ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ।

0
286

ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ। 

ਡਾ. ਹਰਸ਼ਿੰਦਰ ਕੌਰ, ਐਮ. ਡੀ. (ਪਟਿਆਲਾ)-0175-2216783

ਭਾਵੇਂ ਦਿਲ ਦੇ ਰੋਗ ਹੋਣ ਜਾਂ ਨਾ, ਗਰਭ ਦੌਰਾਨ ਹਰ ਔਰਤ ਦੇ ਦਿਲ ਉੱਤੇ ਅਸਰ ਜ਼ਰੂਰ ਪੈਂਦਾ ਹੈ। ਜੇ ਦਿਲ ਦਾ ਕੋਈ ਪਹਿਲਾਂ ਰੋਗ ਨਾ ਹੋਵੇ ਤਾਂ ਔਰਤ ਇਹ ਬਦਲਾਓ ਸੌਖਿਆਂ ਜਰ ਜਾਂਦੀ ਹੈ ਪਰ ਜੇ ਪਹਿਲਾਂ ਤੋਂ ਹੀ ਦਿਲ ਦਾ ਰੋਗ ਹੋਵੇ ਤਾਂ ਕਈ ਵਾਰ ਜੱਚਾ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਹਰ ਗਰਭਵਤੀ ਔਰਤ ਦੇ ਦਿਲ ਨੂੰ 30 ਤੋਂ 50 ਪ੍ਰਤੀਸ਼ਤ ਵੱਧ ਲਹੂ ਕੱਢਣਾ ਪੈਂਦਾ ਹੈ ਕਿਉਂਕਿ ਲਹੂ ਵਿਚ ਪਲਾਜ਼ਮਾ ਵਾਧੂ ਹੋ ਜਾਂਦਾ ਹੈ ਤੇ ਨਾੜੀਆਂ ਫੈਲਣ ਕਾਰਨ ਜ਼ਿਆਦਾ ਲਹੂ ਬਾਹਰ ਵੱਲ ਧੱਕਣਾ ਪੈਂਦਾ ਹੈ।

ਜੇ ਪਹਿਲਾਂ ਤੋਂ ਹੀ ਦਿਲ ਦਾ ਰੋਗ ਹੋਵੇ ਤਾਂ

(1). ਭਰੂਣ ਪੂਰਾ ਵੱਧ ਫੁੱਲ ਨਹੀਂ ਸਕਦਾ।

(2). ਗਰਭ ਡਿੱਗ ਸਕਦਾ ਹੈ।

(3). ਬੱਚਾ ਵਕਤ ਪੂਰਾ ਹੋਣ ਤੋਂ ਪਹਿਲਾਂ ਜੰਮ ਸਕਦਾ ਹੈ।

(4). ਦਿਲ ਫੇਲ੍ਹ ਹੋ ਸਕਦਾ ਹੈ।

(5). ਜੱਚਾ ਦੀ ਮੌਤ ਵੀ ਹੋ ਸਕਦੀ ਹੈ।

ਦਿਲ ਦੇ ਰੋਗ ਹੋਣ ਤਾਂ ਚਾਰ ਹਿੱਸਿਆਂ ਵਿਚ ਜੱਚਾ ਦੇ ਲੱਛਣ ਵੰਡ ਕੇ, ਉਸੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ।

ਭਾਗ : 1

(1). ਤੁਰਨ ਫਿਰਨ ਜਾਂ ਕੰਮ ਕਾਰ ਵਿਚ ਕੋਈ ਦਿੱਕਤ ਨਾ ਆ ਰਹੀ ਹੋਵੇ।

(2). ਕੰਮ ਕਰਦਿਆਂ ਛਾਤੀ ਵਿਚ ਕੋਈ ਪੀੜ ਨਾ ਹੋਵੇ।

(3). ਐਨਜਾਈਨਾ ਨਾ ਹੋ ਰਿਹਾ ਹੋਵੇ (ਛਾਤੀ ਵਿਚ ਪੀੜ)।

ਭਾਗ : 2

(1). ਕੰਮ ਕਾਰ ਕਰਦਿਆਂ ਕੁੱਝ ਚਿਰ ਰੁਕਣਾ ਪਵੇ।

(2). ਹਲਕਾ ਸਾਹ ਚੜ੍ਹਨਾ, ਦਿਲ ਦੀ ਧੜਕਨ ਤੇਜ਼ ਹੋਣੀ, ਜੋ ਆਰਾਮ ਕਰਨ ਨਾਲ ਠੀਕ ਹੋ ਜਾਵੇ।

ਭਾਗ : 3

(1). ਕੰਮ ਕੀਤਾ ਹੀ ਨਾ ਜਾ ਰਿਹਾ ਹੋਵੇ।

(2). ਥੋੜਾ ਤੁਰਨ ਨਾਲ ਵੀ ਸਾਹ ਚੜ੍ਹਨ ਲੱਗ ਪਵੇ ਤੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਵੇ।

(3). ਐਨਜਾਈਨਾ ਦੀ ਪੀੜ ਰਤਾ ਕੁ ਤੁਰਨ ਉੱਤੇ ਹੋਣ ਲੱਗ ਪਵੇ।

ਭਾਗ : 4

(1). ਲੇਟੇ ਹੋਇਆਂ ਵੀ ਧੜਕਨ ਵਧਦੀ ਰਹੇ ਤੇ ਸਾਹ ਚੜ੍ਹੇ।

(2). ਬੈਠੇ ਹੋਇਆਂ ਵੀ ਐਨਜਾਈਨਾ ਦੀ ਪੀੜ ਹੋਵੇ।

ਘਰੇਲੂ ਇਲਾਜ

(1). ਪੂਰੀ ਤਰ੍ਹਾਂ ਆਰਾਮ ਕਰਨਾ।

(2). ਭਾਰ ਰੋਜ਼ ਤੋਲਣਾ।

(3). ਭੀੜ ਭੜੱਕੇ ਤੋਂ ਪਰ੍ਹਾਂ ਰਹਿਣਾ ਤੇ ਰਿਸ਼ਤੇਦਾਰਾਂ ਨੂੰ ਘੱਟ ਤੋਂ ਘੱਟ ਮਿਲਣਾ।

(4). ਲਹੂ ਦੀ ਕਮੀ ਨਾ ਹੋਣ ਦੇਣੀ, ਪ੍ਰੋਟੀਨ ਵੱਧ ਖਾਣੀ, ਲਹੂ ਤੇ ਥਿੰਦਾ ਘੱਟ ਖਾਣੇ।

(5). ਘਰ ਦੇ ਕੰਮ ਕਾਰ ਤੋਂ ਪੂਰੀ ਛੁੱਟੀ ਲੈਣੀ।

ਦਿਲ ਫੇਲ੍ਹ ਹੋਣ ਦੇ ਲੱਛਣ

(1). ਵਾਰ-ਵਾਰ ਖੰਘ ਹੁੰਦੀ ਰਹਿਣੀ।

(2). ਸਾਹ ਚੜ੍ਹਨਾ, ਰਾਤ ਨੂੰ ਸੁੱਤਿਆਂ ਸਾਹ ਚੜ੍ਹਨ ਨਾਲ ਇਕਦਮ ਉੱਠ ਕੇ ਬੈਠਣਾ ਪਵੇ।

(3). ਦਿਲ ਦੀ ਧੜਕਨ ਲਗਾਤਾਰ ਵਧੀ ਲੱਗੇ।

(4). ਪੈਰਾਂ ਤੇ ਲੱਤਾਂ ਉੱਤੇ ਸੋਜਾ।

(5). ਮੂੰਹ ਉੱਤੇ ਵੀ ਸੋਜ਼ਿਸ਼।

(6). ਬਲਗਮ ਵਾਲੀ ਖੰਘ ਜਾਂ ਥੁੱਕ ਵਿਚ ਲਹੂ ਆਉਣਾ।

ਡਾਕਟਰੀ ਇਲਾਜ

(1). ਗਰਭ ਦੌਰਾਨ ਹਰ ਹਫ਼ਤੇ ਡਾਕਟਰ ਕੋਲ ਚੈਕਅਪ ਕਰਵਾਉਣਾ ਜ਼ਰੂਰੀ ਹੈ।

(2). ਆਇਰਨ, ਹੈਪਾਰਿਨ, ਡਾਈਯੂਰੈਟਿਕ, ਡਿਜੋਕਸਿਨ ਦਵਾਈਆਂ ਸਿਰਫ਼ ਡਾਕਟਰੀ ਸਲਾਹ ਨਾਲ ਹੀ ਖਾਧੀਆਂ ਜਾ ਸਕਦੀਆਂ ਹਨ।

ਧਿਆਨ ਰਹੇ :-

(1). ਬੀਟਾ ਬਲੌਕਰ ਬਿਲਕੁਲ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਨਾਲ ਭਰੂਣ ਵਿਚ ਸਦੀਵੀ ਨੁਕਸ ਪੈ ਸਕਦੇ ਹਨ।

(2). ਜੇ ਹੈਪਾਰਿਨ ਲਈ ਜਾ ਰਹੀ ਹੈ ਤਾਂ ਵਿਟਾਮਿਨ ਕੇ ਭਰਪੂਰ ਖ਼ੁਰਾਕ ਬਿਲਕੁਲ ਨਹੀਂ ਖਾਣੀ ਚਾਹੀਦੀ ਯਾਨੀ ਕੱਚੀਆਂ ਹਰੀਆਂ ਸਬਜ਼ੀਆਂ !

(3). ਜਣੇਪਾ ਸਿਰਫ਼ ਵੱਡੇ ਹਸਪਤਾਲ ਵਿਚ ਹੀ ਕਰਵਾਉਣਾ ਚਾਹੀਦਾ ਹੈ, ਜਿੱਥੇ ਦਿਲ ਦਾ ਸਪੈਸ਼ਲਿਸਟ ਡਾਕਟਰ ਵੀ ਹੋਵੇ।

(4). ਜਣੇਪੇ ਤੋਂ ਬਾਅਦ ਲਹੂ ਦੀਆਂ ਨਾੜੀਆਂ ਵਿੱਚੋਂ ਬਾਹਰ ਨਿਕਲਿਆ ਪਾਣੀ, ਸੈੱਲਾਂ ਵਿੱਚੋਂ ਵਾਪਸ ਨਾੜੀਆਂ ਵਿਚ ਆ ਜਾਂਦਾ ਹੈ ਤੇ ਲਹੂ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਦਿਲ ਫੇਲ੍ਹ ਹੋ ਸਕਦਾ ਹੈ। ਇਸੇ ਲਈ ਜਣੇਪੇ ਤੋਂ ਬਾਅਦ ਵੀ ਤੁਰੰਤ ਘਰ ਜਾਣ ਦੀ ਕਾਹਲ ਨਹੀਂ ਕਰਨੀ ਚਾਹੀਦੀ।