ਇਕ ਪੀੜਤ ਛਿਣ ਦਾ ਇਤਿਹਾਸ

0
291

ਕਹਾਣੀ

ਇਕ ਪੀੜਤ ਛਿਣ ਦਾ ਇਤਿਹਾਸ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਕਵਿਤਾ ਭਵਨ, ਮਾਛੀਵਾੜਾ ਰੋਡ (ਸਮਰਾਲਾ)-141114 ਮੋਬਾ: 94638-08697

ਉਸ ਦੇ ਤਨ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਹੈ। ਉਹ ਪਾਣੀ ਦੀ ਭਾਲ ਵਿਚ ਦੌੜਿਆ ਜਾ ਰਿਹਾ ਹੈ। ਪਰ ਕਿਤੇ ਕੋਈ ਖੂਹ ਟੋਭਾ ਨਜ਼ਰ ਨਹੀਂ ਆਉਂਦਾ। ਖੂਹ ਸੁੱਕ ਚੁਕੇ ਹਨ। ਤਾਲਾਬ ਟੋਭੇ ਰੇਤ ਨਾਲ ਭਰ ਚੁਕੇ ਹਨ। ਲੂ ਦਾ ਝੱਖੜ ਚਲ ਰਿਹਾ ਹੈ। ਅੱਗ ਉਸ ਦੇ ਸਰੀਰ ਦੇ ਸਾਰੇ ਕੱਪੜਿਆਂ ਨੂੰ ਆਪਣੀ ਖੂੰਖਾਰ ਲਪੇਟ ਵਿਚ ਲੈਂਦੀ ਜਾ ਰਹੀ ਹੈ।

ਬਾਰਸ਼ ਨਹੀਂ ਹੋਈ। ਇੰਦਰ ਦੇਵਤਾ ਰਿਸ਼ੀਆਂ ਮੁਨੀਆਂ ਦੇ ਦੇਸ਼ ਨਾਲ ਵੀ ਨਾਰਾਜ਼ ਹੋ ਗਿਆ ਹੈ। ਔੜ ਹੈ-ਸੋਕਾ ਹੈ। ਦਰੱਖਤਾਂ ਦੇ ਪੱਤੇ ਅਤੇ ਘਾਹ ਦੀਆਂ ਤਿੜ੍ਹਾਂ ਤਕ ਸੁੱਕ ਚੁੱਕੀਆਂ ਹਨ। ਦੋਜ਼ਖ਼ ਵਰਗੀ ਲੂੰ ਹਿਰਦਿਆਂ ਤੱਕ ਲੂੰਹਦੀ ਚਲੀ ਜਾ ਰਹੀ ਹੈ। ਪਾਣੀ ਧਰਤੀ ਦੇ ਤਲ ਹੇਠੋਂ ਵੀ ਸੁੱਕ ਚੁੱਕਾ ਹੈ। ਬਿਜਲੀ ਦੀ ਸਖਤ ਕਟੌਤੀ ਹੈ, ਟਿਊਬਵੈਲ ਵੀ ਬੰਦ ਹਨ।

ਪੰਜਾਂ ਸੂਬਿਆਂ ਵਿਚ ਗੈਰ ਸਰਕਾਰੀ ਤੌਰ ਉੱਤੇ ਕਹਿਤ (ਕਾਲ) ਦਾ ਐਲਾਨ ਹੋ ਚੁੱਕਾ ਹੈ। ਅਨਾਜ ਦੇ ਗੁਦਾਮ ਹਾਲੀ ਥੋੜੇ ਹੀ ਊਣੇ ਹੋਏ ਹਨ। ਭਾਵੇਂ ਨਵੇਂ ਹੋਂਦ ਵਿਚ ਲਿਆਂਦੇ- ਬੰਗਲਾ ਦੇਸ਼, ਅਫਗਾਨੀਸਤਾਨ, ਸ਼੍ਰੀ ਲੰਕਾ, ਰੂਸ ਆਦਿ ਦੇਸ਼ਾਂ ਨੂੰ, ਬਹੁਤ ਸਾਰੀ ਖੁਰਾਕ ਭੇਜੀ ਜਾ ਚੁਕੀ ਹੈ। (ਭਾਰਤ ਦੀ ਸੰਸਕ੍ਰਿਤੀ-ਮਹਿਮਾਨ ਨਵਾਜ਼ੀ, ਗੁਆਂਢੀ-ਭਗਤੀ) ਪਰ ਭੁੱਖੇ ਮਰਦੇ ਲੋਕ ਡੰਗਰਾਂ ਨੂੰ ਖਾ ਰਹੇ ਹਨ ਅਤੇ ਭੁੱਖੇ ਪਿਆਸੇ ਪਸ਼ੂ ਸੁੱਕੇ ਕੰਡੇ ਚੱਬ ਰਹੇ ਹਨ। ਬੜਾ ਕਲਮੂੰਹਾਂ ਦ੍ਰਿਸ਼ ਹੈ। ਬੜਾ ਪੀੜਤ ਛਿਣ।

ਬਾਜ਼ਾਰ ਦਿਨ ਨੂੰ ਖੁਲ੍ਹਦੇ ਹਨ। ਪਰ ਚੀਜ਼ਾਂ ਰਾਤ ਨੂੰ ਵਿਕਦੀਆਂ ਹਨ। ਨਿਤਾਪ੍ਰਤੀ ਲੋੜੀਂਦੀਆਂ ਚੀਜ਼ਾਂ ਦੀ ਸਖਤ ਕਮੀ ਹੈ। ਕੀਮਤਾਂ ਅਸਮਾਨ ਨੂੰ ਚੀਰ ਕੇ ਪਾਰ ਚਲੀਆਂ ਗਈਆਂ ਨੇ। ਬਨਾਸਪਤੀ, ਆਟਾ, ਚੌਲ, ਮਿੱਟੀ ਦਾ ਤੇਲ, ਡੀਜ਼ਲ, ਕੱਪੜਾ, ਖੰਡ ਬਾਜ਼ਾਰ ਵਿਚ ਕੁਝ ਵੀ ਨਹੀਂ। ਹਾਹਾਕਾਰ ਮੱਚੀ ਪਈ ਹੈ।

ਕਿੰਨਾ ਭਿਆਨਕ ਛਿਣ ਹੈ-ਹੁਣੇ ਹੁਣੇ ਦੋ ਅੱਧਖੜ ਔਰਤਾਂ ਰਾਸ਼ਨ ਡੀਪੂ ਦੇ ਸਾਹਮਣੇ ਇੱਕਤਰ ਹੋਈ ਖੜ੍ਹੀਆਂ, ਗਰਮੀ ਤੇ ਧੱਕਿਆਂ ਦੀ ਤਾਬ ਨਾ ਝਲ ਸਕੀਆਂ ਤੇ ਸਭ ਦੇ ਵੇਖਦਿਆਂ ਵੇਖਦਿਆਂ ਦਮ ਤੋੜ ਗਈਆਂ। ਮਰਨ ਤੋਂ ਬਾਅਦ ਵੀ ਰਾਸ਼ਨ ਕਾਰਡ ਉਹਨਾਂ ਦੀਆਂ ਮੁੱਠੀਆਂ ਵਿਚ ਜਕੜੇ ਹੋਏ ਸਨ।

ਕੋਇਲਾ ਨਾ ਮਿਲਣ ਕਰਕੇ, ਰੇਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਡੀਜ਼ਲ ਨਾ ਮਿਲਣ ਕਰਕੇ ਬੱਸਾਂ ਪਹਿਲਾਂ ਹੀ ਬੰਦ ਹਨ।

ਕੱਚਾ ਮਾਲ ਨਾ ਮਿਲਣ ਕਰਕੇ ਫੈਕਟਰੀਆਂ ਬੰਦ ਹੋ ਗਈਆਂ ਹਨ। ਹਜ਼ਾਰਾਂ ਮਜ਼ਦੂਰ ਬੇਕਾਰ ਹੋ ਕੇ ਸੜਕਾਂ ਉੱਤੇ ਤਾਂ ਆਵਾਜਾਈ ਪਹਿਲਾਂ ਹੀ ਕੋਈ ਨਹੀਂ ਤੇ ਮਜ਼ਦੂਰ ਰੁਜ਼ਗਾਰ ਤੇ ਖੁਰਾਕ ਦੀ ਭਾਲ ਵਿਚ ਏਧਰ ਓਧਰ ਖਿਲਰ ਗਏ ਹਨ।

ਕੇਂਦਰੀ ਸਰਕਾਰ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਕੀਮਤਾਂ ਰੋਕੋ-ਬਲੈਕ ਤੇ ਗੁਦਾਮਬਾਜ਼ੀ ਖਤਮ ਕਰੋ। ਉੱਚ-ਅਫਸਰਾਂ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ…..।

ਪੀੜਤ ਛਿਣ ਦੀ ਚੋਟੀ ਉੱਤੇ ਆ ਕੇ ਸਰਕਾਰ ਨੇ ਮਾਹਰਾਂ ਦਾ ਕਮਿਸ਼ਨ ਬਿਠਾ ਦਿੱਤਾ ਹੈ। ਸ਼ੀਘਰ ਹੀ ਰਿਪੋਰਟ ਆਵੇਗੀ। ਵਿਚਾਰ ਕਰਨ ਲਈ ਕਮੇਟੀ ਬਣਾਈ ਜਾਵੇਗੀ। ਫੇਰ ਹੱਲ ਸੋਚੇ ਜਾਣਗੇ। ਕਾਨੂੰਨ ਪਾਸ ਹੋਣਗੇ।

ਪੰਜ ਲੱਖ ਮਿਲੀਅਨ ਟਨ ਕਣਕ ਦੀ ਦਰਾਮਦ ਦਾ ਆਰਡਰ ਦੇ ਦਿੱਤਾ ਗਿਆ ਹੈ, ਤੇ ਮੰਤਰੀ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੀ ਸੈਰ ਨੂੰ ਤੁਰ ਗਏ ਹਨ। ਠੰਡੇ ਪਹਾੜਾਂ ਉੱਤੇ ਚਲੇ ਗਏ ਹਨ। ਦੇਸ਼ ਵਿਚ ਤਾਂ ਗਰਮੀ ਸਿਖਰਾਂ ’ਤੇ ਹੈ।

ਚਾਰੇ ਪਾਸੇ ਹਿਰਦਿਆਂ ਦੀ ਧੁਖਣ ਹੈ, ਸਰੀਰਾਂ ਦੀ ਜਲਨ ਹੈ, ਮਹੌਲ ਦੀ ਸੜਨ ਹੈ। ਹਰ ਮਨੁੱਖ ਸੁੱਕਾ ਬਾਲਣ ਹੈ। ਉਸ ਦੇ ਤਨ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਹੈ, ਉਹ ਪਿੰਡਾਂ ਦੇ ਰਾਹੀਂ ਗਿਆ ਹੈ- ਕੋਈ ਉਸ ਦਾ ਸੇਕ ਵੰਡਾਵੇ। ਪਰ ਪਿੰਡਾਂ ਵਿਚ ਤਾਂ ਨਵੀਆਂ ਉਸਾਰੀਆਂ ਦਲਿਤ ਧਰਮਸ਼ਾਲਾਂ, ਮੰਦਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਅੰਦਰ ਆਪਣੇ ਆਪਣੇ ਰੱਬ ਨੂੰ ਹੀ ਰੀਜਾਣ ਲਈ ਪੂਜਾ ਹੋ ਰਹੀ ਹੈ। ਰੱਬਾ ਮੌਨਸੂਨ ਭੇਜ। ਰੱਬਾ ਹਰੀ ਕ੍ਰਾਂਤੀ ਫੇਰ ਹਰੀ ਹੋ ਜਾਵੇ।

ਉਸ ਦੇ ਸਰੀਰ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਹੈ। ਉਸ ਦਾ ਜਿਸਮ ਸੜ ਰਿਹਾ ਹੈ- ਉਹ ਚੁਪ ਕਿਵੇਂ ਬੈਠ ਸਕਦਾ ਹੈ। ਉਹ ਸ਼ਹਿਰਾਂ ਦੇ ਬਾਜ਼ਾਰ ਗਾਹੁੰਦਾ ਹੈ, ਕੋਈ ਇਸ ਪੀੜਤ ਪਲ ਨੂੰ ਕਾਬੂ ਕਰਨ ਲਈ ਉੱਠੇ। ਕੋਈ ਇਸ ਪੀੜਤ ਛਿਣ ਨੂੰ ਇਤਿਹਾਸ ਦਾ ਇਕ ਸੁਨਹਿਰੀ ਸਫਾ ਬਣਾ ਦੇਵੇ, ਤਾਂ ਕਿ ਮੁੜ ਫੇਰ ਐਸੇ ਪੀੜਤ ਛਿਣਾਂ ਦੀ ਕਥਾ ਕੋਈ ਲਿਖੇ ਨਾ, ਕੋਈ ਗਾਏ ਨਾ, ਕੋਈ ਦੁਹਰਾਏ ਨਾ।

ਇਨਕਲਾਬ ਆਵੇਗਾ। ਲਾਲ ਫਿਰੇਰਾ ਚਮਕੇਗਾ। ਪਾਰਟੀਆਂ ਦੇ ਦਫ਼ਤਰ ਉੱਤੇ ਹੁਣ ਇਕ ਸੂਰਜ ਦੀ ਥਾਂ, ਸੂਰਜ ਦੇ ਟੁਕੜੇ ਚਮਕਦੇ ਹਨ- ਉਹ ਪਾਰਟੀਆਂ ਵੀ ਕੋਈ ਹੁੰਗਾਰਾ ਨਾ ਭਰ ਸਕੀਆਂ। ਉਹ ਤਾਂ ਵਿਧਾਨ ਸਭਾਵਾਂ ਦੀਆਂ ਸੀਟਾਂ ਦੇ ਗਾਂਡੇ-ਸਾਂਡੇ ਵਿਚ ਰੁੱਝੀਆਂ ਹੋਈਆਂ ਹਨ।

ਨਿਰਾਸ਼ ਹੋ ਕੇ ਉਹ ਸੋਚਦਾ ਹੈ- ਸੰਨ 1917 ਤੇ 1949 ਕਿੱਥੇ, ਹਾਲੀ ਤਾਂ ਸੰਨ 1789 ਵੀ ਨਹੀਂ ਚੜਿਆ। 2016 ਉੱਤੇ ਫਿਰਕੂ ਹਨੇਰ ਛਾਇਆ ਹੈ। 

ਭਰ ਚੌਰਾਹੇ ਵਿਚ ਉਸ ਦਾ ਜਿਸਮ ਬਲ ਰਿਹਾ ਹੈ। ਬਾਜ਼ਾਰ ਸੁੰਨਸਾਨ ਪਿਆ ਹੈ। ਆਪਣੇ ਆਪਣੇ ਘਰਾਂ ਅੰਦਰ ਕਿੱਲਤਾਂ ਮਾਰੇ ਲੋਕ ਧੁਖ ਰਹੇ ਹਨ, ਉਹ ਭਰ ਚੌਰਾਹੇ ਵਿਚ ਬਲ ਰਿਹਾ ਹੈ। ਅੱਗ ਉੱਚੇ ਸਿੰਘਾਸ਼ਨਾਂ ਵੱਲ ਵੱਧ ਰਹੀ ਹੈ। ਖੁਦਾ ਖੈਰ ਨਾ ਕਰੇ।