ਗੁਰਦੁਆਰੇ ਕਿਉਂ ਆਏ ਹੋ ?

0
320

ਗੁਰਦੁਆਰੇ ਕਿਉਂ ਆਏ ਹੋ ?

                           – ਗੁਰਪ੍ਰੀਤ ਸਿੰਘ (U.S.A)

ਸੰਖੇਪ ਪਰ ਵਿਸ਼ੇਸ਼

ਵਸ਼ਿੰਗਟਨ ਸਥਿਤ ਇੱਕ ਗੁਰਦੁਆਰੇ ਵਿੱਚ ਸੰਖੇਪ ਜਿਹਾ ਸਰਵੇਖਣ ਕਰ ਕੇ ਗੁਰੂ ਘਰ ਆਈ ਸੰਗਤ ’ਚੋਂ ਕੁਝ ਇੱਕ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਗੁਰਦੁਆਰੇ ਕਿਉਂ ਆਏ ਹੋ ਤਾਂ ਹੇਠ ਲਿਖੇ ਜਵਾਬ ਮਿਲੇ :

  1. ਮੱਥਾ ਟੇਕਣ ਆਏ ਸੀ, ਨਾਲੇ ਰੌਣਕ ਮੇਲਾ ਦੇਖ ਹੋ ਜਾਂਦਾ।
  2. ਗੁਰਦੁਆਰੇ ਤਾਹੀਓਂ ਆਈਦੈ ਜੇ ਕੋਈ ਸੱਦਾ ਦੇਵੇ, ਅੱਜ ਸਿੱਧੂ ਸਾਹਿਬ ਦਾ ਲੰਗਰ ਆ, ਸੋ ਕਾਲ ਗਈ ਤਾਂ ਆਉਣਾ ਹੀ ਪੈਣਾ ਸੀ।
  3. ਗੁਰਦੁਆਰਾ ਰਾਹ ’ਚ ਹੀ ਪੈਂਦਾ ਹੈ ਜੀ, ਕੰਮ ਤੇ ਜਾਂਦਿਆਂ ਬੱਸ ਰੁਕ ਜਾਈਦਾ ਦੋ ਮਿੰਟ।
  4. ਆਹ ਪੰਜਾਬੀ ਸਕੂਲ ਹੁੰਦਾ ਨਾ ਐਤਵਾਰ ਨੂੰ, ਪੋਤੇ ਨੂੰ ਲਿਆਉਣਾ ਪੈਂਦਾ।
  5. ‘ਸੰਧੂਆਂ’ ਦੇ ਪਾਠ ਦਾ ਭੋਗ ਸੀ, ਸੋ ਸਾਰਾ ਪਰਿਵਾਰ ਹੀ ਆਇਆ ਹੈ।
  6. ਮੈਂ ਤਾਂ ਭਾਈ ਸਾਹਿਬ ਜੀ ਕਮੇਟੀ ਦਾ ਮੈਂਬਰ ਹਾਂ, ਨਾ ਆਵਾਂਗੇ ਤਾਂ ਗੁਰਦੁਆਰਾ ਕਿੰਞ ਚੱਲਣਾ ?
  7. ਮੇਰਾ ਤਾਂ ਪੱਕਾ ਰੁਟੀਨ ਆ, ਹਰ ਸੰਡੇ ਆਉਂਦਾ ਹਾਂ। ਦੋਸਤਾਂ- ਮਿੱਤਰਾਂ ਨਾਲ ਮੇਲ ਹੋ ਜਾਂਦਾ ਹੈ ਤੇ ਨਾਲੇ ਹਫ਼ਤਾਵਾਰੀ ਪੰਜਾਬੀ ਦਾ ਪੇਪਰ ਚੁੱਕ ਲਈਦਾ ਹੈ।
  8. ਲੰਗਰ ’ਚ ਸੇਵਾ ਕਰਨ ਆਇਆ ਸੀ, ਆਦਿ।

ਹੋਰ ਵੀ ਕਈ ਜਵਾਬ ਉਪਰੋਕਤ ਜਵਾਬ ਦੀ ਤਰਜ਼ ’ਤੇ ਹੀ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਇੱਕ ਨੇ ਵੀ ਨਹੀਂ ਕਿਹਾ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਂ ਕਥਾ/ ਕੀਰਤਨ ਸੁਣਨ ਆਏ ਹਾਂ।

ਸਰਵੇਖਣ ਤੋਂ ਕੇਵਲ ਦੋ ਹੀ ਗੱਲਾਂ ਸਾਹਮਣੇ ਆਈਆਂ ਕਿ ਇੱਕ ਤਾਂ ਅਸੀਂ ਹਾਲੇ ਵੀ ਸੰਧੂ, ਬਰਾੜ, ਗਿੱਲ, ਸੋਢੀ, ਆਦਿ ਭਾਵ ਜਾਤ-ਪਾਤ ਦੀ ਦਲਦਲ ’ਚ ਫਸੇ ਹੋਏ ਹਾਂ ਤੇ ਦੂਜਾ, ਗੁਰੂ ਦੇ ਸਨਮੁੱਖ ਹੋ, ਸੰਗਤ ਵਿੱਚ ਬੈਠ ਕੇ ਸ਼ਬਦ- ਵਿਚਾਰ ਦੀ ਭੁੱਖ ਮਿਟਾਉਣ ਦੀ ਤਾਂਘ ਹਾਲੇ ਸਾਡੇ ਤੋਂ ਕੋਹਾਂ ਦੂਰ ਹੈ।

ਅਗਲੀ ਵਾਰ ਜਦ ਤੁਸੀਂ ਗੁਰਦੁਆਰੇ ਜਾਵੋ ਤਾਂ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਕਿ ਤੁਸੀਂ ਗੁਰਦੁਆਰੇ ਕਿਉਂ ਆਏ ਹੋ ?