ਸੱਚ ਕਦੇ ਪੁਰਾਣਾ ਨਹੀ ਹੁੰਦਾ

0
294

ਸੱਚ ਕਦੇ ਪੁਰਾਣਾ ਨਹੀ ਹੁੰਦਾ

ਗੁਰਦੇਵ ਸਿੰਘ ਸੱਧੇਵਾਲੀਆ

ਚਾਰ ਕੁ ਮਹੀਨੇ ਪਹਿਲਾਂ ਨਿਆਣੇ ਕਤੂਰਾ ਇਕ ਹੋਰ ਚੁੱਕ ਲਿਆਏ ਜਦ ਕਿ ਇਕ ਪਹਿਲਾਂ ਹੀ ਸੀ। ਜਦ ਪੁੱਛਿਆ ਕਿ ਆਹਾ ਹੋਰ ਕਤੀੜ ਕੀ ਕਰਨੀ ਸੀ ਤਾਂ ਕਹਿੰਦੇ ਨਸਲ ਬੜੀ ਵਧੀਆ ਸਿਧਾ ਲੱਤੀਂ ਪੈਂਦਾ।

ਕੁਝ ਚਿਰ ਬਾਅਦ ਵੱਡਾ ਮੁੰਡਾ ਮੇਰਾ ਪੁੱਛਦਾ ਕਿ ਪਾਪਾ ਇਹ ਭੌਕਦਾ ਕਿਉਂ ਨਹੀਂ ਲਾਗੋਂ ਛੋਟਾ ਕਹਿੰਦਾ ਇਨ ਓਦੋਂ ਭੌਂਕਣਾ ਸ਼ੁਰੂ ਕਰਨਾ ਜਦ ਲੱਤ ਚੁੱਕ ਕੇ ਮੂਤਣ ਲੱਗ ਗਿਆ ਯਾਨੀ ਥੋੜਾ ਵੱਡਾ ਹੋ ਕੇ।

ਓਹੀ ਗੱਲ ਹੋਈ ਜਦ ਓਹ ਹੁਣ ਪੰਜ ਕੁ ਮਹੀਨੇ ਦਾ ਹੋਇਆ ਤਾਂ ਦੋਨੋਂ ਕੰਮ ਇਕੱਠੇ ਕਰਨ ਲੱਗ ਗਿਆ ਯਾਣੀ ਭੌਂਕਣਾ ਅਤੇ ਲੱਤ ਚੁੱਕਣੀ।  ਹੁਣ ਓਹ ਐਸਾ ਭੌਂਕਣ ਲੱਗਿਆ ਕਿ ਚਾਅ ਚਾਅ ਵਿੱਚ ਜ਼ਬਾਨ ਹੀ ਮੂੰਹ ਨਹੀਂ ਪਾਓਂਦਾ ਤੇ ਲੱਤ ਚੁਕਣ ਦਾ ਸ਼ੌਕ ਓਹ ਐਨ ਸਾਡੀ ਕਿਸੇ ਗਡੀ ਤੇ ਆ ਕੇ ਪੂਰਾ ਕਰਦਾ।

ਸਾਨੂੰ ਹੁੰਦਾ ਕਿ ਕੁੱਤਾ ਭਉਂਕਿਆ ਬਾਹਰ ਕੋਈ ਆਇਆ ਨਾ ਹੋਵੇ ਪਰ ਓਹ ਤਾਂ ਹਵਾ ਨੂੰ ਈ ਭਾਓਂਕੀ ਜਾਂਦਾ। ਕਦੇ ਖਿੱਝ ਤੇ ਚੜਦੀ ਪਰ ਫਿਰ ਸੋਚੀਦਾ ਕੋਈ ਨਾ ਬਾਬੇ ਤੋਤੇ ਕਿਆ ਤਰਾਂ ਨਵੇਂ ਨਵੇਂ ਸਿਰ ਨੂੰ ਚੜੇ ਗਿਆਨ ਤਰਾਂ ਨਵਾਂ ਨਵਾਂ ਭਉਂਕਣ ਲੱਗਾ ਇਕ ਵਾਰੀ ਤਾਂ ਰੀਝ ਲਾਹ ਕੇ ਹੀ ਹਟੂ।

ਬਾਬੇ ਤੋਤੇ ਕਿਆਂ ਦੀਆਂ ਲੱਤਾਂ ਚੁੱਕ ਚੁੱਕ ਭਰੀਆਂ ਕੰਧਾਂ ਅਤੇ ਗਿਆਨ ਦੀ ਭਊ ਭਊ ਦੇਖ ਗੁੱਸਾਂ ਕਰਨ ਦੀ ਲੋੜ ਨਹੀਂ ਹਾਲੇ ਨਵੀਂ ਨਵੀਂ ਲੱਤ ਅਤੇ ਜ਼ਬਾਨ ਆਈ ਹੈ ਰੌਲਾ ਤਾਂ ਪਵੇਗਾ ਹੀ ਕਿ ਗੱਲਾਂ ਪੁਰਾਣੀਆਂ ਹੋ ਗਈਆਂ। ਸਮਾਂ ਬਦਲ ਗਿਆ, ਜੁਗ ਪੁਰਾਣਾ ਸੀ ਓਹ ਜਦ ਗੁਰੂ ਗ੍ਰੰਥ ਸਾਹਿਬ ਲਿਖਿਆ ਸੀ ਅਤੇ ਪ੍ਰਤੀਸ਼ਤ ਕੱਢਣੇ ਹੀ ਕਿ ਕਿੰਨਾ ਗਲਤ ਤੇ ਕਿੰਨਾ ਠੀਕ ? ਕਿੰਨੇ ਪਰਸੈਂਟ ਗੁਰਬਾਣੀ ਝੂਠੀ ਤੇ ਕਿੰਨੀ ਸਚੀ।  ਚੂਹੇ ਦੇ ਸੁੰਢ ਦੀ ਗੰਡੀ ਲੱਭਣ ਦੀ ਤਰਾਂ ਇਨਾਂ ਗਰੀਬਾਂ ਨੂੰ ਇਕੋ ਲਫਜ ਲਭਿਆ ‘ਪੁਜਾਰੀ’। ਨਾ ਇਨਾਂ ਨੂੰ ਕਸਾਈ ਰਾਜੇ ਦਿੱਸਦੇ, ਨਾ ਜਰਵਾਣੇ ਹਾਕਮ।  ਨਾ ਜੁਲਮਾਂ ਦੀ ਚੱਕੀ ’ਚ ਪਿਸ ਰਹੇ ਗਰੀਬ ਦਿੱਸਦੇ, ਨਾ ਗੋਲੀਆਂ ਨਾਲ ਭੁੰਨੀ ਜਾ ਰਹੀ ਜਵਾਨੀ। ਪੂਰਾਂਦੇ ਪੂਰ ਖਪ ਗਏ ਚਿਟਿਆਂ ਵਿਚ ਪੰਜਾਬ ਦੇ, ਨਾ ਇਨਾਂ ਨੂੰ ਓਹ ਦਿਸੇ। ਪੁਜਾਰੀ ਦੀ ਪੂਛ ਫੜ ਕੇ ਗਿਆਨ ਦੀ ਵੈਤਰਨੀ ਪਾਰ ਕਰਨ ਵਾਲੇ ਗਰੀਬ ਗਿਆਨੀ ਪਤਾ ਨਹੀਂ ਕਦੇ ਆਪਣੀ ਇਸ ਗੁਰਬਤ ਵਿਚੋਂ ਬਾਹਰ ਆਉਂਣਗੇ ਵੀ ਜਾਂ ਨਹੀਂ। ਉਲਟਾ ਯੂਨੀਵਰਸਲ ਸੱਚ ਨੂੰ ਫੀਤਾ ਫੜ ਕੇ ਮਿਣਨ ਤੁਰ ਪਏ ਕਿ ਕਿੰਨਾ ਸੱਚ ? ਕਿੰਨਾ ਝੂਠ ?, ਪਰ ਇਹ ਵੀ ਕਿਹੜੀ ਨਵੀਂ ਗੱਲ। ਕਾਮਰੇਡ ਟਟੀਰੀਆਂ ਕਦ ਦੇ ਗਜ ਫੜੀ ਮਿਣ ਚੁਕੇ ਹੋਏ ਕਿ ਕਿੰਨਾ ਸੱਚ ? ਕਿੰਨਾ ਝੂਠ ? ਓਹੀ ਗਜ ਇਨਾਂ ਨੂੰ ਫੜਾ ਗਏ ਤੇ ਖੁਦ ਪਿਛੋਂ ਹਵਾ ਦੇ ਕੇ ਇਨਾਂ ਨੇ ਮਿਰਜੇ ਵਢਵਾ ਕੇ ਤਮਾਸ਼ਬੀਨ ਹੋ ਬੈਠਣੈ।

ਛੋਟੇ ਕਤੂਰੇ ਦੇ ਮੁਕਾਬਲੇ ਵੱਡਾ ਕੁੱਤਾ ਸਾਡਾ ਓਦੋਂ ਈ ਭੌਂਕਦਾ ਜਦ ਕੋਈ ਓਪਰਾ ਬੰਦਾ ਜਾਂ ਓਪਰੀ ਗੱਡੀ ਘਰ ਵੰਨੀ ਮੁੜਦੀ ਦਿੱਸਦੀ, ਨਹੀਂ ਤਾਂ ਓਹ ਦੂਰੋਂ ਪਛਾਣ ਜਾਂਦਾ ਕਿ ਇਥੇ ਜੋਰ ਲਾਉਣ ਦੀ ਲੋੜ ਨਹੀਂ ਯਾਨੀ ਸਮਝਦਾਰ ਹੈ, ਪਰ ਛੋਟਾ ਵਿੰਹਦਾ ਹੀ ਕੁਝ ਨਹੀਂ ਘਰ ਦੇ ਬੰਦੇ ਦੀ ਗੱਡੀ ਦੇ ਵੀ ਟਾਇਰ ਪਾੜਨ ਤਕ ਜਾਂਦਾ ਜਿਵੇਂ ਬਾਬੇ ਤੋਤੇ ਕਿਆਂ ਦੇ ਗਿਆਨ ਤਰਾਂ ਵਫ਼ਾਦਾਰੀ ਸਿਰ ਨੂੰ ਚੜ ਗਈ ਹੁੰਦੀ।

ਨਵੇਂ ਕਤੂਰੇ ਦੀ ਨਸਲ ਇਉਂ ਦੀ ਕਿ ਇਸ ਨੂੰ ਜੰਮਦੇ ਨੂੰ ਲੰਡਾ ਕਰ ਦਿੰਦੇ। ਮੈਂ ਨਿਆਣਿਆਂ ਨੂੰ ਜਦ ਕਿਹਾ ਕਿ ਓਏ ਆਹਾ ਲੰਡਾ ਚੁੱਕ ਲਿਆਏ ਜੇ, ਤਾਂ ਕਹਿੰਦੇ ਪਾਪਾ!  ਇਹ ਲੰਡਾ ਈ ਸੋਹਣਾ ਲੱਗਦਾ।

ਚੇਲਿਆਂ ਨੂੰ ਕਹਿ ਕੇ ਦੇਖੋ ਕਿ ਆਹਾ ਬਾਬਾ ਤੁਹਾਡਾ ਲੰਡਾ ਈ ਫਿਰੀ ਜਾਂਦਾ ਤਾਂ ਉਹ ਬੜੇ ਮਾਣ ਨਾਲ ਦੱਸਦੇ ਕਿ ਇਹ ਨਸਲ ਲੰਡੀ ਓ ਈ ਸੋਹਣੀ ਲੱਗਦੀ।

ਬਾਬੇ ਤੋਤੇ ਦੇ ਚੇਲੇ ਉਸ ਦੀਆਂ ਸੌਦੇ ਸਾਧ ਵਰਗੇ ਪੋਜ ਬਣਾਏ ਵਰਗੀਆਂ ਮੂਰਤੀਆਂ ਲਾ ਕੇ ਆਪਣੀ ਜਣੀ ਤਾਂ ਲੋਕਾਂ ਨੂੰ ਸਾੜ ਰਹੇ ਹੁੰਦੇ ਕਿ ਦੁਸ਼ਮਣੋ ਸੜੋ ਪਰ ਅਜਿਹੀ ਹਾਲਤ ਵਿੱਚ ਹਾਲਾਤ ਇਉਂ ਦੇ ਹਾਸੋ ਹੀਣੇ ਬਣ ਜਾਂਦੇ ਜਿਵੇਂ ਕਤੂਰਾ ਮੇਰਾ ਲੁੰਡੀ ਪੂਛ ਹਿਲਾਉਣ ਦੀ ਕਾਰਵਾਈ ਤਾਂ ਪਾਉਂਦਾ ਜਾਪ ਰਿਹਾ ਹੁੰਦਾ, ਪਰ ਦਿਸਦੀ ਨਾ ਹੋਣ ਕਾਰਨ ਬਾਬੇ ਤੋਤੇ ਦੇ ਉਛਲਦੇ ਚਿਮਟਿਆਂ ਦੀ ਤਰਾਂ ਲੁੰਡ ਦਾ ਡਾਂਸ ਜ਼ਰੂਰ ਬੰਦੇ ਨੂੰ ਬਾਗੋ ਬਾਗ ਕਰ ਦਿੰਦਾ।

ਯਾਦ ਰਹੇ ਸੱਚ ਕਦੇ ਪੁਰਾਣਾ ਨਹੀ ਹੁੰਦਾ, ਨਾ ਹੋਇਆ ‘‘ਸਚੁ ਪੁਰਾਣਾ ਨਾ ਥੀਐ (ਹੁੰਦਾ); ਨਾਮੁ ਮੈਲਾ ਹੋਇ ’’ (ਗੁਰੂ ਅਮਰਦਾਸ ਜੀ/੧੨੪੮), ਜਿੰਨਾ ਸੱਚ ਓਨਾ ਸਮਿਆਂ ਵਿੱਚ ਨਵਾਂ ਸੀ, ਓਨਾ ਈ ਅੱਜ ਹੈ, ਓਨਾ ਈ ਕੱਲ੍ਹ ਅਤੇ ਪਰਸੋਂ ਵੀ ਰਹੇਗਾ। ਇਨਾਂ ਨਵੀਆਂ ਲੱਤਾਂ ਅਤੇ ਮਿਲੀਆਂ ਜ਼ਬਾਨਾ ਦੇ ਰੌਲੇ ਵਿੱਚ ਸੱਚ ਕਦੇ ਨਾ ਮਰਿਆ, ਨਾ ਮਰੇਗਾ। ਕਿ ਮਰੇਗਾ ?