ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।
ਬੀਬੀ ਅਮਰ ਕੌਰ
ਘਨਘੋਰ ਬੱਦਲ ਗਰਜੇ, ਸਭਨਾਂ ਨੂੰ ਬਹੁਤ ਚਹਿਕਾਇਆ।
ਛਮਛਮ ਬੱਦਲ ਵਰਸੇ, ਪਿਆਸੀ ਧਰਤੀ ਨੂੰ ਤ੍ਰਿਪਤਾਇਆ।
ਗ਼ਰਮੀ ਬਹੁਤ ਸਤਾਇਆ, ਸਾਵਣ ਸ਼ਾਂਤੀ ਲੈ ਕੇ ਆਇਆ।
ਡੱਡੂਆਂ ਰੌਲਾ ਪਾਇਆ, ਫਸਲਾਂ ਨੂੰ ਇਸ ਰਜਾਇਆ।
ਮੋਰ ਪਾਉਂਦੇ ਪੈਲ੍ਹਾਂ, ਕੋਇਲਾਂ ਨੇ ਗੀਤ ਸੁਣਾਇਆ।
ਚੁਫੇਰੇ ਹੋਈ ਹਰਿਆਵਲ, ਵਾਤਾਵਰਣ ਹੈ ਮੁਸਕਾਇਆ।
ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।
ਗ਼ਰੀਬਾਂ ਲਈ ਸਾਵਣ, ਮੁਸੀਬਤਾਂ ਦਾ ਪਹਾੜ ਲਿਆਵੇ,
ਬਿਮਾਰੀਆਂ ਨਾਲ ਘਿਰਦੇ, ਰੋਟੀ ਦੀ ਚਿੰਤਾ ਸਤਾਵੇ।
ਸਾਵਣ ਸੁਕਾ ਲੰਘੇ, ਸਭਨਾਂ ਨੂੰ ਬਹੁਤ ਕਲਪਾਵੇ,
ਪਾਣੀ ਲਈ ਤਰਸਦੇ, ਮਨੁੱਖ ਅੰਨ੍ਹੇਵਾਹ ਰੁੱਖ ਕਟਾਵੇ।
ਮਨੁੱਖੀ ਕਾਰਿਆਂ ਨਾਲ, ਕੁਦਰਤ ਦੀ ਕ੍ਰੋਪੀ ਆਈ,
ਮਨੁੱਖ ਨਾ ਸਮਝਿਆ, ਖ਼ਤਮ ਹੋ ਜਾਏਗੀ ਲੋਕਾਈ।
ਵੇਲਾ ਜਿਸ ਸੰਭਾਲਿਆ ਲੋਕੋ, ਫ਼ਲ ਉਸ ਮਿੱਠੜਾ ਪਾਇਆ
ਝਿਮਝਿਮ ਸਾਵਣ ਆਇਆ, ਗ਼ਰਮੀ ਤੋਂ ਛੁਟਕਾਰਾ ਪਾਇਆ।