ਹਰਿ ਜੇਠਿ ਜੁੜੰਦਾ ਲੋੜੀਐ……

0
480

ਹਰਿ ਜੇਠਿ ਜੁੜੰਦਾ ਲੋੜੀਐ…… 

-ਰਮੇਸ਼ ਬੱਗਾ ਚੋਹਲਾ ਗਲੀ ਨੰ:8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)

ਹਰਿ ਜੇਠਿ ਜੁੜੰਦਾ ਲੋੜੀਐ; ਜਿਸੁ, ਅਗੈ ਸਭਿ ਨਿਵੰਨਿ ॥  ਹਰਿ ਸਜਣ ਦਾਵਣਿ ਲਗਿਆ; ਕਿਸੈ ਨ ਦੇਈ ਬੰਨਿ ॥  ਮਾਣਕ ਮੋਤੀ ਨਾਮੁ ਪ੍ਰਭ; ਉਨ, ਲਗੈ ਨਾਹੀ ਸੰਨਿ ॥  ਰੰਗ ਸਭੇ ਨਾਰਾਇਣੈ; ਜੇਤੇ ਮਨਿ ਭਾਵੰਨਿ ॥  ਜੋ ਹਰਿ ਲੋੜੇ, ਸੋ ਕਰੇ; ਸੋਈ ਜੀਅ ਕਰੰਨਿ ॥  ਜੋ, ਪ੍ਰਭਿ ਕੀਤੇ ਆਪਣੇ; ਸੇਈ ਕਹੀਅਹਿ ਧੰਨਿ ॥  ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ॥  ਸਾਧੂ ਸੰਗੁ ਪਰਾਪਤੇ; ਨਾਨਕ  !  ਰੰਗ ਮਾਣੰਨਿ ॥  ਹਰਿ ਜੇਠੁ ਰੰਗੀਲਾ ਤਿਸੁ ਧਣੀ; ਜਿਸ ਕੈ, ਭਾਗੁ ਮਥੰਨਿ ॥੪॥ (ਮ: ੫/੧੩੪)

ਵਿਆਖਿਆ:- ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਲਿਖੇ ਬਾਰਹਮਾਹ ’ਚ ਕਾਵਿ-ਸੁਹਜ ਲਈ ਵੱਖ-ਵੱਖ ਪ੍ਰਕਾਰ ਦੇ ਬਿੰਬ ਸਿਰਜੇ ਹਨ। ਇਸ ਸਿਰਜਣਾ ਸਦਕਾ ਗੁਰੂ ਸਾਹਿਬ ਨੇ ਮਨੁੱਖੀ ਮਨ ਦੀ ਭਾਵਕ ਸਥਿਤੀ ਪੂਰਨ ਰੂਪ ’ਚ ਬਿਆਨ ਕੀਤੀ ਹੈ।

ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ ਕਿ ਜਿਸ ਹਰੀ ਦੇ ਅੱਗੇ ਸਾਰੇ ਜੀਵ-ਜੰਤੂ ਸੀਸ ਨਿਵਾਉਂਦੇ ਹਨ, ਜੇਠ ਦੇ ਮਹੀਨੇ ਉਸ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ। ਜੇ ਹਰੀ ਦੇ ਚਰਨਾਂ ਨਾਲ ਜੁੜੇ ਰਹੀਏ ਤਾਂ ਉਹ ਕਿਸੇ ਜਮ ਆਦਿ ਨੂੰ ਇਹ ਆਗਿਆ ਨਹੀਂ ਦੇਵੇਗਾ ਕਿ ਉਹ ਉਸ (ਪਰਮਾਤਮਾ) ਨੂੰ ਪਿਆਰ ਕਰਨ ਵਾਲੇ ਜੀਵੜੇ ਨੂੰ ਬੰਨ੍ਹ ਕੇ ਅੱਗੇ ਲਾ ਲਏ ਭਾਵ ਪ੍ਰਭੂ ਦੇ ਲੜ ਲੱਗਿਆਂ ਜਮਦੂਤਾਂ ਦਾ ਡਰ ਖ਼ਤਮ ਹੋ ਜਾਂਦਾ ਹੈ।

ਲੋਕ ਦੁਨਿਆਵੀ ਧੰਨ-ਦੌਲਤ ਨੂੰ ਇਕੱਠਾ ਕਰਨ ਲਈ ਕਈ ਪ੍ਰਕਾਰ ਦੇ ਪਾਪੜ ਵੇਲਦੇ ਹਨ। ਇਸ ਧੰਨ-ਦੌਲਤ ਦੇ ਚੋਰੀ ਹੋ ਜਾਣ ਦਾ ਧੜਕੂ (ਧੜਕਾ) ਵੀ ਲੱਗਾ ਰਹਿੰਦਾ ਹੈ ਪਰ ਪਰਮਾਤਮਾ ਦੇ ਨਾਮ ਦੀ ਦੌਲਤ ਕਦੇ ਚੁਰਾਈ ਨਹੀਂ ਜਾ ਸਕਦੀ। ਇਸ ਨਾਮ ਰੂਪੀ ਦੌਲਤ ਦੀ ਬਰਕਤ ਨਾਲ ਪਰਮਾਤਮਾ ਦੇ ਜਿੰਨੇ ਵੀ ਕੌਤਕ ਹੋ ਰਹੇ ਹਨ, ਉਹ ਸਾਰੇ ਹੀ ਮਨ ਨੂੰ ਭਾਉਂਦੇ ਹਨ।

ਪੰਚਮ ਪਾਤਸ਼ਾਹ ਅਨੁਸਾਰ ਪਰਮਾਤਮਾ ਅਤੇ ਉਸ ਦੇ ਪੈਦਾ ਕੀਤੇ ਹੋਏ ਜੀਵ, ਉਹੀ ਕੁੱਝ ਕਰਦੇ ਹਨ, ਜੋ ਉਸ (ਪਰਮਾਤਮਾ) ਨੂੰ ਚੰਗਾ ਲੱਗਦਾ ਹੈ। ਜਿਹੜੇ ਜਿਹੜੇ ਜੀਵਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਭਾਵ ਜਿਨ੍ਹਾਂ ਉੱਪਰ ਉਸ ਦੀ ਬਖ਼ਸ਼ਸ਼ ਹੋ ਗਈ ਉਹ ਜੀਵ ਧੰਨਤਾ ਦੇ ਯੋਗ ਹੋ ਗਏ।

ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਦਾ ਪਿਆਰ ਕਿਸੇ ਦੁਨਿਆਵੀ ਉਦਮ/ਪਦਾਰਥ ਜਾਂ ਚਤਰਾਈ ਨਾਲ ਨਹੀਂ ਪਾਇਆ ਜਾ ਸਕਦਾ। ਜੇ ਇਸ ਤਰ੍ਹਾਂ ਹੋ ਸਕਦਾ ਹੋਵੇ ਤਾਂ ਜੀਵ ਉਸ ਤੋਂ ਵਿਛੜ ਕੇ ਦੁੱਖੀ ਕਿਉਂ ਹੋਣ ?

ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਗਵਾਹੀ ਨਾਲ ਪੰਚਮ ਪਾਤਸ਼ਾਹ ਕਹਿ ਰਹੇ ਹਨ ਕਿ ਪਰਮਾਤਮਾ ਦੇ ਮਿਲਾਪ ਦਾ ਅਨੰਦ ਕੇਵਲ ਉਹੀ ਮਨੁੱਖ ਮਾਣ ਸਕਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਪ੍ਰਾਪਤ ਹੋ ਜਾਂਦਾ ਹੈ। ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਜਾਂਦੇ ਹਨ, ਉਸ ਨੂੰ ਜੇਠ ਦਾ ਤਪਸ਼ ਭਰਿਆ ਮਹੀਨਾ ਵੀ ਸੁਹਾਵਣਾ ਅਤੇ ਠੰਡਾ ਲੱਗਣ ਲੱਗਾ ਪੈਂਦਾ ਹੈ।

——੦—–