ਕਾਵਿ-ਉਡਾਰੀਆਂ
ਵਿਛੋੜੇ ਦਾ ਅਹਿਸਾਸ
_ ਗੁਰਪ੍ਰੀਤ ਸਿੰਘ( U.S.A)
ਆਪਣਾ ਆਪ ਭੁਲਾਇਆ ਨਾ ਗਿਆ,
ਵਿਛੋੜੇ ‘ਚ ਇੱਕ ਅੱਥਰੂ, ਵਹਾਇਆ ਨਾ ਗਿਆ ।
ਕਿਹੜਾ ਮੂੰਹ ਲੈ ਬੋਲੇ ਗੁਣ ਵਿਹੂਣ ?
ਅੰਦਰਲਾ ਤੈਥੋਂ ਲੁਕਾਇਆ ਨਾ ਗਿਆ ।
……………
ਦਿਲ ‘ਚ ਕਿਉਂ ਅੱਗ ਜਿਹੀ ਲੱਗ ਆਈ ?
ਬਿਰਹੁ ਦੀ ਅੱਜ ਫਿਰ ਬੱਦਲੀ ਛਾਈ ।
ਯਾਦ ਨਹੀਂ ਤਾਂ, ਕਿਉਂ ਬਣੇ ਮੌਸਮ ਵਸਲ ਦਾ ?
ਯਾਦ ਦਾ ਪੱਲਾ ਫੜਿਆਂ ਹੀ, ਮਿਲਦਾ ਸਾਈਂ ।
…………….
ਗਰੀਬ ਲਈ ਵੱਡੀ ਹੈ ਭੁੱਖ ।
ਅਮੀਰ ਨੂੰ ਕਿਥੋਂ ਮਿਲੇ ਸੁੱਖ ?
ਹਰ ਕਿਸੇ ਦਾ ਆਪਣਾ ਹੀ ਰੋਣਾ,
ਭਗਤਾਂ ਲਈ ਵਿਛੋੜਾ ਬਣੇ ਦੁੱਖ ।।
…………….
ਤੂੰ ਤੇ ਮੈ, ਮੈ ਤੇ ਤੂੰ, ਇੱਕ ਹੀ ਹਾਂ ਨਾ, ਕਿਉਂ ?
ਤੂੰ ਬੇਅੰਤ ਸਾਗਰ, ਮੈ ਛੋਟੀ ਜਿਹੀ ਬੂੰਦ,
ਤੂੰ ਜੇਕਰ ਹੈ ਗੁਲਸ਼ਨ, ਮੈ ਉਸ ਦੀ ਖੁਸ਼ਬੂ ।
ਤੂੰ ਖੜਾ ਪਹਾੜ ਬਣਿਆ, ਮੈ ਹਾਂ ਕੰਕੜ ਸੜਿਆ,
ਇੱਕੋ ਅਸਲੇ ਦੇ ਹਾਂ ਚਾਹੇ, ਪਰ ਮੈ ਤੈਥੋਂ ਵਿਛੜਿਆ ।
……………..
ਨੇਤਰਾਂ ‘ਚ ਅੱਥਰੂ ਵੀ ਹੁੰਦੇ ਨੇ !
ਗੱਲ ਨਾ ਮੈਨੂੰ ਭਾਉਂਦੀ ।
ਤੇਲ ਮੁੱਕਿਆ, ਬੁਝ ਗਈ ਬੱਤੀ,
ਹੁਣ ਕਿਉਂ ਜਿੰਦੇ ਪਛਤਾਉਂਦੀ ?
ਦੋ ਹੀ ਡਿਗ ਪੈਂਦੇ ਸਾਈਂ ਪਿਆਰ ਵਿੱਚ,
ਜਨਮਾਂ-ਜਨਮਾਂ ਦੀ ਮੈਲ ਧੁਲ ਆਉਂਦੀ ।
……………
ਵਿਛੋੜੇ ਦਾ ਬਣ ਆਇਆ ਅਹਿਸਾਸ,
ਸੁਣੋ ਪਿਆਰਿਓ ! ਮੇਰਾ ਵੀ ਇਤਿਹਾਸ ।
ਮੈ ਸਾਂ, ਇੱਕ ਨਿਰਮਲ ਸੁੱਚਾ ਮੋਤੀ,
ਕਰਮ ਆਪਣੇ ਸਦਕਾ ਟੁੱਟ ਆਇਆ ।
ਮਿਲੇ ਹਰ ਯੁੱਗ ‘ਚ ਮੌਕੇ ਮੈਨੂੰ,
ਹਰ ਵਾਰੀ ਹੋਰ ਭਾਰ ਚੜਾਇਆ ।
ਆਖਰੀ ਵਾਰੀ “ਪ੍ਰੀਤ” ਹੁਣ ਕਰੋ ਦੁਆ,
ਮਿਟ ਜਾਵੇ ਮੇਰਾ ਆਵਣ ਜਾਇਆ ।