ਕੀ ਕਰੀਏ, ਬਾਣੀ ਸਾਨੂੰ ਸਮਝ ਹੀ ਨਹੀਂ ਆਉਂਦੀ ?

0
332

ਕੀ ਕਰੀਏ, ਬਾਣੀ ਸਾਨੂੰ ਸਮਝ ਹੀ ਨਹੀਂ ਆਉਂਦੀ ?

               -ਗੁਰਪ੍ਰੀਤ ਸਿੰਘ (U.S.A)

 ਦੀਵਾਨ ਹਾਲ ’ਚ ਮੱਥਾ ਟੇਕਣ ਉਪਰੰਤ ਝੱਟ ਹੀ ਲੰਗਰ ਹਾਲ ਵਿੱਚ ਆ ਸਜੇ ਸਰਦਾਰ ਸਾਹਿਬ ਨੂੰ ਵੀਰ ਉਸਤਤ ਸਿੰਘ ਨੇ ਅਰਜ਼ ਕੀਤੀ, ‘‘ਖਿਮਾ ਕਰਨਾ ਜੀ, ਲੰਗਰ ਤਿਆਰ ਹੋਣ ’ਚ ਹਾਲੇ ਕੁਝ ਸਮਾਂ ਹੋਰ ਲੱਗੇਗਾ, ਤੁਸੀਂ ਜੇ ਚਾਹੋ ਤਾਂ ਉਨ੍ਹਾਂ ਚਿਰ ਗੁਰਬਾਣੀ ਦੇ ਸਹਿਜ ਪਾਠ ਦਾ ਆਨੰਦ ਲੈ ਸਕਦੇ ਹੋ।’’

‘‘ਪਾਠ ਸੁਣ ਕੇ ਹੀ ਇਧਰ ਨੂੰ ਆਇਆ ਸੀ।  ਕੀ ਕਰੀਏ, ਬਾਣੀ ਸਾਨੂੰ ਸਮਝ ਹੀ ਨਹੀਂ ਆਉਂਦੀ ? ਕੇਵਲ ‘ਮਹਲਾ ੫’ ਹੀ ਪਤਾ ਲਗਦਾ ਹੈ’’, ਸਰਦਾਰ ਸਾਹਿਬ ਨੇ ਆਪਣੀ ਨਿਰਾਸਤਾ ਜਤਾਈ।

‘‘ਜੇ ਬੁਰਾ ਨਾ ਮੰਨੋ ਤਾਂ ਇੱਕ ਗੱਲ ਦੱਸੋ, ਕੀ ਤੁਹਾਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ?’’ ਵੀਰ ਜੀ ਨੇ ਸਹਿਜ ਸੁਭਾਅ ਹੀ ਪੁੱਛ ਲਿਆ।

ਸਰਦਾਰ ਜੀ ਦੀਆਂ ਅੱਖਾਂ ’ਚ ਹੁਣ ਕੁਝ ਚਮਕ ਜਿਹੀ ਆਈ ਤੇ ਕਿਹਾ, ‘‘ਹਾਂ, ਜੀ ਹਾਂ, ਮੈਂ ਪੰਜਾਬੀ ਪੜ੍ਹਨ ਤੇ ਲਿਖਣ ਦੇ ਨਾਲ ਹੀ ਹਿੰਦੀ ਵੀ ਬਿਨਾਂ ਕਿਸੇ ਦਿੱਕਤ ਤੋਂ ਪੜ੍ਹ ਲੈਂਦਾ ਹਾਂ।’’

ਤੁਸੀਂ ਪੰਜਾਬੀ ਲਿਖਣਾ ਤੇ ਪੜ੍ਹਨਾ ਕਿਵੇਂ ਸਿੱਖਿਆ ? 

ਬਹੁਤੇ ਲੋਕਾਂ ਦੀ ਤਰ੍ਹਾਂ, ਬਚਪਨ ਵਿੱਚ ਮੈਂ ਵੀ ਸਕੂਲ ਜਾ ਕੇ ਸਿੱਖਿਆ ਤੇ ਦਸਵੀਂ ਤੱਕ ਮੈਨੂੰ ਪੰਜਾਬੀ ਚੰਗੀ ਤਰ੍ਹਾਂ ਸਮਝ ਆ ਚੁੱਕੀ ਸੀ।

ਤੁਹਾਡੇ ਕਹਿਣ ਤੋਂ ਭਾਵ ਕਿ ਤੁਸੀਂ ਪੂਰੇ ਚਾਰ-ਪੰਜ ਸਾਲ ਪੰਜਾਬੀ ਸਿੱਖਣ ’ਤੇ ਲਾਏ ਹਨ। ਅਚਾਨਕ ਵੀਰ ਉਸਤਤ ਸਿੰਘ ਨੇ ਸਰਦਾਰ ਜੀ ਵੱਲ ਇੱਕ ਛੋਟਾ ਜਿਹਾ ਕਦਮ ਵਧਾ ਕੇ, ਪਿਆਰ ਨਾਲ ਉਹਨਾਂ ਦੇ ਮੋਢੇ ’ਤੇ ਹੱਥ ਰੱਖਿਆ ਤੇ ਕਿਹਾ, ‘‘ਗੁਰਬਾਣੀ ਪੜ੍ਹਨ ਤੇ ਸਮਝਣ ਦੀ ਸਿੱਖਿਆ ਲੈਣ ’ਤੇ ਤੁਸੀਂ ਕਿੰਨਾ ਕੁ ਸਮਾਂ ਲਾਇਆ ਹੈ ?’’

ਇਹ ਸੁਣਦੇ ਸਾਰ ਹੀ ਮਾਨੋ ਸਰਦਾਰ ਜੀ ਦੇ ਜਿਵੇਂ ਬੁੱਲ੍ਹ ਸੀਤੇ ਗਏ ਹੋਣ ਤੇ ਚਿਹਰੇ ’ਤੇ ਆਈ ਨਿਰਾਸ਼ਾ ਵੀ ਦੂਰੋਂ ਹੀ ਦੇਖੀ ਜਾ ਸਕਦੀ ਸੀ।  ਕਾਫ਼ੀ ਪਲਾਂ ਬਾਅਦ ਹਾਂ ’ਚ ਸਿਰ ਹਿਲਾਉਂਦਿਆਂ ਚੁੱਪ ਤੋੜੀ, ‘‘ਨਿੱਕੇ ਵੀਰ, ਬੱਸ ਆਹ ਹੀ ਗੱਲ ਆ।  ਕਾਸ਼ !  ਛੋਟੇ ਹੁੰਦਿਆਂ ਨੂੰ ਮਾਪਿਆਂ ਨੇ ਸਮਝਾਇਆ ਹੁੰਦਾ ਕਿ ਬਾਕੀ ਵਿੱਦਿਆ ਦੀ ਤਰ੍ਹਾਂ ਗੁਰਬਾਣੀ ਦੀ ਸੰਥਿਆ ਲੈਣਾ ਵੀ ਬਹੁਤ ਜ਼ਰੂਰੀ ਹੈ।  ਗੁਰਬਾਣੀ ਦੇ ਅਰਥਾਂ ਦੀ ਸੋਝੀ ਹੁੰਦੀ ਤਾਂ ਅੱਜ ਸ਼ਾਇਦ ਜੀਵਨ ਕੁਝ ਹੋਰ ਹੀ ਹੁੰਦਾ !’’

ਉਸਤਤ ਸਿੰਘ ਨੇ ਘੁੱਟ ਕੇ ਗਲ਼ਵੱਕੜੀ ਪਾਉਂਦਿਆਂ ਕਿਹਾ, ‘‘ਦੇਰ ਆਏ-ਦਰੁਸਤ ਆਏ, ਵੀਰ ਜੀ ਉਦਾਸ ਨਾ ਹੋਵੋ, ਆਓ ਆਪਾਂ ਗੁਰੂ ਘਰ ਦੀ ਲਾਇਬ੍ਰੇਰੀ ’ਚੋਂ ਸ਼ੁਰੂਆਤ ਵਜੋਂ ‘ਜਪੁ’ ਜੀ ਦੀ ਬਾਣੀ ਦਾ ਸਟੀਕ ਲਈਏ।

ਲਾਇਬ੍ਰੇਰੀ ਨੂੰ ਜਾਣ ਵਾਸਤੇ ਜਿਵੇਂ ਹੀ ਲੰਗਰ ਹਾਲ ’ਚੋਂ ਬਾਹਰ ਨਿਕਲੇ ਤਾਂ ਧੁਰ ਕੀ ਬਾਣੀ ਦੀਆ ਇਹ ਅੰਮ੍ਰਿਤਮਈ ਤੁਕਾਂ ਉਹਨਾਂ ਦੇ ਕੰਨੀਂ ਪੈ ਰਹੀਆਂ ਸਨ :

ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥  ਨਾਨਕ  ! ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ ॥ (ਮ: ੫/੧੦੯੬)