ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ ?

0
445

ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ ?

ਪਿ੍ਰੰ. ਸਰਵਣ ਸਿੰਘ

ਗੁਰੂ ਨਾਨਕ ਦੇਵ ਜੀ ਅਤੇ ਸਮੁੰਦਰੀ ਮਲਾਹ ਵਾਸਕੋ ਡਾ ਗਾਮਾ ਹਾਣੋ-ਹਾਣੀ ਸਨ। ਦੋਹਾਂ ਦਾ ਜਨਮ ੧੪੬੯ ਈਸਵੀ ਵਿੱਚ ਹੋਇਆ ਸੀ।  ਸੰਨ ੧੯੬੯ ਵਿੱਚ ਦੋਹਾਂ ਦੀਆਂ ਪੰਜਵੀਂਆਂ ਜਨਮ ਸ਼ਤਾਬਦੀਆਂ ਧੂਮ ਧਾਮ ਨਾਲ ਮਨਾਈਆਂ ਗਈਆਂ। ਪੁਰਤਗਾਲ ਦੀ ਸਰਕਾਰ ਨੇ ਵਾਸਕੋ ਡਾ ਗਾਮਾ ਦੀ ਯਾਦ ਵਿੱਚ ਯਾਦਗਾਰੀ ਸਿੱਕੇ ਕੱਢੇ ਸਨ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਅੰਮਿ੍ਰਤਸਰ ਵਿੱਚ ਯੂਨੀਵਰਸਿਟੀ ਸਥਾਪਤ ਕੀਤੀ ਸੀ। ਸਮੇਂ ਦਾ ਗੇੜ ਵੇਖੋ ਕਿ ਪੂਰਬ ਵੱਲੋਂ ਗੁਰੂ ਨਾਨਕ ਦੇਵ ਜੀ ੧੪੯੬ ਵਿੱਚ ਉਦਾਸੀਆਂ ਦੇ ਪੰਧ ਪਏ ਅਤੇ ਪੱਛਮ ਵੱਲੋਂ ਵਾਸਕੋ ਡਾ ਗਾਮਾ ੧੪੯੭ ’ਚ ਪੁਰਤਗਾਲ ਤੋਂ ਇੰਡੀਆ ਨੂੰ ਠਿੱਲ੍ਹਿਆ।

ਗੁਰੂ ਨਾਨਕ ਦੇਵ ਜੀ ਪੂਰਬ ਵਿੱਚ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਜਨਮੇ ਸਨ ਜਦ ਕਿ ਵਾਸਕੋ ਡਾ ਗਾਮਾ ਪੱਛਮ ਵਿੱਚ ਪੁਰਤਗਾਲ ਦੇ ਸ਼ਹਿਰ ਸਾਈਨਜ਼ ਵਿੱਚ ਜੰਮਿਆ ਸੀ। ਦੋਹਾਂ ਨੇ ਦੁਨੀਆ ਦਾ ਲੰਮਾ ਚੌੜਾ ਸਫ਼ਰ ਕੀਤਾ। ਇੱਕ ਨੇ ਪੈਦਲ ਤੇ ਦੂਜੇ ਨੇ ਸਮੁੰਦਰੀ ਬੇੜਿਆਂ ਉੱਤੇ। ਅਣਜਾਣੇ ਰਾਹਾਂ ਦਾ ਉਹ ਸਫ਼ਰ ਹਜ਼ਾਰਾਂ ਕੋਹਾਂ ਦਾ ਸੀ। ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਔਝੜ ਪੈਂਡਿਆਂ ਦਾ ਉਦੇਸ਼ ਕੀ ਸੀ ? ਉਨ੍ਹਾਂ ਦੇ ਅਨੁਯਾਈਆਂ ਨੇ ਉਨ੍ਹਾਂ ਦੇ ਉਦੇਸ਼ ਉੱਤੇ ਕਿੰਨਾ ਕੁ ਅਮਲ ਕੀਤਾ ? ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦਾ ੫੫੦ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹੈ, ਉਨ੍ਹਾਂ ਦੀਆਂ ਉਦਾਸੀਆਂ ਦੇ ਉਦੇਸ਼ ਨੂੰ ਅਪਨਾਉਣ ਦੀ ਕਿਤੇ ਵੱਧ ਲੋੜ ਹੈ।

ਬਾਲ ਨਾਨਕ ਪਾਂਧੇ ਤੇ ਮੌਲਵੀ ਤੋਂ ਅੱਖਰ ਪੜ੍ਹ ਕੇ ਡੰਗਰ ਚਾਰਨ ਲੱਗੇ ਸਨ।  ਡੰਗਰ ਚਾਰਦਿਆਂ ਧੁੱਪੇ ਈ ਅੱਖ ਲੱਗ ਗਈ। ਮੱਝਾਂ ਰਾਏ ਬੁਲਾਰ ਦੀ ਪੈਲੀ ਵਿੱਚ ਵੜ ਗਈਆਂ। ਉਲਾਂਭੇ ਆਉਣ ਲੱਗੇ। ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਲੀਹ ਉੱਤੇ ਪਾਉਣ ਲਈ ਵੀਹ ਰੁਪਈਏ ਦੇ ਕੇ ਕਿਹਾ, ‘ਜਾਹ ਨਾਨਕ ! ਸੌਦਾ ਪੱਤਾ ਕਰ, ਖੱਟ ਕਮਾ।’ ਉਦੋਂ ਦੇ ਵੀਹ ਰੁਪਈਏ ਹੁਣ ਦੇ ਲੱਖਾਂ ਰੁਪਈਆਂ ਬਰਾਬਰ ਸਨ।

ਗੁਰੂ ਨਾਨਕ ਜੀ ਨੇ ਉਨ੍ਹਾਂ ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਯਾਨੀ ਲੋੜਵੰਦਾਂ ਨੂੰ ਅੰਨ ਪਾਣੀ ਛਕਾ ਦਿੱਤਾ। ਆਪਣੇ ਜਾਣੇ ਸੱਚਾ ਸੌਦਾ ਕਰ ਲਿਆ। ਕਾਰਲ ਮਾਰਕਸ ਦੀ ਵਿਚਾਰਧਾਰਾ (ਯੋਗਤਾ) ਅਨੁਸਾਰ ਕੰਮ ਅਤੇ ਲੋੜ ਅਨੁਸਾਰ ਵਸਤੂ ਬਾਅਦ ਵਿੱਚ ਆਈ। ਗੁਰੂ ਨਾਨਕ ਜੀ ਦੀ ਸੱਚੇ ਸੌਦੇ ਵਾਲੀ ਮਿਸਾਲ ਨਾਲ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਣ ਦੀ ਪਿਰਤ ਪੈ ਗਈ, ਜਿਸ ਨੂੰ ਗੁਰੂ ਦੇ ਸਿੱਖਾਂ ਨੇ ‘ਗੁਰੂ ਕਾ ਲੰਗਰ’ ਨਾਂ ਦੇ ਦਿੱਤਾ। ਸ਼ੁਕਰ ਹੈ ਉਹ ਪਿਰਤ ਅੱਜ ਵੀ ਕਾਇਮ ਹੈ। ਪਦਾਰਥਵਾਦ ਦੇ ਬੇਰੁੱਖੇ ਵਰਤਾਰਿਆਂ ਸਮੇਂ ਵੀ ਗੁਰਦਵਾਰਿਆਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਖਾਣਾ ਪਰੋਸਿਆ ਜਾਂਦਾ ਰਿਹੈ। ਉੱਥੇ ਜਾਤ ਬਰਾਦਰੀ ਨਹੀਂ ਵੇਖੀ ਜਾਂਦੀ। ਊਚ ਨੀਚ ਨਹੀਂ ਪਰਖੀ ਜਾਂਦੀ। ਫਿਰ ਵੀ ਸਭ ਥਾਈਂ ਸਭ ਕੁਝ ਅੱਛਾ ਨਹੀਂ। ਗੁਰੂ ਦੇ ਸਿੱਖਾਂ ਨੂੰ ਆਪਣੀ ਅੰਤਰ ਆਤਮਾ ਵੱਲ ਝਾਤ ਮਾਰਨ ਦੀ ਲੋੜ ਹੈ।

ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸੀ, ਪਰਾਇਆ ਹੱਕ ਨਾ ਮਾਰਨਾ, ਮਾਇਆ ਨਾਲ ਮੋਹ ਨਾ ਕਰਨਾ, ਮਾਇਆ ’ਚ ਖਚਤ ਨਾ ਹੋਣਾ, ਮਾਇਆ ਇਕੱਠੀ ਕਰਨ ਲਈ ਕਿਰਤੀਆਂ ਅਤੇ ਉਪਜਾਊ ਸਾਧਨਾਂ ਦੀ ਲੁੱਟ ਖਸੁੱਟ ਨਾ ਕਰਨੀ ਅਤੇ ਸਾਰੀ ਉਮਰ ਮਾਇਆ ਖ਼ਾਤਰ ਹੀ ਪਾਪੜ ਨਾ ਵੇਲੀ ਜਾਣੇ। ਮਾਇਆ ਦੇ ਮਾੜੇ ਰੋਲ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਕੁਝ ਲਿਖਿਆ, ਜਿਸ ਦਾ ਤੱਤਸਾਰ ਹੈ: ‘‘ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮ: ੧/੪੧੭) ਸਰਲ ਅਰਥ ਹਨ: ਪਾਪਾਂ ਬਿਨਾਂ ਯਾਨੀ ਲੁੱਟ ਖੋਹ ਕਰੇ ਬਿਨਾਂ ਮਾਇਆ ’ਕੱਠੀ ਨਹੀਂ ਹੁੰਦੀ। ਜਿਹੜੇ ਫਿਰ ਵੀ ’ਕੱਠੀ ਕਰਨੋ ਨਹੀਂ ਟਲਦੇ, ਮਰਨ ਵੇਲੇ ਉਹ ਉਨ੍ਹਾਂ ਦੇ ਨਾਲ ਨਹੀਂ ਜਾਂਦੀ। ਚੰਗਾ ਰਹੇ ਜੇ ਬੰਦਾ ਕਿਰਤ ਕਰੇ, ਵੰਡ ਛਕੇ ਤੇ ਨਾਮ ਜਪੇ। ਸਰਬੱਤ ਦਾ ਭਲਾ ਇਸੇ ਵਿੱਚ ਹੀ ਹੈ। ਇਸ ਉਦੇਸ਼ ਦੇ ਪਰਚਾਰ ਲਈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਭਾਵ ਚਾਰ ਲੰਮੇ ਸਫ਼ਰ ਕੀਤੇ। ਬਾਣੀ ਰਚੀ, ਗਾਈ, ਗੋਸ਼ਟਾਂ ਕੀਤੀਆਂ ਅਤੇ ਕਹੀਆਂ ਗੱਲਾਂ ਉੱਤੇ ਖ਼ੁਦ ਅਮਲ ਕਰ ਕੇ ਵਿਖਾਇਆ।

ਸੁਆਲ ਪੈਦਾ ਹੁੰਦੈ ਕਿ ਕੀ ਗੁਰੂ ਦੇ ਸਿੱਖ ਗੁਰਬਾਣੀ ’ਤੇ ਖ਼ੁਦ ਅਮਲ ਕਰ ਰਹੇ ਹਨ ? ਕਿਤੇ ਪਾਖੰਡ ਤਾਂ ਨਹੀਂ ਕਰ ਰਹੇ ? ਗੁਰਾਂ ਦਾ ਬਚਨ ਹੈ: ਛੋਡੀਲੇ ਪਾਖੰਡਾ…।

ਦੂਜਾ ਪਾਸਾ ਦੇਖੋ। ਵਾਸਕੋ ਡਾ ਗਾਮਾ ਅਣਗੌਲਿਆ ਬੱਚਾ ਸੀ। ਉਹਦੀ ਜਨਮ ਤਾਰੀਖ ਦਾ ਅਜੇ ਵੀ ਪੱਕਾ ਪਤਾ ਨਹੀਂ। ਏਨਾ ਕੁ ਪਤਾ ਲੱਗ ਸਕਿਆ ਕਿ ਉਹ ੧੪੬੦ਵਿਆਂ ਵਿੱਚ ਜੰਮਿਆ ਸੀ। ਉਹਦਾ ਜਨਮ ਸਾਲ ਅਟੇ-ਸਟੇ ਨਾਲ ਹੀ ੧੪੬੯ ਲਿਖਿਆ ਗਿਆ ਜੋ ਸਬੱਬ ਨਾਲ ਗੁਰੂ ਨਾਨਕ ਦੇਵ ਦਾ ਅਸਲੀ ਜਨਮ ਸਾਲ ਹੈ। ਮਲਾਹਗੀਰੀ ਉਹਦਾ ਸ਼ੌਕ ਸੀ। ਜਾਨ ਜੋਖੋਂ ਵਾਲਾ ਸੀ। ਖ਼ਤਰੇ ਸਹੇੜਨ ਵਾਲਾ। ਜੁਆਨ ਹੋਇਆ ਤਾਂ ਪੁਰਤਗਾਲ ਦੇ ਬਾਦਸ਼ਾਹ ਨੇ ਉਸ ਨੂੰ ਸਮੁੰਦਰੀ ਬੇੜਾ ਦੇ ਕੇ ਇੰਡੀਆ ਲੱਭਣ ਲਈ ਭੇਜਿਆ। ਉਸ ਦਾ ਉਦੇਸ਼ ਸੀ, ਨਵਾਂ ਮੁਲਕ ਲੱਭਣਾ, ਵਣਜ ਵਪਾਰ ਕਰਨਾ ਤੇ ਦੌਲਤ ਨਾਲ ਮਾਲਾਮਾਲ ਹੋਣਾ। ਇਹ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਦੇ ਬਿਲਕੁਲ ਉਲਟ ਸੀ।

ਵਾਸਕੋ ਡਾ ਗਾਮਾ ਨੇ ਇੰਡੀਆ ਨੂੰ ਪਹਿਲਾ ਸਮੁੰਦਰੀ ਬੇੜਾ ੮ ਜੁਲਾਈ ੧੪੯੭ ਨੂੰ ਠੇਲ੍ਹਿਆ। ਉਹ ੨੦ ਮਈ ੧੪੯੮ ਨੂੰ ਕਾਲੀਕਟ ਪੁੱਜਾ। ਗੁਰੂ ਨਾਨਕ ਦੇਵ ਵਾਂਗ ਨਾ ਕਿਸੇ ਨਾਲ ਗੋਸ਼ਟ ਕੀਤੀ, ਨਾ ਜੀਵਨ ਦਾ ਉਦੇਸ਼ ਦੱਸਿਆ, ਨਾ ਜੀਵਨ ਦੀ ਬੰਦਖਲਾਸੀ ਦਾ ਰਾਹ ਦੱਸਿਆ। ਇੰਡੀਆ ਪਹੁੰਚਾ ਤੇ ਮਸਾਲਿਆਂ ਦੇ ਬੇੜੇ ਭਰ ਕੇ ਯੂਰਪ ਵਿੱਚ ਮਹਿੰਗੇ ਭਾਅ ਵੇਚਣ ਲਈ ਲੈ ਗਿਆ। ਗੁਰੂ ਨਾਨਕ ਦਾ ਉਦੇਸ਼ ਮਾਇਆ ਤੋਂ ਮੁਕਤ ਸਚਿਆਰਾ ਜੀਵਨ ਜਿਊਣਾ ਸੀ ਜਦ ਕਿ ਵਾਸਕੋ ਡਾ ਗਾਮਾ ਨੂੰ ਭੇਜਣ ਵਾਲੇ ਬਾਦਸ਼ਾਹ ਦਾ ਮੰਤਵ ਬਹੁਤੀ ਮਾਇਆ ’ਕੱਠੀ ਕਰਨਾ ਸੀ। ਵਾਸਕੋ ਡਾ ਗਾਮੇ ਨੇ ਚਾਰ ਗੇੜੇ ਲਾਏ ਤੇ ਚੌਥਾ ਗੇੜਾ ਲਾਉਂਦਿਆਂ ੨੪ ਦਸੰਬਰ ੧੫੨੪ ਨੂੰ ਇੰਡੀਆ ਦੇ ਸ਼ਹਿਰ ਕੋਚੀ ਵਿੱਚ ਚਲਾਣਾ ਕਰ ਗਿਆ। ਉਸ ਦੀ ਦੇਹ ਦਫਨਾ ਕੇ ਪਹਿਲਾਂ ਉਹਦੀ ਕਬਰ ਕੋਚੀ ’ਚ ਹੀ ਬਣਾਈ ਗਈ, ਫਿਰ ੧੯੩੯ ਵਿੱਚ ਦੇਹ ਪੁਰਤਗਾਲ ਲਿਜਾ ਕੇ ਦਫਨਾਈ ਗਈ। ਗੁਰੂ ਨਾਨਕ ਦੇਵ ਜੀ ਨੇ ਵੀ ਚਾਰ ਉਦਾਸੀਆਂ ਭਾਵ ਚਾਰ ਚੱਕਰ ਲਾਏ। ਫਿਰ ਕਰਤਾਰਪੁਰ ਵਸਾਇਆ, ਖ਼ੁਦ ਖੇਤੀ ਕੀਤੀ, ਲੰਗਰ ਲਾਏ ਅਤੇ ੧੫੩੯ ਵਿੱਚ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਜਿਥੋਂ ਦੇ ਲਾਂਘੇ ਦੀਆਂ ਗੱਲਾਂ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਹਨ।

ਸਮੇਂ ਦਾ ਗੇੜ ਵੇਖੋ, ਵਾਸਕੋ ਡਾ ਗਾਮਾ ਨੂੰ ਬਿਖੜੇ ਪੈਂਡਿਆਂ ’ਤੇ ਪਾਉਣ ਵਾਲਿਆਂ ਦੇ ਲੋਟੂ ਟੋਲੇ ਸਮੇਂ ਨਾਲ ਗਲੋਬਲਾਈਜੇਸ਼ਨ ਤੱਕ ਪੁੱਜਦਿਆਂ ਮਲਟੀਨੈਸ਼ਨਲ ਕੰਪਨੀਆਂ ਬਣਾ ਕੇ ਕੁੱਲ ਦੁਨੀਆ ਦੀ ਦੌਲਤ ਲੁੱਟ ਰਹੇ ਤੇ ਮਾਇਆ ’ਕੱਠੀ ਕਰਨ ਡਹੇ ਹਨ। ਮਾਇਆ ’ਕੱਠੀ ਕਰਨ ਲਈ ਉਹ ਜੰਗੀ ਹਥਿਆਰ ਬਣਾ ਰਹੇ, ਮੁਲਕਾਂ ਨੂੰ ਪਾੜ ਰਹੇ, ਆਪਸ ਵਿੱਚ ਲੜਾ ਰਹੇ, ਮਾਰੂ ਨਸ਼ੇ ਚਲਾ ਰਹੇ, ਦਹਿਸ਼ਤ ਫੈਲਾਅ ਰਹੇ, ਵੱਡੇ ਮੌਲ ਬਣਾ ਰਹੇ, ਵਣਜ ਵਪਾਰ ਵਧਾ ਰਹੇ, ਕਰੰਸੀ ਦੀ ਖੇਡ; ਖੇਡ ਰਹੇ ਅਤੇ ਲੋਕਰਾਜਾਂ ਦੀ ਪੱਟੀ ਮੇਸ ਕਰਨ ਲਈ ਵੋਟਾਂ ਵੇਚ ਵੱਟ ਰਹੇ ਨੇ ! ਲੋਕਾਈ ਬਲਦੀ ਦੇ ਮੂੰਹ ਦੇ ਰੱਖੀ ਹੈ ਉਨ੍ਹਾਂ ਨੇ।

ਇੱਧਰ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਵੱਲ ਨਜ਼ਰ ਮਾਰੋ। ਕੀ ਉਹ ਆਪਣੇ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲ ਰਹੇ ਨੇ ਜਾਂ ਉਹ ਵੀ ਵਾਸਕੋ ਡਾ ਗਾਮੇ ਦੇ ਚੇਲੇ ਬਣ ਗਏ ਹੋਏ ਨੇ ! ਕਿਤੇ ‘ਰਾਜ ਨਹੀਂ ਸੇਵਾ’ ਦੇ ਨਾਂ ਉੱਤੇ ਨੋਟਾਂ ਨਾਲ ਰਾਜ ਲੈਣ ਤੇ ਰਾਜ ਨਾਲ ਨੋਟ ’ਕੱਠੇ ਕਰਨ ਦਾ ਡਰਾਮਾ ਤਾਂ ਨਹੀਂ ਕਰੀ ਜਾ ਰਹੇ ?

ਕੁਝ ਸਾਲ ਪਹਿਲਾਂ ਮੈਂ ਸਿਆਟਲ ਕਬੱਡੀ ਟੂਰਨਾਮੈਂਟ ਦੀ ਕੁਮੈਂਟਰੀ ਕਰਨ ਗਿਆ। ਕੁਮੈਂਟਰੀ ਕਰਦਿਆਂ ਮੈਥੋਂ ਕਿਹਾ ਗਿਆ ਕਿ ਕੰਪਿਊਟਰ ਸਾਫਟਵੇਅਰ ਵਾਲਾ ਬਿੱਲ ਗੇਟਸ ਇਸੇ ਸ਼ਹਿਰ ਦਾ ਹੀ ਹੈ। ਉਹ ਸਭ ਤੋਂ ਵੱਡਾ ਇੰਪਲਾਇਰ ਹੈ। ਉਹਦੀ ਸਾਲਾਨਾ ਆਮਦਨ ੯੦ ਬਿਲੀਅਨ ਡਾਲਰ ਤੋਂ ਵੱਧ ਐ। ਇੱਕ ਬੰਦਾ ਮੇਰੇ ਕੋਲ ਆਇਆ ਤੇ ਆਖਣ ਲੱਗਾ, ‘ਬਿੱਲ ਗੇਟਸ ਨਹੀਂ, ਸਭ ਤੋਂ ਵੱਡਾ ਇੰਪਲਾਇਰ ਐ ਗੁਰੂ ਗ੍ਰੰਥ ਸਾਹਿਬ। ਸਾਡਾ ਮਹਾਰਾਜ। ਉਹਦੀ ਸਾਲਾਨਾ ਆਮਦਨ ਦੇ ਤਾਂ ਬਿੱਲ ਗੇਟਸ ਪਾ ਪਾਸਕ ਵੀ ਨਹੀਂ।’

ਮੈਂ ਕਿਹਾ, ‘ਮਹਾਰਾਜ ਤਾਂ ਮਾਇਆ ਤੋਂ ਮੁਕਤੀ ਦਾ ਮਾਰਗ ਦੱਸਦੇ ਨੇ। ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ।’

ਉਸ ਨੇ ਗੱਲ ਸਮਝਾਈ ਅਖੇ ਸਾਡੇ ਮਹਾਰਾਜ ਦੇ ਵੀ ਅਨੇਕਾਂ ਏਜੰਟ ਨੇ, ਜਿਨ੍ਹਾਂ ਵਾਸਕੋ ਡਾ ਗਾਮਾ ਵਾਂਗ ਵਪਾਰੀ ਬਣ ਕੇ ਗੁਰਬਾਣੀ ਹੀ ਵੇਚਣੀ ਲਾ ਛੱਡੀ ਐ ! ਵੇਖ ਲਓ ਹਜ਼ਾਰਾਂ ਗੁਰਦਵਾਰੇ, ਜਥੇਦਾਰਾਂ ਤੇ ਸੇਵਾਦਾਰਾਂ ਨੇ ਕਮਾਈ ਦੇ ਸਟੋਰ ਬਣਾ ਛੱਡੇ ਨੇ। ਉੱਥੇ ਪਾਠ ਵਿਕਦੇ ਨੇ, ਕੀਰਤਨ ਵਿਕੀ ਜਾਂਦੈ, ਕਥਾ ਵਿਕਦੀ ਐ, ਕਾਰ ਸੇਵਾ ਵਿਕਦੀ ਐ, ਕੀ ਨਹੀਂ ਵਿਕਦਾ ਉੱਥੇ ? ਅਗਲਿਆਂ ਨੇ ਅਰਦਾਸ ਦੀ ਵੀ ਭੇਟਾ/ਫੀਸ ਲਾ ਰੱਖੀ ਐ। ਢੋਲਕੀਆਂ ਵਾਜੇ, ਢੱਡ ਸਾਰੰਗੀਆਂ, ਗੱਲ ਕੀ ਸਾਰੇ ਸਾਜ਼ ਬਾਜ ਈ ਪੌਂਡ ਪੌਂਡ, ਡਾਲਰ ਡਾਲਰ ਕੂਕੀ ਜਾਂਦੇ ਨੇ। ਦਰਬਾਰ ਸਾਹਿਬ ਜਾ ਕੇ ਦੇਖ ਲਓ।  ਘੱਟ ਮਾਇਆ ਨਾਲ ਮੱਥਾ ਟੇਕੋ ਤਾਂ ਚੱਲੋ ਅਗਾਂਹ। ਵੱਧ ਮਾਇਆ ਨਾਲ ਮੱਥਾ ਟੇਕੋ ਤਾਂ ਅਗਲੇ ਸਿਰੋਪੇ ਬਖ਼ਸ਼ਦੇ ਨੇ ! ਕੌਣ ਪੁੱਛਦੈ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਮਲਕ ਭਾਗੋ ਦੇ ਮਾਲ੍ਹ ਪੂੜਿਆਂ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਸ਼ਬਦ ਉਚਾਰਿਆ ਸੀ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥  ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥  ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  !॥’’ (ਮ: ੧/੧੫)

ਅਜੇ ਵੀ ਵੇਲਾ ਹੈ ਪਾਖੰਡ ਛੱਡਣ ਦਾ, ਆਪਣੇ ਗੁਰੂ ਦੇ ਲੜ ਲੱਗਣ ਦਾ, ਨਾ ਕਿ ਗੁਰੂ ਨਾਨਕ ਤੋਂ ਬੇਮੁਖ ਹੋ ਕੇ ਵਾਸਕੋ ਡਾ ਗਾਮਾ ਦੇ ਪਿੱਛੇ ਲੱਗ ਬਣਨ ਦਾ ਅਤੇ ਮਾਇਆ ਦੇ ਟੇਟੇ ਚੜ੍ਹ ਕੇ ਖੱਜਲ ਖੁਆਰ ਹੋਈ ਜਾਣ ਦਾ।  ਨਹੀਂ ਤਾਂ ਫਿਰ ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ ?