ਐਸੀ ਲਾਲ  ! ਤੁਝ ਬਿਨੁ ਕਉਨੁ ਕਰੈ॥

0
555

ਐਸੀ ਲਾਲ  ! ਤੁਝ ਬਿਨੁ ਕਉਨੁ ਕਰੈ॥

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਦਾ ਅਸਲ ਮਕਸਦ ਸੀ ਕਿ ਇਨਸਾਨੀਅਤ ਨੂੰ ਵਧੇਰੇ ਤਰਜੀਹ ਮਿਲੇ। ਇਸੇ ਲਈ ਮਾਨਵਤਾ-ਪੱਖੀ ਸੋਚਣ ਵਾਲੇ ਹਰ ਸੱਜਣ ਨੂੰ ਪੂਰੀ ਮਾਨਤਾ ਦਿੱਤੀ ਗਈ ਅਤੇ ਸਭ ਦਾ ਭਲਾ ਲੋਚਿਆ ਗਿਆ।

ਸਿੱਖੀ ਸੋਚ ਦੀ ਨੀਂਹ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਨੂੰ ਮਿਟਾ ਕੇ ਸੱਚ ਅਤੇ ਹੱਕ ਪ੍ਰਤੀ ਜਾਗਰੂਕਤਾ ਫੈਲਾਉਣ ਉੱਤੇ ਆਧਾਰਿਤ ਹੈ। ਇੱਕ ਗੱਲ ਸਪਸ਼ਟ ਹੈ ਕਿ ਸਿਰਫ਼ ਜੰਮਣ ਦੇ ਆਧਾਰ ’ਤੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੋ ਜਾਂਦਾ। ਆਚਰਨ ਅਤੇ ਕਿਰਦਾਰ ਹੀ ਜੀਵਨ ਨੂੰ ਉਚਾਈ ਜਾਂ ਨਿਵਾਣ ਵੱਲ ਲੈ ਜਾਂਦੇ ਹਨ।

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਹੈ ‘‘ਨਾਗਰ ਜਨਾਂ ! ਮੇਰੀ ਜਾਤਿ ਬਿਖਿਆਤ ਚੰਮਾਰੰ   ਰਿਦੈ ਰਾਮ; ਗੋਬਿੰਦ ਗੁਨ ਸਾਰੰ ਰਹਾਉ ’’ (ਭਗਤ ਰਵਿਦਾਸ/੧੨੯੩) ਭਾਵ ਹੇ ਨਗਰ ਦੇ ਲੋਕੋ, ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਚਮਿਆਰ ਹੈ, ਜਿਸ ਨੂੰ ਨੀਵੀਂ ਜਾਤ ਵਜੋਂ ਵੇਖਿਆ ਜਾਂਦਾ ਹੈ, ਪਰ ਮੈਂ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ, ਇਸ ਵਾਸਤੇ ਹੁਣ ਨੀਚ ਨਹੀਂ ਰਿਹਾ; ਜਿਵੇਂ ਅਪਵਿੱਤਰ ਸ਼ਰਾਬ ਅਤੇ ਗੰਦਾ ਪਾਣੀ ਵੀ ਗੰਗਾ ਵਿੱਚ ਮਿਲ ਕੇ ਉਸ ਤੋਂ ਵੱਖ ਨਹੀਂ ਰਹਿ ਜਾਂਦੇ (ਭਾਵ ਗੰਗਾ ਵਾਙ ਨਿਰਮਲ ਹੋ ਜਾਂਦੇ ਹਨ), ਉਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਵੀ ਪਰਮ ਪਵਿੱਤਰ ਪ੍ਰਭੂ ਨਾਲ ਜੁੜ ਕੇ ਉੱਚਾ ਹੋ ਜਾਂਦਾ ਹੈ ਤੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ। (ਟੀਕਾਕਾਰ ਪ੍ਰੋ. ਸਾਹਿਬ ਸਿੰਘ)

ਇਹ ਵੀ ਭਗਤ ਰਵਿਦਾਸ ਜੀ ਨੇ ਸਮਝਾਇਆ ਹੈ ਕਿ ਤਾੜੀ ਦੇ ਰੁੱਖ ਅਤੇ ਉਨ੍ਹਾਂ ਰੁੱਖਾਂ ਤੋਂ ਬਣੇ ਕਾਗਜ਼ ਅਪਵਿੱਤਰ ਮੰਨੇ ਜਾਂਦੇ ਹਨ, ਪਰ ਉਨ੍ਹਾਂ ਹੀ ਕਾਗਜ਼ਾਂ ਉੱਤੇ ਜਦੋਂ ਭਗਵਾਨ ਦੀ ਸਿਫ਼ਤ ਲਿਖ ਦਿੱਤੀ ਜਾਵੇ ਤਾਂ ਉਹ ਪੂਜਣਯੋਗ ਬਣ ਜਾਂਦੇ ਹਨ ‘‘ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ! ਜੈਸੇ ਕਾਗਰਾ ਕਰਤ ਬੀਚਾਰੰ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ; ਪੂਜੀਐ ਕਰਿ ਨਮਸਕਾਰੰ ’’ (ਭਗਤ ਰਵਿਦਾਸ/੧੨੯੩)

ਭਗਤ ਰਵਿਦਾਸ ਜੀ ਦੀ ਨਿਮਰਤਾ ਦੀ ਸਿਖਰ ਹੇਠਲੀਆਂ ਤੁਕਾਂ ਵਿੱਚ ਸਪਸ਼ਟ ਹੋ ਜਾਂਦੀ ਹੈ ਜਿਨ੍ਹਾਂ ’ਚ ਆਖਿਆ ਗਿਆ ਕਿ ਮੇਰੀ ਜਾਤ ਦੇ ਲੋਕ ਚੰਮ ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ ਅਜੇ ਵੀ ਰਹਿੰਦੇ ਹਨ ਅਤੇ ਨਿੱਤ ਮੋਏ ਹੋਏ ਪਸ਼ੂ ਢੋਂਦੇ ਹਨ। ਹੇ ਪ੍ਰਭੂ ! ਉਸੇ ਕੁਲ ਵਿੱਚ ਜੰਮਿਆ ਤੇਰਾ ਸੇਵਕ ਰਵੀਦਾਸ ਤੇਰੇ ਨਾਮ ਦੀ ਸ਼ਰਨ ਵਿੱਚ ਆਇਆ ਹੈ, ਜਿਸ ਕਾਰਨ ਹੁਣ ਵੱਡੇ-ਵੱਡੇ ਬ੍ਰਾਹਮਣ ਨਮਸਕਾਰ ਕਰਨ ਲੱਗ ਪਏ ਹਨ ‘‘ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ’’ (ਭਗਤ ਰਵਿਦਾਸ/੧੨੯੩)

ਇੱਕੋ ਤੁਕ ਵਿੱਚ ਰਾਮ ਅਤੇ ਗੋਬਿੰਦ ਦੇ ਗੁਣਾਂ ਨੂੰ ਸੰਭਾਲਣ ਦੀ ਗੱਲ ਕੀਤੀ ਗਈ ਹੈ, ਜਿਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਭਗਤ ਰਵਿਦਾਸ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸਕ ਨਹੀਂ ਹਨ। ਉਹ ਉਸ ਪ੍ਰਮਾਤਮਾ ਦੇ ਭਗਤ ਹਨ, ਜਿਸ ਵਾਸਤੇ ਸਾਰੇ ਲਫ਼ਜ਼ ਹੀ ਵਰਤੇ ਜਾ ਸਕਦੇ ਹਨ।

ਜੋ ਸੁਨੇਹਾ ਭਗਤ ਰਵਿਦਾਸ ਜੀ ਨੇ ਪੂਰੀ ਖ਼ਲਕਤ ਨੂੰ ਦਿੱਤਾ ਉਹ ਇਹੀ ਸੀ ਕਿ ਸਿਮਰਨ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ। ਇੰਜ ਹੀ ਭਗਤ ਨਾਮਦੇਵ ਜੀ ਨੂੰ ਛੀਂਬਾ ਅਤੇ ਅਛੂਤ ਕਹਿਣ ਵਾਲੇ ਵੀ ਉਨ੍ਹਾਂ ਵੱਲੋਂ ਕੀਤੀ ਪ੍ਰਭੂ ਭਗਤੀ ਸਦਕਾ ਉਨ੍ਹਾਂ ਦੀ ਤਿੰਨਾਂ ਲੋਕਾਂ ਵਿੱਚ ਵਡਿਆਈ ਕਰਨ ਲੱਗ ਪਏ ਸਨ ‘‘ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ; ਲੋਕੁ ਛੀਪਾ ਕਹੈ ਬੁਲਾਇ   ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ਹਰਿ ਨਾਮਦੇਉ ਲੀਆ ਮੁਖਿ ਲਾਇ ’’ (ਮਹਲਾ /੭੩੩)

ਲਿਖਿਆ ਮਿਲਦਾ ਹੈ ਕਿ ਭਗਤ ਕਬੀਰ ਜੀ ਦੀ ਜਾਤ ਦੇ ਜੁਲਾਹੇ ਲੋਕ ਵੀ ਬਕਰੀਦ ਦੇ ਸਮੇਂ ਗਾਵਾਂ ਹਲਾਲ ਕਰਦੇ ਸਨ। ਜਿਉਂ ਹੀ ਮੁਸਲਮਾਨੀ ਹਕੂਮਤ ਦੇ ਦਬਾਅ ਤੋਂ ਮੁਕਤ ਹੋ ਕੇ ਕਬੀਰ ਜੀ ਨੇ ਰੱਬ ਦਾ ਨਾਮ ਸਿਮਰਨ ਸ਼ੁਰੂ ਕੀਤਾ ਤਾਂ ਸਾਰਾ ਮਨੁੱਖਤਾ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਲੱਗ ਪਈ ‘‘ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ; ਮਾਨੀਅਹਿ ਸੇਖ ਸਹੀਦ ਪੀਰਾ   ਜਾ ਕੈ ਬਾਪ ਵੈਸੀ ਕਰੀ; ਪੂਤ ਐਸੀ ਸਰੀ; ਤਿਹੂ ਰੇ ਲੋਕ ਪਰਸਿਧ ਕਬੀਰਾ ’’ (ਭਗਤ ਰਵਿਦਾਸ/੧੨੯੩)

ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਲਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਰਪਣ ਵਿੱਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਭਾਵੇਂ ਫ਼ਰੀਦ ਜੀ ਮੁਸਲਮਾਨੀ ਘਰ ਭਾਵ ਮੁਸਲਮਾਨੀ ਖ਼ਿਆਲਾਂ ਵਿੱਚ ਪਲ਼ੇ ਸਨ ਅਤੇ ਕਬੀਰ ਜੀ ਹਿੰਦੂ ਘਰ ਭਾਵ ਹਿੰਦੂ ਸੱਭਿਅਤਾ ਵਿੱਚ ਪਰ ਹਿੰਦੂ ਧਰਮ ਵਿਚਲੀਆਂ ਕੁਰੀਤੀਆਂ ਅਤੇ ਕੁਰੀਤਾਂ ਨੂੰ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ। ਕਬੀਰ ਜੀ ਹਿੰਦੂ ਘਰ ਵਿੱਚ ਜੰਮੇ ਹੋਣ ਕਰਕੇ ਹਿੰਦੂ ਰਸਮਾਂ ਤੇ ਮਰਯਾਦਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਹ ਕਬੀਰ ਜੀ ਨੇ ਆਪਣੇ ਹੀ ਲਿਖੇ ਸ਼ਬਦ ਵਿੱਚ ਜਗ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਸੁੰਨਤ ਨਹੀਂ ਸੀ ਹੋਈ ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ?  ਅਰਧ ਸਰੀਰੀ ਨਾਰਿ ਛੋਡੈ; ਤਾ ਤੇ ਹਿੰਦੂ ਹੀ ਰਹੀਐ ’’ (ਭਗਤ ਕਬੀਰ/੪੭੭)

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਜਿਹੜੇ ਲੋਕ ਹਰਿ ਨਾਮ ਸਿਮਰਦੇ ਹਨ, ਉਨ੍ਹਾਂ ਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਇਸੇ ਲਈ ਉਹ ਕਿਸੇ ਹਕੂਮਤ ਤੋਂ ਡਰੇ ਬਗ਼ੈਰ ਨਿਰਭੈ ਅਤੇ ਨਿਰਪੱਖ ਹੋ ਕੇ ਸੱਚ ਦਾ ਸਾਥ ਦਿੰਦੇ ਹਨ।

ਐਸੀ ਲਾਲ  ! ਤੁਝ ਬਿਨੁ ਕਉਨੁ ਕਰੈ ? ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ਰਹਾਉ (ਭਗਤ ਰਵਿਦਾਸ/੧੧੦੬) ਵਾਕ ਵਿੱਚ ਭਗਤ ਰਵਿਦਾਸ ਜੀ ਨੇ ਸਮਝਾਇਆ ਹੈ ਕਿ ਪ੍ਰਭੂ ਤੋਂ ਬਿਨਾਂ ਕੌਣ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ? ਉਹ ਤਾਂ ਗ਼ਰੀਬ ਨੂੰ ਵੀ ਰਾਜਾ ਬਣਾ ਦਿੰਦਾ ਹੈ। ਜਿਸ ਮਨੁੱਖ ਨੂੰ ਏਨਾ ਨੀਵਾਂ ਮੰਨਿਆ ਜਾਂਦਾ ਹੋਵੇ ਕਿ ਉਸ ਨੂੰ ਛੂਹ ਲੈਣ ਵਾਲੇ ਸਾਰੇ ਲੋਕ ਹੀ ਆਪਣੇ ਆਪ ਨੂੰ ਭਿੱਟਿਆ ਹੋਇਆ ਸਮਝਣ ਲੱਗ ਪੈਣ, ਵੈਸੇ ਮਨੁੱਖ ਨੂੰ ਵੀ ਮੇਰਾ ਗੋਬਿੰਦ ਨੀਚ ਤੋਂ ਉੱਚੇ ਬਣਾ ਦਿੰਦਾ ਹੈ ਤੇ ਕਿਸੇ ਤੋਂ ਡਰਦਾ ਨਹੀਂ ‘‘ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਡਰੈ   ਨਾਮਦੇਵ, ਕਬੀਰੁ, ਤਿਲੋਚਨੁ; ਸਧਨਾ ਸੈਨੁ ਤਰੈ   ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ! ਹਰਿ ਜੀਉ ਤੇ ਸਭੈ ਸਰੈ ’’ (ਭਗਤ ਰਵਿਦਾਸ/੧੧੦੬) ਭਾਵ ਪ੍ਰਭੂ ਦੀ ਕਿਰਪਾ ਨਾਲ ਹੀ ਨਾਮਦੇਵ, ਤ੍ਰਿਲੋਚਨ, ਸਧਨਾ ਅਤੇ ਕਬੀਰ ਭਗਤ, ਨੀਚਹੁ ਊਚ ਹੋ ਗਏ।

ਪੜੀਐ ਗੁਨੀਐ ਨਾਮੁ ਸਭੁ ਸੁਨੀਐ; ਅਨਭਉ ਭਾਉ ਦਰਸੈ   ਲੋਹਾ, ਕੰਚਨੁ ਹਿਰਨ ਹੋਇ ਕੈਸੇ ? ਜਉ ਪਾਰਸਹਿ ਪਰਸੈ (ਭਗਤ ਰਵਿਦਾਸ/੯੭੩) ਵਾਕ ਵਿੱਚ ਭਗਤ ਰਵਿਦਾਸ ਜੀ ਨੇ ਕਾਮ, ਕ੍ਰੋਧ, ਮਾਇਆ, ਹੰਕਾਰ ਤੇ ਈਰਖਾ ਸਦਕਾ ਜੀਵਾਂ ਦੇ ਅੰਦਰਲੇ ਗੁਣ ਲੁੱਟੇ ਜਾਣ ਬਾਰੇ ਸਮਝਾਇਆ ਹੈ ਕਿ ਇਹ ਪੰਜੋ ਵਿਕਾਰ; ਇਨਸਾਨ ਨੂੰ ਨਿਤਾਣਾ ਬਣਾ ਕੇ ਮਨ ਅੰਦਰ ਸਹਿਮ ਪੈਦਾ ਕਰ ਦਿੰਦੇ ਹਨ। ਇਹ ਸਹਿਮ ਐਸੀ ਗੰਢ ਬਣਾ ਦਿੰਦਾ ਹੈ ਕਿ ਮਨ ਅੰਦਰ ਪ੍ਰਭੂ-ਪ੍ਰੇਮ ਦਾ ਰੰਗ ਹੀ ਨਹੀਂ ਚੜ੍ਹਦਾ।

ਭਗਤ ਰਵਿਦਾਸ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਦ ਤਕ ਪਾਰਸ ਨਾਲ ਲੋਹਾ ਨਾ ਛੂਹੇ, ਉਦੋਂ ਤਕ ਸ਼ੁੱਧ ਸੋਨਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਕਾਮਾਦਿਕਾਂ; ਮਨੁੱਖ ਦੇ ਮਨ ਨੂੰ ਪ੍ਰਭੂ ਦੀ ਯਾਦ ਵੱਲੋਂ ਰੋਕ ਕੇ ਉਸ ਨੂੰ ਹੰਕਾਰ ਨਾਲ ਭਰ ਦਿੰਦੀਆਂ ਹਨ ਕਿ ਮੈਂ ਵੱਡਾ ਕਵੀ ਹਾਂ, ਵੱਡੀ ਕੁਲ ਵਾਲਾ ਹਾਂ, ਵਿਦਵਾਨ ਹਾਂ, ਉੱਚ ਕੋਟੀ ਦਾ ਸੰਨਿਆਸੀ ਹਾਂ, ਗਿਆਨਵਾਨ, ਗੁਣਵਾਨ ਹਾਂ ਤੇ ਬਹੁਤ ਵੱਡਾ ਸੂਰਮਾ ਜਾਂ ਦਾਤਾ ਹਾਂ। ਇਹ ਮਾਣ ਬੰਦੇ ਨੂੰ ਕਮਲਾ ਬਣਾ ਦਿੰਦਾ ਹੈ ਤੇ ਉਹ ਭੁੱਲ ਹੀ ਜਾਂਦਾ ਹੈ ਕਿ ਉਹ ਨਾਸਵਾਨ ਹੈ ‘‘ਹਮ ਬਡ ਕਬਿ ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ   ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਿਕਾਰਾਂ ਤੋਂ ਬਚਣ ਦਾ ਮਾਰਗ ਭਗਤ ਰਵਿਦਾਸ ਜੀ ਅਨੁਸਾਰ ਪ੍ਰਮਾਤਮਾ ਦਾ ਸਿਮਰਨ ਹੀ ਹੈ।

ਆਰਥਿਕ ਤੰਗੀ ਅਤੇ ਜਾਤ-ਪਾਤ ਦਾ ਭੇਦ-ਭਾਵ ਕਿਸੇ ਵੀ ਬੰਦੇ ਦੀ ਅਣਖ ਮਾਰ ਦਿੰਦਾ ਹੈ। ਭਗਤ ਰਵਿਦਾਸ ਜੀ ਬਨਾਰਸ ਵਿੱਚ ਅਤਿ ਨੀਵੀਂ ਮੰਨੀ ਜਾਂਦੀ ਜਾਤ ਵਿੱਚ ਪੈਦਾ ਹੋਣ ਕਾਰਨ ਤਿਰਸਕਾਰ (ਅਨਾਦਰ) ਦਾ ਸ਼ਿਕਾਰ ਹੰੁਦਿਆਂ ਹੋਇਆਂ ਵੀ ਰੱਬ ਦੀ ਉਸਤਤ ਕਰਨ ਵੱਲ ਲੱਗ ਰਹੇ ਭਾਵੇ ਕਿ ਇਸ ਨੀਚ ਜਮਾਤ ਨੂੰ ਹਿੰਦੂ ਸਮਾਜ; ਰੱਬ ਦੀ ਉਸਤਤ ਕਰਨ ਦਾ ਅਧਿਕਾਰ ਵੀ ਨਹੀਂ ਦਿੰਦਾ ਸੀ। ਹਿੰਦੂ ਧਰਮ ਮੁਤਾਬਕ ਸ਼ੂਦਰ (ਭਗਤ ਰਵਿਦਾਸ ਜੀ) ਨੂੰ ਉੱਚੀ ਜਾਤ ‘ਵੈਸ਼, ਖੱਤਰੀ ਅਤੇ ਬ੍ਰਾਹਮਣ’ ਦੀ ਸੇਵਾ ਕਰਨ ਦਾ ਜ਼ਿੰਮਾ ਦਿੱਤਾ ਹੋਇਆ ਹੈ ਭਾਵ ਸ਼ੂਦਰ ਦਾ ਇਹੀ ਧਰਮ ਹੈ, ਨਾ ਕਿ ਰੱਬ ਦੀ ਭਗਤੀ ਕਰਨਾ।

ਸਿੱਖ ਮੱਤ ਅਨੁਸਾਰ ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਵਿੱਚ ਕੋਈ ਭੇਦ-ਭਾਵ ਨਹੀਂ ਵੇਖਿਆ ਗਿਆ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ   ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ’’ (ਮਹਲਾ /੭੪੮) ਸਭਨਾਂ ਵਿੱਚ ਰੱਬ ਦਾ ਇੱਕੋ ਜਿਹਾ ਵਾਸ ਮੰਨਦਿਆਂ ਜਾਤ-ਪਾਤ ਖ਼ਤਮ ਕਰਨ ਦਾ ਹੋਕਾ ਦਿੱਤਾ ਗਿਆ ਹੈ। ਇਸੇ ਲਈ ਵੱਖੋ-ਵੱਖ ਧਰਮਾਂ ਅਤੇ ਮੱਤਾਂ ਨੂੰ ਮੰਨਣ ਵਾਲੇ ਹਰ ਉਸ ਭਗਤ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਮਿਲੀ, ਜਿਸ ਨੇ ਮਨੁੱਖਤਾ ਨੂੰ ਅਤੇ ਮਨੁੱਖੀ ਹੱਕਾਂ ਨੂੰ ਪਹਿਲ ਦੇ ਕੇ ਊਚ ਨੀਚ ਤੇ ਜਾਤ-ਪਾਤ ਦੇ ਪਾੜ ਵਿਰੁੱਧ ਆਵਾਜ਼ ਚੁੱਕੀ ਅਤੇ ਇੱਕ ਰੱਬ ਦੀ ਬੰਦਗੀ ਕੀਤੀ।

ਤਖਤਿ ਬਹੈ; ਤਖਤੈ ਕੀ ਲਾਇਕ (ਮਹਲਾ /੧੦੩੯) ਵਰਗਾ ਇਲਾਹੀ ਹੁਕਮ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਹੈ ਪਰ ਅਸੀਂ ਨਾਦਾਨ ਅਤੇ ਘੱਟ ਅਕਲ ਵਾਲੇ ਇਸ ਦੀ ਮਹਾਨਤਾ ਨੂੰ ਨਾ ਸਮਝ ਸਕੇ। ਅੱਜ ਵੀ ਧਰਮ ਅਸਥਾਨਾਂ ਉੱਤੇ ਉਹੀ ਕਰਮਕਾਂਡ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ, ਜਿਨ੍ਹਾਂ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਹੈ। ਸਮਾਜ ਵੱਲੋਂ ਦੁਰਕਾਰੇ ਨੀਵਿਆਂ ਤੋਂ ਅਤਿ ਨੀਵਿਆਂ ਬਾਰੇ ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਹੈ ਕਿ ਮੈਂ ਉਨ੍ਹਾਂ ਦਾ ਹੀ ਸਾਥੀ ਹਾਂ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ   ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  !’’ (ਮਹਲਾ /੧੫) ਮਲਿਕ ਭਾਗੋ ਦੇ ਸ਼ਾਹੀ ਭੋਜ ਨੂੰ ਪਾਪ ਦੀ ਕਮਾਈ ਕਹਿਣ ਦਾ ਵੀ ਇਹੋ ਅਰਥ ਸੀ ਕਿ ਕਿਸੇ ਮਨੁੱਖ ਨੂੰ ਦੂਜੇ ਮਨੁੱਖ ਦੀ ਅਧੀਨਤਾ ਨਾ ਕਰਨੀ ਪਵੇ। ਅਮੀਰੀ ਗ਼ਰੀਬੀ ਦੇ ਪਾੜ ਨੂੰ ਖ਼ਤਮ ਕਰਨ ਦੀ ਲੋੜ ਹੈ। ਕਿਸੇ ਹੋਰ ਨੂੰ ਤਿਰਸਕਾਰਨ ਤੋਂ ਪਹਿਲਾਂ ਆਪਣੀ ਹਉਮੈ ਨੂੰ ਬਾਹਰ ਕਰ ਕੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਮੈਂ ਆਪਣੇ ਵਿਚਾਰਾਂ ਅਤੇ ਵਿਕਾਰਾਂ ਕਾਰਨ ਕਿੰਨਾ ਕੁ ਨੀਵਾਂ ਡਿੱਗ ਚੁੱਕਿਆ ਹਾਂ? ਸਿਰਫ਼ ਅਹੁਦਾ, ਰੁਤਬਾ, ਪੈਸਾ ਕਿਸੇ ਨੂੰ ਉੱਚੀ ਪਦਵੀ ਨਹੀਂ ਦਵਾਉਂਦਾ। ਉੱਚਾ ਸੁੱਚਾ ਕਿਰਦਾਰ ਹੀ ਮਾਣ ਤੇ ਸਤਿਕਾਰ ਦਵਾਉਂਦਾ ਹੈ।

ਰੱਬ ਦੇ ਘਰ ਵਿੱਚ ਸਭ ਇੱਕੋ ਪਲੜੇ ਵਿੱਚ ਤੋਲੇ ਜਾਂਦੇ ਹਨ। ਉੱਥੇ, ਊਚ ਨੀਚ ਦਾ ਫ਼ਰਕ ਮਿਟ ਜਾਂਦਾ ਹੈ। ਜੇ ਸਿਰਫ਼ ਏਨਾ ਕੁ ਨੁਕਤਾ ਸਮਝ ਆ ਜਾਏ ਕਿ ‘‘ਹਮ ਨਹੀ ਚੰਗੇ; ਬੁਰਾ ਨਹੀ ਕੋਇ ’’ (ਮਹਲਾ /੭੨੮) ਤਾਂ ਸਭ ਬੁਰਿਆਈਆਂ ਤੇ ਝਗੜਿਆਂ ਦਾ ਅੰਤ ਹੋ ਸਕਦਾ ਹੈ। ਰੱਬ ਨੂੰ ਧਿਆਉਣ ਦਾ ਮਤਲਬ ਹੀ ਇਹੀ ਹੈ ਕਿ ਮਨ ਵਿੱਚ ਨਿਮਰਤਾ ਉਪਜੇ ਅਤੇ ਚੰਗੇ ਵਿਚਾਰ ਪਨਪ ਜਾਣ।

ਰੱਦੀ ਕਾਗਜ਼ ਵਰਗੇ ਮਨ ਉੱਤੇ ਵੀ ਜਦੋਂ ਨਾਮ ਸਿਮਰਨ ਲਿਖ ਦਿੱਤਾ ਜਾਵੇ ਤਾਂ ਹਿਰਦਾ; ਪਵਿੱਤਰ ਹੋ ਜਾਂਦਾ ਹੈ। ਇਹ ਸਬਕ, ਜੋ ਭਗਤ ਰਵਿਦਾਸ ਜੀ ਨੇ ਅਤੇ ਸਾਰੇ ਗੁਰੂ ਸਾਹਿਬਾਨ ਨੇ ਸਮਝਾਇਆ, ਅੱਜ ਵੀ ਓਨਾ ਹੀ ਢੁੱਕਦਾ ਹੈ ਅਤੇ ਆਉਣ ਵਾਲੀ ਹਰ ਸਦੀ ਵਿੱਚ ਓਨਾ ਹੀ ਵਜ਼ਨਦਾਰ ਰਹਿਣ ਵਾਲਾ ਹੈ।

ਅਸੀਂ ਉਨ੍ਹਾਂ ਦੀ ਸੋਚ ਉੱਤੇ ਕਦੋਂ ਖਰੇ ਉਤਰਾਂਗੇ, ਇਹ ਹੁਣ ਸਾਡੇ ਉੱਤੇ ਹੈ। ਜਦੋਂ ਧਾਰਮਿਕ ਥਾਵਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਊਚ-ਨੀਚ ਦੇ ਵਿਤਕਰੇ ਬੰਦ ਹੋਣਗੇ, ਉਦੋਂ ਹੀ ਸਹੀ ਮਾਅਨਿਆਂ ਵਿੱਚ ਅਸੀਂ ਖਰੇ ਇਨਸਾਨ ਬਣਾਂਗੇ ਤੇ ਉੱਤਮ ਜੀਵਨ ਜੀਅ ਰਹੇ ਹੋਵਾਂਗੇ। ਨਹੀਂ ਤਾਂ ਸਿਰਫ਼ ਜੰਮਣ ਤੋਂ ਮਰਨ ਤੱਕ ਦਾ ਸਫ਼ਰ, ਹਉਮੈ ਦੀਆਂ ਤਾਰਾਂ ਵਿੱਚ ਜਕੜੇ ਹੋਏ ਹੀ ਸਵਾਸ ਤਿਆਗ ਜਾਵਾਂਗੇ !

ਜੇ ਵਕਤੀ ਸਲਾਮਾਂ ਕਰਵਾਉਣੀਆਂ ਹਨ ਤਾਂ ਗ਼ਰੂਰ ਦੇ ਪਲ; ਛਿਣ ਮਾਤਰ ਸਮੇਂ ਤੱਕ ਸੀਮਤ ਰਹਿਣਗੀਆਂ, ਪਰ ਜੇ ਸਦੀਆਂ ਤੱਕ ਲੋਕਾਂ ਦੇ ਮਨਾਂ ਵਿੱਚ ਵਾਸ ਕਰਨਾ ਹੈ ਤਾਂ ਭਗਤ ਰਵਿਦਾਸ ਜੀ ਦੀ ਸਿੱਖਿਆ ਨੂੰ ਅਪਣਾਉਣਾ ਪਵੇਗਾ ਤੇ ਗੁਰੂ ਗ੍ਰੰਥ ਸਾਹਿਬ ਵਿਖੇ ਜੀਵਨ-ਜਾਚ ਦਰਸਾਉਂਦੀਆਂ, ਮਾਨਵ-ਕਲਿਆਣਕਾਰੀ ਸਿੱਖਿਆਵਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਪਵੇਗਾ।

ਜਿੱਥੇ ਊਚ-ਨੀਚ ਦਾ ਵਿਤਕਰਾ ਖ਼ਤਮ ਕੀਤਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਖੋ-ਵੱਖ ਧਰਮਾਂ ਦੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰ ਕੇ ਹਰ ਸਮਾਜਿਕ ਭਾਈਚਾਰੇ ਨੂੰ ਇੱਜ਼ਤ ਬਖ਼ਸ਼ੀ ਗਈ। ਜੇ ਵਿਰੋਧ ਹੈ ਤਾਂ ਸਿਰਫ਼ ਵੱਖੋ-ਵੱਖ ਧਰਮਾਂ ਦੇ ਮੋਢੀਆਂ ਵੱਲੋਂ ਰਚਾਏ ਕਰਮਕਾਂਡਾਂ ਦਾ, ਜੋ ਗ਼ਰੀਬ ਜਨਤਾ ਨੂੰ ਲੁੱਟਣ ਅਤੇ ਆਪਣੇ ਅਧੀਨ ਰੱਖਣ ਦਾ ਜ਼ਰੀਆ ਬਣਾਏ ਗਏ ਸਨ !

ਇੱਕ ਆਖ਼ਰੀ ਸਵਾਲ ਹੈਕਿ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਅੱਗੇ ਨਤਮਸਤਕ ਹੋਣ ਵਾਲੇ ਆਪਣੀ ਅਸਲ ਜ਼ਿੰਦਗੀ ਵਿੱਚ, ਹਾਲੇ ਵੀ ਮਨਾਂ ਵਿੱਚ ਕੋਈ ਵਿਕਤਰਾ ਤਾਂ ਨਹੀਂ ਪਾਲ਼ੀ ਬੈਠੇ? ਕੀ ਜਾਤ-ਪਾਤ ਵਾਲਾ ਦੈਂਤ ਹੋਰ ਵਧ-ਫੁਲ ਕੇ ਧਰਮ ਨੂੰ ਹੀ ਹੜੱਪ ਕਰਨ ਵੱਲ ਤਾਂ ਨਹੀਂ ਤੁਰ ਪਿਆ?

ਸਰੀਰਕ ਵੰਡ ਨਾਲੋਂ ਬਿਬੇਕਤਾ ਨੂੰ ਉੱਤਮ ਦਰਜਾ ਦਿੰਦਿਆਂ, ਜੋ ਭਗਤ ਰਵਿਦਾਸ ਜੀ ਨੇ ਉਚਾਰਿਆ, ਵਰਣਨਯੋਗ ਹੈ :

– ਦੁਲਭ ਜਨਮੁ ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ ॥ (ਭਗਤ ਰਵਿਦਾਸ/੬੫੮)

– ਮਾਧੋ ! ਅਬਿਦਿਆ ਹਿਤ ਕੀਨ ॥  ਬਿਬੇਕ ਦੀਪ ਮਲੀਨ ॥੧॥ ਰਹਾਉ ॥ (ਭਗਤ ਰਵਿਦਾਸ/੪੮੬)

– ਰਵਿਦਾਸੁ ਭਣੈ; ਜੋ ਜਾਣੈ, ਸੋ ਜਾਣੁ ॥  ਸੰਤ ਅਨੰਤਹਿ; ਅੰਤਰੁ ਨਾਹੀ ॥ (ਭਗਤ ਰਵਿਦਾਸ/੪੮੬)

ਭਗਤ ਰਵਿਦਾਸ ਜੀ ਨੇ ਇਸ ਬਿਬੇਕ ਨੂੰ ਨਾ ਪਾ ਸਕਣ ਦਾ ਮੂਲ ਕਾਰਨ ਆਪਣੇ ਮਾਣ ਵਿੱਚ ਰੱਬ ਨੂੰ ਭੁੱਲਣਾ ਦੱਸਿਆ ਹੈ ਭਾਵੇਂ ਕਿ ਇਸ ਦੀ ਆਪਣੀ ਕੋਈ ਪਾਇਆਂ ਹੀ ਨਹੀਂ ਸਿਵਾਏ ਅਹੰਕਾਰ ਤੋਂ :

– ਮਾਟੀ ਕੋ ਪੁਤਰਾ; ਕੈਸੇ ਨਚਤੁ ਹੈ ?॥  ਦੇਖੈ ਦੇਖੈ ਸੁਨੈ ਬੋਲੈ; ਦਉਰਿਓ ਫਿਰਤੁ ਹੈ ॥੧॥ ਰਹਾਉ ॥  ਜਬ ਕਛੁ ਪਾਵੈ; ਤਬ ਗਰਬੁ ਕਰਤੁ ਹੈ ॥  ਮਾਇਆ ਗਈ; ਤਬ ਰੋਵਨੁ ਲਗਤੁ ਹੈ ॥੧॥ (ਭਗਤ ਰਵਿਦਾਸ/੪੮੭)

– ਜੋ ਦਿਨ ਆਵਹਿ; ਸੋ ਦਿਨ ਜਾਹੀ ॥  ਕਰਨਾ ਕੂਚੁ; ਰਹਨੁ ਥਿਰੁ ਨਾਹੀ ॥ (ਭਗਤ ਰਵਿਦਾਸ/੭੯੩)

– ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ॥  ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ॥ (ਭਗਤ ਰਵਿਦਾਸ/੩੪੬)

– ਮਾਧਵੇ  ! ਕਿਆ ਕਹੀਐ ? ਭ੍ਰਮੁ ਐਸਾ ॥  ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥  ਨਰਪਤਿ ਏਕੁ ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ॥  ਅਛਤ ਰਾਜ, ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥੨॥ (ਭਗਤ ਰਵਿਦਾਸ/੬੫੮)

– ਜੇ ਓਹੁ; ਅਠਸਠਿ ਤੀਰਥ ਨ੍ਾਵੈ ॥  ਜੇ ਓਹੁ; ਦੁਆਦਸ ਸਿਲਾ ਪੂਜਾਵੈ ॥  ਜੇ ਓਹੁ; ਕੂਪ ਤਟਾ ਦੇਵਾਵੈ ॥  ਕਰੈ ਨਿੰਦ; ਸਭ ਬਿਰਥਾ ਜਾਵੈ ॥੧॥  ਸਾਧ ਕਾ ਨਿੰਦਕੁ; ਕੈਸੇ ਤਰੈ ?॥  ਸਰਪਰ ਜਾਨਹੁ; ਨਰਕ ਹੀ ਪਰੈ ॥੧॥ ਰਹਾਉ ॥ (ਭਗਤ ਰਵਿਦਾਸ/੮੭੫)

ਹੁਣ ਪਾਠਕ ਹੀ ਫ਼ੈਸਲਾ ਕਰਨ ਕਿ ਏਨੇ ਗਿਆਨਵਾਨ ਭਗਤ ਨੂੰ ਸਮਝਣ ਲਈ ਕੀ ਪੂਰੀ ਜ਼ਿੰਦਗੀ ਵੀ ਘੱਟ ਨਹੀਂ ਹੈ? ਉਨ੍ਹਾਂ ਦੀ ਸਿੱਖਿਆ ਦਾ ਕੁੱਝ ਹਿੱਸਾ ਹੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਬੇੜਾ ਪਾਰ ਹੋ ਸਕਦਾ ਹੈ। ਹੋਰ ਕੁੱਝ ਨਹੀਂ ਤਾਂ ਘੱਟੋ-ਘੱਟ ਨਿੰਦਿਆ ਕਰਨੀ ਹੀ ਤਿਆਗ਼ ਦੇਈਏ। ਇਹ ਤਾਂ ਆਪਣੇ ਹੀ ਹੱਥ ਵਿੱਚ ਹੈ !