ਹੁਣ ਛਕਾਂ ਤਾਂ ਕਿੱਥੋਂ ਛਕਾਂ ?

0
241

ਹੁਣ ਛਕਾਂ ਤਾਂ ਕਿੱਥੋਂ ਛਕਾਂ ?

              – ਗੁਰਪ੍ਰੀਤ ਸਿੰਘ (USA)  

ਪਿਛਲੇ ਦੋ ਸਾਲਾਂ ਤੋਂ ਲਗਾਤਾਰ ਆਪਣੇ-ਆਪ ਨੂੰ ਸੁਆਰ ਰਹੇ ਨੌਜਵਾਨ ਨੇ ਮਨ ਵਿੱਚ ਧਾਰ ਲਿਆ ਸੀ ਕਿ ਇਸ ਵਾਰ ਵਿਸਾਖੀ ਤੇ ਗੁਰੂ ਵਾਲਾ ਜ਼ਰੂਰ ਬਣਨਾ ਹੈ। ਮਨ ਵਿਚਲਾ ਉਤਸ਼ਾਹ ਬੋਲ-ਬਾਣੀ ਅਤੇ ਕਰਮਾਂ ਰਾਹੀਂ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਉਸ ਦੇ ਆਪਣੇ ਨਗਰ ਵਿੱਚ ਹੀ ਵੈਸਾਖ ਮਹੀਨੇ ਪੰਜ ਵੱਖੋ – ਵੱਖਰੀਆਂ ਥਾਂਵਾਂ ’ਤੇ ਅੰਮ੍ਰਿਤ ਸੰਚਾਰ ਹੋ ਰਿਹਾ ਸੀ। ਜਦ ਇਸ ਸੰਬੰਧੀ ਕੁਝ ਪੁੱਛ-ਪੜਤਾਲ ਕੀਤੀ ਤਾਂ ਸਾਰਾ ਉਤਸ਼ਾਹ ਦੁਬਿਧਾ ਵਿੱਚ ਬਦਲ ਗਿਆ ਕਿਉਂਕਿ ਹਰ ਕੋਈ ਆਪੋ- ਆਪਣੀ ਮਰਯਾਦਾ ਨਾਲ ਹੀ ਪਾਹੁਲ ਛਕਾਉਣਾ ਚਾਹੁੰਦਾ ਸੀ।

ਕੀ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹੀ ਹਨ ?  ਜੇ ਹਾਂ ! ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰੀ ਇੱਕ ਮਰਯਾਦਾ ਕਿਉਂ ਨਹੀਂ ਹੈ ?  ਕੋਈ ਭਗਉਤੀ ਨੂੰ ਧਿਆ ਕੇ ਬਣਾਏ ਗਏ ਅੰਮ੍ਰਿਤ ਨੂੰ ਦੈਵੀ ਸ਼ਕਤੀ ਵਾਲਾ ਸਮਝ ਰਿਹਾ ਸੀ ਤੇ ਕਿਸੇ ਅਨੁਸਾਰ ਸਰਬ ਲੋਹ ਹੀ ਸਭ ਕੁਝ ਸੀ। ਕਿਧਰੇ ਬੇਅਦਬੀ ਤੇ ਰਹਿਤ ਦਾ ਵਾਸਤਾ ਦੇ ਕੇ ਪਾਹੁਲ ਨੂੰ ਮਾਨੋ ਇੱਕ ਹਊਆ ਬਣਾ ਦੇਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸੀ। ਕੋਈ ਬਿਨਾਂ ਚੌਪਈ, ਆਦਿ ਪੜ੍ਹ ਕੇ ਤਿਆਰ ਕੀਤੇ ਨੂੰ ਅਸਲੀ ਅੰਮ੍ਰਿਤ ਮੰਨ ਰਿਹਾ ਸੀ ਤੇ ਕਿਧਰੇ ਗੁਰਮਤਿ ਸਿਧਾਂਤਾਂ ਦੀ ਜਗ੍ਹਾ ਸੁਰਤ ਹਾਲੇ ਵੀ ਮਾਸ, ਅੰਡੇ ’ਚ ਹੀ ਅਟਕੀ ਪਈ ਸੀ।

ਅੰਮ੍ਰਿਤ ਦੁਆਰਾ ਤਾਂ ਅਸੀਂ ਸਾਰੇ ਪਿਛਲੇ ਅਖੌਤੀ ਜਾਤ-ਗੋਤ ਛੱਡ, ਇੱਕ ਹੋਣੇ ਚਾਹੀਦੇ ਸੀ ਪਰ ਇਹ ਤਾਂ ਇੰਞ ਲੱਗਦਾ ਹੈ ਕਿ ਅੰਮ੍ਰਿਤ ਰਾਹੀਂ ਸਾਨੂੰ ਇੱਕ ਦੂਜੇ ਤੋਂ ਹੋਰ ਵੀ ਦੂਰ ਕੀਤਾ ਜਾ ਰਿਹਾ ਹੈ। ਮੈਂ ਤਾਂ ਇੱਕ ਸੱਚੇ ਸਿੱਖ ਦੀ ਤਰ੍ਹਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਨਿਸ਼ਚਾ ਰੱਖਦਾ ਹਾਂ। ਮੈਂ ਕਿੱਥੇ ਜਾ ਕੇ ਅੰਮ੍ਰਿਤ ਛਕਾਂ, ਜਿੱਥੇ ਆਪੋ-ਆਪਣੇ ਧੜੇ ਨਾਲ ਜੋੜਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਜੀਵਨ ਜਾਚ ਦ੍ਰਿੜ ਕਰਵਾਈ ਜਾਵੇ ?  ਨਿਗੁਰੇ ਦਾ ਜਿਊਣਾ ਵੀ ਕੋਈ ਜਿਊਣਾ ਨਹੀਂ ਪਰ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ॥’’ (ਮਹਲਾ ੩/੬੪੬)  ਭਾਵ ਸਮਰੱਥ ਗੁਰੂ, ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਸਮਰਪਿਤ ਪੰਜ ਪਿਆਰੇ ਮੈਂ ਕਿੱਥੋਂ ਲੱਭਾਂ ? ਹੁਣ ਛਕਾਂ ਤਾਂ ਕਿੱਥੋਂ ਛਕਾਂ ਅੰਮ੍ਰਿਤ ?

ਕਿਧਰੇ ਮਨ ਢਹਿੰਦੀ ਕਲਾ ’ਚ ਨਾ ਚਲਾ ਜਾਏ, ਇਹ ਸੋਚ ਕੇ ਨੌਜਵਾਨ ਨੇ ਇੱਕ ਗੁਰਸਿੱਖ ਵੀਰ ਕੋਲ ਪਹੁੰਚ ਕੀਤੀ ਤਾਂ ਜਾਗਰੂਕ ਵੀਰ ਜੀ ਨੇ ਸਮਝਾਇਆ, ‘ਅੰਮ੍ਰਿਤ ਤਾਂ ਦੁਨੀਆਂ ਦੇ ਹਰ ਇੱਕ ਇਨਸਾਨ ਦੇ ਅੰਦਰ ਮੌਜੂਦ ਹੈ, ਪਰ ਮਨਮੁਖਾਂ ਨੂੰ ਕਦੀ ਉਸ ਦਾ ਸੁਆਦ ਪ੍ਰਾਪਤ ਨਹੀਂ ਹੁੰਦਾ :

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ ਨ ਪਾਇਆ ॥ (ਮਹਲਾ ੩/੬੪੪)

ਜੇਤੇ ਘਟ, ਅੰਮ੍ਰਿਤੁ ਸਭ ਹੀ ਮਹਿ; ਭਾਵੈ ਤਿਸਹਿ ਪੀਆਈ ॥ (ਭਗਤ ਕਬੀਰ/੧੧੨੩)

ਸਿੱਖ ਵਾਸਤੇ ਅੰਮ੍ਰਿਤ ਛੱਕਣਾ, ਸਿੱਖੀ ਵਿੱਚ ਦਾਖ਼ਲੇ ਲਈ ਇੱਕ ਪ੍ਰਣ ਹੈ। ਮਨ ਦੀ ਮੱਤ ਨੂੰ ਤਿਆਗਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ, ਗੁਰ ਬਚਨਾਂ ਨੂੰ ਕਮਾਉਣ ਦਾ ਗੁਰੂ ਨਾਲ ਕੀਤਾ ਗਿਆ ਇਕਰਾਰ ਹੈ। ਅੰਮ੍ਰਿਤ ਛੱਕਣ ਤੋਂ ਭਾਵ ਹੈ ਕਿ ਸਿੱਖ, ਮਨਮੁਖ ਨਹੀਂ ਸਗੋਂ ਸਿੱਖ ਨੇ ਗੁਰੂ ਧਾਰਨ ਕੀਤਾ ਹੋਇਆ ਹੈ। ਗੁਰੂ ਦੀ ਕ੍ਰਿਪਾ ਨਾਲ ਸਿੱਖ ਨੂੰ ਆਪਣੇ ਮਨ ਅੰਦਰੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ; ਜਿਵੇਂ ਕਿ ਗੁਰ ਵਾਕ ਹੈ :

ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥

ਨਾਨਕ  ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥ (ਮਹਲਾ ੨/੧੨੩੮)

ਮਨ ਅੰਦਰਿ ਅੰਮ੍ਰਿਤੁ; ਗੁਰਮਤਿ ਹਰਿ ਲੀਵਾ ਜੀਉ ॥ (ਮਹਲਾ ੪/੧੭੫)

ਅਜੋਕੇ ਦਵੰਦ (ਝਗੜੇ) ਵਿੱਚ ਇੱਕ ਨਵੇਂ ਅਭਿਲਾਸ਼ੀ ਲਈ ਦੁਬਿਧਾ ਪੈਦਾ ਹੋਣਾ ਸੁਭਾਵਕ ਹੈ ਪਰ ਸ਼ਖ਼ਸੀ ਰਹਿਣੀ ਵਿੱਚ ਜਦੋਂ ਵੀ ਬਾਹਰਲਾ ਕੁਝ ਪਰਖਣਾ ਪਵੇ ਤਾਂ ਉਸ ਪਰਖ ਦਾ ਆਧਾਰ (ਕਸੌਟੀ) ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਹੋਣੀ ਚਾਹੀਦੀ ਹੈ। ਪੰਚਮ ਪਿਤਾ ਬਹੁਤ ਪਿਆਰੀ ਸੇਧ ਬਖ਼ਸ਼ ਰਹੇ ਹਨ :

ਸਭ ਕਿਛੁ ਘਰ ਮਹਿ; ਬਾਹਰਿ ਨਾਹੀ ॥  ਬਾਹਰਿ ਟੋਲੈ; ਸੋ ਭਰਮਿ ਭੁਲਾਹੀ ॥ (ਮਹਲਾ ੫/੧੦੨)

ਬਾਹਰੀ ਤੌਰ ’ਤੇ ਅੰਮ੍ਰਿਤ ਛੱਕਣਾ ਕੇਵਲ ਇੱਕ ਸੰਕੇਤਕ ਸ਼ੁਰੂਆਤ ਹੈ, ਨਾ ਕਿ ਮੰਜ਼ਲ; ਅੰਮ੍ਰਿਤ ਛੱਕਣ ਦਾ ਅਸਲ ਮਕਸਦ ਤਾਂ ਰੋਜ਼ਾਨਾ ਅਨੁਸ਼ਾਸਨ ਨਾਲ (ਨਿਤਨੇਮ) ਗੁਰੂ ਦੇ ਹੁਕਮ ਨੂੰ ਪਛਾਣ (ਵੀਚਾਰ) ਕੇ ਕਮਾਉਣ ਦਾ ਹੈ :

ਅੰਮ੍ਰਿਤੁ ਸਦਾ ਵਰਸਦਾ; ਬੂਝਨਿ ਬੂਝਣਹਾਰ ॥  ਗੁਰਮੁਖਿ ਜਿਨ੍ਹੀਂ ਬੁਝਿਆ; ਹਰਿ ਅੰਮ੍ਰਿਤੁ, ਰਖਿਆ ਉਰਿ ਧਾਰਿ ॥

.. .. .. ਅੰਮ੍ਰਿਤੁ ਹਰਿ ਕਾ ਨਾਮੁ ਹੈ; ਵਰਸੈ ਕਿਰਪਾ ਧਾਰਿ ॥ (ਮਹਲਾ ੩/੧੨੮੧)

 ਨਾਨਕ  ! ਹੁਕਮਿ ਮੰਨਿਐ, ਸੁਖੁ ਪਾਈਐ; ਗੁਰ ਸਬਦੀ ਵੀਚਾਰਿ ॥ (ਮਹਲਾ ੩/੧੦੯੨)

 ਸੋ, ਅਸੀਂ ਸਿੱਖੀ ਵਿੱਚ ਦਾਖ਼ਲੇ ਵਾਸਤੇ ਨਿਸ਼ਚਿੰਤ ਹੋ ਕੇ ਜਿੱਥੋਂ ਮਰਜ਼ੀ ਅੰਮ੍ਰਿਤ ਛੱਕ ਸਕਦੇ ਹਾਂ ਪਰ ਯਾਦ ਰੱਖੀਏ ਕਿ ਅਸੀਂ ਜੁੜਨਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਹੀ ਹੈ, ਫਿਰ ਗੁਰੂ ਕਿਰਪਾ ਸਦਕਾ ਉਹ ਦਿਨ ਦੂਰ ਨਹੀਂ ਹੋਏਗਾ ਜਦ ਸਮੁੱਚਾ ਪੰਥ ਅਨਮਤੀ ਰਚਨਾਵਾਂ ਦਾ ਤਿਆਗ ਕਰ ਕੇ, ਗੁਰਮਤ ਅਨੁਸਾਰੀ ਇੱਕ ਮਰਯਾਦਾ ’ਤੇ ਪਹਿਰਾ ਦੇਵੇਗਾ ਤੇ ਝਗੜਾਲੂ ਹਾਲਾਤਾਂ ਦੇ ਬਾਵਜੂਦ ਵੀ ਮੁੜ ਕਿਸੇ ਨੂੰ ਵੀ ਦੁਬਿਧਾ ’ਚ ਨਹੀਂ ਪੈਣਾ ਪਵੇਗਾ।