ਸ਼੍ਰੋਮਣੀ ਕਮੇਟੀ ਦਾ ਕੈਲੰਡਰ ਬਣਾ ਰਿਹਾ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ

0
440

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਬਣਾ ਰਿਹਾ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ

ਕਿਰਪਾਲ ਸਿੰਘ ਬਠਿੰਡਾ-88378-13661

ਹਰ ਸਾਲ 1 ਜੂਨ ਤੋਂ 6 ਜੂਨ ਤੱਕ 1984 ਦੀਆਂ ਕੌੜੀਆਂ ਯਾਦਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਸ਼ਹੀਦੀ ਹਫਤਾ ਮਨਾਉਂਦੀ ਹੈ। ਇਸ ਹਫਤੇ ਦੌਰਾਨ ਦੇਸ਼ ਵਿਦੇਸ਼ ਦੇ ਹਰ ਗੁਰਦੁਆਰੇ ਵਿੱਚ ਕਥਾਕਾਰ ਅਤੇ ਪ੍ਰਚਾਰਕ ਇਹ ਗੱਲ ਅਕਸਰ ਹੀ ਕਹਿੰਦੇ ਰਹਿੰਦੇ ਹਨ ਕਿ 1984 ’ਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ। ਜਦੋਂ ਸਿੱਖ ਸੰਗਤਾਂ ਸ਼ਹੀਦੀ ਗੁਰਪੁਰਬ ਮਨਾਉਣ ਲਈ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ ਤਾਂ ਭਾਰਤ ਸਰਕਾਰ ਨੇ ਕਰਫਿਊ ਲਗਾ ਦਿੱਤਾ ਅਤੇ 4 ਜੂਨ ਨੂੰ ਭਾਰਤੀ ਫੌਜ ਨੇ ਤੋਪਾਂ ਤੇ ਟੈਂਕਾਂ ਰਾਹੀਂ ਦਰਬਰ ਸਾਹਿਬ ’ਤੇ ਹਮਲਾ ਕਰ ਦਿੱਤਾ; 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿਢੇਰੀ ਕਰ ਦਿੱਤਾ ਅਤੇ ਸੰਤ ਜਰਨੈਲ ਸਿੰਘ ਸਮੇਤ ਸੈਂਕੜੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ।

ਇਹ ਦੋਵੇਂ ਘਟਨਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਨਾਨਕਸ਼ਾਹੀ ਕੈਲੰਡਰ ਸੰਮਤ ੫੫੧ (2019-20) ’ਚ ਕਰਮਵਾਰ ਤੀਜਾ ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (ਜੂਨ 1984) = 21 ਜੇਠ ਅਤੇ ਸ਼ਹੀਦੀ ਸੰਤ ਜਰਨੈਲ ਸਿੰਘ = 23 ਜੇਠ ਲਿਖੀਆਂ ਸਨ ਅਤੇ ਇਸ ਸਾਲ ਸੰਮਤ ੫੫੨ (2020-21) ’ਚ ਕਰਮਵਾਰ 22 ਜੇਠ ਅਤੇ 24 ਜੇਠ। ਜਿਹੜੇ ਪ੍ਰਚਾਰਕ/ਕਥਾਵਾਚਕ ਪਿਛਲੇ ਸਾਲ ਕਹਿ ਰਹੇ ਸਨ ਕਿ ਅੱਜ 4 ਜੂਨ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ 21 ਜੇਠ ਹੈ, ਉਹੀ ਪ੍ਰਚਾਰਕ/ਕਥਾਵਾਚਕ ਅੱਜ ਕਹਿ ਰਹਿ ਸਨ ਕਿ ਅੱਜ ਦਾ ਦਿਹਾੜਾ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ 22 ਜੇਠ ਨੂੰ ਵਾਪਰਿਆ। ਇਨ੍ਹਾਂ ਪ੍ਰਚਾਰਕਾਂ/ਕਥਾਵਾਚਕਾਂ ਨੂੰ ਸਨਿਮਰ ਬੇਨਤੀ ਹੈ ਕਿ ਤੁਸੀਂ ਜਾਣਦੇ ਬੁਝਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਬਦਨਾਮ ਨਾ ਕਰੋ; ਅਜੇਹੇ ਮੌਕਿਆਂ ’ਤੇ ਪਿਛਲੇ ਇੱਕ ਦੋ ਸਾਲਾਂ ਦੇ ਕੈਲੰਡਰ ਵੇਖ ਲਏ ਜਾਣ ਅਤੇ ਉਨ੍ਹਾਂ ਦੇ ਫਰਕ ਨੂੰ ਸਮਝਿਆ ਜਾਵੇ। ਨਾਨਕਸ਼ਾਹੀ ਕੈਲੰਡਰ ਵਿੱਚ ਇਸ ਤਰ੍ਹਾਂ ਤਰੀਖ ਨਾ ਕਦੀ ਬਦਲੀ ਹੈ ਅਤੇ ਨਾ ਹੀ ਕਦੇ ਬਦਲੇਗੀ। ਨਾਨਕਸ਼ਾਹੀ ਕੈਲੰਡਰ ਵਿੱਚ ਹਮੇਸ਼ਾਂ ਲਈ ਕਰਮਵਾਰ ਇਹ ਦੋਵੇਂ ਤਰੀਖਾਂ 21 ਤੇ 23 ਜੇਠ ਹੀ ਰਹਿਣਗੀਆਂ, ਜੋ ਸਾਂਝੇ ਸਾਲ ਵਿੱਚ ਹਰ ਸਾਲ 4 ਅਤੇ 6 ਜੂਨ ਹੀ ਰਹਿਣਗੀਆਂ। ਸਾਰੇ ਪ੍ਰਚਾਰਕਾਂ/ਕਥਾਵਾਚਕਾਂ ਨੂੰ ਭਲੀਭਾਂਤ ਪਤਾ ਹੈ ਕਿ ਅੱਜ 4 ਜੂਨ ਦੇ ਜਿਹੜੇ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ਦੀ 22 ਜੇਠ ਦੱਸ ਰਹੇ ਹਨ ਉਹ ਨਾਨਕਸ਼ਾਹੀ ਕੈਲੰਡਰ ਦੀ ਨਹੀਂ ਬਲਕਿ ਬਿਕ੍ਰਮੀ ਕੈਲੰਡਰ ਦੀ ਹੈ ਜਿਸ ਵਿੱਚ ਅਕਸਰ ਹੀ ਇਹ ਬਦਲਦੀ ਰਹੇਗੀ। ਉਨ੍ਹਾਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਸੰਨ 3000 ਵਿੱਚ 4 ਅਤੇ 6 ਜੂਨ ਨੂੰ ਕਰਮਵਾਰ 8 ਜੇਠ ਅਤੇ 10 ਜੇਠ ਹੋਵੇਗਾ। ਉਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਹੋਵੇਗਾ, 31 ਜੇਠ ਨੂੰ ਭਾਵ ਤੀਜੇ ਘੱਲੂਘਾਰੇ ਦੀ ਤਰੀਖ 8 ਜੇਠ ਤੋਂ ਪੂਰੇ 23 ਦਿਨ ਬਾਅਦ ਵਿੱਚ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਇਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੀਜੇ ਘੱਲੂਘਾਰੇ ਤੋਂ 9 ਦਿਨ ਪਹਿਲਾਂ 26 ਮਈ ਨੂੰ ਲੰਘ ਚੁੱਕਾ ਹੈ ਅਤੇ 1984 ਵਿੱਚ ਕੇਵਲ 1 ਦਿਨ ਪਹਿਲਾਂ ਸੀ। ਕਥਾਕਾਰਾਂ/ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਨੂੰ ਰਲ਼ਗੱਡ ਕਰਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਅਜੇਹੇ ਮੌਕਿਆਂ ’ਤੇ ਸੱਚ ਬੋਲਿਆ ਜਾਵੇ ਕਿ ਇਹ ਤਰੀਖਾਂ ਉਸ ਸਮੇ ਤੱਕ ਅੱਗੇ ਪਿੱਛੇ ਹੁੰਦੀਆਂ ਰਹਿਣਗੀਆਂ ਜਦ ਤੱਕ ਕੌਮ ਨਾਨਕਸ਼ਾਹੀ ਕੈਲੰਡਰ ਨਹੀਂ ਅਪਣਾਅ ਲੈਂਦੀ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ/ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਅਪੀਲ ਹੈ ਕਿ ਇਹ ਪ੍ਰਚਾਰਕਾਂ/ਕਥਾਵਾਚਕਾਂ ਦਾ ਤਾਂ ਰੋਟੀ ਰੋਜ਼ੀ ਦਾ ਮਸਲਾ ਹੈ ਜਿਸ ਕਾਰਨ ਜਾਣਦੇ ਬੁਝਦੇ ਵੀ ਇਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਪਰ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਦੋਵੇਂ ਧਿਰਾਂ ਰਲ਼ ਕੇ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਨੂੰ ਤਾਂ ਮਿਥਿਹਾਸ ਬਣਾ ਹੀ ਰਹੇ ਹੋ; ਇਨ੍ਹਾਂ ਗ਼ਰੀਬ ਪ੍ਰਚਾਰਕਾਂ ਨੂੰ ਵੀ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਕੋਈ ਪ੍ਰਚਾਰਕ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਛੁੱਟੀ ਕਰਨ ਦੇ ਡਰਾਵੇ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਤੁਸੀਂ ਸਾਰੇ ਯਾਦ ਰੱਖੋ ਕਿ ਜਦੋਂ ਤੱਕ ਕਿਸੇ ਕੌਮ ਦੇ ਪ੍ਰਚਾਰਕ ਅਤੇ ਆਗੂ ਸ਼ਰੇਆਮ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣਗੇ ਤਾਂ ਉਹ ਕੌਮ ਕਦਾਚਿਤ ਵੀ ਸੱਚ ਦੀ ਧਾਰਨੀ ਨਹੀਂ ਬਣ ਸਕਦੀ।

ਇਸ ਨਿੱਘਰੀ ਕੌਮੀ ਹਾਲਤ ਲਈ ਜ਼ਿੰਮੇਵਾਰ ਅਸੀਂ ਸਾਰੇ ਵੀ ਘੱਟ ਨਹੀਂ ਹਾਂ ਜੋ ਝੂਠ ਸੁਣਨ ਅਤੇ ਹਜ਼ਮ ਕਰਨ ਦੇ ਆਦੀ ਹੋ ਗਏ ਹਾਂ। ਹਰ ਵੀਰ ਭੈਣ ਜਿਸ ਪਾਸ ਮੇਰੀ ਇਹ ਬੇਨਤੀ ਪਹੁੰਚਦੀ ਹੈ ਉਹ ਇਸ ਨੂੰ ਇੰਨਾ ਸ਼ੇਅਰ ਕਰੇ ਕਿ ਸਾਡੇ ਕੌਮੀ ਆਗੂਆਂ ਅਤੇ ਪ੍ਰਚਾਰਕਾਂ ਦੇ ਬੋਲ਼ੇ ਕੰਨਾਂ ਤੱਕ ਇਸ ਦੀ ਗੂੰਜ ਪੈ ਸਕੇ ਤਾਂ ਕਿ ਉਹ ਕੁੰਭਕਰਨ ਦੀ ਨੀਂਦ ਤੋਂ ਜਾਗ ਕੇ ਕੌਮੀ ਹਿੱਤਾਂ ਲਈ ਕੁਝ ਸੋਚਣਾ ਸ਼ੁਰੂ ਕਰ ਦੇਣ।