ਊਡੇ ਊਡਿ ਆਵੈ ਸੈ ਕੋਸਾ

0
814

ਊਡੇ ਊਡਿ ਆਵੈ ਸੈ ਕੋਸਾ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ੴ ਸਤਿ ਗੁਰ ਪ੍ਰਸਾਦਿ

ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਬਹੁਤ ਹੀ ਵਿਸ਼ਾਲ ਅਤੇ ਅਦਭੁਤ ਹੈ। ਇਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਸ਼ੂ, ਪੰਛੀ, ਜੀਵ-ਜੰਤੂ ਅਤੇ ਪੌਦੇ ਵੇਖਣ ਨੂੰ ਮਿਲਦੇ ਹਨ। ਜੀਵ ਜੰਤੂਆਂ ਦਾ ਸੰਸਾਰ ਬਹੁਤ ਹੀ ਵਿਸ਼ਾਲ ਤੇ ਵਚਿੱਤਰ ਹੈ। ਧਰਤੀ ’ਤੇ ਰਹਿਣ ਵਾਲੇ, ਪਾਣੀ ਵਿੱਚ ਪਾਏ ਜਾਣ ਵਾਲੇ, ਹਵਾ ਵਿੱਚ ਉੱਡਣ ਵਾਲੇ ਅਤੇ ਮਿੱਟੀ ਦੇ ਥੱਲੇ ਰਹਿਣ ਵਾਲੇ ਅਨੇਕਾਂ ਹੀ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਸ਼ਾਕਾਹਾਰੀ ਜੀਵ, ਮਾਸਾਹਾਰੀ, ਰੀਂਗਣ ਵਾਲੇ, ਤੁਰਨ ਵਾਲੇ, ਉੱਡਣ ਵਾਲੇ ਅਤੇ ਹੋਰ ਅਨੇਕ ਤਰ੍ਹਾਂ ਦੇ ਜੀਵ-ਜੰਤੂ ਸਾਡੇ ਆਲੇ ਦੁਆਲੇ ਦਿਖਾਈ ਦਿੰਦੇ ਹਨ। ਇਸ ਤੋਂ ਵੀ ਅੱਗੇ ਚੱਲੀਏ ਤਾਂ ਪ੍ਰਮਾਤਮਾ ਦੀ ਰਚਨਾ ਵਿੱਚ ਉਹ ਵੀ ਅਨੇਕਾਂ ਜੀਵ ਹਨ, ਜਿਹਨਾਂ ਨੂੰ ਸਾਡੀ ਅੱਖ ਵੇਖ ਵੀ ਨਹੀਂ ਸਕਦੀ। ਉਹਨਾਂ ਨੂੰ ਵੇਖਣ ਲਈ ਸ਼ਕਤੀਸ਼ਾਲੀ ਖੁਰਦਬੀਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਕੁਦਰਤ ਵਿੱਚ ਬਹੁਤ ਰੰਗ ਬਰੰਗੀਆਂ ਸਚਾਈਆਂ ਹਨ। ਆਪਣੇ ਖ਼ਾਸ ਸੁਭਾਅ, ਰੰਗ, ਅਕਾਰ ਅਤੇ ਗੁਣਾ ਕਰ ਕੇ ਵੱਖ ਵੱਖ ਜੀਵ ਅਕਸਰ ਆਮ ਲੋਕਾਂ ਅਤੇ ਵਿਗਿਆਨੀਆਂ ਲਈ ਕੇਵਲ ਚਰਚਾ ਦਾ ਵਿਸ਼ਾ ਹੀ ਨਹੀਂ ਸਗੋਂ ਖੋਜ ਦਾ ਵੀ ਵਿਸ਼ਾ ਬਣੇ ਰਹਿੰਦੇ ਹਨ।

ਇਹ ਸਾਰੇ ਜੀਵ ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਨੰਗੇ ਹੀ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ :

ਵਿਸਮਾਦੁ; ਨਾਗੇ ਫਿਰਹਿ ਜੰਤ ॥ (ਆਸਾ ਕੀ ਵਾਰ/ਮ: ੧/੪੬੩)

ਪ੍ਰਮਾਤਮਾ ਨੇ ਇਹਨਾਂ ਦੀ ਪਾਲਣਾ ਪੋਸ਼ਨਾ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਹਰ ਮੌਸਮ ਵਿੱਚ ਇਹ ਜੀਵ ਜੀਊਂਦੇ ਰਹਿੰਦੇ ਹਨ। ਗਰਮੀ, ਸਰਦੀ, ਤੂਫਾਨ, ਹੜ੍ਹ, ਬਰਫੀਲੀਆਂ ਚੋਟੀਆਂ ਅਤੇ ਮਾਰੂਥਲਾਂ ਦੀਆਂ ਗਰਮੀਆਂ ਵਿੱਚ ਪ੍ਰਮਾਤਮਾ ਨੇ ਇਹਨਾਂ ਨੂੰ ਕੇਵਲ ਰਹਿਣ ਯੋਗ ਹੀ ਨਹੀਂ ਬਣਾਇਆ ਸਗੋਂ ਇਹਨਾਂ ਦੇ ਆਹਾਰ ਦਾ ਪ੍ਰਬੰਧ ਵੀ ਉਸ ਨੇ ਕਰ ਕੇ ਰੱਖਿਆ ਹੋਇਆ ਹੈ। ਕੁੱਝ ਪੰਛੀ ਐਸੇ ਵੀ ਹਨ ਜੋ ਮੌਸਮ ਬਦਲਣ ’ਤੇ ਆਪਣਾ ਵਾਸਾ ਕਿਸੇ ਹੋਰ ਥਾਂ ’ਤੇ ਜਾ ਕੇ ਕਰਦੇ ਹਨ ਅਤੇ ਕੁੱਝ ਸਮੇਂ ਬਾਅਦ ਫਿਰ ਵਾਪਸ ਆਪਣੇ ਹੀ ਟਿਕਾਣੇ ’ਤੇ ਆ ਜਾਂਦੇ ਹਨ। ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਚੱਲਦਾ ਰੱਖਣ ਲਈ ਇਸ ਤਰ੍ਹਾਂ ਦੇ ਵਿਧੀ ਵਿਧਾਨ ਬਣਾਏ ਹੋਏ ਹਨ।

ਪੰਛੀਆਂ ਦੇ ਪ੍ਰਵਾਸ ਕਰਨ ਦੇ ਕਾਰਨ ਤੋਂ ਹਰ ਇੱਕ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਇਹ ਪੰਛੀ ਕਿੱਥੋਂ, ਕਿਉਂ ਤੇ ਕਿਸ ਤਰ੍ਹਾਂ ਸਾਡੇ ਕੋਲ ਆਉਂਦੇ ਹਨ ਤੇ ਫਿਰ ਕਿੱਥੇ ਤੇ ਕਿਵੇਂ ਚਲੇ ਜਾਂਦੇ ਹਨ ? ਜਦੋਂ ਮੌਸਮ ਦੀ ਤਬਦੀਲੀ ਨੂੰ ਨਾ ਸਹਾਰਦੇ ਹੋਏ, ਉਹਨਾਂ ਦੀ ਜਾਨ ਖਤਰੇ ਵਿੱਚ ਪੈ ਜਾਵੇ ਤਾਂ ਉਹ ਮਜਬੂਰੀ ਦੀ ਹਾਲਤ ਵਿੱਚ ਕੁਦਰਤੀ ਸੂਝ ਬੂਝ ਦੁਆਰਾ ਆਪਣੇ ਅਸਥਾਨ ਨੂੰ ਛੱਡ ਕੇ ਕਿਸੇ ਹੋਰ ਅਨੁਕੂਲ ਅਸਥਾਨ ’ਤੇ ਪਹੁੰਚ ਜਾਂਦੇ ਹਨ। ਕੂੰਜ ਨੂੰ ਹੀ ਵੇਖ ਲਈਏ ਕਿ ਉਹ ਸੈਂਕੜੇ ਕੋਹਾਂ ਦੇ ਸਫਰ ਕਰ ਕੇ ਅਨੁਕੂਲ ਵਾਤਾਵਰਣ ਵਾਲੇ ਇਲਾਕੇ ਵਿੱਚ ਪਹੁੰਚ ਜਾਂਦੀ ਹੈ। ਆਮ ਕਰ ਕੇ ਸਾਇਬੇਰੀਆਂ ਤੋਂ ਚੱਲ ਕੇ ਭਾਰਤ ਵਿੱਚ ਇਹ ਹਜ਼ਾਰਾਂ ਮੀਲ ਦਾ ਸਫ਼ਰ ਕਰ ਕੇ ਆਉਂਦੀਆਂ ਹਨ। ਪਿੱਛੇ ਉਹਨਾਂ ਦੇ ਬੱਚੇ ਇਕੱਲੇ ਹੀ ਹੁੰਦੇ ਹਨ। ਉਹਨਾਂ ਦਾ ਕੋਈ ਧਿਆਨ ਰੱਖਣ ਵਾਲਾ ਨਹੀਂ ਹੁੰਦਾ, ਕੋਈ ਕੁੱਝ ਖੁਆਉਣ ਵਾਲਾ ਵੀ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਉਂਦਾ ਪਰ ਫਿਰ ਵੀ ਉਹਨਾਂ ਦੇ ਬੱਚੇ ਪਲਦੇ ਰਹਿੰਦੇ ਹਨ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਹੀ ਉਹਨਾਂ ਦੇ ਪਾਲਣ ਦਾ ਵਸੀਲਾ (ਕੂੰਜ ਦੀ ਧਿਆਨ ਸਾਧਨਾ ਰਾਹੀਂ ਹੀ) ਬਣਾਉਂਦਾ ਹੈ। ਰਹਿਰਾਸ ਸਾਹਿਬ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਹਾਂ :

ਊਡੇ ਊਡਿ ਆਵੈ, ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥

ਤਿਨ, ਕਵਣੁ ਖਲਾਵੈ  ? ਕਵਣੁ ਚੁਗਾਵੈ  ? ਮਨ ਮਹਿ ਸਿਮਰਨੁ ਕਰਿਆ ॥ (ਸੋ ਦਰੁ ਗੂਜਰੀ/ਮ: ੫/੧੦)

ਪ੍ਰਮਾਤਮਾ ਨੇ ਹਰ ਜੀਵ ਨੂੰ ਉਸ ਦੀ ਜੀਵਨਸ਼ੈਲੀ ਤੇ ਚਰਿੱਤਰ ਵਿਧੀ ਅਨੁਸਾਰ ਜੀਊਣ ਲਈ ਸਮਰੱਥਾ ਬਖਸ਼ੀ ਹੋਈ ਹੈ। ਇਸ ਸਚਾਈ ਅਧੀਨ ਹੀ ਕੁਦਰਤ ਨੇ ਪ੍ਰਵਾਸੀ ਪੰਛੀਆਂ ਨੂੰ ਹਜ਼ਾਰਾਂ ਮੀਲਾਂ ਦਾ ਲੰਮਾ ਤੇ ਕਠਿਨ ਸਫ਼ਰ ਤੈਅ ਕਰ ਸਕਣ ਲਈ ਪੂਰੀ ਤਾਕਤ ਨਾਲ ਨਿਵਾਜਿਆ ਹੁੰਦਾ ਹੈ। ਇਹ ਪ੍ਰਵਾਸੀ ਪੰਛੀ, ਬਿਨਾਂ ਕੁੱਝ ਖਾਧੇ ਪੀਤੇ, ਕਈ ਕਈ ਦਿਨ ਲਗਾਤਾਰ ਉੱਡਦੇ ਰਹਿੰਦੇ ਹਨ। ਕੁਦਰਤ ਨੇ ਇਹਨਾਂ ਦੇ ਸਰੀਰਾਂ ਅੰਦਰ ਪ੍ਰਵਾਸ ਕਰਨ ਸਮੇਂ ਚਰਬੀ ਦਾ ਇੱਕ ਵੱਡਾ ਭੰਡਾਰ ਜਮ੍ਹਾਂ ਕੀਤਾ ਹੁੰਦਾ ਹੈ, ਜਿਸ ਨੂੰ ਲੰਬੇ ਸਫ਼ਰ ਦੌਰਾਨ ਉਹ ਊਰਜਾ ਦੇ ਤੌਰ ’ਤੇ ਵਰਤਦੀਆਂ ਹਨ। ਕੁਦਰਤ ਨੇ ਇਹਨਾਂ ਦੇ ਖੰਭਾਂ ਵਿੱਚ ਵਿਸ਼ੇਸ਼ ਬਣਤਰ ਬਨਾਈ ਹੁੰਦੀ ਹੈ, ਜਿਸ ਦੀ ਸਹਾਇਤਾ ਨਾਲ ਇਹ ਲੰਮਾ ਸਫ਼ਰ ਕਰ ਸਕਦੀਆਂ ਹਨ।

ਵੱਖ ਵੱਖ ਪੰਛੀਆਂ ਦੇ ਪ੍ਰਵਾਸ ਦੀ ਗਾਥਾ ਬਾਰੇ ਜਾਣਕਾਰੀ ਹਾਸਲ ਕਰ ਕੇ ਕੁਦਰਤ ਦੇ ਅੱਗੇ ਸ਼ਰਧਾ ਤੇ ਪਿਆਰ ਨਾਲ ਸਿਰ ਝੁੱਕ ਜਾਂਦਾ ਹੈ ਤੇ ਮਨ ਵਿਸਮਾਦ ਦੀ ਅਵਸਥਾ ਵਿੱਚ ਆ ਜਾਂਦਾ ਹੈ। ਚਿੱਟੇ ਰੰਗ ਦਾ ਇੱਕ ਵੱਡਾ ਸਮੁੰਦਰੀ ਪੰਛੀ ਅਲਬਟਰੋਸ ਲਗਭਗ ਤਿੰਨ ਮਹੀਨੇ ਵਿੱਚ 30 ਹਜ਼ਾਰ ਕਿਲੋ ਮੀਟਰ ਦਾ ਸਫ਼ਰ ਤੈਅ ਕਰਦਾ ਹੈ ਅਤੇ ਇੱਕ ਹਫਤਾ, ਬਿਨਾਂ ਖੰਭ ਹਿਲਾਏ ਹਵਾ ਵਿੱਚ ਗਲਾਈਡ ਕਰਦਾ ਹੈ। ਉਤਰੀ ਅਮਰੀਕਾ ਦਾ ਇੱਕ ਪੰਛੀ ਬੋਬੋਲਿੰਕ, ਸਰਦੀਆਂ ਵਿੱਚ ਉੱਤਰੀ ਅਰਜਨਟਾਈਨਾ ਅਤੇ ਬਰਾਜ਼ੀਲ ਪਹੁੰਚਣ ਲਈ 2000 ਕਿਲੋ ਮੀਟਰ ਦਾ ਸਫ਼ਰ ਖੁੱਲ੍ਹੇ ਸਮੁੰਦਰ ਨੂੰ ਪਾਰ ਕਰ ਕੇ ਕਰਦਾ ਹੈ। ਕੁਦਰਤ ਨੇ ਇਸ ਦੇ ਸਰੀਰ ’ਤੇ ਚਰਬੀ ਦੀ ਇੱਕ ਮੋਟੀ ਤਹਿ ਜਮਾ ਕੇ ਰੱਖੀ ਹੁੰਦੀ ਹੈ ਜਿਸ ਦੀ ਵਰਤੋਂ ਇਹ ਪੰਛੀ ਲੰਬੇ ਸਫ਼ਰ ਦੌਰਾਨ ਸਰੀਰ ਨੂੰ ਊਰਜਾ ਦੇਣ ਲਈ ਕਰਦਾ ਹੈ। ਜੇ ਕਿਸੇ ਵਿਅਕਤੀ ਨੇ ਪਾਇਲਟ ਦੀ ਟ੍ਰੇਨਿੰਗ ਲੈਣੀ ਹੋਵੇ ਤਾਂ ਉਸ ਨੂੰ ਬਹੁਤ ਕਠਿਨ ਮਿਹਨਤ ਕਰਨੀ ਪੈਂਦੀ ਹੈ ਤੇ ਦਿਸ਼ਾ ਸੂਚਕ ਦੀ ਮਦਦ ਨਾਲ ਹੀ ਉਹ ਜਹਾਜ਼ ਨੂੰ ਸਹੀ ਦਿਸ਼ਾ ਵਿੱਚ ਲਿਜਾ ਸਕਦਾ ਹੈ, ਪਰ ਕੁਦਰਤ ਦੀ ਰਚਨਾ ਅੱਗੇ ਸਿਰ ਝੁੱਕ ਜਾਂਦਾ ਹੈ ਕਿ ਇਹ ਪੰਛੀ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰ ਕੇ ਬਿਨਾਂ ਕਿਸੇ ਧੋਖਾ ਖਾਧੇ ਆਪਣੇ ਟੀਚੇ ’ਤੇ ਪਹੁੰਚ ਜਾਂਦੇ ਹਨ।

ਵਿਗਿਆਨੀਆਂ ਦਾ ਵਿਚਾਰ ਹੈ ਕਿ ਇਹਨਾਂ ਪੰਛੀਆਂ ਦੇ ਦਿਮਾਗ ਅੰਦਰ ਚਾਲਕ ਅਤੇ ਦਿਸ਼ਾ ਸੂਚਕ ਜੰਤਰ ਵਰਗੀ ਕੋਈ ਪ੍ਰਣਾਲੀ ਮੌਜੂਦ ਹੈ। ਇਸ ਅੰਦਰੂਨੀ ਦਿਸ਼ਾ ਸੂਚਕ ਦੇ ਸਹਾਰੇ ਇਹ ਪੰਛੀ ਹਜ਼ਾਰਾਂ ਮੀਲ ਦਾ ਕਠਿਨ ਸਫ਼ਰ ਬੜੀ ਸਫਲਤਾ ਪੂਰਵਕ ਪਾਰ ਕਰ ਕੇ ਨਿਸ਼ਚਿਤ ਥਾਂ ’ਤੇ ਪਹੁੰਚ ਜਾਂਦੇ ਹਨ। ਸੂਰਜ ਚੰਦ ਅਤੇ ਤਾਰਿਆਂ ਦੀ ਸਥਿਤੀ ਵੀ ਰਸਤਾ ਦਿਖਾਉਣ ਵਿੱਚ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਪਹਾੜਾਂ, ਝੀਲਾਂ, ਸਮੁੰਦਰਾਂ ਅਤੇ ਮਾਰੂਥਲ ਵਰਗੇ ਪੱਕੇ ਚਿੰਨ੍ਹ ਵੀ ਸਹਾਇਕ ਹੁੰਦੇ ਹਨ। ਕੁਦਰਤੀ ਸੂਝ-ਬੂਝ ਦੇ ਨਾਲਨਾਲ ਇਹਨਾਂ ਪੰਛੀਆਂ ਦੀ ਵੇਖਣ, ਸੁਣਨ ਤੇ ਸੁੰਘਣ ਸ਼ਕਤੀ ਵੀ ਕੰਮ ਕਰਦੀ ਹੈ। ਚੁੰਬਕੀ ਤੇ ਬਿਜਲਈ ਖੇਤਰ ਵੀ ਇਹਨਾਂ ਦੀ ਅਗਵਾਈ ਕਰਦੇ ਹਨ। ਕੁਦਰਤ ਨੇ ਇਹਨਾਂ ਪੰਛੀਆਂ ਨੂੰ ਇੱਕ ਵਚਿੱਤਰ ਸੋਝੀ ਬਖਸ਼ਿਸ਼ ਕੀਤੀ ਹੋਈ ਹੈ ਕਿ ਇਹ ਪ੍ਰਵਾਸੀ ਪੰਛੀ ਅੰਗਰੇਜ਼ੀ ਦੇ ਉਲਟੇ ਅੱਖਰ (ਵੀ) ਦੀ ਸ਼ਕਲ ਵਿੱਚ ਝੁੰਡ ਬਣਾ ਕੇ ਚੱਲਦੇ ਹਨ। ਇਸ ਤਰ੍ਹਾਂ ਚੱਲਣ ਨਾਲ ਇਹਨਾਂ ਦੀ ਰਫ਼ਤਾਰ ਕਈ ਗੁਣਾਂ ਤੇਜ ਹੋ ਜਾਂਦੀ ਹੈ। ਜਿਹੜੀ ਕੂੰਜ ਅੱਗੇ ਹੁੰਦੀ ਹੈ ਉਹ ਬਾਕੀ ਝੁੰਡ ਦੀ ਅਗਵਾਈ ਕਰਦੀ ਹੈ ਤੇ ਜਦੋਂ ਉਹ ਥੱਕ ਜਾਂਦੀ ਹੈ ਤਾਂ ਉਸ ਦੀ ਥਾਂ ਦੂਸਰੀ ਹੋਰ ਕੂੰਜ ਅਗਵਾਈ ਕਰਨ ਲਈ ਅੱਗੇ ਆ ਜਾਂਦੀ ਹੈ ਤੇ ਪਹਿਲੀ ਕੂੰਜ ਪਿੱਛੇ ਹੋ ਜਾਂਦੀ ਹੈ। ਜੇ ਇਸ ਝੁੰਡ ਵਿੱਚੋਂ ਕੁੱਝ ਕੂੰਜਾਂ ਸਰੀਰਕ ਪੱਖੋਂ ਢਿੱਲੀਆਂ ਹੋ ਜਾਣ ਤਾਂ ਉਹ ਆਪਣਾ ਇੱਕ ਵੱਖਰਾ ਝੁੰਡ ਬਣਾ ਕੇ ਘੱਟ ਰਫ਼ਤਾਰ ਨਾਲ ਚੱਲਣ ਲੱਗ ਪੈਂਦੀਆਂ ਹਨ।

ਵਿਗਿਆਨੀਆਂ ਨੇ ਇਹ ਵੀ ਖੋਜ ਕਰ ਲਈ ਹੈ ਕਿ ਅਕਾਲ ਪੁਰਖ ਨੇ ਪ੍ਰਵਾਸੀ ਪੰਛੀਆਂ ਨੂੰ ਪ੍ਰਵਾਸ ਕਰਨ ਲਈ ਸਹੀ ਸਮਾਂ ਕੀ ਹੈ, ਇਸ ਬਾਰੇ ਵੀ ਸੋਝੀ ਦੇ ਰੱਖੀ ਹੈ। ਇਹਨਾਂ ਨੂੰ ਪ੍ਰਵਾਸ ਯਾਤਰਾ ਸ਼ੁਰੂ ਕਰਨ ਦੀ ਪ੍ਰੇਰਨਾ ਦਿਨ ਦੀ ਲੰਬਾਈ ਘੱਟਣ ਤੋਂ ਮਿਲਦੀ ਹੈ। ਜਦੋਂ ਦਿਨ ਛੋਟੇ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਭੋਜਨ ਦੀ ਭਾਲ ਲਈ ਪੂਰਾ ਸਮਾਂ ਨਹੀਂ ਮਿਲਦਾ ਤਾਂ ਇਹ ਯਾਤਰਾ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਕੁਦਰਤੀ ਤੌਰ ’ਤੇ ਵੀ ਇਹਨਾਂ ਦੇ ਸਰੀਰ ਅੰਦਰ ਖ਼ਾਸ ਕਿਸਮ ਦੇ ਹਾਰਮੋਨਜ਼ ਤਿਆਰ ਹੋ ਜਾਂਦੇ ਹਨ ਜੋ ਇਹਨਾਂ ਨੂੰ ਪ੍ਰਵਾਸ ਯਾਤਰਾ ’ਤੇ ਨਿੱਕਲਣ ਲਈ ਉਕਸਾਉਂਦੇ ਹਨ। ਆਮ ਤੌਰ ’ਤੇ ਸਾਫ਼ ਮੌਸਮ ਵਿੱਚ ਹੀ ਜਿਸ ਪਾਸੇ ਹਵਾ ਦੀ ਦਿਸ਼ਾ ਹੋਵੇ, ਉਸ ਪਾਸੇ ਵੱਲ ਹੀ ਇਹ ਉਡਾਣ ਭਰਦੇ ਹਨ।

ਮਨੁੱਖ ਨੂੰ ਕੇਵਲ ਆਪਣਾ ਜਾਂ ਆਪਣੇ ਪਰਿਵਾਰ ਨੂੰ ਪਾਲਣ ਦਾ ਫ਼ਿਕਰ ਰਹਿੰਦਾ ਹੈ। ਇਸ ਲਈ ਉਹ ਦਿਨ ਰਾਤ ਮਾਇਆ ਨੂੰ ਇਕੱਠੀ ਕਰਨ ਵਿੱਚ ਲੱਗਾ ਰਹਿੰਦਾ ਹੈ। ਇਹ ਮਾਇਆ ਇਕੱਠੀ ਕਰਨ ਵਿੱਚ ਕਈ ਤਰ੍ਹਾਂ ਦੇ ਪਰਪੰਚ ਕਰਦਾ ਹੈ। ਭਗਤ ਕਬੀਰ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਫੁਰਮਾਉਂਦੇ ਹਨ :

ਬਹੁ ਪਰਪੰਚ ਕਰਿ; ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ; ਆਨਿ ਲੁਟਾਵੈ ॥੧॥

ਮਨ ਮੇਰੇ ਭੂਲੇ ! ਕਪਟੁ ਨ ਕੀਜੈ ॥ ਅੰਤਿ ਨਿਬੇਰਾ; ਤੇਰੇ ਜੀਅ ਪਹਿ, ਲੀਜੈ ॥੧॥ ਰਹਾਉ ॥ (ਭਗਤ ਕਬੀਰ/੬੫੬)

ਮਨੁੱਖ ਇਹ ਗੱਲ ਨਹੀਂ ਸਮਝਦਾ ਕਿ ਜਿਸ ਪ੍ਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਹੈ, ਉਸ ਨੇ ਰੋਜ਼ੀ ਰੋਟੀ, ਪਾਲਣ ਪੋਸ਼ਣ ਦਾ ਪ੍ਰਬੰਧ ਤਾਂ ਉਸ ਦੇ ਜਨਮ ਤੋਂ ਪਹਿਲਾਂ ਹੀ ਕੀਤਾ ਹੋਇਆ ਹੈ। ਕਿੰਨੀ ਕਮਾਲ ਦੀ ਗੱਲ ਹੈ ਕਿ ਥਣਧਾਰੀ ਪ੍ਰਾਣੀਆਂ ਦੇ ਥਣਾਂ ਵਿੱਚ ਉਦੋਂ ਤੱਕ ਦੁੱਧ ਨਹੀਂ ਆਉਂਦਾ ਜਿੰਨੀ ਦੇਰ ਤੱਕ ਜ਼ਰੂਰਤ ਨਾ ਹੋਵੇ। ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਸ ਨੂੰ ਜ਼ਿੰਦਾ ਰੱਖਣ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। ਪ੍ਰਮਾਤਮਾ ਇਸ ਦਾ ਪ੍ਰਬੰਧ ਖ਼ੁਦ ਆਪ ਹੀ ਕਰਦਾ ਹੈ। ਮਾਂ ਦੇ ਥਣਾਂ ਵਿੱਚ ਦੁੱਧ ਆ ਜਾਂਦਾ ਹੈ। ਇਹ ਦੁੱਧ ਏਨਾ ਹੁੰਦਾ ਹੈ ਕਿ ਉਸ ਬੱਚੇ ਨੂੰ ਭਾਵੇਂ ਉਹ ਮਨੁੱਖ ਦਾ ਹੋਵੇ, ਗਾਂ ਦਾ ਜਾਂ ਮੱਝ ਆਦਿ ਦਾ ਹੋਵੇ, ਉਸ ਨੂੰ ਜ਼ਿੰਦਾ ਰਹਿਣ ਲਈ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਜਦੋਂ ਵੱਡਾ ਹੋ ਗਿਆ ਤਾਂ ਭੋਜਨ ਦਾ ਪ੍ਰਬੰਧ ਮਾਤਾ ਪਿਤਾ ਕਰਦੇ ਹਨ। ਜਦੋਂ ਬਜ਼ੁਰਗ ਦੀ ਅਵਸਥਾ ਹੁੰਦੀ ਹੈ ਤਾਂ ਬੈਠਿਆਂ ਨੂੰ ਬੱਚੇ ਭੋਜਨ ਦਿੰਦੇ ਹਨ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ :

ਬਾਰ ਬਿਵਸਥਾ; ਤੁਝਹਿ ਪਿਆਰੈ ਦੂਧ ॥ ਭਰਿ ਜੋਬਨ; ਭੋਜਨ ਸੁਖ ਸੂਧ ॥

ਬਿਰਧਿ ਭਇਆ; ਊਪਰਿ ਸਾਕ ਸੈਨ ॥ ਮੁਖਿ ਅਪਿਆਉ; ਬੈਠ ਕਉ ਦੈਨ ॥ (ਮ: ੫/੨੬੭)

ਪ੍ਰੰਤੂ ਮਨੁੱਖ ਦਿਨ ਰਾਤ ਮਾਇਆ ਇਕੱਠੀ ਕਰਨ ਵਿੱਚ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ। ਪੱਥਰਾਂ ਵਿੱਚ, ਗੁਫਾਵਾਂ ਵਿੱਚ, ਧਰਤੀ ਦੇ ਥੱਲੇ ਦਿਸਦੇ ਤੇ ਅਣ-ਦਿਸਦੇ ਸਾਰੇ ਜੀਵਾਂ ਦਾ ਫ਼ਿਕਰ, ਉਸ ਪ੍ਰਮਾਤਮਾ ਨੂੰ ਹੈ। ਕਈ ਵਾਰ ਮਨੁੱਖ ਹਉਮੈ ਵਿੱਚ ਆ ਕੇ ਸਮਝਦਾ ਹੈ ਕਿ ਮੇਰੇ ਕਰ ਕੇ ਹੀ ਕਈ ਹੋਰ ਮਨੁੱਖ ਪਲ ਰਹੇ ਹਨ। ਮੈਂ ਉਹਨਾਂ ਨੂੰ ਰੁਜ਼ਗਾਰ ਦੇ ਰਿਹਾ ਹਾਂ।

ਸ਼ਿਵਾ ਜੀ ਜਦੋਂ ਕੋਈ ਮੁਹਿੰਮ ਫ਼ਤਹਿ ਕਰਦੇ ਸਨ ਤਾਂ ਉਹ ਉਸ ਇਲਾਕੇ ਦੇ ਕਿਲਿਆਂ ਦੀ ਮੁਰੰਮਤ ਕਰਵਾਉਂਦੇ ਸਨ ਤੇ ਸਮਝਦੇ ਸਨ ਕਿ ਇਸ ਤਰੀਕੇ ਨਾਲ ਮੈਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਰਿਹਾ ਹਾਂ। ਇੱਕ ਵਾਰ ਉਹ ਆਪਣੇ ਧਾਰਮਿਕ ਗੁਰੂ ਸਮਰੱਥ ਰਾਮ ਦਾਸ ਜੀ ਨੂੰ ਕਿਲਿਆਂ ਦੀ ਉਸਾਰੀ ਵਿਖਾਉਣ ਲਈ ਲਿਆਏ ਤੇ ਬੜੇ ਮਾਣ ਨਾਲ ਕਹਿਣ ਲੱਗੇ ਕਿ ਮੈਂ ਸੈਂਕੜੇ ਲੋਕਾਂ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਰਿਹਾ ਹਾਂ। ਸਮਰੱਥ ਰਾਮ ਦਾਸ ਜੀ ਸਮਝ ਗਏ ਕਿ ਮੇਰੇ ਚੇਲੇ ਨੂੰ ਇਹ ਹੰਕਾਰ ਹੋ ਗਿਆ ਹੈ ਕਿ ਉਹ ਪਾਲਣ ਪੋਸ਼ਣ ਦਾ ਵਸੀਲਾ ਹੈ। ਉਹਨਾਂ ਨੇ ਸ਼ਿਵਾ ਜੀ ਨੂੰ ਨੇੜੇ ਪਏ ਇੱਕ ਪੱਥਰ ਨੂੰ ਤੋੜਨ ਲਈ ਕਿਹਾ। ਜਦੋਂ ਮਜ਼ਦੂਰਾਂ ਨੇ ਪੱਥਰ ਤੋੜਿਆ ਤਾਂ ਉਸ ਵਿੱਚੋਂ ਕੁੱਝ ਕੀੜੇ ਨਿੱਕਲੇ। ਗੁਰੂ ਜੀ ਨੇ ਸ਼ਿਵਾ ਜੀ ਨੂੰ ਪੁੱਛਿਆ ਕਿ ਇਹਨਾਂ ਦੀ ਪਾਲਣਾ ਪੋਸ਼ਣਾ ਵੀ ਤੁਸੀਂ ਕਰ ਰਹੇ ਹੋ ? ਉਹ ਚੁੱਪ ਹੋ ਗਏ ਤੇ ਫਿਰ ਸਮਝਾਇਆ ਕਿ ਪ੍ਰਮਾਤਮਾ ਹੀ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਮਨੁੱਖ ਤਾਂ ਇੱਕ ਵਸੀਲਾ ਹੀ ਬਣਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ :

ਸੈਲ ਪਥਰ ਮਹਿ, ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥ (ਸੋ ਦਰੁ ਗੂਜਰੀ/ਮ: ੫/੧੦)

ਕੁਦਰਤ ਆਪਣਾ ਸੰਤੁਲਨ ਬਣਾ ਕੇ ਚੱਲਦੀ ਹੈ। ਕੁਦਰਤ ਦਾ ਭੋਜਨ ਚੱਕਰ ਸੂਰਜ ਦੀ ਰੋਸ਼ਨੀ ਤੋਂ ਸ਼ੁਰੂ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਸਾਨੂੰ (ਭਾਵ ਕੁਦਰਤ ਨੂੰ) ਊਰਜਾ ਦਿੰਦੀਆਂ ਹਨ, ਜਿਨ੍ਹਾਂ ਕਰ ਕੇ ਹੀ ਪੌਦੇ ਵਧਦੇ ਫੁੱਲਦੇ ਹਨ। ਪੌਦੇ, ਆਪਣਾ ਭੋਜਨ ਪ੍ਰਕਾਸ਼ ਸੰਸ਼ਲੇਸ਼ਣ (ਵੱਖ-ਵੱਖ ਤੱਤਾਂ ਨੂੰ ਮਿਲ਼ਾ ਕੇ ਇੱਕ ਰੂਪ ਦੇਣ ਦਾ ਭਾਵ) ਦੀ ਵਿਧੀ ਰਾਹੀਂ ਸੂਰਜ ਦੀ ਰੋਸ਼ਨੀ ਵਿੱਚੋਂ ਤਿਆਰ ਕਰਦੇ ਹਨ। ਸ਼ਾਕਾਹਾਰੀ ਜਾਨਵਰ ਇਹਨਾਂ ਪੌਦਿਆਂ ਤੋਂ ਆਪਣੀ ਖ਼ੁਰਾਕ ਲੈਂਦੇ ਹਨ ਤੇ ਮਾਸਾਹਾਰੀ ਜਾਨਵਰ, ਸ਼ਾਕਾਹਾਰੀਆਂ ਨੂੰ ਖਾ ਕੇ ਆਪਣਾ ਪੇਟ ਭਰਦੇ ਹਨ। ਇਸ ਤਰ੍ਹਾਂ ਕੁਦਰਤ ਦਾ ਭੋਜਨ ਚੱਕਰ ਚੱਲਦਾ ਰਹਿੰਦਾ ਹੈ।

ਪ੍ਰਮਾਤਮਾ ਨੇ ਇਸ ਧਰਤੀ ਦਾ ਤਾਪਮਾਨ ਸਥਿਰ ਅਤੇ ਜੀਵਾਂ ਦੇ ਰਹਿਣ ਦੇ ਅਨੁਕੂਲ ਬਣਾਉਣ ਲਈ ਉਤਰੀ ਤੇ ਦੱਖਣੀ ਧਰੁਵ ’ਤੇ ਢੇਰ ਸਾਰੀ ਬਰਫ਼ ਰੱਖ ਦਿੱਤੀ ਹੈ। ਉਤਰੀ ਧਰੁਵ ’ਤੇ ਰਹਿਣ ਵਾਲੇ ਲੋਕਾਂ ਨੇ ਸੰਸਾਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਸ ਦਾ ਨਾਂ ਗਰੀਨਲੈਂਡ ਰੱਖਿਆ ਹੈ ਹਾਲਾਂ ਕਿ ਇੱਥੇ ਕੋਈ ਹਰਿਆਵਲ ਨਹੀਂ। ਕੇਵਲ ਬਰਫ਼ ਹੀ ਬਰਫ਼ ਹੈ। ਇਹਨਾਂ ਲੋਕਾਂ ਲਈ ਸ਼ੀਲ ਮੱਛੀ ਸਭ ਤੋਂ ਵੱਧ ਉਪਯੋਗੀ ਹੈ। ਇਹ ਉਸ ਦਾ ਸੂਪ ਪੀ ਕੇ ਹੀ ਗੁਜ਼ਾਰਾ ਕਰਦੇ ਹਨ ਤੇ ਬਾਲਣ ਦੇ ਰੂਪ ਵਿੱਚ ਇਸ ਦੀ ਚਰਬੀ ਦੀ ਵਰਤੋਂ ਕਰਦੇ ਹਨ। ਇਹ ਇਲਾਕਾ ਕੂੰਜਾਂ ਅਤੇ ਸਮੁੰਦਰੀ ਪੰਛੀਆਂ ਲਈ ਹੈ। ਇਹ ਪੰਛੀ ਬਹੁਤ ਛੋਟੇ ਅਕਾਰ ਦੇ ਹੁੰਦੇ ਹਨ। ਲਗਭਗ ਇਹਨਾਂ ਦੀ ਲੰਬਾਈ 14-15 ਇੰਚ ਹੁੰਦੀ ਹੈ ਪਰ ਇਹਨਾਂ ਦੇ ਖੰਭਾਂ ਦੀ ਲੰਬਾਈ 30-35 ਇੰਚ ਹੁੰਦੀ ਹੈ ਤੇ ਇਹਨਾਂ ਦਾ ਭਾਰ ਤਕਰੀਬਨ 100 ਗ੍ਰਾਮ ਹੁੰਦਾ ਹੈ। ਖੰਭਾਂ ਦਾ ਰੰਗ ਸੁਰਮਈ ਤੇ ਕਿਨਾਰੀ ਚਿੱਟੀ ਹੁੰਦੀ ਹੈ। ਇਹਨਾਂ ਦੇ ਪੈਰ ਅਤੇ ਚੁੰਝ ਲਾਲ ਰੰਗ ਦੇ ਹੁੰਦੇ ਹਨ। ਇਹ ਆਪਣਾ ਰੈਣ-ਬਸੇਰਾ ਆਪ ਬਣਾਉਂਦੇ ਹਨ। ਜਦੋਂ ਟਿਕਾਣਾ ਬਣ ਜਾਂਦਾ ਹੈ ਤਾਂ ਇਹ ਉਤਰੀ ਧਰੁਵ ਤੋਂ ਦੱਖਣੀ ਧਰੁਵ ਤੱਕ ਲੰਬੀ ਯਾਤਰਾ ’ਤੇ ਨਿੱਕਲ ਜਾਂਦੇ ਹਨ। ਇਹਨਾਂ ਦਾ ਆਉਣ ਜਾਣ ਦਾ ਸਫ਼ਰ ਲਗਭਗ 70,000 ਕਿਲੋ ਮੀਟਰ ਹੁੰਦਾ ਹੈ। ਪਿੱਛੇ ਇਹਨਾਂ ਦੇ ਬੱਚੇ ਇਕੱਲੇ ਹੀ ਹੁੰਦੇ ਹਨ। ਪ੍ਰਮਾਤਮਾ ਹੀ ਇਹਨਾਂ ਦਾ ਪਾਲਣ ਪੋਸ਼ਣ ਦਾ ਵਸੀਲਾ ਬਣਾਉਂਦਾ ਹੈ। ਮੌਸਮ ਬਦਲਣ ’ਤੇ ਇਹ ਆਪੋ ਆਪਣੇ ਟਿਕਾਣਿਆਂ ਵਿੱਚ ਆਪਣੇ-ਆਪਣੇ ਬੱਚਿਆਂ ਕੋਲ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਸਮੁੰਦਰੀ ਟਟੀਹਰੀ ਸਭ ਤੋਂ ਵੱਧ ਸਮਾਂ ਹਵਾ ਵਿੱਚ ਬਿਤਾਉਣ ਵਾਲੀ ਹੈ। ਇਹ ਸਾਲ ਵਿੱਚ ਦੋ ਵਾਰ ਇੱਕ ਧਰੁਵ ਤੋਂ ਦੂਜੇ ਧਰੁਵ ਤੱਕ ਦਾ ਲੰਬਾ ਸਫ਼ਰ ਕਰਦੀ ਹੈ। ਇਸ ਤਰ੍ਹਾਂ ਇਹ ਪੰਛੀ ਸਾਲ ਵਿੱਚ ਅੱਠ ਮਹੀਨੇ ਹਵਾ ਵਿੱਚ ਉੱਡਦਾ ਰਹਿੰਦਾ ਹੈ। ਪ੍ਰਵਾਸ ਦੌਰਾਨ ਇਹ ਪੰਛੀ ਉੱਡਦਾ-ਉੱਡਦਾ ਹੀ ਪਾਣੀ ਵਿੱਚ ਗੋਤਾ ਖਾ ਕੇ ਆਪਣੀ ਖ਼ੁਰਾਕ (ਮੱਛੀ ਆਦਿ) ਨੂੰ ਚੁੰਝ ਵਿੱਚ ਦਬੋਚ ਲੈਂਦਾ ਹੈ। ਇਹਨਾਂ ਦੇ ਸਫ਼ਰ ਦਾ ਮਨੋਰਥ, ਬਰਫ਼ ਦਾ ਜ਼ਿਆਦਾ ਵਧਣਾ, ਭੋਜਨ ਦੀ ਭਾਲ ਅਤੇ ਜ਼ਿੰਦਾ ਰਹਿਣ ਲਈ ਅਨੁਕੂਲ ਵਾਤਾਵਰਣ ਦਾ ਹੋਣਾ ਹੈ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਬੇਅੰਤ ਹੈ, ਜੋ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰ ਰਿਹਾ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਕੁਦਰਤ ਦਾ ਸੰਤੁਲਨ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ। ਵੱਧ ਤੋਂ ਵੱਧ ਦਰਖ਼ਤ ਲਾਈਏ ਅਤੇ ਉਹਨਾਂ ਦੀ ਸੰਭਾਲ ਵੀ ਕਰੀਏ। ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਦੀ ਵਰਤੋਂ ਸਿਆਣਪ ਨਾਲ ਕਰੀਏ। ਗੁਰੂ ਦੀ ਮੱਤ ਅਨੁਸਾਰ ਆਪਣਾ ਸੁਚੱਜਾ ਜੀਵਨ ਜੀਵੀਏ ਅਤੇ ਆਦਰਸ਼ਕ ਸਮਾਜ ਦੀ ਉਸਾਰੀ ਕਰੀਏ।