ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ਪ੍ਰੋਫ਼ੈਸਰ ਮਨਮੋਹਨ ਸਿੰਘ ਕੈਨੇਡਾ
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿ ਗੁਰ ਪ੍ਰਸਾਦਿ ॥
ਜੈ ਘਰਿ, ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ, ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥੧॥
ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ, ਜਿਤੁ ਸੋਹਿਲੈ; ਸਦਾ ਸੁਖੁ ਹੋਇ ॥੧॥ ਰਹਾਉ ॥
ਨਿਤ ਨਿਤ ਜੀਅੜੇ ! ਸਮਾਲੀਅਨਿ; ਦੇਖੈਗਾ ਦੇਵਣਹਾਰੁ॥ ਤੇਰੇ, ਦਾਨੈ ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ॥੨॥
ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ॥ ਦੇਹੁ ਸਜਣ ! ਅਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ॥੩॥
ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ; ਨਾਨਕ ! ਸੇ ਦਿਹ ਆਵੰਨਿ ॥੪॥੧॥
ਉਚਾਰਨ ਸੇਧ : ਹਉ-ਹਉਂ। ਅਸੀਸੜੀਆ- ਅਸੀਸੜੀਆਂ। ਜਿਉ-ਜਿਉਂ। ਸਿਉ-ਸਿਉਂ। ‘ਪਾਹੁਚਾ’ ਦਾ ਉਚਾਰਨ ‘ਪਹੁੰਚਾ’ ਨਹੀਂ ਕਰਨਾ, ਜੀ।
ਪਦ ਅਰਥ : ਜੈ ਘਰਿ- ਜਿਸ ਘਰ ਵਿੱਚ। ਕੀਰਤਿ-ਪ੍ਰਭੂ ਦੀ ਸਿਫ਼ਤ ਸਲਾਹ। ਕਰਤੇ ਕਾ- ਕਰਤਾਰ ਦਾ। ਤਿਤੁ ਘਰਿ-ਉਸ ਘਰ ਵਿੱਚ। ਸੋਹਿਲਾ-ਖ਼ੁਸ਼ੀ ਦਾ ਗੀਤ (ਜਿਸ ਨੂੰ ਕੁੜੀ ਦੇ ਵਿਆਹ ਸਮੇਂ ਸਹੇਲੀਆਂ ਮਿਲ ਕੇ ਗਾਉਂਦੀਆਂ ਹਨ)। ਸਿਵਰਿਹੁ- ਸਿਮਰਨ ਕਰਿਆ ਕਰੋ। ਹਉ ਵਾਰੀ- ਮੈਂ ਕੁਰਬਾਨ ਹਾਂ। ਜਿਤੁ ਸੋਹਿਲੈ- ਜਿਸ ਖ਼ੁਸ਼ੀ ਦੇ ਗੀਤ ਨਾਲ਼। ਜੀਅੜੇ- ਹੇ ਜਿੰਦ (ਵਹੁਟੀਏ) ! ਤੇਰੇ- ਤੇਰੇ ਕੋਲ਼ੋਂ। ਦਾਨੈ-ਦਾਤਾਂ ਦਾ (ਧਿਆਨ ਰਹੇ ਕਿ ‘ਤੇਰੇ ਦਾਨੈ’ ਇਕੱਠਾ ਨਹੀਂ ਪੜ੍ਹਨਾ ਕਿਉਂਕਿ ‘ਤੇਰੇ’ ਨੂੰ ਅੰਤ ਲਾਂ ਹੈ ਅਤੇ ‘ਦਾਨੈ’ ਨੂੰ ਅੰਤ ਦੁਲਾਵਾਂ। ਜੇਕਰ ‘ਤੇਰੈ ਦਾਨੈ’ ਹੁੰਦਾ ਤਾਂ ਇਕੱਠਾ ਪੜ੍ਹਿਆ ਜਾਂਦਾ)। ਤਿਸੁ ਦਾਤੇ- ਉਸ ਦਾਤਾਰ ਦਾ। ਕਵਣੁ ਸੁਮਾਰੁ- ਕਿਹੜਾ ਅੰਤ, ਕੀ ਅੰਦਾਜ਼ਾ ? ਸੰਬਤਿ-ਸਾਲ, ਵਰ੍ਹਾ। ਸਾਹਾ-ਵਿਆਹ ਵਾਲ਼ਾ ਦਿਨ। ਲਿਖਿਆ- ਨਿਸ਼ਚਿਤ ਹੈ। ਮਿਲਿ- ਮਿਲ ਕੇ, ਇਕੱਠੀਆਂ ਹੋ ਕੇ। ਤੇਲੁ-ਸਿਰ ਵਿੱਚ ਤੇਲ ਝੱਸੋ ਭਾਵ ਵਿਦਾ ਲਈ ਤਿਆਰੀ ਕਰੋ । ਸਜਣ- ਹੇ ਸੱਜਣੋ, ਹੇ ਸਤਸੰਗੀ ਜੀਵ ਇਸਤਰੀਓ ! ਅਸੀਸੜੀਆ- ਸੋਹਣੀਆਂ ਅਸੀਸਾਂ। ਜਿਉ-ਜਿਵੇਂ, ਜਿਸ ਤਰ੍ਹਾਂ। ਸਿਉ- ਨਾਲ਼। ਘਰਿ ਘਰਿ- ਹਰ ਘਰ ਵਿੱਚ। ਏਹੋ ਪਾਹੁਚਾ- ਇਹ ਸ਼ਾਦੀ ਦਾ ਸੁਨੇਹਾ (ਜੋ ਵਿਆਹ ਵੇਲ਼ੇ ਨਾਈ ਰਾਹੀਂ ਰਿਸ਼ਤੇਦਾਰਾਂ ਨੂੰ ਚਿੱਠ ਲਿਖ ਭੋਜਿਆ ਜਾਂਦਾ ਹੈ)। ਸੇ ਦਿਹ- ਉਹ ਦਿਨ।
ਬਾਣੀ ਦਾ ਸਿਰਲੇਖ : ਸੋਹਿਲਾ, ਪਰ ਪ੍ਰਚਲਿਤ ਨਾਂ- ਕੀਰਤਨ ਸੋਹਿਲਾ ਜਾਂ ਆਰਤੀ ਸੋਹਿਲਾ ਹੈ। ਇਸ ਬਾਣੀ ਦਾ ਨਾਂ ‘ਸੋਹਿਲਾ’ ਇਸ ਲਈ ਪ੍ਰਚਲਿਤ ਹੋਇਆ ਹੈ ਕਿਉਂਕਿ ਇਸ ਸ਼ਬਦ ਵਿੱਚ ਦੋ ਵਾਰੀ ‘ਸੋਹਿਲਾ’ ਸ਼ਬਦ ਆਇਆ ਹੈ।
ਸੋਹਿਲਾ ਬਾਣੀ ਦੇ ਵਿੱਚ ਕੁੱਲ 5 ਸ਼ਬਦ ਹਨ। ਪਹਿਲੇ 3 ਸ਼ਬਦ ਗੁਰੂ ਨਾਨਕ ਸਾਹਿਬ (ਮਹਲਾ ੧) ਦੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਸ਼ਬਦ ਰਾਗ ਗਉੜੀ ਵਿੱਚ ਦਰਜ ਹੈ। ਦੂਜਾ ਸ਼ਬਦ ਰਾਗ ਆਸਾ ਵਿੱਚ ਦਰਜ ਹੈ ਅਤੇ ਤੀਜਾ ਸ਼ਬਦ ਰਾਗ ਧਨਾਸਰੀ ਵਿੱਚ ਹੈ। ਚੌਥਾ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ (ਮਹਲਾ ੪) ਦਾ ਹੈ, ਜੋ ਕਿ ਰਾਗ ਗਉੜੀ ਦੇ ਵਿੱਚ ਅੰਕਿਤ ਹੈ। ਪੰਜਵਾਂ ਅਤੇ ਆਖ਼ਰੀ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਿਆ ਗਿਆ ਹੈ, ਜੋ ਕਿ ਰਾਗ ਗਉੜੀ ਵਿੱਚ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਹ ਬਾਣੀ ਪੜ੍ਹਨ ਦਾ ਵੇਲਾ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਨਿਰਧਾਰਿਤ ਕੀਤਾ ਹੋਇਆ ਹੈ। ਜਦੋਂ ਕੋਈ ਮਨੁੱਖ ਚਲਾਣਾ ਕਰ ਜਾਂਦਾ ਹੈ ਤਦੋਂ ਇਸ ਬਾਣੀ ਨੂੰ ਪੜ੍ਹਨ ਦਾ ਵਿਧਾਨ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕ ਨੰਬਰ 12 ’ਤੇ ਦਰਜ ਹੈ।
ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਇਸ ਬਾਣੀ ਬਾਰੇ ਜ਼ਿਕਰ ਕੀਤਾ ਹੈ।
ਰਾਤੀ ਕੀਰਤਿ ਸੋਹਿਲਾ; ਕਰਿ ਆਰਤੀ ਪਰਸਾਦ ਵੰਡੰਦੇ। (ਵਾਰ ੬ ਪਉੜੀ ੩)
ਰਾਤਿ ਆਰਤੀ ਸੋਹਿਲਾ; ਮਾਇਆ ਵਿਚਿ ਉਦਾਸੁ ਰਹਾਇਆ। (ਵਾਰ ੨੬ ਪਉੜੀ ੪)
ਹਥਲੇ ਸ਼ਬਦ ਦੇ ਸਿਰਲੇਖ ਵਿੱਚ ਦਰਜ ‘(ਸਤਿਗੁਰ) ਪ੍ਰਸਾਦਿ’ ਅਤੇ ਭਾਈ ਗੁਰਦਾਸ ਜੀ ਇਸ 6ਵੀਂ ਪਉੜੀ ’ਚ ਦਰਜ ‘ਪਰਸਾਦ’ ਸ਼ਬਦਾਂ ਦੇ ਅੰਤਰ ਨੂੰ ਸਮਝਣਾ ਵੀ ਜ਼ਰੂਰੀ ਹੈ। ‘ਪ੍ਰਸਾਦਿ’ ਦਾ ਮਤਲਬ ਹੈ ਕਿਰਪਾ ਨਾਲ਼; ਜਿਵੇਂ ਕਿ ‘ਗੁਰ ਪ੍ਰਸਾਦਿ’ ਦਾ ਅਰਥ ਹੈ- ਗੁਰੂ ਦੀ ਕਿਰਪਾ ਨਾਲ, ਪਰ ‘ਪਰਸਾਦ ਵੰਡੰਦੇ’ ਦਾ ਅਰਥ ਹੈ ਕਿ ਉਹ ਪ੍ਰਸ਼ਾਦ ਵੰਡਦੇ ਹਨ; ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਭਗਤ ਰਵਿਦਾਸ ਜੀ ਦਾ ਸ਼ਬਦ ਹੈ ‘‘ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥’’ (੮੭੫) ਇਸ ਤੁਕ ਦੇ ਵਿੱਚ ਵੀ ‘ਪ੍ਰਸਾਦ’ ਦਾ ਅਰਥ ‘ਪ੍ਰਸ਼ਾਦ’ ਹੈ।
ਇਸੇ ਤਰ੍ਹਾਂ ‘ਸੋਹਿਲਾ’ ਅਤੇ ‘ਸੁਹੇਲਾ’ ਵਿਚਲਾ ਭੇਦ ਸਮਝਣਾ ਜਰੂਰੀ ਹੈ। ‘ਸੋਹਿਲਾ’ ਦਾ ਭਾਵ ‘ਆਨੰਦ ਦਾ ਗੀਤ’ ਹੈ ਜਦਕਿ ‘ਸੁਹੇਲਾ’ ਦਾ ਅਰਥ ਹੈ ‘ਆਸਾਨ, ਸਰਲ’।
ਗੁਰੂ ਨਾਨਕ ਸਾਹਿਬ ਜੀ ਇਸ ਸੋਹਿਲਾ ਬਾਣੀ ਦੇ ਰਹਾਉ ਬੰਦ ਵਿੱਚ ਉਪਦੇਸ਼ ਕਰਦੇ ਹਨ ਕਿ ਹੇ ਗੁਰਸਿੱਖੋ ! ਤੁਸੀ ਮੇਰੇ ਪ੍ਰਭੂ ਪਰਮਾਤਮਾ, ਜੋ ਕਿ ਨਿਰਭਉ ਹੈ, ਉਸ ਦੀ ਉਸਤਤਿ ਵਾਲ਼ਾ ਗੀਤ ਗਾਓ। ਜਿਸ ਗੀਤ ਨਾਲ਼ ਸਦਾ ਅਨੰਦ ਮਿਲਦਾ ਹੈ। ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ‘‘ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ, ਜਿਤੁ ਸੋਹਿਲੈ; ਸਦਾ ਸੁਖੁ ਹੋਇ ॥੧॥ ਰਹਾਉ ॥’’
‘ਨਿਰਭਉ’ ਸ਼ਬਦ ਮੂਲ ਮੰਤਰ ਵਿੱਚ ਵੀ ਦਰਜ ਹੈ। ਕੇਵਲ ਅਕਾਲ ਪੁਰਖ ਹੀ ਨਿਰਭਉ ਹੈ, ਹੋਰ ਸਾਰਾ ਸੰਸਾਰ ਡਰ ਵਿੱਚ ਹੈ ਕਿਉਂਕਿ ਸਾਰੇ ਜੀਵਾਂ ਦੇ ਸਿਰ ਉੱਤੇ ਕਰਤਾਰ ਵੱਲੋਂ ਭਉ/ਡਰ ਰੂਪ ਲੇਖ ਲਿਖਿਆ ਹੈ। ਇਹ ਲੇਖ; ਪ੍ਰਭੂ ਦੇ ਜ਼ਿੰਮੇ ਨਹੀਂ, ਇਸ ਲਈ ਉਹ ਇਕੱਲਾ ਨਿਰਭਉ ਹੈ, ‘‘ਸਗਲਿਆ, ਭਉ ਲਿਖਿਆ ਸਿਰਿ ਲੇਖੁ ॥ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ॥’’ (ਆਸਾ ਕੀ ਵਾਰ/ ਮਹਲਾ ੧/੪੬੪), ਪਰਮਾਤਮਾ ਤੋਂ ਉੱਪਰ ਕੋਈ ਨਹੀਂ ਤਾਹੀਓਂ ਉਸ ਨੂੰ ਕਿਸੇ ਦਾ ਡਰ ਨਹੀਂ ਹੈ, ‘‘ਤਿਸ ਤੇ ਊਪਰਿ; ਨਾਹੀ ਕੋਇ ॥ ਕਉਣੁ ਡਰੈ ? ਡਰੁ ਕਿਸ ਕਾ ਹੋਇ ?॥’’ (ਮਹਲਾ ੩/੮੪੨) ਸੋ ਉਸ ਨਿਰਭਉ ਦੀ ਕੀਰਤੀ ਕਰਨੀ ਚਾਹੀਦੀ ਹੈ। ਉਸ ਦਾ ਜਸ ਗਾਉਣਾ ਚਾਹੀਦਾ ਹੈ।
ਰਾਮਕਲੀ ਰਾਗ ਵਿੱਚ ਗੁਰੂ ਅਮਰਦਾਸ ਪਾਤਿਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਬਾਣੀ ਅਨੰਦ (ਸਾਹਿਬ) ਦੀ 16ਵੀਂ ਅਤੇ 39ਵੀਂ ਪਉੜੀ ਵਿੱਚ ਆਪ ਨੇ ‘ਸੋਹਿਲਾ’ ਬਾਰੇ ਬਹੁਤ ਪਿਆਰੀ ਵਿਚਾਰ ਦੱਸੀ ਹੈ ਕਿ ‘ਸੋਹਿਲਾ’ ਕੀ ਹੈ ਅਤੇ ਕਿਵੇਂ ਗਾਉਣਾ ਹੈ। 16ਵੀਂ ਪਉੜੀ ਵਿੱਚ ਆਪ ਜੀ ਸਮਝਾਉਂਦੇ ਹਨ ਕਿ ਸਤਿਗੁਰੂ ਨੇ ਜੋ ਸੋਹਣਾ ਸ਼ਬਦ ਸੁਣਾਇਆ ਹੈ ਉਹ ਆਤਮਕ ਅਨੰਦ ਦੇਣ ਵਾਲਾ ਹੈ, ਪਰ ਇਹ ਸੋਹਿਲਾ ਉਨ੍ਹਾਂ ਦੇ ਮਨ ’ਚ ਵੱਸਿਆ ਹੈ, ਜਿਨ੍ਹਾਂ ਦੇ ਨਸੀਬ ’ਚ ਧੁਰੋਂ ਇਹ ਦਾਤ ਲਿਖੀ ਹੁੰਦੀ ਹੈ। ਉਹੀ ਇਸ ਬਾਣੀ ਨੂੰ ਗਾਉਂਦੇ ਹਨ, ਵਿਚਾਰਦੇ ਹਨ ਤੇ ਆਪਣੇ ਹਿਰਦੇ ਰੂਪੀ ਘਰ ਵਿੱਚ ਹਰ ਵੇਲੇ ਵਸਾ ਕੇ ਅਨੰਦ ਮਾਣਦੇ ਹਨ। ਬਹੁਤੇ ਲੋਕ ਜ਼ਬਾਨੀ ਅਨੰਦ ਦੀਆਂ ਗੱਲਾਂ ਕਰਦੇ ਹਨ; ਇਉਂ ਨਿਰੀਆਂ ਗੱਲਾਂ ਕੀਤਿਆਂ ਅਨੰਦ ਨਹੀਂ ਮਿਲਦਾ, ‘‘ਏਹੁ ਸੋਹਿਲਾ ਸਬਦੁ ਸੁਹਾਵਾ ॥ ਸਬਦੋ ਸੁਹਾਵਾ ਸਦਾ ਸੋਹਿਲਾ; ਸਤਿਗੁਰੂ ਸੁਣਾਇਆ ॥ ਏਹੁ ਤਿਨ ਕੈ ਮੰਨਿ ਵਸਿਆ; ਜਿਨ ਧੁਰਹੁ ਲਿਖਿਆ ਆਇਆ ॥ ਇਕਿ ਫਿਰਹਿ ਘਨੇਰੇ, ਕਰਹਿ ਗਲਾ; ਗਲੀ ਕਿਨੈ ਨ ਪਾਇਆ ॥ ਕਹੈ ਨਾਨਕੁ ਸਬਦੁ ਸੋਹਿਲਾ; ਸਤਿਗੁਰੂ ਸੁਣਾਇਆ ॥੧੬॥ (ਅਨੰਦ/ਮਹਲਾ ੩/੯੧੯)
ਆਪ ਜੀ 39ਵੀਂ ਪਉੜੀ ਰਾਹੀਂ ਸਮਝਾ ਰਹੇ ਹਨ ਕਿ ਹੇ ਭਾਈ ! ਪਰਮਾਤਮਾ ਦੀ ਸੱਚੀ ਵਡਿਆਈ ਸੱਚੇ ਘਰ ਵਿੱਚ ਗਾਇਆ ਕਰੋ ਭਾਵ ਸਾਧ ਸੰਗਤ ਵਿੱਚ ਜਾ ਕੇ ਜਪਿਆ ਕਰੋ। ਉੱਥੇ ਕੇਵਲ ਸੱਚੇ ਦੀ ਸਿਫ਼ਤ ਸਲਾਹ ਦੀ ਗੱਲ ਹੁੰਦੀ ਹੈ, ਸੱਚੇ ਦੀ ਬਾਣੀ ਪੜ੍ਹੀ, ਸੁਣੀ ਅਤੇ ਵਿਚਾਰੀ ਜਾਂਦੀ ਹੈ, ਪਰ ਹੇ ਪ੍ਰਭੂ ਜੀ ! ਉਹੀ ਤੇਰੇ ਗੁਣ ਗਾ ਸਕਦੇ ਹਨ। ਉਹੀ ਇਸ ਸੋਹਿਲੇ ਦਾ ਆਨੰਦ ਮਾਣਦੇ ਹਨ, ਜਿਨ੍ਹਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ। ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਸੋਝੀ ਬਖ਼ਸ਼ਦਾ ਹੈਂ। ਜੋ ਤੈਨੂੰ ਪਸੰਦ ਆ ਜਾਂਦੇ ਹਨ ਕਿਉਂਕਿ ਤੂੰ ਸਚੁ ਹੀ ਸਾਰਿਆਂ ਦਾ ਮਾਲਕ ਹੈਂ, ‘‘ਏਹੁ ਸਾਚਾ ਸੋਹਿਲਾ; ਸਾਚੈ+ਘਰਿ (’ਚ) ਗਾਵਹੁ ॥ ਗਾਵਹੁ ਤ ਸੋਹਿਲਾ ਘਰਿ ਸਾਚੈ; ਜਿਥੈ ਸਦਾ ਸਚੁ ਧਿਆਵਹੇ ॥ ਸਚੋ ਧਿਆਵਹਿ ਜਾ ਤੁਧੁ ਭਾਵਹਿ; ਗੁਰਮੁਖਿ ਜਿਨਾ ਬੁਝਾਵਹੇ ॥ ਇਹੁ ਸਚੁ ਸਭਨਾ ਕਾ ਖਸਮੁ ਹੈ; ਜਿਸੁ ਬਖਸੇ, ਸੋ ਜਨੁ ਪਾਵਹੇ ॥ ਕਹੈ ਨਾਨਕੁ ਸਚੁ ਸੋਹਿਲਾ; ਸਚੈ ਘਰਿ ਗਾਵਹੇ ॥੩੯॥ (ਅਨੰਦ/ਮਹਲਾ ੩/੯੨੨)
ਆਪਣੇ ਇਸ ਪਹਿਲੇ ਸ਼ਬਦ ’ਚ ਸਮਝਾ ਰਹੇ ਹਨ ਕਿ ਜਿਸ ਹਿਰਦੇ ਰੂਪੀ ਘਰ ਵਿੱਚ ਇੱਕ ਪਰਮਾਤਮਾ ਦੀ ਸਿਫ਼ਤ ਹੁੰਦੀ ਹੈ। ਕਰਤਾਰ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ, ਉਸ ਸਤਿਸੰਗਤ-ਘਰ ਵਿੱਚ ਉਸ ਪ੍ਰਭੂ ਦੇ ਗੁਣ ਗਾਓ, ਉਸ ਦੀ ਸਿਫ਼ਤ-ਸਲਾਹ ਕਰਿਆ ਕਰੋ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ‘‘ਜੈ ਘਰਿ, ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ, ਗਾਵਹੁ ਸੋਹਿਲਾ; ਸਿਵਰਿਹੁ ਸਿਰਜਣਹਾਰੋ ॥੧॥
‘ਸੋਹਿਲਾ’ ਸਾਹਿਬ ਦੀ ਬਾਣੀ ਪੜ੍ਹਨ ਦਾ ਸਮਾਂ ਰਾਤ ਸੌਣ ਵੇਲ਼ੇ ਨਿਰਧਾਰਿਤ ਕੀਤਾ ਹੈ ਤਾਂ ਜੋ ਮਨੁੱਖ ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਨੂੰ ਆਪਣੇ ਸੁਆਸਾਂ ਦਾ ਲੇਖਾ ਜੋਖਾ ਕਰਦਿਆਂ ਮਹਿਸੂਸ ਕਰੇ ਕਿ ਮੈਂ ਅੱਜ ਕੀ ਕੀਤਾ ਹੈ ਤੇ ਕੀ ਗਵਾਇਆ ਹੈ। ਜ਼ਿੰਦਗੀ ਦਾ ਇੱਕ ਦਿਨ ਹੋਰ ਬੀਤ ਗਿਆ ਹੁੰਦਾ ਹੈ। ਇਸ ਪਛੁਤਾਵੇ ਵਿੱਚ ਮਨੁੱਖ ਪ੍ਰਭੂ ਨੂੰ ਯਾਦ ਕਰਦਾ ਕਰਦਾ ਸੌਂਦਾ ਹੈ, ਜਿਸ ਨਾਲ਼ ਸੁਬ੍ਹਾ ਤੱਕ ਚੰਗੀ ਨੀਂਦ ਨਸੀਬ ਹੁੰਦੀ ਹੈ।
ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਉਸ ਬਾਣੀ ਤੋਂ ਬਲਿਹਾਰਨੇ ਹਾਂ ਜੋ ਮੈਨੂੰ ਸ਼ਾਂਤੀ ਬਖ਼ਸ਼ਦੀ ਹੈ। ਹੇ ਭਾਈ ! ਤੂੰ ਵੀ ਉਸ ਘਰ ਵਿੱਚ ਜਾ ਕੇ ਇਸ ਬਾਣੀ ਨੂੰ ਗਾ, ਜਿੱਥੇ ਇੱਕ ਅਕਾਲ ਪੁਰਖ ਦੀ ਸਿਫਤ ਦੇ ਸੋਹਿਲੇ ਗਾਏ ਜਾਂਦੇ ਹਨ। ਓਹੀ ਪੂਰੀ ਸ੍ਰਿਸ਼ਟੀ ਵਿੱਚ ਹਰ ਵੇਲੇ ਜੀਵਾਂ ਦੀ ਸੰਭਾਲ ਕਰਦਾ ਹੈ। ਪਰਮਾਤਮਾ ਸਭ ਨੂੰ ਰਿਜ਼ਕ ਦੇ ਰਿਹਾ ਹੈ, ਸਭ ਦੀ ਦੇਖ ਰੇਖ ਕਰ ਰਿਹਾ ਹੈ, ‘‘ਨਿਤ ਨਿਤ ਜੀਅੜੇ ! ਸਮਾਲੀਅਨਿ; ਦੇਖੈਗਾ ਦੇਵਣਹਾਰੁ ॥’’ ਅਰਥ : ਹੇ ਜਿੰਦ (ਵਹੁਟੀਏ) ! ਪ੍ਰਭੂ ਜੀ ਦੁਆਰਾ ਸਾਰੇ ਜੀਵ-ਜੰਤ ਸਦਾ ਹੀ ਸੰਭਾਲ਼ੇ ਜਾਂਦੇ ਹਨ। ਉਹ ਦੇਣਹਾਰ ਦਾਤਾਰ ਪਿਤਾ ਸਭ ਨੂੰ ਸੰਭਾਲ਼ਦਾ ਹੈ। ਸ਼ਾਮੀ ਸੋ ਦਰੁ ਬਾਣੀ ਪੜ੍ਹਦਿਆਂ ਪੰਜਵੇਂ ਪਾਤਿਸ਼ਾਹ ਜੀ ਵੀ ਬਚਨ ਪੜ੍ਹਦੇ ਹਾਂ, ‘‘ਕਾਹੇ ਰੇ ਮਨ ! ਚਿਤਵਹਿ ਉਦਮੁ; ਜਾ ਆਹਰਿ (’ਚ) ਹਰਿ ਜੀਉ ਪਰਿਆ ॥’’ (ਸੋ ਦਰੁ/ਮਹਲਾ ੫/੧੦), ਸ਼ਬਦ ਦੇ ਦੂਜੇ ਪਦਾ ’ਚ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਨਸਾਨ ਦੀ ਇੰਨੀ ਹੈਸੀਅਤ ਨਹੀਂ ਕਿ ਉਸ ਦੀਆਂ ਦਾਤਾਂ ਦਾ ਲੇਖਾ ਜੋਖਾ ਕਰ ਸਕੇ, ‘‘ਤੇਰੇ, ਦਾਨੈ ਕੀਮਤਿ ਨਾ ਪਵੈ; ਤਿਸੁ ਦਾਤੇ ਕਵਣੁ ਸੁਮਾਰੁ ॥੨॥’’ ਅਰਥ : ਹੇ ਜਿੰਦ (ਵਹੁਟੀਏ) ! ਤੇਰੇ ਕੋਲ਼ੋਂ ਉਸ ਦੁਆਰਾ ਦਿੱਤੇ ਰਿਜ਼ਕ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਅਪਾਰ ਹੈ, ਬੇਅੰਤ ਹੈ। ਉਹ ਅਥਾਹ ਗੰਭੀਰਤਾ ਦਾ ਮਾਲਕ, ਗੁਣਾ ਦਾ ਖ਼ਜ਼ਾਨਾ ਹੈ, ਉਸ ਦੇ ਵਿਸਥਾਰ ਨੂੰ ਕੋਈ ਨਹੀਂ ਜਾਣ ਸਕਿਆ, ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ ਭਰੇ ਭੰਡਾਰ ॥ (ਮਹਲਾ ੫/੨੫੭)
ਦੁਨੀਆ ਰੂਪੀ ਪੇਕੇ ਘਰ ਵਿੱਚ ਪ੍ਰਭੂ-ਪਤੀ ਦਾ ਗੁਣਗਾਨ ਕਰਨਾ ਚਾਹੀਦਾ ਹੈ ਤਾਂ ਕਿ ਸਹੁਰੇ ਘਰ ਵਿੱਚ ਵੱਸਣਾ ਸੁਖੀ ਹੋ ਜਾਵੇ। ਉਹ ਸੁਹਾਗਣ ਧੰਨ ਹੈ, ਜਿਸ ਦਾ ਪ੍ਰਭੂ ਪਤੀ ਨਾਲ ਪਿਆਰ ਪੈ ਗਿਆ ਹੈ। ਸਹੁਰੇ ਘਰ ਵਿੱਚ ਜੀਵ-ਇਸਤਰੀ ਨੂੰ ਜਗ੍ਹਾ ਮਿਲੇਗੀ ਜਾਂ ਨਹੀਂ, ਇਹ ਉਸ ਦੇ ਆਪਣੇ ਕਮਾਏ ਹੋਏ ਕਰਮਾਂ ’ਤੇ ਨਿਰਭਰ ਕਰਦਾ ਹੈ। ਜਿਨ੍ਹਾਂ ਨੇ ਇੱਥੇ ਮੁਸ਼ੱਕਤ ਘਾਲ ਕੀਤੀ ਹੈ, ਉਨ੍ਹਾਂ ਦੇ ਹੀ ਓਥੇ ਮੁਖ ਉਜਲ ਹੁੰਦੇ ਹਨ, ‘‘ਪੇਈਅੜੈ ਸਹੁ ਸੇਵਿ ਤੂੰ; ਸਾਹੁਰੜੈ ਸੁਖਿ ਵਸੁ ॥ ਗੁਰ ਮਿਲਿ ਚਜੁ ਅਚਾਰੁ ਸਿਖੁ; ਤੁਧੁ ਕਦੇ ਨ ਲਗੈ ਦੁਖੁ ॥’’ (ਮਹਲਾ ੫/੫੦) ਜਪੁ ਜੀ ਸਾਹਿਬ ਦੇ ਅੰਤ ’ਚ ਵੀ ਇਹੀ ਫ਼ੁਰਮਾਇਆ ਹੈ, ‘‘ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥’’ (ਜਪੁ/ਮਹਲਾ ੧/੮)
ਵਿਆਹ ਸਮੇਂ ਮਾਂ ਆਪਣੀ ਧੀ ਨੂੰ ਸਮਝਾਉਂਦੀ ਹੈ ਕਿ ਸਹੁਰੇ ਘਰ ਜਾ ਕੇ ਉਸ ਨੇ ਜੀਵਨ ਬਹੁਤ ਉੱਚਾ ਅਤੇ ਸੁੱਚਾ ਰੱਖਣਾ ਹੈ। ਉਸ ਨੂੰ ਸਾਰੇ ਕੰਮ ਆਉਣੇ ਚਾਹੀਦੇ ਹਨ ਤਾਂ ਕਿ ਸਹੁਰੇ ਘਰ ਵਿੱਚ ਉਸ ਦਾ ਵੱਸਣਾ ਸੁਖਾਲਾ ਰਹੇ। ਪ੍ਰਭੂ ਨਾਲ ਇਕਮਿਕਤਾ ਹੋ ਸਕੇ। ਪਤੀ ਨਾਲ ਉਸ ਦਾ ਪਿਆਰ ਪੈ ਸਕੇ। ਬਿਲਕੁਲ ਇਸੇ ਤਰ੍ਹਾਂ ਜੀਵ-ਇਸਤਰੀ ਰੂਪੀ ਗੁਰੂ-ਮਾਂ ਨੇ ਆਪਣੇ ਮਨ ਰੂਪੀ ਧੀ ਨੂੰ ਸਮਝਾਉਣਾ ਹੈ।
ਜਦੋਂ ਲੜਕੀ ਨੂੰ ਵਿਆਹ ਦਾ ਸਾਹਾ ਬੰਨ੍ਹੀਦਾ ਹੈ ਤਾਂ ਸਾਰੇ ਰਿਸ਼ਤੇਦਾਰ ਮਿਲ ਕੇ ਉਸ ਦੇ ਮਾਈਆਂ ਲਾਉਂਦੇ ਹਨ। ਕੁੜੀ ਦੇ ਸਿਰ ਵਿੱਚ ਤੇਲ ਝੱਸਦੇ ਹਨ। ਚਾਚੀਆਂ, ਤਾਈਆਂ, ਸਹੇਲੀਆਂ ਆਦਿ ਰਲ ਕੇ ਉਸ ਦੇ ਸਿਰ ਵਿੱਚ ਤੇਲ ਪਾ ਕੇ ਅਸੀਸਾਂ ਦਿੰਦੀਆਂ ਹਨ ਕਿ ਤੇਰਾ ਸਹੁਰੇ ਘਰ ਵਿੱਚ ਜਾ ਕੇ ਵਸੇਬਾ ਸੌਖਾ ਹੋ ਜਾਏ। ਆਪ ਜੀ ਫ਼ੁਰਮਾ ਰਹੇ ਹਨ, ‘‘ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ! ਅਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥’’ ਅਰਥ : ਹੇ ਸਤਿਸੰਗੀ ਜੀਵ ਇਸਤਰੀਓ ! ਵਿਆਹ ਦਾ ਉਹ ਸਾਲ, ਉਹ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਭਾਵ ਮਰਨ ਵਾਲ਼ਾ ਦਿਨ ਮੁਕਰਰ ਕਰ ਰੱਖਿਆ ਹੈ। ਤੁਸੀਂ ਸਭ ਮਿਲ ਕੇ ਮੈਨੂੰ ਵਿਦਾ ਕਰਿਓ। ਮੈਨੂੰ ਸੋਹਣੀਆਂ ਅਸੀਸਾਂ ਦੇਣੀਆਂ ਤਾਂ ਜੋ ਮੇਰਾ ਪਤੀ ਨਾਲ਼ ਪਿਆਰ ਨਿਭ ਜਾਏ, ਮੇਲ ਹੋ ਜਾਏ।
ਪਹਿਲੇ ਪਾਤਿਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਜੀਵ-ਇਸਤਰੀਏ ! ਤੇਰਾ ਮੌਤ ਰੂਪ ਵਿਆਹ ਪਰਮਾਤਮਾ ਰੂਪੀ ਪਤੀ ਨਾਲ ਹੋਣਾ ਹੈ। ਆਪਣੇ ਚਿੱਤ ਵਿੱਚ ਯਾਦ ਰੱਖ ਕਿ ਇਹ ਵਿਆਹ ਵਿਛੋੜੇ ਦਾ ਰੂਪ ਲੈ ਕੇ ਨਾ ਆਵੇ ਸਗੋਂ ਸੱਚੇ ਸਾਈਂ ਨਾਲ ਮਿਲਾਪ ਦਾ ਸਾਧਨ ਬਣ ਜਾਏ। ਤੇਰੇ ਜੀਵਨ ਦਾ ਮਨੋਰਥ ਪੂਰਾ ਹੋ ਜਾਏ ਅਤੇ ਸਰੀਰਕ ਮੌਤ ਤੋਂ ਪਹਿਲਾਂ ਪ੍ਰਭੂ ਪਤੀ ਨਾਲ ਤੇਰਾ ਮਿਲਾਪ ਹੋ ਜਾਏ। ਇਹ ਤੈਅ ਹੈ ਕਿ ਜੋ ਵੀ ਜੀਵ ਜਨਮ ਲੈ ਕੇ ਇਸ ਦੁਨੀਆ ਵਿੱਚ ਆਇਆ ਹੈ, ਉਸ ਨੇ ਇੱਕ ਦਿਨ ਅਵੱਸ਼ ਜਾਣਾ ਹੈ। ਜਿਸ ਸਮੇਂ ਪਰਮਾਤਮਾ ਸਰੀਰ ਵਿੱਚ ਸਵਾਸ ਪਾ ਕੇ ਜਿਉਂਦਾ ਕਰਦਾ ਹੈ, ਉਦੋਂ ਹੀ ਮੌਤ ਦਾ ਸਾਹਾ ਬੰਨ੍ਹ ਦਿੰਦਾ ਹੈ, ‘‘ਮਰਣੁ ਲਿਖਾਇ, ਮੰਡਲ ਮਹਿ ਆਏ ॥ ਕਿਉ ਰਹੀਐ ? ਚਲਣਾ ਪਰਥਾਏ ॥’’ (ਮਹਲਾ ੧/੧੦੨੨), ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਵੀ ਬਚਨ ਹਨ ਕਿ ਜੋ ਸੰਸਾਰ ਵਿੱਚ ਆਇਆ ਹੈ ਉਸ ਨੇ ਇੱਕ ਦਿਨ ਅਵੱਸ਼ ਜਾਣਾ ਹੈ, ਮਰਨਾ ਹੈ, ‘‘ਜੋ ਉਪਜਿਓ ਸੋ ਬਿਨਸਿ ਹੈ; ਪਰੋ ਆਜੁ ਕੈ ਕਾਲਿ ॥’’ (ਮਹਲਾ ੯/੧੪੨੯)
ਅਸੀਂ ਇਸ ਜਗਤ ਵਿੱਚ ਗਿਣਤੀ ਦੇ ਸਾਹ ਲੈਣ ਆਏ ਹਾਂ। ਦਿਨ-ਬ-ਦਿਨ ਇਹ ਘਟਦੇ ਜਾ ਰਹੇ ਹਨ। ਇਨ੍ਹਾਂ ਨੂੰ ਤਿਲ-ਮਾਤਰ ਵੀ ਵਧਾਇਆ ਨਹੀਂ ਜਾ ਸਕਦਾ। ਜੋ ਇਨਸਾਨ ਮੋਹ ਵਿੱਚ ਫਸੇ ਹੋਏ ਹਨ, ਜੋ ਇਨ੍ਹਾਂ ਨੂੰ ਵਧਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਉਹ ਮੂਰਖ ਹਨ ਅਤੇ ਅੰਤਮ ਸਮੇਂ ਵੀ ਇਹੀ ਯਤਨ ਕਰਦੇ ਰਹਿੰਦੇ ਹਨ ਕਿ ਮੇਰੇ ਸਵਾਸ ਥੋੜ੍ਹੇ ਜਿਹੇ ਹੋਰ ਵੱਧ ਜਾਣ ਤਾਂ ਕਿ ਮੈਂ ਆਪਣੀ ਔਲਾਦ ਅਤੇ ਸਕੇ-ਸੰਬੰਧੀਆਂ ਨਾਲ ਕੁਝ ਸਮਾਂ ਹੋਰ ਬਤੀਤ ਕਰ ਸਕਾਂ, ਪਰ ਗੁਰਬਾਣੀ ਕਹਿੰਦੀ ਹੈ ਕਿ ਜਿੰਨੇ ਸਵਾਸ ਪਰਮਾਤਮਾ ਨੇ ਲਿਖ ਦਿੱਤੇ ਹਨ, ਓਨੇ ਹੀ ਮਿਲਣਗੇ, ਨਾ ਹੀ ਇਹ ਘਟਾਏ ਜਾ ਸਕਦੇ ਹਨ ਅਤੇ ਨਾ ਹੀ ਵਧਾਏ ਜਾ ਸਕਦੇ ਹਨ, ‘‘ਙਣਿ ਘਾਲੇ ਸਭ ਦਿਵਸ ਸਾਸ; ਨਹ ਬਢਨ ਘਟਨ ਤਿਲੁ ਸਾਰ ॥ ਜੀਵਨ ਲੋਰਹਿ ਭਰਮ ਮੋਹ; ਨਾਨਕ ! ਤੇਊ ਗਵਾਰ ॥’’ (ਮਹਲਾ ੫/੨੫੪)
ਇਤਿਹਾਸ ਗਵਾਹ ਹੈ ਕਿ ਸਿਕੰਦਰ ਦਾ ਜਦੋਂ ਆਖ਼ਰੀ ਸਮਾਂ ਆਇਆ ਸੀ ਤਾਂ ਉਸ ਨੇ ਇੱਕ ਹੁਕਮ ਜਾਰੀ ਕੀਤਾ ਕਿ ਜਿਸ ਸਮੇਂ ਉਸ ਦਾ ਜਨਾਜ਼ਾ ਕੱਢਿਆ ਜਾਏ, ਅਰਥੀ ਚੁੱਕੀ ਜਾਵੇ ਤਾਂ ਉਸ ਦੇ ਹੱਥਾਂ ਨੂੰ ਕਫਨ ਤੋਂ ਬਾਹਰ ਰੱਖਿਆ ਜਾਏ ਤਾਂ ਕਿ ਲੋਕ ਦੇਖਣ ਕਿ ਬੇਸ਼ੁਮਾਰ ਧਨ ਦੌਲਤ ਦਾ ਮਾਲਕ ਅੱਜ ਖ਼ਾਲੀ ਹੱਥ ਜਾ ਰਿਹਾ ਹੈ। ਜਿਸ ਸਮੇਂ ਸਿਕੰਦਰ ਆਖ਼ਰੀ ਵਾਰ ਲਾਮ ਪ੍ਰਾਪਤ ਕਰਨ ਜਾ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਰੋਕਿਆ ਅਤੇ ਵਾਸਤਾ ਪਾਇਆ ਕਿ ਹੁਣ ਤੇਰੇ ਕੋਲ ਬਹੁਤ ਦੌਲਤ ਇਕੱਠੀ ਹੋ ਗਈ ਹੈ, ਤੂੰ ਘਰ ਬੈਠ ਕੇ ਖੁਦਾ ਦੀ ਬੰਦਗੀ ਕਰ, ਪਰ ਉਹ ਇਸ ਵਾਅਦੇ ਨਾਲ ਘਰੋਂ ਨਿਕਲਿਆ ਕਿ ਇਹ ਹਮਲਾ ਉਸ ਦਾ ਆਖ਼ਰੀ ਵਾਰ ਹੈ। ਇਸ ਤੋਂ ਬਾਅਦ ਬਚੀ ਹੋਈ ਜ਼ਿੰਦਗੀ ਉਹ ਆਪਣੇ ਮਾਤਾ ਨਾਲ ਅੱਲਾ ਦੀ ਬੰਦਗੀ ਕਰਦੇ ਹੋਏ ਬਤੀਤ ਕਰੇਗਾ। ਬਹੁਤ ਸਾਰੀ ਲੁੱਟ ਕਰਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਮੰਜ਼ਲ ਤੋਂ ਕੁਝ ਦੂਰੀ ’ਤੇ ਉਸ ਦੀ ਤਬੀਅਤ ਅਚਾਨਕ ਖਰਾਬ ਹੋਣ ਲੱਗੀ। ਉਸ ਦੇ ਜਹਾਜ਼ ਵਿੱਚ ਮੌਜੂਦ ਵੈਦ ਵੀ ਇਲਾਜ ਕਰਨ ’ਚ ਅਸਫਲ ਹੋ ਗਏ। ਉਸ ਨੇ ਵੈਦਾਂ ਦੇ ਅੱਗੇ ਮਿੰਨਤਾਂ ਕੀਤੀਆਂ ਕਿ ਤੁਸੀਂ ਮੇਰੀ ਸਾਰੀ ਦੌਲਤ ਲੈ ਲਇਓ, ਪਰ ਮੈਨੂੰ ਕੁਝ ਸਾਹ ਹੋਰ ਦੇ ਦਿਓ ਤਾਂ ਕਿ ਮੈਂ ਆਪਣੀ ਮਾਂ ਨਾਲ ਕੀਤਾ ਵਾਧਾ ਪੂਰਾ ਕਰ ਸਕਾਂ। ਵੈਦਾਂ ਨੇ ਜਵਾਬ ਦੇ ਦਿੱਤਾ ਕਿ ਉਹ ਭਾਵੇਂ ਸਾਰੀ ਦੁਨੀਆ ਦੀ ਦੌਲਤ ਲੁਟਾ ਦੇਵੇ, ਪਰ ਇੱਕ ਵੀ ਸਾਹ ਨਹੀਂ ਖਰੀਦ ਸਕਦਾ। ਕਬੀਰ ਜੀ ਦੇ ਬਚਨ ਹਨ, ‘‘ਕਬੀਰ ! ਡੂਬਹਿਗੋ ਰੇ ਬਾਪੁਰੇ ! ਬਹੁ ਲੋਗਨ ਕੀ ਕਾਨਿ ॥ ਪਾਰੋਸੀ ਕੇ ਜੋ ਹੂਆ; ਤੂ ਅਪਨੇ ਭੀ ਜਾਨੁ ॥’’ (ਭਗਤ ਕਬੀਰ/੧੩੭੩) ਅਰਥ : ਹੇ ਮੰਦਭਾਗੀ ਜੀਵ ! ਲੋਕ ਲਾਜ ਨਿਭਾਉਂਦਿਆਂ ਸੰਸਾਰ ਸਮੁੰਦਰ ਵਿੱਚ ਡੁਬ ਜਾਓਂਗੇ। ਚੇਤੇ ਰੱਖੋ ਜੋ ਮੌਤ ਦਾ ਸੁਨੇਹਾ ਪੜੋਸੀ ਦੀ ਘਰ ਵਿੱਚ ਆਇਆ ਹੈ ਓਹ ਕੱਲ੍ਹ ਨੂੰ ਤੇਰੇ ਘਰ ਵੀ ਪਹੁੰਚਣ ਵਾਲ਼ਾ ਹੈ। ਇਸ ਲਈ ਕਬੀਰ ਜੀ ਨੇ ਫ਼ੁਰਮਾਇਆ ਕਿ ਹੇ ਬੰਦੇ ! ਦਿਨ ਰਾਤ ਆਪਣੇ ਮਨ ਨੂੰ ਪੜਚੋਲ ਤਾਂ ਜੋ ਬਾਅਦ ’ਚ ਕੋਈ ਪਰੇਸ਼ਾਨੀ ਨਾ ਹੋਵੇ। ਇਹ ਦੁਨੀਆ ਧੂਏਂ ਦਾ ਪਹਾੜ ਹੈ, ਪੂਰਨ ਸਚਾਈ ਨਹੀਂ ਭਾਵ ਸਦੀਵੀ ਸਥਿਰ ਰਹਿਣ ਵਾਲ਼ੀ ਨਹੀਂ, ‘‘ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ ॥੧॥ ਰਹਾਉ ॥ (ਭਗਤ ਕਬੀਰ/੭੨੭)
ਹਰੇਕ ਜੀਵ ਦਾ ਅੰਤਮ ਸਮਾਂ ਆਉਣਾ ਤੈਅ ਹੈ। ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਮੌਤ ਦਾ ਸਮਾਂ ਦੂਸਰਿਆਂ ’ਤੇ ਆ ਰਿਹਾ ਹੈ ਤਾਂ ਤੇਰੇ ’ਤੇ ਵੀ ਆਏਗਾ। ਹਰੇਕ ਨੂੰ ਆਪਣੇ ਜੀਵਨ ਨੂੰ ਹਰ ਰੋਜ਼ ਖੋਜਣਾ ਚਾਹੀਦਾ ਹੈ। ਸਚਾਈ ਨੂੰ ਸਮਝ ਕੇ ਮਨ ਨੂੰ ਨਿਰਮਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਮਨੁੱਖ ਨੂੰ ਗੁਰਬਾਣੀ ਹਿਦਾਇਤ ਕਰਦੀ ਹੈ ਕਿ ਤੂੰ ਹੁਣ ਇਸ ਨੀਂਦ ਵਿੱਚੋਂ ਜਾਗ ਜਾਹ, ਨਹੀਂ ਤਾਂ ਇੱਕ ਦਿਨ ਸਦਾ ਲਈ ਮੌਤ ਦੀ ਨੀਂਦ ਸੌਂ ਜਾਣਾ ਹੈ। ਇਹ ਮਨੁੱਖਾ ਦੇਹੀ ਪਰਮਾਤਮਾ ਨਾਲ ਮਿਲਾਪ ਕਰਨ ਲਈ ਮਿਲੀ ਹੈ। ਬਾਕੀ ਦੇ ਕਾਰਜ ਤੇਰੇ ਕਿਸੇ ਕੰਮ ਨਹੀਂ, ‘‘ਕਬੀਰ ! ਸੂਤਾ ਕਿਆ ਕਰਹਿ ? ਬੈਠਾ ਰਹੁ ਅਰੁ ਜਾਗੁ ॥ ਜਾ ਕੇ ਸੰਗ ਤੇ ਬੀਛੁਰਾ; ਤਾ ਹੀ ਕੇ ਸੰਗਿ ਲਾਗੁ ॥’’ (ਭਗਤ ਕਬੀਰ/੧੩੭੧)
ਇਸ ਜਗ ਉੱਤੇ ਜੋ ਆਪਣੇ ਆਪ ਨੂੰ ਮਹਿਮਾਨ ਸਮਝ ਕੇ ਆਪਣਾ ਜੀਵਨ ਬਤੀਤ ਕਰਦੇ ਹਨ, ਉਹ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ ਰਹਿੰਦੇ ਹਨ। ਨਾ ਹੀ ਉਨ੍ਹਾਂ ਵਿੱਚ ਵਧੇਰੇ ਧਨ ਅਤੇ ਸੁੱਖ-ਸਾਧਨ ਇਕੱਠੇ ਕਰਨ ਦੀ ਇੱਛਾ ਹੁੰਦੀ ਹੈ ਅਤੇ ਨਾ ਹੀ ਕੋਈ ਠੱਗੀ ਮਾਰਦੇ ਹਨ। ਭਾਈ ਗੁਰਦਾਸ ਜੀ ਦੇ ਬੋਲ ਹਨ ‘‘ਸਚੁ ਵਣਜਿ ਖੇਪ ਲੈ ਚਲੇ; ਗੁਰਮੁਖਿ ਗਾਡੀ ਰਾਹੁ ਨੀਸਾਣੀ। ਹਲਤਿ ਪਲਤਿ (’ਚ) ਮੁਖ ਉਜਲੇ; ਗੁਰ ਸਿਖ ਗੁਰਸਿਖਾਂ ਮਨਿ ਭਾਣੀ। ਸਾਧ ਸੰਗਤਿ ਵਿਚਿ ਅਕਥ ਕਹਾਣੀ ॥੧੨॥’’ (ਵਾਰ ੨੯ ਪਉੜੀ ੧੨), ਜਿਨ੍ਹਾਂ ਨੇ ਸਚ ਦਾ ਵਪਾਰ ਕੀਤਾ, ਸੱਚ ਨੂੰ ਕਮਾਇਆ, ਝੂਠ ਅਤੇ ਅਵਗੁਣਾਂ ਨੂੰ ਘਟਾਇਆ ਹੈ, ਪ੍ਰਭੂ ਦੇ ਹੁਕਮ ਅੰਦਰ ਰਹਿਣਾ ਸਿੱਖਿਆ, ਐਸੇ ਜਗਤ ਵਿੱਚ ਵਿਰਲੇ ਹੀ ਹਨ, ‘‘ਗੁਰਮੁਖਿ ਗਾਡੀ ਰਾਹੁ ਸਚੁ ਨਿਬਾਹੀਐ।’’ (ਵਾਰ ੧੯ ਪਉੜੀ ੧੯) ਗੁਰਬਾਣੀ ਦੇ ਵੀ ਬਚਨ ਹਨ, ‘‘ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ; ਕਾਜ ਸਵਾਰਣਹਾਰ ॥’’ (ਮਹਲਾ ੨/੭੮੭) ਭਾਵ ਜਿਨ੍ਹਾਂ ਨੇ ਮੌਤ ਨੂੰ ਸਦਾ ਯਾਦ ਰੱਖਿਆ ਹੈ, ਜਗ ਨੂੰ ਛੱਡ ਕੇ ਜਾਣਾ ਜਿਨ੍ਹਾਂ ਦੇ ਚਿਤ ਵਿੱਚ ਹੈ, ਉਹ ਕਦੇ ਵੀ ਦੁਨਿਆਵੀ ਵਸਤੂਆਂ ਦਾ ਬਹੁਤਾ ਖਿਲਾਰਾ ਨਹੀਂ ਪਾਉਂਦੇ; ਜਿਵੇਂ ਕਿ ਆਮ ਵੇਖੀਦਾ ਹੈ ਕਿ ਹਰ ਸਾਲ ਜਾਂ ਦੋ ਸਾਲ ਬਾਅਦ ਕਾਰ ਜਾਂ ਘਰ ਬਦਲ ਲੈਣਾ ਆਦਿ। ਇਹ ਸਭ ਮੌਤ ਨੂੰ ਭੁਲਾ ਕੇ ਮਾਇਆ ਦੇ ਜਾਲ ਵਿੱਚ ਫਸਣ ਕਾਰਨ ਹੀ ਹੋ ਰਿਹਾ ਹੈ। ਜਿਸ ਨੂੰ ਸੰਸਾਰ ਤੋਂ ਤੁਰ ਜਾਣਾ ਯਾਦ ਨਹੀਂ, ਉਹ ਮਰਨ ਤੱਕ ਵਿਨਾਸ਼ ਹੋਣ ਵਾਲੀਆਂ ਵਸਤੂਆਂ ’ਚ ਖਚਿਤ ਰਹਿੰਦਾ ਹੈ ਕਿਉਂਕਿ ਸਾਨੂੰ ਮੌਤ ਭੁੱਲ ਗਈ ਅਤੇ ਖਾਣਾ ਪੀਣਾ ਹੀ ਯਾਦ ਰਹਿ ਗਿਆ ਹੈ; ਜਿਵੇਂ ਕਿ ਗੁਰਬਾਣੀ ਦੇ ਬਚਨ ਹਨ, ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥ ਖਸਮੁ ਵਿਸਾਰਿ ਖੁਆਰੀ ਕੀਨੀ; ਧ੍ਰਿਗੁ ਜੀਵਣੁ ਨਹੀ ਰਹਣਾ ॥’’ (ਮਹਲਾ ੧/੧੨੫੪)
ਕਬੀਰ ਜੀ ਨਾਲ਼ ਸੰਬੰਧਿਤ ਇਕ ਘਟਨਾ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਕ ਵਾਰ ਕੋਈ ਅਜਨਬੀ ਕਬੀਰ ਜੀ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਆਇਆ, ਪਰ ਕਬੀਰ ਜੀ ਘਰ ਨਹੀਂ ਸਨ। ਕਬੀਰ ਜੀ ਦੀ ਪਤਨੀ ਨੇ ਦਰਵਾਜ਼ਾ ਖੋਲ੍ਹ ਕੇ ਦੇਸਿਆ ਕਿ ਉਹ ਕਿਸੇ ਦੇ ਜਨਾਜ਼ੇ ’ਤੇ ਗਏ ਹੋਏ ਹਨ, ਉਨ੍ਹਾਂ ਨੂੰ ਉੱਥੇ ਮਿਲਿਆ ਜਾ ਸਕਦਾ ਹੈ। ਉਸ ਅਜਨਬੀ ਨੇ ਪੁੱਛਿਆ ਕਿ ਮੈਂ ਉਨ੍ਹਾਂ ਨੂੰ ਕਿਵੇਂ ਪਹਿਚਾਣਾਂਗਾ ਤਾਂ ਪਤਨੀ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਦੇ ਸਿਰ ’ਤੇ ਛਤਰ ਝੁੱਲ ਰਿਹਾ ਹੋਵੇਗਾ, ਉਹੀ ਕਬੀਰ ਜੀ ਹੋਣਗੇ। ਜਦੋਂ ਅਜਨਬੀ ਨੇ ਜਨਾਜ਼ੇ ਵਿੱਚ ਪਹੁੰਚ ਕੇ ਦੇਖਿਆ ਤਾਂ ਸਭ ਦੇ ਸਿਰ ’ਤੇ ਛਤਰ ਝੁੱਲ ਰਹੇ ਸਨ। ਇਹ ਦੇਖ ਕੇ ਉਹ ਬਹੁਤ ਹੈਰਾਨ ਹੋ ਗਿਆ। ਉਹ ਉੱਥੇ ਹੀ ਖੜ੍ਹਾ ਹੋ ਗਿਆ। ਮੁਰਦੇ ਦੀ ਅੰਤਮ ਕਿਰਿਆ ਤੋਂ ਬਾਅਦ ਸਭ ਲੋਕ ਆਪਣੇ ਕੰਮਾਂ-ਕਾਰਾਂ ਵੱਲ ਤੁਰ ਪਏ। ਕਬੀਰ ਜੀ ਇਕੱਲੇ ਹੀ ਹੁਣ ਉਥੇ ਖੜ੍ਹੇ ਸਨ ਅਤੇ ਕੇਵਲ ਉਨ੍ਹਾਂ ਦੇ ਸਿਰ ਉੱਤੇ ਅਜੇ ਵੀ ਛਤਰ ਝੁਲ ਰਿਹਾ ਸੀ। ਅਜਨਬੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਕਬੀਰ ਜੀ ਕੋਲੋਂ ਇਸ ਦਾ ਕਾਰਨ ਪੁੱਛਿਆ ਤਾ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦ ਸਭ ਲੋਕ ਜਨਾਜ਼ੇ ਵਿੱਚ ਸ਼ਾਮਲ ਸਨ ਤਾਂ ਉਨ੍ਹਾਂ ਦੀ ਸੁਰਤ ਮੌਤ ਦੇ ਡਰ ਕਾਰਨ ਪਰਮਾਤਮਾ ਨਾਲ ਜੁੜੀ ਹੋਈ ਸੀ, ਪਰ ਹੁਣ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੀ ਸੁਰਤ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਫਿਰ ਮਗਨ ਹੋ ਗਈ ਜਦਕਿ ਮੇਰੀ ਸੁਰਤ ਅਜੇ ਵੀ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਇਸ ਲਈ ਮੇਰੇ ਸਿਰ ਉੱਪਰ ਅਜੇ ਵੀ ਛਤਰ ਝੁਲਦਾ ਤੁਹਾਨੂੰ ਨਜ਼ਰ ਆ ਰਿਹਾ ਹੈ।
ਹੁਣ ਤਾਂ ਇਹ ਹਾਲਾਤ ਬਣ ਗਏ ਹਨ ਕਿ ਅਸੀਂ ਕਿਸੇ ਦੇ ਮਰਨ ’ਤੇ ਪਹੁੰਚ ਕੇ ਵੀ ਮੌਤ ਨੂੰ ਚੇਤੇ ਕਰਨ ਦੀ ਬਜਾਇ ਆਪਣੇ ਕੰਮ-ਧੰਦਿਆਂ ਨੂੰ ਵਧੇਰੇ ਤਰਜੀਹ ਦਿੰਦੇ ਰਹਿੰਦੇ ਹਾਂ।
ਗੁਰੂ ਜੀ ਇਸ ਸ਼ਬਦ ਦੇ ਅਖੀਰਲੇ ਪਦੇ ਵਿੱਚ ਸਮਝਾ ਰਹੇ ਹਨ ਕਿ ਹਰ ਘਰ ਅੰਦਰ ਵਾਪਸ ਬੁਲਾਉਣ ਦੇ ਸੱਦੇ ਆ ਰਹੇ ਹਨ। ਮਨੁੱਖ ਦੇ ਜੀਵਨ ਦਾ ਅਸਲੀ ਮਨੋਰਥ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਉਸ ਦੀ ਯਾਦ ਨੂੰ ਦਿਲ ਵਿੱਚ ਵਸਾ ਕੇ ਸਹੁਰੇ ਘਰ ਜਾਣ ਦੀ ਤਿਆਰੀ ਕਰਨੀ ਹੈ। ਮਨੁੱਖ ਨੇ ਹਰ ਵੇਲੇ ਇਹੀ ਉਦਮ ਕਰਨਾ ਹੈ ਤਾਂ ਜੋ ਮੌਤ ਵੇਲ਼ੇ ਵਿਛੋੜੇ ਦਾ ਦੁੱਖ ਨਾ ਹੋ ਕੇ ਪ੍ਰਭੂ ਪਤੀ ਨਾਲ ਮਿਲਾਪ ਦੀ ਖ਼ੁਸ਼ੀ ਹੋਵੇ। ਮੌਤ ਵਾਲ਼ਾ ਦਿਨ, ਰੋਣ-ਪਿੱਟਣ ਦਾ ਨਹੀਂ ਬਲਕਿ ਖ਼ੁਸ਼ੀ ਅਤੇ ਖਿਡਾਓ ਦਾ ਦਿਨ ਹੋਣਾ ਚਾਹੀਦਾ ਹੈ, ‘‘ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ; ਨਾਨਕ ! ਸੇ ਦਿਹ ਆਵੰਨਿ ॥੪॥੧॥’’ ਅਰਥ : ਹੇ ਸਤਿਸੰਗੀ ਜਨੋ ! ਹਰ ਘਰ ਵਿੱਚ ਮੌਤ ਦਾ ਸੁਨੇਹਾ ਆ ਰਿਹਾ ਹੈ, ਜੋ ਹਰ ਦਿਨ ਸੱਦੇ ਪੈਂਦੇ ਹਨ। ਜੋ ਪ੍ਰਭੂ ਜੀਵਾਂ ਨੂੰ ਬੁਲਾ ਰਿਹਾ ਹੈ, ਬੁਲਾਵੇ ਦਾ ਸੁਨੇਹਾ ਭੇਜ ਰਿਹਾ ਹੈ, ਉਸ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਦਿਨ ਤੁਹਾਡੇ ਘਰ ਵੀ ਆਉਣੇ ਹਨ।
ਸੋ ਪਰਮਾਤਮਾ ਅੱਗੇ ਹਰ ਵੇਲੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥’’ (ਭਗਤ ਕਬੀਰ/੧੧੦੪) ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੋ ਇਸ ਦੁਨੀਆ ਵਿੱਚ ਆਇਆ ਹੈ, ਉਸ ਨੇ ਜਾਣਾ ਹੀ ਹੈ। ਮਾਂ-ਬਾਪ, ਭੈਣ-ਭਰਾ, ਸਕੇ-ਸੰਬੰਧੀ ਸਭ ਨੇ ਵਾਰੋ ਵਾਰੀ ਜਾਣਾ ਹੈ ਭਾਵੇਂ ਕਿ ਮਾਇਆ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਇਹ ਯਾਦ ਨਹੀਂ ਰਹਿੰਦਾ ਕਿ ਮੇਰੇ ਮਾਂ-ਬਾਪ, ਭੈਣ-ਭਰਾ ਸੰਸਾਰ ਤੋਂ ਜਾ ਚੁੱਕੇ ਹਨ ਅਤੇ ਮੇਰੀ ਵੀ ਇੱਕ ਦਿਨ ਵਾਰੀ ਆਉਣੀ ਹੈ। ਬਾਬਾ ਸ਼ੇਖ਼ ਫ਼ਰੀਦ ਜੀ ਨੇ ਇਸ ਦੇ ਸੰਬੰਧ ’ਚ ਬਹੁਤ ਪਿਆਰਾ ਸਲੋਕ ਉਚਾਰਨ ਕੀਤਾ ਹੈ, ‘‘ਫਰੀਦਾ ਕਿਥੈ ਤੈਡੇ ਮਾਪਿਆ ? ਜਿਨ੍ਹੀ ਤੂ ਜਣਿਓਹਿ (ਜੰਮਿਆ)॥ ਤੈ ਪਾਸਹੁ ਓਇ ਲਦਿ (ਚਲੇ) ਗਏ; ਤੂੰ ਅਜੈ ਨ ਪਤੀਣੋਹਿ (ਸੰਭਲ਼ਿਆ) ॥’’ (ਬਾਬਾ ਫਰੀਦ/੧੩੮੧) ਅਰਥ : ਬਾਬਾ ਫ਼ਰੀਦ ਜੀ ਕਹਿੰਦੇ ਹਨ ਕਿ ਹੇ ਭਾਈ ! ਜਿਹੜੇ ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ ਸੀ, ਉਹ ਕਿੱਥੇ ਚਲੇ ਗਏ ਹਨ ਭਾਵ ਉਹ ਤੇਰੇ ਕੋਲ਼ੋਂ ਚਲੇ ਗਏ ਹਨ। ਤੂੰ ਫਿਰ ਵੀ ਨਾ ਸੰਭਲ਼ਿਆ ਭਾਵ ਸਮੇਂ ਰਹਿੰਦੇ ਪ੍ਰਭੂ ਦਾ ਨਾਮ ਜਪਣ ਨਹੀਂ ਲੱਗਿਆ।
ਜਿਵੇਂ ਬੇਟੀ ਦੇ ਵਿਆਹ ਦਾ ਦਿਨ ਨਿਰਧਾਰਿਤ ਕੀਤਾ ਜਾਂਦਾ ਹੈ ਤੇ ਉਹ ਆ ਜਾਂਦਾ ਹੈ; ਉਸੇ ਤਰ੍ਹਾਂ ਜਿਸ ਦਿਨ ਮਨੁੱਖ ਜਨਮਿਆ ਉਸ ਦੇ ਸਾਹੇ ਦਾ ਦਿਨ ਵੀ ਮੁਕਰਰ ਕਰ ਦਿੱਤਾ, ਜੋ ਅਵੱਸ਼ ਆਉਣਾ ਹੈ।
ਗੁਰੂ ਰਾਮਦਾਸ ਪਾਤਿਸ਼ਾਹ ਨੇ ਪ੍ਰਭੂ-ਪਤੀ ਨਾਲ ਮਿਲਾਪ ਦੇ ਚਾਰ ਪੜਾਅ; ਚਾਰ ਲਾਵਾਂ ਦੀ ਮਿਸਾਲ ਦੇ ਕੇ ਸਮਝਾਏ ਹਨ, ਜੋ ਇਸ ਤਰ੍ਹਾਂ ਹਨ :
ਪਹਿਲਾ ਪੜਾਅ : ਪਰਵਿਰਤੀ ਕਰਮ ਦ੍ਰਿੜਾਇਆ- ਇਸ ਪੜਾਅ ਵਿੱਚ ਜੀਵ ਇਸਤਰੀ ਨੇ ਪਰਮਾਤਮਾ ਨਾਲ ਮਿਲਾਪ ਦੀ ਤਿਆਰੀ ਕਰਨੀ ਹੈ। ਇਹ ਤਿਆਰੀ, ਗੁਰਮਤਿ ਦੇ ਪਹਿਲੇ ਪੜਾਅ; ਧਰਮਖੰਡ ਵਿੱਚ ਵਿਚਰਨਾ ਹੈ।
ਦੂਜਾ ਪੜਾਅ : ਸਤਿਗੁਰੁ ਪੁਰਖੁ ਮਿਲਾਇਆ- ਇਸ ਪੜਾਅ ’ਚ ਸੱਚੇ ਸਤਗੁਰ ਨਾਲ ਮਿਲਾਪ ਹੁੰਦਾ ਹੈ, ਜੋ ਜੀਵ ਇਸਤਰੀ ਨੂੰ ਆਪਣੇ ਪਤੀ ਪਰਮੇਸ਼ਰ ਨਾਲ਼ ਮਿਲਣ ਦੀ ਯੁਕਤੀ ਸਮਝਾਉਂਦਾ ਹੈ।
ਤੀਜਾ ਪੜਾਅ : ਮਨਿ ਚਾਉ ਭਇਆ ਬੈਰਾਗੀਆ- ਇਸ ਪੜਾਅ ’ਚ ਵੈਰਾਗ ਰੱਖਣ ਵਾਲ਼ੇ ਹਿਰਦੇ ਵਿੱਚ ਪ੍ਰਭੂ-ਪਤੀ ਨਾਲ਼ ਜੁੜਨ ਦਾ ਚਾਹ ਪੈਦਾ ਹੁੰਦਾ ਹੈ।
ਚੌਥਾ ਪੜਾਅ : ਮਨਿ ਸਹਜੁ ਭਇਆ, ਹਰਿ ਪਾਇਆ- ਇਸ ਪੜਾਅ ’ਚ ਹਰੀ ਦਾ ਮਿਲਾਪ ਹਾਸਲ ਕਰ; ਮਨ ਅੰਦਰ ਸਥਿਰਤਾ ਆ ਜਾਂਦੀ ਹੈ; ਜੈਸਾ ਕਿ ਸਥਿਰ ਪ੍ਰਭੂ ਆਪ ਹੈ।