ਨਾਨਕ ਵੈਦ ਵਰਗੇ ਹੋਰ ਵੈਦ ਕਿੱਥੇ ?
ਕਰਨੈਲ ਸਿੰਘ
ਕੋਈ ਖਿੱਚ ਸੀ ਤੈਨੂੰ ਲਈ ਫਿਰਦੀ, ਕਦੇ ਜੰਗਲਾਂ ਅਤੇ ਪਹਾੜਾਂ ਦੇ ਵਿੱਚ।
ਕਿਸੇ ਧੂਹ ਦਾ ਧੂਹਿਆ ਜਾਂਵਦਾ ਸੀ, ਭੱਜ ਭੱਜ ਕੇ ਵਣਾਂ ਉਜਾੜਾਂ ਦੇ ਵਿੱਚ।
ਕਾਹਦੇ ਵਾਸਤੇ ਸਾਗਰ ਤੂੰ ਗਾਹੇ, ਕਾਹਦੇ ਵਾਸਤੇ ਤਪਦੇ ਰੇਤ ਲੰਘੇ।
ਪੋਹ ਮਾਘ ਦੀ ਠੰਢ ਤੂੰ ਨਾ ਵੇਖੀ, ਸਿਰੋਂ ਵੇਖੇ ਨਾ ਹਾੜ੍ਹ ਤੇ ਜੇਠ ਲੰਘੇ।
ਭੀਲਾਂ ਨਾਲ ਦੱਸ ਤੇਰਾ ਸੀ ਕੀ ਰਿਸ਼ਤਾ, ਮਿਲਿਆ ਕੌਡੇ ਨੂੰ ਜੀਹਦੇ ਵਾਸਤੇ ਤੂੰ।
ਜਿਨ੍ਹਾਂ ਉੱਤੋਂ ਸੀ ਲੰਘਣਾ ਬਹੁਤ ਮੁਸ਼ਕਿਲ, ਸਾਰੇ ਗਾਹ ਮਾਰੇ ਉਹ ਰਾਸਤੇ ਤੂੰ।
ਜਿਸ ਦੀ ਹਉਮੈ ਸੀ ਚੜ੍ਹੀ ਪਹਾੜ ਉੱਤੇ, ਉਹਨੂੰ ਪਾਣੀ ਜਿਉਂ ਹੇਠਾਂ ਲਾਹ ਲਿਆ।
ਜਿਹੜਾ ਔਝੜੇ ਔਝੜੇ ਜਾਂਵਦਾ ਸੀ, ਉਹਨੂੰ ਮੋੜ ਸਿੱਧੇ ਰਾਹੇ ਪਾ ਦਿੱਤਾ।
ਕੁਲ੍ਹੀ ਲਾਲੋ ਦੀ ਸੋਹਣਾ ਮਹਿਲ ਦਿਸੀ, ਧੌਲਰ ਭਾਗੋ ਦੇ ਰੜੇ ਮੈਦਾਨ ਦਿਸੇ।
ਹਿੰਦੂ, ਮੁਸਲਿਮ, ਨਾ ਕੋਈ ਜੈਨ, ਬੋਧੀ, ਤੈਨੂੰ ਲੋਕ ਸਭ ਰੱਬੀ ਇਨਸਾਨ ਦਿਸੇ।
ਲੱਗੇ ਰੋਗ ਕੋਈ ਤਾਂ ਇਲਾਜ ਖਾਤਰ, ਰੋਗੀ ਵੈਦ ਕੋਲ ਚੱਲ ਕੇ ਆਂਵਦੇ ਨੇ।
ਨਾਨਕ ਵੈਦ ਵਰਗੇ ਹੋਰ ਵੈਦ ਕਿੱਥੇ ? ਜਿਹੜੇ ਰੋਗੀਆਂ ਕੋਲ ਖੁਦ ਜਾਂਵਦੇ ਨੇ।