ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28,
ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783
ਸਵਾਲ :- ਐਨਜਾਈਨਾ ਕੀ ਹੈ ?
ਜਵਾਬ :-ਜਦੋਂ ਦਿਲ ਦੇ ਪੱਠਿਆਂ ਵੱਲ ਜਾਂਦਾ ਲਹੂ ਘੱਟ ਹੋ ਜਾਏ ਤਾਂ ਛਾਤੀ ਵਿਚ ਪੀੜ ਹੋਣ ਲੱਗ ਪੈਂਦੀ ਹੈ, ਜਿਸ ਨੂੰ ਐਨਜਾਈਨਾ ਕਹਿੰਦੇ ਹਨ।
ਸਵਾਲ :-ਐਨਜਾਈਨਾ ਦੀ ਪੀੜ ਛਾਤੀ ਦੇ ਕਿਹੜੇ ਹਿੱਸੇ ’ਚ ਹੁੰਦੀ ਹੈ ?
ਜਵਾਬ :-ਛਾਤੀ ਦੀ ਵਿਚਕਾਰਲੀ ਹੱਡੀ ਦੇ ਪਿੱਛੇ, ਐਨ ਵਿਚਕਾਰ ਜਾਂ ਰਤਾ ਕੁ ਖੱਬੇ ਪਾਸੇ। ਕਈ ਵਾਰ ਪੀੜ ਛਾਤੀ ਦੀ ਵਿਚਕਾਰਲੀ ਹੱਡੀ ਦੇ ਹੇਠਲੇ ਸਿਰੇ ਉੱਤੇ ਵੀ ਹੋ ਸਕਦੀ ਹੈ।
ਸਵਾਲ :-ਇਹ ਪੀੜ ਕਿਵੇਂ ਪਛਾਣੀ ਜਾ ਸਕਦੀ ਹੈ ?
ਜਵਾਬ :- ਜਿਨ੍ਹਾਂ ਦੀਆਂ ਦਿਲ ਦੀਆਂ ਨਾੜੀਆਂ ਭੀੜੀਆਂ ਹੋ ਚੁੱਕੀਆਂ ਹੋਣ, ਉਨ੍ਹਾਂ ਵਿਚ ਐਨਜਾਈਨਾ ਦੀ ਪੀੜ ਆਮ ਤੌਰ ਉੱਤੇ ਤੇਜ਼ ਤੁਰਨ ਨਾਲ, ਖ਼ਾਸ ਕਰ ਖਾਣਾ ਖਾਣ ਬਾਅਦ, ਪੌੜੀਆਂ ਚੜ੍ਹਨ ਉੱਤੇ, ਤਣਾਓ, ਇਕਦਮ ਲੱਗਿਆ ਮਾਨਸਿਕ ਝਟਕਾ, ਆਦਿ ਨਾਲ ਹੋ ਸਕਦੀ ਹੈ। ਇਹ ਪੀੜ ਛਾਤੀ ਦੇ ਵਿਚਕਾਰੋਂ ਸ਼ੁਰੂ ਹੋ ਕੇ ਗਲ਼ੇ ਵਿਚ, ਖੱਬੀ ਬਾਂਹ ਵਿਚ, ਦੋਵਾਂ ਬਾਹਾਂ ਵਿਚ, ਕਦੇ-ਕਦੇ ਜਾੜ੍ਹ ਜਾਂ ਢਿੱਡ ਦੇ ਉੱਪਰਲੇ ਹਿੱਸੇ ਤੱਕ ਜਾ ਸਕਦੀ ਹੈ।
ਜੇ ਬੈਠਣ ਜਾਂ ਆਰਾਮ ਕਰਨ ਨਾਲ ਪੀੜ ਨੂੰ ਆਰਾਮ ਦਿਸੇ ਤਾਂ ਇਹ ਐਨਜਾਈਨਾ ਦਾ ਹੀ ਲੱਛਣ ਹੈ। ਜੇ ਜੀਭ ਹੇਠਾਂ ਨਾਈਟਰੇਟ ਦੀ ਗੋਲੀ ਰੱਖ ਕੇ ਚੂਸਣ ਨਾਲ ਵੀ ਆਰਾਮ ਦਿਸੇ ਤਾਂ ਇਹ ਐਨਜਾਈਨਾ ਦੀ ਹੀ ਪੀੜ ਹੈ।
ਪੀੜ ਦੇ ਨਾਲ ਹੀ ਘਬਰਾਹਟ, ਧੜਕਨ ਵਧਣੀ, ਠੰਡੇ ਪਸੀਨੇ ਆਉਣੇ, ਉਲਟੀ ਆਉਣੀ ਵੀ ਆਮ ਹੀ ਹੋਣ ਲੱਗ ਪੈਂਦੇ ਹਨ।
ਸਵਾਲ :-ਕਾਰਨ ਕੀ ਹੈ ?
ਜਵਾਬ :-ਜਦੋਂ ਲਹੂ ਦੀਆਂ ਨਾੜੀਆਂ ਵਿਚ ਥਿੰਦੇ ਦੀਆਂ ਢੇਲੀਆਂ ਜੰਮ ਜਾਣ ਤਾਂ ਨਾੜੀ ਭੀੜੀ ਹੋ ਜਾਂਦੀ ਹੈ। ਜਦੋਂ ਇਹ ਰੋਕਾ ਦਿਲ ਦੀ ਨਾੜੀ ਦਾ 70 ਫੀਸਦੀ ਰਾਹ ਬੰਦ ਕਰ ਦੇਵੇ ਤਾਂ ਪੀੜ ਹੋਣ ਲੱਗ ਪੈਂਦੀ ਹੈ।
ਸਵਾਲ :-ਲਹੂ ਦੀਆਂ ਨਾੜੀਆਂ ਵਿਚ ਇਹ ਢੇਲੀਆਂ ਜੰਮਦੀਆਂ ਕਿਉਂ ਹਨ ?
ਜਵਾਬ :-ਇਸ ਨੂੰ ਐਥਰੋਸਕਲਿਰੋਸਿਸ ਕਿਹਾ ਜਾਂਦਾ ਹੈ। ਜਦੋਂ ਦੋ ਸਾਲ ਦੀ ਉਮਰ ਹੁੰਦੀ ਹੈ, ਉਦੋਂ ਤੋਂ ਹੀ ਸਰੀਰ ਅੰਦਰ ਐਥਰੋਸਕਲਿਰੋਸਿਸ ਸ਼ੁਰੂ ਹੋ ਜਾਂਦਾ ਹੈ। ਕੁੱਝ ਕਾਰਨਾਂ ਕਰ ਕੇ ਵੱਡੀ ਉਮਰ ਵਿਚ ਇਹ ਵੱਧ ਹੋ ਜਾਂਦਾ ਹੈ; ਜਿਵੇਂ ਕਿ
- ਤੰਬਾਕੂ ਸੇਵਨ
- ਸ਼ੱਕਰ ਰੋਗ
- ਬਲੱਡ ਪ੍ਰੈੱਸ਼ਰ ਦਾ ਰੋਗ
- ਸਰੀਰ ਅੰਦਰ ਕੋਲੈਸਟਰੋਲ ਦਾ ਵਾਧਾ
- ਮੋਟਾਪਾ
- ਬਹੁਤੀ ਦੇਰ ਬੈਠੇ ਰਹਿਣਾ, ਆਦਿ।
ਸਵਾਲ :- ਕੋਲਸਟਰੋਲ ਦਾ ਵਾਧਾ ਕਿਵੇਂ ਹੁੰਦਾ ਹੈ ?
ਜਵਾਬ :- ਖ਼ੁਰਾਕ ਰਾਹੀਂ ਸਿਰਫ਼ ਅੰਦਰ ਦਾ 20 ਫੀਸਦੀ ਕੋਲੈਸਟਰੋਲ ਦਾ ਹਿੱਸਾ ਬਣਦਾ ਹੈ। ਬਾਕੀ 80 ਫੀਸਦੀ ਸਰੀਰ ਆਪ ਬਣਾਉਂਦਾ ਹੈ। ਸਰੀਰ ਦੇ ਵਿਚ ਕੋਲੈਸਟਰੋਲ ਦੇ ਵਾਧੂ ਬਣਨ ਦੇ ਕਾਰਨ ਹਨ-ਤੰਬਾਕੂ, ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ, ਮੋਟਾਪਾ, ਜੀਨ ਆਧਾਰਿਤ, ਆਦਿ।
ਸਵਾਲ :- ਚੰਗਾ, ਮਾੜਾ ਕੋਲੈਸਟਰੋਲ ਕੀ ਹੈ ?
ਜਵਾਬ :-ਸਰੀਰ ਅੰਦਰ ਕੋਲੈਸਟਰੋਲ ਦੇ ਐਲ. ਡੀ. ਐਲ. ਤੇ ਐਚ. ਡੀ. ਐਲ. ਅੰਸ਼ ਹੁੰਦੇ ਹਨ। ਐਚ. ਡੀ. ਐਲ. ਵਧੀਆ ਕੋਲੈਸਟਰੋਲ ਗਿਣਿਆ ਜਾਂਦਾ ਹੈ। ਐਲ. ਡੀ. ਐਲ. ਅਤੇ ਨੋਨ ਐਚ. ਡੀ. ਐਲ. ਕੋਲੈਸਟਰੋਲ ਮਾੜੇ ਗਿਣੇ ਜਾਂਦੇ ਹਨ।
ਇਹ ਮਾੜੇ ਇਸ ਲਈ ਗਿਣੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਵਾਧੇ ਨਾਲ ਦਿਲ ਦੇ ਰੋਗ ਹੋਣ ਦੇ ਆਸਾਰ ਕਾਫ਼ੀ ਵਧ ਜਾਂਦੇ ਹਨ। ਦਿਲ ਦੇ ਰੋਗਾਂ ਵਾਲੇ ਮਰੀਜ਼ਾਂ ਦੇ ਟੈਸਟਾਂ ਦੇ ਆਧਾਰ ਉੱਤੇ ਇਹ ਤੱਥ ਸਾਹਮਣੇ ਆਏ ਹਨ।
ਸਵਾਲ :-ਐਚ. ਡੀ. ਐਲ. ਕੋਲੈਸਟਰੋਲ ਕਿਵੇਂ ਵਧਾਇਆ ਜਾ ਸਕਦਾ ਹੈ ?
ਜਵਾਬ :- ਰੈਗੂਲਰ ਕਸਰਤ, ਸਟੈਟਿਨ ਦਵਾਈਆਂ ਦੀ ਵਰਤੋਂ, ਕੌਫ਼ੀ ਦਾ ਸੇਵਨ।
ਸਵਾਲ :- ਐਲ. ਡੀ. ਐਲ. ਕੋਲੈਸਟਰੋਲ ਕਿਵੇਂ ਘਟਾਇਆ ਜਾ ਸਕਦਾ ਹੈ ?
ਜਵਾਬ :- ਸੈਚੂਰੇਟਿਡ ਘਿਓ ਦੀ ਵਰਤੋਂ ਘਟਾ ਕੇ ਅਤੇ ਸਟੈਟਿਨ ਦਵਾਈਆਂ ਦੀ ਵਰਤੋਂ ਨਾਲ ਇਹ ਹੋ ਸਕਦਾ ਹੈ।
ਸਵਾਲ :- ਕੀ ਐਨਜਾਈਨਾ ਔਰਤਾਂ ਵਿਚ ਵੀ ਹੁੰਦਾ ਹੈ ?
ਜਵਾਬ :-ਜਦੋਂ ਤੱਕ ਮਾਹਵਾਰੀ ਆ ਰਹੀ ਹੋਵੇ, ਉਦੋਂ ਤਕ ਈਸਟਰੋਜਨ ਹਾਰਮੋਨ ਐਨਜਾਈਨਾ ਹੋਣ ਤੋਂ ਕਾਫ਼ੀ ਹੱਦ ਤੱਕ ਬਚਾਉਂਦਾ ਹੈ। ਮਾਹਵਾਰੀ ਬੰਦ ਹੋਣ ਤੋਂ ਬਾਅਦ ਔਰਤਾਂ ਤੇ ਮਰਦਾਂ ਵਿਚ ਐਨਜਾਈਨਾ ਹੋਣ ਦਾ ਖ਼ਤਰਾ ਇੱਕੋ ਜਿੰਨਾ ਹੁੰਦਾ ਹੈ।
ਸਵਾਲ :- ਐਨਜਾਈਨਾ ਲੱਭਣ ਲਈ ਕਿਹੜੇ ਟੈਸਟਾਂ ਦੀ ਲੋੜ ਹੁੰਦੀ ਹੈ ?
ਜਵਾਬ :-(1) ਈ. ਸੀ. ਜੀ. :- ਦਰਦ ਦੇ ਦੌਰਾਨ ਈ. ਸੀ. ਜੀ. ਵਿਚ ਨੁਕਸ ਹੋ ਸਕਦਾ ਹੈ ਪਰ ਦਰਦ ਦੇ ਬਗ਼ੈਰ ਕਈ ਵਾਰ ਇਹ ਉੱਕਾ ਹੀ ਨਾਰਮਲ ਹੁੰਦੀ ਹੈ।
(2) ਸਟਰੈੱਸ ਟੈਸਟ :- ਮਰੀਜ਼ ਨੂੰ ਮਸ਼ੀਨ ਦੇ ਪਟੇ ਉੱਤੇ ਤੁਰਾਉਂਦੇ ਹੋਏ ਈ. ਸੀ. ਜੀ. ਕੀਤੀ ਜਾਂਦੀ ਹੈ।
(3) ਈਕੋ/ਕਲਰ ਡਾਪਲਰ
(4) ਥੇਲੀਅਮ ਸਕੈਨ
(5) ਲਹੂ ਦੇ ਟੈਸਟ
ਸਵਾਲ :- ਖ਼ਤਰੇ ਦੇ ਨਿਸ਼ਾਨ ਕਿਹੜੇ ਹਨ ?
ਜਵਾਬ :- (1) ਬੈਠੇ ਹੋਏ, ਬਿਨਾਂ ਕਿਸੇ ਵਰਜਿਸ਼ ਦੇ, ਛਾਤੀ ਵਿਚ ਪੀੜ ਹੋਣੀ।
(2) ਪਹਿਲਾਂ ਤੋਂ ਹੀ ਐਨਜਾਈਨਾ ਹੋਵੇ, ਪਰ ਹੁਣ ਲੱਛਣ ਥੋੜ੍ਹਾ ਤੁਰਨ ਉੱਤੇ ਹੀ ਹੋਣ ਲੱਗ ਪੈਣ ਜਾਂ ਛੇਤੀ-ਛੇਤੀ ਪੀੜ ਹੋਣ ਲੱਗ ਪਵੇ। ਇਸ ਨੂੰ ‘ਕਰਿਸੈਂਡੋ ਐਨਜਾਈਨਾ’ ਕਿਹਾ ਜਾਂਦਾ ਹੈ।
(3) ਹਾਰਟ ਅਟੈਕ ਹੋਣ ਤੋਂ ਬਾਅਦ ਦੁਬਾਰਾ ਪੀੜ ਹੋਣੀ ਸ਼ੁਰੂ ਹੋ ਜਾਣੀ। ਇਸ ਨੂੰ ‘ਪੋਸਟ ਇਨਫਾਰਕਸ਼ਨ ਐਨਜਾਈਨਾ’ ਕਿਹਾ ਜਾਂਦਾ ਹੈ।
(4) ਪਹਿਲੀ ਵਾਰ ਹੋਇਆ ਐਨਜਾਈਨਾ ਦਾ ਦਰਦ।
(5) ਐਂਜੀਓਪਲਾਸਟੀ ਜਾਂ ਬਾਈਪਾਸ ਤੋਂ ਬਾਅਦ ਦੁਬਾਰਾ ਪੀੜ ਹੋਣੀ ਸ਼ੁਰੂ ਹੋ ਜਾਣੀ।
ਸਵਾਲ :- ਕੀ ਐਨਜਾਈਨਾ ਵਿਚ ਜਾਨ ਨੂੰ ਖ਼ਤਰਾ ਹੁੰਦਾ ਹੈ ?
ਜਵਾਬ :- ਜਿਸ ਨੂੰ ਪਹਿਲਾਂ ਤੋਂ ਹੀ ਐਨਜਾਈਨਾ ਹੋਵੇ ਤੇ ਪਿਛਲੇ ਛੇ ਹਫ਼ਤਿਆਂ ਤੋਂ ਦਵਾਈ ਖਾਣ ਨਾਲ ਪੀੜ ਨਾ ਮਹਿਸੂਸ ਹੁੰਦੀ ਹੋਵੇ, ਯਾਨੀ ਬੀਮਾਰੀ ਕਾਬੂ ਵਿਚ ਹੋਵੇ ਤਾਂ ਜਾਨ ਨੂੰ ਖ਼ਤਰਾ ਘੱਟ ਹੁੰਦਾ ਹੈ।
ਪਹਿਲਾਂ ਦੱਸ ਚੁੱਕੇ ਖ਼ਤਰੇ ਦੇ ਲੱਛਣਾਂ ਵਿਚ ਜਾਨ ਨੂੰ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ।
ਸਵਾਲ :- ਅਨਸਟੇਬਲ ਐਨਜਾਈਨ ਕੀ ਹੈ ?
ਜਵਾਬ :-ਜਿਹੜੇ ਖ਼ਤਰੇ ਦੇ ਨਿਸ਼ਾਨ ਪਹਿਲਾਂ ਦੱਸੇ ਜਾ ਚੁੱਕੇ ਹਨ, ਇਨ੍ਹਾਂ ਨੂੰ ਅਨਸਟੇਬਲ ਐਨਜਾਈਨਾ ਕਿਹਾ ਜਾਂਦਾ ਹੈ।
ਸਵਾਲ :- ਅਨਸਟੇਬਲ ਐਨਜਾਈਨਾ ਦੌਰਾਨ ਕੀ ਕਰਨਾ ਚਾਹੀਦਾ ਹੈ ?
ਜਵਾਬ :-ਅਨਸਟੇਬਲ ਐਨਜਾਈਨਾ ਕੁਦਰਤ ਵੱਲੋਂ ਵਜਾਈ ਖ਼ਤਰੇ ਦੀ ਘੰਟੀ ਹੁੰਦੀ ਹੈ। ਬਹੁਤ ਜ਼ਿਆਦਾ ਜਵਾਨ ਮੌਤਾਂ ਇਸ ਖ਼ਤਰੇ ਦੀ ਘੰਟੇ ਨੂੰ ਨਜ਼ਰਅੰਦਾਜ਼ ਕਰਨ ਨਾਲ ਹੀ ਹੁੰਦੀਆਂ ਹਨ। ਇਸ ਘੰਟੀ ਵਾਲੇ ਲੱਛਣਾਂ ਦਾ ਮਤਲਬ ਹੈ ਕਿ ਇਕਦਮ ਆਰਾਮ ਕਰ ਕੇ, ਹਥਲਾ ਕੰਮ ਛੱਡ ਕੇ ਐਂਬੂਲੈਂਸ ਰਾਹੀਂ ਤੁਰੰਤ ਸਪੈਸ਼ਲਿਸਟ ਡਾਕਟਰ ਕੋਲ ਪਹੁੰਚ ਜਾਣਾ ਚਾਹੀਦਾ ਹੈ।
ਸਵਾਲ :- ਅਨਸਟੇਬਲ ਐਨਜਾਈਨਾ ਦੌਰਾਨ ਸਰੀਰ ਅੰਦਰ ਕੀ ਵਾਪਰਦਾ ਹੈ ?
ਜਵਾਬ :-ਇਸ ਮੌਕੇ ਬਾਰੇ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ। ਐਨਜਾੲਨ ਦੀ ਪੀੜ ਉਦੋਂ ਹੁੰਦੀ ਹੈ ਜਦੋਂ ਨਸਾਂ ਵਿਚ 70 ਫੀਸਦੀ ਤੋਂ ਵੱਧ ਰੋਕਾ ਹੋ ਚੁੱਕਿਆ ਹੁੰਦਾ ਹੈ। ਅਨਸਟੇਬਲ ਐਨਜਾਈਨਾ ਇਸ ਲਈ ਖ਼ਤਰਨਾਕ ਹੈ ਕਿਉਂਕਿ ਇਸ ਵਿਚ ਨਸਾਂ ਵਿਚ ਰੋਕਾ 40 ਫੀਸਦੀ ਤੋਂ ਵੀ ਘੱਟ ਹੁੰਦਾ ਹੈ, ਪਰ ਉਸ ਪੀੜ ਦੇ ਸਮੇਂ ਕਿਸੇ ਇਕ ਛੋਟੀ ਜਿਹੀ ਢੇਲੀ ਵਿਚ ਤ੍ਰੇੜ ਆ ਜਾਂਦੀ ਹੈ, ਜਿਸ ਦੇ ਦੁਆਲੇ ਲਹੂ ਦੇ ਸੈਲ ਜੰਮਣ ਲੱਗ ਪੈਂਦੇ ਹਨ। ਇੰਜ ਮਰੀਜ਼ ਨੂੰ ਜਾਪਦਾ ਹੈ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਧੱਕੋ ਜ਼ੋਰੀ ਹਥਲਾ ਕੰਮ ਕਰੀ ਜਾਂਦਾ ਹੈ ਭਾਵੇਂ ਕਾਰ ਹੀ ਕਿਉਂ ਨਾ ਚਲਾ ਰਿਹਾ ਹੋਵੇ। ਏਨੇ ਨੂੰ ਸਕਿੰਟਾਂ ਵਿਚ ਲਹੂ ਦੇ ਸੈੱਲਾਂ ਦੇ ਝਟਪਟ ਇੱਕ ਦੂਜੇ ਨਾਲ ਚਿੰਬੜਦੇ ਹੋਏ ਨਸ ਲਗਭਗ ਪੂਰਨ ਰੂਪ ਵਿਚ ਹੀ ਬੰਦ ਹੋ ਜਾਂਦੀ ਹੈ ਤੇ ਸਕਿੰਟਾਂ ਵਿਚ ਖੜ੍ਹੇ ਖਲੋਤੇ ਜਾਂ ਬੈਠੇ ਜਾਂ ਕਾਰ ਚਲਾਉਂਦੇ ਹੀ ਬੰਦਾ ਸਵਾਸ ਤਿਆਗ਼ ਜਾਂਦਾ ਹੈ।
ਇਹ ਜਾਣਕਾਰੀ ਦੇਣ ਦਾ ਇੱਕੋ ਮਕਸਦ ਸੀ ਕਿ ਅਨੇਕ ਜਵਾਨ ਜ਼ਿੰਦਗੀਆਂ ਰੋਜ਼ ਅਜਾਈਂ ਜਾ ਰਹੀਆਂ ਹਨ। ਸਾਰੇ ਦੇ ਸਾਰੇ ਅਜਿਹੇ ਮਰੀਜ਼ ਸਿਰਫ਼ ਇਹ ਲੱਛਣਾਂ ਦੀ ਬੇਗ਼ੌਰੀ ਕਰਨ ਸਦਕਾ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਛਾਤੀ ਵਿਚ ਹੁੰਦੀ ਪੀੜ ਬਾਰੇ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਭਾਵੇਂ ਟੈਸਟਾਂ ਤੋਂ ਬਾਅਦ ਇਹ ਕਾਰਨ ਨਾ ਲੱਭੇ ਤਾਂ ਕੋਈ ਡਰ ਨਹੀਂ ਪਰ ਜਿਉਂ ਹੀ ਇਹ ਲੱਛਣ ਹੋਵੇ, ਤਾਂ ਤੁਰੰਤ ਸਪੈਸ਼ਲਿਸਟ ਕੋਲ ਪਹੁੰਚ ਕੇ ਸਟੈਂਟ ਪੁਆਉਣ ਦੀ ਲੋੜ ਹੁੰਦੀ ਹੈ ਤਾਂ ਜੋ ਰੋਕੇ ਵਾਲੀ ਥਾਂ ਝਟਪਟ ਖੋਲ੍ਹੀ ਜਾ ਸਕੇ। ਇਹ ਜਾਨ ਬਚਾਉਣ ਦਾ ਇੱਕੋ ਇੱਕ ਐਮਰਜੈਂਸੀ ਤਰੀਕਾ ਹੈ। ਜੇ ਰਤਾ ਵੀ ਲੇਟ ਹੋ ਗਏ ਤਾਂ ਸਕਿੰਟਾਂ ਵਿਚ ਮੌਤ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਝਟਪਟ ਜੁੜਦੇ ਜਾਂਦੇ ਸੈੱਲਾਂ ਨੂੰ ਇਕਦਮ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ ਹੁੰਦਾ।
ਇਸ ਐਮਰਜੈਂਸੀ ਨਿੱਕੇ ਅਪਰੇਸ਼ਨ ਨਾਲ ਮਰੀਜ਼ ਦੀ ਜਾਨ ਬਚ ਜਾਣ ਬਾਅਦ ਫੇਰ ਬਾਈਪਾਸ ਅਪਰੇਸ਼ਨ ਲਈ ਡਾਕਟਰ ਦੀ ਸਲਾਹ ਨਾਲ ਸੋਚਿਆ ਜਾ ਸਕਦਾ ਹੈ।
ਸਵਾਲ :- ਕੀ ਸਟੈਂਟ ਤੋਂ ਬਾਅਦ ਬਾਈਪਾਸ ਅਪਰੇਸ਼ਨ ਦੀ ਲੋੜ ਹੁੰਦੀ ਹੈ ?
ਜਵਾਬ :- ਜੇ ਲੱਛਣ ਨਾ ਹੋਣ ਤਾਂ ਬਾਈਪਾਸ ਅਪਰੇਸ਼ਨ ਦੀ ਲੋੜ ਨਹੀਂ ਰਹਿੰਦੀ।
ਸਵਾਲ :- ਅਨਸਟੇਬਲ ਐਨਜਾਈਨਾ ਕਿਉਂ ਸ਼ੁਰੂ ਹੁੰਦਾ ਹੈ ?
ਜਵਾਬ :- ਸਵਖਤੇ ਵੇਲੇ ਸਰੀਰ ਅੰਦਰ ਨਿਕਲਦੇ ਹਾਰਮੋਨ, ਸਵੇਰ ਦੇ ਕੰਮ ਦਾ ਤਣਾਓ ਅਤੇ ਸਵੇਰ ਵੇਲੇ ਪਲੇਟਲੈਟ ਸੈੱਲਾਂ ਦੇ ਵੱਧ ਚਿਪਕਣ ਵਾਲੀ ਸਮਰਥਾ ਸਦਕਾ ਸਵੇਰੇ ਇਹ ਪੀੜ ਜ਼ਿਆਦਾ ਮਹਿਸੂਸ ਹੁੰਦੀ ਹੈ।
ਇਸ ਦੇ ਨਾਲ-ਨਾਲ ਸਵੇਰੇ ਪਖ਼ਾਨੇ ਲਈ ਲਾਇਆ ਜ਼ੋਰ ਤੇ ਬੁਰਸ਼ ਕਰਨ ਲੱਗਿਆਂ ਸੰਘ ਅੰਦਰ ਬੁਰਸ਼ ਮਾਰ ਕੇ ਖੰਘਾਰ ਕੱਢਣ ਨਾਲ ਲੱਗੇ ਜ਼ੋਰ ਦੌਰਾਨ ਹਾਰਟ ਅਟੈਕ ਵੀ ਹੋ ਸਕਦਾ ਹੈ, ਜੋ ਮੌਤ ਦਾ ਕਾਰਨ ਬਣ ਜਾਂਦਾ ਹੈ।
ਸਵਾਲ :- ਕੀ ਇਕ ਵਾਰ ਪਿਆ ਸਟੈਂਟ ਹਮੇਸ਼ਾ ਲਈ ਬੰਦੇ ਨੂੰ ਨਿਰੋਗ ਕਰ ਸਕਦਾ ਹੈ ?
ਜਵਾਬ :- ਸਟੈਂਟ ਪਾਉਣ ਨਾਲ ਸਰੀਰ ਅੰਦਰਲੀ ਬੀਮਾਰੀ, ਜਿਸ ਨੂੰ ਐਥਿਰੋ ਥਰੋਂਮਬੋਸਿਸ ਕਹਿੰਦੇ ਹਨ, ਖ਼ਤਮ ਨਹੀਂ ਹੁੰਦੀ। ਉਹ ਨਿਰੰਤਰ ਵਧਦੀ ਰਹਿੰਦੀ ਹੈ। ਸਟੈਂਟ ਪਾਉਣ ਨਾਲ ਸਿਰਫ਼ ਇਕ ਥਾਂ ਦਾ ਰੋਕਾ ਹੀ ਠੀਕ ਕੀਤਾ ਜਾ ਸਕਦਾ ਹੈ।
ਇੱਕੋ ਨਾੜੀ ਵਿਚ, ਜਿਸ ਵਿਚ ਸਟੈਂਟ ਪਾਇਆ ਗਿਆ ਹੋਵੇ, ਉਸ ਵਿਚ ਵੀ ਕਿਸੇ ਦੂਜੀ ਥਾਂ ਜਾਂ ਦੂਜੀਆਂ ਨਾੜੀਆਂ ਵਿਚ ਵੀ ਕਿਸੇ ਸਮੇਂ ਦੁਬਾਰਾ ਇਹੋ ਜਿਹਾ ਰੋਕਾ ਪੈ ਸਕਦਾ ਹੈ।
ਇਸ ਲਈ ਸਟੈਂਟ ਪਾਉਣਾ ਮਰੀਜ਼ ਨੂੰ ਅੰਦਰ ਨਿਰੰਤਰ ਵਧਦੀ ਜਾਂਦੀ ਬੀਮਾਰੀ ਤੋਂ ਛੁਟਕਾਰਾ ਨਹੀਂ ਦੁਆ ਸਕਦਾ।
ਸਵਾਲ :- ਕੀ ਇਹ ਸਟੈਂਟ ਸਦੀਵੀ ਹਨ ?
ਜਵਾਬ :- ਸਟੈਂਟ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਕੁੱਝ ਸਟੈਂਟ ਸਿਰਫ਼ ਜਾਲ਼ੀ ਦੇ ਬਣੇ ਹੁੰਦੇ ਹਨ (ਬੇਅਰ ਮੈਟਲ ਸਟੈਂਟ) ਅਤੇ ਕੁੱਝ ਦਵਾਈ ਨਾਲ ਬਣੇ ਹੁੰਦੇ ਹਨ (ਡਰੱਗ ਇਲਿਊਟਿੰਗ ਸਟੈਂਟ)।
ਹੁਣੇ ਜਿਹੇ ਨਵੀਂ ਤਰ੍ਹਾਂ ਦੇ ਸਟੈਂਟ ਈਜਾਦ (ਪੈਦਾ) ਹੋਏ ਹਨ, ਜੋ ਕੁੱਝ ਸਾਲਾਂ ਬਾਅਦ ਆਪਣੇ ਆਪ ਖੁਰ ਜਾਂਦੇ ਹਨ। ਇਨ੍ਹਾਂ ਨੂੰ ‘ਬਾਇਓ ਐਬਜ਼ਾਰਬੇਬਲ’ ਸਟੈਂਟ ਕਿਹਾ ਜਾਂਦਾ ਹੈ।
ਇਕ ਵਾਰ ਸਟੈਂਟ ਪਾ ਦੇਣ ਤੋਂ ਬਾਅਦ ਉਸ ਉੱਤੇ ਕੁੱਝ ਸਮੇਂ ਬਾਅਦ ਪਲੇਟਲੈੱਟ ਸੈੱਲਾਂ ਦਾ ਜੰਮਣਾ ਸ਼ੁਰੂ ਹੋ ਸਕਦਾ ਹੈ ਜਿਸ ਨਾਲ ਸਟੈਂਟ ਬੰਦ ਹੋ ਸਕਦਾ ਹੈ, ਜੋ ਇਕਦਮ ਜਾਨਲੇਵਾ ਸਾਬਤ ਹੋ ਜਾਂਦਾ ਹੈ।
ਇਸ ਲਈ ਸਟੈਂਟ ਦੁਬਾਰਾ ਵੀ ਪਾਉਣਾ ਪੈ ਸਕਦਾ ਹੈ ਜਾਂ ਖੋਲ੍ਹਣਾ ਪੈ ਸਕਦਾ ਹੈ। ਜੇ ਸੰਭਵ ਨਾ ਹੋਵੇ ਤਾਂ ਬਾਈਪਾਸ ਸਰਜਰੀ ਵੀ ਕਰਨੀ ਪੈ ਸਕਦੀ ਹੈ।
ਸਵਾਲ :- ਸਟੈਂਟ ਪਾਉਣ ਲਈ ਕਿੰਨਾ ਕੁ ਵੱਡਾ ਅਪਰੇਸ਼ਨ ਕਰਨਾ ਪੈਂਦਾ ਹੈ।
ਜਵਾਬ :- ਸਟੈਂਟ ਪਾਉਣ ਲਈ ਮਰੀਜ਼ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਂਹ ਜਾਂ ਲੱਤ ਦੀ ਨਾੜੀ ਰਾਹੀਂ ਤਾਰ ਪਾ ਕੇ ਦਿਲ ਦੀਆਂ ਨਾੜੀਆਂ ਵਿਚ ਸਟੈਂਟ ਟਿਕਾ ਦਿੱਤਾ ਜਾਂਦਾ ਹੈ। ਸਿਰਫ਼ ਇਕ ਜਾਂ ਦੋ ਟਾਂਕੇ ਲਾਉਣ ਦੀ ਲੋੜ ਪੈਂਦੀ ਹੈ।
ਸਵਾਲ :- ਬਾਈਪਾਸ ਸਰਜਰੀ ਦੀ ਲੋੜ ਕਦੋਂ ਪੈਂਦੀ ਹੈ ?
ਜਵਾਬ :- ਅਨਸਟੇਬਲ ਐਨਜਾਈਨਾ ਵਿਚ ਬਾਈਪਾਸ ਸਰਜਰੀ ਨਹੀਂ ਕੀਤੀ ਜਾਂਦੀ। ਸਰਜਰੀ ਸਿਰਫ਼ ਉਦੋਂ ਕੀਤੀ ਜਾਂਦੀ ਹੈ, ਜਦੋਂ :-
- ਸਥਿਰ ਐਨਜਾਈਨਾ ਦੌਰਾਨ
- ਸ਼ੱਕਰ ਰੋਗੀਆਂ ਵਿਚ, ਜੇ ਤਿੰਨੋਂ ਨਾੜੀਆਂ ਦਾ ਰੋਕਾ ਹੋਵੇ
- ਐਂਜੀਓਗ੍ਰਾਫ਼ੀ ਵਿਚਲਾ ਕੋਈ ਐਸਾ ਨੁਕਸ, ਜੋ ਡਾਕਟਰੀ ਸਲਾਹ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।
ਸਵਾਲ :- ਕੀ ਸਟੈਂਟ ਪਾਉਣ ਨਾਲ ਜ਼ਿੰਦਗੀ ਲੰਮੀ ਹੋ ਸਕਦੀ ਹੈ ?
ਜਵਾਬ :- ਜੇ ਹਾਰਟ ਅਟੈਕ ਜਾਂ ਅਨਸਟੇਬਲ ਐਨਜਾਈਨਾ ਵਿਚ ਪਾਇਆ ਜਾਵੇ ਤਾਂ ਜਾਨ ਬਚ ਸਕਦੀ ਹੈ, ਪਰ ਜੇ ਸਟੇਬਲ ਐਨਜਾਈਨਾ ਵਿਚ ਪਾਇਆ ਜਾਵੇ ਤਾਂ ਜ਼ਿੰਦਗੀ ਲੰਮੀ ਨਹੀਂ ਹੁੰਦੀ। ਸਿਰਫ਼ ਜ਼ਿੰਦਗੀ ਰਤਾ ਸੁਖਾਲੀ ਹੋ ਜਾਂਦੀ ਹੈ ਜਿਸ ਵਿਚ ਤੁਰਨ ਫਿਰਨ ਲੱਗਿਆਂ ਓਨੀ ਤਕਲੀਫ਼ ਨਹੀਂ ਹੁੰਦੀ।
ਸਵਾਲ :- ਕੀ ਐਨਜਾਈਨਾ ਕਰਨ ਵਾਲੀ ਨਸਾਂ ਦੀ ਬੀਮਾਰੀ, ਠੀਕ ਕੀਤੀ ਜਾ ਸਕਦੀ ਹੈ ?
ਜਵਾਬ :- ਠੀਕ ਤਾਂ ਨਹੀਂ, ਪਰ ਕਾਬੂ ਵਿਚ ਕੀਤੀ ਜਾ ਸਕਦੀ ਹੈ। ਸਰੀਰ ਦੀਆਂ ਸਾਰੀਆਂ ਨਸਾਂ ਵਿਚ ਥਿੰਦੇ ਦੇ ਢੇਲੇ ਜੰਮ ਜਾਂਦੇ ਹਨ ਕਿਉਂਕਿ ਇਹ ਖਾਣ ਪੀਣ ਤੇ ਜੀਊਣ ਦੇ ਢੰਗ ਉੱਤੇ ਨਿਰਭਰ ਕਰਦੇ ਹਨ।
ਇਸੇ ਲਈ ਜਦੋਂ ਤੱਕ ਆਪਣੇ ਜੀਊਣ ਦੇ ਤੌਰ ਤਰੀਕੇ ਨਹੀਂ ਬਦਲੇ ਜਾਂਦੇ, ਜ਼ਿੰਦਗੀ ਲੰਮੀ ਨਹੀਂ ਹੁੰਦੀ। ਜਿਹੜੇ ਜਣੇ ਆਪਣੀ ਵਧੀ ਹੋਈ ਬੀਮਾਰੀ ਦੇ ਕਾਰਨਾਂ ਨੂੰ ਕਾਬੂ ਕਰਨਾ ਚਾਹੁੰਦੇ ਹੋਣ, ਉਨ੍ਹਾਂ ਲਈ :-
- ਸਿਗਰਟਨੋਸ਼ੀ ਉੱਤੇ ਸੰਪੂਰਨ ਰੋਕ
- ਬਲੱਡ ਪ੍ਰੈੱਸ਼ਰ ਨੂੰ ਦਵਾਈਆਂ ਨਾਲ ਵਧਣ ਨਾ ਦੇਣਾ
- ਲਹੂ ਵਿਚ ਸ਼ੱਕਰ ਦੀ ਮਾਤਰਾ ਸਹੀ ਰੱਖਣੀ
- ਸਬਜ਼ੀ ਫਲ਼ ਵੱਧ ਖਾਣੇ
- ਅੰਡੇ, ਮੱਖਣ, ਘਿਓ, ਤੇਲ, ਮਲਾਈ, ਮਾਸਾਹਾਰੀ ਖਾਣੇ, ਲੂਣ ਤੇ ਖੰਡ ਘੱਟ ਖਾਣੇ (ਇਸ ਬਾਰੇ ਕੁੱਝ ਖੋਜੀ ਮੰਨਦੇ ਹਨ ਕਿ ਕਦੇ ਕਦਾਈਂ ਖਾਂਦੇ ਰਹਿਣ ਨਾਲ ਕੋਈ ਵਾਧੂ ਨੁਕਸਾਨ ਨਹੀਂ ਹੁੰਦਾ)
- ਤਣਾਓ ਨੂੰ ਨੇੜੇ-ਤੇੜੇ ਨਾ ਫਟਕਣ ਦੇਣਾ
- ਸਟੈਂਟ ਪਾਉਣ ਬਾਅਦ ਐਸਪਿਰਿਨ/ਕਲੋਪੀਡੋਗਰਿਲ ਦਵਾਈਆਂ ਰੈਗੂਲਰ ਖਾਣੀਆਂ, ਜਿਨ੍ਹਾਂ ਨਾਲ ਪਲੇਟਲੈੱਟ ਸੈੱਲ ਜੰਮਦੇ ਨਹੀਂ।
- ਸਟੈਟਿਨ ਦਵਾਈ ਰੈਗੂਲਰ ਖਾਣੀ
- ਰੋਜ਼ ਕਸਰਤ ਕਰਨੀ। ਹਰ ਹਫ਼ਤੇ 150 ਮਿੰਟ ਕਸਰਤ ਕਰਨੀ ਜ਼ਰੂਰੀ ਹੈ। ਇਸ ਤੋਂ ਘੱਟ ਕਸਰਤ ਦਾ ਫ਼ਾਇਦਾ ਨਹੀਂ।
- ਸੈਰ ਕਰਨੀ, ਸਾਈਕਲ ਚਲਾਉਣੀ, ਤੈਰਨਾ, ਭੱਜਣਾ, ਆਦਿ ਸਭ ਠੀਕ ਹਨ।
- ਸਭ ਤੋਂ ਜ਼ਰੂਰੀ ਹੈ, ਆਪਣੇ ਆਪ ਨੂੰ ਸਹਿਜ ਰੱਖਣਾ ਤੇ ਹਰ ਗੱਲ ਭਾਜੜ ਪਾ ਕੇ ਨਾ ਕਰਨੀ। ਸੁਭਾਅ ਵਿਚ ਠਹਿਰਾਓ ਜ਼ਿੰਦਗੀ ਲੰਮੀ ਕਰਨ ਵਿਚ ਮਦਦਗਾਰ ਸਾਬਤ ਹੋ ਚੁੱਕਿਆ ਹੈ। ਕਾਹਲ, ਮੌਤ ਨੂੰ ਸੱਦਾ ਦਿੰਦੀ ਹੈ। ਸਾਰੇ ਕੰਮ ਇੱਕੋ ਦਿਨ ਵਿਚ ਮੁਕਾਉਣ ਦੀ ਕੋਸ਼ਿਸ਼ ਕਰਦਿਆਂ ਲੋੜੋਂ ਵੱਧ ਤਣਾਓ ਸਹੇੜ ਕੇ ਮਰਨ ਨਾਲੋਂ ਚੰਗਾ ਹੈ, ਦਸ ਸਾਲ ਹੋਰ ਖੁਸ਼ ਰਹਿ ਕੇ ਜੀਅ ਲਈਏ।
ਖਿੱਝ ਕੇ, ਲੜ ਕੇ, ਇਕਦਮ ਤੈਸ਼ ਵਿਚ ਆ ਕੇ ਹਾਰਟ ਅਟੈਕ ਕਰਵਾ ਕੇ ਮਰ ਜਾਣਾ ਨਹੀਂ ਚਾਹੰੁਦੇ ਤਾਂ ਕੰਮ ਕਾਰ ਦੇ ਬੋਝ ਵਿੱਚੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਜਾਂ ਦੋਸਤਾਂ ਲਈ ਸਮਾਂ ਜ਼ਰੂਰ ਕੱਢਣਾ ਪੈਣਾ ਹੈ।
ਨਿਚੋੜ :-
- ਛਾਤੀ ਵਿਚਲੀ ਪੀੜ ਜਾਨਲੇਵਾ ਹੋ ਸਕਦੀ ਹੈ। ਇਸ ਲਈ ਤੁਰੰਤ ਐਮਰਜੈਂਸੀ ਵਿਚ ਐਂਬੂਲੈਂਸ ਰਾਹੀਂ ਪਹੁੰਚ ਜਾਣਾ ਚਾਹੀਦਾ ਹੈ।
- ਸਟੈਂਟ ਅਨਸਟੇਬਲ ਐਨਜਾਈਨਾ ਵਿਚ ਜਾਨ ਬਚਾ ਦਿੰਦੇ ਹਨ। ਅਜਿਹੇ ਸਮੇਂ ਪੈਸੇ ਦੀ ਕਿਰਸ ਜਾਨ ਲੈ ਸਕਦੀ ਹੈ। ਬਹੁਤ ਸਾਰੀਆਂ ਜਵਾਨ ਮੌਤਾਂ ਹਰ ਰੋਜ਼ ਸਿਰਫ਼ ਇਸ ਗੱਲ ਉੱਤੇ-‘‘ਕੋਈ ਨਾ ਰਤਾ ਕੁ ਗੈਸ ਜਿਹੀ ਹੈ, ਆਪੇ ਠੀਕ ਹੋ ਜਾਏਗੀ।, ਸ਼ਾਮ ਤਾਈਂ ਵੇਖ ਲੈਂਦੇ ਹਾਂ’’-ਨਾਲ ਹੀ ਹੋ ਜਾਂਦੀਆਂ ਹਨ। ਜਾਨ ਤੋਂ ਵੱਧ ਕੀਮਤੀ ਹੋਰ ਕੋਈ ਚੀਜ਼ ਨਹੀਂ ਹੁੰਦੀ।
- ਛਾਤੀ ਦੀ ਪੀੜ ਦੌਰਾਨ ਇਕਦਮ ਹਥਲਾ ਕੰਮ ਛੱਡ ਦੇਣਾ ਚਾਹੀਦਾ ਹੈ। ਆਪ ਕਾਰ ਚਲਾ ਕੇ ਕਦੇ ਵੀ ਨਹੀਂ ਜਾਣਾ ਚਾਹੀਦਾ।
- ਜੀਊਣ ਦਾ ਢੰਗ ਤਬਦੀਲ ਕਰ ਕੇ ਸਹਿਜ ਭਾਵ ਨਾਲ ਹਰ ਮੁਸ਼ਕਲ ਨੂੰ ਨਜਿੱਠਣਾ ਚਾਹੀਦਾ ਹੈ।
- ਆਪਣੇ ਨਿੰਦਕ ਤੋਂ ਕੁੱਝ ਫ਼ਾਸਲਾ ਬਣਾ ਕੇ ਰੱਖਣਾ ਚਾਹੀਦਾ ਹੈ। ਨਿੰਦਿਆ ਕਰਨ ਜਾਂ ਸੁਣਨ ਨਾਲ ਤਣਾਓ ਕਈ ਗੁਣਾ ਵਧ ਜਾਂਦਾ ਹੈ, ਜੋ ਨੁਕਸਾਨਦੇਹ ਹੈ।
- ਇਹ ਕਰਨੇ ਜ਼ਰੂਰੀ ਹਨ :-
* ਬਲੱਡ ਪ੍ਰੈੱਸ਼ਰ 120/80 ਤੋਂ ਹੇਠਾਂ
* ਨਿਰਣੇ ਪੇਟ ਸ਼ੂਗਰ 100 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਹੇਠਾਂ
* ਢਿੱਡ ਦਾ ਨਾਪ ਕੁਲ੍ਹਿਆਂ ਤੋਂ ਘੱਟ
* ਲਹੂ ਵਿਚਲੀ ਟਰਾਈਗਲਿਸਟਰਾਈਡ 150 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਘੱਟ
* ਐਚ. ਡੀ. ਐਲ. ਕੋਲੈਸਟਰੋਲ ਮਰਦਾਂ ਵਿਚ 50 ਤੋਂ ਵੱਧ ਤੇ ਔਰਤਾਂ ਵਿਚ 40 ਤੋਂ ਵੱਧ
ਉੱਪਰ ਦੱਸੇ ਲਹੂ ਤੇ ਸਰੀਰ ਵਿਚਲੇ ਇਹ ਪੰਜ ਅੰਕੜੇ ਠੀਕ ਰੱਖ ਲਏ ਜਾਣ ਤਾਂ ਹਾਲੇ ਤੱਕ ਦੀਆਂ ਹੋਈਆਂ ਖੋਜਾਂ ਅਨੁਸਾਰ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਲਓ ਜੀ, ਅਜ਼ਮਾਓ ਤੇ ਲੰਮੀ ਜ਼ਿੰਦਗੀ ਭੋਗੋ। ਮੇਰੇ ਵੱਲੋਂ ਇਹ ਨਵੇਂ ਸਾਲ ਦਾ ਤੋਹਫ਼ਾ ਕਬੂਲ ਕਰੋ।