ਦਸਵੰਧ ਦੀ ਵਰਤੋਂ ਅਤੇ ਕੁਵਰਤੋਂ

0
106

ਦਸਵੰਧ ਦੀ ਵਰਤੋਂ ਅਤੇ ਕੁਵਰਤੋਂ

ਹਰਪ੍ਰੀਤ ਸਿੰਘ-98147-02271

8 ਮਾਰਚ ਦੀ ਉਸ ਸਵੇਰ ਨੇ ਮੈਨੂੰ ਅੰਦਰੋ ਝੰਜੋੜ ਕੇ ਰੱਖ ਦਿੱਤਾ ਜਦੋ ਇੱਕ ਵੀਹ ਕੁ ਸਾਲ ਦੀ ਭਰ ਜਵਾਨ ਕੁੜੀ ਸਾਡੀ ਛੋਟੀ ਜਿਹੀ ਦੁਕਾਨ ’ਤੇ ਆ ਕੇ ਆਪਣੇ ਹੱਥ ਜੋੜ ਕੇ ਭੀਖ ਮੰਗਣ ਲੱਗ ਪਈ। ਉਸ ਦਿਨ ਵਾਲਮੀਕ ਜਯੰਤੀ ਦੀ ਛੁੱਟੀ ਸੀ। ਮੈ ਆਪਣੇ ਭਰਾ ਨਾਲ ਦੁਕਾਨਦਾਰੀ ਦੇ ਕੁੱਝ ਨੁਕਤੇ ਸਾਂਝੇ ਕਰ ਰਿਹਾ ਸੀ। ਉਹ ਭੈਣ ਆਖਣ ਲੱਗੀ ਕਿ ਮੇਰਾ ਬਾਪ ਬਹੁਤ ਸ਼ਰਾਬ ਪੀਂਦਾ ਹੈ ਤੇ ਅਸੀਂ ਤਿੰਨ ਭੈਣ ਭਰਾ ਰੋਟੀ ਤੋਂ ਵੀ ਮੁਹਥਾਜ ਹੋਏ ਪਏ ਹਾਂ ਸਾਡੀ ਮਦਦ ਕਰੋ। ਮੈ ਆਪਣੇ ਭਰਾ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਥੋੜ੍ਹੇ ਪੈਸੇ ਦੇ ਦੇਵੇ। ਉਸ ਨੇ ਮੇਰੀ ਗੱਲ ਮੰਨਦੇ ਹੋਏ ਸਮਰੱਥਾ ਮੁਤਾਬਕ ਉਸ ਭੈਣ ਦੀ ਮਦਦ ਕਰ ਦਿੱਤੀ। ਉਹ ਪੈਸੇ ਫੜ ਕੇ ਅਗਲੀ ਦੁਕਾਨ ’ਤੇ ਮੰਗਣ ਚਲੀ ਗਈ। ਅਸੀਂ ਦੋਵੇਂ ਸ਼ਰਮਿੰਦਾ ਜਿਹੇ ਹੋ ਕੇ ਇੱਕ ਦੁਸਰੇ ਵੱਲ ਵੇਖਣ ਲੱਗ ਪਏ, ਪਰ ਬੋਲ ਕੁੱਝ ਨਾ ਸਕੇ। ਸਾਡੇ ਦੋਵਾਂ ਕੋਲ ਜਿਵੇਂ ਸ਼ਬਦ ਹੀ ਮੁੱਕ ਗਏ ਹੋਣ। ਉਸ ਭੈਣ ਨੂੰ ਪੈਸੇ ਦੇਣ ਤੋਂ ਬਾਅਦ ਮੇਰਾ ਭਰਾ ਤਾਂ ਆਪਣੀ ਦੁਕਾਨਦਾਰੀ ਦੇ ਕੰਮ ਵਿੱਚ ਦੁਬਾਰਾ ਰੁਝ ਗਿਆ, ਪਰ ਮੇਰੇ ਅੰਦਰ ਇੱਕ ਤੁਫ਼ਾਨ ਉੱਠ ਖੜ੍ਹਾ ਹੋਇਆ। ਮੈ ਛੋਟੇ ਬੱਚਿਆਂ ਨੂੰ ਭੀਖ ਮੰਗਦੇ ਕਈ ਵਾਰ ਵੇਖਿਆ ਹੈ। ਮੈ ਕਈ ਬਜ਼ੁਰਗ ਬੁੱਢੇ, ਔਰਤਾਂ ਅਤੇ ਬੰਦਿਆ ਨੂੰ ਵੀ ਮੰਗਦੇ ਕਈ ਵਾਰ ਵੇਖਿਆ ਹੈ। ਕਈ ਅਪਾਹਜ ਹੋਣ ਕਾਰਨ ਭੀਖ ਮੰਗਣ ਲੱਗ ਜਾਦੇ ਹਨ (ਜੋ ਅਕਸਰ ਪੰਜਾਬੀ ਨਹੀਂ ਹੁੰਦੇ) ਪਰ ਇੱਕ ਜਵਾਨ ਲੜਕੀ ਜੋ ਪੰਜਾਬਣ ਸੀ, ਕਿਸੇ ਪਿੰਡ ਦੀ ਜਾਪਦੀ ਸੀ, ਪੰਜਾਬੀ ਬੋਲਦੀ ਸੀ, ਉਸ ਨੂੰ ਪਹਿਲੀ ਵਾਰ ਭੀਖ ਮੰਗਦੇ ਵੇਖਿਆ। ਉਸ ਦੇ ਜਾਣ ਤੋਂ ਬਾਅਦ ਅਨੇਕਾਂ ਸਵਾਲ ਮਨ ਵਿੱਚ ਆਉਣ ਲੱਗੇ। ਪਤਾ ਨਹੀਂ ਭੈਣ ਦੀ ਕੀ ਮਜਬੂਰੀ ਸੀ ਕਿ ਉਹ ਮੰਗਣ ਤੁਰ ਪਈ, ਹਾਲਾਤ ਮਾੜੇ ਹਨ ਕਿਤੇ ਕੋਈ ਉਸ ਦੀ ਇੱਜ਼ਤ ’ਤੇ ਹੀ ਹੱਥ ਨਾ ਪਾ ਲਵੇ, ਵਗ਼ੈਰਾ-ਵਗ਼ੈਰਾ। ਇਸ ਤੋਂ ਤੁਰੰਤ ਬਾਅਦ ਹੀ ਮੇਰਾ ਧਿਆਨ ਗੁਰੂ ਦੇ ਉਸ ਫ਼ਲਸਫ਼ੇ ਵੱਲ ਚਲਾ ਗਿਆ, ਜੋ ਗੁਰੂ ਜੀ ਸਾਨੂੰ ਦੇ ਕੇ ਗਏ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿ ਹਰ ਸਿੱਖ ਕਿਰਤੀ ਹੋਵੇ ਅਤੇ ਉਹ ਆਪਣੀ ਕਿਰਤ ਕਮਾਈ ਵਿੱਚੋ ਦਸਵੰਧ ਜ਼ਰੂਰ ਕੱਢੇ। ਗੁਰੂ ਸਾਹਿਬ ਜੀ ਵੀ ਇਹ ਗੱਲ ਭਲੀਭਾਂਤ ਜਾਣਦੇ ਸਨ ਕਿ ਦਸਵੰਦ ਇੱਕ ਬਹੁਤ ਵੱਡੀ ਤਾਕਤ ਹੈ। ਦਸਵੰਧ ਰਾਹੀਂ ਦਿੱਤੇ ਜਾਣ ਵਾਲੇ ਪਦਾਰਥਾਂ ਨਾਲ ਅਨੇਕਾਂ ਹੀ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਾਡੇ ਜੀਵਨ ਵਿੱਚ ਦੁੱਖ ਸੱੁਖ, ਅਮੀਰੀ ਗ਼ਰੀਬੀ, ਉਤਰਾ ਚੜ੍ਹਾ ਆਉਦੇ ਜਾਂਦੇ ਰਹਿੰਦੇ ਹਨ। ਸਮੁੱਚੇ ਸੰਸਾਰ ਵਿੱਚ ਕਾਲ, ਬਿਮਾਰੀ (ਜਿਵੇਂ ਕੋਰੋਨਾ) ਜੰਗ, ਭੁਚਾਲ, ਹੜ੍ਹ ਅਤੇ ਕੁਦਰਤੀ ਆਫਤਾਂ ਜੀਵਾਂ ਲਈ ਸੰਕਟ ਪੈਦਾ ਕਰਦੀਆਂ ਹਨ। ਚੰਗੇ ਭਲੇ ਚਲਦੇ ਕਾਰੋਬਾਰ ਠੱਪ ਹੋ ਜਾਂਦੇ ਹਨ। ਕਈਆਂ ਦੀਆਂ ਨੌਕਰੀਆਂ ਚੱਲੀਆਂ ਜਾਂਦੀਆਂ ਹਨ। ਅਜਿਹੇ ਮਾੜੇ ਸਮੇਂ ਵਿੱਚ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ। ਹਰੇਕ ਧਰਮ ਵਿੱਚ ਉਸ ਦੇ ਮੰਨਣ ਵਾਲੇ ਧਰਮ ਅਰਥ ਕੁੱਝ ਨਾ ਕੁੱਝ ਹਿਸਾ ਆਪਣੀ ਕਿਰਤ ਕਮਾਈ ਵਿੱਚੋ ਜ਼ਰੂਰ ਕੱਢਦੇ ਹਨ। ਇਸਲਾਮ ਧਰਮ ਵਿੱਚ ਜਕਾਤ (ਕਮਾਈ ਦਾ ਚਾਲੀਵਾਂ ਹਿਸਾ) ਧਰਮ ਅਰਥ ਕੱਢਿਆ ਜਾਂਦਾ ਹੈ। ਇਸਾਈ ਲੋਕ ਵੀ ਮਨੁੱਖਤਾ ਦੇ ਭਲੇ ਵਾਸਤੇ ਕੁੱਝ ਨਾ ਕੁੱਝ ਆਪਣੀ ਕਮਾਈ ਵਿੱਚੋਂ ਦਾਨ ਜ਼ਰੂਰ ਕਰਦੇ ਹਨ। ਸਿੱਖਾਂ ਨੂੰ ਵੀ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਦੁਸਰਿਆਂ ਦੀ ਮਦਦ ਵਾਸਤੇ ਜ਼ਰੂਰ ਕੱਢਣ। ਇਸੇ ਦਸਵੇਂ ਹਿਸੇ ਨੂੰ ਅਸੀਂ ਦਸਵੰਧ ਆਖਦੇ ਹਾਂ।

ਗੁਰੂਮਤ ਮਾਰਤੰਡ ਦੇ ਪੰਨਾ 81 ’ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਆਪਣੀ ਕਮਾਈ ਵਿੱਚੋਂ ਦਸਵਾਂ ਹਿਸਾ ਗੁਰੂ ਅਰਥ ਕੱਢ ਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿੱਚ ਅਰਪਣ ਕਰਨਾ। ਅੱਗੇ ਪੰਨਾ 570 ’ਤੇ ਆਪ ਜੀ ਲਿਖਦੇ ਹਨ ਕਿ ਧਰਮ ਦੀ ਕਮਾਈ ਵਿੱਚੋਂ ਦਸਵਾਂ ਹਿਸਾ ਕੌਮੀ ਕਾਰਜ ਲਈ ਅਰਪਣਾ ਪੰਥਿਕ ਰੀਤਿ ਹੈ। ਜੇ ਸਾਰੇ ਸਿੱਖ ਇਸ ਨਿਯਮ ਦੀ ਪਾਲਣਾ ਕਰਨ, ਤਦ ਸਾਰੇ ਸ਼ੁਭ ਕੰਮ ਆਸਾਨੀ ਨਾਲ ਪੁਰੇ ਹੋ ਸਕਦੇ ਹਨ।

ਭਾਈ ਦੇਸਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ ‘ਦਸ ਨਖ ਕਰ ਜੋ ਕਾਰ ਕਮਾਵੈ ਤਾਂ ਕਰ ਜੋ ਧਨ ਘਰ ਮੈਂ ਆਵੈ। ਤਿਹ ਤੇ ਗੁਰ ਦਸਵੰਧ ਜੋ ਦੇਈ । ਸਿੰਘ ਸੁ ਜਸ ਬਹੁ ਜਗ ਮਹਿ ਲੇਈ’। ਗੁਰੂ ਦਾ ਹਰ ਹੁਕਮ; ਸਿੱਖਾਂ ਨੂੰ ਗਭੀਰਤਾ ਨਾਲ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਇੱਕ ਇੱਕ ਬਚਨ, ਇੱਕ ਇੱਕ ਬੋਲ ਵਿੱਚ ਬੜੇ ਹੀ ਗੁੱਝੇ ਭੇਤ ਛੁਪੇ ਹਨ। ਗੁਰੂ ਦਾ ਹਰ ਹੁਕਮ ਹੀਰੇ ਜਵਾਹਰਾਤ ਨਾਲ ਜੜਿਆ ਹੋਇਆ ਹੈ। ਸੋ ਇਸ ਲੇਖ ਵਿੱਚ ਆਪਾਂ ਵੀਚਾਰ ਕਰਾਂਗੇ ਕਿ ਹੋਣਾ ਕੀ ਚਾਹੀਦਾ ਹੈ, ਪਰ ਹੋ ਕੀ ਰਿਹਾ ਹੈ।

ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਸਿੱਖੀ ਦੇ ਪ੍ਰਚਾਰ ਲਈ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਪ੍ਰਚਾਰਕ ਨਿਯੁਕਤ ਕੀਤੇ ਜਾ ਚੁੱਕੇ ਸਨ। ਸੰਗਤਾਂ ਆਪਣੀ ਸਮਰੱਥਾ ਮੁਤਾਬਕ ਉਨ੍ਹਾਂ ਨੂੰ ਹੀ ਰਾਸ਼ਨ, ਕੱਪੜਾ ਮਾਇਆ ਆਦਿ ਭੇਟ ਕਰ ਦਿੰਦੀਆਂ ਸਨ ਤੇ ਇਹ ਗੁਰਸਿੱਖ ਪ੍ਰਚਾਰਕ ਜ਼ਰੂਰਤਮੰਦ ਬਿਮਾਰ ਜਾਂ ਨਿਆਸਰੇ ਦੀ ਮਦਦ ਆਪ ਹੀ ਕਰ ਦਿੰਦੇ ਸਨ। ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਉਸਾਰੀ ਲਈ ਦਸਵੰਧ ਦੀ ਸੁਚੱਜੀ ਵਰਤੋਂ ਕੀਤੀ। ਪੰਜਵੇਂ ਨਾਨਕ ਜੀ ਨੇ ਦਸਵੰਧ ਦਾ ਨਿਯਮ ਹਰ ਸਮਰੱਥਾਵਾਨ ਸਿੱਖ ਲਈ ਜ਼ਰੂਰੀ ਕਰ ਦਿੱਤਾ। ਉਨ੍ਹਾਂ ਹਰ ਸਿੱਖ ਨੂੰ ਆਪਣੀ ਕਿਰਤ ਕਮਾਈ ਵਿੱਚੋਂ ਸਮਰੱਥਾ ਅਨੁਸਾਰ ਦਸਵੰਧ ਗੁਰੂ ਘਰ ਲਈ ਭੇਜਣ ਵਾਸਤੇ ਆਖਿਆ। ਇਸ ਦਸਵੰਧ ਦੀ ਮਾਇਆ ਨਾਲ ਹੀ ਕੋਹੜੀਆ ਲਈ ਦਵਾਖ਼ਾਨੇ (ਹਸਪਤਾਲ) ਬਣਵਾਏ ਗਏ। ਉਨ੍ਹਾਂ ਦੀ ਦਵਾ ਦਾਰੂ, ਕੱਪੜਿਆਂ, ਰਿਹਾਇਸ਼ ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ। ਜਿਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ ਖੂਹ, ਹਰਟ ਆਦਿ ਲਗਵਾਏ ਗਏ, ਬਾਉਲੀਆਂ ਪੁਟਾਈਆਂ ਗਈਆਂ। ਨਿਆਸਰਿਆਂ ਨੂੰ ਘਰ ਆਦਿ ਵੀ ਬਣਵਾ ਕੇ ਦਿੱਤੇ ਗਏ। ਗ਼ਰੀਬ ਬੱਚਿਆਂ ਦੀ ਪੜ੍ਹਾਈ ਤੇ ਗ਼ਰੀਬ ਲੜਕੀਆਂ ਦੇ ਵਿਆਹਾਂ ਦਾ ਖ਼ਰਚ ਵੀ ਗੁਰੂ ਕੀ ਗੋਲਕ ਵਿੱਚੋਂ ਪੁਰਾ ਕੀਤਾ ਜਾਂਦਾ ਸੀ। ਗੁਰੂ ਸਾਹਿਬ ਜੀ ਦਾ ਹੁਕਮ ਸੀ ਕਿ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਭਾਵ ਜਿੱਥੇ ਵੀ ਕਿਤੇ ਜ਼ਰੂਰਤਮੰਦ ਮਿਲੇ ਉਸ ਦੀ ਮਦਦ ਕਰਨਾ ਹਰ ਸਿੱਖ ਦਾ ਫਰਜ਼ ਹੈ। ਕਿਸੇ ਗ਼ਰੀਬ ਨਿਆਸਰੇ ਜ਼ਰੂਰਤਮੰਦ ਦੀ ਮਦਦ ਕਰਨਾ ਗੁਰੂ ਕੀ ਗੋਲਕ ਵਿੱਚ ਪਾਉਣ ਦੇ ਬਰਾਬਰ ਹੈ, ਪਰ ਮਾਫ਼ ਕਰਨਾ ਮੇਰੇ ਵੀਰੋ ਅਸੀਂ ਇਸ ਸੌਖੇ ਅਤੇ ਸਪਸ਼ਟ ਜਿਹੇ ਗੁਰੂ ਸਿਧਾਂਤ ਨੂੰ ਸਮਝ ਨਾ ਸਕੇ। ਮੌਜੂਦਾ ਸਿੱਖ ਮਾਨਸਿਕਤਾ ਗ਼ਰੀਬ ਦੇ ਮੂੰਹ ਨੂੰ ਗੁਰੂ ਕੀ ਗੋਲਕ ਨਹੀਂ ਸਮਝਦੀ। ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਰੱਖੇ ਹੋਏ ਵੱਡੇ ਸਾਰੇ ਬਕਸੇ ਨੂੰ ਹੀ ਗੁਰੂ ਕੀ ਗੋਲਕ ਸਮਝਦੀ ਹੈ। ਅਸਲ ਸੱਚ ਇਹ ਵੀ ਹੈ ਕਿ ਹੁਣ ਇਸ ਗੋਲਕ ਵਿੱਚੋਂ ਕਿਸੇ ਗ਼ਰੀਬ ਬੱਚੇ ਦੀ ਫੀਸ ਨਹੀਂ ਭਰਾਈ ਜਾ ਸਕਦੀ। ਸੱਚ ਇਹ ਵੀ ਹੈ ਕਿ ਹੁਣ ਇਸ ਗੋਲਕ ਵਿੱਚੋਂ ਫਰੀ ਹਸਪਤਾਲ ਨਹੀਂ ਬਣਵਾਇਆ ਜਾ ਸਕਦਾ। ਸੱਚ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਿਆ ਬਕਸਾ ਗੁਰੂ ਕੀ ਗੋਲਕ ਨਹੀਂ ਸਗੋਂ ਪ੍ਰਬੰਧਕਾਂ (ਲੱਠਮਾਰਾ) ਦੀਆਂ ਨਿਜੀ ਜ਼ਰੂਰਤਾਂ ਪੁਰੀਆਂ ਕਰਨ ਅਤੇ ਐਸ਼ਪ੍ਰਸਤੀ ਕਰਨ ਦਾ ਸਾਧਨ ਹੈ। ਪ੍ਰਬੰਧਕ ਇਸ ਬਕਸੇ ਦੀ ਮਾਇਆ ਨੂੰ ਮਨਮਰਜ਼ੀ ਲਈ ਵਰਤਦੇ ਹਨ। ਸ਼ਾਇਦ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਗੁਰੂ ਸਾਹਿਬ ਜੀ ਤਾਂ ਸਾਨੂੰ ਇਹ ਵੀ ਦੱਸ ਗਏ ਹਨ ਕਿ ਦਾਨ ਕਰਨਾ ਕਿਵੇਂ ਹੈ। ਗੁਰੂ ਫ਼ੁਰਮਾਨ ਹੈ ‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ   ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ’’ (ਮਹਲਾ /੧੨੪੫) ਜੀ ਹਾਂ ਸੰਗਤ ਜੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਦਾਨ ਅਕਲ ਦਾ ਇਸਤੇਮਾਲ ਕਰਨਾ ਹੈ। ਗੁਰੂੁ ਦੀ ਬਖ਼ਸ਼ੀ ਮੱਤ, ਬੁੱਧੀ ਦਾ ਇਸਤੇਮਾਲ ਕਰ ਕੇ ਦਸਵੰਧ ਦੇਣਾ ਹੈ। ਤੁਸੀਂ ਅਨੇਕਾਂ ਹੀ ਵਾਰ ਸੁਣਿਆ ਹੋਵੇਗਾ ਕਿ ਫਲਾਣੇ ਪਰਵਾਰ ਨੇ ਦਸ ਕਿਲੋ ਸੋਨਾ ਗੁਰੂ ਘਰ ਨੂੰ ਦਾਨ ਕਰ ਦਿੱਤਾ, ਫਲਾਣੇ ਰਹੀਸ ਪਰਵਾਰ ਨੇ ਸੋਨੇ ਦੀ ਫਲਾਣੀ ਚੀਜ਼ ਗੁਰੂ ਘਰ ਨੂੰ ਭੇਟ ਕਰ ਦਿੱਤੀ, ਜੋ ਕਿ ਪੰਜਾਹ ਲੱਖ ਜਾਂ ਇੱਕ ਕਰੋੜ ਜਾਂ ਸਵਾ ਕਰੋੜ ਦੀ ਸੀ। ਅੱਗੋਂ ਹਨ੍ਹੇਰ ਸਾਈਂ ਦਾ, ਗੁਰੂ ਘਰ ਦੇ ਪ੍ਰਚਾਰਕ, ਪ੍ਰਬੰਧਕ, ਗ੍ਰੰਥੀ ਸਿੰਘ ਵੀ ਉਸ ਨੂੰ ਇਹ ਨਹੀਂ ਦੱਸਦੇ ਕਿ ਭਾਈ ਤੂੰ ਗ਼ਲਤ ਕਰ ਰਿਹਾ ਹੈਂ। ਗੁਰੂ ਸਾਹਿਬ ਜੀ ਤਾਂ ਸਪਸ਼ਟ ਆਖਦੇ ਹਨ ਕਿ ‘‘ਕੰਚਨ ਸਿਉ ਪਾਈਐ ਨਹੀ ਤੋਲਿ (ਕੇ) ਮਨੁ ਦੇ (ਦੇ ਕੇ) ਰਾਮੁ ਲੀਆ ਹੈ ਮੋਲਿ ’’ (ਭਗਤ ਕਬੀਰ/੩੨੭) ਗੁਰੂ ਸਾਹਿਬ ਜੀ ਇਸ ਵਾਕ ਵਿੱਚ ਸਮਝਾ ਰਹੇ ਹਨ ਕਿ ਬਹੁ ਕੀਮਤੀ ਸੋਨਾ ਤੋਲ ਕੇ ਦਾਨ ਕਰਨ ਨਾਲ ਵੀ ਗੁਰੂ ਜੀ ਦੀ ਖ਼ੁਸ਼ੀ ਹਾਸਲ ਨਹੀਂ ਕੀਤੀ ਜਾ ਸਕਦੀ। ਇੱਥੇ ਤਾਂ ਮਨ ਦਾ ਸੋਦਾ ਕਰਨਾ ਪੈਣਾ ਹੈ ਜਦੋਂ ਆਪਣੀ ਮੱਤ ਗੁਰੂ ਨੂੰ ਅਰਪਣ ਕਰ ਕੇ ਗੁਰੂ ਸਾਹਿਬ ਜੀ ਤੋਂ ਮੱਤ ਲੈ ਲਈ ਤਾਂ ਅਕਲਮੰਦ ਇਨਸਾਨ ਗੋਲਕਾਂ ਨਹੀਂ ਭਰਦਾ।

ਕੋਰੋਨਾ ਕਾਲ ਦੌਰਾਨ ਜਦੋਂ ਸਭ ਕੁੱਝ ਬੰਦ ਸੀ ਤਾਂ ਸਿਆਣੇ ਪ੍ਰਬੰਧਕਾਂ, ਕਮੇਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੀ ਭੀਮਿਕਾ ਅਦਾ ਕੀਤੀ ਸੀ। ਸਾਡੇ ਨੇੜੇ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਨੇੜੇ ਤੇੜੇ ਦੇ ਕਈ ਪਿੰਡਾਂ ਅਤੇ ਗ਼ਰੀਬ ਲੋਕਾਂ ਤੱਕ ਲੰਗਰ ਪਹੁੰਚਦਾ ਕੀਤਾ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੋਰੋਨਾ ਕਾਲ ਵਿੱਚ ਸ਼ੋ੍ਰਮਣੀ ਕਮੇਟੀ ਨੇ ਲੰਗਰਾਂ ਰਾਹੀਂ ਗ਼ਰੀਬ, ਬੇਸਹਾਰਾ ਲੋਕਾਂ ਦੀ ਕਾਫ਼ੀ ਮਦਦ ਕੀਤੀ ਸੀ। ਉਹਨਾਂ ਨੇ ਬੇਸਹਾਰਾ ਅਤੇ ਨਿਥਾਵਿਆਂ ਨੂੰ ਭੁੱਖੇ ਨਹੀਂ ਸੌਣ ਦਿੱਤਾ। ਇਹ ਸਭ ਦਸਵੰਧ ਦੀ ਹੀ ਬਰਕਤ ਸੀ। ਅੱਜ ਵੀ ਦੁਨੀਆ ਦੇ ਕਿਸੇ ਵੀ ਕੌਨੇ ਵਿੱਚ ਕਾਲ ਪੈ ਜਾਵੇ, ਹੜ੍ਹ ਆ ਜਾਣ, ਕੋਈ ਕੁਦਰਤੀ ਆਫਤ ਆ ਜਾਵੇ; ਗੁਰੂ ਕਾ ਖ਼ਾਲਸਾ ਲੋੜਵੰਦਾਂ ਦੀ ਮਦਦ ਕਰਨ ਲਈ ਝੱਟ ਹੀ ਓਥੇ ਪਹੁੰਚ ਜਾਂਦਾ ਹੈ। ਵੱਡੇ ਵੱਡੇ ਕਾਰਜ ਦਸਵੰਧ ਦੀ ਭੇਟਾ ਨਾਲ ਹੀ ਸਿਰੇ ਚੜ੍ਹਦੇ ਹਨ। ਦਸਵੰਧ ਸਾਡੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਹੈ, ਪਰ ਇਹ ਅਕਲ ਦੀ ਵਰਤੋਂ ਕਰਕੇ ਦੇਣਾ ਅਤੇ ਵਰਤਣਾ ਚਾਹੀਦਾ ਹੈ। ਕੋਈ ਵੀ ਸੰਸਥਾ ਜਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਹੁੰਦੀ, ਪਰ ਉਸ ਵਿੱਚ ਜੇ ਮਾੜੀ ਸੋਚ ਵਾਲੇ ਲਾਲਚੀ ਬੰਦੇ ਆ ਰਲਣ ਤਾਂ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਕਮੇਟੀ ਜਾਂ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹਨਾਂ ਲਾਲਚੀ ਤੇ ਭਰਿਸ਼ਟ ਬੰਦਿਆਂ ਨੂੰ ਕੱਢਣ ਦੀ ਲੋੜ ਹੈ।

ਅੱਜ ਦੇ ਸਮੇਂ ’ਚ ਸਭ ਤੋਂ ਪਹਿਲਾਂ ਤਾਂ ਆਪਣੇ ਮੁਹੱਲੇ ਅਤੇ ਪਿੰਡ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਆਸ ਪਾਸ ਕੌਣ ਗ਼ਰੀਬ ਹੈ ਤੇ ਕੌਣ ਅਮੀਰ, ਕੌਣ ਸਿਆਣਾ ਹੈ ਕੌਣ ਬੇਵਕੁਫ। ਸੋ ਕਹਿਣ ਤੋਂ ਭਾਣ ਸ਼ੁਰੂਆਤ ਆਪਣੇ ਪਿੰਡ ਤੋਂ ਕਰਨੀ ਚਾਹੀਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂ ਘਰ ਦੇ ਭਾਈ ਜੀ, ਗ੍ਰੰਥੀ ਜੀ ਕਿਸ ਸਥਿਤੀ ਵਿੱਚ ਹਨ। ਜੇ ਉਹਨਾਂ ਦੀ ਹਾਲਤ ਆਰਥਿਕ ਪੱਖ ਤੋਂ ਮਾੜੀ ਹੈ ਜਾਂ ਉਹਨਾਂ ਦੀ ਤਨਖ਼ਾਹ ਘੱਟ ਹੈ ਜਾਂ ਉਹਨਾਂ ਕੋਲ ਬੱਚਿਆਂ ਦੀ ਫੀਸ ਭਰਨ ਯੋਗੇ ਪੈਸੇ ਨਹੀਂ ਹਨ ਤਾਂ ਗੁਰਦੁਆਰੇ ਨੂੰ ਦਿੱਤਾ ਦਾਨ ਕਦੇ ਵੀ ਨਹੀਂ ਫਲੇਗਾ। ਕਈ ਪਿੰਡਾਂ ਦੇ ਨੌਜਵਾਨ ਵੀਰ ਵਿਦੇਸ਼ਾਂ ਵਿੱਚ ਜਾ ਕੇ ਚੰਗੀ ਕਮਾਈ ਕਰਨ ਲੱਗ ਜਾਂਦੇ ਹਨ ਤੇ ਉਹ ਬਹੁਤ ਸਾਰੀ ਮਾਇਆ ਗੁਰੂ ਘਰ ਲਈ ਵੀ ਭੇਜਦੇ ਹਨ। ਗੁਰਦੁਆਰੇ ਦੀ ਇਮਾਰਤ ਸ਼ਾਨਦਾਰ, ਆਲੀਸ਼ਾਨ ਬਣਾ ਦਿੱਤੀ ਜਾਂਦੀ ਹੈ ਪਰ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਹਾਲਤ ਮਾੜੀ, ਤਰਸਯੋਗ ਹੁੰਦੀ ਹੈ ਜਦੋਂ ਕਿ ਸਾਨੂੰ ਉਸ ਗ੍ਰੰਥੀ ਸਿੰਘ ਲਈ ਵੀ ਵਧੀਆ ਰਿਹਾਇਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਗ੍ਰੰਥੀ ਸਿੰਘ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਗੁਰਮਤਿ ਨੂੰ ਪਹਿਲਾਂ ਆਪ ਸਮਝੇ ਤੇ ਫੇਰ ਸਾਰੇ ਪਿੰਡ ਨੂੰ ਸਹੀ ਜਾਣਕਾਰੀ ਦੇਵੇ। ਆਪਣੇ ਮੁਹੱਲੇ ਅਤੇ ਪਿੰਡ ਵਿੱਚ ਉਹਨਾਂ ਸਾਰੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜੋ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਦੇ ਹਨ। ਕਿਸੇ ਵੀ ਬੱਚੇ ਦੀ ਪੜ੍ਹਾਈ ਇਸ ਕਰ ਕੇ ਨਹੀਂ ਸੁਟਣੀ ਚਾਹੀਦੀ ਕਿ ਉਹ ਫ਼ੀਸ ਨਹੀਂ ਭਰਾ ਸਕਦਾ। ਅੱਜ ਹਰ ਪਿੰਡ ਵਿੱਚ ਚਾਰ ਚਾਰ, ਪੰਜ ਪੰਜ ਗੁਰਦੁਆਰੇ ਹਨ, ਜਿਹਨਾਂ ਦੀਆਂ ਇਮਾਰਤਾਂ ’ਤੇ ਕਰੋੜਾਂ ਰੁਪਿਆ ਲੱਗਾ ਹੁੰਦਾ ਹੈ ਪਰ ਨੇੜੇ ਹੀ ਗ਼ਰੀਬ ਪਰਵਾਰਾਂ ਦੇ ਬੱਚੇ ਆਰਥਿਕ ਮੰਦਹਾਲੀ ਕਾਰਨ ਉੱਚ ਵਿਦਿਆ ਨਹੀਂ ਲੈ ਸਕਦੇ। ਉਹ ਬਾਰਵ੍ਹੀਂ ਤਾਂ ਕਰ ਲੈਂਦੇ ਹਨ, ਪਰ ਅੱਗੇ ਕਾਲਜ ਦੀ ਫ਼ੀਸ ਭਰਨ ਲਈ ਪੈਸੇ ਨਹੀਂ ਹੁੰਦੇ। ਸੋ ਗੁਰਦੁਆਰੇ ਨੂੰ ਦਾਨ ਦੇਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਜੇ ਗੁਰੂ ਦੀਆ ਖੁਸ਼ੀਆਂ ਹਾਸਲ ਕਰਨੀਆਂ ਚਾਹੁੰਦੇ ਹਨ ਤਾਂ ਅਜਿਹੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਜ਼ਰੂਰ ਮਦਦ ਕਰਨ। ਆਪਣੇ ਹੀ ਪਿੰਡ ਵਿੱਚ ਜੇ ਕਿਸੇ ਦਾ ਮਕਾਨ ਕੱਚਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਛੱਤ ਚੋਣ ਦੀ ਸਮੱਸਿਆ ਆ ਰਹੀ ਹੈ ਤਾਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ, ਗੁਰੂ ਕੀ ਗੋਲਕ ਨਾਲ਼ ਉਸ ਗ਼ਰੀਬ ਦੀ ਛੱਤ ਪੱਕੀ ਕਰਵਾ ਦੇਣ।

ਪਿਛਲੀਆਂ ਸਰਦੀਆਂ ਵਿੱਚ ਮੇਰੇ ਨਾਲ ਹੀ ਕੰਮ ਕਰਦਾ ਮੇਰਾ ਦੋਸਤ ਮੈਨੂੰ ਆਖਣ ਲੱਗਾ ਕਿ ਯਾਰ ਮੇਰਾ ਫਲਾਣਾ ਕੰਮ ਰੁਕਿਆ ਹੋਇਆ ਹੈ ਤੇ ਪੰਡਿਤ ਜੀ ਨੇ ਮੈਨੂੰ ਕਿਹਾ ਹੈ ਕਿ ਕਾਲੇ ਰੰਗ ਦੀ ਜੁੱਤੀ ਦਾਨ ਕਰ ਦੇਹ, ਤੇਰਾ ਰੁਕਿਆ ਕੰਮ ਹੋ ਜਾਵੇਗਾ। ਮੈ ਕਿਹਾ ਠੀਕ ਹੈ ਚੱਲ, ਜੇ ਜੁੱਤੀ ਦਾਨ ਕਰਨੀ ਹੈ ਤਾਂ ਕਿਉ ਨਾ ਆਪਾਂ ਵਧੀਆ ਜਿਹੀ ਜੁੱਤੀ ਦਾਨ ਕਰੀਏ ਉਹ ਵਿਚਾਰਾ ਝੱਟ ਮੰਨ ਗਿਆ। ਮੈ ਉਸ ਨੂੰ ਆਖਿਆ ਤੂੰ ਮੈਨੂੰ 2000 ਰੁਪਿਆ ਦੇਹ। ਉਸ ਨੇ ਮੈਨੂੰ ਏ. ਟੀ. ਐੱਮ. ਵਿੱਚੋਂ ਦੋ ਹਜ਼ਾਰ ਰੁਪਿਆ ਕਢਵਾ ਕੇ ਦੇ ਦਿੱਤਾ। ਮੈ ਦੋ ਹਜ਼ਾਰ ਆਪਣੇ ਕੋਲੋਂ ਹੋਰ ਪਾ ਕੇ ਇੱਕ ਦੁਕਾਨਦਾਰ ਪਾਸੋਂ ਕਾਲੇ ਰੰਗ ਦੀਆਂ ਬੱਚਿਆ ਦੇ ਨਾਪ ਦੀਆ ਕਈ ਚੱਪਲਾਂ ਲੈ ਲਈਆਂ। ਅੱਗੋਂ ਦੁਕਾਨਦਾਰ ਨੇ ਵੀ (ਜੋ ਕਿ ਛੇਵੀਂ ਪਾਤਿਸ਼ਾਹੀ ਗੁਰਦੁਆਰੇ ਦੇ ਸਾਹਮਣੇ ਹੈ) ਮੈਨੂੰ ਚੱਪਲਾਂ ਖ਼ਰੀਦ ਰੇਟ ’ਤੇ ਹੀ ਲਾ ਦਿੱਤੀਆ। ਮੈ ਇਹ ਚੱਪਲਾਂ ਲੈ ਕੇ ਸਰਹੰਦ ਦੇ ਨੇੜੇ ਤੇੜੇ ਕਈ ਗ਼ਰੀਬ ਪਰਵਾਰਾ ਦੇ ਬੱਚੇ, ਜੋ ਠੰਢ ਵਿੱਚ ਵੀ ਨੰਗੇ ਪੈਰੀਂ ਫਿਰਦੇ ਸਨ, ਨੂੰ ਪਵਾ ਦਿੱਤੀਆਂ। ਇਸ ਕੰਮ ਨੂੰ ਪੂਰਾ ਕਰਨ ਲਈ ਚਾਰ ਕੁ ਘੰਟੇ ਲੱਗੇ। ਉਸ ਤੋਂ ਬਾਅਦ ਮੈ ਆਪਣੇ ਮਿਤਰ ਨੂੰ ਆ ਕੇ ਕਿਹਾ ਕਿ ਮੈ ਤੇਰਾ ਕੰਮ ਪੂਰਾ ਕਰ ਆਇਆ ਹਾਂ, ਉਹ ਬਹੁਤ ਖੁਸ਼ ਸੀ। ਹੁਣ ਉਸ ਦੇ ਦਿੱਤੇ ਪੈਸਿਆਂ ਨੂੰ ਮੈ ਸਹੀ ਵਰਤਿਆ ਜਾਂ ਗ਼ਲਤ; ਸੰਗਤ ਆਪ ਹੀ ਫ਼ੈਸਲਾ ਕਰ ਲੈਣ। ਮੈ ਕੇਵਲ ਥੋੜ੍ਹੀ ਜਿਹੀ ਚਲਾਕੀ ਵਰਤੀ ਸੀ ਕਿ ਉਸ ਦੇ ਪੈਸਿਆਂ ਨਾਲ਼ ਇੱਕ ਜੁੱਤਾ ਨਹੀਂ, ਕਈ ਚੱਪਲਾਂ ਲਈਆਂ।

ਜੇ ਕੋਈ ਵੀਰ ਭੈਣ ਛੋਟੀ ਜਿਹੀ ਦੁਕਾਨ ਜਾਂ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਵੀ ਥੋੜ੍ਹੀ ਮਦਦ ਜ਼ਰੂਰ ਗੁਰੂ ਕੀ ਗੋਲਕ ਵਿੱਚੋਂ ਕਰਨੀ ਬਣਦੀ ਹੈ। ਜੇ ਕੋਈ ਗ਼ਰੀਬ ਪਰਵਾਰ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੁੱਝ ਖ਼ਰਚ ਵੀ ਗੁਰੂ ਦੀ ਗੋਲਕ ਵਿੱਚੋਂ ਕੀਤਾ ਜਾ ਸਕਦਾ ਹੈ। ਮੈ ਫਿਰ ਆਖ ਰਿਹਾ ਹਾਂ ਕਿ ਗੁਰੂ ਕੀ ਗੋਲਕ ਜਾਂ ਦਸਵੰਧ ਵਿੱਚ ਇੰਨੀ ਤਾਕਤ ਹੈ ਕਿ ਇਸ ਨਾਲ ਦੁਨੀਆ ਦੇ ਸਾਰੇ ਕਾਰਜ ਪੂਰੇ ਕੀਤੇ ਜਾ ਸਕਦੇ ਹਨ। ਗੁਰੂ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ। ਉਹਨਾਂ ਦੀ ਤਨਖ਼ਾਹ ਦਾ ਪ੍ਰਬੰਧ ਵੀ ਗੁਰੂ ਕੀ ਗੋਲਕ ਵਿੱਚੋਂ ਕੀਤਾ ਜਾਂਦਾ ਸੀ। ਸਾਨੂੰ ਆਪਣੇ ਦਸਵੰਧ ਵਿੱਚੋਂ ਚੰਗੀਆਂ ਪਸਤਕਾਂ ਖ਼ਰੀਦ ਕੇ ਜਾਂ ਛਪਵਾ ਕੇ ਵੀ ਵੰਡਣੀਆਂ ਚਾਹੀਦੀਆਂ ਹਨ। ਜਿਹੜੇ ਵੀਰ ਧਰਮ ਦੇ ਪ੍ਰਚਾਰ ਖੇਤਰ ਵਿੱਚ ਆਧੁਨਿਕ ਸਾਧਨਾਂ ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ, ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਪਿੰਡ ਵਿੱਚ ਹੀ ਗੁਰੂ ਘਰ ਦੇ ਇੱਕ ਕਮਰੇ ਵਿੱਚ ਚੰਗੀਆਂ ਪੁਸਤਕਾਂ ਦੀ ਲਾਇਬਰੇਰੀ ਖੋਲ੍ਹੀ ਜਾ ਸਕਦੀ ਹੈ। ਸੋ ਕਹਿਣ ਤੋ ਭਾਵ ਮੇਰੇ ਵੀਰੋ ਭੈਣੋ ! ਕੁੱਝ ਵੀ ਦਾਨ ਕਰਨ ਤੋਂ ਪਹਿਲਾਂ ਗੁਰੂ ਅੱਗੇ ਹੱਥ ਜੋੜ ਕੇ ਇਹ ਪੁੱਛ ਲਿਆ ਕਰੋ ਕਿ ਹੇ ਗੁਰੂ ਨਾਨਕ ਪਿਤਾ ਜੀ ! ਆਪ ਜੀ ਦਾ ਦਿੱਤਾ ਮੇਰੇ ਕੋਲ ਬਹੁਤ ਕੁੱਝ ਹੈ। ਮੈ ਆਪ ਜੀ ਦੁਆਰਾ ਦਿੱਤੀਆਂ ਇਨ੍ਹਾਂ ਦਾਤਾ ਵਿੱਚੋਂ ਕੁੱਝ ਦਸਵੰਧ ਕੱਢਣਾ ਚਾਹੁੰਦਾ ਹਾਂ। ਮੈਨੂੰ ਸੁਮੱਤ ਬਖ਼ਸ਼ੋ ਤਾਂ ਕਿ ਮੈ ਲੋੜਵੰਦਾਂ ਦੇ ਕੰਮ ਆਵਾਂ। ਸੱਚ ਜਾਣਿਓ ਗੁਰੂ ਸਾਹਿਬ ਜੀ ਸਾਨੂੰ ਜ਼ਰੂਰ ਸੁਮੱਤ ਬਖਸ਼ਣਗੇ।