ਸਿੱਖ; ਕੇਜਰੀਵਾਲ ਦੀ ਸੋਚ ਨੂੰ ਕਿਉਂ ਸਮਰਪਿਤ ਹੋਣਾ ਚਾਹੁੰਦੇ ਹਨ ?

0
245

ਸਿੱਖ; ਕੇਜਰੀਵਾਲ ਦੀ ਸੋਚ ਨੂੰ ਕਿਉਂ ਸਮਰਪਿਤ ਹੋਣਾ ਚਾਹੁੰਦੇ ਹਨ ?

ਗਿਆਨੀ ਅਵਤਾਰ ਸਿੰਘ-94650-40032

11 ਮਾਰਚ 2017 ਨੂੰ ਆਏ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ’ਚ ਕਾਂਗਰਸ ਨੂੰ 77, ਆਪ/ਲੋਕ ਇਨਸਾਫ਼ ਪਾਰਟੀ ਨੂੰ 22 ਤੇ ਭਾਜਪਾ/ਅਕਾਲੀ ਦਲ ਨੂੰ 18 ਸੀਟਾਂ ਮਿਲੀਆਂ ਹਨ। 4 ਫ਼ਰਵਰੀ 2017 ਨੂੰ ਪੰਜਾਬ ਦੇ 1.9 ਕਰੋੜ ਵੋਟਰਾਂ ’ਚੋਂ 78.62% ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਭੁਗਤ ਚੁੱਕੀ ਇਸ ਵੋਟ ਨੂੰ 100% ਮੰਨਣ ਉਪਰੰਤ ਕਾਂਗਰਸ ਨੇ 38.5%, ਆਪ ਨੇ 23.7% ਤੇ ਅਕਾਲੀ/ਭਾਜਪਾ ਨੇ 30.6% ਵੋਟ ਪ੍ਰਾਪਤ ਕੀਤੀ, ਜੋ ਕਿ ਭੁਗਤੀ ਕੁੱਲ ਵੋਟ ਦਾ 92.8% ਬਣਦਾ ਹੈ ਅਤੇ ਬਾਕੀ ਬਚੀ 7.22% ਵੋਟ ਨੂੰ ਰਾਜਨੀਤਿਕ ਲੋਕ ਸਿੱਧੇ ਜਾਂ ਅਸਿੱਧੇ ਰੂਪ ’ਚ ਅਜਾਈਂ ਗਵਾਉਣ ਵਿੱਚ ਸਫਲ ਹੋ ਗਏ। ਇਹ ਪਹਿਲਾ ਮੌਕਾ ਨਹੀਂ ਕਿ ਪੰਜਾਬ ਦੀ 8, 24, 167 ਵੋਟ ਵਿਅਰਥ ਗਈ, ਪਰ ਇਨ੍ਹਾਂ ’ਚੋਂ ਆਪਣਾ ਪੰਜਾਬ ਪਾਰਟੀ 37,476 (.2%) ਤੇ ਅਕਾਲੀ ਦਲ ਮਾਨ ਦੀ 49, 260 (.3%) ਵੋਟ ਵੀ ਸ਼ਾਮਲ ਹੈ, ਜੋ ਸਿਮਰਨਜੀਤ ਸਿੰਘ ਮਾਨ ਨੂੰ 2014 (ਲੋਕ ਸਭਾ ’ਚ ਮਿਲੀ 35. 516) ਵੋਟ ਤੋਂ 13,744 ਵੱਧ ਗਈ। ਇਸ ਸੰਘਰਸ਼ ਲਈ ਦੋ ਵਾਰ ਸਰਬਤ ਖਾਲਸਾ ਵੀ ਬੁਲਾਇਆ ਗਿਆ।

ਪੰਜਾਬ ਦੇ ਹਾਲਾਤਾਂ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ, ਪਰ ਗੁਰੂ ਗ੍ਰੰਥ ਸਾਹਿਬ (ਸਰਬੋਤਮ ਗਿਆਨ) ਦੀ ਰੌਸ਼ਨੀ ਦੇ ਬਾਵਜੂਦ ਸਾਡਾ ਨਜ਼ਰੀਆ ਭਿੰਨ-ਭਿੰਨ ਪਾਰਟੀਆਂ (ਜਾਂ ਨੀਤੀਆਂ) ਦਾ ਹਮਾਇਤੀ ਰਿਹਾ ਹੈ। ਕੁਝ ਲਈ ਅਕਾਲੀ ਦਲ ਬਾਦਲ ਪੰਥਕ ਪਾਰਟੀ ਹੈ, ਕੁਝ ਲਈ ਕਾਂਗਰਸ, ਕੁਝ ਲਈ ਮਾਨ ਦਲ ਤੇ ਕੁਝ ਲਈ ਆਮ ਆਦਮੀ ਪਾਰਟੀ। ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਵਿਚਾਰ ਪੜ੍ਹਨ ਸੁਣਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜਿਕ ਮੁੱਦਿਆਂ ਨੂੰ ਪੰਥਕ ਮੁੱਦਿਆਂ ਤੋਂ ਘੱਟ ਤਰਜੀਹ ਦਿੰਦੇ ਹਨ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਾਜਿਕ ਰਿਸ਼ਤਿਆਂ ਦੇ ਹਰ ਪਹਿਲੂ ਦੀ ਵਕਾਲਤ ਕਰਦੀ ਹੈ। ਅਗਰ ਪੰਜਾਬ ਦੇ ਜ਼ਮੀਨੀ ਹਾਲਾਤ ਸੁਧਰਨਗੇ ਤਾਂ ਇੱਥੇ ਵਧਣ ਫੁੱਲਣ ਵਾਲ਼ੀ ਸਾਡੀ ਨਵੀਂ ਪੀੜ੍ਹੀ (ਬੱਚੇ) ਸ਼ਾਂਤੀ ਮਹਿਸੂਸ ਕਰੇਗੀ, ਜਿਸ ਦੀ ਇਜਾਜ਼ਤ ਅਜੋਕੇ ਹਾਲਾਤ ਨਹੀਂ ਦਿੰਦੇ, ਪਰ ਜਿਨ੍ਹਾਂ ਨੇ ਅਜਿਹਾ ਮਾਹੌਲ ਸਿਰਜਿਆ ਹੈ ਉਹ ਕਿਸੇ ਵੀ ਲਹਿਰ ਨੂੰ ਪਨਪਣ ਨਹੀਂ ਦੇਣਗੇ ਕਿਉਂਕਿ ਇਹ ਉਨ੍ਹਾਂ ਦੀ ਹੇਠੀ ਹੈ ਤੇ ਅਜਿਹਾ ਹੀ ਸਦੀਆਂ ਤੋਂ ਹੁੰਦਾ ਆਇਆ ਹੈ। ਇੱਕ ਘਰ ਦਾ ਬਜ਼ੁਰਗ ਆਪਣੇ ਬੱਚੇ ਦੇ ਨਿਵੇਕਲ਼ੇ ਵਿਚਾਰਾਂ ਨਾਲ਼ ਅਸਹਿਮਤ ਹੋ ਜਾਂਦਾ ਹੈ; ਜਿਵੇਂ ਕਿ ਯੂਪੀ ’ਚ ਬੇਟੇ ਅਖਿਲੇਸ਼ ਤੇ ਬਾਪ ਮੁਲਾਯਮ ਯਾਦਵ ’ਚ ਟਕਰਾਅ ਚੱਲ ਰਿਹਾ ਹੈ।

ਸਿੱਖ ਇੱਕ ਕ੍ਰਾਂਤੀਕਾਰੀ ਕੌਮ ਹੈ, ਜਿਸ ਨੇ ਹਮੇਸ਼ਾਂ ਕਿਸੇ ਲਹਿਰ ਦੀ ਅੱਗੇ ਹੋ ਕੇ ਅਗਵਾਈ ਕੀਤੀ ਪਰ ਅਜੋਕੇ ਸੁਆਰਥੀ ਯੁਗ ’ਚ ਸਿੱਖ ਭਾਰਤ ਦੇ ਭਵਿੱਖ ਲਈ ਬਣਾਈ ਜਾ ਰਹੀ ਹਿੰਦੂਕਰਨ ਕੂਟਨੀਤੀ ਤੋਂ ਅਣਜਾਣ ਆਪਣੇ ਹੀ ਇਤਿਹਾਸ ਨੂੰ ਦੁਹਰਾਉਣ ਦਾ ਯਤਨ ਨਹੀਂ ਕਰਦੇ। ਸੰਨ 1978 ਤੋਂ ਲੈ ਕੇ ਸਾਡੀ ਇਤਿਹਾਸਕ ਸਮੱਗਰੀ ਦੀ ਚੋਰੀ, ਅਕਾਲ ਤਖ਼ਤ ਸਮੇਤ ਇਤਿਹਾਸਕ ਇਮਾਰਤਾਂ ਨੂੰ ਢਾਹੁਣਾ, ਧੀਆਂ-ਭੈਣਾ ਦੀ ਬੇਪਤੀ, 2 ਲੱਖ ਬੇਗੁਨਾਹਾਂ ਦਾ ਕਤਲ, ਆਦਿ ਨਾਲ਼ ਕੌਮ ਨੇ ਇੰਨੀ ਮਾਰ ਖਾਈ, ਜੋ ਸ਼ਾਇਦ ਯਹੂਦੀਆਂ ਨੇ ਨਾ ਖਾਧੀ ਹੋਵੇ, ਪਰ ਅਸਾਂ ਪ੍ਰਾਪਤੀ ਕੀ ਕੀਤੀ ? ਜਿਨ੍ਹਾਂ ਨੂੰ ਉਮੀਦ ਨਾਲ਼ ਫ਼ਖਰ-ਏ-ਕੌਮ ਨਾਲ਼ ਸਨਮਾਣਿਤ ਕੀਤਾ ਉਹ ਆਪਣੇ ਗੁਰੂ ਦੀ ਹੋਈ ਬੇਅਦਬ ਦਾ ਕਾਰਨ ਨਾ ਲੱਭ ਸਕਿਆ।

ਮੇਰੇ ਵਰਗੇ ਕਈ ਸਿੱਖ ਹੋਣਗੇ ਜੋ ਪ੍ਰਚਲਿਤ ਅਣਉਚਿਤ ਰਵਾਇਤਾਂ ਦਾ ਭਾਰ ਢੋਣਾ ਪਸੰਦ ਨਾ ਕਰਨ, ਪਰ ਕਈ ਬਦਲਾਅ ਨੂੰ ਜ਼ਰੂਰੀ ਨਹੀਂ ਸਮਝਦੇ, ਉਨ੍ਹਾਂ ਦੁਆਰਾ ਘੜੀ ਗਈ ਆਪਣੀ ਸੋਚ ਇਹ ਇਜਾਜ਼ਤ ਨਹੀਂ ਦਿੰਦੀ, ਜਿਸ ਕਾਰਨ ਅਣਉਚਤਿ ਨੂੰ ਉਚਿਤ ਬਣਾਉਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ ਬੇਸ਼ੱਕ ਇਸ ਦੀ ਹਮਾਇਤੀ ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਵੀ ਨਾ ਕਰੇ ।

ਪੰਜਾਬ ’ਚ ਬਾਦਲ ਦੀ ਬਜਾਇ ਕੈਪਟਨ (ਕਾਂਗਰਸ) ਸਰਕਾਰ ਆ ਗਈ ਹੈ ਸ਼ਾਇਦ ਕੁਝ ਇਸ ਨੂੰ ਬਦਲਾਅ ਹੋਇਆ ਸਮਝ ਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਕੁਝ ਸਮੇਂ ਲਈ ਦਬਾਅ ਲਿਆ ਜਾਏ, ਪਰ ਸੋਚੋ ਕਿ ਪੰਜਾਬ ਵਿੱਚੋਂ ਸ਼ਰਾਬ ਤਸਕਰ, ਵਿਦਿਆ ਤਸਕਰ, ਚਕਿਤਸਾ ਤਸਕਰ, ਭ੍ਰਿਸ਼ਟਾਚਾਰ, ਆਦਿ ਨੂੰ ਨਵੀਂ ਸਰਕਾਰ ਕਾਬੂ ਕਰ ਸਕਦੀ ਹੈ ਕਿਉਂਕਿ ਅਕਾਲੀ ਤੇ ਕਾਂਗਰਸੀ ਇਸ ਵਾਪਾਰ ’ਚ ਬਰਾਬਰ ਦੇ ਭਾਗੀਦਾਰ ਹਨ।

ਸਿੱਖ; ਇੱਕ ਗੁਰੂ ਦੇ ਹੋ ਕੇ ਵੀ ਇੱਕ ਦੇ ਨਾ ਰਹੇ। ਭਾਰਤ ’ਚ ਲੋਕਤੰਤਰੀ ਢਾਂਚਾ ਪਿਛਲੇ 70 ਸਾਲਾਂ ਤੋਂ ਜਾਰੀ ਹੈ, ਪਰ ਸਿੱਖਾਂ ਨੇ ਕੀ ਖੱਟਿਆ ? ਪਾਕਿਸਤਾਨ ’ਚ ਹਿੰਦੂ ਤੇ ਸਿੱਖ ਮੈਰਿਜ ਐਕਟ ਬਣ ਗਿਆ, ਪਰ ਅਜਿਹੀ ਸੁਵਿਧਾ ਭਾਰਤ ਸਰਕਾਰ ਨਹੀਂ ਦੇ ਰਹੀ। ਇਹ ਹੈ ਭਾਰਤ ਦੀ ਘੱਟ ਗਿਣਤੀ ਜਨਤਾ ਪ੍ਰਤੀ ਸੋਚ ਤੇ ਅਸੀਂ ਇਨ੍ਹਾਂ ਨੂੰ ਵੋਟ ਪਾ ਕੇ ਆਪਣੀ ਕੌਮ ਵਿਰੁਧ ਸੋਚ ਨੂੰ ਉਜਾਗਰ ਕਰਦੇ ਆ ਰਹੇ ਹਾਂ। ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਕਿ ਸਾਡੀ ਸਰਕਾਰ ਬਣਨ ਉਪਰੰਤ ਖਾਲਿਸਤਾਨ ਦੇ ਨਾਹਰੇ ਲੱਗਣੇ ਬੰਦ ਹੋ ਜਾਣਗੇ। ਇਸ ਦਾ ਪਿਛੋਕੜ ਸੀ ਕਿ ਘੱਟ ਗਿਣਤੀ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਏਗਾ, ਪਰ ਮਰੀ ਹੋਈ ਮੱਤ ਨੇ ਕਿਹਾ ਕਿ ਇਹ ਕੌਣ ਹੁੰਦਾ ਹੈ ਸਾਨੂੰ ਖਾਲਿਸਤਾਨ ਦੇ ਨਾਹਰੇ ਲਗਾਉਣ ਤੋਂ ਰੋਕਣ ਵਾਲ਼ਾ ? ਦੋ ਸਾਲ ਪਹਿਲਾਂ ਦੇਹਰਾਦੂਨ (ਉਤਰਾਖੰਡ) ’ਚ ਨੰਗੇ ਸਿਰ ਕਰਕੇ ਖਾਲਿਸਤਾਨ ਦੇ ਨਾਹਰੇ ਲਗਾਏ ਗਏ, ਆਖ਼ਿਰ ਕਿਉਂ ? ਗੁਰਮਤਿ ਦੀ ਸਮਦ੍ਰਿਸ਼ਟੀ ਦਾ ਪ੍ਰਭਾਵ ਭਾਰਤ ਦੀ ਲੁਕਾਈ ’ਤੇ ਨਾ ਪਵੇ ਇਹ ਉਸ ਨੂੰ ਰੋਕਣ ਦਾ ਇੱਕ ਯਤਨ ਸੀ, ਪਰ ਅਜਿਹੀਆਂ ਘਟਨਾਵਾਂ ਨੂੰ ਬਿਬੇਕੀ ਬੰਦਾ ਸਮਝ ਕੇ ਆਪਣੀ ਰਣਨੀਤੀ ਤਹਿ ਕਰਦਾ ਹੈ, ਮੂਰਖ ਨਹੀਂ।

ਦਿੱਲੀ ’ਚ ਜੋ ਆਪ ਸਰਕਾਰ ਕਰ ਰਹੀ ਹੈ ਉਸ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਹੁੰਦੀ ਹੈ। ਭਾਰਤ ਦੀ ਸਰਕਾਰ ਦੇ ਡਰ ਕਾਰਨ ਉਸ ਨੂੰ ਭਾਰਤੀ ਤੇ ਵਿਦੇਸ਼ੀ ਮੀਡੀਆ ਅਣਗੌਲ਼ਿਆ ਕਰਦਾ ਆ ਰਿਹਾ ਹੈ। ਅਗਰ ਇਸ ਸਰਕਾਰ ਨੂੰ ਪੰਜਾਬ ’ਚ ਇੱਕ ਮੌਕਾ ਦੇ ਕੇ ਵੇਖਿਆ ਜਾਂਦਾ ਤਾਂ ਇਸ ਵਿੱਚ ਕੀ ਹਰਜ ਸੀ ? ਪੰਜਾਬ ਦੇ ਸ਼ਿਵ ਸੈਨਿਕਾਂ ਨੇ 2014 ਵਾਙ ਚੁਣਾਵ ਲੜ ਕੇ ਆਪਣੀ ਵੋਟ ਖ਼ਰਾਬ ਕਰਨੀ ਮੁਨਾਸਬ ਨਹੀਂ ਸਮਝੀ। ਦੂਸਰੇ ਪਾਸੇ ਸਿੱਖਾਂ ਨੇ ਟੋਪੀ ਵਾਲ਼ਾ, ਟੋਪੀ ਵਾਲ਼ਾ ਕਹਿ ਕੇ ਇਸ ਮੁਹਿਮ ਨੂੰ ਰੋਕਣ ਦੇ ਤਮਾਮ ਯਤਨ ਕੀਤੇ, ਇਹੀ ਉਹ ਲੋਕ ਚਾਹੁੰਦੇ ਸਨ, ਜਿਨ੍ਹਾਂ ਨੇ ਅਜੋਕਾ ਮਾਹੌਲ ਸਿਰਜਿਆ ਤੇ ਭਾਰਤ ਨੂੰ ਹਿੰਦੂਕਰਨ ਵੱਲ ਲੈਜਾਣਾ ਚਾਹੁੰਦੇ ਹਨ। ਭਗਵੰਤ ਮਾਨ ਸ਼ਰਾਬੀ ਹੈ, ਮੰਨ ਲਿਆ; ਪਰ ਉਨ੍ਹਾਂ ਕਲਾਕਾਰਾਂ ਬਾਰੇ ਸਾਡੀ ਕੀ ਰਣਨੀਤੀ ਹੈ, ਜੋ ਅਸਭਿਅਕ ਸਮਾਜ ਸਿਰਜ ਰਹੇ ਹਨ ? ਵਿਦੇਸ਼ ’ਚ ਵਸਦੇ ਸਿੱਖਾਂ ਨੇ ਪਹਿਲੀ ਵਾਰ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ, ਉਨ੍ਹਾਂ ਨੂੰ ਇਸ ਕੈਪਟਨ ਸਰਕਾਰ ਨੇ ਅਤਿਵਾਦੀ ਕਿਹਾ, ਜਿਸ ਨੂੰ ‘ਆਪ’ ਸਰਕਾਰ ਦੀ ਬਜਾਇ ਬਣਦੀ ਵੇਖ ਅਸੀਂ ਖੁਸ਼ ਹੋ ਰਹੇ ਹਾਂ। ਮੈ ਕੋਈ ਰਾਜਨੀਤਿਕ ਬੰਦਾ ਨਹੀਂ, ਪਰ ਪੰਥਕ ਦਰਦ ਕਾਰਨ ਇਨ੍ਹਾਂ ਵਿਸ਼ਿਆਂ ਦੇ ਲਿਖ ਰਿਹਾ ਹਾਂ। ਮੈਂ ਅਕਾਲੀਆਂ ਦੀ ਬਜਾਇ ਕਾਂਗਰਸ ਸਰਕਾਰ ਬਣਨ ਨੂੰ ਬਦਲਾਅ ਨਹੀਂ ਮੰਨਦਾ, ਬੇਸ਼ੱਕ ਮੇਰੇ ਨਾਲ਼ ਕੋਈ ਸਹਿਮਤ ਜਾਂ ਅਸਹਿਮਤ ਹੋਵੇ।

ਪੰਜਾਬੀਆਂ ਨੇ ਇੱਕ ਸੁਨਹਿਰਾ ਮੌਕਾ ਆਪਣੇ ਹੱਥੋਂ ਗਵਾ ਲਿਆ, ਜੋ ਸਮਾਜਿਕ ਸੁਧਾਰ ਦੇ ਨਾਲ਼ ਨਾਲ਼ ਸਾਡੀਆਂ ਕੁਝ ਕੁ ਪੰਥਕ ਮੰਗਾਂ ਵੀ ਜ਼ਰੂਰ ਪੂਰੀਆਂ ਕਰਦਾ। ਸ਼ਾਇਦ ਹੁਣ ਬਾਪੂ ਸੂਰਤ ਸਿੰਘ ਜੀ ਦਾ ਮਰਨ ਵਰਤ ਉਨ੍ਹਾਂ ਦੇ ਅੰਤਿਮ ਸਮੇਂ ਤੱਕ ਜਾਰੀ ਰਹੇਗਾ।