ਪਾਰਦਰਸ਼ੀ ਅੰਤਹਕਰਣ

0
770

ਪਾਰਦਰਸ਼ੀ ਅੰਤਹਕਰਣ

ਗਿਆਨੀ ਅਵਤਾਰ ਸਿੰਘ

ਪਿਛਲੇ ਭਾਗ ’ਚ ਵਿਚਾਰਿਆ ਗਿਆ ਹੈ ਕਿ ਜਦ ਸੂਰਜ ਦਾ ਪ੍ਰਕਾਸ਼; ਧਰਤੀ ’ਤੇ ਹੂ-ਬਹੂ (ਇੰਨ-ਬਿੰਨ) ਨਾ ਆਵੇ ਤਾਂ ਵਿਚਕਾਰ ਚੰਦ੍ਰਮਾ ਹੁੰਦਾ ਹੈ, ਉਸ ਦੀ ਪਰਛਾਈ ਹੁੰਦੀ ਹੈ। ਇਸ ਨੂੰ ਸੂਰਜ ਗ੍ਰਹਿਣ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਰਰੇ-ਜ਼ਰਰੇ ’ਚ ਵਿਆਪਕ ‘ਆਤਮ ਪ੍ਰਕਾਸ਼’, ਜਿਸ ਨੂੰ ‘ਨਾਮ ਅੰਮ੍ਰਿਤ’ ਵੀ ਕਿਹਾ ਹੈ ‘‘ਨਾਨਕ  ! ਅੰਮ੍ਰਿਤੁ ਮਨੈ ਮਾਹਿ..’’ (ਮਹਲਾ /੧੨੩੮); ਜੇ ਬੰਦੇ ਦੇ ਦਿਮਾਗ਼ ’ਚੋਂ ਹੂ-ਬਹੂ ਪ੍ਰਕਾਸ਼ (ਬਿਬੇਕ) ਬਣ ਪ੍ਰਗਟ ਨਾ ਹੋਵੇ ਤਾਂ ਇਸ ਵਿਚਕਾਰ ਅੰਤਹਕਰਣ ਹੁੰਦਾ ਹੈ, ਉਸ ਦੀ ਪਰਛਾਈ ਹੁੰਦੀ ਹੈ। ਮਨੁੱਖ ਦਾ ਟੀਚਾ ਰੱਬ ਨਾਲ਼ ਜੁੜ ਕੇ ਅੰਤਹਕਰਣ ਦੀ ਪਰਛਾਈ ਮਿਟਾਉਣਾ ਹੈ। ਇਸ ਦੇ ਮਿਟਣ ਨਾਲ਼ ਆਤਮ ਪ੍ਰਕਾਸ਼/ਨਾਮ ਅੰਮ੍ਰਿਤ; ਪਾਰਦਰਸ਼ੀ ਅੰਤਹਕਰਣ ਰਾਹੀਂ ਹੂ-ਬਹੂ ਦਿਮਾਗ਼ ’ਚੋਂ ਬਿਬੇਕ ਬਣ ਪ੍ਰਗਟ ਹੋਏਗਾ। ਜਿਸ ਨੂੰ ਨਿਰੋਲ ਸੱਚ ਆਧਾਰਿਤ ਅਨੁਭਵ ਵੀ ਕਹਿ ਸਕਦੇ ਹਾਂ। ਪਾਰਦਰਸ਼ੀ ਦਾ ਮਤਲਬ ਇੰਨ-ਬਿੰਨ ਪਾਰ ਵਿਖਾਈ ਦੇਣਾ; ਜਿਵੇਂ ਕਿ ਕੱਚ (ਸ਼ੀਸ਼ੇ) ਵਿਚਦੀ ਪਾਰ ਵੇਖਿਆ ਜਾ ਸਕਦਾ ਹੈ।

ਅੰਤਹਕਰਣ ਦੀ ਪਰਛਾਈ ਹੀ ‘ਮਲ਼ੀਨਤਾ, ਮਾਇਆ, ਪੰਜ ਕਾਮਾਦਿਕ, ਦੂਜੈ ਭਾਇ, ਅੰਧ ਵਿਸ਼ਵਾਸ, ਹਨ੍ਹੇਰਾ’ ਆਦਿ ਹੈ। ਗੁਰੂ ਅਮਰਦਾਸ ਜੀ ਨੇ ਜਨਮ-ਜਨਮ ਦੀ ਮੈਲ਼ ਕਿਹਾ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ (ਗੂੜ੍ਹਾ ਕਾਲ਼ਾ ਹੋ ਗਿਆ)’’ (ਮਹਲਾ /੬੫੧) ਤਾਹੀਓਂ ਅੰਤਹਕਰਣ ਨੂੰ ਸੰਬੋਧਨ ਕਰਦਿਆਂ ਆਪਣਾ ਇਹ ਭਾਰ ਹਲਕਾ ਕਰਨ ਲਈ ਹਲੂਣਿਆ ਹੈ ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਮਹਲਾ /੪੪੧) ਅਰਥ : ਹੇ ਅੰਤਹਕਰਣ ! ਤੂੰ ਆਤਮ ਪ੍ਰਕਾਸ਼ ਦਾ ਰੂਪ ਹੈਂ (ਭਾਵ ਤੇਰਾ ਪਿਛੋਕੜ ਆਤਮ ਪ੍ਰਕਾਸ਼ ਵਾਙ ਉੱਜਲਾ ਹੈ, ਪਾਰਦਰਸ਼ੀ ਹੈ) ਇਸ ਲਈ ਆਪਣੇ ਅਸਲੇ ਨੂੰ ਪਛਾਣ, ਨਿਰਮਲ ਹੋ ਜਾਹ। ਸੋ ਆਤਮ ਪ੍ਰਕਾਸ਼ ਨੂੰ ਬੁੱਧੀ ’ਚੋਂ ਘੱਟ ਜਾਂ ਵੱਧ ਪ੍ਰਗਟਾਉਣ ਲਈ ਅੰਤਹਕਰਣ; ਜ਼ਰੀਆ ਹੀ ਹੈ। ਰੱਬ ਦੀ ਭਗਤੀ ਕਰਨ ਨਾਲ਼ ਪਰਛਾਈ ਹਟ ਜਾਂਦੀ ਹੈ ਤੇ ਇਹ; ਪਾਰਦਰਸ਼ੀ ਹੋ ਜਾਂਦਾ ਹੈ, ਜਿਸ ਕਾਰਨ ਆਤਮ ਪ੍ਰਕਾਸ਼; ਹੂ-ਬਹੂ ਬਿਬੇਕ ਬਣ ਪ੍ਰਗਟ ਹੋਣ ਲੱਗਦਾ ਹੈ।

ਦਿਮਾਗ਼ ’ਚੋਂ ਪੈਦਾ ਹੁੰਦੇ ਪਾਪ-ਵਿਕਾਰ ਦਾ ਸਰੋਤ; ਮਲ਼ੀਨ ਅੰਤਹਕਰਣ ਹੈ। ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ’ਚ ਦਿਮਾਗ਼ ਨੂੰ ਨਿਰਮਲ ਕਰਨ ਲਈ ਰੱਬ ਦੇ ਨਾਮ-ਰੰਗ ’ਚ ਮਤਿ ਨੂੰ ਰੰਗਣਾ ਜ਼ਰੂਰੀ ਮੰਨਿਆ ਹੈ ‘‘ਭਰੀਐ ਮਤਿ; ਪਾਪਾ ਕੈ ਸੰਗਿ   ਓਹੁ ਧੋਪੈ; ਨਾਵੈ ਕੈ ਰੰਗਿ (ਨਾਲ਼).. ੨੦’’ (ਜਪੁ) ਭਾਵ ਮਤਿ ’ਚੋਂ ਵਿਕਾਰ-ਪਾਪ ਦਾ ਰੰਗ ਉਤਾਰਨ ਲਈ ਰੱਬ ਦਾ ਨਾਮ-ਰੰਗ ਚਾੜ੍ਹਨਾ ਜ਼ਰੂਰੀ ਹੈ ਜਾਂ ਇਉਂ ਕਹਿ ਦੇਈਏ ਕਿ ਆਤਮ ਪ੍ਰਕਾਸ਼ ਦਾ ਪ੍ਰਕਾਸ਼; ਪਾਰਦਰਸ਼ੀ ਅੰਤਹਕਰਣ ਰਾਹੀਂ ਹੂ-ਬਹੂ ਮਤਿ ’ਤੇ ਪੈਣ ਨਾਲ਼ ਵਿਕਾਰ-ਪਾਪ ਦੂਰ ਹੁੰਦੇ ਹਨ ਅਤੇ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ .. ’’ (ਜਪੁ)  ਉੱਗਦੇ ਹਨ। ਸੋ ਅੰਤਹਕਰਣ ਦਾ ਉੱਜਲਾਪਣ; ਮਤਿ ਦੇ ਉੱਜਲਾਪਣ ’ਚੋਂ ਵਿਖਾਈ ਦਿੰਦਾ ਹੈ।

ਮਹਾਨ ਕੋਸ਼ ’ਚ ਅੰਤਹਕਰਣ (ਜੋ ਕਿ ‘ਗੁਰੂ ਦੇ ਅੰਤਹਕਰਣ’ ਤੋਂ ਬਿਨਾਂ ਸਭ ਦਾ ਮਲ਼ੀਨ ਹੀ ਹੁੰਦਾ ਹੈ) ਨੂੰ ਅੰਦਰੂਨੀ ਇੰਦ੍ਰੀ ਕਿਹਾ ਹੈ, ਜਿਸ ਦੇ ਸੰਜੋਗ ਨਾਲ਼ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ। ਇਸ ਦੇ ਚਾਰ ਭੇਦ ਹਨ : ‘ਮਨ, ਬੁੱਧਿ, ਚਿੱਤ ਤੇ ਅਹੰਕਾਰ’। ਮਨ- ਜਿਸ ਤੋਂ ਸੰਕਲਪ ਵਿਕਲਪ ਫੁਰਦੇ ਹਨ। ਬੁੱਧਿ- ਜਿਸ ਤੋਂ ਵਿਚਾਰ ਪੈਦਾ ਹੁੰਦੇ ਅਤੇ ਨਿਸ਼ਚਾ ਹੁੰਦਾ ਹੈ। ਚਿੱਤ/ਸੁਰਤਿ- ਜਿਸ ਤੋਂ ਚੇਤਾ (ਯਾਦਦਾਸ਼ਤ) ਹੁੰਦਾ ਹੈ। ਮਤਿ/ਅਹੰਕਾਰ- ਜਿਸ ਤੋਂ ਪਦਾਰਥਾਂ ਨਾਲ਼ ਸੰਬੰਧ ਬਣਦਾ ਹੈ। ਇਨ੍ਹਾਂ ਚਾਰਾਂ ਦਾ ਪੂਰਨ ਘੜਨਾ ਹੀ ਪਾਰਦਰਸ਼ੀ ਅੰਤਹਕਰਣ ਹੋਣਾ ਹੈ।

ਕੁਦਰਤਿ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਨਾਲ਼ ਬਣੀ ਹੈ। ਇਹ ਵਧਦੇ ਜਾਂ ਘਟਦੇ ਨਹੀਂ ‘‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ’’ (ਮਹਲਾ /੭੩੬) ਇਨ੍ਹਾਂ ਪੰਜ ਤੱਤਾਂ ਦਾ ਪ੍ਰਭਾਵ ਹੀ ਪੰਜ ਕਾਮਾਦਿਕ (ਕਾਮ, ਕਰੋਧ, ਲੋਭ, ਮੋਹ ਤੇ ਅਹੰਕਾਰ) ਹਨ। ਦੋ ਜੁੜਵੇ ਬੱਚੇ; ਜੋ ਗਰਭ ਦੌਰਾਨ 9 ਮਹੀਨੇ ਮਾਤਾ ਦੇ ਸਰੀਰ ’ਚੋਂ ਖ਼ੂਨ, ਭੋਜਨ ਤੇ ਸੁਆਸ ਇਕ ਸਮਾਨ ਲੈਂਦੇ ਰਹੇ, ਪਰ ਜਨਮ ਲੈਂਦਿਆਂ ਦੋਵਾਂ ਦਾ ਸੁਭਾਅ ਵੱਖ-ਵੱਖ ਹੋ ਗਿਆ। ਇੱਕ ਲੜਾਕਾ ਤੇ ਦੂਜਾ ਠੰਡੇ ਸੁਭਾਅ ਵਾਲ਼ਾ। ਕਿਸੇ ’ਚ ਪਾਣੀ ਤੱਤ, ਕਿਸੇ ’ਚ ਅੱਗ ਤੱਤ; ਆਪਣਾ ਪ੍ਰਭਾਵ ਵੱਧ-ਘੱਟ ਪਾ ਰਿਹਾ ਹੁੰਦਾ ਹੈ। ਇਸੇ ਕਾਰਨ ਇਹ ਸਾਰੀ ਉਮਰ ਨਹੀਂ ਮਰਦੇ। ਦੁਰਾਚਾਰ ਤੋਂ ਸਦਾਚਾਰ ਜ਼ਰੂਰ ਬਣ ਜਾਂਦੇ ਹਨ। ਠੰਡੇ ਸੁਭਾਅ (ਬੁਜ਼ਦਿਲ) ਨੂੰ ਗੁਰਬਾਣੀ; ਬੀਰ ਰਸ (ਵਾਰਾਂ) ਰਾਹੀਂ ਹਲੂਣਦੀ ਹੈ ‘‘ਹਰਿ ਕਾ ਨਾਮੁ ਧਿਆਇ ਕੈ; ਹੋਹੁ ਹਰਿਆ ਭਾਈ ’’ (ਬਸੰਤੁ ਕੀ ਵਾਰ/ਮਹਲਾ /੧੧੯੩) ਅਤੇ ਲੜਾਕੇਪਣ ਨੂੰ ਅਣਖ ’ਚ ਬਦਲਣ ਲਈ; ਇਸ ਦਾ ਮਤਿ ’ਤੇ ਪੈਂਦਾ ਬੁਰਾ ਪ੍ਰਭਾਵ ਜਾਣਨਾ ਜ਼ਰੂਰੀ ਹੈ ‘‘ਕਠਨ ਕਰੋਧ ਘਟ ਹੀ ਕੇ ਭੀਤਰਿ; ਜਿਹ ਸੁਧਿ (ਜਿਸ ਨੇ ਅਕਲ) ਸਭ ਬਿਸਰਾਈ ’’ (ਮਹਲਾ /੨੧੯)

ਪੰਜ ਕਾਮਾਦਿਕ ਕਾਬੂ ਕਰਨ ਤੋਂ ਭਾਵ ਪੰਜ ਸ਼ੁੱਭ ਗੁਣ (ਸਤ, ਸਤੋਖ, ਦਇਆ, ਧਰਮ, ਧੀਰਜ) ਅਪਣਾਉਣੇ ਹਨ।  ਕਾਮ ਦਾ ਕਾਬੂ ਹੋਣਾ; ‘ਸਤ’ (ਉੱਚਾ ਕਿਰਦਾਰ) ਬਣਨਾ ਹੈ। ਕਰੋਧ ਦਾ ਕਾਬੂ ਹੋਣਾ; ਦਇਆ (ਹੋਰਾਂ ਪ੍ਰਤੀ ਹਮਦਰਦੀ) ਪੈਦਾ ਹੋਣੀ ਹੈ। ਲੋਭ ਦਾ ਕਾਬੂ ਹੋਣਾ; ਸਬਰ-ਸੰਤੋਖ ਆ ਜਾਂਦਾ ਹੈ। ਮੋਹ ਦਾ ਕਾਬੂ ਹੋਣਾ; ਧਰਮ (ਇਨਸਾਨੀਅਤ ਫ਼ਰਜ਼/ਸਭ ਨਾਲ਼ ਪਿਆਰ) ਬਣ ਜਾਂਦਾ ਹੈ (ਚੇਤੇ ਰਹੇ ਕਿ ਸੀਮਤ ਪਿਆਰ; ਮੋਹ ਹੈ ਅਤੇ ਅਸੀਮ ਮੋਹ; ਪਿਆਰ ਹੈ/ਧਰਮ ਹੈ) ਅਤੇ ਅਹੰਕਾਰ ਦਾ ਕਾਬੂ ਹੋਣਾ; ਧੀਰਜ ਆਉਣਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਸ਼ੁੱਭ ਗੁਣ ਧਾਰਨੇ; ਕਾਮਾਦਿਕਾਂ ਨੂੰ ਰੁਸਾਉਣਾ ਹੈ (ਜੋ ਅਨੇਕਾਂ ਜਨਮਾਂ ਦੇ ਦੋਸਤ ਸਨ) ਅਤੇ ਸ਼ੁੱਭ ਗੁਣ ਹਿਰਦੇ ’ਚ ਵਸਾਉਣੇ; ਕਾਮਾਦਿਕਾਂ ਨੂੰ ਘਰੋਂ ਬਾਹਰ ਕੱਢਣਾ ਹੈ ਤਾਂ ਹੀ ਮਨ ’ਚ ਟਿਕਾਅ ਹੁੰਦਾ ਹੈ ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ   ਇਨ੍ ਬਿਧਿ; ਨਗਰੁ ਵੁਠਾ (ਮਨ ਟਿਕਿਆ), ਮੇਰੇ ਭਾਈ  !   ਦੁਰਤੁ (ਪਾਪ) ਗਇਆ; ਗੁਰਿ (ਨੇ) ਗਿਆਨੁ ਦ੍ਰਿੜਾਈ ਰਹਾਉ ’’ (ਮਹਲਾ /੪੩੦) ਸੋ ਪੰਜ ਕਾਮਾਦਿਕਾਂ ਦਾ ਸਰੋਤ ਪੰਜ ਤੱਤ ਹੋਣ ਕਾਰਨ ਇਹ ਖ਼ਤਮ ਨਹੀਂ ਹੋਏ ਬਲਕਿ ਦੁਰਾਚਾਰ ਤੋਂ ਸਦਾਚਾਰ ਬਣ ਗਏ। ਅਜਿਹਾ ਹੀ ਵਿਕਾਰ ਸੰਜਮ ਪਸ਼ੂ-ਪੰਛੀਆਂ ’ਚ ਹੁੰਦਾ ਹੈ। ਇਹ ਮੰਨਣਾ ਸਹੀ ਨਹੀਂ ਕਿ ਕਾਮਾਦਿਕਾਂ ਨੂੰ ਕਾਬੂ ਕਰਨਾ ਹੀ ਧਰਮ ਕਮਾਉਣਾ ਹੈ। ਜੇ ਇਹੀ ਧਰਮ ਹੁੰਦਾ ਤਾਂ ਸਾਰੇ ਪਸ਼ੂ-ਪੰਛੀ; ਧਰਮੀ ਹੁੰਦੇ। ਮਨੁੱਖ ਲਈ ਧਰਮ ਦਾ ਅਸਲ ਮਨੋਰਥ; ਜਗਤ ਰਚੇਤਾ ਦੇ ਵਜੂਦ ਨੂੰ ਮੰਨਣਾ ਹੈ। ਉਸ ਦੀ ਕੁਦਰਤਿ ਪ੍ਰਤੀ ਭੂਮਿਕਾ ਨੂੰ ਵਾਚਣਾ ਹੈ। ਇਹੀ ਗੁਰਮਤਿ ਦੀ ਵਿਲੱਖਣਤਾ ਹੈ। ਸਦਾਚਾਰ ਜੀਵਨ ਤਾਂ ਫਲ਼ ਮਾਤਰ ਹੈ ਜੋ ਹੋਰ ਮਨੁੱਖਾਂ ਲਈ ਆਦਰਸ਼ ਬਣਦਾ ਹੈ।

ਵੈਦਿਕ ਕਾਲ ਤੋਂ ਕਾਮਾਦਿਕਾਂ ਦੀ ਜੜ੍ਹ; ਮਨ ਨੂੰ ਮੰਨਿਆ ਗਿਆ। ਇਸ ਦੀ ਹੋਂਦ; ਸੰਕਪਲ ਤੇ ਵਿਕਲਪ ਹਨ। ਸੰਕਲਪ ਦਾ ਮਤਲਬ ਨਵੇਂ ਖ਼ਿਆਲ ਪੈਦਾ ਹੋਣੇ ਅਤੇ ਵਿਕਲਪ ਦਾ ਅਰਥ ਹੈ : ਉਨ੍ਹਾਂ ’ਤੇ ਯਕੀਨ ਨਾ ਬਣਨ ਦੇਣਾ। ਵਿਕਲਪ ਨੂੰ ਦੁਬਿਧਾ ਜਾਂ ਦੁਚਿੱਤੀ ਵੀ ਕਹਿ ਸਕਦੇ ਹਾਂ। ਵੈਦਿਕ ਰਿਸ਼ੀਆਂ ਅਨੁਸਾਰ ਮਨ ਨੂੰ ਮਾਰਨ ਤੋਂ ਭਾਵ ਨਵੇਂ ਖ਼ਿਆਲ ਹੀ ਪੈਦਾ ਨਾ ਹੋਣ ਦੇਣਾ ਹੈ। ਗ੍ਰਹਿਸਤ ਜੀਵਨ ’ਚ ਨਵੇਂ ਵਿਚਾਰ ਵੱਧ ਪਨਪਦੇ ਹਨ, ਇਸ ਲਈ ਗ੍ਰਹਿਸਤ ਨੂੰ ਤਿਆਗ ਜੰਗਲ਼ਾਂ (ਇਕਾਂਤ) ਵੱਲ ਚਲੇ ਗਏ। ਓਥੇ ਮਨ ਨੂੰ ਮਾਰਨ ਲਈ ਕਠਿਨ ਤਪੱਸਿਆ ਕੀਤੀ ਗਈ ਕਿਉਂਕਿ ਮਨ ਮਾਰਨਾ ਹੀ ਉਨ੍ਹਾਂ ਲਈ ਰੱਬ ਦੀ ਭਗਤੀ ਹੈ। ਗੁਰੂ ਨਾਨਕ ਜੀ ਨੇ ਇਸ ਭਗਤੀ-ਸਾਧਨਾ ਲਈ ਸਰੀਰਕ ਕਸ਼ਟਾਂ ਨੂੰ ਨਿਰਮੂਲ ਦੱਸਿਆ ਹੈ ‘‘ਤਨੁ ਤਪਾਇ ਤਨੂਰ ਜਿਉ; ਬਾਲਣੁ ਹਡ ਬਾਲਿ   ਸਿਰਿ ਪੈਰੀ (ਨੇ) ਕਿਆ ਫੇੜਿਆ ? ਅੰਦਰਿ ਪਿਰੀ ਸਮ੍ਾਲਿ ’’ (ਮਹਲਾ /੧੪੧੧) ਅਰਥ : ਆਪਣੇ ਅੰਦਰ ਬੈਠੇ ਰੱਬ ਨੂੰ ਯਾਦ ਕਰ। ਸਰੀਰਕ ਇੰਦ੍ਰਿਆਂ (ਦੇਹ/ਚਮੜੀ, ਹੱਡ, ਸਿਰ, ਪੈਰਾਂ) ਨੇ ਤੇਰਾ ਕੀ ਵਿਗਾੜਿਆ ਹੈ, ਜੋ ਤੂੰ ਇਨ੍ਹਾਂ ਨੂੰ ਤੰਦੂਰ ਵਾਙ ਜਾਂ ਅੱਗ ਵਾਙ ਤਪਾਇਆ ਹੈ ?

ਗੁਰਮਤਿ; ਬੇਲੋੜੇ ਸਰੀਰਕ ਕਸ਼ਟਾਂ ਵਾਙ ਮਨ ਮਾਰਨ ਨੂੰ ਵੀ ਬੇਲੋੜਾ ਮੰਨਦੀ ਹੈ ‘‘ਕਵਨੁ ਸੁ ਮੁਨਿ ? ਜੋ ਮਨੁ ਮਾਰੈ   ਮਨ ਕਉ ਮਾਰਿ; ਕਹਹੁ ਕਿਸੁ ਤਾਰੈ  ? ਰਹਾਉ ’’ (ਭਗਤ ਕਬੀਰ/੩੨੯) ਅਰਥ : ਉਹ ਕਿਹੜਾ ਮੁਨੀ ਹੈ, ਜੋ ਮਨ ਨੂੰ ਮਾਰ ਸਕੇ ? ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਨਾ ਚਾਹੁੰਦਾ ਹੈ ? ਭਾਵ ਮਨ; ਮਰਦਾ ਹੀ ਨਹੀਂ। ਇਸ ਦੇ ਫੁਰਨੇ ਜਬਰਨ ਨਹੀਂ ਦਬਾਏ ਜਾ ਸਕਦੇ। ਗੁਰੂ ਫ਼ੁਰਮਾਨ ਹੈ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ (ਜਪੁ) ਅਰਥ : ਮੌਨ ਧਾਰਨ ਨਾਲ਼ ਵੀ ਮਨ ਦਾ ਸੰਕਪਲ ਨਹੀਂ ਦਬਦਾ (ਮਰਦਾ) ਭਾਵੇਂ ਲਗਾਤਾਰ ਚੁੱਪ ਰਿਹਾ ਜਾਵੇ। ਚੇਤੇ ਰਹੇ ਕਿ ਇੱਥੇ ਮਨ ਦੇ ਸੰਕਪਲ ਦੀ ਗੱਲ ਹੈ, ਵਿਕਲਪ (ਦੁਬਿਧਾ) ਦੀ ਨਹੀਂ ਜਦ ਕਿ ਗੁਰਬਾਣੀ ਮਨ ਦਾ ਵਿਕਲਪ ਖ਼ਤਮ ਕਰਦੀ ਹੈ, ਸੰਕਲਪ ਨਹੀਂ।

ਗੁਰਬਾਣੀ ’ਚ ਦੋ ਵਾਰ ਮਨਿ+ਬੁਧਿ ਸੰਯੁਕਤ ਸ਼ਬਦ ਹਨ, ਜੋ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 13ਵੀਂ ਪਉੜੀ (ਮੰਨੈ; ਸੁਰਤਿ ਹੋਵੈ, ਮਨਿ+ਬੁਧਿ ॥) ਅਤੇ 36ਵੀਂ ਪਉੜੀ (ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ॥) ’ਚ ਦਰਜ ਕਰਨੇ ਉਚਿਤ ਸਮਝੇ ਕਿਉਂਕਿ ਗੁਰੂ ਸਿੱਖਿਆ ਮੰਨਣਾ ਅਤੇ ਸਰਮਖੰਡ; ਇੱਕ ਸਮਾਨ ਅਵਸਥਾ ਹੈ, ਜੋ ਬਿਆਨ ਨਹੀਂ ਹੋ ਸਕਦੀ ਭਾਵ ਐਸੇ ਕਿਰਦਾਰ ਨੂੰ ਸਪਸ਼ਟ ਕਰਨ ਲਈ ਹਵਾਲਾ ਦੇਣਯੋਗ ਕੋਈ ਹੋਰ ਕਿਰਦਾਰ ਨਹੀਂ ਮਿਲਦਾ; ਜਿਵੇਂ ਗੁਰੂ ਸਿੱਖਿਆ ਸੁਣਨ ਨਾਲ਼ (ਸੁਣਿਐ ਪਉੜੀਆਂ ’ਚ) ਸਿਧ, ਪੀਰ, ਸੁਰਿ, ਨਾਥ ਆਦਿ ਮਿਲੇ ਗਏ ਸਨ ‘‘ਮੰਨੇ ਕੀ ਗਤਿ; ਕਹੀ ਜਾਇ   ਜੇ ਕੋ ਕਹੈ; ਪਿਛੈ ਪਛੁਤਾਇ ੧੨, ਤਾ ਕੀਆ ਗਲਾ; ਕਥੀਆ ਨਾ ਜਾਹਿ   ਜੇ ਕੋ ਕਹੈ; ਪਿਛੈ ਪਛੁਤਾਇ ੩੬’’, ਇਹ ਅਵਸਥਾ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ.. ’’  ਪ੍ਰਗਟ ਹੋਣ ਨਾਲ਼, ‘‘ਓਹੁ ਧੋਪੈ; ਨਾਵੈ ਕੈ ਰੰਗਿ (ਨਾਲ਼) ’’  ਉਪਰੰਤ ਬਣਦੀ ਹੈ।

ਮਨ; ‘ਸੰਕਪਲ ਤੇ ਵਿਕਲਪ’ ਤੋਂ ਬਣਿਆ ਹੈ ਅਤੇ ਬੁੱਧੀ; ਸੰਕਲਪ ਤੇ ਦ੍ਰਿੜ੍ਹਤਾ ਤੋਂ ਭਾਵ ਦੋਵਾਂ ’ਚ ‘ਨਵੇਂ ਖ਼ਿਆਲ ਪੈਦੇ ਹੋਣੇ’ ਸਾਂਝਾ ਗੁਣ ਹੈ, ਪਰ ਮਨ ’ਚ ਵਿਕਲਪ (ਦੁਬਿਧਾ) ਹੈ ਤੇ ਬੁੱਧੀ ’ਚ ਦ੍ਰਿੜ੍ਹਤਾ। ਮਨਿ+ਬੁਧਿ ਦਾ ਸਾਂਝਾ ਅਰਥ ਬਣਿਆ ‘ਮਨ ਵਿੱਚ ਬੁਧਿ’ ਆਉਣੀ, ਨਾ ਕਿ ‘ਬੁੱਧ ਵਿੱਚ ਮਨ’। ਤਾਕਤਵਰ ਹੀ ਕਮਜ਼ੋਰ ਨੂੰ ਦਬਾਅ ਕੇ ਉਸ ਦੀ ਜਗ੍ਹਾ ਮੱਲਦਾ ਹੈ, ਇਸ ਲਈ ਨਾਮ-ਰੰਗ ਨਾਲ਼ ਧੋਣ ਕਾਰਨ ਤਾਕਤਵਰ ਹੋਈ ਬੁਧੀ ਦੀ ਦ੍ਰਿੜ੍ਹਤਾ ਨੇ ਮਨ ਦੀ ਦੁਬਿਧਾ ਦਬਾਅ ਲਈ।

ਸੋ ਵੈਦਿਕ ਰਿਸ਼ੀ; ਮਨ ਨੂੰ ਮਾਰਦੇ ਹਨ, ਪਰ ਗੁਰਮਤਿ; ‘ਸੁਰਤਿ, ਮਤਿ, ਮਨਿ ਬੁਧਿ’ ਨੂੰ ਘੜਦੀ ਹੈ। ਇਸ ਘਾੜਤ ਦੌਰਾਨ ਬੁੱਧੀ ਦਾ ਸੰਕਲਪ; ਮਨ ਦੇ ਸੰਕਲਪ ਨੂੰ ਉੱਜਲਾ ਕਰਦਾ ਹੈ। ਮਨ ਦਾ ਵਿਕਲਪ (ਡਰ/ਚਿੰਤਾ) ਬਾਹਰ ਕਰ ਓਥੇ ਉੱਜਲ ਬੁੱਧੀ ਦੀ ਦ੍ਰਿੜ੍ਹਤਾ ਆ ਜਾਂਦੀ ਹੈ ਭਾਵ ਹੁਣ ਬਿਬੇਕ; ਸੋਚ ਪਰਖ ਕੇ ਫ਼ੈਸਲਾ ਲਏਗਾ, ਵਿਕਲਪ ਦੀ ਲੋੜ ਹੀ ਨਾ ਰਹੀ।

ਮਨ ਨੂੰ ਮਾਰਨ ਲਈ ਬਦਲ ਦੀ ਜ਼ਰੂਰਤ ਨਹੀਂ ਹੁੰਦੀ, ਪਰ ਮਨ ਘੜਨ ਲਈ ਬਦਲ ਜ਼ਰੂਰੀ ਹੈ। ਮਨ ਦੇ ਸੰਕਲਪ ਦਾ ਬਦਲ; ਬੁੱਧੀ ਦਾ ਉੱਜਲ ਸੰਕਲਪ ਬਣ ਗਿਆ ਅਤੇ ਮਨ ਦੇ ਵਿਕਲਪ ਦਾ ਬਦਲ; ਉੱਜਲ ਬੁੱਧੀ ਦੀ ਦ੍ਰਿੜ੍ਹਤਾ। ਇਸ ਘਾੜਤ ’ਚ ਬੁੱਧੀ ਨੇ ਮਨ ਤੋਂ ਸਹਿਯੋਗ ਲਿਆ, ਨਾ ਕਿ ਉਸ ਨੂੰ ਮਾਰਿਆ। ਗੁਰੂ ਨਾਨਕ ਜੀ ਦੇ ਵਚਨ ਹਨ ਕਿ ਬੁੱਧੀ ਨੇ ਹੀ ਮਨ ਨੂੰ ਬਦਲਣਾ ਹੈ, ਨਾ ਕਿ ਮਨ ਨੇ ਬੁੱਧੀ ਨੂੰ ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਜਿਸ ਨੂੰ ਇਹ ਸਮਝ ਆਈ ਉਹ ਪੁਕਾਰ ਉੱਠਿਆ ਕਿ ਭਗਤੀ ਤੋਂ ਸੱਖਣੀ ਬੁੱਧੀ, ਉਹ ਭੇਡ ਹੈ; ਜੋ ਆਪਣੇ ਲੇਲੇ (ਮਨ) ਨੂੰ ਚੁੰਘਦੀ ਹੈ ਭਾਵ ਮਨ ਨੂੰ ਬਦਲਣਯੋਗ ਨਹੀਂ, ਉਸ ਦੇ ਪਿੱਛੇ ਪਿੱਛੇ ਚਲਦੀ ਹੈ; ‘‘ਕਹੁ ਕਬੀਰ ਪਰਗਟੁ ਭਈ ਖੇਡ (ਅਸਲੀਅਤ ਪ੍ਰਤੱਖ ਹੋ ਗਈ ਕਿ)  ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬)

ਰੱਬ ਦੀ ਬੰਦਗੀ ਨਾਲ਼ ਸਥਿਰ ਹੋਈ ਬੁੱਧਿ; ਗ੍ਰਹਿਸਤ ’ਚ ਰਹਿ ਕੇ ਵੀ ਨਿਰਮਲ ਰਹਿੰਦੀ ਹੈ ਅਤੇ ਮਨ ਨੂੰ ਮਾਰਨ ਵਾਲ਼ੇ ਇਕਾਂਤ ’ਚ ਵੀ ਮਨਮਤਿ ਨਾ ਮਾਰ ਸਕੇ ‘‘ਭਗਤ ਜਨਾ ਕਉ ਸਰਧਾ; ਆਪਿ ਹਰਿ (ਨੇ) ਲਾਈ   ਵਿਚੇ ਗ੍ਰਿਸਤ; ਉਦਾਸ ਰਹਾਈ (ਮਹਲਾ /੪੯੪), ਨਾਨਕ  ! ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ’’ (ਮਹਲਾ /੧੦੮)

ਗੁਰਬਾਣੀ; ਬੁੱਧਿ ਨੂੰ ਉਸ ਦੇ ਅੰਦਰਲੇ ਵਿਕਾਰਾਂ ਤੋਂ ਜਾਣੂ ਕਰਵਾਉਂਦੀ ਹੈ। ਵਿਕਾਰਾਂ ਦੇ ਪ੍ਰਭਾਵ ਤੋਂ ਸਾਵਧਾਨ ਰੱਖਦੀ ਹੈ। ਇਹ ਆਪਣੇ ਆਪ ਨੂੰ ਪੜ੍ਹਨਾ ਹੈ, ਸਵੈ ਪੜਚੋਲਣਾ ਹੈ। ਗੁਰਮਤਿ ਕਸਵੱਟੀ ’ਤੇ ਪਰਖ-ਪਰਖ ਆਪਣੀ ਹਰ ਤਰੁਟੀ ਸਵੀਕਾਰਨਾ ਹੈ। ਇਹ, ਮਲ਼ੀਨ ਅੰਤਹਕਰਣ ਨੂੰ ਸ਼ੁੱਧ ਕਰਨਵਾਲ਼ਾ ਤੀਰਥ ਇਸ਼ਨਾਨ ਹੈ ‘‘ਅੰਤਰਗਤਿ ਤੀਰਥਿ (’ਤੇ); ਮਲਿ ਨ੍ਾਉ ॥’’ (ਜਪੁ) ਕਈ ਜਨਮਾਂ ਦੀ ਮੈਲ਼; ਤੇਲੀ ਦੇ ਕੋਹਲੂ ’ਚ ਫੇਰਨ ਵਾਲ਼ੀ ਖੰਨਲੀ (ਥਿੰਧਿਆਈ ਲੀਰ) ਵਰਗੀ ਹੋ ਚੁੱਕੀ ਹੁੰਦੀ ਹੈ, ਜੋ 100 ਵਾਰ ਧੋਤਿਆਂ ਵੀ ਸਾਫ਼ ਨਹੀਂ ਹੁੰਦੀ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ਖੰਨਲੀ ਧੋਤੀ, ਉਜਲੀ ਹੋਵਈ; ਜੇ ਸਉ ਧੋਵਣਿ ਪਾਹੁ ’’ (ਮਹਲਾ /੬੫੧) ਸਦੀਆਂ ਦੀ ਕਾਲ਼ਖ਼ ਕਾਰਨ ਕਮਜ਼ੋਰ ਬੁੱਧਿ, ਪਰ ਆਪਣੇ ਆਪ ਨੂੰ ਸਭ ਤੋਂ ਸਿਆਣੇ (ਇਕ ਦੂ ਇਕੁ ਸਿਆਣਾ) ਸਮਝ ਬੈਠੇ ਮਨ ਤੋਂ ਸਵੈ ਪੜਚੋਲ ਕਰਵਾਉਣੀ ਅਤੇ ਆਪਣੀ ਗ਼ਲਤੀ ਮੰਨਵਾਉਣੀ; ਮੋਮ ਦੰਦਾਂ ਨਾਲ਼ ਲੋਹਾ ਚੱਬਣ ਵਾਙ ਕਠਿਨ ਹੁੰਦਾ ਹੈ।

ਅੰਤਹਕਰਣ; ਸਦੀਆਂ ਦਾ ਮਲ਼ੀਨ ਦੋਸਤ ਹੈ। ਇਹ ਆਪਣੀ ਕਮਜ਼ੋਰੀ ਨੂੰ ਚਤੁਰਾਈ ਨਾਲ਼ ਛੁਪਾਉਂਦਾ ਆਇਆ ਹੈ। ਗੁਰੂ ਸ਼ਬਦ-ਤੀਰਾਂ ਨੂੰ ਆਪਣੇ ਆਪ ’ਤੇ ਨਹੀਂ ਢੁਕਾ ਸਕਦਾ ਤਾਂ ਜੋ ਪਿਆਰੇ ਪੰਜ ਕਾਮਾਦਿਕਾਂ ਨੂੰ ਘਰੋਂ ਨਾ ਜਾਣਾ ਪਵੇ। ਇਸ ਲਈ ਗੁਰਬਾਣੀ ਦੇ ਅਰਥ ਵੀ ਮਨਮਤ ਵਾਙ ਹੁੰਦੇ ਵੇਖੀਦੇ ਹਨ। ਮਿਸਾਲ ਵਜੋਂ ਗੁਰਬਾਣੀ ’ਚ ਕਾਮ ਰੋਗ; ਨਾਰੀ ਅਤੇ ਪਰ ਨਾਰੀ ਦੋਵਾਂ ਲਈ ਭਿੰਨ-ਭਿੰਨ ਦਰਸਾਇਆ ਹੈ, ਪਰ ਮਨਮਤੀ ਅਰਥਾਂ ’ਚ ਘਰੇਲੂ ਵਧੀਕ ਨਾਰੀ ਸੰਬੰਧ; ਕਾਮ ਰੋਗ ਨਹੀਂ ਮੰਨਿਆ ਜਾਂਦਾ ਭਾਵੇਂ ਕਿ ਇਹ ਵੀ ਚਸਕਾ ਹੀ ਹੈ। ਜੀਵਨ ਸਾਥੀ ਨਾਲ਼ੋਂ ਵਿਛੋੜਾ ਪੈਣ ਜਾਂ ਸੰਬੰਧ ਟੁੱਟਣ ’ਤੇ ਇਹ ਰੋਗ ਪਰਾਈ ਝਾਕ ਤਕਾਉਂਦਾ ਹੈ ਭਾਵੇਂ ਕਿ ਕੁਝ ਲੋਕ ਪ੍ਰਗਟ ਨਾ ਹੋਣ ਦੇਣ। ਗੁਰਬਾਣੀ; ਘਰੇਲੂ ਵਸਤੂਆਂ ਦੇ ਰਸਾਂ ਵਾਙ ਘਰੇਲੂ ਬੇਲੋੜੇ ਨਾਰੀ ਸੰਬੰਧ ਨੂੰ ਵੀ ਚਸਕਾ ਮੰਨਦੀ ਹੈ ਅਤੇ ਪਰ ਨਾਰੀ ਨੂੰ ਵੱਖਰਾ ਰਸ (ਚਸਕਾ); ਜਿਵੇਂ ਕਿ ਘਰੇਲੂ ਰਸ ਹਨ ‘‘ਰਸੁ ਸੁਇਨਾ, ਰਸੁ ਰੁਪਾ (ਚਾਂਦੀ) ਕਾਮਣਿ (ਇਸਤ੍ਰੀ); ਰਸੁ ਪਰਮਲ ਕੀ ਵਾਸੁ (ਸੁਗੰਧੀ); ਰਸੁ ਘੋੜੇ, ਰਸੁ ਸੇਜਾ ਮੰਦਰ (ਮਹਿਲ); ਰਸੁ ਮੀਠਾ, ਰਸੁ ਮਾਸੁ   ਏਤੇ ਰਸ ਸਰੀਰ ਕੇ; ਕੈ ਘਟਿ (ਕਿਸ ਹਿਰਦੇ ਹੋਏਗਾ) ਨਾਮ ਨਿਵਾਸੁ  ?’’ (ਮਹਲਾ /੧੫) ਅਤੇ ਪਰ ਨਾਰੀ ਤੱਕਣ ਵਾਲ਼ਿਆਂ ਲਈ ਵੱਖਰੀ ਹਦਾਇਤ ਹੈ ‘‘ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ ’’ (ਮਹਲਾ /੩੧੫), ਇਸ ਰੋਗ ਬਾਰੇ ਬਜ਼ੁਰਗ ਵਧੇਰਾ ਸਮਝ ਸਕੇਗਾ।

ਕਰੋਧ ਰੋਗ; ਦੂਸਰੇ ਦੀ ਭਾਵਨਾ ਦੀ ਕਦਰ ਨਹੀਂ ਹੋਣ ਦਿੰਦਾ। ਲੋਭ; ਸੁਆਰਥੀ ਤੇ ਬੁਜ਼ਦਿਲ ਬਣਾਉਂਦਾ ਹੈ। ਮੋਹ; ਤੰਗਦਿਲੀ ਕਾਰਨ ਮਨੁੱਖਤਾ ਦਾ ਦਿਲ ਨਹੀਂ ਜਿੱਤ ਸਕਦਾ ਕਿਉਂਕਿ ਵਿਤਕਰਾ, ਈਰਖਾ ਤੇ ਡਰ ਬਣਿਆ ਰਹਿੰਦਾ ਹੈ। ਅਹੰਕਾਰ; ਆਪਣੇ ਅਧਿਕਾਰ ਨਹੀਂ ਛੱਡੇਗਾ। ਘਰ ’ਚ ਵੀ ਉੱਤਰਾਧਿਕਾਰੀ ਨਹੀਂ ਪੈਦਾ ਹੋਣ ਦਿੰਦਾ, ਨਗਰ ਜਾਂ ਸੰਸਥਾ ਦਾ ਉੱਤਰਾਧਿਕਾਰੀ ਪੈਦਾ ਕਰਨਾ ਤਾਂ ਬਹੁਤ ਦੂਰ। ਅਹੰਕਾਰ ਨੂੰ ਤਿਆਗ ਪਸੰਦ ਨਹੀਂ ਹੁੰਦਾ। ਸੋ ਇਨ੍ਹਾਂ ਸਾਰੇ ਵਿਕਾਰਾਂ ਦੀ ਜੜ੍ਹ; ਮਲ਼ੀਨ ਅੰਤਹਕਰਣ ਹੈ ਕਿਉਂਕਿ ਇਸ ਕਾਰਨ ਬੁੱਧੀ; ਆਤਮ ਪ੍ਰਕਾਸ਼ ਤੋਂ ਜਾਣੂ ਨਹੀਂ ਹੋ ਸਕੀ ਤੇ ਲਾਚਾਰ ਬਣੀ ਹੋਈ ਮਨ-ਲੇਲੇ ਨੂੰ ਚੁੰਘਦੀ ਰਹਿੰਦੀ ਹੈ।

ਧਾਰਮਿਕ ਜੀਵਨ ਦੀ ਆਰੰਭਤਾ ਸਵੈ ਪੜਚੋਲ ਤੋਂ ਹੈ। ਧਰਮ ਦਾ ਅੱਖਰੀ ਅਰਥ ਵੀ ‘ਧਾਰਨ ਕਰਨਾ, ਅਪਣਾਉਣਾ’ ਹੈ। ਜੇ ਬਿਮਾਰ ਵਿਅਕਤੀ ਆਪਣੀ ਬਿਮਾਰੀ ਤੋਂ ਜਾਣੂ ਨਹੀਂ ਤਾਂ ਉਹ ਦਵਾ ਕਿਵੇਂ ਲਵੇਗਾ ? ਜਬਰਨ ਦਿੱਤੀ ਦਵਾ ਵੀ ਅਸਰ ਨਹੀਂ ਕਰੇਗੀ। ਗੁਰੂ ਨਾਨਕ ਜੀ ਨੇ ਇਸ ਸਚਾਈ ਨੂੰ ਬਿਆਨ ਕਰਦਿਆਂ ਕਿਹਾ ਕਿ ਖ਼ਰੀਦਦਾਰ ਤੋਂ ਬਿਨਾਂ; ਸੋਨਾ ਭੀ ਤਾਂਬੇ ਦੇ ਭਾਅ ਭਾਵ ਬਹੁਤ ਸਸਤਾ ਵਿਕਦਾ ਹੈ ‘‘ਵਿਣੁ ਗਾਹਕ, ਗੁਣੁ ਵੇਚੀਐ; ਤਉ ਗੁਣੁ ਸਹਘੋ (ਸਸਤਾ) ਜਾਇ ’’ (ਮਹਲਾ /੧੦੮੭)

ਲੰਬੇ ਸਮੇਂ ਤੋਂ ਬੰਦ ਪਏ ਕਮਰੇ ਦਾ ਬੂਹਾ ਖੋਲ੍ਹਿਆਂ ਹਨ੍ਹੇਰ ਅਤੇ ਗਰਦ ਕਾਰਨ ਅੰਦਰ ਪਿਆ ਸਮਾਨ ਵਿਖਾਈ ਨਹੀਂ ਦਿੰਦਾ। ਜਿੰਨੀ ਕੁ ਰੌਸ਼ਨੀ ਕਰਾਂਗੇ ਓਨਾ ਕੁ ਹੀ ਸਮਾਨ ਨਜ਼ਰ ਆਏਗਾ; ਇਉਂ ਹੀ ਮਨੁੱਖ ਦੀ ਬੁੱਧੀ; ਜਿੰਨਾ ਕੁ ਗੁਰੂ ਨੂੰ ਸਮਝ ਕੇ ਭਰੋਸਾ ਕਰੇਗੀ ਓਨਾ ਕੁ ਹੀ ਉਹ ਆਪਣੇ ਅੰਦਰ ਕਾਲ਼ਖ਼ ਵੇਖ ਸਕੇਗੀ। ਸਤਿਗੁਰ ’ਤੇ ਕੀਤੇ ਭਰੋਸਾ ਜਿੰਨਾ ਕੁ ਹੀ ਫਲ਼ ਮਿਲਦਾ ਹੈ ਇਹ ਰਾਜ਼ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਵਾਰ-ਵਾਰ ਸਮਝਾਉਂਦੇ ਹਨ ‘‘ਸਤਿਗੁਰੁ ਸੇਵੇ; ਤਾ ਸਭ ਕਿਛੁ ਪਾਏ ਜੇਹੀ ਮਨਸਾ ਕਰਿ ਲਾਗੈ; ਤੇਹਾ ਫਲੁ ਪਾਏ (ਮਹਲਾ /੧੧੬), ਜੇਹਾ ਸਤਿਗੁਰ ਨੋ ਜਾਣੈ, ਤੇਹੋ ਹੋਵੈ.. (ਮਹਲਾ /੫੯੦), ਸਤਿਗੁਰ ਨੋ ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ (ਮਹਲਾ /੩੦੨), ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ, ਜੇਹਾ ਕੋ ਬੀਜੇ; ਤੇਹਾ ਫਲੁ ਪਾਏ ’’ (ਮਹਲਾ /੩੦੩) ਸੋ ਗੁਰੂ ’ਤੇ ਪੂਰਨ ਭਰੋਸਾ ਨਾ ਬਣਨ ਕਾਰਨ ਅੰਦਰੋਂ ਪੂਰੀ ਕਾਲ਼ਖ਼ ਨਜ਼ਰ ਨਹੀਂ ਆਏਗੀ। ਫਿਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਜਿੰਨਾ ਕੁ ਵੇਖਿਆ ਗਿਆ ਉਸ ਤੋਂ ਕਈ ਗੁਣਾਂ ਵਧੇਰੇ ਕਾਲ਼ਖ਼ ਅਜੇ ਅੰਦਰ ਛੁਪੀ ਹੋ ਸਕਦੀ ਹੈ। ਗੁਰੂ ਨਾਨਕ ਜੀ; ਜਿਨ੍ਹਾਂ ਨੇ 50-60 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕੀਤੀ, ਉਨ੍ਹਾਂ ਨੇ ਆਪਣਾ ਤਜਰਬਾ ਇਉਂ ਸਾਂਝਾ ਕੀਤਾ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਅਰਥ : ਅਸਲੀਅਤ ਨੂੰ ਜਾਣਨ ਵਾਲ਼ੇ (ਤੱਤਵੇਤਾ) ਵਿਰਲੇ ਹੀ ਹੁੰਦੇ ਹਨ; ਬਹੁਤੇ ਨਹੀਂ। ਬਾਕੀ ਸੰਸਾਰ ਅਡੰਬਰ (ਫੈਲ) ਅਤੇ ਚੁੰਚ-ਗਿਆਨ (ਫਕੜੁ) ਤੱਕ ਸੀਮਤ ਹੈ। ਇਸ ਅਸਲੀਅਤ ਤੋਂ ਭਾਵ ਸਵੈ ਪੜਚੋਲ ਹੀ ਹੈ ਕਿਉਂਕਿ ਰੱਬ ਸਭ ਦੇ ਅੰਦਰ ਹੈ।

ਆਪਣੇ ਆਪ ਨੂੰ ਵੇਖਣਾ ਭਾਵੇਂ ਸੁਖਾਲਾ ਨਹੀਂ, ਪਰ ਇਸ ਤੋਂ ਵੀ ਕਠਿਨ ਹੈ ਆਪਣੇ ਅੰਦਰਲੇ ਨੂੰ ਰੱਬ ਅਤੇ ਗੁਰੂ ਦੇ ਗੁਣਾਂ ਦੇ ਬਰਾਬਰ ਰੱਖ ਕੇ ਆਪ ਨੂੰ ਦੋਸ਼ੀ ਮੰਨਣਾ; ਜਿਵੇਂ ਕਿ ਸਵੈ ਪੜਚੋਲ ਕਰਦਿਆਂ ਭਗਤ ਰਵੀਦਾਸ ਜੀ ਨੂੰ ਮਹਿਸੂਸ ਹੋਇਆ ‘‘ਮਾਧੋ  ! ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ ’’ (ਭਗਤ ਰਵਿਦਾਸ ਜੀ/੪੮੬) ਅਰਥ : ਹੇ ਪ੍ਰਭੂ ! ਸਾਡਾ ਅਗਿਆਨਤਾ ਨਾਲ਼ ਪਿਆਰ ਹੈ, ਜਿਸ ਕਾਰਨ ਬਿਬੇਕ ਵਾਲ਼ਾ ਦੀਵਾ ਧੁੰਦਲਾ ਗਿਆ। ਅਜਿਹੀ ਭਾਵਨਾ ਰੱਬ ਨਾਲ਼ੋਂ ਪਏ ਵਿਛੋੜੇ ਦਾ ਅਹਿਸਾਸ ਹੀ ਹੈ। ਭਗਤ ਰਵੀਦਾਸ ਜੀ; ਹੋਰ ਵੀ ਵਿਰਲਾਪ ਪ੍ਰਗਟਾਉਂਦੇ ਹਨ ‘‘ਹਮ ਸਰਿ ਦੀਨੁ; ਦਇਆਲੁ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ? ’’ (ਭਗਤ ਰਵਿਦਾਸ ਜੀ/੬੯੪) ਅਰਥ : ਹੇ ਪ੍ਰਭੂ !  ਸਾਡੇ ਵਰਗਾ ਕੰਗਾਲ (ਗੁਣਾਂ ਤੋਂ ਸੱਖਣਾ/ਅੰਦਰੂਨੀ ਕਾਲ਼ਖ਼ ਵਾਲ਼ਾ) ਅਤੇ ਤੁਹਾਡੇ ਵਰਗਾ ਦਇਆਵਾਨ; ਹੋਰ ਕੋਈ ਨਹੀਂ। ਇਸ ਤੋਂ ਵਧ ਕੇ ਕਿੰਨੀ ਕੁ ਤਸੱਲੀ ਕਰਾਈ ਜਾ ਸਕਦੀ ਹੈ ?, ਧਿਆਨ ਰਹੇ ਕਿ ਇੱਥੇ ਸ਼ਬਦ ‘ਦਇਆਲੁ’ ਹੈ। ਇਸ ਤੋਂ ਸਪਸ਼ਟ ਹੈ ਕਿ ਰੱਬ ਦੀ ਦਇਆ ਦ੍ਰਿਸ਼ਟੀ ਹੀ ਜਗਿਆਸੂ ਦੁਆਰਾ ਆਪਣੇ ਅੰਦਰ ਕਾਲ਼ਖ਼ ਵੇਖਣ ਉਪਰੰਤ ਪਾਰਦਰਸ਼ੀ ਅੰਤਹਕਰਣ ਕਰਾਏਗੀ ਤਾਹੀਓਂ ਗੁਰੂ ਨਾਨਕ ਜੀ ਨੇ ਫ਼ੁਰਮਾਇਆ ‘‘ਧੌਲੁ ਧਰਮੁ; ਦਇਆ ਕਾ ਪੂਤੁ ’’ (ਜਪੁ) ਅਰਥ : ਦਇਆ ਦਾ ਪੁੱਤਰ ਹੈ : ‘ਧੌਲ ਧਰਮ’ ਭਾਵ ਰੱਬੀ ਮਿਹਰ ਨਾਲ਼ (ਹਿਰਦੇ ’ਚ) ਜਨਮ ਲੈਂਦਾ ਹੈ : ‘ਨਿਰਮਲ ਧਰਮ/ਅਸਲ ਧਰਮ’। ‘ਜਪੁ’ ਬਾਣੀ ’ਚ ਸਵੈ ਪੜਚੋਲ ਕਰਵਾਉਣ ਵਾਲ਼ੀ ਸਰਮਖੰਡ (ਅਵਸਥਾ) ਤੋਂ ਬਾਅਦ ਕਰਮਖੰਡ ਭਾਵ ਬਖ਼ਸ਼ਸ਼ ਖੰਡ ਵੀ ਇਹੀ ਸੰਕੇਤ ਕਰਦੀ ਹੈ।

ਸੂਫ਼ੀ ਫ਼ਕੀਰਾਂ ਦੇ ਬਸਤਰ ਕਾਲ਼ੇ ਹੁੰਦੇ ਹਨ। ਬਾਬਾ ਫ਼ਰੀਦ ਜੀ; ਆਪਣੇ ਬਸਤਰਾਂ ਦੇ ਰੰਗ ਵਰਗਾ ਮਲ਼ੀਨ ਅੰਤਹਕਰਣ ਮਹਿਸੂਸ ਕਰ ਵਚਨ ਉਚਾਰਦੇ ਹਨ ‘‘ਫਰੀਦਾ  ! ਕਾਲੇ ਮੈਡੇ (ਮੇਰੇ) ਕਪੜੇ; ਕਾਲਾ ਮੈਡਾ ਵੇਸੁ ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ (ਫ਼ਕੀਰ) (ਬਾਬਾ ਫਰੀਦ/੧੩੮੧), ਭਗਤ ਕਬੀਰ ਜੀ ਦੇ ਵਚਨ ਹਨ ‘‘ਰਾਮਈਆਹਉ ਬਾਰਿਕੁ ਤੇਰਾ   ਕਾਹੇ ਖੰਡਸਿ (ਦੂਰ ਕਰੇ); ਅਵਗਨੁ ਮੇਰਾ ਰਹਾਉ ’’ (ਭਗਤ ਕਬੀਰ/੪੭੮), ਗੁਰੂ ਅਮਰਦਾਸ ਦੇ ਵਚਨ ਹਨ ‘‘ਗੁਣਹੀਣ, ਹਮ ਅਪਰਾਧੀ, ਭਾਈਪੂਰੈ ਸਤਿਗੁਰਿ (ਨੇ) ਲਏ ਰਲਾਇ ਰਹਾਉ ’’ (ਮਹਲਾ /੬੩੮), ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾਸਾ ਬਿਧਿ ਤੁਮ ਹਰਿ ਜਾਣਹੁ ਆਪੇ   ਹਮ ਰੁਲਤੇ ਫਿਰਤੇ, ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ’’ (ਮਹਲਾ /੧੬੭), ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਮਾਨੁ ਕਰਉ ਤੁਧੁ ਊਪਰੇ; ਮੇਰੇ ਪ੍ਰੀਤਮ ਪਿਆਰੇ  ! ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ਰਹਾਉ ’’ (ਮਹਲਾ /੮੦੯) ਚੇਤੇ ਰਹੇ ਕਿ ਸਵੈ ਪੜਚੋਲ ਨਾਲ਼ ਸੰਬੰਧਿਤ ਉਕਤ ਵਚਨ; ਅਕਸਰ ‘ਰਹਾਉ’ ਬੰਦ ’ਚ ਹਨ, ਜੋ ਸ਼ਬਦ-ਵਿਸ਼ੇ ਦਾ ਤੱਤ ਹੁੰਦਾ ਹੈ। ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਉਕਤ ਬਾਣੀਕਾਰਾਂ ਅੰਤਰ; ਮਲ਼ੀਨ ਅੰਤਹਕਰਣ ਸੀ। ਦਰਅਸਲ ਅਜਿਹੇ ਬੋਲ; ਮਲ਼ੀਨ ਅੰਤਹਕਰਣ ਵਾਲ਼ੇ ਹਰ ਮਨੁੱਖ ਨੂੰ ਰੱਬੀ ਦਰ ’ਤੇ ਫ਼ਰਿਆਦ ਕਰਨ ਲਈ ਬਖ਼ਸ਼ੇ ਹਨ। ਅਜਿਹੀ ਪੁਕਾਰ ਹੀ ਓਥੇ ਸੁਣੀਦੀ ਹੈ, ਨਾ ਕਿ ਮੈ-ਮੇਰੀ ਵਾਲ਼ੀ।

ਸੋ ਸਵੈ ਪੜਚੋਲ ਕਰਦਿਆਂ ਰੱਬ ਤੋਂ ਬਣੀ ਦੂਰੀ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਇਹ ਅਹਿਸਾਸ; ਬਿਰਹਾ ਹੈ, ਵਿਛੋੜੇ ਦੀ ਪੀੜਾ ਹੈ। ‘ਹੈਨਿ ਵਿਰਲੇ’ ਸਚਾਈ ਪ੍ਰਗਟਾਉਣ ਵਾਲ਼ੇ ਗੁਰੂ ਨਾਨਕ ਜੀ; ਮਨੁੱਖ ਅੰਦਰ ਇਹ ਪੀੜਾ ਨਾ ਉਪਜਣ ਤੋਂ ਹੈਰਾਨ ਹੁੰਦੇ ਹੋਏ ਫ਼ੁਰਮਾਉਂਦੇ ਹਨ ਕਿ ਮੈ ਪ੍ਰੇਸ਼ਾਨ ਹਾਂ ਕਿ ਸਾਰਾ ਸੰਸਾਰ, ਬਨਸਪਤੀ, ਪੰਛੀ ਆਦਿ ਮੇਰੇ ’ਤੇ ਤਰਸ ਕਰਦੇ ਪਏ ਹਨ, ਪਰ ਮੇਰਾ ਆਪਣਾ ਅੰਦਰਲਾ; ਰੱਬ ਤੋਂ ਬਣੀ ਦੂਰੀ ਨੂੰ ਨਹੀਂ ਸਵੀਕਾਰਦਾ, ਜਿਸ ਨੇ ਰੱਬ ਤੋਂ ਵਿਛੋੜ ਵੀ ਰੱਖਿਆ ਹੈ ‘‘ਮੈ ਰੋਵੰਦੀ ਸਭੁ ਜਗੁ ਰੁਨਾ; ਰੁੰਨੜੇ ਵਣਹੁ ਪੰਖੇਰੂ ਇਕੁ ਰੁਨਾ ਮੇਰੇ ਤਨ ਕਾ ਬਿਰਹਾ; ਜਿਨਿ ਹਉ ਪਿਰਹੁ ਵਿਛੋੜੀ ’’ (ਮਹਲਾ /੫੫੮), ਗੁਰੂ ਅੰਗਦ ਸਾਹਿਬ ਜੀ ਦੇ ਵਚਨ ਹਨ ‘‘ਨਾਨਕ  ! ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ ਪਿੰਜਰੁ ਲੈ ਜਾਰਿ ’’ (ਮਹਲਾ /੮੯) ਭਾਵ ਜਿਸ ਸਰੀਰ ਅੰਦਰ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਨਹੀਂ, ਉਸ ਨੂੰ (ਅੱਗ ’ਚ) ਜਲਾਉਣਾ ਚਾਹੀਦਾ ਹੈ। ਬਾਬਾ ਫ਼ਰੀਦ ਜੀ ਦੇ ਵਚਨ ਹਨ ‘‘ਬਿਰਹਾ ਬਿਰਹਾ ਆਖੀਐ; ਬਿਰਹਾ  ! ਤੂ ਸੁਲਤਾਨੁ   ਫਰੀਦਾ  ! ਜਿਤੁ ਤਨਿ ਬਿਰਹੁ ਊਪਜੈ; ਸੋ ਤਨੁ ਜਾਣੁ ਮਸਾਨੁ ’’ (ਬਾਬਾ ਫਰੀਦ/੧੩੭੯) ਭਾਵ ਵਿਛੋੜੇ ਦਾ ਵਿਰਲਾਪ ਬੁਰਾ ਮਨਾਇਆ ਜਾਂਦਾ ਹੈ, ਪਰ ਹੇ ਵਿਛੋੜੇ ਦੇ ਵਿਰਲਾਪ ! ਤੂੰ ਤਾਂ ਬਾਦਸ਼ਾਹ ਹੈਂ (ਜੋ ਲੋਕ-ਪਰਲੋਕ ਦਾ ਤਾਜ ਦਿਲਵਾ ਦਿੰਦਾ ਹੈਂ, ਇਸ ਲਈ ਮੈ ਤਾਂ ਕਹਾਂਗਾ ਕਿ) ਜਿਸ ਸਰੀਰ ’ਚ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਹੀ ਨਹੀਂ, ਉਹ ਕਬਰਸਤਾਨ ਹੈ (ਜਿੱਥੇ ਕੋਈ ਫ਼ਸਲ ਨਹੀਂ ਉੱਗ ਸਕਦੀ)।

ਸੱਤਾ ਬਲਵੰਡ ਜੀ ਨੇ ਗੁਰੂ ਅਮਰਦਾਸ ਜੀ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੇ ਸੁਮੇਰ ਪਰਬਤ ਵਾਙ ਉੱਚੀ ਬੁੱਧੀ ਕਰ ਸਰੀਰ-ਸਮੁੰਦਰ ਰਿੜਕਿਆ, ਸਵੈ ਪੜਚੋਲ ਕੀਤੀ। ਬਦਲੇ ’ਚ ‘‘ਮਤਿ ਵਿਚਿ ਰਤਨ ਜਵਾਹਰ ਮਾਣਿਕ.. ’’ ਵਰਗੇ ਅੰਦਰੋਂ 14 ਕੀਮਤੀ ਰਤਨ ਕੱਢ ਲਏ, ਜਿਨ੍ਹਾਂ ਕਾਰਨ ਆਤਮ ਪ੍ਰਕਾਸ਼; ਹੂ-ਬਹੂ ਸ਼ਬਦ ਗਿਆਨ (ਬਿਬੇਕ) ਵਜੋਂ ਚਾਨਣ ਕਰ ਗਿਆ ‘‘ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ .. ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ   ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

ਸਤਿਗੁਰ ਦੇ ਵਚਨਾਂ ’ਤੇ ਅਟੁੱਟ ਭਰੋਸਾ ਰੱਖ ਕੇ ਆਪਣੇ ਔਗੁਣਾਂ ਨੂੰ ਫਰੋਲ਼ਦਿਆਂ-ਫਰੋਲ਼ਦਿਆਂ ਸਮੁੰਦਰ ਦੀਆਂ ਛੱਲਾਂ ਵਾਙ ਆਤਮ ਪ੍ਰਕਾਸ਼ ਦੀ ਛੱਲ ਦਾ ਅੰਦਰੋਂ ਅਹਿਸਾਸ ਹੋਣ ਲੱਗਦਾ ਹੈ। ਕਈ ਅਚਨਚੇਤ ਝਲਕਾਰੇ ਮਹਿਸੂਸ ਹੁੰਦੇ ਹਨ, ਜੋ ਬਿਆਨ ਨਹੀਂ ਕਰ ਹੁੰਦੇ। ਅਸੰਭਵ ਕਾਰਜ ਸੰਭਵ ਹੁੰਦੇ, ਜਾਪਦੇ ਹਨ। ਨਾਪੱਖੀ ਵਿਚਾਰ ਬਿਲਕੁਲ ਨਹੀਂ ਪਨਪਦੇ। ਚੰਗੇ-ਮਾੜੇ ’ਚ ਕੇਵਲ ਅਕਾਲ ਪੁਰਖ ਵਿਚਰਦਾ ਪ੍ਰਤੀਤ ਹੁੰਦਾ ਹੈ। ਇਹ ਸਚਾਈ ਭਰਪੂਰ ਅਹਿਸਾਸ; ਪਾਰਦਰਸ਼ੀ ਅੰਤਹਕਰਨ ਕਾਰਨ ਹੈ, ਜਿਸ ’ਚੋਂ ਹੁੰਦਾ ਹੋਇਆ; ਆਤਮ ਪ੍ਰਕਾਸ਼/ਨਾਮ ਅੰਮ੍ਰਿਤ; ਬੁੱਧੀ ’ਚੋਂ ਹੂ-ਬਹੂ ਅਹਿਸਾਸ ਕਰਾ ਰਿਹਾ ਹੁੰਦਾ ਹੈ।

ਆਤਮ ਪ੍ਰਕਾਸ਼ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਜੀ ਨੇ ਫ਼ੁਰਮਾਇਆ ਹੈ ਕਿ ਸੋਨੇ ਵਰਗੀ ਮਨੁੱਖਾ ਦੇਹ ਅੰਦਰ ਅਨੂਪ ਜੋਤਿ (ਉਪਮਾ ਰਹਿਤ ਆਤਮ ਪ੍ਰਕਾਸ਼) ਹੈ ‘‘ਕੰਚਨ ਕਾਇਆ; ਜੋਤਿ ਅਨੂਪੁ ’’ (ਮਹਲਾ /੪੧੪), ਭਗਤ ਕਬੀਰ ਜੀ; ਇਸ ਅਨੂਪ ਜੋਤਿ ਨੂੰ ਅਨੂਪ ਬ੍ਰਹਮ ਆਖਦੇ ਹਨ ‘‘ਜੋਤੀ ਅੰਤਰਿ; ਬ੍ਰਹਮੁ ਅਨੂਪੁ ’’ (ਭਗਤ ਕਬੀਰ/੯੭੨) ‘ਅਨੂਪ ਜੋਤਿ/ਅਨੂਪ ਬ੍ਰਹਮ/ਨਾਮ ਅੰਮ੍ਰਿਤ/ਆਤਮ ਪ੍ਰਕਾਸ਼’ ਜਾਂ ਗੁਰੂ ਨਾਨਕ ਜੀ ਦੇ ਜਨਮ ਤੋਂ ਪਿਆ ਨਾਂ ‘ਨਾਨਕ ਜੋਤਿ’; ਸਭ ਇੱਕੋ ਹੀ ਹੈ ਤੇ ਇਸ ਦੀ ਪ੍ਰਾਪਤੀ; ਰੂਹਾਨੀਅਤ ਚਾਹਵਾਨ ਲਈ ਸਰਬੋਤਮ ਖੋਜ ਹੈ।

ਆਤਮ ਪ੍ਰਕਾਸ਼ ਜਦ ਬਿਬੇਕ ਬਣ ਜ਼ਿੰਦਗੀ ਨੂੰ ਮਜ਼ਬੂਤੀ ਅਤੇ ਸਫਲਤਾ ਬਖ਼ਸ਼ਦਾ ਹੈ ਤਾਂ ਇਸ ਦੇ ਪਿੱਛੇ ‘ਸੁਰਤਿ, ਮਤਿ, ਮਨਿ, ਬੁਧਿ’ ਨੂੰ ਘੜਨ ਵਾਲ਼ੀ ਅਸਲ ਇੰਦ੍ਰੀ; ਅੰਤਹਕਰਣ ਦੀ ਸ਼ੁੱਧਤਾ ਹੈ। ਦਿਮਾਗ਼ ’ਤੇ ਆਪਣੀ ਸਿਆਣਪ (ਦਰਅਸਲ ਇਹ ਚਤੁਰਾਈ ਹੁੰਦੀ ਹੈ) ਦਾ ਦਬਾਅ ਪਾਉਣ ਨਾਲ਼ ਇਹ ਚਾਰੋਂ ਇੰਦ੍ਰੀਆਂ ਨਹੀਂ ਘੜ ਹੁੰਦੀਆਂ। ਇੱਕ ਡਾਕਟਰ ਆਪਣੇ ਦਿਮਾਗ਼ ਦੇ ਤਲ ’ਤੇ ਨਿਰੰਤਰ 18-19 ਸਾਲ ਪੜ੍ਹਾਈ ਕਰਕੇ ਵੀ ਕੰਨ ਦਾ ਮਾਹਰ; ਦੰਦ ਦੀ ਅਤੇ ਦੰਦ ਦਾ ਮਾਹਰ; ਅੱਖ ਦੀ ਦਵਾ ਨਹੀਂ ਦੇ ਸਕਦਾ ਜਦਕਿ ਘੜਿਆ (ਪਾਰਦਰਸ਼ੀ) ਅੰਤਹਕਰਣ; ‘ਰੂਹਾਨੀਅਤ, ਪਰਵਾਰਿਕ, ਸਮਾਜਿਕ, ਰਾਜਨੀਤਿਕ, ਸਭਿਆਚਾਰਿਕ, ਵਿਗਿਆਨਿਕ, ਚਕਿਤਸਾ ਆਦਿ ਵਿਸ਼ਿਆਂ ’ਤੇ ਲਾਜਵਾਬ ਦਲੀਲ ਰੱਖਦਾ ਆਇਆ ਹੈ। ਗੁਰਬਾਣੀ ’ਚ ਦਰਜ 35 ਮਹਾ ਪੁਰਸ਼ਾਂ ਦਾ ਅਨੁਭਵ; ਇਸ ਦੀ ਪ੍ਰਤੱਖ ਮਿਸਾਲ ਹੈ।

ਗੁਰਮਤਿ ਦਾ ਗਹਿਰਾ ਰਾਜ਼ (ਤੱਤ); ਸਰੀਰ ਅੰਦਰੋਂ ਅਸਲ ਵਸਤੂ ਲੱਭਣਾ ਹੈ। ਗੁਰਬਾਣੀ ’ਚ ਇਸ ਨੂੰ ‘ਤਤੁ ਵਿਰੋਲੈ/ਤਤੁ ਬਿਰੋਲੈ’ ਕਿਹਾ ਹੈ, ਜੋ ਕੇਵਲ ਗੁਰੂ ਨਾਨਕ ਜੀ ਦੁਆਰਾ ਵਰਤਿਆ ਹੈ :

ਗੁਰਮਤਿ ਸਾਚਿ ਸਹਜਿ; ਹਰਿ ਬੋਲੈ ॥ ਪੀਵੈ ਅੰਮ੍ਰਿਤੁ; ਤਤੁ ਵਿਰੋਲੈ ॥ (ਮਹਲਾ ੧/੨੨੭)

ਅਰਥ : ਗੁਰਮਤਿ ਅਨੁਸਾਰ ਚੱਲਣ ਵਾਲ਼ਾ; ਨਿਰੋਲ ਸੱਚ ਵਿੱਚ/ਅਡੋਲਤਾ ਵਿੱਚ ਟਿਕ ਕੇ ਹਰੀ ਨੂੰ ਜਪਦਾ ਹੈ ਕਿਉਂਕਿ ਉਹ, ਅਸਲੀਅਤ (ਆਤਮ ਪ੍ਰਕਾਸ਼) ਨੂੰ ਰਿੜਕ-ਰਿੜਕ ਕੇ ਅੰਮ੍ਰਿਤ ਪੀਂਦਾ ਹੈ ਭਾਵ ਆਤਮ ਪ੍ਰਕਾਸ਼ ਨੂੰ ਖੋਜ ਕੇ ਉਸ ਦਾ ਅਨੰਦ ਮਾਣਦਾ ਹੈ।

ਗੁਰਮੁਖਿ ਬੋਲੈ ਤਤੁ ਬਿਰੋਲੈ; ਚੀਨੈ ਅਲਖ ਅਪਾਰੋ ॥’’ (ਗੋਸਟਿ/ਮਹਲਾ ੧/੯੪੪)

ਅਰਥ : ਗੁਰਮੁਖ; ਬਿਆਨ ਰਹਿਤ (ਅਲਖ), ਆਦਿ ਅੰਤ ਰਹਿਤ (ਅਪਾਰ) ਅਸਲੀਅਤ (ਤਤੁ) ਨੂੰ ਰਿੜਕ-ਰਿੜਕ (ਪਰਖ-ਪਰਖ) ਕੇ ਪਛਾਣਨਾ ਹੈ, (ਮੂੰਹੋਂ ਤਤੁ-ਅਸਲ ਰੱਬ ਦੀ ਵਡਿਆਈ) ਉਚਾਰਦਾ ਹੈ।

ਗੁਰੂ ਨਾਨਕ ਜੀ ਚਿਤਾਵਨੀ ਵੀ ਦਿੰਦੇ ਹਨ ਕਿ ‘‘ਇਕ ਬਾਤ ਅਨੂਪ; ਸੁਨਹੁ ਨਰ ਭਾਈ  ! ॥  ਇਸੁ ਧਨ ਬਿਨੁ, ਕਹਹੁ, ਕਿਨੈ ਪਰਮ ਗਤਿ ਪਾਈ  ? ॥’’ (ਮਹਲਾ ੧/੯੯੧) ਅਰਥ : ਹੇ ਭਾਈ ! ਹੇ ਲੋਕੋ ! ਧਿਆਨ ਨਾਲ਼ ਸੁਣੋ ਇੱਕ ਅਮੋਲਕ ਸਚਾਈ, ਨਾਮ ਅੰਮ੍ਰਿਤ/ਆਤਮ ਪ੍ਰਕਾਸ਼ ਬਿਨਾਂ ਦੱਸੋ ਕਿਸ ਨੇ ਨਿਰਮਲ ਅਵਸਥਾ (ਪਾਰਦਰਸ਼ੀ ਅੰਤਹਕਰਣ) ਪ੍ਰਾਪਤ ਕੀਤੀ ਹੈ ?

ਗੁਰੂ ਨਾਨਕ ਜੀ ਦੇ ਹੀ ਹੇਠਲੇ ਵਚਨ ਸਮਝਾਉਂਦੇ ਹਨ ਕਿ ਇਹ ਨਿਰਮਲ ਅਵਸਥਾ ਕਿਵੇਂ ਪਾਈ ਜਾ ਸਕਦੀ ਹੈ :

ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥ (ਮਹਲਾ ੧/੯੯੦) ‘ਤਿਨੇਹਾ’ ਭਾਵ ਵੈਸਾ ਹੀ; ਜੋ ਜ਼ੰਗਾਲ ਲੱਗੇ ਲੋਹੇ ਨੂੰ ਸੋਨਾ ਬਣਾ ਸਕਦਾ ਹੋਵੇ ਓਹੋ ਜਿਹਾ ਗੁਰੂ ਮਿਲਣਾ ਜ਼ਰੂਰੀ ਹੈ।

ਆਨੰਦ ਰੂਪੁ, ਅਨੂਪੁ ਸਰੂਪਾ; ਗੁਰਿ ਪੂਰੈ (ਨੇ) ਦੇਖਾਇਆ ॥ (ਮਹਲਾ ੧/੧੦੪੧)

ਅਰਥ : ਪੂਰਨ ਗੁਰੂ ਨੇ ਹੀ ਉਪਮਾ ਰਹਿਤ ਅਨੰਦ ਖ਼ਜ਼ਾਨਾ (ਹਿਰਦੇ ’ਚੋਂ) ਵਿਖਾਇਆ ਹੈ।

ਅੰਤਰਿ ਵਸਤੁ ਅਨੂਪ ਨਿਰਮੋਲਕ; ਗੁਰਿ ਮਿਲਿਐ (ਨਾਲ਼) ਹਰਿ ਧਨੁ ਪਾਇਆ ॥ (ਮਹਲਾ ੧/੧੦੩੯) ਭਾਵ ਨਿਰਮਲ ਅਵਸਥਾ; ਪੂਰਨ ਗੁਰੂ ਤੋਂ ਬਿਨਾਂ ਅਸੰਭਵ ਹੈ, ਇਸ ਲਈ ਹੀ ਗੁਰੂ ਅੰਗਦ ਸਾਹਿਬ ਜੀ ਨੇ ਆਪਮਾ ਅਨੁਭਵ ਸਾਂਝਾ ਕੀਤਾ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ (ਮਹਲਾ /੪੬੩), ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਰਤਨਾ ਰਤਨ ਪਦਾਰਥ ਬਹੁ; ਸਾਗਰੁ ਭਰਿਆ ਰਾਮ   ਬਾਣੀ, ਗੁਰਬਾਣੀ ਲਾਗੇ; ਤਿਨ੍ ਹਥਿ ਚੜਿਆ ਰਾਮ ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ਗੁਰ ਗੋਵਿੰਦੁ, ਗੁੋਵਿੰਦੁ ਗੁਰੂ ਹੈ; ਨਾਨਕ  ! ਭੇਦੁ ਭਾਈ ’’ (ਮਹਲਾ /੪੪੨)

ਭਾਵੇਂ ਕਣ-ਕਣ ਵਿੱਚ ਰੱਬੀ ਜੋਤਿ ਹੈ, ਆਤਮ ਪ੍ਰਕਾਸ਼ ਹੈ, ਨਾਮ ਅੰਮ੍ਰਿਤ ਹੈ, ਪਰ ਪਾਰਦਰਸ਼ੀ ਅੰਤਹਕਰਣ ਨੇ ਹੀ ਉਸ ਨੂੰ ਬਿਬੇਕ ’ਚੋਂ ਅਹਿਸਾਸ ਕਰਵਾਉਣਾ ਹੈ। ਆਤਮ ਪ੍ਰਕਾਸ਼ ਦਾ ਝਲਕਾਰਾ ਬਿਬੇਕ ’ਚੋਂ ਆਉਂਦਿਆਂ ਹੀ ਅੰਤਹਕਰਣ ਨੂੰ ਖਿੜਿਆ (ਨਿਰਮਲ) ਮੰਨਿਆ ਗਿਆ। ਭਗਤ ਕਬੀਰ ਜੀ ਦੇ ਵਚਨ ਹਨ ‘‘ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ (ਭਗਤ ਕਬੀਰ/੩੩੨) ਅਰਥ : ਜਦ ਸੂਰਜ ਚੜ੍ਹਿਆ ਵੇਖਿਆ ਤਾਂ ਮਨ ’ਚ ਪ੍ਰਕਾਸ਼ ਹੋ ਗਿਆ ਭਾਵ ਜਦ ਆਤਮ ਪ੍ਰਕਾਸ਼ ਵੇਖਿਆ ਤਾਂ ਅੰਤਹਕਰਣ ’ਚ ਉਜਾਲਾ ਹੋ ਗਿਆ।

ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਆਤਮ ਜੋਤਿ ਭਈ ਪਰਫੂਲਿਤ; ਪੁਰਖੁ ਨਿਰੰਜਨੁ ਦੇਖਿਆ ਹਜੂਰਿ (ਅੰਗਸੰਗ)’’ (ਮਹਲਾ /੧੧੯੮) ਭਾਵ ਆਤਮ ਜੋਤਿ (ਪ੍ਰਕਾਸ਼); ਅੰਤਹਕਰਣ ’ਚ ਪ੍ਰਫੁਲਿਤ ਹੋ ਗਈ। ਇਸ ਦੀ ਪੁਸ਼ਟੀ ਭੱਟ ਕਲਸਹਾਰ ਜੀ ਵੀ ਕਰਦੇ ਹਨ ਕਿ ਗੁਰੂ ਰਾਮਦਾਸ ਜੀ ਨੇ ਸਰੀਰ ਅੰਦਰੋਂ ਜਦ ਨਿਰਭਉ ਤੇ ਕਾਲ਼ਖ਼ ਰਹਿਤ ਨੂੰ ਲੱਭਿਆ ਤਾਂ ਸੁੱਤਾ-ਮਲ਼ੀਨ ਅੰਤਹਕਰਣ ਜਾਗ ਪਿਆ, ਹਿਰਦਾ-ਕਵਲ ਅਡੋਲ ਹੋ ਕੇ ਖਿੜ ਗਿਆ ‘‘ਜਾਗੵਾ ਮਨੁ; ਕਵਲੁ ਸਹਜਿ ਪਰਕਾਸੵਾ; (ਜਦੋਂ) ਅਭੈ ਨਿਰੰਜਨੁ ਘਰਹਿ ਲਹਾ (ਘਰੋਂ ਲੱਭਿਆ)॥’’ (ਸਵਈਏ ਮਹਲੇ ਚਉਥੇ ਕੇ/ਭਟ ਕਲੵ/੧੩੯੬)

ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ‘‘ਸਤਿਗੁਰ ਸਬਦਿ ਉਜਾਰੋ ਦੀਪਾ   ਬਿਨਸਿਓ ਅੰਧਕਾਰ ਤਿਹ ਮੰਦਰਿ (ਉਸ ਅੰਤਹਕਰਣਚੋਂ); ਰਤਨ ਕੋਠੜੀ ਖੁਲ੍ੀ ਅਨੂਪਾ ਰਹਾਉ (ਮਹਲਾ /੮੨੧), ਅੰਧਕਾਰ ਸਿਮਰਤ ਪ੍ਰਕਾਸੰ; ਗੁਣ ਰਮੰਤ, ਅਘ ਖੰਡਨਹ ’’ (ਸਲੋਕ ਸਹਸਕ੍ਰਿਤੀ/ਮਹਲਾ /੧੩੫੫) ਅਰਥ : ਰੱਬ ਨੂੰ ਸਿਮਰਿਆਂ, ਉਸ ਦੇ ਗੁਣ ਯਾਦ ਕੀਤਿਆਂ ਮਲ਼ੀਨ ਅੰਤਹਕਰਣ ਪਾਰਦਰਸ਼ੀ ਹੋ ਗਿਆ। ਪਾਪ ਨਾਸ਼ ਹੋ ਗਏ।

ਸੋ ਆਤਮ ਪ੍ਰਕਾਸ਼; ਤਾਂ ਹੀ ਬਿਬੇਕ ’ਚੋਂ ਪ੍ਰਗਟ ਹੋਵੇਗਾ ਜੇ ਅੰਤਹਕਰਣ; ਨਿਰਮਲ ਹੋਵੇਗਾ, ਪਾਰਦਰਸ਼ੀ ਹੋਏਗਾ। ਇਹ ਸਰਮਖੰਡ ਹੈ ਜਿੱਥੇ ‘ਸੁਰਤਿ, ਮਤਿ, ਮਨਿ, ਬੁਧਿ’ ਘੜੀਦੇ ਹਨ ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਗੁਰੂ ਨਾਨਕ ਜੀ)

ਨੋਟ : ਉਕਤ ਗੁਰਬਾਣੀ ਵਾਕ ਜ਼ਿਆਦਾਤਰ ‘ਰਹਾਉ’ ਬੰਦਾਂ ’ਚੋਂ ਲਏ ਹਨ ਤਾਂ ਜੋ ਇਹ ਗਹਿਰੇ ਰਾਜ਼; ਅਨਮਤ ਦੀ ਮਿਸਾਲ ਨਾ ਸਮਝੀ ਜਾਵੇ।

ਪੰਜ ਕਾਮਾਦਿਕਾਂ ਦਾ ਪ੍ਰਭਾਵ; ਅੰਤਹਕਰਣ ਦੀ ਪਰਛਾਈ ਹੈ ਜਾਂ ਅੰਤਹਕਰਣ ਦੀ ਪਰਛਾਈ ਦਾ ਪ੍ਰਭਾਵ; ਪੰਜ ਕਾਮਾਦਿਕ ਹਨ। ਇਸ ਦੀ ਵਿਚਾਰ ਅਗਲੇ ਲੇਖ ਹੁਕਮ ਬਨਾਮ ਭਾਗ ਸਿਰਲੇਖ ਅਧੀਨ ਕੀਤੀ ਜਾਵੇਗੀ।