ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

0
65

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਪ੍ਰੈਫ਼ਸਰ ਮਨਮੋਹਨ ਸਿੰਘ

ਆਸਾ ਮਹਲਾ ੫ ॥

ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ; ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ; ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ  ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥ (ਸੋ ਪੁਰਖੁ ਆਸਾ/ਮਹਲਾ ੫/੧੨)

ਉਚਾਰਨ ਸੇਧਾਂ : ਸ਼ਰਣਿ, ਸ਼ਰਮਾ।

ਪਦ ਅਰਥ : ਦੇਹੁਰੀਆ- ਸੁੰਦਰ ਦੇਹ।, ਬਰੀਆ-ਵਾਰੀ।, ਅਵਰਿ- ਹੋਰ।, ਭਜੁ- ਯਾਦ ਕਰ।, ਸਰੰਜਾਮਿ- ਬੰਦੋਬਸਤ ਵਿੱਚ, ਇੰਤਜ਼ਾਮ ਵਿੱਚ ਭਾਵ ਸੁਕ੍ਰਿਤ ਕਰਮ ਵਿੱਚ।, ਭਵਜਲ-ਸੰਸਾਰ-ਸਮੁੰਦਰ।, ਬ੍ਰਿਥਾ- ਵਿਅਰਥ।, ਜਾਤ- ਜਾਂਦਾ ਪਿਆ ਹੈ।, ਰੰਗਿ- ਮੋਹ ਵਿੱਚ।, ਜਪੁ- ਸਿਮਰਨ।, ਤਪੁ- ਸੇਵਾ।, ਸੰਜਮੁ- ਇੰਦ੍ਰਿਆਂ ਨੂੰ ਕਾਬੂ ਰੱਖਣਾ।, ਰਾਇਆ- ਪਾਤਿਸ਼ਾਹ।, ਨੀਚ ਕਰੰਮਾ- ਮਾੜੇ ਕੰਮਾਂ ਵਾਲ਼ਾ।, ਸਰਮਾ- ਇੱਜ਼ਤ।

ਇਸ ਸ਼ਬਦ ਵਿੱਚ ਪੰਚਮ ਪਾਤਿਸ਼ਾਹ ਜੀ ਸਮਝਾ ਰਹੇ ਹਨ ਕਿ ਸਾਡੇ ਜੀਵਨ ਦਾ ਅਸਲ ਮਨੋਰਥ ਕੀ ਹੈ। ਮਨੁੱਖਾ ਜੀਵਨ ਵਿੱਚ ਆਉਣ ਦਾ ਲਾਭ ਕੀ ਹੈ। ਇਹ ਸਮਾਂ ਤੈਨੂੰ ਸਿਰਫ ਤੇ ਸਿਰਫ ਹਰੀ ਨੂੰ ਮਿਲਣ/ਬੰਦਗੀ ਕਰਨ ਵਾਸਤੇ ਮਿਲਿਆ ਹੈ। ਜੀਵਨ ਦਾ ਇੱਕੋ ਇੱਕ ਮਤਲਬ/ਲਾਹਾ ਹੈ, ਉਹ ਹੈ ਨਾਮ ਜਪਣਾ, ਪਰ ਬਹੁਤਾਤ ਮਨੁੱਖ ਸਿਰਫ ਇਸ ਕੰਮ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਰਦੇ ਰਹਿੰਦੇ ਹਨ ਜਦਕਿ ਗੁਰਬਾਣੀ ਦਾ ਸਪਸ਼ਟ ਫ਼ਰਮਾਨ ਹੈ ‘‘ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ, ਲਗਹਿ ਅਨ ਲਾਲਚਿ (’ਚ); ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਸਮਝੁ ਅਚੇਤ, ਚੇਤਿ ਮਨ ਮੇਰੇ  ! ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ, ਹਰਿ ਰਿਦੈ ਅਰਾਧਹੁ; ਛੁਟਕੈ ਆਵਣ ਜਾਣੀ ॥੧॥ ਉਦਮੁ ਸਕਤਿ ਸਿਆਣਪ ਤੁਮ੍ਹਰੀ; ਦੇਹਿ, ਤ ਨਾਮੁ ਵਖਾਣੀ ॥ ਸੇਈ ਭਗਤ, ਭਗਤਿ ਸੇ ਲਾਗੇ; ਨਾਨਕ  ! ਜੋ ਪ੍ਰਭ ਭਾਣੀ ॥’’ (ਮਹਲਾ ੫/੧੨੧੯) ਭਾਵ ਹੇ ਪ੍ਰਾਣੀ ! ਤੂੰ ਗੁਰੂ ਦੀ ਬਾਣੀ ਪੜ੍ਹਨ, ਸੁਣਨ ਲਈ ਸੰਸਾਰ ’ਚ ਆਇਆ ਹੈ, ਪਰ ਤੂੰ ਇਸ ਨਾਮ ਨੂੰ ਵਿਸਾਰ ਕੇ ਦੁਨੀਆਂ ਦੇ ਹੋਰ ਕੂੜੇ ਕੰਮ ਕਰੀ ਜਾਂਦਾ ਹੈਂ। ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਤੂੰ ਆਪਣੇ ਸੁਆਸਾਂ ਦੀ ਪੂੰਜੀ ਨੂੰ ਅਜਾਈਂ ਗਵਾ ਰਿਹਾ ਹੈਂ। ਹੇ ਅਚੇਤ ਮਨ  ! ਪਰਮਾਤਮਾ ਦਾ ਨਾਮ ਜਪ। ਹਾਲੇ ਵੀ ਸਮਝ ਕਿਉਂਕਿ ਤੂੰ ਆਪਣਾ ਸਾਰਾ ਸਮਾਂ ਮਾਇਆ ’ਚ ਲਗਾ ਰੱਖਿਆ ਹੈ। ਪਰਮਾਤਮਾ ਦਾ ਨਾਮ ਜਪਣਾ ਹੀ ਅਸਲੀ ਚੀਜ਼ ਹੈ। ਆਪਣੇ ਹਿਰਦੇ ਘਰ ਵਿੱਚ ਉਸ ਨੂੰ ਯਾਦ ਕਰ/ਸਿਮਰ। ਤੇਰਾ ਜਨਮ ਸਫਲਾ ਹੋ ਜਾਏਗਾ। ਆਉਣ ਜਾਣ ਦੇ ਗੇੜ ਤੋਂ ਛੁਟਕਾਰਾ ਮਿਲੇਗਾ, ਪਰ ਹੇ ਪਾਤਸ਼ਾਹ ! ਜੇ ਤੂੰ ਮੈਨੂੰ ਉਦਮ, ਸ਼ਕਤੀ ਅਤੇ ਸਿਆਣਪ ਦੇਵੇਂ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਭਾਵ ਪ੍ਰਭੂ ਦੀ ਮਿਹਰ ਤੋਂ ਬਿਨਾਂ ਨਾਮ ਜਪਿਆ ਹੀ ਨਹੀਂ ਜਾ ਸਕਦਾ। ਉਹੀ ਅਸਲ ਭਗਤ ਹਨ, ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਅਤੇ ਪ੍ਰਭੂ ਨੂੰ ਭਾਅ ਜਾਂਦੇ ਹਨ।

ਹਥਲੇ ਸ਼ਬਦ ਦੇ ਰਹਾਉ ਵਾਲੇ ਪਦੇ ਰਾਹੀਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ‘‘ਸਰੰਜਾਮਿ ਲਾਗੁ, ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ, ਰੰਗਿ ਮਾਇਆ ਕੈ ॥੧॥ ਰਹਾਉ ॥’’ ਭਾਵ ਹੇ ਭਾਈ ! ਤੂੰ ਸੰਸਾਰ ਸਮੁੰਦਰ ਨੂੰ ਤਰਨ ਦੇ ਆਹਰ ਵਿੱਚ ਲੱਗ ਜਾਹ ਕਿਉਂਕਿ ਤੇਰਾ ਜਨਮ ਮਾਇਆ ਦੇ ਮੋਹ ’ਚ ਫਸ ਕੇ ਵਿਅਰਥ ਜਾ ਰਿਹਾ ਹੈ; ਜਿੱਥੇ ਜਾ ਕੇ ਤੂੰ ਰਹਿਣਾ ਹੈ, ਵੱਸਣਾ ਹੈ, ਉੱਥੇ ਵਾਸਤੇ ਤੂੰ ਅਚੇਤ ਹੈਂ। ਉਹ ਘਰ ਐਸਾ ਹੈ ਜਿੱਥੇ ਮੌਤ ਦਾ ਡਰ ਅਤੇ ਬੁਢੇਪਾ ਨਹੀਂ। ਜਨਮ ਮਰਨ ਦਾ ਗੇੜ ਨਹੀਂ, ਉਸ ਘਰ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ‘‘ਨਾਨਕ  ! ਬਧਾ ਘਰੁ ਤਹਾਂ; ਜਿਥੈ ਮਿਰਤੁ ਨ ਜਨਮੁ ਜਰਾ ॥’’ (ਮਹਲਾ ੫/੪੪), ਪਰ ਤੂੰ ਵਿਅਰਥ ਕੰਮਾਂ ਵਿੱਚ ਲੱਗਾ ਪਿਆ ਹੈਂ। ਬਿਖਿਆ ਨਾਲ ਤੈਨੂੰ ਪਿਆਰ ਪੈ ਗਿਆ ਹੈ। ਚੇਤੇ ਰੱਖ ਕਿ ਅਨੇਕਾਂ ਜੂਨਾਂ ਵਿੱਚ ਭਟਕਣ ਤੋਂ ਬਾਅਦ ਤੈਨੂੰ ਮਨੁੱਖਾ ਦੇਹ ਨਸੀਬ ਹੋਈ ਹੈ ‘‘ਲਖ ਚਉਰਾਸੀਹ ਭ੍ਰਮਤੇ ਭ੍ਰਮਤੇ; ਦੁਲਭ ਜਨਮੁ ਅਬ ਪਾਇਓ ॥’’ (ਮਹਲਾ ੫/੧੦੧੭)

ਜਿਸ ਘਰ ਵਿਖੇ ਤੂੰ ਰਹਿਣਾ ਵੱਸਣਾ ਹੈ, ਉਹ ਤੇਰੇ ਚਿੱਤ ਚੇਤੇ ਹੀ ਨਹੀਂ ਕਿ ਉੱਥੇ ਜਾ ਕੇ ਕਿਹੜਾ ਸਿੱਕਾ ਚੱਲਣੈ। ਉੱਥੇ ਜਾ ਕੇ ਕਿਸ ਚੀਜ਼ ’ਤੇ ਸਾਡਾ ਮੁਲਾਂਕਣ ਹੋਣੈ ‘‘ਜਿਹ ਘਰ ਮਹਿ ਤੁਧੁ ਰਹਨਾ ਬਸਨਾ; ਸੋ ਘਰੁ ਚੀਤਿ ਨ ਆਇਓ ॥’’ (ਮਹਲਾ ੫/੧੦੧੭) ਉਸ ਦਰ-ਘਰ ’ਤੇ ਜਾ ਕੇ ਚੰਗੇ ਮੰਦੇ ਕੰਮਾਂ ਦਾ ਹਿਸਾਬ ਕਿਤਾਬ ਹੋਣਾ ਹੈ। ਜਿਨ੍ਹਾਂ ਨੇ ਚੰਗੇ ਕੰਮ ਕੀਤੇ, ਉਹ ਪਰਮਾਤਮਾ ਵਿੱਚ ਲੀਨ ਹੋ ਜਾਣਗੇ। ਉਨ੍ਹਾਂ ਦੀ ਘਾਲਣਾ ਸਫਲ ਹੋ ਜਾਏਗੀ। ਕਿੰਨੀ ਹੋਰ ਸੰਗਤ ਵੀ ਉਨ੍ਹਾਂ ਰਾਹੀਂ ਅਕਾਲ ਪੁਰਖ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗੀ, ਪਰ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਉਨ੍ਹਾਂ ਨੂੰ ਜੂਨਾਂ ਵਿੱਚ ਪਾਇਆ ਜਾਏਗਾ। ਅਸੀਂ ਰੋਜ਼ ਪੜ੍ਹਦੇ ਹਾਂ ਕਿ ‘‘ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ॥ ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ/ਮਹਲਾ ੧/੮)

ਪ੍ਰਮਾਤਮਾ ਅਗੰਮ ਹੈ, ਅਪਾਰ ਹੈ, ਇੱਥੇ ਉੱਥੇ ਸਹਾਈ ਹੈ। ਫਿਰ ਵੀ ਮਨੁੱਖ ਉਸ ਨੂੰ ਯਾਦ ਨਹੀਂ ਕਰਦਾ। ਉਸ ਨੂੰ ਵਿਸਾਰ ਕੇ ਅਵੇਸਲਾ ਹੋਇਆ ਬੈਠ ਹੈ। ਪ੍ਰਮਾਤਮਾ ਨਾਲ ਮਨ ਲਾਇਆ ਹੀ ਨਹੀਂ। ਮਨ ਲਾ ਕੇ ਕਦੇ ਬਾਣੀ ਇੱਕ ਮਿੰਟ ਨਹੀਂ ਪੜ੍ਹੀ, ਪਰ ਹੇ ਵਾਹਿਗੁਰੂ ਜੀ ! ਇਹ ਵੀ ਸਭ ਤੇਰੀ ਹੀ ਖੇਡ ਹੈ। ਜਿੱਥੇ ਤੂੰ ਸਾਨੂੰ ਲਾਇਆ ਹੈ। ਉੱਥੇ ਹੀ ਅਸੀਂ ਲੱਗ ਜਾਂਦੇ ਹਾਂ। ਜੇ ਤੁਸੀਂ ਕਿਰਪਾ ਕਰੋ ਤਾਂ ਹੀ ਤੁਹਾਨੂੰ ਯਾਦ ਕੀਤਾ ਜਾ ਸਕਦਾ ਹੈ। ਮਾਇਆ ਦੇ ਰੰਗ ਵਿੱਚ ਸਾਡਾ ਇਹ ਜਨਮ ਬਿਰਥਾ ਜਾਈ ਜਾ ਰਿਹਾ ਹੈ।

ਪੰਜਵੇਂ ਪਾਤਿਸ਼ਾਹ ਜੀ ਹੀ ਹੋਰ ਸਮਝਾਉਂਦੇ ਹਨ ਕਿ ‘‘ਪ੍ਰਾਣੀ ! ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ; ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥’’ (ਮਹਲਾ ੫/੪੩) ਭਾਵ ਹੇ ਮਨੁੱਖ ! ਤੂੰ ਨਾਮ ਜਪ ਕੇ ਆਪਣੇ ਜੀਵਨ ਲਈ ਲਾਹਾ ਲੈਣ ਆਇਆ ਸੀ, ਪਰ ਤੂੰ ਮਾਇਆ ਦੇ ਮੋਹ ਵਿੱਚ ਫਸ ਕੇ ਕਿਹੜੇ ਭੈੜੇ ਵਿਅਰਥ ਕੰਮਾਂ ਵਿੱਚ ਲੱਗ ਗਿਆ ਹੈਂ ? ਜਿਸ ਨਾਲ਼ ਤੇਰੀ ਜ਼ਿੰਦਗੀ ਰੂਪੀ ਰਾਤ ਮੁੱਕਦੀ ਜਾ ਰਹੀ ਹੈ।

ਗੁਰੂ ਅਰਜਨ ਸਾਹਿਬ ਜੀ ਹੋਰ ਸਮਝਾਉਂਦੇ ਹਨ ਕਿ ‘‘ਭਲਕੇ ਉਠਿ ਪਪੋਲੀਐ; ਵਿਣੁ ਬੁਝੇ, ਮੁਗਧ ਅਜਾਣਿ ॥ ਸੋ ਪ੍ਰਭੁ ਚਿਤਿ (’ਚ) ਨ ਆਇਓ; ਛੁਟੈਗੀ ਬੇਬਾਣਿ ॥ ਸਤਿਗੁਰ ਸੇਤੀ ਚਿਤੁ ਲਾਇ; ਸਦਾ ਸਦਾ ਰੰਗੁ ਮਾਣਿ ॥’’ (ਮਹਲਾ ੫/੪੩) ਭਾਵ ਹੇ ਮਨੁੱਖ ! ਤੂੰ ਸਵੇਰੇ ਉੱਠ ਕੇ ਦੇਹੀ ਨੂੰ ਸੰਵਾਰਨ, ਸ਼ਿੰਗਾਰਨ ਅਤੇ ਸਰੀਰ ਦੇ ਪਾਲਣ ਪੋਸ਼ਣ ਮਗਰ ਲੱਗਿਆ ਹੋਇਆ ਹੈਂ, ਬਸ ਇੱਕੋ ਹੀ ਕੰਮ ਕਰੀ ਜਾ ਰਿਹਾ ਹੈਂ। ਤੈਨੂੰ ਸਮਝ ਹੀ ਨਹੀਂ ਕਿ ਤੇਰਾ ਮਨੋਰਥ ਕੀ ਹੈ। ਰੂਹਾਨੀਅਤ ਨੂੰ ਪ੍ਰਫੁਲਿਤ ਕਰਨ ਵਾਲ਼ੇ ਕੰਮਾਂ ਨਾਲ਼ ਚਿੱਤ ਜੋੜ ਤਾਂ ਕਿ ਤੂੰ ਸਤਿਗੁਰ ਰਾਹੀਂ ਨਾਮ ਦੇ ਰੰਗ ਵਿੱਚ ਰੰਗਿਆ ਜਾਵੇਂ।

ਗੁਰੂ ਅਰਜਨ ਸਾਹਿਬ ਜੀ ਇੱਕ ਹੋਰ ਸ਼ਬਦ ਰਾਹੀਂ ਸਮਝਾਉਂਦੇ ਹਨ ਕਿ ‘‘ਕੁਦਮ ਕਰੇ ਪਸੁ ਪੰਖੀਆ; ਦਿਸੈ ਨਾਹੀ ਕਾਲੁ ॥ ਓਤੈ, ਸਾਥਿ ਮਨੁਖੁ ਹੈ; ਫਾਥਾ ਮਾਇਆ ਜਾਲਿ ॥’’ ਭਾਵ ਜਿਵੇਂ ਪਸ਼ੂ ਪੰਛੀ ਕਲੋਲ ਕਰਦੇ ਹਨ। ਉਸੇ ਤਰ੍ਹਾਂ ਮਨੁੱਖ ਹੈ ਕਿਉਂਕਿ ਇਸ ਨੂੰ ਵੀ ਪਸ਼ੂਆਂ ਵਾਙ ਕਾਲ ਦਿਖਾਈ ਨਹੀਂ ਦੇ ਰਿਹਾ ਅਤੇ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ।

ਇਸ ਰੋਗ ਤੋਂ ਉਹੀ ਮੁਕਤੇ ਹੁੰਦੇ ਹਨ, ਜੋ ਦੁਨੀਆਵੀ ਪਦਾਰਥਾਂ ਦਾ ਮੋਹ ਛੱਡ ਕੇ ਸੱਚੇ ਨਾਮ ਦਾ ਸਿਮਰਨ ਕਰਦੇ ਹਨ ‘‘ਮੁਕਤੇ ਸੇਈ ਭਾਲੀਅਹਿ; ਜਿ ਸਚਾ ਨਾਮੁ ਸਮਾਲਿ ॥’’ (ਮਹਲਾ ੫/੪੩) ਬਹੁਤਾਤ ਮਨੁੱਖਾਂ ਦੀ ਤਾਂ ਇਹ ਹਾਲਤ ਬਣੀ ਹੋਈ ਹੈ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥’’ (ਮਹਲਾ ੧/੧੨੫੪) ਤਾਹੀਓਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ‘‘ਪ੍ਰਾਣੀ  ! ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥’’ (ਮਹਲਾ ੧/੧੨੫੪) ਭਾਵ ਹੇ ਮਨੁੱਖ ! ਤੈਨੂੰ ਸੁੰਦਰ ਸਰੀਰ ਮਿਲਿਆ ਹੈ। ਇਸ ਰਾਹੀਂ ਇੱਕ ਅਕਾਲ ਪੁਰਖ ਦਾ ਨਾਮ ਯਾਦ ਕਰ। ਜਿਨ੍ਹਾਂ ਨੇ ਨਾਮ ਨੂੰ ਸਿਮਰਿਆ ਹੈ, ਉਹ ਇੱਜ਼ਤ ਨਾਲ਼ ਪਰਮਾਤਮਾ ਦੇ ਦਰ-ਘਰ ਵਿੱਚ ਜਾਂਦੇ ਹਨ।

ਜੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਬਣਿਆ, ਮਨ ’ਚ ਮਾਇਆ ਦਾ ਮੋਹ ਪਿਆਰ ਹੈ ਤਾਂ ਜਨਮ ਦਾ ਕੀ ਫਲ/ਫਾਇਦਾ ਹੈ ? ਸਭ ਵਿਅਰਥ ਹੈ। ਜੋ ਮਾਇਆ ਦਾ ਪ੍ਰਕੋਪ ਤੇਰੇ ਉੱਪਰ ਆਇਆ ਹੋਇਆ ਹੈ। ਜੋ ਤੂੰ ਦੇਖ ਰਿਹਾ ਹੈਂ ਤੇ ਸੁਣ ਰਿਹਾ ਹੈਂ, ਸਭ ਝੂਠ ਹੈ। ਇਸ ਝੂਠ ਨਾਲ ਹੀ ਤੇਰਾ ਕਾਰ ਵਿਹਾਰ ਹੈ। ਝੂਠ ਵਿੱਚ ਹੀ ਤੇਰਾ ਬੈਠਣਾ ਹੈ। ਝੂਠ ਨਾਲ ਹੀ ਤੇਰੀ ਸੱਜਣ ਮਿੱਤਰਤਾ ਹੈ। ਮੁੱਖ ਵਿੱਚੋਂ ਜੋ ਊਲ ਜਲੂਲ ਤੂੰ ਬੋਲ ਰਿਹਾ ਹੈਂ, ਉਹ ਸਾਰਾ ਝੂਠ ਹੈ, ਵਿਅਰਥ ਹੈ ‘‘ਜਨਮੇ ਕਾ ਫਲੁ ਕਿਆ ਗਣੀ; ਜਾਂ ਹਰਿ ਭਗਤਿ ਨ ਭਾਉ ॥ ਪੈਧਾ ਖਾਧਾ ਬਾਦਿ ਹੈ; ਜਾਂ ਮਨਿ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ; ਮੁਖਿ ਝੂਠਾ ਆਲਾਉ ॥ ਨਾਨਕ  ! ਨਾਮੁ ਸਲਾਹਿ ਤੂ  ! ਹੋਰੁ ਹਉਮੈ ਆਵਉ ਜਾਉ ॥’’ (ਮਹਲਾ ੧/੧੪੧੧)

ਹਥਲੇ ਸ਼ਬਦ ਦੇ ਪਹਿਲੇ ਪਦੇ ਵਿੱਚ ਉਪਦੇਸ਼ ਹੈ ਕਿ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ; ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥’’ ਅਰਥ : ਹੇ ਬੰਦਿਆ ! ਤੈਨੂੰ ਸੋਹਣੀ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਪਾਲਣਹਾਰ ਪ੍ਰਭੂ ਨੂੰ ਮਿਲਣ ਦੀ ਤੇਰੇ ਕੋਲ਼ ਇਹੀ ਵਾਰੀ ਹੈ। ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਹੋਰ ਜਿੰਨੇ ਵੀ ਤੂੰ ਕੰਮ ਕਰ ਰਿਹਾ ਹੈਂ ਇਹ ਤੇਰੇ ਕਿਸੇ ਕੰਮ ਵਿੱਚ ਨਹੀਂ ਹਨ, ਇਸ ਲਈ ਗੁਰੂ ਦੀ ਸੰਗਤਿ ਵਿੱਚ ਮਿਲ ਅਤੇ ਕੇਵਲ ਉਸ ਦੇ ਨਾਮ ਨੂੰ ਜਪ। ਇਸੇ ਵਾਸਤੇ ਤੂੰ ਸੰਸਾਰ ਵਿੱਚ ਆਇਆ ਹੈਂ। ਮਨਮੁਖੀ ਕੰਮਾਂ ਦੇ ਪਿੱਛੇ ਲੱਗ ਕੇ ਤੂੰ ਮਨੁੱਖਾ ਜਨਮ ਅਜਾਈਂ ਗਵਾ ਲਿਆ ਹੈ ਕਿਉਂਕਿ ਪ੍ਰਮਾਤਮਾ ਨਾਲ ਜਾਣ ਪਛਾਣ ਨਹੀਂ ਬਣਾਈ। ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ। ਤੇਰਾ ਦੁਨੀਆਂ ਵਿੱਚ ਆਉਣ ਦਾ ਫਾਇਦਾ ਕੀ ਹੋਇਆ ? ਤੇਰਾ ਦੁਨੀਆਂ ਦੇ ਵਿੱਚ ਆਉਣਾ ਵਿਅਰਥ ਹੈ ‘‘ਮੂਰਖ, ਸਚੁ ਨ ਜਾਣਨ੍ਹੀ; ਮਨਮੁਖੀ, ਜਨਮੁ ਗਵਾਇਆ ॥ ਵਿਚਿ ਦੁਨੀਆ, ਕਾਹੇ ਆਇਆ ॥’’ (ਆਸਾ ਕੀ ਵਾਰ ਮਹਲਾ ੧/੪੬੭)

ਇਹ ਜਨਮ ਬੜਾ ਦੁਰਲੱਭ ਹੈ, ਔਖਾ ਮਿਲਿਆ ਹੈ। ਇਹ ਵਾਰ ਵਾਰ ਨਹੀਂ ਮਿਲਣਾ। ਜ਼ਰੂਰੀ ਨਹੀਂ ਕਿ ਅਗਲੀ ਵਾਰੀ ਵੀ ਮਨੁੱਖਾ ਜਨਮ ਹੀ ਮਿਲੇਗਾ। ਪਤਾ ਨਹੀਂ ਫਿਰ ਕਦੋਂ ਵਾਰੀ ਆਵੇਗੀ। ਜਿਵੇਂ ਜੰਗਲ਼ਾਂ ਵਿੱਚ ਫਲ ਪੱਕ ਕੇ ਥੱਲੇ ਡਿੱਗ ਜਾਣ ਤਾਂ ਉਹ ਡਾਲੀ ਨਾਲ ਦੁਬਾਰਾ ਨਹੀਂ ਜੁੜਦੇ ‘‘ਕਬੀਰ  ! ਮਾਨਸ ਜਨਮੁ ਦੁਲੰਭੁ ਹੈ; ਹੋਇ ਨ ਬਾਰੈ ਬਾਰ ॥ ਜਿਉ, ਬਨ ਫਲ ਪਾਕੇ, ਭੁਇ ਗਿਰਹਿ; ਬਹੁਰਿ ਨ ਲਾਗਹਿ ਡਾਰ ॥’’ (ਸਲੋਕ ਕਬੀਰ ਜੀ/੧੩੬੬)

ਹੇ ਭੋਲੀਏ ਜਿੰਦੇ ! ਪ੍ਰਮਾਤਮਾ ਨੂੰ ਸਿਮਰਦਿਆਂ ਬਹੁਤ ਆਲਸ ਕਰਦੀ ਹੈਂ। ਬਹੁਤ ਸਮਾਂ ਖਰਾਬ ਕਰ ਲਿਆ ਤੂੰ। ਤੇਰਾ ਜੀਵਨ ਬੀਤ ਗਿਆ। ਬੜੇ ਚਿਰਾਂ ਤੋਂ ਭਾਵ ਕਿੰਨੀਆ ਜੂਨਾਂ ਪਾਰ ਕਰ ਕੇ ਤੈਨੂੰ ਇਹ ਦੇਹੀ ਮਿਲੀ ਹੈ। ਜਦੋਂ ਇਹ ਵੇਲਾ ਲੰਘ ਗਿਆ, ਫਿਰ ਪਤਾ ਨਹੀਂ ਕਦੋਂ ਮੁੜ ਇਹ ਰੁੱਤ ਆਵੇਗੀ ? ਮਨੁੱਖਾ ਜਨਮ ਦੁਬਾਰਾ ਮਿਲੇਗਾ ਕਿ ਨਹੀਂ, ‘‘ਭੋਰੇ ਭੋਰੇ ਰੂਹੜੇ; ਸੇਵੇਦੇ ਆਲਕੁ ॥ ਮੁਦਤਿ ਪਈ ਚਿਰਾਣੀਆ; ਫਿਰਿ, ਕਡੂ ਆਵੈ ਰੁਤਿ ॥’’ (ਮਹਲਾ ੫/੧੦੯੫)

ਜਿਹੜੇ ਜਪ ਤਪ ਤੂੰ ਆਪਣੇ ਤਰੀਕੇ ਨਾਲ ਕਰਦਾ ਪਿਆ ਹੈਂ। ਇਹ ਸਾਰੇ ਉਰੇ ਉਰੇ ਹੀ ਲੁਟੇ ਜਾਣਗੇ ਭਾਵ ਲੋਕਾਚਾਰੀ ਤੱਕ ਹੀ ਰਹਿ ਜਾਣੇ ਹਨ। ਕੁੱਝ ਦਿਨ ਲੋਕ ਕਹਿ ਦੇਣਗੇ ਕਿ ਫਲਾਣਾ ਬੰਦਾ ਬੜਾ ਧਰਮੀ ਹੈ। ਰੱਬ ਦੀ ਦਰਗਾਹ ਵਿੱਚ ਇਨ੍ਹਾਂ ਦਾ ਕੌਡੀ ਜਿੰਨਾ ਮੁੱਲ ਨਹੀਂ। ਤੂੰ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਰਿਹਾ ਹੈਂ ਕਿ ਮੈਂ ਬੜੇ ਜਪ ਤਪ ਕਰਨ ਵਾਲਾ ਹਾਂ। ਮੈਂ ਬੜੇ ਸੰਜਮ ਵਿੱਚ ਜੀਵਨ ਬਿਤਾਇਆ ਹੈ। ਮੈਂ ਬੜੇ ਪ੍ਰਭੂ ਦੇ ਕਰਮ ਕਮਾ ਰਿਹਾ ਹਾਂ ਜਦਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਇਹ ਕਰਮਕਾਂਡ ਵਿਅਰਥ ਹਨ ‘‘ਹਰਿ ਬਿਨੁ, ਅਵਰ ਕ੍ਰਿਆ ਬਿਰਥੇ ॥ ਜਪ ਤਪ ਸੰਜਮ ਕਰਮ ਕਮਾਣੇ; ਇਹਿ, ਓਰੈ ਮੂਸੇ ॥੧॥ ਰਹਾਉ ॥’’ (ਮਹਲਾ ੫/੨੧੬)

ਮਨੁੱਖ ਵਰਤ, ਨੇਮ ਸੰਜਮ ਆਦਿ ਕਰਨ ਵਿੱਚ ਰੁੱਝਾ ਰਹਿੰਦਾ ਹੈ ਭਾਵੇਂ ਕਿ ਇਨ੍ਹਾਂ ਦਾ ਵੀ ਕੌਡੀ ਜਿੰਨਾ ਮੁੱਲ ਨਹੀਂ ਪੈਂਦਾ। ਅਕਾਲ ਪੁਰਖ ਦੀ ਦਰਗਾਹ ਵਿੱਚ ਇਹ ਕਰਮ ਨਹੀਂ ਪੁੱਛੇ ਜਾਂਦੇ। ਇਹ ਉੱਥੇ ਕੰਮ ਨਹੀਂ ਆਉਂਦੇ। ਇਹ ਸੰਸਾਰ ਵਿੱਚ ਸ਼ੋਭਾ ਕਰਾਉਣ ਵਾਲੀਆਂ ਗੱਲਾਂ ਹਨ ਕਿ ਇਹ ਧਰਮੀ ਬੰਦਾ ਹੈ ‘‘ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ ਆਢੁ ਨ ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ! ਊਂਹਾ, ਕਾਮਿ ਨ ਆਇਆ ॥’’ (ਮਹਲਾ ੫/੨੧੬)

ਨਾਮ ਜਪ ਕੇ ਆਪਣੇ ਅੰਦਰ ਸਤੁ, ਸੰਤਖ, ਦਇਆ, ਧਰਮ ਅਤੇ ਮਨ ਦੀ ਪਵਿਤਰਤਾ ਆਦਿਕ ਗੁਣ ਪ੍ਰਗਟ ਕਰਨੇ ਜ਼ਰੂਰੀ ਹਨ। ਇਹੀ ਗੁਰੂ ਮੰਤਰ ਹੈ। ਜਿਨ੍ਹਾਂ ਨੇ ਦਿਲੋਂ ਇਹ ਗੁਰ ਮੰਤਰ ਜਪਿਆ, ਉਨ੍ਹਾਂ ਨੂੰ ਜੀਵਨ ਜਿਊਣ ਦੀ ਪੂਰਨ ਸੋਝੀ ਹੋ ਜਾਂਦੀ ਹੈ ‘‘ਸਤੁ ਸੰਤੋਖੁ ਦਇਆ ਧਰਮੁ ਸੁਚਿ; ਸੰਤਨ ਤੇ, ਇਹੁ ਮੰਤੁ ਲਈ ॥ ਕਹੁ ਨਾਨਕ ਜਿਨਿ ਮਨਹੁ ਪਛਾਨਿਆ; ਤਿਨ ਕਉ ਸਗਲੀ ਸੋਝ ਪਈ ॥’’ (ਮਹਲਾ ੫/੮੨੨)

ਮਨੁੱਖ ਨੇ ਸੇਵਾ, ਸਿਮਰਨ ਅਤੇ ਪਰਉਪਕਾਰ ਆਪਣੇ ਬਚਨਾਂ, ਕਰਮਾਂ ਨਾਲ ਨਹੀਂ ਕੀਤਾ। ਸਾਧਸੰਗਤ ਵਿੱਚ ਜਾ ਕੇ ਸੇਵਾ ਨਹੀਂ ਕੀਤੀ। ਸਾਧਸੰਗਤ ਵਿੱਚ ਜਾ ਕੇ ਨਾਮ ਨਹੀਂ ਜਪਿਆ। ਮਾਲਕ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਜਾਣਿਆ ਹੀ ਨਹੀਂ ਉਸ ਨੂੰ। ਉਸ ਦੇ ਨਾਲ ਜਾਣ ਪਹਿਚਾਣ ਹੀ ਨਹੀਂ ਬਣਾਈ। ਇਹ ਸਾਰੇ ਸਾਡੇ ਨੀਚ ਕਰਮ ਹਨ।

ਗੁਰਬਾਣੀ ਦਾ ਫ਼ੁਰਮਾਨ ਹੈ ਕਿ ਮਰ ਕੇ ਬੰਦਾ ਕਦੇ ਵੀ ਪੂਰਾ ਨਹੀਂ ਹੁੰਦਾ। ਸਾਨੂੰ ਪੂਰਾ ਹੋਣ ਲਈ ਇਸੇ ਜਨਮ ’ਚ ਸਤਿਗੁਰੂ ਦੀ ਬਾਣੀ ਰਾਹੀਂ ਅਕਾਲ ਪੁਰਖ ਦਾ ਨਾਮ ਜਪ ਕੇ ਉਸ ਵਿੱਚ ਲੀਨ ਹੋਣਾ ਹੈ। ਮਨੁੱਖਾ ਦੇਹੀ ਸਾਨੂੰ ਇੱਕ ਵਾਹਨ ਵਜੋਂ ਮਿਲੀ ਹੈ। ਪ੍ਰਮਾਤਮਾ ਨਾਲ ਇੱਕ ਮਿੱਕ ਹੋਣਾ; ਇੱਕ ਸਫਰ ਹੈ। ਜਿਨ੍ਹਾਂ ਮਨੁੱਖਾਂ ਦਾ ਇਹ ਸਫਰ ਜਿਊਂਦਿਆਂ ਜੀ ਪੂਰਾ ਹੋ ਜਾਵੇ, ਫਿਰ ਉਹਨਾਂ ਨੂੰ ਇਸ ਦੇਹੀ ਨਾਲ ਪਿਆਰ ਨਹੀਂ ਰਹਿੰਦਾ। ਮਾਨੋ ਸਾਡੀ ਦੇਹੀ ਦਾ ਮਨੋਰਥ ਪੂਰਾ ਹੋ ਗਿਆ। ਜ਼ਿੰਦਗੀ ਦੇ ਸਫਰ ਦੌਰਾਨ ਜੇਕਰ ਵਾਹਨ ਨਾਲ ਪਿਆਰ ਕਰਿਆ ਤੇ ਸਫਰ ਖਤਮ ਹੋਣ ਤੋਂ ਬਾਦ ਤੁਸੀਂ ਕਹੋ ਕਿ ਮੈਂ ਤਾਂ ਵਾਹਨ ਤੋਂ ਨਹੀਂ ਉੱਤਰਦਾ, ਤਾਂ ਤੁਸੀਂ ਮੰਜ਼ਲ ’ਤੇ ਪਹੁੰਚ ਹੀ ਨਹੀਂ ਪਾਵੋਗੇ। ਬੰਦਾ ਬੁੱਢਾ ਹੋ ਕੇ ਕਹਿੰਦਾ ਹੈ ਕਿ ਮੈਂ ਹੋਰ ਜਿਉਣਾ ਚਾਹੁੰਦਾ ਹਾਂ ਕਿਉਂਕਿ ਸਫਰ ਪੂਰਾ ਨਹੀਂ ਹੋਇਆ ਜਦਕਿ ਜਦੋਂ ਦੇਹੀ ਦਾ ਮਨੋਰਥ ਪੂਰਾ ਹੋ ਜਾਵੇ ਤਾਂ ਬੰਦਾ ਕਹਿੰਦਾ ਹੈ ਕਿ ਹੁਣ ਮੈਨੂੰ ਇਸ ਦੇਹੀ ਦੀ ਲੋੜ ਨਹੀਂ। ਗੁਰੂ ਸਾਹਿਬ ਦੇ ਬਚਨ ਹਨ ‘‘ਦੇਹ ਤੇਜਣਿ ਜੀ; ਰਾਮਿ (ਨੇ) ਉਪਾਈਆ ਰਾਮ ॥ ਧੰਨੁ ਮਾਣਸ ਜਨਮੁ; ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ; ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ; ਹਰਿ ਹਰਿ, ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ, ਜਿਤੁ ਹਰਿ ਜਾਪੀ; ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ, ਨਾਮੁ ਸਖਾਈ; ਜਨ ਨਾਨਕ  ! ਰਾਮਿ (ਨੇ) ਉਪਾਈਆ ॥’’ (ਮਹਲਾ ੪/੫੭੫) ਭਾਵ ਮਨੁੱਖਾ ਦੇਹੀ ਇੱਕ ਘੋੜੀ ਹੈ, ਜੋ ਪ੍ਰਮਾਤਮਾ ਨੇ ਬਖ਼ਸ਼ੀ ਹੈ ਭਾਵ ਮਨੁੱਖਾ ਜਨਮ ਬੜਾ ਔਖਾ ਮਿਲਦਾ ਹੈ, ਜੋ ਪ੍ਰਮਾਤਮਾ ਦੀ ਬਖਸ਼ਸ਼ ਨਾਲ ਮਿਲਦਾ ਹੈ। ਪੁਰਾਣੇ ਕਰਮਾਂ/ਗੁਣਾਂ ਕਰਕੇ ਇਹ ਕਾਂਇਆ ਮਿਲਦੀ ਹੈ। ਦੇਹ ਨੂੰ ਸੋਨੇ ਵਰਗੀ ਕੀਮਤੀ ਕਿਹਾ ਹੈ। ਉਸ ਗੁਰਮੁਖ ਦੀ ਦੇਹ ਸੋਨੇ ਵਰਗੀ ਹੋ ਸਕਦੀ ਹੈ, ਜਿਸ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਸਿਮਰਿਆ ਹੈ। ਉਸ ਦਾ ਨਾਮ ਆਪਣੇ ਹਿਰਦੇ ਘਰ ਵਿੱਚ ਵਸਾਇਆ ਹੈ ‘‘ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ; ਸੋਈ ਜਨੁ ਪਾਏ ॥’’ (ਮਹਲਾ ੫/੭੬੦), ਜਿਹੜੀ ਦੇਹ ਨਾਮ ਜਪਦੀ ਹੈ, ਉਹ ਚੰਗੀ ਹੈ; ਜਿਹੜੀ ਗੁਰੂ ਦੀ ਸ਼ਰਨੀ ਪੈ ਕੇ ਹਰਿ ਨਾਮ ਦਾ ਗੂੜਾ ਰੰਗ ਮਾਣਦੀ ਹੈ, ਉਹ ਸੋਹਣੀ ਬਣ ਜਾਂਦੀ ਹੈ। ਹਰੀ ਨਾਮ ਦਾ ਰੰਗ ਐਸਾ ਨਹੀਂ, ਜੋ ਸਵੇਰੇ ਲਾਏ ਤੇ ਸ਼ਾਮੀਂ ਲਹਿ ਜਾਏ। ਨਾਮ-ਰੰਗ ਵਿੱਚ ਰੰਗਿਆਂ ਨੂੰ ਭਾਵੇਂ ਕੋਈ ਆਰੇ ਨਾਲ਼ ਚੀਰੇ ਜਾਂ ਤੱਤੀ ਤਵੀ ਉੱਤੇ ਬੈਠਾਏ, ਉਸ ਦੇ ਮੂੰਹੋਂ ਇਹੀ ਨਿਕਲਦਾ ਹੈ ‘‘ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ ॥’’ (ਮਹਲਾ ੫/੩੯੪)

ਗੁਰਮੁਖ ਚਾਹੁੰਦਾ ਹੈ ਕਿ ਮੈਂ ਸੋਹਣੀ ਦੇਹੀ ਰੂਪੀ ਘੋੜੀ ਪ੍ਰਾਪਤ ਕਰਾਂ। ਸੋਹਣੀ ਕਾਠੀ ਪਾ ਕੇ ਮੈਂ ਉਸ ਸੋਹਣੀ ਚਮ ਚਮ ਕਰਦੀ ਘੋੜੀ ਉੱਪਰ ਬੈਠ ਕੇ ਔਖੇ ਰਸਤੇ ਤੋਂ ਪਾਰ ਲੰਘਾਂ। ਜੀਵਨ ਦਾ ਮਨੋਰਥ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ। ਗੁਰੂ ਮੰਤਰ ਨੂੰ ਹਿਰਦੇ ਵਿੱਚ ਵਸਾ ਕੇ ਹੀ ਇਸ ਤੋਂ ਪਾਰ ਲੰਘਿਆ ਜਾ ਸਕਦਾ ਹੈ। ਜਿਸ ਵੇਲੇ ਪ੍ਰਭੂ ਨਾਲ ਮਿਲਾਪ ਹੋ ਗਿਆ, ਉਸ ਵੇਲੇ ਦੇਹੀ ਨਾਲ ਪਿਆਰ ਵੀ ਖ਼ਤਮ ਹੋ ਜਾਂਦਾ ਹੈ। ਜਦੋਂ ਮੰਜ਼ਲ ਮਿਲ ਜਾਏ, ਫੇਰ ਬੰਦਾ ਵਾਹਨ ਨਾਲ ਪਿਆਰ ਨਹੀਂ ਕਰਦਾ। ਜੇ ਬੰਦਾ ਵਾਹਨ ਵਿੱਚ ਹੀ ਬੈਠਾ ਰਹੇ, ਫਿਰ ਉਹ ਕਦੇ ਵੀ ਮੰਜ਼ਲ ’ਤੇ ਪਹੁੰਚ ਨਹੀਂ ਸਕਦਾ। ਅਸੀਂ ਇਸ ਵਾਹਨ ਰੂਪੀ ਦੇਹੀ ਨਾਲ ਬਹੁਤ ਪਿਆਰ ਕਰਦੇ ਹਾਂ, ਪਰ ਮਹਾਰਾਜ ਕਹਿੰਦੇ ਹਨ ਕਿ ਜੇਕਰ ਤੂੰ ਵਾਹਨ ਨਾਲ ਹੀ ਪਿਆਰ ਪਾਈ ਰੱਖੇਂਗਾ ਤਾਂ ਤੂੰ ਕਦੀ ਵੀ ਮੰਜ਼ਲ ਨੂੰ ਨਹੀਂ ਪਾਵੇਂਗਾ। ਜਿਹੜੀ ਦੇਹੀ ਤੈਨੂੰ ਬੜੀ ਔਖ ਨਾਲ ਮਿਲੀ ਹੈ, ਉਸ ਤੋਂ ਤੈਂ ਉਹ ਕੰਮ ਲਿਆ ਹੀ ਨਹੀਂ, ਜਿਹੜਾ ਤੈਨੂੰ ਲੈਣਾ ਚਾਹੀਦਾ ਸੀ। ਇਸ ਕਰਕੇ ਤੇਰਾ ਜੀਵਨ ਵਿਅਰਥ ਹੋ ਗਿਆ ਹੈ। ਜਿਹੜਾ ਵੱਡੇ ਭਾਗਾਂ ਵਾਲਾ ਗੁਰੂ ਸ਼ਬਦ ਦੀ ਰਾਹੀਂ ਹਰੀ ਨਾਮ ਰੂਪੀ ਜਹਾਜ਼ ਉੱਤੇ ਚੜ੍ਹ ਸੰਸਾਰ ਸਮੁੰਦਰ ਤੋਂ ਤਰਦਾ ਹੈ। ਉਹ ਸਦਾ ਹਰੀ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਹਰੀ ਦੇ ਗੁਣ ਗਾਉਂਦਾ ਹੈ। ਹਰੀ ਨਾਮ ਜਪ ਜਪ ਕੇ ਉਹ, ਮਾਇਆ ਤੋਂ ਨਿਰਮੋਹ ਅਵਸਥਾ ਪ੍ਰਾਪਤ ਕਰ ਲੈਂਦਾ ਹੈ ‘‘ਦੇਹ ਪਾਵਉ ਜੀਨੁ; ਬੁਝਿ ਚੰਗਾ, ਰਾਮ ॥ ਚੜਿ ਲੰਘਾ ਜੀ; ਬਿਖਮੁ ਭੁਇਅੰਗਾ, ਰਾਮ ॥ ਬਿਖਮੁ ਭੁਇਅੰਗਾ ਅਨਤ ਤਰੰਗਾ; ਗੁਰਮੁਖਿ, ਪਾਰਿ ਲੰਘਾਏ ॥ ਹਰਿ ਬੋਹਿਥਿ ਚੜਿ, ਵਡਭਾਗੀ ਲੰਘੈ; ਗੁਰੁ ਖੇਵਟੁ ਸਬਦਿ ਤਰਾਏ ॥ ਅਨਦਿਨੁ ਹਰਿ ਰੰਗਿ, ਹਰਿ ਗੁਣ ਗਾਵੈ; ਹਰਿ ਰੰਗੀ, ਹਰਿ ਰੰਗਾ ॥ ਜਨ ਨਾਨਕ  ! ਨਿਰਬਾਣ ਪਦੁ ਪਾਇਆ; ਹਰਿ ਉਤਮੁ ਹਰਿ ਪਦੁ ਚੰਗਾ ॥’’ (ਮਹਲਾ ੪/੫੭੫) ਇਸ ਵਾਕ ’ਚ ਦਰਜ ‘ਜੀਨੁ’ ਦਾ ਅਰਥ ਹੈ, ‘ਉਹ ਕਾਠੀ, ਜਿਸ ਉੱਪਰ ਬੈਠ ਕੇ ਬੰਦਾ ਸਵਾਰੀ ਕਰਦਾ ਹੈ’।

ਹੇ ਭੋਲ਼ਿਆ ਬੰਦਿਆ ! ਤੂੰ ਚਾਰ ਪਹਿਰ ਦਿਨ ਮਾਇਆ ਦੇ ਧੰਦਿਆਂ ਵਿੱਚ ਖਰਾਬ ਕਰ ਦਿੱਤਾ ਅਤੇ ਚਾਰ ਪਹਿਰ ਰਾਤ ਸੌਂ ਕੇ ਗਵਾ ਦਿੱਤੀ ਹੈ ਭਾਵ ਤੇਰੀ ਸਾਰੀ ਉਮਰ ਅਜਾਈਂ ਬੀਤ ਗਈ ਹੈ। ਹੁਣ ਤੇਰਾ ਲੇਖਾ ਰੱਬ ਦੇ ਦਰ ਉੱਤੇ ਹੋਵੇਗਾ ਤੇ ਤੈਨੂੰ ਪੁੱਛਿਆ ਜਾਏਗਾ ਕਿ ਤੂੰ ਕਿਹੜੇ ਕੰਮ ਲਈ ਸੰਸਾਰ ਵਿੱਚ ਆਇਆ ਸੀ ‘‘ਫਰੀਦਾ  ! ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ॥ ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ॥’’ (ਸਲੋਕ ਫਰੀਦ/੧੩੭੯)

ਬਾਬਾ ਫ਼ਰੀਦ ਜੀ ਦੇ ਬਚਨ ਹਨ ‘‘ਫਰੀਦਾ  ! ਕੋਠੇ ਧੁਕਣੁ ਕੇਤੜਾ; ਪਿਰ ਨੀਦੜੀ ਨਿਵਾਰਿ ॥ ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥’’ (ਬਾਬਾ ਫਰੀਦ ਜੀ/੧੩੮੦) ਭਾਵ ਉਮਰ ਦਾ ਖਤਮ ਹੋਣਾ ਇਉਂ ਹੈ ਜਿਵੇਂ ਕੋਈ ਕੋਠੇ ਉੱਤੇ ਦੌੜ ਰਿਹਾ ਹੋਵੇ। ਕੋਠੇ ਉੱਪਰ ਬੰਦਾ ਕਿੰਨੀ ਕੁ ਦੂਰ ਦੌੜ ਸਕਦਾ ਹੈ। ਆਖ਼ਿਰ ਕੋਠੇ ਦੀ ਛੱਤ ਤਾਂ ਖ਼ਤਮ ਹੋਣੀ ਹੀ ਹੈ। ਸੋ ਮੌਤ ਨੂੰ ਨੇੜੇ ਜਾਣ ਕੇ ਮਾਇਆ ਵਿੱਚ ਗਲਤਾਨ ਭਰੀ ਨੀਂਦ ਵਿੱਚੋਂ ਜਾਗਣਾ ਪੈਣਾ ਹੈ ਕਿਉਂਕਿ ਹਰ ਮਨੁੱਖ ਨੂੰ ਗਿਣੇ ਮਿੱਥੇ ਦਿਨ ਮਿਲੇ ਹਨ, ਜੋ ਹਰ ਸੁਆਸ ਨਾਲ਼ ਖ਼ਤਮ ਹੋ ਰਹੇ ਹਨ।

ਹਥਲੇ ਸ਼ਬਦ ਦਾ ਅੰਤਮ ਬੰਦ ਹੈ ‘‘ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ  ! ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥’’ ਭਾਵ ਜੀਵਨ ਮਨੋਰਥ ਤੋਂ ਅਣਜਾਣ ਹੋਣ ਕਰਕੇ ਮੈਂ ਕੋਈ ਜਪ, ਤਪ, ਸੰਜਮ, ਸੰਗਤ ਦੀ ਸੇਵਾ ਆਦਿਕ ਦਾ ਕਾਰਜ ਨਹੀਂ ਕੀਤਾ ਹੁਣ ਤਾਂ ਹੇ ਪ੍ਰਭੂ ! ਤੇਰੇ ਅੱਗੇ ਇਹੀ ਬੇਨਤੀ ਹੈ ਕਿ ਮੈਂ ਨੀਚ ਕਰਮਾਂ ਵਾਲਾ ਹਾਂ ਪਰ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਇਸ ਲਈ ਸ਼ਰਨ ਪਏ ਦੀ ਲਾਜ ਰੱਖੋ ਜੀ ਕਿਉਂਕਿ ਜੇਕਰ ਤੂੰ ਮੇਰੇ ਕਰਮਾਂ ਦਾ ਲੇਖਾ-ਜੋਖਾ ਕਰੇਂਗਾ ਤਾਂ ਖਰਾ ਨਹੀਂ ਉਤਰ ਸਕਾਂਗਾ।

ਗੁਰਬਾਣੀ ਵਿੱਚ ਨਾਮ ਜਪਣ ਨੂੰ ਹੀ ਜਪੁ, ਨਾਮ ਜਪਣ ਨੂੰ ਹੀ ਤਪੁ, ਕਿਹਾ ਗਿਆ ਹੈ; ਜਿਵੇਂ ਕਿ ਬਚਨ ਹਨ ‘‘ਜਪ ਤਪ ਕਾ ਬੰਧੁ ਬੇੜੁਲਾ; ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ; ਐਸਾ ਪੰਥੁ ਸੁਹੇਲਾ ॥੧॥ ਤੇਰਾ ਏਕੋ ਨਾਮੁ ਮੰਜੀਠੜਾ; ਰਤਾ ਮੇਰਾ ਚੋਲਾ; ਸਦ ਰੰਗ ਢੋਲਾ ॥੧॥ ਰਹਾਉ ॥’’ (ਮਹਲਾ ੧/੭੨੯) ਅਤੇ ਪਰਮਾਤਮਾ ਦੀ ਮਿਹਰ ਬੰਦੇ ਦੇ ਮਾੜੇ ਕਰਮਾਂ ਨੂੰ ਇਸ ਤਰ੍ਹਾਂ ਖ਼ਤਮ ਕਰ ਦਿੰਦੀ ਹੈ ਜਿਵੇਂ ਕਿ ਲੱਕੜਾਂ ਦੇ ਢੇਰ ਨੂੰ ਅੱਗ ਦਾ ਇੱਕ ਕਿਨਕਾ। ਗੁਰੂ ਨਾਨਕ ਸਾਹਿਬ ਜੀ ਦੇ ਇਹੀ ਬਚਨ ਹਨ ‘‘ਲੋਕਾ  ! ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥’’ (ਮਹਲਾ ੧/੩੫੮) ਭਾਵ ਹੇ ਲੋਕੋ ! ਮੇਰੀ ਦਲੀਲ ਉੱਤੇ ਸ਼ੱਕ ਨਾ ਕਰਿਓ ਕਿਉਂਕਿ ਰੱਬ ਦੀ ਬਖ਼ਸ਼ਸ਼ ਪਾਪਾਂ ਨੂੰ ਇਉਂ ਜਲਾ ਦਿੰਦੀ ਹੈ ਜਿਵੇਂ ਲੱਕੜਾਂ ਦੇ ਢੰਰ ਨੂੰ ਅੱਗ ਦੀ ਇੱਕ ਤੀਲੀ।

ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਇਹ ਸਮਝਾਇਆ ਹੈ ਕਿ ਮਨੁੱਖਾ ਜਨਮ ਬਹੁਤ ਔਖਾ ਮਿਲਿਆ ਹੈ। ਇਸ ਮਨੁੱਖਾ ਜਨਮ ਦਾ ਮਨੋਰਥ ਸਿਰਫ ਗੋਬਿੰਦ ਨੂੰ ਮਿਲਣਾ ਹੈ, ਪਰ ਜੇਕਰ ਤੂੰ ਵਿਅਰਥ ਕੰਮਾਂ ਵਿੱਚ ਲੱਗਿਆ ਰਿਹਾ। ਮੈਂ-ਮੇਰੀ ਵਿੱਚ ਲੱਗਿਆ ਰਿਹਾ ਤਾਂ ਜਦੋਂ ਤੇਰਾ ਲੇਖਾ ਹੋਵੇਗਾ ਤਾਂ ਪਤਾ ਲੱਗੇਗਾ ਕਿ ਤੂੰ ਆਪਣੇ ਟੀਚੇ ਨੂੰ ਪੂਰਾ ਹੀ ਨਹੀਂ ਕੀਤਾ। ਜਿੱਥੇ ਜਾ ਕੇ ਤੂੰ ਵੱਸਣਾ ਸੀ, ਉੱਥੇ ਨਾਮ ਧਨ ਚੱਲਦਾ ਹੈ, ਜੋ ਤੈਂ ਇਕੱਠਾ ਕੀਤਾ ਨਹੀਂ। ਬਿਲਕੁਲ ਤੂੰ ਇਸ ਪਾਸੇ ਲੱਗਾ ਹੀ ਨਹੀਂ, ਇਸ ਲਈ ਆਵਾਗਮਣ ਵਿੱਚ ਜਾਏਂਗਾ। ਦਿਲੋਂ ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਪਾ ਲਿਆ, ਉਹ ਸੰਸਾਰ ਸਾਗਰ ਤੋਂ ਪਾਰ ਲੰਘ ਗਏ ਅਤੇ ਜੀਵਨ ਦਾ ਮਨੋਰਥ ਪੂਰਾ ਕਰ ਗਏ। ਸੋ ਜਿਊਂਦਿਆਂ ਹੀ ਮੰਜ਼ਲ ਨੂੰ ਪਾਉਣਾ ਹੈ, ਮਰ ਕੇ ਕੋਈ ਪੂਰਾ ਨਹੀਂ ਹੁੰਦਾ। ਮਰਨਾ ਉਸ ਨੂੰ ਹੀ ਆਉਂਦਾ ਹੈ ਜਦੋਂ ਕੋਈ ਬੰਦਾ ਆਪਣਾ ਮਨੋਰਥ ਪੂਰਾ ਕਰ ਲਵੇ। ਫਿਰ ਉਸ ਨੂੰ ਮਰਨਾ ਔਖਾ ਨਹੀਂ ਲੱਗਦਾ ਕਿਉਂਕਿ ਜਿਸ ਘਰ ਵਿੱਚ ਉਸ ਨੇ ਜਾਣਾ ਹੈ, ਉਸ ਦੀ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੁੰਦੀ ਹੈ। ਜਿਸ ਜੀਵ ਇਸਤ੍ਰੀ ਨੇ ਕਰਤਾਰ ਦਾ ਨਾਮ ਆਪਣੇ ਹਿਰਦੇ-ਘਰ ਵਿੱਚ ਵਸਾ ਲਿਆ ਹੁੰਦਾ ਹੈ। ਜਿਸ ਨੂੰ ਮਨ ਪਸੰਦ ਕਰਤਾਰ ਮਿਲ ਗਿਆ ਹੁੰਦਾ ਹੈ। ਉਸ ਦਾ ਮਾਲਕ; ਸਦੀਵੀ ਸਥਿਰ ਕਰਤਾਰ ਬਣ ਜਾਂਦਾ ਹੈ। ਸਮਝੋ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਅਸਲ ਮਨੋਰਥ ਪਾ ਲਿਆ ‘‘ਕਰਤਾ ਮੰਨਿ (’ਚ) ਵਸਾਇਆ ॥  ਜਨਮੈ ਕਾ ਫਲੁ ਪਾਇਆ ॥  ਮਨਿ ਭਾਵੰਦਾ ਕੰਤੁ ਹਰਿ; ਤੇਰਾ ਥਿਰੁ ਹੋਆ ਸੋਹਾਗੁ ਜੀਉ ॥’’ (ਮਹਲਾ ੫/੧੩੨)