਵਾਰ ਵਰਤਿਆ ਹੈ; ਜਿਵੇਂ ਕਿ
ਤਿਸ ਨੋ ਜੋਹਹਿ; ਦੂਤ ‘ਧਰਮਰਾਇ’ ॥ (ਮਹਲਾ ੫/੧੯੫)
‘ਧਰਮਰਾਇ’ ਨੋ ਹੁਕਮੁ ਹੈ; ਬਹਿ ਸਚਾ ਧਰਮੁ ਬੀਚਾਰਿ ॥ (ਮਹਲਾ ੩/੩੮)
ਲੇਖਾ ‘ਧਰਮਰਾਇ’ ਕੀ ਬਾਕੀ; ਜਪਿ ਹਰਿ ਹਰਿ ਨਾਮੁ, ਕਿਰਖੈ (ਮੁੱਕ ਜਾਂਦਾ ਹੈ)॥ (ਮਹਲਾ ੪/੭੮)
‘ਧਰਮਰਾਇ’ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਨ ਆਵੈ ॥ (ਮਹਲਾ ੪/੫੫੫)
‘ਧਰਮਰਾਇ’ ਹੈ ਦੇਵਤਾ; ਲੈ ਗਲਾ ਕਰੇ ਦਲਾਲੀ ॥ (ਬਲਵੰਡ ਸਤਾ/੯੬੭), ਆਦਿ।
ਸੋ ਹਥਲੇ ਸਲੋਕ ‘‘ਵਾਚੈ ਧਰਮੁ, ਹਦੂਰਿ॥’’ ’ਚ ‘ਧਰਮੁ’ ਦੇ ਨਾਲ਼ ਨਾ ‘ਚਿਤਰ ਗੁਪਤ’ ਸ਼ਬਦ ਹਨ, ਨਾ ‘ਰਾਜਾ’ ਹੈ, ਨਾ (ਧਰਮਰਾਜ ਦੇ) ਦੂਤ’ ਸ਼ਬਦ ਹੈ, ਇਸ ਲਈ ਇੱਥੇ ਕਾਲਪਨਿਕ ‘ਧਰਮਰਾਜ’ ਅਰਥ ਨਹੀਂ ਹੋ ਸਕਦਾ ਸਗੋਂ ਗੁਰਮਤਿ ਅਨੁਸਾਰੀ (ੴ ਦਾ) ‘ਇਨਸਾਫ਼-ਤਰਾਜ਼ੂ’ ਅਰਥ ਢੁਕਦਾ ਹੈ। ਲੰਬੀ ਰਚਨਾ ਦੇ ਅਰੰਭ ’ਚ ਤੇ ਅੰਤ ’ਚ ਰਚੇ ਮੰਗਲਾਚਰਨ ਦਾ ਸਬੰਧ ਸਚਖੰਡ ’ਚ ਵਿਰਾਜਮਾਨ ‘ੴ’ ਦੀ ਸਿਫ਼ਤ ਨਾਲ਼ ਹੁੰਦਾ ਹੈ, ਨਾ ਕਿ ਕਿਸੇ ਅਖੌਤੀ ਸੁਰਗ ’ਚ ਬੈਠੇ ਕਿਸੇ ਕਲਪਿਤ ਦੇਵਤੇ ਨਾਲ਼।
ਕਿਸੇ ਦੇਸ ਦੇ ਪਾਰਲੀਮੈਂਟ ਮੈਂਬਰ; ਕਾਨੂੰਨ ਬਣਾਉਂਦੇ ਹਨ। ਫਿਰ ਉਸ ਕਾਨੂੰਨ-ਕਸੌਟੀ ’ਤੇ ਅਪਰਾਧੀ ਦਾ ਦੋਸ਼ ਲਗਾ ਕੇ ਸਜ਼ਾ ਦਿੱਤੀ ਜਾਂਦੀ ਹੈ ਭਾਵ ਗੁਨਾਹ ਮੁਤਾਬਕ ਸਜ਼ਾ; ਕਾਨੂੰਨ ਦਿੰਦਾ ਹੈ, ਨਾ ਕਿ ਕਾਨੂੰਨ ਬਣਾਉਣ ਵਾਲ਼ੇ ਸੰਸਦ; ਇਉਂ ਹੀ ਰੱਬ ਦੇ ਇਨਸਾਫ਼-ਤਰਾਜ਼ੂ ਨਾਲ਼ ਹਰੇਕ ਦਾ ਕਰਮ ਵਾਚਿਆ ਜਾਂਦਾ ਹੈ। ਇਹ ਕਰਮ; ‘ਕੂੜ ਦੀ ਪਾਲਿ’ ਮੁਤਾਬਕ ਹੁੰਦਾ ਹੈ। ਵੈਸਾ ਹੀ ਦੁੱਖ-ਸੁੱਖ ਭੋਗੀਦਾ ਹੈ ਕਿਉਂਕਿ ਸਰਬ ਵਿਆਪਕ ਪ੍ਰਭੂ ਸਭ ਕੁੱਝ ਵੇਖਦਾ ਹੈ, ਵਾਚਦਾ ਹੈ, ਜੋ ਪੈਦਾਇਸ਼ ਤੋਂ ਉਸ ਨੇ ਆਪਣੇ ਹੁਕਮ ਨਾਲ਼ (ਬੰਦੇ ਦੇ ਨਸੀਬ ’ਚ) ਪਾਇਆ ਹੁੰਦਾ ਹੈ। ਇਹ ਵਾਚਣਾ ਹੀ ‘‘ਵਾਚੈ ਧਰਮੁ, ਹਦੂਰਿ॥’’ ਪੰਕਤੀ ’ਚ ਮੁੜ ਦੁਹਰਾਇਆ ਹੈ, ਨਾ ਕਿ ਸਾਰੀ ਉਮਰ ਦਾ ਲੇਖਾ-ਜੋਖਾ ਚਿੱਤਰ-ਗੁਪਤ ਇਕੱਠਾ ਕਰਦੇ ਹਨ ਤੇ ਬੰਦੇ ਦੇ ਮਰਨ ਤੋਂ ਬਾਅਦ ਇੱਕ ਕਾਲਪਨਿਕ ਧਰਮਰਾਜ ਉਸ ਨੂੰ ਵਾਚਦਾ ਹੈ। ਐਸਾ ਹੀ ਇਸਲਾਮ, ਈਸਾਈ ਆਦਿ ਧਰਮਾਂ ’ਚ ਜ਼ਿਕਰ ਹੈ ਕਿ ਮਰਨ ਤੋਂ ਬਾਅਦ ਰੂਹਾਂ; ਕਿਆਮਤ ਤੱਕ ਕਬਰਾਂ ’ਚ ਰਹਿੰਦੀਆਂ ਹਨ। ਕਿਆਮਤ ਤੋਂ ਬਾਅਦ ਹੁੰਦੇ ਲੇਖੇ-ਜੋਖੇ ਸਮੇਂ ਈਸਾ ਜੀ; ਪ੍ਰਭੂ ਦੇ ਸੱਜੇ ਪਾਸੇ (ਜੋ ਕਿ ਵੱਡਾ ਹੋਣ ਦਾ ਸੰਕੇਤ ਹੈ) ਬੈਠ ਕੇ ਬੰਦਗੀ ਕਰਨ ਵਾਲ਼ਿਆਂ ਨੂੰ ਮੁਕਤੀ ਦਿਲਵਾਉਣਗੇ। ਇਸ ਧਾਰਨ ਨੂੰ ਭਰਮ ਸਾਬਤ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਇਸਲਾਮ ਦੇ ਫ਼ਲਸਫ਼ੇ ਨਾਲ਼ ਦਲੀਲ ਦਿੰਦੇ ਹਨ ਕਿ ਕਬਰਾਂ ਵਾਲ਼ੀ ਮਿੱਟੀ; ਮਾਸਾਹਾਰੀ ਕੀੜਿਆਂ ਦੇ ਮਲ-ਮੂਤਰ ਨਾਲ਼ ਅਕਸਰ ਚੀਕਣੀ ਹੋ ਜਾਂਦੀ ਹੈ ਤੇ ਭਾਂਡੇ ਬਣਾਉਣ ਲਈ ਉਸ ਨੂੰ ਕੁਮ੍ਹਿਆਰ ਲੈ ਆਉਂਦਾ ਹੈ ਤੇ ਅੱਗ ’ਚ ਤੁਹਾਡਾ ਰਿਕਾਰਡ ਸਾੜ ਦਿੰਦਾ ਹੈ, ਇਸ ਲਈ ਕਿਆਮਤ ਸਮੇਂ ਉਹ ਲੇਖਾ-ਜੋਖਾ ਕਿਵੇਂ ਹੋਏਗਾ, ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥ ਘੜਿ ਭਾਂਡੇ, ਇਟਾ ਕੀਆ; ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ; ਝੜਿ ਝੜਿ ਪਵਹਿ ਅੰਗਿਆਰ ॥’’ (ਮਹਲਾ ੧/੪੬੬) ਭਗਤ ਬੇਣੀ ਜੀ ਭੀ ਸਮਝਾਉਂਦੇ ਹਨ ਕਿ ਮਰਨ ਤੋਂ ਬਾਅਦ ਮੁਕਤੀ ਕਿਵੇਂ ਮਿਲੇਗੀ, ‘‘ਥਾਕਾ ਤੇਜੁ, ਉਡਿਆ ਮਨੁ ਪੰਖੀ; ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ! ਮਰਨ ਮੁਕਤਿ ਕਿਨਿ ਪਾਈ ?॥’’ (ਭਗਤ ਬੇਣੀ/੯੩) ਅਰਥ : ਸਰੀਰਕ ਬਲ ਮੁੱਕ ਗਿਆ ਭਾਵ ਮਰ ਗਿਆ ਤੇ ਮਨ-ਪੰਛੀ (ਜਿੰਦ, ਆਤਮਾ) ਸਰੀਰ ’ਚੋਂ ਨਿਕਲ ਗਿਆ। ਹੁਣ ਮਿਰਤਕ ਦੇਹ (ਉਸੇ) ਘਰ ’ਚ ਪਈ ਸ਼ੋਭਦੀ ਨਹੀਂ। ਬੇਣੀ ਜੀ ਕਹਿੰਦਾ ਹੈ ਕਿ ਹੇ ਭਗਤ-ਜਨੋ (ਯਾਨੀ ਜ਼ਿੰਦਗੀ ’ਚ ਕੁੱਝ ਕਮਾਉਣ ਦੀ ਚਾਹਤ ਰੱਖਣ ਵਾਲ਼ਿਓ ! ਮਾਇਆ ’ਚ ਸਾਰਾ ਜੀਵਨ ਭੋਗ ਕੇ) ਮਰਨ ਤੋਂ ਬਾਅਦ (ਦੱਸੋ) ਕਿਸ ਨੇ ਮੁਕਤੀ ਪਾਈ ਹੈ ?
ਸੋ ਹਰੇਕ ਨੂੰ ਚਾਹੀਦਾ ਹੈ ਕਿ ਆਪਣੀ ‘ਕੂੜ ਦੀ ਪਾਲਿ’ ਤੁਰੰਤ ਖ਼ਤਮ ਕੀਤੀ ਜਾਵੇ। ਪ੍ਰਭੂ ਦੀ ਮਿਹਰ ਤੋਂ ਬਿਨਾਂ ਇਸ ਵਿੱਚ ਸਫਲਤਾ ਨਹੀਂ ਮਿਲਣੀ। ਉਸ ਦੀ ਬੰਦਗੀ ਕਰਨੀ ਹੈ। ਉਸ ਅੱਗੇ ਆਪਣੀ ਅਸਮਰੱਥਾ ਜ਼ਾਹਰ ਕਰਨੀ ਹੈ। ਇਸ ਦਾ ਲਾਭ ਹੁਣ ਭੀ ਤੇ ਮਰਨ ਤੋਂ ਬਾਅਦ ਪ੍ਰਭੂ ’ਚ ਲੀਨ ਹੋ ਕੇ ਭੀ ਮਿਲਣਾ ਹੈ ਵਰਨਾ ਮਨ ਦੀ ਵਾਸ਼ਨਾ ਆਵਾਗਮਣ ’ਚ ਲੈ ਜਾਏਗੀ; ਜਿਵੇਂ ਕਿ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ (ਰਾਜ਼) ਕਉ ਪਾਵੈ..। ਫਿਰਿ ਕਲਿਜੁਗ ਅੰਦਰਿ ਦੇਹਿ ਧਰਿ; ਕਰਮਾਂ ਅੰਦਰਿ ਫੇਰ ਫਸਾਵੈ। ਅਉਸਰੁ ਚੁਕਾ; ਹਥ ਨ ਆਵੈ ॥੧੫॥ (ਵਾਰ ੧ ਪਉੜੀ ੧੫) ਐਸੇ ਹੀ ਬਚਨ ਅਗਾਂਹ ਕੀਤੇ ਗਏ ਹਨ :
ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ॥
ਪਦ ਅਰਥ : ਕਰਮੀ ਆਪੋ ਆਪਣੀ- ਆਪੋ ਆਪਣੇ ਨਸੀਬ (ਕੂੜੈ ਪਾਲਿ) ਅਨੁਸਾਰ ਭਾਵ ਆਪੋ ਆਪਣੇ ਦੁਆਰਾ ਕੀਤੇ ਕੰਮਾਂ ਦੇ ਫਲ਼ ਅਨੁਸਾਰ। ਕੇ ਨੇੜੇ- ਕਈ (ਰੱਬ ਦੇ) ਨੇੜੇ ਭਾਵ ਕਈ ਰੱਬ ਨਾਲ਼ ਜੁੜ ਜਾਂਦੇ ਹਨ, ਉਸ ਵਿੱਚ ਲੀਨ ਹੋ ਜਾਂਦੇ ਹਨ। ਕੇ ਦੂਰਿ- ਕਈ (ਰੱਬ ਤੋਂ) ਦੂਰ ਭਾਵ ਵਿਛੁੜ ਜਾਂਦੇ ਹਨ, ਅਨੰਤ ਜੂਨਾਂ ’ਚ ਚੱਲੇ ਜਾਂਦੇ ਹਨ।
ਅਰਥ : ਆਪੋ ਆਪਣੇ ਭਾਗ ਮੁਤਾਬਕ ਕਈ (ਮਾਲਕ ’ਚ) ਲੀਨ ਹੋ ਜਾਂਦੇ ਹਨ ਤੇ ਕਈ ਉਸ ਤੋਂ ਦੂਰ ਹੋ ਜਾਂਦੇ ਹਨ, ਉਸ ਨੂੰ ਭੁਲਾ ਬੈਠਦੇ ਹਨ (ਜਿਸ ਦਾ ਫਲ਼ ਹੈ, ‘‘ਜਮਿ ਜਮਿ ਮਰੈ; ਮਰੈ, ਫਿਰਿ ਜੰਮੈ ॥ ਬਹੁਤੁ ਸਜਾਇ ਪਇਆ; ਦੇਸਿ ਲੰਮੈ (’ਚ)॥ ਜਿਨਿ (ਨੇ) ਕੀਤਾ, ਤਿਸੈ ਨ ਜਾਣੀ ਅੰਧਾ; ਤਾ ਦੁਖੁ ਸਹੈ ਪਰਾਣੀਆ ॥’’ ਮਹਲਾ ੫/੧੦੨੦)
ਜਿਨੀ, ਨਾਮੁ ਧਿਆਇਆ; ਗਏ ਮਸਕਤਿ ਘਾਲਿ॥ ਉਚਾਰਨ : ਜਿਨ੍ਹੀਂ, ਮਸ਼ੱਕਤ।
ਪਦ ਅਰਥ : ਜਿਨੀ- ਜਿਨ੍ਹਾਂ ਨੇ। ਨਾਮੁ- (ਸਿਰਜਣਹਾਰ ਦੇ) ਨਾਮ ਨੂੰ। ਧਿਆਇਆ- ਯਾਦ ਕੀਤਾ, ਜਪਿਆ। ਗਏ- (ਸੰਸਾਰ ਤੋਂ) ਲੈ ਗਏ। ਮਸਕਤਿ- ਮਸ਼ੱਕਤ, ਮਿਹਨਤ, ਸ਼੍ਰਮ। ਘਾਲਿ- ਘਾਲਣਾ, ਮਿਹਨਤ, ਸ਼੍ਰਮ।
ਅਰਥ : (ਗੁਰੂ ਰਾਹੀਂ) ਜਿਨ੍ਹਾਂ ਨੇ ਮਾਲਕ ਦਾ ਨਾਮ ਜਪਿਆ, ਉਹ ਆਪਣੀ ਇਹ ਮਿਹਨਤ-ਘਾਲਣਾ ਸਫਲ ਕਰ ਗਏ (ਉਹ ਸੰਸਾਰਿਕ ਇਮਤਿਹਾਨ ’ਚੋਂ ਪਾਸ ਹੋ ਗਏ, ‘ਧਰਮਸ਼ਾਲ’ ਸਥਾਪਿਤ ਕਰਨ ਦਾ ਅਸਲ ਮਨੋਰਥ ਪਾ ਗਏ)।
ਨਾਨਕ ! ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ ੧॥
ਪਦ ਅਰਥ : ਨਾਨਕ- ਹੇ ਨਾਨਕ ! ਤੇ- ਉਨ੍ਹਾਂ ਦੇ। ਉਜਲੇ-ਤੇਜੱਸਵੀ, ਪ੍ਰਤਾਪ ਭਰਪੂਰ, ਰੌਸ਼ਨ। ਕੇਤੀ- ਕਿੰਨੀ ਹੀ (ਹੋਰ ਲੁਕਾਈ)। ਨਾਲਿ- (ਉਨ੍ਹਾਂ ਦੇ) ਨਾਲ਼, ਸਮੇਤ।
ਅਰਥ : ਹੇ ਨਾਨਕ ! (ਆਖ ਕਿ) ਉਨ੍ਹਾਂ ਦੇ ਚਿਹਰੇ (ਲੋਕ-ਪ੍ਰਲੋਕ ’ਚ) ਸੁਰਖ਼ਰੂ ਹੋ ਗਏ। (ਉਨ੍ਹਾਂ ਦੀ ਸੰਗਤ ਕਰ-ਕਰ) ਹੋਰ ਭੀ ਬੇਅੰਤ ਸੰਗਤ (ਭ੍ਰਮਜਾਲ ’ਚੋਂ) ਮੁਕਤ ਹੋ ਗਈ ਭਾਵ ਅਸਲ ਦਾਤਾਰ-ਪਿਤਾ ਦਾ ਨਾਮ ਜਪਣ ਲੱਗ ਪਈ।
ਵਿਚਾਰ : ਧਿਆਨ ਰਹੇ ਕਿ ‘ਜਪੁ’ ਬਾਣੀ ਦਾ ਅਰੰਭਕ ਸਲੋਕ; ਥੋੜ੍ਹੇ ਜਿਹੇ ਅੰਤਰ ਨਾਲ਼ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ’ਚ ਇਉਂ ਉਚਾਰਿਆ ਹੈ, ‘‘ਸਲੋਕੁ ॥ ਆਦਿ ਸਚੁ; ਜੁਗਾਦਿ ਸਚੁ ॥ ਹੈ ਭਿ ਸਚੁ; ਨਾਨਕ ! ਹੋਸੀ ਭਿ ਸਚੁ ॥੧॥’’ (ਮਹਲਾ ੫/੨੮੬) ਅਤੇ ‘ਜਪੁ’ ਬਾਣੀ ਦਾ ਅੰਤਮ ਸਲੋਕ; ਥੋੜ੍ਹੇ ਜਿਹੇ ਅੰਤਰ ਨਾਲ਼ ਮਾਝ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਹੋਈ ਵਾਰ ਦੀ 18ਵੀਂ ਪਉੜੀ ’ਚ ਗੁਰੂ ਅੰਗਦ ਸਾਹਿਬ ਜੀ ਨੇ ਸਲੋਕ ਵਜੋਂ ਇਉਂ ਉਚਾਰਿਆ ਹੈ, ‘‘ਪਉਣੁ ਗੁਰੂ ਪਾਣੀ ਪਿਤਾ; ਮਾਤਾ ਧਰਤਿ ਮਹਤੁ ॥ ਦਿਨਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ; ਵਾਚੇ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥੨॥’’ (ਮਹਲਾ ੨/੧੪੬)
ਜ਼ਰੂਰੀ ਜਾਣਕਾਰੀ : ‘‘ਨਾਨਕ ਤੇ ਮੁਖ ਉਜਲੇ..॥’’ ਵਾਕ ’ਚ ‘ਨਾਨਕ ਤੇ’ ਸ਼ਬਦਾਂ ਨੂੰ ਜੋੜ ਕੇ ਇਕੱਠਾ ਨਹੀਂ ਪੜ੍ਹਨਾ। ਇਸ ਤਰ੍ਹਾਂ ਪਾਠ ਕੀਤਿਆਂ ਗ਼ਲਤ ਅਰਥ ਬਣਦੇ ਹਨ ‘ਨਾਨਕ ਤੋਂ ਭੀ ਮੁੱਖ ਰੌਸ਼ਨ ਹੋ ਗਏ’ ਕਿਉਂਕਿ ਗੁਰਬਾਣੀ ’ਚ ‘ਤੇ’ ਦੇ ਦੋ ਅਰਥ ਹਨ (1). ਉਹ (ਬਹੁ ਵਚਨ ਪੜਨਾਉ) (2). ਤੋਂ (ਅਪਾਦਾਨ ਕਾਰਕ); ਜਿਵੇਂ ਕਿ
ਖਸਮੁ ਵਿਸਾਰਹਿ; ਤੇ ਕਮਜਾਤਿ ॥ (ਸੋ ਦਰੁ/ਮਹਲਾ ੧/੧੦) ‘ਤੇ’ ਭਾਵ ‘ਉਹ’
ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ (ਮਹਲਾ ੧/੧੯) ‘ਤੇ’ ਭਾਵ ‘ਤੋਂ’
ਹਥਲੇ ਸਲੋਕ ’ਚ ‘‘ਨਾਨਕ ! ਤੇ ਮੁਖ ਉਜਲੇ..॥’’ ਦਾ ਅਰਥ ਉਕਤ ਪਹਿਲਾ ਹੈ ‘ਹੇ ਨਾਨਕ ! ਉਨ੍ਹਾਂ ਦੇ ਮੂੰਹ ਰੌਸ਼ਨ ਹੋ ਗਏ (ਜਿਨ੍ਹਾਂ ਨੇ ਨਾਮ ਧਿਆਇਆ)’, ਨਾ ਕਿ ਦੂਜੇ ਅਰਥ (ਨਾਨਕ ਤੋਂ) ਹਨ।
‘ਜਪੁ’ ਬਾਣੀ ’ਚ ‘ਨਾਨਕ’ (ਮੋਹਰ) ਦੀ ਕੀਤੀ ਵਰਤੋਂ ਨੂੰ ਸਮਝਣਾ ਜ਼ਰੂਰੀ :
‘ਜਪੁ’ ਬਾਣੀ ’ਚ 38 ਪਉੜੀਆਂ ਅਤੇ 2 ਸਲੋਕ (ਇੱਕ ਅਗੇਤਰ ‘‘ਆਦਿ ਸਚੁ..’’ ਤੇ ਇੱਕ ਪਿਛੇਤਰ ‘‘ਪਵਣੁ ਗੁਰੂ..’’) ਹਨ। ਇਸ ਤਰ੍ਹਾਂ ‘ਜਪੁ’ ਬਾਣੀ ’ਚ 40 ਵਾਰ ‘ਨਾਨਕ ਜਾਂ ਨਾਨਕੁ’ ਸ਼ਬਦ ਹੋਣਾ ਚਾਹੀਦਾ ਸੀ, ਪਰ ਹੈ ਕੇਵਲ 30 ਵਾਰ। ਇਨ੍ਹਾਂ ਸੀਮਤ ਹੋਣ ਦੇ ਬਾਵਜੂਦ ਭੀ ਦੋ ਪਉੜੀਆਂ (21, 27) ’ਚ 2-2 ਵਾਰ ਹੈ।
12 ਪਉੜੀਆਂ (6, 12, 13, 14, 16, 17, 19, 23, 28, 29, 30 ਤੇ 36ਵੀਂ) ’ਚ ‘ਨਾਨਕ ਜਾਂ ਨਾਨਕੁ’ ਮੋਹਰ ਇੱਕ ਵਾਰ ਭੀ ਨਹੀਂ। ਇਸ ਨੂੰ ਸਮਝਣ ਲਈ ਪਉੜੀ ਦਰ ਪਉੜੀ ਅਰੰਭ ਤੋਂ ਵਿਚਾਰਨਾ ਜ਼ਰੂਰੀ ਹੈ, ਜੋ ਕਿ ਇਸ ਤਰ੍ਹਾਂ ਹੈ :
(1). ‘ਜਪੁ’ ਬਾਣੀ ਦੇ ਅਗੇਤਰ ਅਤੇ ਪਿਛੇਤਰ ਦੋਵੇਂ ਸਲੋਕਾਂ ’ਚ ‘ਨਾਨਕ’ ਪਦ ਇਸ ਤਰ੍ਹਾਂ ਹੈ :
ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥੧॥ (ਅਗੇਤਰ ਸਲੋਕ)
ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥ (ਪਿਛੇਤਰ ਸਲੋਕ)
(2). 1 ਤੋਂ 5 ਪਉੜੀਆਂ ਦਾ ਕਰਮਵਾਰ ਵਿਸ਼ਾ ਸਮਾਪਤ ਹੋਣ ਕਾਰਨ ਹਰੇਕ ਪਉੜੀ ਦੇ ਅੰਤ ’ਚ ‘ਨਾਨਕ’ ਪਦ ਇਸ ਤਰ੍ਹਾਂ ਹੈ :
ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥
ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥
ਨਾਨਕ ! ਵਿਗਸੈ ਵੇਪਰਵਾਹੁ ॥੩॥
ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ ॥੪॥
ਨਾਨਕ ! ਗਾਵੀਐ ਗੁਣੀ ਨਿਧਾਨੁ ..॥੫॥
ਵਿਚਾਰ : ਉਕਤ 5ਵੀਂ ਪਉੜੀ ’ਚ ‘ਨਾਨਕ’ (ਮੋਹਰ) ਅੰਤ ’ਚ ਨਹੀਂ, ਪਉੜੀ ਦੇ ਅਰੰਭ ’ਚ ਹੈ ਕਿਉਂਕਿ ਸਮਾਪਤੀ ’ਚ ‘ਗੁਰਾ’ (ਸਤਿਗੁਰੂ) ਨੂੰ ਸੰਬੋਧਨ ਕੀਤਾ ਗਿਆ ਹੈ, ਬੇਨਤੀ ਕੀਤੀ ਗਈ ਹੈ, ‘‘ਗੁਰਾ ! ਇਕ ਦੇਹਿ ਬੁਝਾਈ ॥’’; ਇਹ ਪਉੜੀ-ਵਿਸ਼ਾ ਅਗਾਂਹ 6ਵੀਂ ਪਉੜੀ ’ਚ ਭੀ ਜਾਰੀ ਰਹਿਣ ਕਾਰਨ 6ਵੀਂ ਪਉੜੀ ’ਚ ‘ਨਾਨਕ’ ਨੂੰ ਮੁੜ ਨਹੀਂ ਦੁਹਰਾਇਆ ਗਿਆ।
(3). 7ਵੀਂ ਪਉੜੀ ਦਾ ਵਿਸ਼ਾ ਇਕੋ ਪਉੜੀ ’ਚ ਸਮਾਪਤ ਹੋਣ ਕਾਰਨ ਅੰਤ ’ਚ ‘ਨਾਨਕ’ ਪਦ ਇਸ ਤਰ੍ਹਾਂ ਹੈ :
ਨਾਨਕ ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ ॥੭॥
(4). 8 ਤੋਂ 11 ਪਉੜੀਆਂ ’ਚ ‘(ਸੁਣਿਐ) ਸੁਣਨ ਨਾਲ਼’ ਹੁੰਦੇ ਬਦਲਾਅ ਨੂੰ ਦਰਸਾਇਆ ਹੈ। ਸਵਾਲ : ਕਿਸ ਨੂੰ ਸੁਣਨ ਨਾਲ਼ ? ਜਵਾਬ : ‘ਨਾਨਕ ਨੂੰ ਸੁਣਨ ਨਾਲ਼’, ਇਸ ਲਈ ਚਾਰੋਂ ਪਉੜੀਆਂ ਦੇ ਅੰਤ ’ਚ ‘ਨਾਨਕ’ ਪਦ ਹੈ :
ਨਾਨਕ ! ਭਗਤਾ ਸਦਾ ਵਿਗਾਸੁ ॥੮॥
ਨਾਨਕ ! ਭਗਤਾ ਸਦਾ ਵਿਗਾਸੁ ॥੯॥
ਨਾਨਕ ! ਭਗਤਾ ਸਦਾ ਵਿਗਾਸੁ ॥੧੦॥
ਨਾਨਕ ! ਭਗਤਾ ਸਦਾ ਵਿਗਾਸੁ ॥੧੧॥
(5). 12 ਤੋਂ 15 ਪਉੜੀਆਂ ’ਚ (ਮੰਨੈ) ‘ਮੰਨਣ ਨਾਲ਼’ ਹੁੰਦੇ ਜੀਵਨ ਬਦਲਾਅ ਦਾ ਜ਼ਿਕਰ ਹੈ। ਸਵਾਲ : ਕੀ ਮੰਨਣ ਨਾਲ਼ ? ਜਵਾਬ : ‘ਨਾਨਕ ਨੂੰ ਮੰਨਣ ਨਾਲ਼ ਨਹੀਂ’ ਬਲਕਿ ਜੋ ਪਿਛਾਂਹ ‘ਸੁਣਿਐ’; ਉਸ ਨੂੰ ਮੰਨਣ ਨਾਲ਼; ਇਸ ਲਈ 4 ਵਾਰ ‘ਨਾਨਕ’ ਨਹੀਂ ਲਿਖਿਆ, ਕੇਵਲ ਅੰਤਮ 15ਵੀਂ ਪਉੜੀ ’ਚ ਹੀ ‘ਨਾਨਕ’ ਲਿਖਿਆ ਹੈ, ‘‘ਮੰਨੈ, ਨਾਨਕ ! ਭਵਹਿ ਨ ਭਿਖ ॥੧੫॥’’
(6). 16 ਤੋਂ 19 ਪਉੜੀਆਂ ਦੇ ਅੰਤ ’ਚ (ਪਿਛਾਂਹ ਆਏ ‘ਗੁਰਾ !’ ਵਾਙ) ‘ਨਿਰਾਕਾਰ’ ਨੂੰ ਸੰਬੋਧਨ ਕੀਤਾ ਹੈ। ਵਿਸ਼ਾ ਚਾਰੋਂ ਪਉੜੀਆਂ ਦਾ ਇੱਕੋ ਹੈ ਕਿ ‘‘ਕੁਦਰਤਿ ਕਵਣ ? ਕਹਾ ਵੀਚਾਰੁ ॥ ਵਾਰਿਆ ਨ ਜਾਵਾ, ਏਕ ਵਾਰ ॥ ਜੋ ਤੁਧੁ ਭਾਵੈ, ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥’’, ਇਸ ਲਈ ‘ਨਾਨਕ’ ਪਦ ਕੇਵਲ ਅੰਤਮ 19ਵੀਂ ਪਉੜੀ ’ਚ ਹੋਣਾ ਸੀ, ਪਰ 18ਵੀਂ ਪਉੜੀ ’ਚ ਮੂਰਖਾਂ ਦਾ ਵਰਣਨ ਹੋਣ ਕਾਰਨ ‘‘ਅਸੰਖ ਮੂਰਖ ਅੰਧ ਘੋਰ॥’’ ਮਤਾਂ ਕਿਤੇ ‘ਨਾਨਕ’ ਅੰਦਰੋਂ ਅਹੰਕਾਰ ਦੀ ਬੋ ਆਵੇ, ਇਸ ਲਈ ‘ਨਾਨਕ’ ਪਦ 19ਵੀਂ ਪਉੜੀ ਦੀ ਬਜਾਇ 18ਵੀਂ ਪਉੜੀ ’ਚ ਹੀ ਦਰਜ ਕੀਤਾ ਗਿਆ, ‘‘ਨਾਨਕੁ ਨੀਚੁ ਕਹੈ ਵੀਚਾਰੁ ॥੧੮॥’’ ਬਾਕੀ 3 ਪਉੜੀਆਂ (16, 17, 19) ’ਚ ‘ਨਾਨਕ’ ਪਦ ਨਹੀਂ।
(7). 20ਵੀਂ ਪਉੜੀ (ਭਰੀਐ; ਹਥੁ, ਪੈਰੁ, ਤਨੁ, ਦੇਹ ॥) ਦੀ ਸਮਾਪਤੀ ’ਚ ‘ਨਾਨਕ’ ਪਦ ਹੈ, ‘‘ਨਾਨਕ ! ਹੁਕਮੀ ਆਵਹੁ ਜਾਹੁ ॥੨੦॥’’
(8). 21ਵੀਂ ਪਉੜੀ (ਤੀਰਥੁ, ਤਪੁ, ਦਇਆ; ਦਤੁ ਦਾਨੁ ॥) ’ਚ ‘ਨਾਨਕ’ ਪਦ ਦੋ ਵਾਰ ਹੈ। ਇੱਕ ਵਾਰ ਪਉੜੀ ਦੇ ਵਿਚਕਾਰ ਅਹੰਕਾਰੀ ਸੋਚ ਦੀ ਵਿਆਖਿਆ ਨੂੰ ਸਮੇਟਦਿਆਂ; ਜਿਵੇਂ ਕਿ ‘‘ਨਾਨਕ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ..॥੨੧॥’’ ਅਤੇ ਇੱਕ ਵਾਰ ਪਉੜੀ-ਵਿਸ਼ਾ ਖ਼ਤਮ ਹੋਣ ’ਤੇ ਚਲਦੀ ਤਰਤੀਬ ਅਨੁਸਾਰ ਅੰਤ ’ਚ ਫਿਰ ਦਰਜ ਹੈ, ‘‘ਨਾਨਕ ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥’’
(9). 22ਵੀਂ ਪਉੜੀ (ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥) ਦੀ ਸਮਾਪਤੀ ’ਚ ‘ਨਾਨਕ’ (ਮੋਹਰ) ਇਸ ਤਰ੍ਹਾਂ ਹੈ, ‘‘ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥’’
(10). 23ਵੀਂ ਪਉੜੀ (ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ ॥) ਅਤੇ 24ਵੀਂ ਪਉੜੀ (ਅੰਤੁ ਨ ਸਿਫਤੀ, ਕਹਣਿ ਨ ਅੰਤੁ ॥) ’ਚ ਰੱਬ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਸਾਂਝਾ ਵਿਸ਼ਾ ਹੋਣ ਕਾਰਨ ‘ਨਾਨਕ’ ਪਦ ਕੇਵਲ 24ਵੀਂ ਪਉੜੀ ਦੇ ਅੰਤ ’ਚ ਹੈ, ‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥’’ ਯਾਨੀ 23ਵੀਂ ਪਉੜੀ ’ਚ ‘ਨਾਨਕ’ ਪਦ ਨਹੀਂ ਹੈ।
(11). 25ਵੀਂ ਪਉੜੀ (ਬਹੁਤਾ ਕਰਮੁ; ਲਿਖਿਆ ਨਾ ਜਾਇ ॥) ਅਤੇ 26 ਵੀਂ ਪਉੜੀ (ਅਮੁਲ ਗੁਣ ਅਮੁਲ ਵਾਪਾਰ ॥) ਦੋਵਾਂ ਦੇ ਅੰਤ ’ਚ ‘ਨਾਨਕ’ ਪਦ ਹੈ :
ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥
ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥੨੬॥
(12). 27ਵੀਂ ਪਉੜੀ (ਸੋ ਦਰੁ ਕੇਹਾ ! ਸੋ ਘਰੁ ਕੇਹਾ !) ’ਚ ‘ਨਾਨਕ’ ਪਦ ਦੋ ਵਾਰ ਹੈ। ਪਉੜੀ ਦੇ ਅਰੰਭ ਤੋਂ ਸਮੁੱਚੀ ਕੁਦਰਤ; ਰੱਬ ਦੇ ਹੁਕਮ ’ਚ ਵਿਚਰਦੀ ਦਰਸਾਈ ਗਈ ਹੈ। ਮਤਾਂ ਸਮਝਿਆ ਜਾਵੇ ਕਿ ਨਾਨਕ; ਕਰਤਾਰ ਦੀ ਵਿਸ਼ਾਲਤਾ ਦਾ ਅੰਤ ਪਾਉਣ ਦਾ ਦਾਅਵਾ ਕਰਦਾ ਹੈ, ਇਸ ਲਈ ਇੱਕ ਵਾਰ ਵਿਚਕਾਰ ਭੀ ‘ਨਾਨਕ’ ਪਦ ਦਰਜ ਕਰ ਵਿਸ਼ੇ ਨੂੰ ਸੰਕੋਚਿਆਂ ਗਿਆ ਹੈ, ‘‘ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥੨੭॥’’ ਪਉੜੀ ਤਰਤੀਬ ਅਨੁਸਾਰ ਅੰਤ ’ਚ ਫਿਰ ‘ਨਾਨਕ’ ਪਦ ਹੈ, ‘‘ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ; ਨਾਨਕ ! ਰਹਣੁ ਰਜਾਈ ॥੨੭॥’’
(13). 28 ਤੋਂ 31 ਪਉੜੀਆਂ ਦੇ ਅੰਤ ’ਚ ਸਾਂਝਾ ਵਿਸ਼ਾ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਹੋਣ ਕਾਰਨ ਕੇਵਲ ਅੰਤਮ 31ਵੀਂ ਪਉੜੀ ’ਚ ਹੀ ‘ਨਾਨਕ’ ਪਦ ਹੈ, ‘‘ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ! ਸਚੇ ਕੀ ਸਾਚੀ ਕਾਰ ॥੩੧॥’’
(14). 32 ਤੋਂ 35 ਪਉੜੀਆਂ ’ਚ ਆਪਣਾ-ਆਪਣਾ ਸੁਤੰਤਰ ਵਿਸ਼ਾ ਹੋਣ ਕਾਰਨ ਸਭ ਦੇ ਅੰਤ ’ਚ ‘ਨਾਨਕ’ ਪਦ ਹੈ :
ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ ॥੩੨॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥
ਕਚ ਪਕਾਈ ਓਥੈ ਪਾਇ ॥ ਨਾਨਕ ! ਗਇਆ ਜਾਪੈ ਜਾਇ ॥੩੪॥
ਕੇਤੀਆ ਸੁਰਤੀ, ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ ॥੩੫॥
(15). 36ਵੀਂ ਪਉੜੀ (ਸਰਮਖੰਡ ਕੀ ਬਾਣੀ ਰੂਪੁ ॥) ’ਚ ਘੜੇ ਜਾਣ ਵਾਲ਼ੇ ਮਨੁੱਖੀ ਕਿਰਦਾਰ ਦੀ ਮਿਸਾਲ; ਸਮਾਜ ’ਚੋਂ ਬਿਲਕੁਲ ਨਹੀਂ ਦਿੱਤੀ ਜਾ ਸਕਦੀ ਤਾਹੀਓਂ ਕਿਹਾ ਹੈ ‘‘ਤਾ ਕੀਆ ਗਲਾ; ਕਥੀਆ ਨਾ ਜਾਹਿ ॥’’ ਇਸ ਲਈ ਪਉੜੀ ਦੇ ਅੰਤ ’ਚ ‘ਨਾਨਕ’ ਪਦ; ਗੁਰੂ ਜੀ ਆਪਣੇ ਲਈ ਭੀ ਵਰਤਣਾ ਉਚਿਤ ਨਹੀਂ ਸਮਝਦੇ।
(16). 37ਵੀਂ ਪਉੜੀ ’ਚ 27ਵੀਂ ਪਉੜੀ ਵਾਲ਼ੇ ‘ਸੋ ਦਰੁ’ ਨੂੰ ‘ਕਰਮਖੰਡ’ ਅਤੇ ‘ਸੋ ਘਰੁ’ ਨੂੰ ‘ਸਚਖੰਡਿ’ ਸਾਬਤ ਕਰ ਰਹੇ ਹਨ ਤੇ ਇਹ ਸਾਂਝਾ ਵਿਸ਼ਾ; ਪਉੜੀ ਦੀ ਸਮਾਪਤੀ ਤੱਕ ਸਮੇਟਿਆ ਭੀ ਗਿਆ, ਇਸ ਲਈ ਅੰਤ ’ਚ ‘ਨਾਨਕ’ ਪਦ ਹੈ, ‘‘ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥੩੭॥’’
(17). ਅੰਤਮ 38ਵੀਂ ਪਉੜੀ (ਜਤੁ ਪਾਹਾਰਾ, ਧੀਰਜੁ ਸੁਨਿਆਰੁ ॥) ਦਾ ਆਪਣਾ ਵੱਖਰਾ ਸੁਤੰਤਰ ਵਿਸ਼ਾ ਹੋਣ ਕਾਰਨ ਪਉੜੀ ਦੇ ਅੰਤ ’ਚ ‘ਨਾਨਕ’ ਮੋਹਰ ਲਾਈ ਗਈ ਹੈ, ‘‘ਜਿਨ ਕਉ; ਨਦਰਿ ਕਰਮੁ, ਤਿਨ ਕਾਰ ॥ ਨਾਨਕ ! ਨਦਰੀ ਨਦਰਿ ਨਿਹਾਲ ॥੩੮॥’’
ਸੋ ‘ਜਪੁ’ ਬਾਣੀ ’ਚ ਭਾਵੇਂ 38 ਪਉੜੀਆਂ ਅਤੇ 2 ਸਲੋਕ ਹਨ, ਪਰ ‘ਨਾਨਕ’ (ਮੁਕਤਾ ਅੰਤ) 28 ਵਾਰ ਅਤੇ ‘ਨਾਨਕੁ’ (ਔਂਕੜ ਅੰਤ) 2 ਵਾਰ (ਪਉੜੀ 18 ਤੇ 27 ’ਚ) ਹੀ ਹੈ :
ਨਾਨਕੁ ਨੀਚੁ ਕਹੈ ਵੀਚਾਰੁ ॥੧੮॥
ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥੨੭॥
ਸੋ ਸਪਸ਼ਟ ਹੈ ਕਿ ਸਮੁੱਚੀ ਗੁਰਬਾਣੀ ’ਚ ‘ਨਾਨਕ’ ਪਦ ਦੀ ਵਰਤੋਂ ਵਿਸ਼ੇ ਨਾਲ਼ ਜੁੜੀ ਹੈ, ਨਾ ਕਿ ਕਿਸੇ ਸ਼ਬਦ ਜਾਂ ਪਉੜੀ ਵਾਲ਼ੇ ਸ਼ਬਦਾਂ ਨਾਲ਼।
———–ਸਮਾਪਤੀ———
http://gurparsad.com/jap-pori-no-25-to-33-part-4/
http://gurparsad.com/jap-pori-no-16-to-24-part-3/
http://gurparsad.com/jap-pori-no-4-to-15-part-2/
http://gurparsad.com/jap-pori-no-1-to-3-part-1/